ਬਠਿੰਡਾ, 12 ਮਈ: ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਹੇਠ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ ਦੀ ਲੜੀ ਹੇਠ ਅੱਜ ਬਠਿੰਡਾ ਦੇ ਦੋ ਪਿੰਡਾਂ ਵਿੱਚ ਵਿਰੋਧ ਦੌਰਾਨ ਸਥਿਤੀ ਕਾਫੀ ਤਨਾਅਪੂਰਨ ਹੋਣ ਦੀ ਸੂਚਨਾ ਹੈ। ਇਸ ਦੌਰਾਨ ਇੱਕ ਪਿੰਡ ਦੇ ਵਿੱਚ ਪੁਲਿਸ ਵੱਲੋਂ ਭਾਜਪਾ ਉਮੀਦਵਾਰ ਦਾ ਵਿਰੋਧ ਕਰਦੇ ਕਿਸਾਨਾਂ ਉੱਪਰ ਹਲਕਾ ਲਾਠੀ ਚਾਰਜ ਕਰਨ ਦੀ ਵੀ ਸੂਚਨਾ ਮਿਲੀ ਹੈ। ਜਦੋ ਕਿ ਸਿਵੀਆ ਦੇ ਵਿੱਚ ਵੀ ਕਿਸਾਨਾਂ ਨੇ ਪੁਲਿਸ ਉੱਪਰ ਸਟੀਕਰ ਭੰਨਣ ਦੇ ਦੋਸ਼ ਲਾਏ ਹਨ। ਪੁਲਿਸ ਦੇ ਇਸ ਸਖਤ ਰਵੱਈਏ ਨੂੰ ਦੇਖਦਿਆਂ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਿਲੀ ਸੂਚਨਾ ਦੇ ਮੁਤਾਬਿਕ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਅਤੇ ਜਿਲੇ ਦੇ ਹੋਰ ਆਗੂਆਂ ਵੱਲੋਂ ਅੱਜ ਸ਼ਹਿਰ ਦੇ ਨਜ਼ਦੀਕੀ ਪਿੰਡ ਸਿਵੀਆਂ ਵਿਖੇ ਮੀਟਿੰਗ ਰੱਖੀ ਹੋਈ ਸੀ। ਇਸ ਦੌਰਾਨ ਪਿੰਡ ਦੀ ਧਰਮਸ਼ਾਲਾ ਵਿੱਚ ਰੱਖੇ ਸਮਾਗਮ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕ੍ਰਾਂਤੀਕਾਰੀ ਅਤੇ ਖੇਤ ਮਜ਼ਦੂਰ ਯੂਨੀਅਨ ਆਦਿ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ।
ਲੋਕ ਸਭਾ ਚੋਣਾਂ: ਭਾਜਪਾ ਉਮੀਦਵਾਰਾਂ ਦਾ ਵਿਰੋਧ ਵਧਿਆ
ਇਸ ਮੌਕੇ ਕਿਸਾਨਾਂ ਨੇ ਲਾਊਡ ਸਪੀਕਰ ਲਗਾ ਕੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਨੂੰ 700 ਕਿਸਾਨਾਂ ਦੀ ਮੌਤ ਲਈ ਜਿੰਮੇਵਾਰ ਠਹਿਰਾਉਂਦਿਆਂ ਇਨਸਾਫ ਦੀ ਮੰਗ ਕੀਤੀ। ਇਸ ਦੌਰਾਨ ਆਗੂ ਹਰਪ੍ਰੀਤ ਸਿੰਘ ਦੀਨਾ ਸ਼ਿਞੀਆ, ਬਲਾਕ ਆਗੂ ਬਬਲੀ ਸਿੰਘ, ਮਨਦੀਪ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਨੀਟਾ ਸਿੰਘ ਦਿਉਣ, ਗੁਰਪ੍ਰੀਤ ਸਿੰਘ ਦਾਨ ਸ਼ਿੰਘ ਞਾਲਾ ਆਦਿ ਨੇ ਐਲਾਨ ਕੀਤਾ ਕਿ ਬੀਬੀ ਪਰਮਾਲ ਕੌਰ ਨੂੰ ਬੋਲਣ ਨਹੀ ਜਾਵੇਗਾ । ਇਸ ਮੌਕੇ ਉਹਨਾਂ ਤੇ ਰਾਹ ਵਿੱਚ ਤਨਾ ਵੱਧ ਗਿਆ ਅਤੇ ਮਾਮਲੇ ਦੀ ਨਜਾਕਤ ਨੂੰ ਦੇਖਦਿਆਂ ਐਸਪੀ ਸਿਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਮੌਜੂਦ ਰਿਹਾ। ਇਸ ਮੌਕੇ ਭਾਜਪਾ ਆਗੂਆਂ ਦੀ ਵੀ ਪੁਲਿਸ ਅਧਿਕਾਰੀਆਂ ਨਾਲ ਕਾਫੀ ਤਿੱਖੀ ਬਹਿਸ ਹੋਈ। ਦੂਜੇ ਪਾਸੇ ਕਿਸਾਨਾਂ ਨੇ ਪੁਲਿਸ ਉੱਪਰ ਆਪਣਾ ਸਪੀਕਰ ਭੰਨਣ ਅਤੇ ਜਬਰੀ ਉਹਨਾਂ ਨੂੰ ਉਥੋਂ ਹਟਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਹੁਣ ਭਾਜਪਾ ਦੇ ਆਦੇਸ਼ਾਂ ਹੇਠ ਕੰਮ ਕਰ ਰਹੀ ਹੈ।
ਬਠਿੰਡਾ ਦੇ ਸੀ.ਆਈ ਏ ਸਟਾਫ ਵੱਲੋਂ ਚੋਰੀ ਦੇ 68 IPHONE ਮੋਬਾਇਲ ਸਣੇ 2 ਅੜਿੱਕੇ
ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਫਰੀਦਕੋਟ ਕੋਟਲੀ ਵਿਖੇ ਵੀ ਭਾਜਪਾ ਉਮੀਦਵਾਰ ਦੇ ਪਤੀ ਦੇ ਆਉਣ ਦਾ ਪਤਾ ਕਿਸਾਨਾਂ ਨੂੰ ਲੱਗਿਆ ਤਾਂ ਉਹਨਾਂ ਕਿਸਾਨ ਆਗੂ ਅਜੇਪਾਲ ਸਿੰਘ ਘੁੱਦਾ ਅਤੇ ਹੋਰਨਾਂ ਦੀ ਅਗਵਾਈ ਹੇਠ ਉਧਰ ਨੂੰ ਚਾਲੇ ਪਾ ਦਿੱਤੇ ਪ੍ਰੰਤੂ ਡੀਐਸਪੀ ਬਠਿੰਡਾ ਦਿਹਾਤੀ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੱਲੋਂ ਰਾਸਤੇ ਦੇ ਵਿੱਚ ਹੀ ਇਹਨਾਂ ਕਿਸਾਨਾਂ ਨੂੰ ਰੋਕ ਲਿਆ। ਇਸ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਤਿੱਖੀ ਝੜਪ ਹੋਈ ਅਤੇ ਪੁਲਿਸ ਨੇ ਕਿਸਾਨਾਂ ਨੂੰ ਖਦੇੜਦਿਆਂ ਉਹਨਾਂ ਉੱਪਰ ਹਲਕਾ ਲਾਠੀ ਚਾਰਜ ਕਰ ਦਿੱਤਾ। ਕਿਸਾਨ ਆਗੂ ਜਗਸੀਰ ਸਿੰਘ ਝੂੰਬਾ ਅਤੇ ਜ਼ਿਲ੍ਹਾ ਜਥੇਬੰਦੀ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਪੁਲਿਸ ਦੇ ਰਵਈਏ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਜਾਣ ਬੁਝ ਕੇ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ ਤਾਂ ਕਿ ਮਾਹੌਲ ਖਰਾਬ ਕੀਤਾ ਜਾ ਸਕੇ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਤੋਂ ਇਲਾਵਾ ਚੋਣ ਕਮਿਸ਼ਨ ਤੱਕ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਜਾ ਚੁੱਕਿਆ ਹੈ ਕਿ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਵਿਰੋਧ ਜਾਰੀ ਰੱਖਣਗੇ ਪ੍ਰੰਤੂ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਪੁਲਿਸ ਵੱਲੋਂ ਵੀ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ ਹੈ ਅਤੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
Share the post "ਬਠਿੰਡਾ ‘ਚ ਭਾਜਪਾ ਉਮੀਦਵਾਰ ਦਾ ਵਿਰੋਧ ਕਰਦੇ ਕਿਸਾਨਾਂ ਨਾਲ ਪੁਲਿਸ ਦੀਆਂ ਤਿੱਖੀਆਂ ਝੜਪਾਂ"