ਰਾਹੁਲ ਗਾਂਧੀ ਹੀ ਹੋ ਸਕਦੇ ਹਨ ਵਿਰੋਧੀ ਧਿਰ ਦੇ ਨੇਤਾ
ਨਵੀਂ ਦਿੱਲੀ, 7 ਜੂਨ: ਦੇਸ ਦੇ ਵਿਚ ਸੱਤ ਗੇੜ੍ਹਾਂ ’ਚ ਹੋਈਆਂ ਲੋਕ ਸਭਾ ਚੋਣਾਂ ਦੇ 4 ਜੂਨ ਨੂੰ ਸਾਹਮਣੇ ਆਏ ਨਤੀਜਿਆਂ ਤੋਂ ਬਾਅਦ ਕਾਂਗਰਸ ਨੇ ਇਸ ਵਾਰ ਪਹਿਲਾਂ ਦੇ ਮੁਕਾਬਲੇ ਅਪਣੀ ਸਥਿਤੀ ਵਿਚ ਵੱਡਾ ਸੁਧਾਰ ਕੀਤਾ ਹੈ। ਇਸ ਵਾਰ ਕਾਂਗਰਸ ਨੂੰ ਪੂਰੇ ਦੇਸ ਭਰ ਵਿਚ 99 ਸੀਟਾਂ ਮਿਲੀਆਂ ਹਨ। ਇਸਤੋਂ ਇਲਾਵਾ ਕਾਂਗਰਸ ਦੇ ਝੰਡੇ ਹੇਠ ਬਣੇ ਇੰਡੀਆ ਗਠਜੋੜ ਵੀ 234 ਸੀਟਾਂ ਲਿਜਾਣ ਵਿਚ ਸਫ਼ਲ ਰਿਹਾ ਹੈ। ਇਸ ਵੱਡੀ ਸਫਲਤਾ ਦੇ ਨਾਲ ਕਾਂਗਰਸ ਪਾਰਟੀ ਨੂੰ ਦਸ ਸਾਲਾਂ ਬਾਅਦ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਮਿਲਣ ਜਾ ਰਹੀ ਹੈ। ਸਿਆਸੀ ਹਲਕਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਹੀ ਇਹ ਜਿੰਮੇਵਾਰੀ ਸੌਪੀ ਜਾ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਸੰਸਦ ਮੈਂਬਰਾਂ ਨਾਲ ਕੀਤੀ ਮੀਟਿੰਗ,ਜਿੱਤੇ ਉਮੀਦਵਾਰਾਂ ਨੂੰ ਦਿੱਤੀ ਵਧਾਈ
ਗੌਰਤਲਬ ਹੈ ਕਿ ਸਾਲ 2014 ਵਿਚ ਪਾਰਟੀ ਨੇ ਮਲਿਕਰੁਜਨ ਖੜਗੇ ਅਤੇ 2019 ਵਿਚ ਅਧੀਰ ਰੰਜਨ ਚੌਧਰੀ ਨੂੰ ਸਦਨ ਵਿਚ ਅਪਣਾ ਨੇਤਾ ਬਣਾਇਆ ਸੀ। ਦਸਣਾ ਬਣਦਾ ਹੈ ਕਿ ਨਿਯਮਾਂ ਦੇ ਤਹਿਤ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣਨ ਲਈ ਕੁੱਲ ਸੀਟਾਂ ਵਿਚੋਂ ਘੱਟੋ ਘੱਟ ਦਸ ਫ਼ੀਸਦੀ ਸੀਟਾਂ ਹਾਸਲ ਕਰਨੀਆਂ ਜਰੂਰੀ ਹੁੰਦੀਆਂ ਹਨ। ਮੌਜੂਦਾ ਸਮੇਂ ਲੋਕ ਸਭਾ ਦੀਆਂ 543 ਸੀਟਾਂ ਹਨ ਤੇ ਇਸ ਹਿਸਾਬ ਨਾਲ 55 ਸੀਟਾਂ ਵਾਲੀ ਪਾਰਟੀ ਨੂੰ ਇਹ ਅਹੁੱਦਾ ਮਿਲ ਸਕਦਾ ਹੈ। ਸਾਲ 2014 ਵਿਚ ਕਾਂਗਰਸ ਪਾਰਟੀ ਨੂੰ 40 ਅਤੇ ਸਾਲ 2019 ਵਿਚ 52 ਸੀਟਾਂ ਹੀ ਮਿਲੀਆਂ ਸਨ, ਜਿਸ ਕਾਰਨ ਪਾਰਟੀ ਇਸ ਸੰਵਿਧਾਨਿਕ ਅਹੁੱਦੇ ਤੋਂ ਵਿਰਵੀ ਰਹਿ ਗਈ ਸੀ। ਇੱਥੇ ਇਸ ਗੱਲ ਦਾ ਜਿਕਰ ਕਰਨਾ ਬਣਦਾ ਹੈ ਕਿ ਸੰਵਿਧਾਨ ਮੁਤਾਬਕ ਵਿਰੋਧੀ ਧਿਰ ਦੇ ਨੇਤਾ ਨੂੰ ਕੈਬਨਿਟ ਮੰਤਰੀ ਦੇ ਦਰਜ਼ੇ ਬਰਾਬਰ ਸਹੂਲਤਾਂ ਅਤੇ ਹੋਰ ਮਾਣ ਮਿਲਦਾ ਹੈ।
Share the post "ਦਸ ਸਾਲਾਂ ਬਾਅਦ ਕਾਂਗਰਸ ਨੂੰ ਲੋਕ ਸਭਾ ’ਚ ਮਿਲੇਗਾ ਵਿਰੋਧੀ ਧਿਰ ਦੇ ਨੇਤਾ ਦਾ ਦਰਜ਼ਾ"