ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼; 10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

0
25

👉ਕਾਬੂ ਕੀਤੇ ਦੋਵੇਂ ਵਿਅਕਤੀਆਂ ਨੂੰ , ਸਾਲ 2015 ਵਿੱਚ ਦੋ ਪਾਕਿਸਤਾਨੀ ਨਾਗਰਿਕਾਂ ਸਮੇਤ ਕੀਤਾ ਗਿਆ ਸੀ ਗ੍ਰਿਫਤਾਰ
👉ਗ੍ਰਿਫਤਾਰ ਵਿਅਕਤੀ ਜੇਲ੍ਹ ਤੋਂ ਰਿਹਾਅ ਹੋਣ ਪਿੱਛੋਂ ਤਸਕਰੀ ਦੇ ਧੰਦੇ ਵਿੱਚ ਮੁੜ ਹੋ ਗਏ ਸਨ ਸਰਗਰਮ : ਡੀਜੀਪੀ ਗੌਰਵ ਯਾਦਵ
👉ਡਰੱਗ ਸਪਲਾਇਰਾਂ, ਡੀਲਰਾਂ ਅਤੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦੀ ਭਾਲ ਲਈ ਯਤਨ ਜਾਰੀ : ਸੀ.ਪੀ. ਅੰਮ੍ਰਿਤਸਰ ਗੁਰਪ੍ਰੀਤ ਭੁੱਲਰ

ਅੰਮ੍ਰਿਤਸਰ, 22 ਦਸੰਬਰ:ਸੂਬੇ ਵਿੱਚ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਇੱਕ ਵੱਡੀ ਸਫਲਤਾ ਦਰਜ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਪੇਸ਼ੇਵਰ ਅਪਰਾਧੀਆਂ, ਜੋ ਕਿ ਪਹਿਲਾਂ 2015 ਵਿੱਚ ਦੋ ਪਾਕਿਸਤਾਨੀ ਨਾਗਰਿਕਾਂ ਸਮੇਤ ਫੜੇ ਗਏ ਸਨ, ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਾਬੂ ਕੀਤੇ ਨਸ਼ਾ ਤਸਕਰਾਂ , ਜਿਨ੍ਹਾਂ ਦੀ ਪਹਿਚਾਣ ਸੁਖਦੇਵ ਸਿੰਘ (60) ਵਾਸੀ ਪਿੰਡ ਤਲਵਾਨੀ ਭਰਥ, ਬਟਾਲਾ ਅਤੇ ਅਵਤਾਰ ਸਿੰਘ ਉਰਫ਼ ਤਾਰੀ (45) ਵਾਸੀ ਪਿੰਡ ਬਘਿਆੜੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ , ਕੋਲੋਂ ਇਸ ਵਾਰ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਪਿੱਛੋਂ ਇਹ ਮੁੜ ਤਸਕਰੀ ਦੇ ਧੰਦੇ ’ਚ ਪੈ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਹੈਰੋਇਨ ਦੀ ਢੋਆ-ਢੁਆਈ ਲਈ ਵਰਤੀ ਜਾਂਦੀ ਟੋਇਟਾ ਈਟੀਓਸ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ।

ਇਹ ਵੀ ਪੜ੍ਹੋ ਬਠਿੰਡਾ ਦੇ ਨਾਮੀਂ ਹੋਟਲ ’ਚ ਕੁੜੀ ਪਿੱਛੇ ਚੱਲੀਆਂ ਗੋ+ਲੀਆਂ, ਦੇਹ ਵਪਾਰ ਦਾ ਵੀ ਹੋਇਆ ਪਰਚਾ ਦਰਜ਼

ਜਾਣਕਾਰੀ ਅਨੁਸਾਰ 2015 ਵਿੱਚ ਦੋ ਪਾਕਿ-ਨਾਗਰਿਕਾਂ ਨੇ , ਕਾਬੂ ਕੀਤੇ ਤਸਕਰ ਸੁਖਦੇਵ ਸਿੰਘ ਅਤੇ ਅਵਤਾਰ ਤਾਰੀ ਨੂੰ 19.5 ਕਿਲੋਗ੍ਰਾਮ ਹੈਰੋਇਨ ਦੀ ਖੇਪ ਪਹੁੰਚਾਉਣ ਲਈ ਸਰਹੱਦ ਪਾਰ ਕੀਤੀ ਸੀ ਅਤੇ ਬਾਅਦ ਵਿੱਚ ਉਕਤ ਤਸਕਰਾਂ ਨੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਪਨਾਹ ਵੀ ਦਿੱਤੀ ਸੀ। ਪੰਜਾਬ ਪੁਲਿਸ ਨੇ ਚਾਰੋਂ ਦੋਸ਼ੀਆਂ ਨੂੰ 2.5 ਕਿਲੋ ਹੈਰੋਇਨ, 65 ਲੱਖ ਰੁਪਏ ਦੀ ਡਰੱਗ ਮਨੀ, ਇੱਕ ਪਿਸਤੌਲ ਅਤੇ ਇੱਕ ਰਾਈਫਲ ਸਮੇਤ ਗ੍ਰਿਫ਼ਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਮੁਲਜ਼ਮ ਸੁਖਦੇਵ ਸਿੰਘ ਪਿਛਲੇ ਸਾਲ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਅਵਤਾਰ ਸਿੰਘ ਤਾਰੀ ਸਤੰਬਰ ਮਹੀਨੇ ਵਿੱਚ ਜ਼ਮਾਨਤ ’ਤੇ ਬਾਹਰ ਆਇਆ ਸੀ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਮੁੜ ਪਾਕਿਸਤਾਨ ਸਥਿਤ ਤਸਕਰਾਂ ਨਾਲ ਸੰਪਰਕ ਬਣਾਇਆ ਅਤੇ ਪਿਛਲੇ ਕੁਝ ਮਹੀਨਿਆਂ ਵਿੱਚ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀਆਂ ਲਗਭਗ ਤਿੰਨ ਖੇਪਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ ਇਮਰਾਤ ਦੇ ਮਲਬੇ ਹੇਠੋਂ ਦੋ ਲਾਸ਼ਾਂ ਹੋਈਆਂ ਬਰਾਮਦ; ਬਚਾਓ ਕਾਰਜ਼ ਹੋਏ ਸਮਾਪਤ, ਮਾਲਕਾਂ ਦੇ ਨਾਲ ਠੇਕੇਦਾਰ ਵਿਰੁਧ ਵੀ ਹੋਇਆ ਪਰਚਾ

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਖੁਫ਼ੀਆ ਇਲਤਾਹ ਦੇ ਆਧਾਰ ’ਤੇ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਅਗਵਾਈ ਹੇਠ ਅਤੇ ਡੀ.ਸੀ.ਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਵਾਲੀਆ, ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਨਵਜੋਤ ਸਿੰਘ ਅਤੇ ਏ.ਸੀ.ਪੀ. ਡਿਟੈਕਟਿਵ ਕੁਲਦੀਪ ਸਿੰਘ ਦੀ ਨਿਗਰਾਨੀ ਵਿੱਚ ਸੀ.ਆਈ.ਏ. ਸਟਾਫ਼-1 ਦੀ ਪੁਲਿਸ ਟੀਮ ਨੇ ਇੱਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ। ਉਨ੍ਹਾਂ ਦੱਸਿਆ ਕਿ ਪੁਸ਼ਟੀਸ਼ੁਦਾ ਤੇ ਪੁਖ਼ਤਾ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਪਿੰਡ ਮੂਲੇਚੱਕ ਦੇ ਸੂਆ ਪੁਲ ਨੇੜੇ ਉਦੋਂ ਕਾਬੂ ਕੀਤਾ, ਜਦੋਂ ਉਹ ਆਪਣੀ ਕਾਰ ਵਿੱਚ ਕਿਸੇ ਹੋਰ ਤਸਕਰ ਨੂੰ ਹੈਰੋਇਨ ਸਪਲਾਈ ਕਰਨ ਜਾ ਰਹੇ ਸਨ।ਸੀ.ਪੀ. ਨੇ ਕਿਹਾ ਕਿ ਨੈਟਵਰਕ ਦੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਖ਼ਰੀਦਦਾਰਾਂ ਦੀ ਸ਼ਨਾਖ਼ਤ ਲਈ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਵੱਲੋਂ ਹੁਣ ਤੱਕ ਖ਼ਰੀਦੀ ਗਏ ਨਸ਼ੇ ਦੀ ਕੁੱਲ ਮਾਤਰਾ ਦਾ ਅਨੁਮਾਨ ਲਗਾਉਣ ਲਈ ਵੀ ਯਤਨ ਜਾਰੀ ਹਨ। ਇਸ ਸਬੰਧ ਵਿੱਚ 22-12-2024 ਨੂੰ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21(ਸੀ), 23 ਅਤੇ 29 ਤਹਿਤ ਗੇਟ ਹਕੀਮਾਂ ਥਾਣਾ ਅੰਮ੍ਰਿਤਸਰ ਵਿਖੇ ਮੁਕੱਦਮਾ ਨੰਬਰ 223 ਦਰਜ ਕੀਤਾ ਗਿਆ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here