ਪਟਿਆਲਾ/ਸੰਗਰੂਰ, 17 ਅਪ੍ਰੈਲ: ਲੰਮਾ ਸਮਾਂ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹਿਣ ਵਾਲੀ ਕਾਂਗਰਸ ਪਾਰਟੀ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਐਲਾਨੀ ਪਹਿਲੀ ਲਿਸਟ ਤੋਂ ਬਾਅਦ ਬਾਗੀ ਸੁਰਾਂ ਦਿਖ਼ਾਈ ਦੇਣ ਲੱਗੀਆਂ ਹਨ। ਇਸ ਪਹਿਲੀ ਲਿਸਟ ਵਿਚ ਕਾਂਗਰਸ ਪਾਰਟੀ ਵੱਲੋਂ ਅੱਧੀ ਦਰਜ਼ਨ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਸਭ ਤੋਂ ਵੱਡਾ ਰੋਸ਼ ਪਟਿਆਲਾ ਲੋਕ ਸਭਾ ਹਲਕੇ ਵਿਚ ਦੇਖਣ ਨੂੰ ਮਿਲ ਰਿਹਾ, ਜਿੱਥੇ ਪਾਰਟੀ ਦੀ ਤਿੰਨ ਵਾਰ ਦੀ ਐਮ.ਪੀ ਰਹੀ ਪ੍ਰਨੀਤ ਕੌਰ ਹੁਣ ਭਾਜਪਾ ਦੀ ਉਮੀਦਵਾਰ ਹੈ। ਪ੍ਰਨੀਤ ਕੌਰ ਦੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਸੰਸਦੀ ਚੋਣ ਲੜਣ ਦੀ ਉਮੀਦ ਜਾਗੀ ਸੀ ਪ੍ਰੰਤੂ ਅਚਾਨਕ ਕੁੱਝ ਦਿਨ ਪਹਿਲਾਂ ਹਾਈਕਮਾਂਡ ਵੱਲੋਂ ਸਾਲ 2014 ਵਿਚ ਆਪ ਦੇ ਜੇਤੂ ਰਹੇ ਐਮ.ਪੀ ਡਾ ਧਰਮਵੀਰ ਗਾਂਧੀ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਕੇ ਹੁਣ ਉਮੀਦਵਾਰ ਐਲਾਨ ਦਿੱਤਾ ਹੈ।
ਬੱਲੂਆਣਾ ਟੋਲ ਪਲਾਜੇ ਦੇ ਮੁਲਾਜਮਾਂ ‘ਤੇ ਗੁੰਡਾਗਰਦੀ ਦੇ ਲੱਗੇ ਦੋਸ਼, ਨਵੀਂ ਕਾਰ ਭੰਨਣ ’ਤੇ ਪ੍ਰਵਾਰ ਨੇ ਲਗਾਇਆ ਧਰਨਾ
ਡਾ ਗਾਂਧੀ ਦੇ ਨਾਂ ਦਾ ਐਲਾਨ ਹੁੰਦਿਆਂ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਕਈ ਵਾਰ ਵਜ਼ੀਰ ਰਹਿ ਚੁੱਕੇ ਲਾਲ ਸਿੰਘ ਨੇ ਖੁੱਲੇ ਤੌਰ ‘ਤੇ ਨਰਾਜ਼ਗੀ ਜਾਹਰ ਕਰ ਦਿੱਤੀ ਹੈ। ਇਸਦੇ ਨਾਲ ਹੀ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੀ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਦੋਨਾਂ ਹੀ ਆਗੂਆਂ ਵੱਲੋਂ ਅਗਲੀ ਰਣਨੀਤੀ ਉਲੀਕਣ ਲਈ 20 ਅਪ੍ਰੈਲ ਨੂੰ ਆਪੋ-ਅਪਣੇ ਸਮਰਥਕਾਂ ਦੀਆਂ ਮੀਟਿੰਗਾਂ ਸੱਦ ਲਈਆਂ ਹਨ। ਗੌਰਤਲਬ ਹੈ ਕਿ ਡਾ ਗਾਂਧੀ ਦੀ ਕਾਂਗਰਸ ਵਿਚ ਸਮੂਲੀਅਤ ਤੋਂ ਬਾਅਦ ਟਿਕਟ ਮਿਲਣ ਦੀਆਂ ਕੰਨਸੋਆਂ ਤੋਂ ਹੀ ਟਕਸਾਲੀ ਕਾਂਗਰਸੀਆਂ ਨੇ ਟਿਕਟ ਦੀ ਲਾਮਬੰਦੀ ਲਈ ਇਕਜੁਟ ਹੋਣਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਕਾਂਗਰਸ ਹਾਈਕਮਾਂਡ ਤੋਂ ਲੈ ਕੇ ਪੰਜਾਬ ਦੀ ਲੀਡਰਸ਼ਿਪ ਇਸ ਵਿਰੋਧ ਨੂੰ ਹੁਣ ਤੋਂ ਹੀ ਖ਼ਤਮ ਕਰਨ ਲਈ ਸਰਗਰਮ ਹੋ ਗਈ ਹੈ ਪ੍ਰੰਤੂ ਇਹ ਰੋਸ਼ ਕਾਂਗਰਸ ਲਈ ਖ਼ਤਰਾ ਪੈਦਾ ਕਰ ਸਕਦਾ ਹੈ।
ਸਿਕੰਦਰ ਮਲੂਕਾ ਦੇ ਮੋੜ ਹਲਕੇ ’ਚ ਸਿਆਸੀ ਪ੍ਰਭਾਵ ਅੱਗੇ ‘ਧੁੱਸੀ ਬੰਨ’ ਲਗਾਉਣ ਲਈ ਮੁੜ ਮੈਦਾਨ ’ਚ ਨਿੱਤਰੇ ਜਨਮੇਜਾ ਸੇਖੋ
ਇਸੇ ਤਰ੍ਹਾਂ ਪਟਿਆਲਾ ਦੇ ਗੁਆਂਢੀ ਸੂਬੇ ਸੰਗਰੂਰ ਜੋਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਹਲਕਾ ਮੰਨਿਆ ਜਾਂਦਾ ਹੈ, ਵਿਚ ਕਾਂਗਰਸ ਪਾਰਟੀ ਵੱਲੋਂ ਕਪੂਰਥਲਾ ਦੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਨੂੰ ਮੈਦਾਨ ਵਿਚ ਲਿਆਂਦਾ ਹੈ। ਸ: ਖ਼ਹਿਰਾ ਇਸ ਕਰਕੇ ਕੇਂਦਰ ਬਿੰਦੂ ਬਣੇ ਹਨ ਕਿਉਂਕਿ ਸੂਬੇ ਵਿਚ ਆਪ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਵੱਧ ਪਰਚੇ ਅਤੇ ਜੇਲ੍ਹ ਯਾਤਰਾ ਉਨ੍ਹਾਂ ਨੂੰ ਹੀ ਕਰਨੀ ਪਈ ਹੈ ਤੇ ਉਹ ਅਤੇ ਮੁੱਖ ਮੰਤਰੀ ਅਕਸਰ ਹੀ ਆਹਮੋ-ਸਾਹਮਣੇ ਦਿਖ਼ਾਈ ਦਿੰਦੇ ਹਨ। ਜਿਸਦੇ ਚੱਲਦੇ ਸੱਤਾ ਵਿਰੋਧੀ ਲਹਿਰ ਦਾ ਫ਼ਾਈਦਾ ਉਠਾਉਣ ਲਈ ਕਾਂਗਰਸ ਵੱਲੋਂ ਖ਼ਹਿਰਾ ਨੂੰ ਇੱਥੇ ਲਿਆਂਦਾ ਗਿਆ ਹੈ। ਪ੍ਰੰਤੂ ਇਸ ਹਲਕੇ ਨਾਲ ਸਬੰਧਤ ਨੌਜਵਾਨ ਆਗੂ ਦਲਵੀਰ ਗੋਲਡੀ ਪਾਰਟੀ ਲਈ ਔਖੇ ਸਮੇਂ ’ਚ ਮੈਦਾਨ ਵਿਚ ਅੱਗੇ ਨਿੱਤਰਦੇ ਰਹੇ ਹਨ ਤੇ ਹੁਣ ਉਸਨੂੰ ਮਹਿਸੂਸ ਹੋ ਰਿਹਾ ਹੈ ਕਿ ਫ਼ਲ ਮਿਲਣ ਸਮੇਂ ਉਸਨੂੰ ਮੁੜ ਪਿਛਾਂਹ ਧੱਕ ਦਿੱਤਾ ਹੈ।
ਟਿਕਟ ਮਿਲਦੇ ਹੀ ਮੈਦਾਨ ’ਚ ਉਤਰੇ ਜੀਤਮਹਿੰਦਰ ਸਿੱਧੂ, ਬਠਿੰਡਾ ਦੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ
ਗੋਲਡੀ ਦਾ ਇਹ ਦਰਦ ਉਨ੍ਹਾਂ ਵੱਲੋਂ ਸ਼ੋਸਲ ਮੀਡੀਆ ’ਤੇ ਪਾਈ ਇੱਕ ਵੀਡੀਓ ਵਿਚ ਵੀ ਝਲਕਦਾ ਸਾਫ਼ ਦਿਖ਼ਾਈ ਦੇ ਰਿਹਾ।ਚਰਚਾ ਇਹ ਵੀ ਹੈ ਕਿ ਭਾਜਪਾ ਸਹਿਤ ਕਈ ਪਾਰਟੀਆਂ ਉਨ੍ਹਾਂ ਨੂੰ ਆਪਣੇ ਪਾਲੇ ਵਿਚ ਲਿਆਉਣ ਲਈ ‘ਆਫ਼ਰਾਂ’ ਦੇ ਢੇਰ ਲਗਾ ਰਹੀਆਂ ਹਨ, ਜਿਸਦੇ ਚੱਲਦੇ ਮੌਕਾ ਸੰਭਾਲਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਗਰੂਰ ਜਾ ਰਹੇ ਹਨ। ਉਧਰ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਉਣ ਦੀਆਂ ਚਰਚਾਵਾਂ ਤੋਂ ਲੈ ਕੇ ਸਖ਼ਤ ਵਿਰੋਧ ਕਰਨ ਵਾਲਾ ਚੌਧਰੀ ਪ੍ਰਵਾਰ ਅਚਾਨਕ ਇਕਦਮ ਚੁੱਪ ਹੋ ਗਿਆ ਹੈ। ਸਿਆਸੀ ਮਾਹਰ ਇਸਨੂੰ ਤੁਫ਼ਾਨ ਤੋਂ ਪਹਿਲਾਂ ਵਾਲੀ ਸਾਂਤੀ ਮੰਨ ਰਹੇ ਹਨ।
ਆਪ ਉਮੀਦਵਾਰ ਵੱਲੋਂ ਸਵਰਨਕਾਰ ਅਤੇ ਰਾਮਗੜੀਆ ਭਾਈਚਾਰੇ ਦੇ ਖਿਲਾਫ ਬੋਲੇ ਅਪਸ਼ਬਦਾਂ ‘ਤੇ ਰੋਸ਼ : ਕਰਤਾਰ ਸਿੰਘ ਜੌੜਾ
ਦਸਣਾ ਬਣਦਾ ਹੈ ਕਿ ਫ਼ਿਲੌਰ ਤੋਂ ਵਿਧਾਇਕ ਵਿਕਰਮ ਸਿੰਘ ਚੌਧਰੀ ਨੇ ਕੁੱਝ ਦਿਨ ਪਹਿਲਾਂ ਰੋਸ਼ ਵਜੋਂ ਪਾਰਟੀ ਦੇ ਚੀਫ਼ ਵਿੱਪ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਉਧਰ ਚੰਡੀਗੜ੍ਹ ’ਚ ਵੀ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੀ ਦਾਅਵੇਦਾਰੀ ਨੂੰ ਅਣਗੋਲਿਆਂ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਿੰਟਿਗ ਐਮ.ਪੀ ਮਨੀਸ਼ ਤਿਵਾੜੀ ਨੂੰ ਟਿਕਟ ਦੇਣ ਕਾਰਨ ਅਸਤੀਫ਼ਿਆਂ ਦਾ ਦੌਰ ਜਾਰੀ ਹੈ। ਜਦੋਂਕਿ ਹਾਲੇ ਅੱਧੀਆਂ ਟਿਕਟਾਂ ਦਾ ਐਲਾਨ ਹੋਣਾ ਬਾਕੀ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਪਾਰਟੀ ਹਾਈਕਮਾਂਡ ਨੇ ਹੁਣ ਮੌਕਾ ਨਾ ਸੰਭਾਲਿਆ ਤਾਂ ਪੰਜਾਬ ਲੀਡਰਸ਼ਿਪ ਵੱਲੋਂ ਸੂਬੇ ’ਚ ਇਕੱਲਿਆ ਚੋਣ ਲੜਣ ਦਾ ਫੈਸਲਾ ਉਲਟਾ ਵੀ ਪੈ ਸਕਦਾ ਹੈ।
Share the post "ਕਾਂਗਰਸ ’ਚ ਸਭ ਅੱਛਾ ਨਹੀਂ, ਲਾਲ ਸਿੰਘ, ਗੋਲਡੀ ਤੇ ਕੰਬੋਜ਼ ਨੇ ਦਿਖ਼ਾਏ ਬਾਗੀ ਸੁਰ"