ਚੰਡੀਗੜ੍ਹ, 20 ਜੂਨ (ਅਸ਼ੀਸ਼ ਮਿੱਤਲ): ਹਰਿਆਣਾ ਦੀ ਭਾਜਪਾ ਸਰਕਾਰ ਮੁੜ ਸੰਕਟ ਵਿਚ ਘਿਰ ਗਈ ਹੈ। ਨੰਬਰਾਂ ਦੀ ਖੇਡ ਵਿਚ ਪਿੱਛੇ ਰਹਿਣ ਦਾ ਦੋਸ਼ ਲਗਾਉਂਦਿਆਂ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅਸਤੀਫ਼ਾ ਮੰਗ ਲਿਆ ਹੈ। ਇਸ ਮੰਗ ਨੂੰ ਲੈ ਕੇ ਸ਼੍ਰੀ ਹੁੱਡਾ ਦੀ ਅਗਵਾਈ ਹੇਠ ਕਾਂਗਰਸ ਦਾ ਇੱਕ ਵਫ਼ਦ ਹਰਿਆਣਾ ਦੇ ਰਾਜਪਾਲ ਨੂੰ ਮਿਲਿਆ, ਜਿੱਥੇ ਉਨ੍ਹਾਂ ਨਾਇਬ ਸਿੰਘ ਸੈਣੀ ਦੇ ਘੱਟ ਗਿਣਤੀ ਵਿਚ ਰਹਿਣ ਦਾ ਦਾਅਵਾ ਕਰਦਿਆਂ ਉਸਨੂੰ ਬਰਖਾਸਤ ਕਰਨ ਲਈ ਕਿਹਾ। ਗੌਰਤਲਬ ਹੈ ਕਿ ਲੋਕ ਸਭਾ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਜਦ ਟਿਕਟਾਂ ਦੀ ਵੰਡ ਨੂੰ ਲੈ ਕੇ ਜਜਪਾ ਅਤੇ ਭਾਜਪਾ ਵਿਚਕਾਰ ਤਨਾਅ ਬਣਿਆ ਹੋਇਆ ਸੀ ਤਾਂ ਭਾਜਪਾ ਨੇ ਨਵਾਂ ਪੈਤੜਾਂ ਖੇਡਦਿਆਂ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਸਤੀਫ਼ਾ ਦੇ ਦਿੱਤਾ ਸੀ। ਜਿਸਤੋਂ ਬਾਅਦ ਜਜਪਾ ਨੂੰ ਪਾਸੇ ਕਰਦਿਆਂ ਪਾਰਟੀ ਨੇ ਕਰਨਾਲ ਦੇ ਸੰਸਦ ਨਾਇਬ ਸਿੰਘ ਸੈਣੀ ਨੂੰ ਅੱਗੇ ਕਰਦਿਆਂ ਦੁਬਾਰਾ ਸਹੁੰ ਚੁੱਕ ਲਈ ਸੀ।
ਮੋਦੀ ਕੈਬਨਿਟ ਦੀ ਪਹਿਲੀ ਮੀਟਿੰਗ ’ਚ ਫ਼ਸਲਾਂ ਦੇ ਭਾਅ ’ਚ ਵਾਧੇ ਦਾ ਐਲਾਨ
ਉਸ ਸਮੇਂ ਭਾਜਪਾ ਨੂੰ ਕੁੱਝ ਅਜਾਦ ਵਿਧਾਇਕਾਂ ਦਾ ਵੀ ਸਮਰਥਨ ਮਿਲਿਆ ਸੀ ਪ੍ਰੰਤੂ ਤਿੰਨ ਅਜਾਦ ਵਿਧਾਇਕ ਬਾਅਦ ਵਿਚ ਸਮਰਥਨ ਵਾਪਸ ਲੈ ਕੇ ਕਾਂਗਰਸ ਦੇ ਹੱਕ ਵਿਚ ਚਲੇ ਗਏ ਸਨ। ਜਿਸ ਕਾਰਨ ਸ਼੍ਰੀ ਹੁੱਡਾ ਵੱਲੋਂ ਫਲੌਰ ਟੈਸਟ ਦੀ ਮੰਗ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ 90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿਚ ਮੌਜੂਦਾ ਸਮੇਂ 87 ਵਿਧਾਇਕ ਹੀ ਮੌਜੂਦ ਹਨ। ਭਾਜਪਾ ਦੇ ਆਪਣੇ 41 ਮੈਂਬਰ ਹਨ। ਇੱਕ ਗੋਪਾਲ ਕਾਂਡਾ ਅਤੇ ਇੱਕ ਅਜਾਦ ਵਿਧਾਇਕ ਵੀ ਭਾਜਪਾ ਦੀ ਹਿਮਾਇਤ ਕਰ ਰਿਹਾ। ਇਸੇ ਤਰ੍ਹਾਂ ਕਾਂਗਰਸ ਦੀ ਵਿਧਾਇਕਾ ਕਿਰਨ ਚੌਧਰੀ ਵੀ ਬੀਤੇ ਕੱਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਹਿਸਾਬ ਨਾਲ ਭਾਜਪਾ ਕੋਲ 44 ਵਿਧਾਇਕ ਬਣਦੇ ਹਨ। ਹਾਲਾਂਕਿ ਜਜਪਾ ਦੇ ਕੁੱਝ ਵਿਧਾਇਕ ਵੀ ਖੁੱਲ ਕੇ ਭਾਜਪਾ ਦੇ ਨਾਲ ਚੱਲੇ ਹੋਏ ਹਨ। ਗੌਰਤਲਬ ਹੈ ਕਿ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵੀ ਸਤੰਬਰ-ਅਕਤੂਬਰ ਮਹੀਨੇ ਵਿਚ ਹੋਣ ਜਾ ਰਹੀਆਂ ਹਨ।
Share the post "Big News: ਹਰਿਆਣਾ ਦੀ ਭਾਜਪਾ ਸਰਕਾਰ ਸੰਕਟ ’ਚ, ਵਿਰੋਧੀ ਧਿਰ ਨੇ ਕੀਤੀ ਫ਼ਲੌਰ ਟੈਸਟ ਦੀ ਮੰਗ"