👉ਨਾਮਜਦਗੀਆਂ 9 ਦਸੰਬਰ ਤੋਂ ਸ਼ੁਰੂ, ਚੋਣਾਂ ਤੋਂ ਤੁਰੰਤ ਬਾਅਦ ਹੋਵੇਗੀ ਵੋਟਾਂ ਦੀ ਗਿਣਤੀ
ਚੰਡੀਗੜ੍ਹ, 5 ਦਸੰਬਰ: ਪੰਜਾਬ ਦੇ ਵਿਚ ਹੁਣ ਨਗਰ ਨਿਗਮ ਤੇ ਨਗਰ ਕੋਂਸਲ ਚੋਣਾਂ ਲਈ ਬਿਗੁਲ ਵੱਜ ਗਿਆ ਹੈ। ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਇਹ ਵੋਟਾਂ 21 ਦਸੰਬਰ ਨੂੂੰ ਪੈਣਗੀਆਂ। ਇੰਨ੍ਹਾਂ ਚੋਣਾਂ ਦੇ ਨਤੀਜੇ ਵੀ ਉਸੇ ਦਿਨ ਦੇਰ ਰਾਤ ਤੱਕ ਸਾਹਮਣੇ ਆ ਜਾਣਗੇ। ਐਤਵਾਰ ਨੂੰ ਇੱਥੇ ਪੰਜਾਬ ਭਵਨ ਵਿਚ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜ ਕਮਲ ਚੌਧਰੀ ਨੇ ਦਸਿਆ ਕਿ ‘‘ ਪੰਜਾਬ ਦੇ ਵਿਚ ਅੱਜ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਚੋਣ ਜਾਬਤਾ ਲਾਗੂ ਹੋ ਗਿਆ ਹੈ। ’’
ਇਹ ਵੀ ਪੜ੍ਹੋ SKM News: ਕਿਸਾਨ ਅੱਜ ਮੁੜ ਕਰਨਗੇ ਦਿੱਲੀ ਕੂਚ, ਹਰਿਆਣਾ ਨੇ ਵੀ ਰੋਕਣ ਲਈ ਖਿੱਚੀਆਂ ਤਿਆਰੀਆਂ
ਉਨ੍ਹਾਂ ਦਸਿਆ ਕਿ ਸੂਬੇ ਦੇ ਪੰਜਾਂ ਮਹਾਂਨਗਰਾਂ ਲੁਧਿਆਣਾ, ਪਟਿਆਲਾ, ਜਲੰਧਰ, ਅੰਮ੍ਰਿਤਸਰ ਤੇ ਫ਼ਗਵਾੜਾ ਤੋਂ ਇਲਾਵਾ 43 ਨਗਰ ਕੋਂਸਲਾਂ/ਪੰਚਾਇਤਾਂ ਤੋਂ ਇਲਾਵਾ ਕਈ ਥਾਂ ਉਪ ਚੋਣਾਂ ਵੀ ਹੋਣੀਆਂ ਹਨ। ਇਸਦੇ ਲਈ ਭਲਕ 9 ਦਸੰਬਰ ਤੋਂ ਨਾਮਜਦਗੀਆਂ ਦਾ ਕੰਮ ਸ਼ੁਰੂ ਹੋਵੇਗਾ ਜੋਕਿ 12 ਦਸੰਬਰ ਤੱਕ ਚੱਲੇਗਾ। ਇਸਤੋਂ ਬਾਅਦ 13 ਨੂੰ ਪੜਤਾਲ ਅਤੇ 14 ਨੂੰ ਕਾਗਜ਼ਾਂ ਦੀ ਵਾਪਸੀ ਹੋਵੇਗੀ। ਇਸਤੋਂ ਬਾਅਦ 21 ਨੂੰ ਸਵੇਰੇ 7 ਵਜੇਂ ਤੋਂ 4 ਵਜੇਂ ਤੱਕ ਵੋਟਾਂ ਪੈਣਗੀਆਂ। ਨਤੀਜ਼ੇ ਸ਼ਾਮ ਤੱਕ ਐਲਾਨ ਦਿੱਤੇ ਜਾਣਗੇ। ਚੋਣ ਕਮਿਸ਼ਨ ਨੇ ਦਸਿਆ ਕਿ ਸੂਬੇ ਦੇ ਪੰਜਾਂ ਮਹਾਂਨਗਰਾਂ ਵਿਚ ਕੁੱਲ 371 ਵਾਰਡਾਂ ਅਤੇ ਕੋਂਸਲਾਂ ਤੇ ਪੰਚਾਇਤਾਂ ਵਿਚ 598 ਵਾਰਡਾਂ ਲਈ ਚੋਣ ਹੋਵੇਗੀ।
ਇਸਦੇ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਲਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਨਹੀਂ ਲੈਣ ਦਿੱਤਾ ਜਾਵੇਗਾ। ਵੱਡੀ ਗੱਲ ਇਹ ਹੈ ਕਿ ਪੰਚਾਇਤ ਚੋਣਾਂ ਦੇ ਉਲਟ ਇਹ ਚੋਣਾਂ ਈਵੀਐਮ ਰਾਹੀਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਨਿਗਮ ਤੇ ਕੋਂਸਲ ਚੋਣਾਂ ਲਈ ਕੁੱਲ 37 ਲੱਖ 32 ਹਜ਼ਾਰ ਦੇ ਕਰੀਬ ਵੋਟਰ ਹਨ। ਚੋਣ ਕਮਿਸ਼ਨ ਨੇ ਇੰਨ੍ਹਾਂ ਚੋਣਾਂ ਵਿਚ ਖਰਚਾ ਕਰਨ ਦੀ ਐਲਾਨ ਕਰਦਿਆਂ ਦਸਿਆ ਕਿ ਨਗਰ ਨਿਗਮਾਂ ਲਈ ਹਰੇਕ ਉਮੀਦਾਰ 4 ਲੱਖ ਰੁਪਏ ਤੱਕ ਦਾ ਖ਼ਰਚਾ ਕਰ ਸਕਦਾ ਹੈ। ਜਦੋਂਕਿ ਏ ਕਲਾਸ ਨਗਰ ਕੋਂਸਲ ਲਈ 3 ਲੱਖ 60, ਕਲਾਸ ਬੀ ਨਗਰ ਕੋਂਸਲ ਲਈ 2 ਲੱਖ 30 ਅਤੇ ਕਲਾਸ ਸੀ ਨਗਰ ਕੋਂਸਲ ਲਈ 2 ਲੱਖ ਅਤੇ ਨਗਰ ਪੰਚਾਇਤ ਚੋਣ ਲਈ 1 ਲੱਖ 40 ਹਜ਼ਾਰ ਰੁਪਏ ਖ਼ਰਚ ਕੀਤੇ ਜਾ ਸਕਦੇ ਹਨ।
Share the post "ਪੰਜਾਬ ਦੇ ਵਿਚ ਨਗਰ ਨਿਗਮ ਤੇ ਕੋਂਸਲ ਚੋਣਾਂ ਦਾ ਵੱਜਿਆ ਬਿਗੁਲ, 21 ਦਸੰਬਰ ਨੂੰ ਪੈਣਗੀਆਂ ਵੋਟਾਂ"