15 Views
ਲੁਧਿਆਣਾ, 7 ਜੂਨ: ਲੰਘੀਆਂ ਲੋਕ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝੱਟਕਾ ਲੱਗਿਆ ਹੈ। ਪਾਰਟੀ ਦੇ ਵਿਧਾਨ ਸਭਾ ਵਿੱਚ ਮੌਜੂਦ ਤਿੰਨ ਵਿਧਾਇਕਾਂ ਵਿਚੋਂ ਇੱਕ ਮਨਪ੍ਰੀਤ ਸਿੰਘ ਇਯਾਲੀ ਨੇ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਅਸਿੱਧੇ ਢੰਗ ਨਾਲ ਪਾਰਟੀ ਹਾਈਕਮਾਂਡ ‘ਤੇ ਵੀ ਸਵਾਲ ਚੁੱਕਿਆ ਹੈ।
ਸ਼ੁੱਕਰਵਾਰ ਨੂੰ ਆਪਣੀ ਫੇਸਬੁੱਕ ਪੇਜ ‘ਤੇ ਪਾਈ ਇੱਕ ਪੋਸਟ ਵਿੱਚ ਉਨ੍ਹਾਂ ਲਿਖਿਆ ਹੈ “ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।” ਇਆਲੀ ਨੇ ਕਿਹਾ, ” ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ, ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਵੱਲੋਂ ਲਏ ਫੈਸਲਿਆਂ ਕਾਰਨ ਅਕਾਲੀ ਦਲ ਵਿੱਚ ਵੱਡੀ ਪੱਧਰ ‘ਤੇ ਸਿਧਾਂਤਕ ਗਿਰਾਵਟ ਆਈ ਹੈ। “
ਉਨ੍ਹਾਂ ਕਿਹਾ ਕਿ ਪਾਰਟੀ ਪਹਿਲਾ ਕਿਸਾਨੀ ਅਤੇ ਮੌਜੂਦਾ ਸਮੇਂ ਪੰਜਾਬ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਨਣ ਵਿੱਚ ਅਸਫਲ ਰਹੀ।ਕਿਸਾਨੀ ਅਤੇ ਪੰਥ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ, ਤਾਂ ਜੋ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕੀਤਾ ਜਾ ਸਕੇ।