ਚੰਡੀਗੜ੍ਹ, 13 ਅਕਤੂਬਰ: ਪੰਜਾਬ ਦੇ ਵਿਚ ਆਗਾਮੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਅੱਜ ਐਤਵਾਰ ਸ਼ਾਮ 6 ਵਜੇਂ ਨੂੰ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਚੋਣ ਕਮਿਸ਼ਨ ਦੇ ਹਵਾਲੇ ਮੁਤਾਬਕ ਵੋਟਾਂ ਤੋਂ 24 ਘੰਟੇ ਪਹਿਲਾਂ ਹਰ ਚੋਣਾਂ ਵਿਚ ਚੋਣ ਜਨਤਕ ਤੌਰ ’ਤੇ ਚੋਣ ਪ੍ਰਚਾਰ ਬੰਦ ਹੋ ਜਾਂਦਾ ਹੈ। ਜਿਸਤੋਂ ਬਾਅਦ ਕੋਈ ਵੀ ਉਮੀਦਵਾਰ ਖੁੱਲੇ ਤੌਰ ‘ਤੇ ਚੋਣ ਮੀਟਿੰਗਾਂ, ਰੈਲੀਆਂ ਆਦਿ ਕਰਕੇ ਵੋਟਰਾਂ ਤੋਂ ਸਮਰਥਨ ਮੰਗ ਨਹੀਂ ਸਕੇਗਾ। ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਉਮੀਦਵਾਰਾਂ ਕੋਲ ਸਿਰਫ਼ 24 ਘੰਟੇ ਬਚੇ ਹਨ, ਜਿਸਦੇ ਵਿਚ ਉਹ ਰੁੱਸੇ ਵੋਟਰਾਂ ਨੂੰ ਮਨਾਉਣ ਅਤੇ ਹੋਰ ਚੋਣ ਜੋੜ-ਤੋੜ ’ਚ ਬਿਜੀ ਹੋ ਜਾਣਗੇ। ਹਾਲਾਂਕਿ ਚੋਣ ਕਮਿਸ਼ਨਰ ਵੱਲੋਂ ਚੋਣਾਂ ਦੇ ਵਿਚ ਪੈਸੇ ਤੇ ਨਸ਼ੇ ਦੀ ਵਰਤੋਂ ਉਪਰ ਸਖ਼ਤੀ ਨਾਲ ਰੋਕ ਲਗਾਈ ਗਈ ਹੈ, ਇਸਦੇ ਬਾਵਜੂਦ ਪੇਂਡੂ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਵੱਲੋਂ ਹਰ ਵਾਰ ਉਡੀਕੀ ਜਾਣ ਵਾਲੀ ਇਸ ਚੋਣ ਵਿਚ ‘ਲਾਲ ਪਰੀ’ ਦੇ ਉਪਯੋਗ ਦੀਆਂ ਖ਼ਬਰਾਂ ਮੀਡੀਆ ਵਿਚ ਸੁਰਖੀਆਂ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ:Singer Gulab Sidhu: ਦੇ ਸੋਅ ’ਚ ਬਾਉਂਸਰਾਂ ਵੱਲੋਂ ਬਜੁਰਗ ਦੀ ਪੱਗ ਉੱਤਰਨ ‘ਤੇ ਹੰਗਾਮਾ,ਪ੍ਰੋਗਰਾਮ ਅੱਧਵਾਟੇ ਛੱਡਿਆ
ਠੇਕੇਦਾਰ ਵੀ ਚੋਣਾਂ ਦੇ ਇਸ ਸੀਜ਼ਨ ਵਿਚ ਖ਼ੁਸ ਦਿਖ਼ਾਈ ਦੇ ਰਹੇ ਹਨ। ਇੱਕ ਸਰਾਬ ਠੇਕੇਦਾਰ ਨੇ ਦਸਿਆ ਕਿ ‘‘ ਚੋਣਾਂ ਦੇ ਮੌਸਮ ਵਿਚ ਸ਼ਰਾਬ ਦੀ ਵਿਕਰੀ ਵਿਚ ਕਾਫ਼ੀ ਇਜ਼ਾਫਾ ਹੋਇਆ ਹੈ। ਬੇਸ਼ੱਕ ਇਹ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾਂ ’ਤੇ ਲੜੀਆਂ ਨਹੀਂ ਜਾ ਰਹੀਆਂ ਪ੍ਰੰਤੂ ਇਸਦੇ ਬਾਵਜੂਦ ਸਮੂਹ ਸਿਆਸੀ ਧਿਰਾਂ ਆਪਣੇ ਹਿਮਾਇਤੀਆਂ ਨੂੰ ਕਾਮਯਾਬ ਕਰਨ ਲਈ ਪੂਰੀ ਮਿਹਨਤ ਕਰ ਰਹੀਆਂ ਹਨ। ਜਿਕਰਯੋਗ ਹੈ ਕਿ ਪੰਜਾਬ ਦੇ ਵਿਚ ਕੁੱਲ 13,277 ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਸਨ ਪ੍ਰੰਤੂ ਇੰਨ੍ਹਾਂ ਵਿਚੋਂ 3798 ਸਰਪੰਚ ਅਤੇ 48,861 ਪੰਚਾਂ ਨੂੰ ਨਿਰਵਿਰੋਧ ਜੇਤੂ ਕਰਾਰ ਦਿੱਤਾ ਗਿਆ ਹੈ। ਉਂਝ ਜਬਰੀ ਕਾਗਜ਼ ਰੱਦ ਕਰਨ ਤੇ ਧੋਖੇ ਨਾਲ ਵਾਪਸੀਆਂ ਕਰਵਾਉਣ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪੁੱਜਣ ’ਤੇ ਸੈਕੜੇ ਪੰਚਾਇਤਾਂ ਵਿਚ ਚੋਣ ਅਮਲ ’ਤੇ ਰੋਕ ਵੀ ਲੱਗ ਚੁੱਕੀ ਹੈ।
ਇਹ ਵੀ ਪੜ੍ਹੋ:ਬਠਿੰਡਾ ਦੇ ਬੀਬੀਵਾਲ ਚੌਕ ’ਤੇ ਲੱਗੀ ਭਿਆਨਕ ਅੱਗ ’ਚ ਸਬਜੀ ਮਾਰਕੀਟ ਹੋਈ ‘ਰਾਖ਼’
ਜਦ ਕਿ ਪੰਜਾਬ ਰਾਜ ਚੋਣ ਕਮਿਸ਼ਨਰ ਵੱਲੋਂ ਵੀ ਗਿੱਦੜਬਾਹਾ ਦੇ 20 ਪਿੰਡਾਂ ਸਹਿਤ ਹੋਰਨਾਂ ਥਾਵਾਂ ‘ਤੇ ਪੰਚਾਇਤੀ ਚੋਣਾਂ ਰੱਦ ਕੀਤੀਆਂ ਗਈਆਂ ਹਨ। ਇਸਦੇ ਬਾਵਜੂਦ ਸਰਪੰਚੀ ਦੇ ਅਹੁੱਦੇ ਲਈ ਪੂਰੇ ਪੰਜਾਬ ਵਿਚ 25,588 ਅਤੇ ਪੰਚੀ ਲਈ 80,598 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ। ਜਿਆਦਾਤਰ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਇੱਕ ਦੂਜੇ ਦੇ ਸਾਹਮਣੇ ਚੋਣ ਲੜ ਰਹੇ ਹਨ। ਪੰਜਾਬ ਰਾਜ ਚੋਣ ਕਮਿਸ਼ਨਰ ਵੱਲੋਂ ਵੀ 15 ਅਕਤੂਬਰ ਨੂੰ ਸਵੇਰੇ 8 ਵਜੇਂ ਤੋਂ ਸ਼ੁਰੂ ਹੋਣ ਵਾਲੀ ਵੋਟਿੰਗ ਲਈ ਸੁਰੱਖਿਆ ਤੇ ਸਖ਼ਤ ਪ੍ਰਬੰਧ ਕਰਨ ਤੋਂ ਇਲਾਵਾ ਕੋਈ ਗੜਬੜੀ ਰੋਕਣ ਲਈ ਵੀਡੀਓਗ੍ਰਾਫ਼ੀ ਦੇ ਹੁਕਮ ਵੀ ਦਿੱਤੇ ਹੋਏ ਹਨ।