ਜਲੰਧਰ, 15 ਜੂਨ: ਆਗਾਮੀ 10 ਜੁਲਾਈ ਨੂੰ ਹੋਣ ਜਾ ਰਹੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਚੋਣਾਂ ਤੱਕ ਡੇਰਾ ਲਗਾਉਣ ਦਾ ਫੈਸਲਾ ਕੀਤਾ ਹੈ। ਸਥਾਨਕ ਸ਼ਹਿਰ ਦੇ ਵਿਚ ਉਹ ਆਪਣੀ ਪਤਨੀ ਤੇ ਭੈਣ ਸਹਿਤ ਹਫ਼ਤੇ ਵਿਚ ਤਿੰਨ ਦਿਨ ਰਿਹਾਇਸ਼ ਰੱਖਣਗੇ। ਇਸਦੇ ਲਈ ਇੱਕ ਮਕਾਨ ਕਿਰਾਏ ’ਤੇ ਲਿਆ ਜਾ ਚੁੱਕਾ ਹੈ। ਇਸਦੀ ਪੁਸ਼ਟੀ ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਨੇ ਕੀਤੀ ਹੈ। ਉਨ੍ਹਾਂ ਆਪਣੇ ਫ਼ੇਸਬੁੱਕ ’ਤੇ ਇਹ ਜਾਣਕਾਰੀ ਪਾਉਂਦਿਆਂ ਦਾਅਵਾ ਕੀਤਾ ਹੈ ਕਿ ਪਾਰਟੀ ਜਲੰਧਰ ਪੱਛਮੀ ਉਪ ਚੋਣ ’ਚ ਜਬਰਦਸਤ ਜਿੱਤ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।
ਐਮ.ਪੀ ਮੀਤ ਹੇਅਰ ਆਪ ਦੇ ਸੰਸਦ ’ਚ ਹੋਣਗੇ ਲੀਡਰ
ਜਿਕਰਯੋਗ ਹੈ ਕਿ ਜਲੰਧਰ ਪੱਛਮੀ ਜਿਮਨੀ ਚੋਣ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ ਤੇ 10 ਜੁਲਾਈ ਨੂੰ ਇੱਥੇ ਵੋਟਾਂ ਪੈਣੀਆਂ ਹਨ। ਇਹ ਸੀਟ ਸਾਲ 2022 ‘ਚ ਆਪ ਦੀ ਟਿਕਟ ’ਤੇ ਜਿੱਤ ਕੇ ਆਏ ਸ਼ੀਤਲ ਅੰਗਰਾਲ ਵੱਲੋਂ ਭਾਜਪਾ ਵਿਚ ਜਾਣ ਸਮੇਂ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋਈ ਹੈ। ਲੰਘੀਆਂ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਵਿਚ ਕਾਂਗਰਸ ਪਾਰਟੀ ਅੱਗੇ ਰਹੀ ਹੈ ਤੇ ਭਾਜਪਾ ਨੇ ਦੂਜੇ ਸਥਾਨ ਪ੍ਰਾਪਤ ਕੀਤਾ ਹੈ। ਜਦੋਂਕਿ ਆਪ ਤੀਜ਼ੇ ਨੰਬਰ ’ਤੇ ਰਹੀ ਹੈ। ਪਾਰਟੀ ਦੇ ਆਗੂਆਂ ਮੂਤਾਬਕ ਮੁੱਖ ਮੰਤਰੀ ਸਹਿਤ ਸਮੁੱਚੀ ਲੀਡਰਸ਼ਿਪ ਇਸ ਹਲਕੇ ਨੂੰ ਹੁਣ ਵਾਪਸ ਜਿੱਤਣਾ ਚਾਹੁੰਦੀ ਹੈ, ਇਸਦੇ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਤੇ ਇਸੇ ਕੜੀ ਤਹਿਤ ਭਗਵੰਤ ਮਾਨ ਇੱਥੇ ਆਪਣੀ ਰਿਹਾਇਸ਼ ਕਰ ਰਹੇ ਹਨ।