ਬਠਿੰਡਾ, 14 ਅਗਸਤ: ਸਮਰਹਿਲ ਕਾਨਵੈਂਟ ਸਕੂਲ ਵਿੱਚ ਅੱਜ ਸੁਤੰਤਰਤਾ ਦਿਵਸ ਅਤੇ ਤੀਆਂ ਦਾ ਤਿਉਹਾਰ ਬੜੇ ਚਾਅ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਰਾ ਸਕੂਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਪ੍ਰਤੀਤ ਹੋ ਰਿਹਾ ਸੀ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸਕੂਲ ਦੇ ਸਾਬਕਾ ਪ੍ਰਿੰਸੀਪਲ ਸਰੋਜ ਚੋਪੜਾ ਪੁੱਜੇ ਹੋਏ ਸਨ ਜਦਕਿ ਉਹਨਾਂ ਦੇ ਨਾਲ ਲੱਜਾ ਜੋਸ਼ੀ ਅਤੇ ਸੁਰਜੀਤ ਕੌਰ ਨੇ ਸ਼ਿਰਕਤ ਕੀਤੀ। ਸਕੂਲ ਦੇ ਸਮਾਜਿਕ ਸਿੱਖਿਆ ਅਧਿਆਪਕਾ ਮੀਨੂ ਸਿੰਗਲਾ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਬਾਰੇ ਦੱਸਿਆ।ਇਸ ਮੌਕੇ ਸਟੇਜ ਸੰਚਾਲਕ ਵਜੋਂ ਨੌਵੀਂ ਦੀ ਵਿਦਿਆਰਥਣ ਸਮਨਦੀਪ ਕੌਰ ਅਤੇ ਪੰਜਾਬੀ ਅਧਿਆਪਕਾ ਸੁਮਨਜੀਤ ਕੌਰ ਰਹੇ।
ਨੰਨੇ ਮੁੰਨੇ ਬੱਚਿਆਂ ਨੇ ਫੈਂਸੀ ਡਰੈਸ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ, ਗਰੁੱਪ ਡਾਂਸ ਪੇਸ਼ ਕੀਤੇ ਅਤੇ ਦੇਸ਼ ਭਗਤਾਂ ਨੂੰ ਯਾਦ ਕੀਤਾ।ਵਿਦਿਆਰਥੀਆਂ ਨੇ ਸਕਿੱਟਾਂ ਪੇਸ਼ ਕੀਤੀਆਂ ਜਿਸ ਵਿੱਚ ਉਹਨਾਂ ਨੇ ਦੇਸ਼ ਦੇ ਵੀਰ ਜਵਾਨਾਂ ਦੀ ਬਹਾਦਰੀ ਨੂੰ ਦਰਸਾਇਆ। ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕੁੜੀਆਂ ਨੇ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਖੂਬ ਰੰਗ ਬੰਨਿ੍ਹਆ। ਸਕੂਲ ਦੇ ਪ੍ਰਿੰਸੀਪਲ ਜਗਦੀਸ਼ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਕੂਲ ਦੇ ਐਮ .ਡੀ. ਰਮੇਸ਼ ਕੁਮਾਰੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ।