ਸੁਖਜਿੰਦਰ ਮਾਨ
ਨਵੀਂ ਦਿੱਲੀ 9 ਅਗਸਤ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿੱਲੀ ਦੇ ਟਿਕਰੀ ਬਾਰਡਰ ‘ਤੇ ਗ਼ਦਰੀ ਗੁਲਾਬ ਕੌਰ ਨਗਰ ‘ਚ ਲੱਗੇ ਮੋਰਚੇ ਦੀ ਸਟੇਜ ‘ਤੇ ਕੱਲ੍ਹ 10 ਅਗਸਤ ਨੂੰ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਗਰਾਮੀ ਤੀਆਂ ਮਨਾਈਆਂ ਜਾਣਗੀਆਂ ਜਿਨ੍ਹਾਂ ਦੀ ਅਗਵਾਈ ਕੁਲਦੀਪ ਕੌਰ ਕੁੱਸਾ ਅਤੇ ਪਰਮਜੀਤ ਕੌਰ ਕੋਟੜਾ ਕੋੜਾ ਕਰਨਗੀਆਂ।
ਇਹ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੇ ਕਿਸਾਨੀ ਸੰਘਰਸ਼ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ‘ਚ ਕਾਰਪੋਰੇਟ ਘਰਾਣਿਆਂ ਦੇ ਲੁੱਟ ਦੇ ਵਸੀਲਿਆਂ ‘ਤੇ ਜਥੇਬੰਦੀ ਵੱਲੋਂ ਆਪਣੇ ਮੋਰਚੇ ਗੱਡ ਕੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਇਸੇ ਤਰ੍ਹਾਂ ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਵੀ ਲਗਾਤਾਰ ਸੰਘਰਸ਼ ਦੀ ਦਾਬ ਸਦਕਾ ਕਿਸਾਨ ਸਰਕਾਰ ਨੂੰ ਘੇਰੀ ਬੈਠੇ ਹਨ। ਕੇਂਦਰ ਸਰਕਾਰ ਵੱਲੋਂ ਸੰਸਦ ਦਾ ਮੌਨਸੂਨ ਸੈਸ਼ਨ ਪਿਛਲੀ 19 ਜੁਲਾਈ ਤੋਂ ਸ਼ੁਰੂ ਕੀਤਾ ਹੋਇਆ ਹੈ। ਉਸ ਦੇ ਬਰਾਬਰ ਹੀ ਸੰਯੁਕਤ ਮੋਰਚੇ ਵੱਲੋਂ 22 ਜੁਲਾਈ ਤੋਂ ਕਿਸਾਨਾਂ ਦੀ ਵੱਖਰੀ ਸੰਸਦ ਚਲਾ ਕੇ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ ਕੀਤਾ ਜਾ ਰਿਹਾ ਹੈ। ਅੱਜ ਕਿਸਾਨਾਂ ਦੀ ਸੰਸਦ ‘ਚ ਔਰਤਾਂ ਦੇ ਅਖੀਰਲੇ ਦਿਨ ਦੀ ਔਰਤ ਕਿਸਾਨ ਸੰਸਦ ‘ਚ ਬੇਭਰੋਸਗੀ ਦੇ ਮਤੇ ‘ਤੇ ਵੱਖ ਵੱਖ ਬੁਲਾਰਿਆਂ ਨੇ ਇੰਨਾ ਕਾਨੂੰਨਾਂ ਨੂੰ ਲੈ ਕੇ ਵਿਚਾਰ ਚਰਚਾਵਾਂ ਕੀਤੀਆਂ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦਾ ਮੁੱਦਾ ਸਾਡੇ ਦੇਸ਼ ‘ਚ ਬੜਾ ਅਹਿਮ ਹੈ। ਦੇਸ਼ ਦੇ ਹਾਕਮਾਂ ਨੇ ਪਹਿਲਾਂ ਹੀ ਜਨਤਕ ਅਦਾਰਿਆਂ ਨੂੰ ਪ੍ਰਾਈਵੇਟ ਘਰਾਣਿਆਂ ਦੇ ਹੱਥਾਂ ‘ਚ ਦੇ ਕੇ ਸਾਰੇ ਹੀ ਮਹਿਕਮਿਆਂ ‘ਚ 2004 ਤੋਂ ਬਾਅਦ ਸਰਕਾਰੀ ਨੌਕਰੀਆਂ ਦੇ ਬੂਹੇ ਬੰਦ ਕੀਤੇ ਹੋਏ ਹਨ। ਇਸੇ ਕਾਰਨ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਵਲੋਂ ਨਿਰਾਸ਼ ਹੋ ਕੇ ਨਸ਼ਿਆਂ ਅਤੇ ਹੋਰ ਗਲਤ ਰਾਹਾਂ ‘ਤੇ ਪੈ ਕੇ ਲੁੱਟਾਂ ਖੋਹਾਂ ਅਤੇ ਉਸ ਤੋਂ ਬਾਅਦ ਇੱਕ ਵੱਡਾ ਗੈਂਗਸਟਰਾਂ ਦਾ ਰੂਪ ਧਾਰਨ ਕਰ ਕੇ ਕਿਵੇਂ ਕਤਲੋਗਾਰਤ ਹੋ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਰੋਜ਼ਾਨਾ ਹੀ ਫਿਰੌਤੀ ਦੀਆਂ ਲਈਆਂ ਹੋਈਆਂ ਰਕਮਾਂ ਨੂੰ ਲੈ ਕੇ ਆਪਸ ‘ਚ ਹੀ ਭਿੜ ਕੇ ਇੱਕ ਦੂਸਰੇ ਗੈਂਗਸਟਰ ਦਾ ਕਤਲ ਹੋ ਰਿਹਾ ਹੈ ਜੇਕਰ ਇਹ ਕਾਨੂੰਨ ਲਾਗੂ ਹੁੰਦੇ ਹਨ ਤਾਂ ਇਹ ਗੈਂਗਸਟਰਾ ਹੋਰ ਵੀ ਭਿਆਨਕ ਰੂਪ ਅਖ਼ਤਿਆਰ ਕਰਨਗੀਆਂ।
ਸੁਖਜੀਤ ਕੌਰ ਮੋਗਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਖੇਤੀ ਸੰਬੰਧੀ ਕਾਨੂੰਨ ਲਿਆਉਣ ਤੋਂ ਪਹਿਲਾਂ ਲੋਕ ਸਰਕਾਰਾਂ ਵੱਲੋਂ ਲਿਆਂਦੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਤੋਂ ਅਨਜਾਣ ਸਨ। ਭਾਵੇਂ ਜਥੇਬੰਦੀਆਂ ਦੇ ਆਗੂ ਲੰਮੇ ਸਮੇਂ ਤੋਂ ਇਹ ਸਾਰੀਆਂ ਗੱਲਾਂ ਤੋਂ ਲੋਕਾਂ ਨੂੰ ਸੁਚੇਤ ਕਰ ਰਹੇ ਸਨ ਕਿ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਅਤੇ ਖਤਰਨਾਕ ਹੋਵੇਗਾ। ਜ਼ਮੀਨਾਂ ‘ਤੇ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਹੋਣਗੇ। ਇਨ੍ਹਾਂ ਗੱਲਾਂ ਦਾ ਪਹਿਲਾਂ ਪੂਰਾ ਪਤਾ ਨਾ ਹੋਣ ਕਰਕੇ ਕਿਰਤੀ ਲੋਕ ਅਵੇਸਲੇ ਸਨ ਪਰ ਹੁਣ ਪਤਾ ਲੱਗਣ ਕਾਰਨ ਔਰਤਾਂ ਅੱਗੇ ਤੋਂ ਸੁਚੇਤ ਹੋ ਕੇ ਇਨ੍ਹਾਂ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ਼ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ਾਂ ਦੇ ਮੈਦਾਨਾਂ ‘ਚ ਆਉਣਗੀਆਂ। ਕਾਰਪੋਰੇਟ ਘਰਾਣੇ ਭਾਵੇਂ ਸਾਡੇ ਅਵੇਸਲੇਪਣ ‘ਚ ਭਾਰਤ ਦੇ ਸਾਰੇ ਹੀ ਸੂਬਿਆਂ ‘ਚ ਆਪਣੇ ਕਾਰੋਬਾਰ ਵਧਾਉਣ,ਫੈਲਾਉਣ ‘ਚ ਕਾਮਯਾਬ ਹੋਏ ਹਨ ਪਰ ਇਸ ਤੋਂ ਬਾਅਦ ਇਹ ਸਾਰਾ ਕੁਝ ਜਾਮ ਕਰ ਕੇ ਇਨ੍ਹਾਂ ਲੁਟੇਰੀਆਂ ਗਿਰਝਾਂ ਨੂੰ ਦੇਸ਼ ‘ਚੋਂ ਬਾਹਰ ਕੱਢ ਕੇ ਹੀ ਦਮ ਲਵਾਂਗੇ ਅਤੇ ਲੋਕਾਂ ਦੇ ਇਕੱਠਾਂ ਨਾਲ ਅਸੀਂ ਆਪਣੀ ਪੁੱਗਤ ਵਾਲਾ ਰਾਜ ਲੈ ਕੇ ਆਵਾਂਗੇ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ। ਸਟੇਜ ਸੰਚਾਲਨ ਦੀ ਭੂਮਿਕਾ ਜਰਨੈਲ ਸਿੰਘ ਬਦਰਾ ਨੇ ਬਾਖੂਬੀ ਨਿਭਾਈ ਅਤੇ ਜਗਦੇਵ ਸਿੰਘ ਜੋਗੇਵਾਲਾ, ਗੁਰਦੇਵ ਸਿੰਘ ਕਿਸ਼ਨਪੁਰਾ, ਮਲਕੀਤ ਸਿੰਘ ਹੇੜੀਕੇ, ਦਰਸ਼ਨ ਸਿੰਘ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।