ਬਠਿੰਡਾ,12 ਮਈ: ਪੰਜਾਬ ਨੂੰ 30 ਦਿਨਾਂ ‘ਚ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸੂਬੇ ਦੇ ਖਜ਼ਾਨੇ ਨੂੰ ਲੁੱਟ ਰਹੀ ਹੈ ਤੇ ਪੰਜਾਬ ਦੇ ਲੋਕਾਂ ਦੇ ਟੈਕਸਾਂ ਦੇ ਕਰੋੜਾਂ ਰੁਪਏ ਦੂਜੇ ਰਾਜਾਂ ਵਿੱਚ ਇਸ਼ਤਿਹਾਰਾਂ ’ਤੇ ਖਰਚ ਕੀਤੇ ਜਾ ਰਹੇ ਹਨ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਸਿੱਧਾ ਲਾਭ ਪੰਜਾਬ ਦੇ ਲੋਕਾਂ ਨੂੰ ਮਿਲ ਰਿਹਾ ਹੈ।ਕੇਂਦਰ ਸਰਕਾਰ ਕਿਸਾਨਾਂ, ਨੌਜਵਾਨਾਂ, ਔਰਤਾਂ, ਬਜ਼ੁਰਗਾਂ ਅਤੇ ਹਰ ਵਰਗ ਦੇ ਲੋਕਾਂ ਲਈ ਕਈ ਸਕੀਮਾਂ ਚਲਾ ਰਹੀ ਹੈ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਝੂਠੇ ਵਾਅਦੇ ਕਰਕੇ ਧੋਖਾ ਦੇਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਸਬਕ ਸਿਖਾਉਣ ਅਤੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਕੇ ਮਜ਼ਬੂਤ ਕਰਨ। ਇਹ ਗੱਲਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੇਵਾਮੁਕਤ ਆਈਏਐਸ ਬੀਬਾ ਪਰਮਪਾਲ ਕੌਰ ਸਿੱਧੂ ਮਲੂਕਾ ਨੇ ਐਤਵਾਰ ਨੂੰ ਚੋਣ ਪ੍ਰਚਾਰ ਦੌਰਾਨ ਕਹੀਆਂ।ਐਤਵਾਰ ਨੂੰ ਉਨ੍ਹਾਂ ਬਠਿੰਡਾ ਦੇ ਪਿੰਡ ਤੁੰਗਵਾਲੀ, ਸਿਵੀਆਂ, ਸੁੱਚਾ ਸਿੰਘ ਨਗਰ, ਡੁਨਸ ਕਲੱਬ, ਓਮੈਕਸ ਸਿਟੀ, ਗੋਪਾਲ ਨਗਰ, ਪਰਸਰਾਮ ਨਗਰ, ਅਮਰਪੁਰਾ ਬਸਤੀ, ਨਿਰਵਾਣਾ ਅਸਟੇਟ, ਮਾਡਲ ਟਾਊਨ ਫੇਜ਼ 3 ਅਤੇ ਤਲਵੰਡੀ ਸਾਬੋ ਵਿੱਚ ਚੋਣ ਮੀਟਿੰਗਾਂ ਕੀਤੀਆਂ।
ਆਪ ਦੱਸੇ ਕਿ ਢਾਈ ਸਾਲਾਂ ਵਿਚ ਪੰਜਾਬ ਲਈ ਕੀ ਕੀਤਾ: ਹਰਸਿਮਰਤ ਕੌਰ ਬਾਦਲ
ਇੰਨ੍ਹਾਂ ਮੀਟਿੰਗਾਂ ਦੌਰਾਨ ਸੈਂਕੜੇ ਨੌਜਵਾਨ, ਔਰਤਾਂ ਅਤੇ ਬਜ਼ੁਰਗ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ। ਇੱਥੇ ਬੀਬਾ ਪਰਮਪਾਲ ਕੌਰ ਸਿੱਧੂ ਮਲੂਕਾ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਤੋਂ ਲੋਕ ਨਾਰਾਜ਼ ਹਨ। ਕਾਂਗਰਸ ਹੋਵੇ ਜਾਂ ਅਕਾਲੀ ਦਲ, ਸਭ ਨੇ ਪੰਜਾਬ ਅਤੇ ਬਠਿੰਡਾ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਕੇਂਦਰੀ ਯੂਨੀਵਰਸਿਟੀ ਹੋਵੇ ਜਾਂ ਏਮਜ਼, ਸਭ ਕੁਝ ਭਾਜਪਾ ਦੀ ਕੇਂਦਰ ਸਰਕਾਰ ਨੇ ਹੀ ਬਣਾਇਆ ਹੈ। ਭਾਜਪਾ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਸਿੱਖ ਕੌਮ ਨੂੰ ਮਾਣ ਬਖਸ਼ਿਆ ਹੈ। ਲੋਕਾਂ ਨੇ ਇਨ੍ਹਾਂ ਠੱਗ ਪਾਰਟੀਆਂ ਨੂੰ ਉਖਾੜ ਸੁੱਟਣ ਦਾ ਮਨ ਬਣਾ ਲਿਆ ਹੈ। ਇਸ ਦੌਰਾਨ ਲੋਕ ਸਭਾ ਹਲਕੇ ਦੇ ਇੰਚਾਰਜ ਦਿਆਲ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਸੁਨੀਲ ਸਿੰਗਲਾ ਪੰਜਾਬ ਮੀਡੀਆ ਕੋ-ਇੰਚਾਰਜ, ਕੌਮੀ ਕੌਂਸਲ ਦੇ ਮੈਂਬਰ ਮੋਹਨ ਲਾਲ ਗਰਗ, ਵਿਨੋਦ ਬਿੰਟਾ, ਅਸ਼ੋਕ ਬਾਲਿਆਂਵਾਲੀ ਸਮੇਤ ਸੈਂਕੜੇ ਲੋਕ ਹਾਜ਼ਰ ਸਨ।
Share the post "‘ਆਪ’ ਸੂਬੇ ਦੇ ਖਜ਼ਾਨੇ ਨੂੰ ਲੁੱਟ ਰਹੀ ਹੈ ਤੇ ਮੋਦੀ ਕਰ ਰਹੇ ਹਨ ਵਿਕਾਸ : ਪਰਮਪਾਲ ਕੌਰ"