ਬਠਿੰਡਾ, 25 ਮਾਰਚ : ਸਥਾਨਕ ਟੀਚਰਜ ਹੋਮ ਵਿਖੇ ਦੋ ਦਿਨਾਂ ਸੱਤਵੀਂ ਕੇਸਰ ਸਿੰਘ ਵਾਲਾ ਕਹਾਣੀ ਗੋਸਟੀ ਹੋਈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਇਸ ਗੋਸਟੀ ਦੇ ਸੰਸਥਾਪਕ ਹਰਬੰਸ ਸਿੰਘ ਬਰਾੜ, ਡਾ: ਲਾਭ ਸਿੰਘ ਖੀਵਾ, ਜਸਪਾਲ ਮਾਨਖੇੜਾ ਤੇ ਸ੍ਰੀ ਰਾਜਪਾਲ ਸ਼ਾਮਲ ਸਨ। ਸੁਰੂਆਤ ’ਚ ਉੱਘੇ ਮਰਹੂਮ ਕਹਾਣੀਕਾਰ ਸ੍ਰੀ ਸੁਖਜੀਤ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਉਪਰੰਤ ਡਾ: ਲਾਭ ਸਿੰਘ ਖੀਵਾ ਨੇ ਸਾਹਿਤਕਾਰਾਂ, ਆਲੋਚਕਾਂ ਤੇ ਸਰੋਤਿਆਂ ਦਾ ਸੁਅਗਤ ਕੀਤਾ। ਹਰਬੰਸ ਸਿੰਘ ਬਰਾੜ ਨੇ ਕਿਹਾ ਕਿ ਨਵੇਂ ਕਹਾਣੀਕਾਰਾਂ ਨੂੰ ਕਹਾਣੀ ਦੀਆਂ ਬਰੀਕੀਆਂ ਸਮਝਣ ਤੇ ਤਕਨੀਕ ਦੀ ਜਾਣਕਾਰੀ ਦੇਣ ਹਿਤ ਡਲਹੌਜੀ ਵਿਖੇ ਹੋਣ ਵਾਲੀ ਗੋਸਟੀ ਦੀ ਤਰਜ਼ ਤੇ ਇਸ ਪ੍ਰੋਗਰਾਮ ਦਾ ਆਰੰਭ ਕੀਤਾ ਗਿਆ ਸੀ, ਜੋ ਹਰ ਸਾਲ ਕੇਸਰ ਸਿੰਘ ਵਾਲਾ ਵਿਖੇ ਹੁੰਦੀ ਸੀ, ਪਰ ਇਸ ਵਾਰ ਸੱਤਵੀਂ ਗੋਸਟੀ ਬਠਿੰਡਾ ਵਿਖੇ ਹੋ ਰਹੀ ਹੈ।
ਤਖ਼ਤ ਸ਼੍ਰੀ ਦਮਦਮਾ ਸਾਹਿਬ ’ਤੇ ਨਤਮਸਤਕ ਹੋ ਕੇ ਚੋਣ ਮੁਹਿੰਮ ਸ਼ੁਰੂ ਕਰਨਗੇ ਜਥੇਦਾਰ ਖੁੱਡੀਆਂ
ਜਸਪਾਲ ਮਾਨਖੇੜਾ ਨੇ ਕਿਹਾ ਕਿ ਸ੍ਰ: ਬਰਾੜ ਦਾ ਇਹ ਬਹੁਤ ਵਧੀਆ ਉੱਦਮ ਹੈ, ਜੋ ਨਵੇਂ ਕਹਾਣੀਕਾਰਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਸਮਾਗਮ ਦੇ ਪਹਿਲੇ ਦਿਨ ਮੁਹੰਮਦ ਇਮਤਿਆਜ ਨੇ ਧਰਮੀ ਵਿਤਕਰੇ ਨੂੰ ਉਜਾਗਰ ਕਰਦੀ ਕਹਾਣੀ ‘ਉਲਾਹਮਾ’ ਪੜੀ, ਸ੍ਰੀਮਤੀ ਵਿਪਨ ਗਿੱਲ ਪਰਿਵਾਰਾਂ ਦੀ ਆਰਥਿਕ ਹਾਲਤ ਬਿਆਨਦੀ ਕਹਾਣੀ ‘ਅਵੱਲੀ ਪੀੜ’ ਅਤੇ ਬਲਵੰਤ ਫਰਵਾਲੀ ਨੇ ਏਡਜ ਦੀ ਭਿਆਨਕ ਬੀਮਾਰੀ ਦੇ ਡਰ ਤੇ ਦੁਖਾਂਤ ਨੂੰ ਪੇਸ਼ ਕਰਦੀ ਕਹਾਣੀ ‘ਰੈੱਡ ਰਿਬਨ’ ਪੇਸ਼ ਕੀਤੀ। ਦੂਜੇ ਦਿਨ ਦੇ ਸਮਾਗਮ ਵਿੱਚ ਸਵਾਮੀ ਸਰਬਜੀਤ ਨੇ ਬਿਲਕੁਲ ਨਵੇਂ ਵਿਸ਼ੇ ਲਿਵ ਇਨ ਰਿਲੇਸ਼ਨਸ਼ਿਪ ’ਤੇ ਅਧਾਰਤ ਕਹਾਣੀ ਕਸਵੱਟੀ ਪੜ੍ਹੀ, ਜਿਸ ਵਿੱਚ ਇਕੱਠੇ ਰਹਿਣ ਅਤੇ ਭਰੋਸਾ ਟੁੱਟਣ ਤੇ ਵੱਖ ਹੋਣ ਦਾ ਬਿਰਤਾਂਤ ਬਾਖੂਬੀ ਪੇਸ਼ ਕੀਤਾ ਗਿਆ। ਇਸ ਉਪਰੰਤ ਗੁਰਮੀਤ ਆਰਿਫ਼ ਨੇ ਕਹਾਣੀ ‘ਅਹਿਮਦਸ਼ਾਹੇ’ ਪੇਸ਼ ਕੀਤੀ। ਗੋਸਟੀ ਵਿੱਚ ਪੇਸ਼ ਕੀਤੀਆਂ ਗਈਆਂ ਪੰਜ ਕਹਾਣੀਆਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਸਨ।
ਭਾਜਪਾ ਨੇ ਚੌਟਾਲਿਆਂ ਦੇ‘ਪੜਪੋਤਰੇ’ਨੂੰ ਛੱਡਣ ਤੋਂ ਬਾਅਦ ‘ਪੁੱਤਰ’ ਨੂੰ ਦਿੱਤੀ ਐਮ.ਪੀ ਦੀ ਟਿਕਟ
ਇਹਨਾਂ ਕਹਾਣੀਆਂ ’ਤੇ ਚਰਚਾ ਵਿੱਚ ਭਾਗ ਲੈਂਦਿਆਂ ਉੱਘੇ ਆਲੋਚਕ ਪਰਮਜੀਤ ਸਿੰਘ, ਦੀਪ ਜਗਦੀਪ, ਮੈਗਜੀਨ ਚਰਚਾ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਕਹਾਣੀਕਾਰ ਅਤਰਜੀਤ, ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਜਸਵਿੰਦਰ ਧਰਮਕੋਟ, ਬਲਵਿੰਦਰ ਸਿੰਘ ਭੁੱਲਰ, ਭੁਪਿੰਦਰ ਮਾਨ, ਦਵੀ ਸਿੱਧੂ, ਜਰਨੈਲ ਭਾਈਰੂਪਾ, ਪਰਮਜੀਤ ਸਿੰਘ ਮਾਨ ਨੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਸਮਾਗਮ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਲਛਮਣ ਸਿੰਘ ਮਲੂਕਾ ਤੇ ਰਣਬੀਰ ਰਾਣਾ ਨੇ ਕਿਹਾ ਕਿ ਗੋਸਟੀ ਦਾ ਸਾਹਿਤ ਵਿੱਚ ਬਹੁਤ ਵੱਡਾ ਮਹੱਤਵ ਹੁੰਦਾ ਹੈ ਅਤੇ ਅਜਿਹੀਆਂ ਗੋਸਟੀਆਂ ਦਾ ਲਗਾਤਾਰ ਸਿਲਸਿਲਾ ਚੱਲਣਾ ਚਾਹੀਦਾ ਹੈ ਤਾਂ ਜੋ ਨਵੇਂ ਰਚੇ ਜਾ ਰਹੇ ਸਾਹਿਤ ਨੂੰ ਤਰਾਸ਼ ਕੇ ਪਾਠਕਾਂ ਦੇ ਰੂਬਰੂ ਕੀਤਾ ਜਾ ਸਕੇ। ਸਮਾਗਮ ਦੌਰਾਨ ਮਹਿਮਾਨ ਕਹਾਣੀਕਾਰਾਂ ਨੂੰ ਉਹਨਾਂ ਦੀਆਂ ਤਸਵੀਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।