24 Views
ਮੋਗਾ ਰੈਲੀ ਤੋਂ ਬਾਅਦ ਸਿੱਧੂ ਸਮਰਥਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਮੋਗਾ, 21 ਜਨਵਰੀ: ਪਿਛਲੇ ਕੁਝ ਸਮੇਂ ਤੋਂ ‘ਜਿੱਤੇਗਾ ਪੰਜਾਬ’ ਦੇ ਨਾਅਰੇ ਹੇਠ ਸੂਬੇ ਦੇ ਵੱਖ-ਵੱਖ ਥਾਵਾਂ ‘ਤੇ ਆਪਣੀਆਂ ਅਲੱਗ ਸਿਆਸੀ ਰੈਲੀਆਂ ਕਰ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਉਪਰ ਹਾਈਕਮਾਂਡ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਅੱਜ ਨਵਜੋਤ ਸਿੱਧੂ ਵੱਲੋਂ ਮੋਗਾ ਰੈਲੀ ਕਰਨ ਤੋਂ ਬਾਅਦ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਕਾਂਗਰਸ ਵੱਲੋਂ ਇਸ ਰੈਲੀ ਨੂੰ ਆਯੋਜਿਤ ਕਰਨ ਵਾਲੇ ਸਾਬਕਾ ਜ਼ਿਲਾ ਪ੍ਰਧਾਨ ਮਹੇਸ਼ਇੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਧਰਮਪਾਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ।
ਮਿਲੀ ਸੂਚਨਾ ਮੁਤਾਬਕ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੇ ਦਸਤਖਤਾਂ ਹੇਠ ਜਾਰੀ ਇਸ ਕਾਰਨ ਦੱਸੋ ਨੋਟਿਸ ਦਾ ਉਕਤ ਦੋਨਾਂ ‘ਪਿਉ ਪੁੱਤ’ ਦੀ ਜੋੜੀ ਨੂੰ 48 ਘੰਟਿਆਂ ਦੇ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਹੈ। ਸਿਆਸੀ ਗਲਿਆਰਿਆਂ ਵਿਚ ਜੋ ਸਰਗੋਸ਼ੀਆਂ ਸੁਣਾਈ ਦੇ ਰਹੀਆਂ ਹਨ, ਉਸਦੇ ਮੁਤਾਬਿਕ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਸਮਰਥਕਾਂ ਵਿਰੁੱਧ ਹੋਣ ਵਾਲੀ ਕਾਰਵਾਈ ਮੋਗਾ ਤੋਂ ਸ਼ੁਰੂ ਹੋ ਰਹੀ ਹੈ। ਗੌਰਤਲਬ ਹੈ ਕਿ ਮੋਗਾ ਤੋਂ ਪਿਛਲੀਆਂ ਵਿਧਾਨ ਸਭਾ ਚੋਣ ਲੜਨ ਵਾਲੀ ਮਹਿਲਾ ਕਾਂਗਰਸ ਆਗੂ ਮਾਲਵਿਕਾ ਸੂਦ ਅਤੇ ਕੁਝ ਹੋਰਨਾਂ ਆਗੂਆਂ ਨੇ ਨਵਜੋਤ ਸਿੱਧੂ ਦੀ ਰੈਲੀ ਸਬੰਧੀ ਪੰਜਾਬ ਕਾਂਗਰਸ ਨੂੰ ਸ਼ਿਕਾਇਤ ਕੀਤੀ ਸੀ।
ਜਿਸ ਵਿੱਚ ਉਹਨਾਂ ਦੋਸ਼ ਲਗਾਇਆ ਸੀ ਕਿ ਇਸ ਰੈਲੀ ਸਬੰਧੀ ਜਿਲ੍ਹਾ ਕਾਂਗਰਸ ਅਤੇ ਇੱਥੋਂ ਤੱਕ ਹਲਕਾ ਮੋਗਾ ਦੇ ਕਾਂਗਰਸੀ ਆਗੂਆਂ ਨੂੰ ਵੀ ਭਰੋਸੇ ਵਿੱਚ ਨਹੀਂ ਲਿਆ ਗਿਆ।ਦੱਸਣਾ ਬਣਦਾ ਹੈ ਕਿ ਇਸ ਰੈਲੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮੋਗਾ ਕਾਂਗਰਸ ਵਿੱਚ ਵੱਡੇ ਪੱਧਰ ‘ਤੇ ਗੁੱਟਬੰਦੀ ਨਜ਼ਰ ਆ ਰਹੀ ਸੀ ਅਤੇ ਦੋਨਾਂ ਹੀ ਧਿਰਾਂ ਵੱਲੋਂ ਇਸ ਰੈਲੀ ਦੇ ਹੱਕ ਅਤੇ ਵਿਰੋਧ ਦੇ ਵਿੱਚ ਅਲੱਗ ਅਲੱਗ ਪ੍ਰੈਸ ਕਾਨਫਰਸਾਂ ਕੀਤੀਆਂ ਗਈਆਂ ਸਨ।
ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਵਿੱਚ ਅਲੱਗ ਸਿਆਸੀ ਗਤੀਵਿਧੀਆਂ ਸ਼ੁਰੂ ਕਰਨ ਦਾ ਸਥਾਪਿਤ ਧਿਰਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਇਸ ਸਬੰਧ ਦੇ ਵਿੱਚ ਸਿੱਧੂ ਦੀ ਹਾਈ ਕਮਾਂਡ ਕੋਲ ਸ਼ਿਕਾਇਤ ਕਰਨ ਦੀ ਸੂਚਨਾ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਦੀ ਇਹ ਅੰਦਰੂਨੀ ਜੰਗ ਕਿਸ ਤਰਫ ਮੋੜਾ ਲੈਂਦੀ ਹੈ।