ਚੰਡੀਗੜ੍ਹ, 25 ਅਕਤੂਬਰ: ਪਹਿਲਾਂ ਹੀ ਸਿਆਸੀ ਤੌਰ ‘ਤੇ ਵੱਡੇ ਘਾਟੇ ਸਹਿ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਹੁਣ ਆਗਾਮੀ 13 ਨਵੰਬਰ ਨੂੰ ਹੋਣ ਜਾ ਰਹੀਆਂ ਜਿਮਨੀ ਚੋਣਾਂ ਲਈ ਅਚਾਨਕ ਪੈਰ ਪਿਛਾਂਹ ਖਿੱਚਣ ਕਾਰਨ ਮੁੜ ਸਵਾਲ ਖੜ੍ਹੇ ਹੋਣ ਲੱਗੇ ਹਨ। ਪੰਜਾਬ ਦੇ ਲੋਕਾਂ ਦੇ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਅਕਾਲੀ ਦਲ ਨੂੰ ਅਜਿਹੀ ਕਿਹੜੀ ਮੁਸੀਬਤ ਪੈਦਾ ਹੋ ਗਈ ਹੈ ਕਿ ਇਸਨੇ 32 ਸਾਲਾਂ ਬਾਅਦ ਮੁੜ ਚੋਣਾਂ ਦਾ ਬਾਈਕਾਟ ਕਰ ਦਿੱਤਾ। ਅਕਾਲੀ ਦਲ ਨੇ ਕੁੱਝ ਮਹੀਨੇ ਪਹਿਲਾਂ ਜਲੰਧਰ ਉਪ ਚੋਣ ’ਚ ਵੀ ਉਤਾਰੇ ਆਪਣੇ ਉਮੀਦਵਾਰ ਨੂੰ ਵਾਪਸ ਲੈ ਲਿਆ ਸੀ ਤੇ ਬਸਪਾ ਦੀ ਹਿਮਾਇਤ ਕਰਨ ਦਾ ਐਲਾਨ ਕਰ ਦਿੱਤਾ ਸੀ।
ਸ਼੍ਰੋਮਣੀ ਅਕਾਲੀ ਦਲ ਨਹੀਂ ਲੜੇਗਾ ਜਿਮਨੀ ਚੋਣਾਂ, ਮੀਟਿੰਗ ਵਿੱਚ ਹੋਇਆ ਫੈਸਲਾ
ਹਾਲਾਂਕਿ ਬੀਤੇ ਕੱਲ ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ ਵਰਕਿੰਗ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਵਿਚ ਇਸ ਫੈਸਲੇ ਪਿੱਛੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਮੁੱਖ ਰੱਖਣ ਦਾ ਹਵਾਲਾ ਦਿੱਤਾ ਹੈ ਪ੍ਰੰਤੂ ਜਥੇਦਾਰ ਸਾਹਿਬ ਦੇ ਬਿਆਨ ਕਿ ਚੋਣਾਂ ਲੜਣ ਉਪਰ ਪਾਬੰਦੀ ਸਿਰਫ਼ ਸੁਖਬੀਰ ਸਿੰਘ ਬਾਦਲ ਉਪਰ ਹੈ, ਨਾ ਕਿ ਅਕਾਲੀ ਦਲ ਉਪਰ, ਤੋਂ ਬਾਅਦਅਕਾਲੀ ਦਲ ਨੂੰ ਵੱਡਾ ਸਿਆਸੀ ਨੁਕਸਾਨ ਹੋਣ ਦੇ ਕਿਆਸ ਲਗਾਏ ਜਾਣ ਲੱਗੇ ਹਨ। ਇਹ ਵੀ ਸਵਾਲ ੳੁੱਠ ਰਹੇ ਹਨ ਕਿ ਚੋਣ ਮੈਦਾਨ ਵਿਚ ਪਿੱਛੇ ਹਟਣ ਤੋਂ ਬਾਅਦ ਹੁਣ ਕਿਸ ਪਾਰਟੀ ਦੇ ਉਮੀਦਵਾਰਾਂ ਦੀ ਹਿਮਾਇਤ ਕਰੇਗਾ? ਸਿਆਸੀ ਗਲਿਆਰਿਆਂ ਤੋਂ ਬਾਅਦ ਹੁਣ ਆਮ ਲੋਕਾਂ ਵਿਚ ਵੀ ਇਸ ਗੱਲ ਦੀ ਚਰਚਾ ਚੱਲ ਪਈ ਹੈ ਕਿ ਅਕਾਲੀ ਦਲ ਨੇ ਇਹ ਫੈਸਲਾ ਭਾਜਪਾ ਨੂੰ ਫ਼ਾਈਦਾ ਪਹੁੰਚਾਉਣ ਦੇ ਲਈ ਕੀਤਾ ਹੈ।
ਸਾਬਕਾ ਮੰਤਰੀ ਨੇ ਛੱਡਿਆ ਅਕਾਲੀ ਦਲ, ਭਾਜਪਾ ਨੇ ਟਿਕਟ ਨਾਲ ਨਿਵਾਜ਼ਿਆ
ਜਿਕਰਯੋਗ ਹੈ ਕਿ ਅਕਾਲੀ ਲੀਡਰਸ਼ਿਪ ਦਾ ਤਰਕ ਹੈ ਕਿ ‘‘ਜਰਨੈਲ ਤੋਂ ਬਿਨ੍ਹਾਂ ਜੰਗ ਨਹੀਂ ਲੜ੍ਹੀ ਜਾਂਦੀ। ’’ ਅਕਾਲੀ ਲੀਡਰਸ਼ਿਪ ਦੇ ਇਸ ਤਰਕ ਨੂੰ ਵਿਰੋਧੀ ਇਸ ਗੱਲ ਨਾਲ ਕਾਟ ਕਰ ਰਹੇ ਹਨ ਕਿ ‘‘ ਕੀ ਹੁਣ ਸੁਖਬੀਰ ਬਾਦਲ ਹੀ ਅਕਾਲੀ ਦਲ ਹੈ ਜਾਂ ਬਾਦਲ ਤੋਂ ਬਿਨ੍ਹਾਂ ਅਕਾਲੀ ਦਲ ਦੀ ਕੋਈ ਹੋਂਦ ਨਹੀਂ ਹੈ?’’ ਸਿਆਸੀ ਮਾਹਰ ਵੀ ਅਕਾਲੀ ਲੀਡਰਸ਼ਿਪ ਦੇ ਇਸ ਫੈਸਲੇ ਨੂੰ ਦੂਰਅੰਦੇਸ਼ੀ ਵਾਲਾ ਦਸਣ ਦੀ ਬਜਾਏ, ਪਿਛਲੇ ਸਮੇਂ ਦੌਰਾਨ ਕੀਤੀਆਂ ਗਲਤੀਆਂ ’ਤੇ ਪਰਦਾ ਪਾਉਣ ਵਾਲਾ ਕਰਾਰ ਦੇ ਰਹੇ ਹਨ। ਅਕਾਲੀ ਲੀਡਰਸ਼ਿਪ ਦੇ ਇਸ ਫੈਸਲੇ ਨਾਲ ਨਾ ਸਿਰਫ ਪਹਿਲਾਂ ਹੀ ਪਿਛਲੇ ਅੱਠ ਸਾਲਾਂ ਤੋਂ ਸੱਤਾ ਵਿਚ ਬਾਹਰ ਚੱਲ ਰਿਹਾ ਅਕਾਲੀ ਕਾਡਰ ਹੋਰ ਨਿਰਾਸ਼ ਹੋਵੇਗਾ, ਬਲਕਿ ਚੋਣ ਲੜਣ ਦੇ ਚਾਹਵਾਨਾਂ ਵੱਲੋਂ ਵੀ ਹੋਰ ਪਾਰਟੀਆਂ ਦਾ ਪੱਲਾ ਫ਼ੜਿਆ ਜਾ ਸਕਦਾ।
ਹਰਿਆਣਾ ਸਰਕਾਰ ਵੱਲੋਂ ਮੁਲਾਜਮਾਂ ਨੂੰ ਦੀਵਾਲੀ ਤੋਹਫਾ, ਮਹਿੰਗਾਈ ਭੱਤਾ ਵਧਾਇਆ
ਇਸਦੀ ਮਿਸਾਲ ਅਕਾਲੀ ਲੀਡਰਸ਼ਿਪ ਦੇ ਫੈਸਲੇ ਦੇ ਤੁਰੰਤ ਸਾਹਮਣੇ ਆ ਗਿਆ ਹੈ ਤੇ ਚੱਬੇਵਾਲ ਹਲਕੇ ਨਾਲ ਸਬੰਧਤ ਸਾਬਕਾ ਅਕਾਲੀ ਮੰਤਰੀ ਸੋਹਨ ਸਿੰਘ ਠੰਢਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਤੇ ਭਾਜਪਾ ਨੇ ਵੀ ਤੁਰੰਤ ਉਸਨੂੰ ਟਿਕਟ ਦੇ ਦਿੱਤੀ ਹੈ। ਇਸੇ ਤਰ੍ਹਾਂ ਬਰਨਾਲਾ ਤੋਂ ਵੀ ਟਿਕਟ ਦੇ ਚਾਹਵਾਨ ਇਕ ਅਕਾਲੀ ਆਗੂ ਬਾਰੇ ਵੀ ਅਜਿਹੀਆਂ ਚਰਚਾਵਾਂ ਚੱਲ ਪਈਆਂ ਹਨ। ਹੁਣ ਦੇਖਣਾ ਹੋਵੇਗਾ ਕਿ ਧਾਰਮਿਕ ਤੇ ਸਿਆਸੀ ਮੰਝਧਾਰ ਵਿਚ ਬੁਰੀ ਤਰ੍ਹਾਂ ਫ਼ਸੇ ਅਕਾਲੀ ਦਲ ਨੂੰ ਇਸਦੀ ਲੀਡਰਸ਼ਿਪ ਕਿਸ ਤਰ੍ਹਾਂ ਕੱਢਣ ਵਿਚ ਕਾਮਯਾਬ ਹੁੰਦੀ ਹੈ ਜਾਂ ਫ਼ਿਰ ਸਾਲ 2027 ਵਿਚ ਭਾਜਪਾ ਦਾ ਛੋਟਾ ਭਾਈ ਬਣ ਕੇ ਪਿੱਛੈ ਚੱਲਣ ਵਿਚ ਹੀ ਭਲਾਈ ਸਮਝਣਗੇ?
Share the post "ਜਲੰਧਰ ਤੋਂ ਬਾਅਦ ਜਿਮਨੀ ਚੋਣਾਂ ’ਚ ਅਕਾਲੀ ਦਲ ਵੱਲੋਂ ‘ਪੈਰ’ ਪਿਛਾਂਹ ਖਿੱਚਣ ‘ਤੇ ਮੁੜ ਉੱਠੇ ਸਵਾਲ! ਹੁਣ ਕਿਸਦੀ ਕਰਨਗੇ ਮੱਦਦ?"