ਕਈ ਵਿਧਾਇਕਾਂ ਤੇ ਪਾਰਟੀ ਦੇ ਸੂਬਾ ਪ੍ਰਧਾਨ ਦੇ ਕਾਂਗਰਸ ਵਿਚ ਸਮੂਲੀਅਤ ਦੀ ਚਰਚਾ
ਚੰਡੀਗੜ੍ਹ, 8 ਅਪ੍ਰੈਲ: ਕਰੀਬ ਸਾਢੇ ਚਾਰ ਸਾਲ ਹਰਿਆਣਾ ਵਿਚ ਭਾਜਪਾ ਨਾਲ ਗਠਜੋੜ ਕਰਕੇ ਸੱਤਾ ਦਾ ਅਨੰਦ ਮਾਣਨ ਵਾਲੀ ਜਜਪਾ ਪਾਰਟੀ ਨੂੰ ਪਿਛਲੇ ਦਿਨੀਂ ਭਾਜਪਾ ਵੱਲੋਂ ਗਠਜੋੜ ਤੋਂ ਬਾਹਰ ਕਰਨ ਤੋਂ ਬਾਅਦ ਹੁਣ ਮੁੜ ਦੂਜਾ ਵੱਡਾ ਝਟਕਾ ਲੱਗਣ ਦੀ ਚਰਚਾ ਹੈ। ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਦੇ ਬਾਗੀ ਪੋਤੇ ਦੁਸ਼ਿਅੰਤ ਚੋਟਾਲਾ ਦੀ ਅਗਵਾਈ ਵਾਲੀ ਇਸ ਪਾਰਟੀ ਕੋਲ ਮੌਜੂਦਾ ਸਮੇਂ 10 ਵਿਧਾਇਕ ਹਨ, ਜਿੰਨ੍ਹਾਂ ਵਿਚੋਂ ਕਈਆਂ ਦੇ ਬਾਗੀ ਹੋਕੇ ਦੂਜੀਆਂ ਪਾਰਟੀਆਂ ਵਿਚ ਜਾਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਇਸੇ ਤਰ੍ਹਾਂ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਰਿਆਣਾ ਦੇ ਸਿਰਕੱਢ ਆਗੂ ਨਿਸ਼ਾਨ ਸਿੰਘ ਦੇ ਵੀ ਕਾਂਗਰਸ ਦੇ ਪੰਜੇ ਨਾਲ ਹੱਥ ਮਿਲਾਉਣ ਦੀਆਂ ਕਿਆਸਅਰਾਈਆਂ ਲਗਾਤਾਰ ਤੇਜ਼ ਹੋ ਰਹੀਆਂ ਹਨ।
ਭਾਜਪਾ ਨੇ ਬਠਿੰਡਾ ’ਚ ਬਾਦਲ ਪ੍ਰਵਾਰ ਨੂੰ ਸਿਆਸੀ ਤੌਰ ’ਤੇ ਘੇਰਣ ਦੀ ਬਣਾਈ ਰਣਨੀਤੀ!
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਕੁੱਝ ਵਿਧਾਇਕਾਂ ਦੀ ਭਾਜਪਾ ਨਾਲ ਨੇੜਤਾ ਦੀ ਚਰਚਾ ਚੱਲਦੀ ਰਹੀ ਹੈ। ਹੁਣ ਵੀ ਕੁੱਝ ਵਿਧਾਇਕ ਪਾਰਟੀ ਲਾਈਨ ’ਤੇ ਚੱਲਣ ਦੀ ਬਜਾਏ ਦੂਰੀ ਬਣਾ ਕੇ ਚੱਲ ਰਹੇ ਹਨ। ਹੁਣ ਜੋ ਨਵੀਂ ਚਰਚਾ ਸੁਣਾਈ ਦੇ ਰਹੀ ਹੈ, ਉਸਦੇ ਮੁਤਾਬਕ ਕਾਂਗਰਸ ਪਾਰਟੀ ਨੇ ਇੰਨ੍ਹਾਂ ਬਾਗੀ ਵਿਧਾਇਕਾਂ ਨੂੰ ਅਪਣੇ ਨਾਲ ਮਿਲਾਉਣ ਦੀ ਤਿਆਰੀ ਵਿੱਢੀ ਹੋਈ ਹੈ ਪ੍ਰੰਤੂ ਮਸਲਾ ਮੁੜ ਅਗਲੀ ਚੋਣਾਂ ਵਿਚ ਵਿਧਾਨ ਸਭਾ ਦੀਆਂ ਟਿਕਟਾਂ ਦੇਣ ਦਾ ਹੈ। ਸੂਬੇ ਦੇ ਸਿਆਸੀ ਮਾਹਰਾਂ ਦਾ ਵੀ ਮੰਨਣਾ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਹਰਿਆਣਾ ਦੀ ਰਾਜਨੀਤੀ ਵਿਚ ਵੱਡੇ ਫ਼ੇਰਬਦਲ ਹੋ ਸਕਦੇ ਹਨ ਪ੍ਰੰਤੂ ਇਸਦੇ ਲਈ ਇੰਤਜਾਰ ਕਰਨਾਂ ਪੈਣਾ ਹੈ।