ਹੁਸ਼ਿਆਰਪੁਰ, 16 ਅਪ੍ਰੈਲ: ਪਿਛਲੇ ਲੰਮੇ ਸਮੇਂ ਤੋਂ ਦੂਜੀਆਂ ਪਾਰਟੀਆਂ ਦੇ ਸਿਆਸੀ ਗੜ੍ਹਾਂ ’ਚ ਸੰਨਮਾਰੀ ਕਰਦੀ ਆ ਰਹੀ ਭਾਜਪਾ ਨੂੰ ਹੁਣ ਆਪਣੈ ਹੀ ਘਰ ਵਿਚ ਸੰਨ ਲੱਗਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਿਆਸੀ ਗਲਿਆਰਿਆਂ ’ਚ ਚੱਲ ਰਹੀਆਂ ਚਰਚਾਵਾਂ ਮੁਤਾਬਕ ਬੀਤੇ ਕੱਲ ਪੰਜਾਬ ’ਚ ਟਿਕਟਾਂ ਦੀ ਜਾਰੀ ਦੂਜੀ ਲਿਸਟ ਤੋਂ ਬਾਅਦ ਭਾਜਪਾ ਦੇ ਟਕਸਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਨਰਾਜ਼ਗੀ ਸਾਹਮਣੇ ਆਉਣ ਲੱਗੀ ਹੈ। ਇਸ ਨਰਾਜ਼ਗੀ ਨੂੰ ਇਜ਼ਹਾਰ ਕਰਨ ਦਾ ਜਰੀਆ ਬਣਿਆ ਹੈ ਸੋਸਲ ਮੀਡੀਆ, ਜਿੱਥੇ ਖੁਦ ਸ਼੍ਰੀ ਸਾਂਪਲਾ ਵੱਲੋਂ ਨਾ ਸਿਰਫ਼ ਕੁੱਝ ਅਜਿਹੀਆਂ ਪੋਸਟਾਂ ਪਾਈਆਂ ਗਈਆਂ ਹਨ, ਜਿਸਤੋਂ ਭਗਵਾਂ ਪਾਰਟੀ ਵਿਚ ਸਭ ਕੁੱਝ ਅੱਛਾ ਨਹੀਂ ਜਾਪ ਰਿਹਾ, ਬਲਕਿ ਉਨ੍ਹਾਂ ਅਪਣੇ ਐਕਸ ਅਕਾਉਂਟ ਤੋਂ ‘ਮੋਦੀ ਦਾ ਪ੍ਰਵਾਰ’ ਦੀ ਟੈਗ ਲਾਈਨ ਵੀ ਹਟਾ ਦਿੱਤੀ ਹੈ।
ਕਾਂਗਰਸ ’ਚ ਸਭ ਅੱਛਾ ਨਹੀਂ, ਲਾਲ ਸਿੰਘ, ਗੋਲਡੀ ਤੇ ਕੰਬੋਜ਼ ਨੇ ਦਿਖ਼ਾਏ ਬਾਗੀ ਸੁਰ
ਉਨ੍ਹਾਂ ਟਿਕਟਾਂ ਦੇ ਐਲਾਨ ਤੋਂ ਬਾਅਦ ਬੀਤੇ ਕੱਲ ਅਪਣੇ ਸੋਸਲ ਮੀਡੀਆ ’ਤੇ ਪਾਏ ਸੁਨੇਹੇ ਵਿਚ ਲਿਖਿਆ ਹੈ ਕਿ ‘ਇੱਕ ਰਾਸਤਾ ਬੰਦ ਹੁੰਦਾ ਹੈ ਤਾਂ ਰੱਬ ਕਈ ਹੋਰ ਰਾਸਤੇ ਖੋਲ ਦਿੰਦਾ ਹੈ। ਮੇਰੇ ਲਈ ਵੀ ਰੱਬ ਨੇ ਕੋਈ ਰਾਸਤਾ ਜਰੂਰ ਰੱਖਿਆ ਹੋਵੇਗਾ। ’’ ਅਖ਼ੀਰ ਵਿਚ ਉਨ੍ਹਾਂ ਲਿਖਿਆ ਹੈ ਕਿ ਮੇਰਾ ਸਾਥ ਦੇਣ ਵਾਲੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ। ਇਸਤੋਂ ਬਾਅਦ ਵੀ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਸਾਂਪਲਾ ਨੇ ਇੱਕ ਹੋਰ ਪੋਸਟ ਪਾਉਂਦਿਆਂ ਇੱਕ ਕਵਿਤਾ ਲਿਖੀ ਹੈ, ਇਸ ਕਵਿਤਾ ਤੋਂ ਬਾਅਦ ਉਨ੍ਹਾਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਸ਼੍ਰੀ ਰਾਮ ਨੌਮੀ ਦੀਆਂ ਵਧਾਈਆਂ ਦਿੱਤੀਆਂ ਹਨ ਤੇ ਅਖ਼ੀਰ ਵਿਚ ਉਨ੍ਹਾਂ ‘ਮੇਰਾ ਹੁਸ਼ਿਆਰਪੁਰ, ਮੇਰਾ ਪ੍ਰਵਾਰ’ ਲਾਈਨ ਵੀ ਟੈਗ ਕੀਤੀ ਹੈ। ਇੱਥੇ ਦਸਣਾ ਬਣਦਾ ਹੈ ਕਿ ਕਿਸੇ ਸਮੇਂ ਕੇਂਦਰ ਵਿਚ ਮੰਤਰੀ ਰਹਿਣ ਵਾਲੇ ਵਿਜੇ ਸਾਂਪਲਾ ਭਾਜਪਾ ਦੇ ਪੰਜਾਬ ਵਿਚ ਟਕਸਾਲੀ ਆਗੂਆਂ ਵਿਚੋਂ ਇੱਕ ਹਨ। ਉਹ ਲੰਮੇ ਸਮੇਂ ਤੋਂ ਹੁਸ਼ਿਆਰਪੁਰ ਹਲਕੇ ਤੋਂ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਹਨ।
ਸਿਕੰਦਰ ਮਲੂਕਾ ਦੇ ਮੋੜ ਹਲਕੇ ’ਚ ਸਿਆਸੀ ਪ੍ਰਭਾਵ ਅੱਗੇ ‘ਧੁੱਸੀ ਬੰਨ’ ਲਗਾਉਣ ਲਈ ਮੁੜ ਮੈਦਾਨ ’ਚ ਨਿੱਤਰੇ ਜਨਮੇਜਾ ਸੇਖੋ
ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਸੋਮ ਪ੍ਰਕਾਸ਼ ਦੀ ਥਾਂ ਟਿਕਟ ਜਰੂਰ ਮਿਲੇਗੀ ਪ੍ਰੰਤੂ ਭਾਜਪਾ ਨੇ ਹੁਣ ਟਿਕਟ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਨੂੰ ਉਮੀਦਵਾਰ ਬਣਾ ਦਿੱਤਾ ਹੈ। ਇਹੀਂ ਨਹੀਂ ਕੁੱਝ ਸਮਾਂ ਪਹਿਲਾਂ ਵਿਜੇ ਸਾਂਪਲਾ ਨੂੰ ਕੇਂਦਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਵੀ ਹਟਾ ਦਿੱਤਾ ਗਿਆ ਸੀ। ਦਸਦਾ ਬਣਦਾ ਹੈ ਕਿ ਹਾਲੇ ਤੱਕ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਹੁਸ਼ਿਆਰਪੁਰ ਤੋਂ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਪਾਰਟੀ ਦਾ ਇੱਥੋਂ ਦਾਅਵੇਦਾਰ ਤੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਆਪ ਵਿਚ ਸ਼ਾਮਲ ਹੋ ਕੇ ਉਮੀਦਵਾਰ ਬਣ ਗਏ ਹਨ ਤੇ ਸ਼੍ਰੋਮਣੀ ਅਕਾਲੀ ਦਲ ਵੀ ਹਾਲੇ ਤੱਕ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਵਾਲੀ ਨੀਤੀ ’ਤੇ ਚੱਲ ਰਿਹਾ। ਅਜਿਹੀ ਹਾਲਾਤ ਵਿਚ ਵਿਜੇ ਸਾਂਪਲਾ ਦੇ ‘ਹੋਰ ਰਾਸਤਾ’ ਖੁੱਲਣ ਦੀ ਉਮੀਦ ਨੇ ਵਿਰੋਧੀਆਂ ਦੀਆਂ ਆਸਾਂ ਵੀ ਜਗ੍ਹਾਂ ਦਿੱਤੀਆਂ ਹਨ। ਹੁਣ ਦੇਖਣਾ ਹੈ ਕਿ ਵਿਜੇ ਸਾਂਪਲਾ ਦਾ ਆਉਣ ਵਾਲਾ ਸਿਆਸੀ ਕਦਮ ਕਿਸ ਤਰ੍ਹਾਂ ਦਾ ਹੁੰਦਾ ਹੈ।
Share the post "ਭਾਜਪਾ ’ਚ ਵੀ ਸਭ ਅੱਛਾ ਨਹੀਂ, ਵਿਜੇ ਸਾਂਪਲਾ ਦੀ ਨਰਾਜ਼ਗੀ ਚਾੜ੍ਹ ਸਕਦੀ ਹੈ ਕੋਈ ਚੰਨ!"