ਬਠਿੰਡਾ , 27 ਮਈ:-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਬਲਾਕ ਬਠਿੰਡਾ ਅਤੇ ਬਲਾਕ ਨਥਾਣਾ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਜ਼ਿਲਾ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਘਰ ਦਾ ਘਿਰਾਓ ਕੀਤਾ ਅਤੇ ਜੋਰਦਾਰ ਨਾਹਰੇਬਾਜੀ ਕੀਤੀ । ਇਸ ਮੌਕੇ ਬੋਲਦਿਆਂ ਯੂਨੀਅਨ ਦੀਆਂ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ । ਇਸੇ ਤਰ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਕਿ ਇੱਕ ਆਂਗਣਵਾੜੀ ਸੈਂਟਰ ਵਿੱਚ ਦੋ ਵਰਕਰਾਂ ਨਹੀਂ ਬੈਠ ਸਕਣਗੀਆਂ । ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਭਗ 27 ਹਜ਼ਾਰ ਆਂਗਣਵਾੜੀ ਵਰਕਰਾਂ ਹਨ । ਪਰ ਸਰਕਾਰੀ ਇਮਾਰਤਾਂ ਸਿਰਫ 8 ਕੁ ਹਜ਼ਾਰ ਹੀ ਹਨ ਤੇ 19 ਹਜ਼ਾਰ ਆਂਗਣਵਾੜੀ ਸੈਂਟਰਾਂ ਦੀਆਂ ਸਰਕਾਰੀ ਇਮਾਰਤਾਂ ਹੀ ਨਹੀਂ ਹਨ ।
Big News: ਰਾਮੂਵਾਲੀਆ ਵੱਲੋਂ ਲੁਧਿਆਣਾ ‘ਚ ਰਾਜਾ ਵੜਿੰਗ ਦੀ ਹਿਮਾਇਤ ਦਾ ਐਲਾਨ
ਹੋਰ ਆਂਗਣਵਾੜੀ ਸੈਂਟਰ ਲਗਾਉਣ ਲਈ ਕਿਧਰੇ ਥਾਂ ਹੀ ਨਹੀਂ ਹੈ । ਪਹਿਲਾਂ ਵਾਲੇ ਸੈਂਟਰ ਵੀ ਕੰਢਮ ਹੋ ਚੁੱਕੀਆਂ ਧਰਮਸ਼ਾਲਾਵਾਂ ਵਿੱਚ ਚੱਲ ਰਹੇ ਹਨ ਤੇ ਇਕ ਆਂਗਣਵਾੜੀ ਸੈਂਟਰ ਵਿੱਚ ਕਈ ਵਰਕਰਾਂ ਤੇ ਹੈਲਪਰਾਂ ਬੈਠਦੀਆਂ ਹਨ । ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਛੁੱਟੀਆਂ ਬੰਦ ਕਰਨ ਵਾਲਾ ਤੇ ਆਂਗਣਵਾੜੀ ਸੈਂਟਰਾਂ ਵਿੱਚ ਹੋਰ ਵਰਕਰਾਂ ਨੂੰ ਨਾ ਬਿਠਾਏ ਜਾਣ ਵਾਲਾ ਆਪਣਾ ਫੈਸਲਾ ਵਾਪਸ ਲਵੇ । ਇਸ ਸਮੇਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਮ ਵਿਧਾਇਕ ਰਾਹੀਂ ਮੰਗ ਪੱਤਰ ਭੇਜਿਆ ਗਿਆ ।
ਇਸ ਮੌਕੇ ਰੇਖਾ ਰਾਣੀ ਗੋਨੇਆਣਾ ਕਲਾਂ, ਬਲਬੀਰ ਕੌਰ ਭੋਖੜਾ,ਸੁਨੈਨਾ ਗੋਨੇਆਣਾ, ਕੁਲਦੀਪ ਕੌਰ ਕੋਠੇ ਕਰਤਾਰ ਸਿੰਘ , ਵੀਰਪਾਲ ਨਹੀਆਂ ਵਾਲਾ, ਪਰਮਜੀਤ ਕੌਰ ਸਿਵੀਆ, ਮਨਪ੍ਰੀਤ ਕੌਰ ਸਿਵੀਆ, ਵੀਰਪਾਲ ਕੌਰ ਸਿਵੀਆ ਮਨਪ੍ਰੀਤ ਕੌਰ ਜੀਦਾ, ਮਨਮੀਤ ਕੌਰ ਨਥਾਣਾ, ਦਰਸ਼ਨ ਕੌਰ ਨਥਾਣਾ, ਜਸਵਿੰਦਰ ਕੌਰ ਨਥਾਣਾ, ਨਰਿੰਦਰ ਕੌਰ ਨਥਾਣਾ, ਵੀਰਪਾਲ ਕੌਰ ਨਥਾਣਾ ਆਦਿ ਆਗੂ ਮੌਜੂਦ ਸਨ ।