4 Views
ਬਠਿੰਡਾ ,19 ਦਸੰਬਰ: ਜੰਗਲਾਤ ਵਿਭਾਗ ਵਿਚ ਡਰਾਈਵਰ ਦੇ ਤੌਰ ‘ਤੇ ਨੌਕਰੀ ਕਰ ਚੁੱਕੇ ਇਕ ਨੌਜਵਾਨ ਨੇ ਵਿਭਾਗ ਦੇ ਚੇਅਰਮੈਨ ਅਤੇ ਆਪ ਦੀ ਮਹਿਲਾ ਵਿੰਗ ਦੀ ਇਕ ਆਗੂ ‘ਤੇ ਨੌਕਰੀ ਲਗਵਾਉਣ ਬਦਲੇ ਹਰ ਮਹੀਨੇ ਤਨਖਾਹ ਵਿਚੋਂ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਹਨ। ਸੋਮਵਾਰ ਨੂੰ ਇੱਥੇ ਪ੍ਰੈੱਸ ਕਲੱਬ ਵਿਚ ਇਕ ਕਾਨਫ਼ਰੰਸ ਦੌਰਾਨ ਜਤਿੰਦਰ ਸਿੰਘ ਸੋਹਲ ਵਾਸੀ ਭਗਵਾਨਗੜ੍ਹ ਨੇ ਮੀਡੀਏ ਦੇ ਰੂਬਰੂ ਹੁੰਦਿਆਂ ਕਿ ਉਹ ਖੁਦ ਵੀ ਆਮ ਆਦਮੀ ਪਾਰਟੀ ਦਾ ਲੰਮੇ ਸਮੇਂ ਤੋਂ ਵਲੰਟੀਅਰ ਹੈ। ਇਸ ਦੌਰਾਨ ਜੁਲਾਈ ਮਹੀਨੇ ਵਿਚ ਚੇਅਰਮੈਨ ਰਾਕੇਸ਼ ਪੁਰੀ ਵੱਲੋਂ ਵਣ ਵਿਭਾਗ ਵਿਚ ਡਰਾਈਵਰ ਦੀ ਨੌਕਰੀ ਦਿਵਾਈ ਗਈ ਸੀ ।
ਪ੍ਰੰਤੂ ਇਸਦੇ ਬਦਲੇ ਉਸ ਨੂੰ ਹਰ ਮਹੀਨੇ ਮਿਲਣ ਵਾਲੀ 22 ਹਜ਼ਾਰ ਦੇ ਕਰੀਬ ਤਨਖਾਹ ਵਿਚੋਂ 8500 ਰੁਪਏ ਦੇਣ ਦੀ ਮੰਗ ਕੀਤੀ ਗਈ। ਇਹ ਪੈਸੇ ਉਸਨੂੰ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸਤਵੀਰ ਕੌਰ ਨੂੰ ਦੇਣ ਲਈ ਕਿਹਾ ਗਿਆ। ਅਜਿਹਾ ਨਾ ਕਰਨ ‘ਤੇ ਨੌਕਰੀ ਤੋਂ ਹਟਾਉਣ ਦੀ ਵੀ ਧਮਕੀ ਦਿੱਤੀ ਗਈ। ਨੌਕਰੀ ਖੁੱਸ ਜਾਣ ਤੋਂ ਡਰੋਂ ਉਸਦੇ ਵਲੋਂ ਪੈਸੇ ਦਿੱਤੇ ਗਏ ਪਰੰਤੂ ਜਦ ਬਾਅਦ ਵਿੱਚ ਪੈਸੇ ਦੇਣ ਤੋਂ ਇੰਨਕਾਰ ਕਰ ਦਿੱਤਾ ਤਾਂ ਉਸਨੂੰ ਅਕਤੂਬਰ ਮਹੀਨੇ ਵਿਚ ਨੌਕਰੀ ਤੋਂ ਹਟਾ ਦਿੱਤਾ ਗਿਆ। ਜਤਿੰਦਰ ਸਿੰਘ ਨੇ ਇਸ ਮੌਕੇ ਸਬੂਤ ਵਜੋਂ ਇੱਕ ਆਡੀਓ ਰਿਕਾਰਡਿੰਗ ਵੀ ਪੇਸ਼ ਕੀਤੀ। ਜਿਸ ਵਿਚ ਉਸਦੀ ਮਾਤਾ ਮਹਿਲਾ ਵਿੰਗ ਦੀ ਆਗੂ ਨਾਲ ਇਸ ਮਾਮਲੇ ਸਬੰਧੀ ਗੱਲ ਕਰਦੀ ਸੁਣਾਈ ਦੇ ਰਹੀ ਹੈ।
ਪੀੜਤ ਨੌਜਵਾਨ ਨੇ ਕਿਹਾ ਕਿ ਉਸਨੇ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫਤਰ ਦੇ ਧਿਆਨ ਵਿੱਚ ਵੀ ਲਿਆਂਦਾ ਹੈ। ਇਸਤੋਂ ਇਲਾਵਾ ਇਸਦੀ ਵਿਜੀਲੈਂਸ ਬਿਉਰੋ ਨੂੰ ਵੀ ਸ਼ਿਕਾਇਤ ਕੀਤੀ ਹੈ ਪਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਤਿੰਦਰ ਸਿੰਘ ਨੇ ਮੁੱਖ ਮੰਤਰੀ ਅਤੇ ਹਾਈਕਮਾਨ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਐਂਟੀ ਕਰੱਪਸ਼ਨ ਮੁਹਿੰਮ ਵਿਚੋਂ ਨਿਕਲੀ ਹੈ ਅਤੇ ਅਜਿਹੇ ਵਿੱਚ ਉਸਦੇ ਵਰਗੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦੇ ਨਾਂ ‘ਤੇ ਸ਼ੋਸ਼ਣ ਕਰਨ ਵਾਲੇ ਪਾਰਟੀ ਦੇ ਅਜਿਹੇ ਲੀਡਰਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਜਦ ਪੱਖ ਜਾਣਨ ਲਈ ਜਦੋਂ ਜੰਗਲਾਤ ਵਿਭਾਗ ਦੇ ਚੇਅਰਮੈਨ ਰਾਕੇਸ਼ ਪੁਰੀ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਫ਼ੋਨ ਬੰਦ ਆ ਰਿਹਾ ਸੀ। ਇਸੇ ਤਰ੍ਹਾਂ ਮਹਿਲਾ ਆਗੂ ਸਤਵੀਰ ਕੌਰ ਨੇ ਵੀ ਫੋਨ ਨਹੀਂ ਚੁੱਕਿਆ।ਹਾਲਾਂਕਿ ਕੁਝ ਇਕ ਮੀਡੀਆ ਚੈਨਲਾਂ ਰਾਹੀਂ ਸਾਹਮਣੇ ਆਏ ਬਿਆਨਾਂ ਵਿਚ ਚੇਅਰਮੈਨ ਰਾਕੇਸ਼ ਪੁਰੀ ਨੇ ਇੰਨਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।