11 Views
ਪਿੰਡ ਰਾਏਕੇ ਕਲਾ ‘ਚ ਦੋ ਸਹਾਇਕ ਡਾਇਰੈਕਟਰ ਦੀ ਅਗਵਾਈ ਹੇਠ ਟੀਮਾਂ ਤੈਨਾਤ
ਬਠਿੰਡਾ, 19 ਜਨਵਰੀ: ਪਿਛਲੇ ਕਈ ਦਿਨਾਂ ਤੋਂ ਜ਼ਿਲੇ ਦੇ ਕੁਝ ਪਿੰਡਾਂ ਵਿਚ ਬੀਮਾਰੀ ਕਾਰਨ ਪਸ਼ੂਆਂ ਦੀ ਹੋ ਰਹੀ ਮੌਤ ਦੇ ਮਾਮਲੇ ਵਿਚ ਹਰਕਤ ‘ਚ ਆਉਂਦਿਆਂ ਪੰਜਾਬ ਸਰਕਾਰ ਨੇ ਪਿੰਡ ਰਾਏਕੇ ਕਲਾ ਵਿੱਚ ਤੈਨਾਤ ਵੈਟਰਨਰੀ ਡਾਕਟਰ ਮਨੀਸ਼ ਕੁਮਾਰ ਅਤੇ ਫਾਰਮਾਸਿਸਟ ਗੁਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਦੂਜੇ ਪਾਸੇ ਪਿੰਡ ਵਿੱਚ ਹਾਲੇ ਵੀ ਦਰਜਨਾਂ ਦੀ ਤਾਦਾਦ ਵਿਚ ਬੀਮਾਰ ਪਸ਼ੂਆਂ ਦੇ ਇਲਾਜ ਲਈ ਦੋ ਸਹਾਇਕ ਡਾਇਰੈਕਟਰਾਂ ਦੀ ਅਗਵਾਈ ਹੇਠ ਅੱਧੀ ਦਰਜਨ ਤੋਂ ਵੱਧ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।
ਗੌਰਤਲਬ ਹੈ ਕਿ ਪਿਛਲੇ ਕੁਝ ਹੀ ਦਿਨਾਂ ਵਿਚ ਇਕੱਲੇ ਇਸੇ ਪਿੰਡ ਵਿੱਚ ਹੀ 150 ਤੋਂ ਵੱਧ ਪਸ਼ੂਆਂ ਦੀ ਮੌਤ ਹੋਈ ਹੈ। ਇਸਤੋਂ ਇਲਾਵਾ ਪਿੰਡ ਸੂਚ ਵਿਖੇ ਵੀ ਕੁਝ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਜਿਸਦੇ ਨਾਲ ਪਹਿਲਾਂ ਹੀ ਗੁਰਬਤ ਦੇ ਝੰਬੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਮੁਢਲੀ ਰੀਪੋਰਟ ਅਨੁਸਾਰ ਇਹ ਮੌਤਾਂ ਮੂੰਹ ਖੋਰ ਬੀਮਾਰੀ, ਪੱਠਿਆਂ ਵਿਚ ਜ਼ਿਆਦਾ ਯੂਰੀਆ, ਚਿੱਚੜਾ ਅਤੇ ਪੈ ਰਹੀ ਭਿਆਨਕ ਠੰਢ ਨਾਲ ਹੋਈਆ ਦੱਸੀਆਂ ਜਾ ਰਹੀਆਂ ਹਨ। ਮਾਮਲਾ ਮੀਡੀਆ ਵਿੱਚ ਲਗਾਤਾਰ ਆਉਣ ਤੋਂ ਬਾਅਦ ਪੰਜਾਬ ਸਰਕਾਰ ਗੰਭੀਰ ਹੋਈ ਸੀ ਤੇ ਬੀਤੇ ਕੱਲ੍ਹ ਹੀ ਪਿੰਡ ਰਾਏ ਕਲਾਂ ਵਿਖੇ ਵੈਟਰਨਰੀ ਵਿਭਾਗ ਦੇ ਡਾਇਰੈਕਟਰ ਗੁਰਸ਼ਰਨ ਸਿੰਘ ਬੇਦੀ ਵਲੋਂ ਉਚ ਪੱਧਰੀ ਟੀਮ ਦੇ ਨਾਲ ਦੌਰਾ ਕੀਤਾ ਗਿਆ ਸੀ
ਇਸ ਮੌਕੇ ਪਿੰਡ ਦੇ ਲੋਕਾਂ ਨੇ ਸਪੱਸ਼ਟ ਦੋਸ਼ ਲਗਾਏ ਸਨ ਕਿ ਪਿੰਡ ਵਿੱਚ ਤੈਨਾਤ ਵੈਟਰਨਰੀ ਡਾਕਟਰ ਤੇ ਸਟਾਫ ਵੱਲੋਂ ਪੂਰੀ ਲਾਪਰਵਾਹੀ ਦਿਖਾਈ ਗਈ ਹੈ।ਇਸਤੋਂ ਇਲਾਵਾ ਡਾਕਟਰ ਉਪਰ ਕਦੇ ਕਦਾਈਂ ਹੀ ਪਿੰਡ ਵਿੱਚ ਆਉਣ ਬਾਰੇ ਦੱਸਿਆ ਗਿਆ ਸੀ। ਇਸ ਪਿੰਡ ਵਿੱਚ ਸਿਰਫ ਪਿਛਲੇ ਦੋ ਦਿਨਾਂ ਵਿਚ ਹੀ ਹਰਜੀਤ ਸਿੰਘ, ਵਿਕੀ ਸਿੰਘ, ਜਸਵਿੰਦਰ ਸਿੰਘ ਜੱਸੀ, ਮੋਹਨ ਸਿੰਘ, ਦਰਸ਼ਨ ਸਿੰਘ ਸਮੇਤ ਹੋਰ ਲੋਕਾਂ ਦੇ 21 ਪਸੂਆਂ ਦੀ ਮੌਤ ਹੋਈ ਹੈ। ਮਰਨ ਵਾਲੇ ਪਸ਼ੂਆਂ ਵਿਚ ਜ਼ਿਆਦਾਤਰ ਦੁਧਾਰੂ ਪਸ਼ੂ ਸ਼ਾਮਿਲ ਹਨ, ਜੋ ਇੰਨਾਂ ਕਿਸਾਨ ਪਰਿਵਾਰਾਂ ਦੀ ਘਰ-ਗ੍ਰਹਿਸਤੀ ਨੂੰ ਚਲਾਉਣ ਲਈ ਥੋੜ੍ਹਾ ਬਹੁਤ ਆਰਥਿਕ ਠੁੰਮਣਾ ਦੇ ਰਹੇ ਸਨ।ਜਿਸ ਨੂੰ ਲੈ ਕਿ ਇਹ ਕਿਸਾਨ ਪਰਵਾਰ ਚਿੰਤਾ ਵਿਚ ਡੁੱਬ ਹੋਏ ਹਨ।ਉਧਰ ਬੀਤੇ ਕੱਲ੍ਹ ਵੀ ਪੰਜ ਪਸ਼ੂਆਂ ਦੀ ਮੌਤ ਹੋਣ ਦੀ ਸੂਚਨਾ ਹੈ।
ਕਿਸਾਨਾਂ ਵੱਲੋਂ ਸਰਕਾਰ ਨੂੰ ਆਰਥਿਕ ਮਦਦ ਕਰਨ ਦੀ ਮੰਗ
ਬਠਿੰਡਾ: ਕੁਝ ਹੀ ਦਿਨਾਂ ਵਿਚ ਵੱਡੇ ਪੱਧਰ ‘ਤੇ ਪਸ਼ੂਆਂ ਦੀ ਮੌਤ ਹੋਣ ਕਾਰਨ ਕਿਸਾਨ ਸਦਮੇ ਵਿਚ ਹਨ। ਪਿੰਡ ਵਾਸੀ ਤੇ ਕਿਸਾਨ ਆਗੂ ਕੁਲਵੰਤ ਰਾਏ ਸ਼ਰਮਾ ਨੇ ਦਸਿਆ ਕਿ ਪਿੰਡ ਵਿਚ ਫੈਲੀ ਮਹਾਂ ਮਾਰੀ ਕਰਨ ਘਰ ਦੀ ਆਰਥਿਕਤਾ ਚਲਾਉਣ ਵਾਲ਼ੇ ਮਹਿੰਗੇ ਭਾਅ ਦੇ ਪਸੂ ਮਰਨ ਕਾਰਨ ਕਿਸਾਨ ਕੱਖੋਂ ਹੋਲੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਕ ਦੋ ਦਿਨਾਂ ਵਿੱਚ ਪਿੰਡ ਪੱਧਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਮਿਲਕੇ ਆਰਥਿਕ ਮਦਦ ਲਈ ਮੰਗ ਪੱਤਰ ਦਿੱਤਾ ਜਾਵੇਗਾ।