ਲੁਧਿਆਣਾ, 28 ਮਈ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਲੁਧਿਆਣਾ ਵਿੱਚ ਇੱਕ ਵਪਾਰੀ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਲੁਧਿਆਣਾ ਤੋਂ ‘ਆਪ’ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ‘ਆਪ’ ਉਮੀਦਵਾਰ ਤੁਹਾਡੇ ਸਾਰੇ ਮੁੱਦੇ ਜ਼ੋਰਦਾਰ ਤਰੀਕੇ ਨਾਲ ਪਾਰਲੀਮੈਂਟ ਵਿੱਚ ਉਠਾਉਣਗੇ ਅਤੇ ਤੁਹਾਡੇ ਹੱਕਾਂ ਲਈ ਕੇਂਦਰ ਸਰਕਾਰ ਨਾਲ ਲੜਨਗੇ।ਟਾਊਨ ਹਾਲ ਮੀਟਿੰਗ ਵਿੱਚ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਮੈਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ ਵਪਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਸਨ। ਅਸੀਂ ਹਰ ਸ਼ਹਿਰ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ 3 ਘੰਟੇ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ।
ਇਸ ਤੋਂ ਬਾਅਦ ਭਗਵੰਤ ਮਾਨ ਨੇ ਹੁਸ਼ਿਆਰਪੁਰ, ਦਸੂਹਾ, ਦੀਨਾਨਗਰ, ਪਟਿਆਲਾ, ਮੋਗਾ ਅਤੇ ਪਠਾਨਕੋਟ ਜਾ ਕੇ ਕਾਰੋਬਾਰੀਆਂ ਨਾਲ ਮਿਲਣੀ ਕੀਤੀ। ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ’ਚ 56 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਵਿਦੇਸ਼ੀ ਕੰਪਨੀਆਂ ਵੀ ਹੁਣ ਇੱਥੇ ਉਦਯੋਗਿਕ ਜ਼ਮੀਨ ਖਰੀਦ ਰਹੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਪਿਛਲੀ ਵਾਰ ਮੈਂ ਤੁਹਾਡੀਆਂ ਸਮੱਸਿਆਵਾਂ ਸੁਣਨ ਆਇਆ ਸੀ, ਪਰ ਇਸ ਵਾਰ ਤੁਹਾਡਾ ਸਮਰਥਨ ਮੰਗਣ ਆਇਆ ਹਾਂ। ਤੁਸੀਂ ਲੋਕਾਂ ਨੇ ਦੋ ਸਾਲ ਪਹਿਲਾਂ ਵਿਧਾਨ ਸਭਾ ਵਿੱਚ ਭਾਰੀ ਬਹੁਮਤ ਦਿੱਤਾ ਸੀ। ਇਹ ਲੋਕ ਸਭਾ ਚੋਣਾਂ ਹਨ। ਇਸ ਵਾਰ ਸਾਨੂੰ ਕੇਂਦਰ ਵਿੱਚ ਮਜ਼ਬੂਤ ਕਰੋ। ਸਾਰੀਆਂ 13 ਸੀਟਾਂ ਜਿੱਤਾ ਦਿਓ ਫਿਰ ਲੋਕ ਸਭਾ ਵਿੱਚ ਸਿਰਫ਼ ਪੰਜਾਬ ਹੀ ਗੂੰਜੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ ਕਿਸਾਨ ਅੰਦੋਲਨ ਲਈ ਦਿੱਲੀ ਵੱਲ ਵਧੇ ਸਨ ਤਾਂ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ ਸੀ। ਉਨ੍ਹਾਂ ਨੂੰ ਬਾਰਡਰ ’ਤੇ ਰੋਕ ਲਿਆ।
ਭਾਜਪਾ ਤੇ ਆਪ ਵਰਕਰਾਂ ਵਿਚਾਲੇ ਹੋਈ ਜ਼ਬਰਦਸਤ ਝੜਪ
ਮੋਦੀ ਸਰਕਾਰ ਨੇ ਸੜਕਾਂ ’ਤੇ ਮੇਖ਼ਾਂ ਲਗਵਾ ਦਿੱਤੀਆਂ। ਵੱਡੇ ਬੁਲਡੋਜ਼ਰ ਤੈਨਾਤ ਕਰ ਦਿੱਤੇ ਗਏ। ਅੰਦੋਲਨ ਵਿੱਚ 750 ਕਿਸਾਨ ਮਾਰੇ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਕਿਸਾਨ ਪੰਜਾਬ ਤੋਂ ਸਨ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਦੇਸ਼ ਵਿੱਚ ਤਾਨਾਸ਼ਾਹੀ ਪੈਦਾ ਕਰ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੀ ਹਉਮੈ ਐਨੀ ਵੱਧ ਗਈ ਹੈ ਕਿ ਭਗਵਾਨ ਜਗਨਨਾਥ ਜਿਨ੍ਹਾਂ ਨੂੰ ਪੂਰੀ ਦੁਨੀਆ ਦਾ ਨਾਥ ਕਿਹਾ ਜਾਂਦਾ ਹੈ, ਨੂੰ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਭਗਵਾਨ ਜਗਨਨਾਥ ਮੋਦੀ ਜੀ ਦੇ ਭਗਤ ਹਨ। ਭਾਜਪਾ ਵਾਲੇ ਐਨੇ ਹੰਕਾਰੀ ਹੋ ਗਏ ਹਨ ਕਿ ਉਹ ਮੋਦੀ ਜੀ ਨੂੰ ਰੱਬ ਤੋਂ ਉੱਪਰ ਸਮਝਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਦਾ ਵਿਕਾਸ ਨਹੀਂ ਹੋਣ ਦੇਣਾ ਚਾਹੁੰਦੀ। ਕੇਜਰੀਵਾਲ ਨੇ ਅਮਿਤ ਸ਼ਾਹ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਹੈ ਕਿ 4 ਜੂਨ ਤੋਂ ਬਾਅਦ ਉਹ ਪੰਜਾਬ ’ਚ ’ਆਪ’ ਸਰਕਾਰ ਨੂੰ ਡੇਗ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਦੇਣਗੇ।
Share the post "ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਕੀਤੀ ਅਪੀਲ, ਕਿਹਾ- ਸਾਨੂੰ ਸਾਰੀਆਂ 13 ਦੀਆਂ 13 ਸੀਟਾਂ ਦਿਓ, ਫੇਰ ਲੋਕ ਸਭਾ ’ਚ ਗੂੰਜੇਗਾ ਪੰਜਾਬ"