ਚੋਣਾਂ ਤੋਂ ਪਹਿਲਾਂ ਬਿਕਰਮ ਮਜੀਠਿਆ ਵਿਰੁਧ ਦਰਜ਼ ਪਰਚੇ ’ਤੇ ਚੁੱਕੇ ਸਵਾਲ
ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਪੰਜਾਬ ਭਾਜਪਾ ਦੇ ਪ੍ਰਧਾਨ ਅਸਵਨੀ ਸ਼ਰਮਾ ਨੇ ਸੂਬੇ ’ਚ ਚੋਣਾਂ ਦੇ ਐਨ ਮੌਕੇ ਬੇਅਦਬੀ ਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਵਾਪਰਨ ਨੂੰ ਗੈਰ-ਸਧਾਰਨ ਕਰਾਰ ਦਿੰਦਿਆਂ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅੱਜ ਬਠਿੰਡਾ ਪੁੱਜੇ ਸ਼੍ਰੀ ਸਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੱਕ ਜਾਹਰ ਕੀਤਾ ਕਿ ‘‘ ਪਿਛਲੀਆਂ ਚੋਣਾਂ ਸਮੇਂ ਮੋੜ ਬੰਬ ਧਮਾਕਾ ਹੋਇਆ ਸੀ ਤੇ ਹੁਣ ਲੁਧਿਆਣਾ ਵਿਖੇ ਇਹ ਘਟਨਾ ਵਾਪਰ ਗਈ ਹੈ। ਇਸੇ ਤਰ੍ਹਾਂ ਧਾਰਮਿਕ ਬੇਅਦਬੀਆਂ ਵੀ ਵਧ ਗਈਆਂ ਹਨ, ਜਿਸਦੇ ਚੱਲਦੇ ਇਹ ਸੋਚਣਾ ਸਹੀ ਹੈ ਕਿ ਕੋਈ ਰਾਜਨੀਤਕ ਲਾਹਾ ਲੈਣ ਲਈ ਤਾਂ ਅਜਿਹਾ ਨਹੀਂ ਕਰ ਰਿਹਾ। ’’ ਬੇਅਦਬੀਆਂ ਦੀਆਂ ਘਟਨਾਵਾਂ ਪਿੱਛੇ ਆਰਐਸਐਸ ਨੂੰ ਜੋੜਣ ਨੂੰ ਗਲਤ ਕਰਾਰ ਦਿੰਦਿਆਂ ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਭਾਜਪਾ ਗੁਰੂ ਸਾਹਿਬਾਨਾਂ ਦੀ ਵੱਡੀ ਉਪਾਸ਼ਕ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਕੌਮ ਵਾਸਤੇ ਇਤਿਹਾਸਕ ਫੈਸਲੇ ਲੈ ਕੇ ਅਪਣੀ ਸ਼ਰਧਾ ਪ੍ਰਗਟਾਈ ਹੈ, ਜਿਸ ਵਿਚ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣਾ, ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨੀ, 1984 ਦੇ ਦੰਗਿਆਂ ਦੇ ਦੋਸੀਆਂ ਨੂੰ ਸਜ਼ਾਵਾਂ ਦੇਣੀਆਂ ਮੁੱਖ ਤੌਰ ’ਤੇ ਸ਼ਾਮਲ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਵਿਰੁਧ ਚੰਨੀ ਸਰਕਾਰ ਵਲੋਂ ਦਰਜ਼ ਕੀਤੇ ਪਰਚੇ ’ਤੇ ਟਿੱਪਣੀ ਕਰਦਿਆਂ ਪ੍ਰਧਾਨ ਸ਼੍ਰੀ ਸ਼ਰਮਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਬੇਸ਼ੱਕ ਭਾਜਪਾ ਨਸ਼ਾ ਤਸਕਰੀ ਦੇ ਸਖ਼ਤ ਵਿਰੁਧ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਹੱਕ ਵਿਚ ਹੈ ਪ੍ਰੰਤੂ ਰਾਜਨੀਤਕ ਮਾਹੌਲ ’ਚ ਦਰਜ਼ ਹੋਏ ਇਸ ਪਰਚੇ ਸ਼ੰਕੇ ਉਤਪਨ ਹੋਣਾ ਸੁਭਾਵਕ ਹੈ। ਇਸਤੋਂ ਇਲਾਵਾ ਅਕਾਲੀ-ਭਾਜਪਾ ਗਠਜੋੜ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਹ ਗਠਜੋੜ ਰਾਜਨੀਤਕ ਨਹੀਂ ਸੀ। ਪੰਜਾਬ ਵਿਚ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਤੇ ਟਿਕਟਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਪਾਰਟੀ ਦੇ ਪਾਰਲੀਮਾਨੀ ਬੋਰਡ ਨੇ ਕਰਨਾ ਹੈ ਤੇ ਸਮਾਂ ਰਹਿੰਦੇ ਇਹ ਫੈਸਲਾ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਆਗੂ ਮੋਹਨ ਲਾਲ ਗਰਗ, ਅਸੋਕ ਭਾਰਤੀ, ਦਿਆਲ ਸੋਢੀ, ਨਰਿੰਦਰ ਮਿੱਤਲ, ਸੁਨੀਲ ਸਿੰਗਲਾ, ਨਵੀਨ ਸਿੰਗਲਾ, ਅਸੋਕ ਬਾਲਿਆਵਾਲੀ, ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ।
Share the post "ਚੋਣਾਂ ਸਮੇਂ ਬੇਅਦਬੀ ਤੇ ਬੰਬ ਧਮਾਕਿਆਂ ਦੀ ਹੋਵੇ ਉੱਚ ਪੱਧਰੀ ਜਾਂਚ: ਅਸਵਨੀ ਸ਼ਰਮਾ"