ਸੰਗਰੂਰ, 31 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਸਰਕਾਰੀ ਖਰੀਦ ਮੰਡੀਆਂ ਖਤਮ ਕਰਨ ਦਾ ਕੇਂਦਰ ਸਰਕਾਰ ਦਾ ਏਜੰਡਾ ਲਾਗੂ ਕਰਨ ਲਈ ਆਮ ਆਦਮੀ ਪਾਰਟੀ (ਆਪ) ਦਾ ਬਾਈਕਾਟ ਕਰਨ ਕਿਉਂਕਿ ਆਪ ਸਰਕਾਰ ਨੇ ਪੰਜਾਬ ਦੇ 9 ਜ਼ਿਲ੍ਹਿਆਂ ਵਿਚ 11 ਗੋਦਾਮਾਂ ਨੂੰ ਕਣਕ ਦੀ ਖਰੀਦ, ਵਿਕਰੀ, ਸਟੋਰੇਜ ਤੇ ਪ੍ਰੋਸੈਸਿੰਗ ਲਈ ਖਰੀਦ ਕੇਂਦਰ ਐਲਾਨ ਦਿੱਤਾ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਗੁਰਬਚਨ ਸਿੰਘ ਬਚੀ ਦੇ ਪਿਤਾ ਜਥੇਦਾਰ ਅਮਰੀਕ ਸਿੰਘ ਮੰਡੇਰ ਦੇ ਭੋਗ ਸਮਾਗਮ ਵਿਚ ਹਾਜ਼ਰੀ ਲੁਆਈ,ਮਾਲੇਰਕੋਟਲਾ ਵਿਚ ਇਫਤਾਰ ਪਾਰਟੀ ਵਿਚ ਸ਼ਮੂਲੀਅਤ ਕੀਤੀ ਅਤੇ ਸੰਗਰੂਰ ਵੱਖ-ਵੱਖ ਜਨਤਕ ਇਕੱਠਾਂ ਨੂੰ ਸੰਬੋਧਨ ਵੀ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਣ ਬੁਝ ਕੇ ਸੂਬੇ ਵਿਚ ਮੰਡੀਆਂ ਦੀ ਪ੍ਰਣਾਲੀ ਖਤਮ ਕਰ ਰਹੇ ਹਨ ਅਤੇ ਸਰਕਾਰੀ ਖਰੀਦ ਮੰਡੀਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੇ ਹਨ।
ਇੰਡੀਆ ਗਠਜੋੜ ਦੀ ਮਹਾਰੈਲੀ : ਦਿੱਲੀ ਚ ਇੱਕ ਮੰਚ ‘ਤੇ ਜੁਟੀਆਂ ਵਿਰੋਧੀ ਧਿਰਾਂ
ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਜਿਹੜੇ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਸਨ ਜਿਹਨਾਂ ਖਿਲਾਫ ਕਿਸਾਨ ਅੰਦੋਲਨ ਹੋਇਆ ਸੀ, ਵਿਚ ਵੀ ਇਹੀ ਵਿਵਸਥਾ ਸੀ ਕਿ ਸਰਕਾਰੀ ਖਰੀਦ ਮੰਡੀਆਂ ਨੂੰ ਖ਼ਤਮ ਕਰ ਕੇ ਇਹਨਾਂ ਦਾ ਨਿੱਜੀਕਰਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਵਿਚ ਚਲ ਰਹੇ ਇਸ ਸਿਸਟਮ ਨੂੰ ਰੋਕਣ ਵਾਸਤੇ ਇਕਜੁੱਟ ਹੋਣਾ ਪਵੇਗਾ ਕਿਉਂਕਿ ਇਸ ਨਾਲ ਤਿੰਨ ਖੇਤੀ ਕਾਨੂੰਨ ਵੇਲੇ ਹੋਈਆਂ ਸ਼ਹਾਦਤਾਂ ਦਾ ਮੁੱਲ ਖ਼ਤਮ ਹੋ ਜਾਵੇਗਾ ਤੇ ਸੂਬੇ ਵਿਚ ਅਨਾਜ ਖਰੀਦ ਮੰਡੀਆਂ ਦਾ ਨਿੱਜੀਕਰਨ ਸ਼ੁਰੂ ਹੋ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣ ਕਿ ਸਾਰੀਆਂ ਫਸਲਾਂ ਦੀ ਐਮ ਐਸ ਪੀ ’ਤੇ ਖਰੀਦ ਲਈ ਹੁਣ ਉਹਨਾਂ ਦਾ ਕੀ ਬਿਆਨ ਹੈ ਕਿਉਂਕਿ ਭਗਵੰਤ ਮਾਨੇ 2022 ਦੀਆਂ ਚੋਣਾਂ ਵਿਚ ਸਪਸ਼ਟ ਬਿਆਨ ਦਿੱਤਾ ਸੀ ਕਿ ਜੇਕਰ ਸੂਬੇ ਵਿਚ ਆਪ ਦੀ ਸਰਕਾਰ ਬਣੀ ਤਾਂ ਸਾਰੀਆਂ 22 ਫਸਲਾਂ ਦੀ ਖਰੀਦ ਐਮ ਐਸ ਪੀ ’ਤੇ ਕੀਤੀ ਜਾਵੇਗੀ।
ਮੰਗਵੇਂ ਉਮੀਦਵਾਰਾਂ ਸਹਾਰੇ ਭਾਜਪਾ ਪੰਜਾਬ ਦੀ ਸਿਆਸੀ ਜਮੀਨ ‘ਤੇ ਪੈਰ ਲਾਉਣ ਦੀ ਤਿਆਰੀ ‘ਚ
ਉਹਨਾਂ ਕਿਹਾ ਕਿ ਆਪ ਦੀ ਸਰਕਾਰ ਬਣਦਿਆਂ ਹੀ ਇਹ ਵਾਅਦਾ ਵਿਸਾਰ ਦਿੱਤਾ ਗਿਆ।ਸ: ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਖਾਲਸਾ ਪੰਥ ਤੇ ਪੰਜਾਬੀਆਂ ਦੀ ਸਹੀ ਪ੍ਰਤੀਨਿਧ ਜਮਾਤ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਦੀਆਂ ਆਸਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਅਸੀਂ ਉਹਨਾਂ ਦੀ ਪੂਰਤੀ ਵਾਸਤੇ ਸਭ ਕੁਝ ਕਰਾਂਗੇ।ਉਹਨਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਨੂੰ ਸਿਰਫ ਸੱਤਾ ਵਿਚ ਦਿਲਚਸਪੀ ਹੈ ਤਾਂ ਜੋ ਕੌਮੀ ਹਿੱਤਾਂ ਦੀ ਪੂਰਤੀ ਕੀਤੀ ਜਾਵੇ ਅਤੇ ਇਹ ਕਦੇ ਵੀ ਪੰਜਾਬ ਨੂੰ ਨਿਆਂ ਨਹੀਂ ਦੇਣਗੀਆਂ।ਇਸ ਮੌਕੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ, ਇਕਬਾਲ ਸਿੰਘ ਝੂੰਦਾ, ਗੋਬਿੰਦ ਸਿੰਘ ਲੌਂਗੋਵਾਲ, ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਗਗਨਜੀਤ ਸਿੰਘ ਬਰਨਾਲਾ, ਤੇਜਿੰਦਰ ਸਿੰਘ ਸੰਘੇੜੀ, ਵਿਨਰਜੀਤ ਸਿੰਘ ਗੋਲਡੀ, ਰਾਜਿੰਦਰ ਦੀਪਾ,ਗੁਲਜ਼ਾਰੀ ਮੂਨਕ, ਨਾਥ ਸਿੰਘ ਹਮੀਦੀ, ਕੁਲਵੰਤ ਸਿੰਘ ਕੀਤੂ ਅਤੇ ਜ਼ਾਹਿਦਾ ਸੁਲੇਮਾਨ ਵੀ ਮੌਜੂਦ ਸਨ।
Share the post "ਕੇਂਦਰ ਦੇ ਖਰੀਦ ਮੰਡੀਆਂ ਖ਼ਤਮ ਕਰਨ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ ਆਪ: ਸੁਖਬੀਰ ਬਾਦਲ"