11 Views
ਅੰਮ੍ਰਿਤਸਰ ਤੋਂ ਹੋ ਸਕਦੇ ਹਨ ਪਾਰਟੀ ਦੇ ਉਮੀਦਵਾਰ
ਨਵੀਂ ਦਿੱਲੀ,19 ਮਾਰਚ: ਪਿਛਲੇ ਲੰਬੇ ਸਮੇਂ ਤੋਂ ਲਗਾਈਆਂ ਜਾ ਰਹੀਆਂ ਕਿਆਸਰਾਈਆਂ ਨੂੰ ਸੱਚ ਸਾਬਤ ਕਰਦੇ ਹੋਏ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਅੱਜ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਨਵੀਂ ਦਿੱਲੀ ਸਥਿਤ ਪਾਰਟੀ ਦੇ ਮੁੱਖ ਦਫਤਰ ਵਿਖੇ ਪਾਰਟੀ ਦੇ ਕੌਮੀ ਆਗੂ ਵਿਜੇ ਤਾਵਰਾ, ਤਰੁਣ ਚੁੱਘ ਅਤੇ ਮਨਜਿੰਦਰ ਸਿੰਘ ਸਿਰਸਾ ਆਦਿ ਦੀ ਹਾਜ਼ਰੀ ਵਿੱਚ ਪਾਰਟੀ ਦਾ ਝੰਡਾ ਫੜਿਆ।
ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਭਾਜਪਾ ਉਹਨਾਂ ਨੂੰ ਇਹਨਾਂ ਲੋਕ ਸਭਾ ਚੋਣਾਂ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਸ: ਸੰਧੂ ਦਾ ਪਿਛੋਕੜ ਵੀ ਅੰਮ੍ਰਿਤਸਰ ਨਾਲ ਸਬੰਧਿਤ ਹੈ ਅਤੇ ਉਹ ਉੱਘੀ ਪੰਥਕ ਹਸਤੀ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਹਨ। ਉਹਨਾਂ ਦੇ ਪਰਿਵਾਰ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱਡਾ ਨਾਮ ਰਿਹਾ ਹੈ ਅਤੇ ਪੰਥਕ ਸਫਾਂ ਦੇ ਵਿੱਚ ਵੀ ਇਹ ਪਰਿਵਾਰ ਲੰਮੇ ਸਮੇਂ ਤੋਂ ਵਿਚਰਦਾ ਆਇਆ ਆ ਰਿਹਾ ਹੈ। ਜਿਸ ਦੇ ਚਲਦੇ ਹੁਣ ਪਾਰਟੀ ਵੱਲੋਂ ਇਸਦਾ ਲਾਹਾ ਲਿਆ ਜਾ ਸਕਦਾ ਹੈ।
ਉਝ ਵੀ ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਮੀਡੀਆ ਹਾਊਸ ਨਾਲ ਗੱਲਬਾਤ ਕਰਦਿਆਂ ਤਰਨਜੀਤ ਸਿੰਘ ਸੰਧੂ ਵੱਲੋਂ ਇਸ ਗੱਲ ਦਾ ਇਸ਼ਾਰਾ ਕੀਤਾ ਗਿਆ ਹੈ ਕਿ ਉਹ ਹੁਣ ਆਪਣਾ ਰੇਣ ਬਸੇਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਹੀ ਬਣਾਉਣਗੇ। ਇਸ ਤੋਂ ਇਲਾਵਾ ਉਹਨਾਂ ਵੱਲੋਂ ਅਮੇਰਿਕਾ ਦੁਆਰਾ ਭਾਰਤ ਵਿੱਚ ਖੋਲੇ ਜਾ ਰਹੇ ਦੋ ਨਵੇਂ ਕੌਂਸੁਲੈਂਟ ਦਫ਼ਤਰਾਂ ਵਿੱਚੋਂ ਇੱਕ ਕੌਂਸਲੈਂਟ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੁਲਵਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਜਿਸ ਦਾ ਪੰਜਾਬੀਆਂ ਨੂੰ ਵੱਡਾ ਫਾਇਦਾ ਹੋਵੇਗਾ।