Home Blog Page 1727

ਕਾਂਗਰਸ ਵੱਲੋਂ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ, ਦੇਖੋ ਕੌਣ, ਕਿੱਥੋਂ ਲੜੇਗਾ ਚੋਣ!

0

ਨਵੀਂ ਦਿੱਲੀ, 14 ਅਪ੍ਰੈਲ: ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਅੱਜ ਸੂਬੇ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਦਿਆਂ ਅੱਧੀ ਦਰਜਨ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਚੋਣ ਕਮੇਟੀ ਦੀ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਮੁਤਾਬਕ ਪਹਿਲੇ ਗੇੜ ਦੇ ਵਿੱਚ ਪੰਜਾਬ ਦੀਆਂ 13 ਵਿੱਚੋਂ 6 ਸੀਟਾਂ ‘ਤੇ ਉਮੀਦਵਾਰ ਉਤਾਰਨ ਦਾ ਫੈਸਲਾ ਲਿਆ ਗਿਆ ਹੈ। ਜਦੋਂ ਕਿ ਕੁਝ ਨਾਮ ਹਾਲੇ ਪੈਂਡਿੰਗ ਰੱਖ ਲਏ ਗਏ ਹਨ।

Big News: ਅਕਾਲੀ ਦਲ ਵੱਲੋਂ ਸੱਤ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ

ਕਾਂਗਰਸ ਵੱਲੋਂ ਜਾਰੀ ਇਸ ਲਿਸਟ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਿਟਿੰਗ ਐਮਪੀ ਗੁਰਜੀਤ ਸਿੰਘ ਔਜਲਾ, ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ, ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਬਠਿੰਡਾ ਲੋਕ ਸਭਾ ਹਲਕੇ ਤੋਂ ਜੀਤਮਹਿੰਦਰ ਸਿੰਘ ਸਿੱਧੂ ਅਤੇ ਪਟਿਆਲਾ ਤੋਂ ਸਾਬਕਾ ਐਮਪੀ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਹੈ।

ਲੋਕ ਸਭਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ ‘ਤੇ ਲੱਗੇ ਭੱਦੀਆਂ ਟਿੱਪਣੀਆਂ ਕਰਨ ਦੇ ਇਲਜ਼ਾਮ

ਇੱਥੇ ਦੱਸਣਾ ਬਣਦਾ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਪਟਿਆਲਾ ਲੋਕ ਸਭਾ ਹਲਕੇ ਤੋਂ ਬੀਬੀ ਪਰਨੀਤ ਕੌਰ ਨੂੰ ਟੱਕਰ ਦੇਣ ਲਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਲਾਲ ਸਿੰਘ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਵਿਜੇਇੰਦਰ ਸਿੰਗਲਾ ਵੀ ਮਜਬੂਤ ਦਾਅਵੇਦਾਰ ਸਨ।ਜਦੋਂ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਮਿਹਨਤ ਕੀਤੀ ਜਾ ਰਹੀ ਸੀ।

ਕਾਂਗਰਸ ਤੇ ਅਕਾਲੀ ਦਲ ਅੱਜ ਜਾਰੀ ਕਰ ਸਕਦੇ ਹਨ ਉਮੀਦਵਾਰਾਂ ਦੀ ਪਹਿਲੀ ਲਿਸਟ

 

ਕਰਮਜੀਤ ਅਨਮੋਲ ਨੇ ਕੋਟਕਪੂਰਾ ਹਲਕੇ ਦੇ ਪਿੰਡਾਂ ਦਾ ਕੀਤਾ ਦੌਰਾ

0

ਕਰਮਜੀਤ ਅਨਮੋਲ ਦੀ ਜਿੱਤ ਨਾਲ ਹਲਕੇ ਦਾ ਦੋਹਰਾ ਹੋਵੇਗਾ ਵਿਕਾਸ – ਕੁਲਤਾਰ ਸਿੰਘ ਸੰਧਵਾਂ

ਕੋਟਕਪੂਰਾ 14 ਅਪ੍ਰੈਲ : ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਪੰਜਾਬ ਦੀ ਲੜਾਈ ਹੁਣ ਕੇਂਦਰ ਵਿਚਲੀ ਤਾਨਾਸ਼ਾਹੀ ਨਾਲ ਆਰ ਪਾਰ ਦੀ ਲੜਾਈ ਹੈ ਅਤੇ ਇਸ ਵਿੱਚ ਕਿਸਾਨ ਅੰਦੋਲਨ ਵਾਂਗ ਪੰਜਾਬ ਪੂਰੇ ਹਿੰਦੁਸਤਾਨ ਦੀ ਅਗਵਾਈ ਕਰੇਗਾ ਅਤੇ ਹੁਣ ਹਰੇਕ ਵੋਟਰ ਇਸ ਲੜਾਈ ਦਾ ਸਿਪਾਹੀ ਹੈ ਤੇ ਉਸਦੇ ਹੱਥ ਵਿੱਚ ਵੋਟ ਦਾ ਹਥਿਆਰ ਹੈ। ਜਿਸ ਨੂੰ ਵਰਤ ਕੇ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਦਾ ਤਖਤਾ ਪਲਟਾਇਆ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਅਣਖੀਲੇ ਲੋਕਾਂ ਉੱਪਰ ਮਾਣ ਹੈ, ਜਿੰਨਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਆਮ ਆਦਮੀ ਦੀ ਸਰਕਾਰ ਬਣਾਈ ਸੀ ਅਤੇ ਫਿਰ ਮੌਕਾ ਆ ਗਿਆ ਹੈ। ਜਦ ਕੇਂਦਰ ਵਿੱਚ ਵੀ ਇਸ ਪਾਰਟੀ ਦੇ ਨੁਮਾਇੰਦੇ ਭੇਜ ਕੇ ਆਪਣੀ ਅਣਖ ਦਾ ਪ੍ਰਗਟਾਵਾ ਕਰਨਾ ਹੈ।

ਅੰਬੇਦਕਰ ਜਯੰਤੀ ਮੌਕੇ ’ਆਪ’ ਵੱਲੋਂ ਮੋਦੀ ਸਰਕਾਰ ਦੀ ਤਾਨਾਸ਼ਾਹੀ ਵਿਰੁੱਧ ’ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਅੰਦੋਲਨ

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਚਪਨ ਦੇ ਦੋਸਤ ਅਤੇ ਪੰਜਾਬ ਦੀ ਆਵਾਜ਼ ਕਰਮਜੀਤ ਅਨਮੋਲ ਨੂੰ ਸਾਡੀ ਸੇਵਾ ਲਈ ਭੇਜਿਆ ਹੈ। ਇਸ ਲਈ ਉਹਨਾਂ ਦੀ ਜਿੱਤ ਨਾਲ ਫਰੀਦਕੋਟ ਹਲਕੇ ਦਾ ਦੋਹਰਾ ਵਿਕਾਸ ਹੋਵੇਗਾ।ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਬਲਤੇਜ ਸਿੰਘ ਪੰਨੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਪਿਛਲੇ ਦੋ ਸਾਲਾਂ ਵਿੱਚ ਹੋਈ ਸੂਬੇ ਦੀ ਪ੍ਰਗਤੀ ਬਾਰੇ ਦੱਸਿਆ ਅਤੇ ਕਰਮਜੀਤ ਅਨਮੋਲ ਨੂੰ ਲੋਕ ਸਭਾ ਵਿੱਚ ਭੇਜਣ ਦੀ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਸੂਬੇ ਦੇ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ ਅਤੇ ਕੇਂਦਰ ਵੱਲੋਂ ਰੋਕਿਆ ਪੰਜਾਬ ਦਾ ਸਰਮਾਇਆ ਵਾਪਸ ਲੈ ਕੇ ਆਉਣਗੇ।ਇਨਾ ਚੋਣ ਰੈਲੀਆਂ ਨੂੰ ਪਾਰਟੀ ਦੇ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।

ਅੰਬੇਦਕਰ ਜਯੰਤੀ ਮੌਕੇ ’ਆਪ’ ਵੱਲੋਂ ਮੋਦੀ ਸਰਕਾਰ ਦੀ ਤਾਨਾਸ਼ਾਹੀ ਵਿਰੁੱਧ ’ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਅੰਦੋਲਨ

ਜਲੰਧਰ, 14 ਅਪ੍ਰੈਲ: ਅੰਬੇਡਕਰ ਜਯੰਤੀ ਦੇ ਮੌਕੇ ’ਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਤਾਨਾਸ਼ਾਹੀ ਖਿਲਾਫ ਦੇਸ਼ ਭਰ ’ਚ ਪ੍ਰਦਰਸ਼ਨ ਕੀਤਾ ਗਿਆ। ’ਆਪ’ ਪੰਜਾਬ ਦੇ ਆਗੂਆਂ ਨੇ ਜਲੰਧਰ ਦੇ ਕਾਰਪੋਰੇਸ਼ਨ ਚੌਂਕ ਵਿਖੇ ਇਕੱਠੇ ਹੋ ਕੇ ਮੋਦੀ ਸਰਕਾਰ ਅਤੇ ਉਨ੍ਹਾਂ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ’ਆਪ’ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਅਸੀਂ ਸਿਰਫ਼ ਡਾ ਬੀਆਰ ਅੰਬੇਡਕਰ ਦੀ ਸੋਚ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਾਂ। ਇਸ ਮਹਿੰਗਾਈ ਦੇ ਸਮੇਂ ਵਿੱਚ ਅਸੀਂ ਲੋਕਾਂ ਨੂੰ ਮੁਫਤ ਸਿਹਤ ਅਤੇ ਸਿੱਖਿਆ ਸਹੂਲਤਾਂ ਪ੍ਰਦਾਨ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਮਹਿੰਗਾਈ ਤੋਂ ਵੱਧ ਤੋਂ ਵੱਧ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਅੱਜ ਸਾਡਾ ਦੇਸ਼ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ – ਮੁੱਖ ਸਕੱਤਰ

ਅਸੀਂ ਇੱਥੇ ਲੋਕਾਂ ਨੂੰ ’ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਇਕੱਠੇ ਹੋਏ ਹਾਂ। ਇਸ ਤਾਨਾਸ਼ਾਹੀ ਸਰਕਾਰ ਨੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ। ਅਰਵਿੰਦ ਕੇਜਰੀਵਾਲ ਬਾਬਾ ਸਾਹਿਬ ਅੰਬੇਡਕਰ ਦੇ ਨਕਸ਼ੇ-ਕਦਮਾਂ ’ਤੇ ਚੱਲ ਕੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਰਹੇ ਸਨ। ਉਨਾਂ ਦਾ ਉਦੇਸ਼ ਲੋਕਾਂ ਨੂੰ ਮੁਫਤ ਅਤੇ ਵਧੀਆ ਸਿੱਖਿਆ ਅਤੇ ਸਿਹਤ ਸੁਵਿਧਾ ਦੇਣਾ ਹੈ। ਇਹ ਲੋਕ ਅਜਿਹਾ ਨਹੀਂ ਹੋਣ ਦੇ ਸਕਦੇ। ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਡੀਸੀ ਦਫ਼ਤਰ ਪਠਾਨਕੋਟ ਵਿਖੇ ਸੰਵਿਧਾਨ ਦੇ ਪਿਤਾਮਾ ਡਾ.ਬੀ.ਆਰ.ਅੰਬੇਦਕਰ ਨੂੰ ਉਨ੍ਹਾਂ ਦੀ ਜਯਂਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਸਮਾਜ ਦੇ ਹਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ।‘ਆਪ’ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ। ਕੈਬਿਨੇਟ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ ਬਲਵੀਰ ਸਿੰਘ ਨੇ ਐਤਵਾਰ ਨੂੰ ਪਟਿਆਲਾ ਵਿੱਚ ਡਾਕਟਰ ਬੀਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ।

ਆਰ.ਐਮ.ਪੀ.ਆਈ ਨੇ ਮਨਾਇਆ ਭੀਮ ਰਾਓ ਅੰਬੇਦਕਰ ਦਾ 134ਵਾਂ ਜਨਮ ਦਿਹਾੜਾ

ਪੰਜਾਬ ਕੈਬਨਿਟ ਮੰਤਰੀ ਬਲਕਾਰ ਸਿੰਘ, ’ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ, ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਰਾਜ ਕੁਮਾਰ ਚੱਬੇਵਾਲ, ਵਿਧਾਇਕ ਜਲੰਧਰ ਕੇਂਦਰੀ ਰਮਨ ਅਰੋੜਾ, ਵਿਧਾਇਕ ਨਕੋਦਰ ਇੰਦਰਜੀਤ ਕੌਰ ਮਾਨ, ਮੰਗਲ ਸਿੰਘ ਬੱਸੀ (ਚੇਅਰਮੈਨ ਪੰਜਾਬ ਐਗਰੋ), ਚੰਦਨ ਗਰੇਵਾਲ (ਚੇਅਰਮੈਨ ਪੰਜਾਬ ਸੈਨੀਟੇਸ਼ਨ ਕਮਿਸ਼ਨ), ਰਾਜਵਿੰਦਰ ਕੌਰ ਥਿਆੜਾ (ਸੂਬਾ ਸਕੱਤਰ), ਅਸ਼ਵਨੀ ਅਗਰਵਾਲ (ਲੋਕ ਸਭਾ ਇੰਚਾਰਜ ਜਲੰਧਰ), ਅੰਮ੍ਰਿਤ ਪਾਲ ਸਿੰਘ (ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ), ਸਟੀਫਨ ਕਲੇਰ (ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ), ਸੁਰਿੰਦਰ ਸਿੰਘ ਸੋਢੀ (ਹਲਕਾ ਇੰਚਾਰਜ ਜਲੰਧਰ ਛਾਉਣੀ), ਗੁਰਿੰਦਰ ਸਿੰਘ ਸ਼ੇਰਗਿੱਲ (ਜ਼ਿਲ੍ਹਾ ਸਕੱਤਰ ਜਲੰਧਰ ਸ਼ਹਿਰੀ), ਨੈਨ ਛਾਬੜਾ (ਜ਼ਿਲ੍ਹਾ ਸਕੱਤਰ ਜਲੰਧਰ ਦਿਹਾਤੀ), ਸੰਜੀਵ ਭਗਤ (ਜ਼ਿਲ੍ਹਾ ਮੀਡੀਆ ਇੰਚਾਰਜ ਜਲੰਧਰ), ਹਰਚਰਨ ਸਿੰਘ ਸੰਧੂ (ਸੂਬਾ ਸੰਯੁਕਤ ਸਕੱਤਰ), ਆਤਮ ਪ੍ਰਕਾਸ਼ ਸਿੰਘ ਬਬਲੂ (ਸੂਬਾ ਸੰਯੁਕਤ), ਡਾ ਰਾਜੇਸ਼ ਬੱਬਰ (ਸੂਬਾ ਸੰਯੁਕਤ ਸਕੱਤਰ), ਜਸਵੀਰ ਜਲਾਲਪੁਰੀ (ਸੂਬਾ ਮੀਤ ਪ੍ਰਧਾਨ ਐਸ.ਸੀ. ਵਿੰਗ), ਗੁਰਪ੍ਰੀਤ ਕੌਰ (ਪ੍ਰਧਾਨ, ਮਹਿਲਾ ਵਿੰਗ ਜਲੰਧਰ), ਸੀਮਾ ਬੰਡਾਲਾ, ਸੁੱਖ ਸੰਧੂ ਆਦਿ ਨੇ ਜਲੰਧਰ ਵਿਖੇ ’ਸੰਵਿਧਾਨ ਬਚਾਓ’ ਅਤੇ ’ਤਾਨਾਸ਼ਾਹੀ ਨੂੰ ਖਤਮ ਕਰਨ ਲਈ’ ਦੀ ਸਹੁੰ ਚੁੱਕੀ।

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ – ਮੁੱਖ ਸਕੱਤਰ

0

ਚੰਡੀਗੜ੍ਹ, 14 ਅਪ੍ਰੈਲ (ਸੁਖਜਿੰਦਰ ਮਾਨ) – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਪ੍ਰਸਾਸ਼ਨਿਕ ਸਕੱਤਰਾਂ, ਸਾਰੇ ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਰਬੀ-ਫਸਲ ਦੀ ਖਰੀਦ ਨਾਲ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨ ਦੀ ਫਸਲ ਦਾ ਜੇ-ਫਾਰਮ ਕੱਟਣ ਦੇ 72 ਘੰਟਿਆਂ ਦੇ ਅੰਦਰ-ਅੰਦਰ ਫਸਲ ਦਾ ਭੁਗਤਾਨ ਯਕੀਨੀ ਕੀਤਾ ਜਾਵੇ। ਉਨ੍ਹਾਂ ਨੇ ਅਨਾਜ ਮੰਡੀਆਂ ਤੋਂ ਫਸਲਾਂ ਦਾ ਸਮੇਂ ’ਤੇ ਉਠਾਨ ਕਰਨ ਅਤੇ ਕਿਸਾਨਾਂ ਦੀ ਹਰ ਸਹੂਲਤ ਦਾ ਪੂਰਾ ਖਿਆਲ ਰੱਖਣ ਦੇ ਵੀ ਨਿਰਦੇਸ਼ ਦਿੱਤੇ। ਮੁੱਖ ਸਕੱਤਰ ਅੱਜ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨਾਲ ਰਬੀ-ਫਸਲ ਦੀ ਖਰੀਦ ਨਾਲ ਸਬੰਧਿਤ ਵਿਵਸਥਾਵਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸ੍ਰੀ ਟੀਵੀਐਸਐਨ ਪ੍ਰਸਾਦ ਨੇ ਇਸ ਮੌਕੇ ’ਤੇ ਡਾ. ਭੀਮ ਰਾਓ ਅੰਬੇਦਕਰ ਜੈਯੰਤੀ ਅਤੇ ਵੈਸਾਖੀ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਆਰ.ਐਮ.ਪੀ.ਆਈ ਨੇ ਮਨਾਇਆ ਭੀਮ ਰਾਓ ਅੰਬੇਦਕਰ ਦਾ 134ਵਾਂ ਜਨਮ ਦਿਹਾੜਾ

ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਇਸ ਵਾਰ ਸੂਬੇ ਵਿਚ ਕਣਕ ਦੀ ਬੰਪਰ ਫਸਲ ਹੋਈ ਹੈ ਇਸ ਲਈ ਮੰਡੀਆਂ ਵਿਚ ਵਿਕਰੀ ਲਈ ਵੱਧ ਫਸਲ ਹੋਣ ਦੀ ਉਮੀਦ ਹੈ, ਅਜਿਹੇ ਵਿਚ ਅਧਿਕਾਰੀਆਂ ਨੂੰ ਆਪਣੀ ਪੂਰੀ ਤਿਆਰੀ ਰੱਖਣੀ ਚਾਹੀਦੀ ਹੈ, ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜਿਲਿ੍ਹਆਂ ਵਿਚ ਮੰਡੀਆਂ ਦੀ ਵਿਵਸਥਾਵਾਂ ਦਾ ਫੀਡਬੈਕ ਲੈਂਦੇ ਹੋਏ ਕਿਹਾ ਕਿ ਜਿੱਥੇ ਵੀ ਕੋਈ ਸਮਸਿਆ ਆਉਂਦੀ ਹੈ ਤਾਂ ਆਪਣੇ ਡਿਵੀਜਨ ਕਮਿਸ਼ਨਰਾਂ ਅਤੇ ਸਪੈਸ਼ਲ ਨਿਯੁਕਤ ਕੀਤੇ ਗਏ ਪ੍ਰਸਾਸ਼ਨਿਕ ਸਕੱਤਰਾਂ ਤੋਂ ਮਾਰਗਦਰਸ਼ਨ ਤਕ ਜਲਦੀ ਤੋਂ ਜਲਦੀ ਹੱਲ ਦਾ ਯਤਨ ਕਰਨ। ਉਨ੍ਹਾਂ ਨੇ ਪ੍ਰਸਾਸ਼ਨਿਕ ਸਕੱਤਰਾਂ ਨੁੰ ਵੀ ਸਮੇਂ-ਸਮੇਂ ’ਤੇ ਆਪਣੇ ਅਧੀਨ ਮੰਡੀਆਂ ਨੁੰ ਵਿਜਿਟ ਕਰਨ ਦੇ ਵੀ ਨਿਰਦੇਸ਼ ਦਿੱਤੇ। ਮੁੱਖ ਸਕੱਤਰ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਸਾਇਲੋ ਨੂੰ ਵੀ ਖਰੀਦ ਕੇਂਦਰ ਬਣਾਇਆ ਗਿਆ ਹੈ ਜਿੱਥੇ ਕਿਸਾਨ ਸਿੱਧਾ ਆਪਣੀ ਫਸਲ ਵੇਚਣ ਦੇ ਲਈ ਲੈ ਜਾ ਸਕਦਾ ਹੈ।

ਬਠਿੰਡਾ ਦੇ ਕਾਂਗਰਸੀਆਂ ਨੇ ਡਾ ਭੀਮ ਰਾਓ ਅੰਬੇਦਕਰ ਦਾ ਮਨਾਇਆ ਜਨਮ ਦਿਹਾੜਾ

ਉਨ੍ਹਾਂ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਕਿ ਸੂਬੇ ਵਿਚ ਕਣਕ ਦੀ ਖਰੀਦ ਦੇ ਲਈ 417 ਮੰਡੀ ਅਤੇ ਖਰੀਦ ਕੇਂਦਰ, ਸਰੋਂ ਲਈ 107, ਛੋਲੇ ਲਈ 11 ਅਤੇ ਜੌਂ ਲਈ 25 ਮੰਡੀਆਂ ਖੋਲ ਦਿੱਤੀਆਂ ਗਈਆਂ ਹਨ।ਇਸ ਮੌਕੇ ’ਤੇ ਮੀਟਿੰਗ ਵਿਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਕਾਂਤ ਵਾਲਗਦ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਭਾਰਤੀ ਖੁਰਾਕ ਨਿਗਮ ਦੀ ਜੀਜਨਲ ਮੈਨੇਜਰ ਸ਼ਰਣਜੀਤ ਕੌਰ ਬਰਾੜ, ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਵਿਸ਼ੇਸ਼ ਸਕੱਤਰ ਪ੍ਰਭਜੋਤ ਸਿੰਘ, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜਨਰਾਇਣ ਕੌਸ਼ਿਕ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਨਿਦੇਸ਼ਕ ਮੁਕੁਲ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਇੰਨ੍ਹਾਂ ਤੋਂ ਇਲਾਵਾ ਕਈ ਪ੍ਰਸਾਸ਼ਨਿਕ ਸਕੱਤਰ ਅਤੇ ਸਾਰੇ ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਵੀਡੀਓ ਕਾਨਫ੍ਰੈਸਿੰਗ ਨਾਲ ਜੁੜੇ ਹੋਏ ਸਨ।

ਆਰ.ਐਮ.ਪੀ.ਆਈ ਨੇ ਮਨਾਇਆ ਭੀਮ ਰਾਓ ਅੰਬੇਦਕਰ ਦਾ 134ਵਾਂ ਜਨਮ ਦਿਹਾੜਾ

0

ਨਥਾਣਾ, 14 ਅਪ੍ਰੈਲ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਸਥਾਨਕ ਬੱਸ ਸਟੈਂਡ ਵਿਖੇ ਭਰਵੀਂ ਇਕੱਤਰਤਾ ਕਰਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ 134ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੰਵਿਧਾਨ ਅਤੇ ਲੋਕ ਤੰਤਰ ਦੀ ਰਾਖੀ ਲਈ ਅਤੇ ਹਰ ਕਿਸਮ ਦੀ ਲੁੱਟ-ਖਸੁੱਟ ਤੇ ਜਬਰ-ਵਿਤਕਰੇ ਤੋਂ ਮੁਕਤ, ਸਾਂਝੀਵਾਲਤਾ ’ਤੇ ਆਧਾਰਿਤ ਸਮਾਨਤਾਵਾਦੀ ਸਮਾਜ ਦੀ ਕਾਇਮੀ ਲਈ ਜੂਝਣ ਦਾ ਸੰਕਲਪ ਲਿਆ ਗਿਆ।

ਬਠਿੰਡਾ ਦੇ ਕਾਂਗਰਸੀਆਂ ਨੇ ਡਾ ਭੀਮ ਰਾਓ ਅੰਬੇਦਕਰ ਦਾ ਮਨਾਇਆ ਜਨਮ ਦਿਹਾੜਾ

ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਭਾਰਤ ਦੇ ਲੋਕਰਾਜੀ, ਧਰਮ ਨਿਰਪੱਖ ਅਤੇ ਫੈਡਰਲ ਢਾਂਚੇ ਨੂੰ ਤਬਾਹ ਕਰਨ ਲਈ ਬਜ਼ਿਦ ਕਾਰਪੋਰੇਟ ਪੱਖੀ, ਫਿਰਕੂ-ਫਾਸ਼ੀ ਮੋਦੀ ਸਰਕਾਰ ਨੂੰ ਕੇਂਦਰੀ ਸੱਤਾ ਤੋਂ ਬੇਦਖ਼ਲ ਕਰਨ ਦੀ ਅਪੀਲ ਕੀਤੀ।ਉਨ੍ਹਾਂ ਮੋਦੀ ਸਰਕਾਰ ਵਲੋਂ ਤਤਪਰਤਾ ਨਾਲ ਲਾਗੂ ਕੀਤੀਆਂ ਜਾ ਰਹੀਆਂ ਬੇਰੁਜ਼ਗਾਰੀ-ਮਹਿੰਗਾਈ, ਭੁੱਖਮਰੀ-ਕੰਗਾਲੀ, ਕੁਪੋਸ਼ਣ ਵਧਾਉਣ ਵਾਲੀਆਂ ਧਨਿਢ ਪੱਖੀ ਨੀਤੀਆਂ ਰੱਦ ਕਰਵਾਉਣ ਦੇ ਸੰਗਰਾਮ ਪ੍ਰਚੰਡ ਕਰਨ ਦੀ ਅਪੀਲ ਕੀਤੀ।ਪ੍ਰਕਾਸ਼ ਸਿੰਘ ਨੰਦਗੜ੍ਹ, ਜੋਗਿੰਦਰ ਸਿੰਘ ਕਲਿਆਣ, ਬਲਬੀਰ ਸਿੰਘ ਗਿੱਦੜ, ਬਲਦੇਵ ਸਿੰਘ ਪੂਹਲੀ, ਕੂਕਾ ਸਿੰਘ ਨਥਾਣਾ ਨੇ ਵੀ ਵਿਚਾਰ ਰੱਖੇ।

ਬਠਿੰਡਾ ਦੇ ਕਾਂਗਰਸੀਆਂ ਨੇ ਡਾ ਭੀਮ ਰਾਓ ਅੰਬੇਦਕਰ ਦਾ ਮਨਾਇਆ ਜਨਮ ਦਿਹਾੜਾ

0

ਬਠਿੰਡਾ, 14 ਅਪ੍ਰੈਲ: ਸਥਾਨਕ ਕਾਂਗਰਸ ਭਵਨ ਵਿਖੇ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਕਾਂਗਰਸ ਪਾਰਟੀ ਦੇ ਸਮੁੱਚੇ ਲੀਡਰ ਕੌਂਸਲਰ ਵੱਖ ਵੱਖ ਵਿੰਗਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਸ਼ਰਧਾ ਫੁੱਲ ਭੇਂਟ ਕਰਕੇ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸਾਬਕਾ ਪ੍ਰਧਾਨ ਅਰੁਣ ਵਧਾਵਣ, ਸੀਨੀ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਸਿੱਧੂਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭੀਮ ਰਾਓ ਜੀ ਵੱਲੋਂ ਕਾਂਗਰਸ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਸੰਵਿਧਾਨ ਨੂੰ ਅਮਲੀ ਰੂਪ ਪਹਿਨਾਇਆ ਪ੍ਰੰਤੂ ਮੌਜੂਦਾ ਭਾਜਪਾ ਸਰਕਾਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਲਿਖੇ ਸੰਵਿਧਾਨ ਦੀਆਂ ਹੀ ਧੱਜੀਆਂ ਉਡਾ ਰਹੀ ਹੈ ਅਤੇ ਵਿਰੋਧੀ ਧਿਰਾਂ ਖਿਲਾਫ ਸਿਆਸੀ ਸ਼ਾਦਿਸ਼ਾਂ ਰਚੀਆਂ ਜਾ ਰਹੀਆਂ ਹਨ।

ਲੱਖਾ ਸਿਧਾਣਾ ਬਠਿੰਡਾ ਤੋਂ ਲੜਣਗੇ ਚੋਣ, ਅਕਾਲੀ ਦਲ ਅੰਮ੍ਰਿਤਸਰ ਨੇ ਦਿੱਤੀ ਹਿਮਾਇਤ

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਹੈ। ਦੂਜੇ ਪਾਸੇ ਅੱਜ ਦੇਸ਼ ਦੇ ਪਿਛਲੇ 10 ਸਾਲ ਤੋਂ ਕਾਬਜ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਝੂਠੇ ਵਾਅਦੇ ਕਰਕੇ ਸੱਤਾ ’ਤੇ ਮੁੜ ਕਾਬਜ਼ ੋਹੋਣਾ ਚਾਹੁੰਦੀ ਹੈ। ਇਸ ਮੌਕੇ ਐਸਸੀ ਵਿੰਗ ਦੇ ਚੇਅਰਮੈਨ ਸੁਨੀਲ ਕੁਮਾਰ ਦੀ ਅਗਵਾਈ ਵਿੱਚ ਬਣਾਏ ਸਨਮਾਨ ਪੱਤਰ ਦੇ ਕੇ ਕਾਂਗਰਸੀ ਵਰਕਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਪਵਨ ਮਾਨੀ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਬਲਾਕ ਪ੍ਰਧਾਨ ਹਰਵਿੰਦਰ ਲੱਡੂ, ਸੀਨੀਅਰ ਆਗੂ ਹਰੀ ਓਮ ਠਾਕੁਰ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਟਹਿਲ ਸਿੰਘ ਸੰਧੂ, ਟਹਿਲ ਸਿੰਘ ਬੁੱਟਰ, ਬਲਜੀਤ ਸਿੰਘ ਯੂਥ ਆਗੂ, ਕੌਂਸਲਰ ਸੁਖਦੇਵ ਸਿੰਘ ਸੁੱਖਾ, ਮਹਿੰਦਰ ਸਿੰਘ ਭੋਲਾ, ਜੋਗਿੰਦਰ ਸਿੰਘ ਇੰਟਕ, ਅਸੀਸ ਕਪੂਰ, ਬਲਵੀਰ ਸਿੰਘ, ਸੁਖਦੇਵ ਸਿੰਘ ਬਾਹੀਆ, ਗੰਡਾ ਸਿੰਘ, ਦੇਵਰਾਜ, ਕਿਰਨਜੀਤ ਸਿੰਘ ਗਹਿਰੀ, ਮਨੋਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ।

ਲੱਖਾ ਸਿਧਾਣਾ ਬਠਿੰਡਾ ਤੋਂ ਲੜਣਗੇ ਚੋਣ, ਅਕਾਲੀ ਦਲ ਅੰਮ੍ਰਿਤਸਰ ਨੇ ਦਿੱਤੀ ਹਿਮਾਇਤ

0

ਬਠਿੰਡਾ, 14 ਅਪ੍ਰੈਲ : ਪਿਛਲੇ ਕਾਫੀ ਲੰਮੇ ਸਮੇਂ ਤੋਂ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਿਮਾਇਤ ਦਿੰਦਿਆਂ ਬਠਿੰਡਾ ਲੋਕ ਸਭਾ ਦਾ ਉਮੀਦਵਾਰ ਐਲਾਨ ਦਿੱਤਾ ਹੈ। ਇਸ ਸਬੰਧ ਵਿਚ ਐਤਵਾਰ ਨੂੰ ਬਠਿੰਡਾ ਤੋਂ ਕੀਤੀ ਪ੍ਰੈਸ ਕਾਨਫਰੰਸ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਲੱਖਾ ਸਿਧਾਣਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਦਿਆਂ ਅਤੇ ਨੌਜਵਾਨਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਹਨ। ਜਿਸਦੇ ਚੱਲਦੇ ਪਾਰਟੀ ਨੇ ਬਠਿੰਡਾ ਤੋਂ ਉਨ੍ਹਾਂ ਨੂੰ ਅਪਣਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕਾ ਹੈ।

ਬਠਿੰਡਾ ਪੁਲਿਸ ਨੇ ਹਰਿਆਣਾ ਨਾਲ ਲੱਗਦੀ ਹੱਦ ਨੂੰ ਸੀਲ ਕਰਕੇ ਕੀਤੀ ਵਿਸ਼ੇਸ ਚੈਕਿੰਗ

ਇਸ ਮੌਕੇ ਹਾਜ਼ਰ ਲੱਖਾ ਸਿਧਾਣਾ ਨੇ ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਇੱਕ ਦੂਜੇ ਦੀ ਹਿਮਾਇਤ ਕਰਦੇ ਆ ਰਹੇ ਹਨ ਤੇ ਸੰਗਰੂਰ ਜਿਮਨੀ ਚੋਣ ਵਿਚ ਵੀ ਉਹ ਡਟ ਕੇ ਸ: ਮਾਨ ਦੇ ਨਾਲ ਖੜੇ ਰਹੇ ਹਨ ਅਤੇ ਹੁਣ ਵੀ ਦੂਜੀਆਂ ਸੀਟਾਂ ਉਪਰ ਉਨ੍ਹਾਂ ਦੀ ਹਿਮਾਇਤ ਕਰਨਗੇ। ਹਾਲਾਂਕਿ ਇਸ ਮੌਕੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਚ ਸ਼ਾਮਲ ਨਹੀਂ ਹੋ ਰਹੇ ਹਨ। ਜਿਕਰ ਕਰਨਾ ਬਣਦਾ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਮੋੜ ਹਲਕੇ ਤੋਂ ਵੱਡਾ ਸਮਰਥਨ ਪ੍ਰਾਪਤ ਕਰਨ ਵਾਲੇ ਲੱਖਾ ਸਿਧਾਣਾ ਨੂੰ ਕਿਸਾਨ ਜਥੇਬੰਦੀਆਂ ਨੇ ਹਿਮਾਇਤ ਦਿੱਤੀ ਸੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਸ ਵਾਰ ਵੀ ਪੰਜਾਬ ਹਿਤੈਸ਼ੀ ਧਿਰਾਂ ਉਸਦਾ ਸਮਰਥਨ ਕਰਨਗੀਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਵਾਲੀ ਤੇ ਹੋਰ ਆਗੂ ਵੀ ਹਾਜ਼ਰ ਸਨ।

ਬਠਿੰਡਾ ਪੁਲਿਸ ਨੇ ਹਰਿਆਣਾ ਨਾਲ ਲੱਗਦੀ ਹੱਦ ਨੂੰ ਸੀਲ ਕਰਕੇ ਕੀਤੀ ਵਿਸ਼ੇਸ ਚੈਕਿੰਗ

0

ਬਠਿੰਡਾ, 14 ਅਪ੍ਰੈਲ: ਡੀਜੀਪੀ ਗੌਰਵ ਯਾਦਵ ਦੀਆਂ ਹਿਦਾਇਤਾਂ ’ਤੇ ਐਤਵਾਰ ਨੂੰ ਬਠਿੰਡਾ ਪੁਲਿਸ ਵੱਲੋਂ ਐੱਸ.ਐੱਸ.ਪੀ ਦੀਪਕ ਪਾਰੀਕ ਦੀ ਅਗਵਾਈ ਹੇਠ ਅਪਰੇਸ਼ਨ ਸੀਲ-6 ਤਹਿਤ ਐਕਸਾਈਜ ਡਿਪਾਰਟਮੈਂਟ ਪੰਜਾਬ ਨਾਲ ਮਿਲਕੇ ਹਰਿਆਂਣਾ ਨਾਲ ਲੱਗਦੀਆਂ ਹੱਦਾਂ ਨੂੰ ਸੀਲ ਕੀਤਾ ਗਿਆ ਅਤੇ ਹਰਿਆਣਾ ਪੁਲਿਸ ਨਾਲ ਸਾਂਝੇ ਤੌਰ ਤੇ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਐਸ.ਐਸ.ਪੀ ਨੇ ਦੱਸਿਆ ਕਿ ਆਗਾਮੀ ਲੋਕ ਸਭਾ ਚੋਣਾ—2024 ਦੇ ਮੱਦੇਨਜ਼ਰ ਸ਼ੱਕੀ, ਸ਼ਰਾਰਤੀ ਅਨਸਰਾਂ ਅਤੇ ਕਿਸੇ ਵੀ ਤਰ੍ਹਾਂ ਦਾ ਨਸ਼ਾਂ ਤਸਕਰ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਹੀ ਜਾਵੇਗਾ।

ਓਪੀਐਸ ਸੀਲ: ਪੰਜਾਬ ਪੁਲਿਸ ਵੱਲੋਂ ਨਸ਼ਾ ਅਤੇ ਸ਼ਰਾਬ ਦੀ ਤਸਕਰੀ ਰੋਕਣ ਲਈ ਸਰਹੱਦੀ ਜ਼ਿਲਿ੍ਹਆਂ ਦੇ 220 ਐਂਟਰੀ/ਐਗਜ਼ਿਟ ਪੁਆਇੰਟ ਸੀਲ

ਹਰਿਆਣਾ ਪੁਲਿਸ ਦੇ ਸਾਂਝੇ ਓਪਰੇਸ਼ਨ ਦੌਰਾਨ ਸ਼ੱਕੀ ਵਹੀਕਲ਼ਾਂ ਦੀ ਵਾਹਨ ਐਪ ਦੀ ਵਰਤੋਂ ਕਰਕੇ ਚੈਕਿੰਗ ਕੀਤੀ ਗਈ ਅਤੇ ਪਾਈਸ ਐਪ ਨਾਲ ਸ਼ੱਕੀ ਪੁਰਸ਼ਾ ਦੀ ਚੈਕਿੰਗ ਕੀਤੀ ਗਈ।ਇਸ ਦੌਰਾਨ ਨਾਕਿਆਂ ਪਰ ਸ਼ੱਕੀ ਵਹੀਕਲਾਂ ਅਤੇ ਨਸ਼ਾ ਤਸਕਰਾਂ ਤੇ ਨਕੇਲ ਕਸਣ ਲਈ ਨਾਕਿਆਂ ਪਰ ਕੈਮਰੇ ਲਗਾਏ ਗਏ ਹਨ। ਬਠਿੰਡਾ ਪੁਲਿਸ ਵੱਲੋਂ 220 ਅੰਤਰਰਾਜੀ ਨਾਕੇ ਲਗਾਏ ਗਏ।ਨਾਕਿਆ ਪਰ ਤਾਇਨਾਤ ਪੁਲਿਸ ਫੋਰਸ ਨੂੰ ਉਹਨਾਂ ਦੀ ਡਿਊਟੀ ਸਬੰਧੀ ਬਰੀਫ ਕੀਤਾ ਗਿਆ। ਹਰ ਇੱਕ ਨਾਕੇ ਦੀ ਸੁਪਰਵੀਜਨ ਡੀ.ਐੱਸ.ਪੀ ਵੱਲੋਂ ਕੀਤੀ ਜਾ ਰਹੀ ਹੈ।ਇਹਨਾਂ ਨਾਕਿਆਂ ਪਰ ਕੁੱਲ 500 ਮੁਲਾਜਮ ਤਾਇਨਾਤ ਕੀਤੇ ਗਏ।

ਓਪੀਐਸ ਸੀਲ: ਪੰਜਾਬ ਪੁਲਿਸ ਵੱਲੋਂ ਨਸ਼ਾ ਅਤੇ ਸ਼ਰਾਬ ਦੀ ਤਸਕਰੀ ਰੋਕਣ ਲਈ ਸਰਹੱਦੀ ਜ਼ਿਲਿ੍ਹਆਂ ਦੇ 220 ਐਂਟਰੀ/ਐਗਜ਼ਿਟ ਪੁਆਇੰਟ ਸੀਲ

0

10 ਲੱਖ ਰੁਪਏ ਨਕਦ, 110 ਕਿਲੋ ਭੁੱਕੀ, 1 ਕਿਲੋ ਅਫੀਮ, 24 ਗ੍ਰਾਮ ਹੈਰੋਇਨ, ਭਾਰੀ ਮਾਤਰਾ ਵਿੱਚ ਜਾਇਜ਼ ਤੇ ਨਜਾਇਜ਼ ਸ਼ਰਾਬ ਬਰਾਮਦ
ਚੰਡੀਗੜ੍ਹ, 14 ਅਪ੍ਰੈਲ: ਆਗਾਮੀ ਲੋਕ ਸਭਾ ਚੋਣਾਂ-2024 ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣਾ ਯਕੀਨੀ ਬਣਾਉਣ ਲਈ, ਪੰਜਾਬ ਪੁਲਿਸ ਨੇ ਐਤਵਾਰ ਨੂੰ ਸਰਹੱਦੀ ਸੂਬੇ ਪੰਜਾਬ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕਰਨ ਲਈ ਇੱਕ ਵਿਸ਼ੇਸ਼ ਆਪ੍ਰੇਸ਼ਨ ’ਓਪੀਐਸ ਸੀਲ-V9’ ਚਲਾਇਆ, ਤਾਂ ਜੋ ਨਸ਼ਾ ਅਤੇ ਗੈਰ-ਕਾਨੂੰਨੀ ਸ਼ਰਾਬ ਤਸਕਰਾਂ ਦੀ ਆਵਾਜਾਈ ‘ਤੇ ਨਜ਼ਰ ਰੱਖੀ ਜਾ ਸਕੇ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਇਹ ਆਪ੍ਰੇਸ਼ਨ ਚਲਾਇਆ ਗਿਆ ਤਾਂ ਜੋ ਇੱਕੋ ਸਮੇਂ ਸਾਰੇ ਬਾਰਡਰਾਂ ਤੋਂ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰਨਾ ਯਕੀਨੀ ਬਣਾਇਆ ਜਾ ਸਕੇ।ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਾਰੇ 10 ਸਰਹੱਦੀ ਜ਼ਿਲਿ੍ਹਆਂ ਦੇ ਸੀਨੀਅਰ ਪੁਲਿਸ ਕਪਤਾਨਾਂ (ਐਸਐਸਪੀਜ਼) ਨੂੰ ਗਜ਼ਟਿਡ ਅਫ਼ਸਰਾਂ/ਐਸਐਚਓਜ਼ ਦੀ ਨਿਗਰਾਨੀ ਹੇਠ ਆਪੋ-ਆਪਣੇ ਜ਼ਿਲਿ੍ਹਆਂ ਵਿੱਚ ਮਜ਼ਬੂਤ ’ਨਾਕੇ’ ਲਗਾਉਣ ਲਈ ਵੱਧ ਤੋਂ ਵੱਧ ਸਟਾਫ਼ ਤਾਇਨਾਤ ਕਰਨ ਅਤੇ ਸਾਰੇ ਐਂਟਰੀ/ਐਗਜਿਟ ਪੁਆਇੰਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੀਲ ਕਰਨ ਲਈ ਕਿਹਾ ਗਿਆ ਸੀ।

ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ, ਜਲੰਧਰ ਤੋਂ ਪਵਨ ਟੀਨੂੰ ‘ਆਪ’ ਵਿੱਚ ਸ਼ਾਮਿਲ

ਉਨ੍ਹਾਂ ਅੱਗੇ ਕਿਹਾ ਕਿ ’ਓਪੀਐਸ ਸੀਲ-V9’ ਦੇ ਹਿੱਸੇ ਵਜੋਂ ਐਸਐਸਪੀਜ਼ ਨੂੰ ਸੰਵੇਦਨਸ਼ੀਲ ਥਾਵਾਂ ’ਤੇ ਨਿੱਜੀ ਤੌਰ ’ਤੇ ਕੁਝ ਨਾਕਿਆਂ ਦਾ ਦੌਰਾ ਕਰਨ ਦੇ ਨਾਲ-ਨਾਲ ਪ੍ਰਭਾਵਸ਼ਾਲੀ ਨਾਕਾਬੰਦੀ ਨੂੰ ਯਕੀਨੀ ਬਣਾਉਣ ਲਈ ਗੁਆਂਢੀ ਰਾਜਾਂ ਵਿੱਚ ਆਪਣੇ ਹਮਰੁਤਬਾ ਨਾਲ ਸੰਪਰਕ ਕਰਕੇ ਸਾਂਝੇ ਨਾਕੇ ਲਗਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਚਾਰ ਸਰਹੱਦੀ ਰਾਜਾਂ ਅਤੇ ਯੂਟੀ ਚੰਡੀਗੜ੍ਹ ਨਾਲ ਲੱਗਦੇ 10 ਜ਼ਿਲਿ੍ਹਆਂ ਦੇ ਸਾਰੇ 220 ਐਂਟਰੀ/ਐਗਜ਼ਿਟ ਪੁਆਇੰਟਾਂ ’ਤੇ ਇੰਸਪੈਕਟਰਾਂ/ਡੀ.ਐਸ.ਪੀਜ਼ ਦੀ ਨਿਗਰਾਨੀ ਹੇਠ 1500 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਵਧੀਆ ਤਾਲਮੇਲ ਨਾਲ ਨਾਕੇ ਲਗਾਏ ਗਏ। ਜ਼ਿਕਰਯੋਗ ਹੈ ਕਿ ਇਹਨਾਂ 10 ਅੰਤਰਰਾਜੀ ਸਰਹੱਦੀ ਜ਼ਿਲਿ੍ਹਆਂ ਵਿੱਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ, ਐਸਏਐਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਸ ਅਪ੍ਰੇਸ਼ਨ ਦੌਰਾਨ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਅਤੇ ਆਮ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਣ ਨੂੰ ਯਕੀਨੀ ਬਣਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਸੀ ਕਿ ਇਸ ਕਾਰਵਾਈ ਦੌਰਾਨ ਉਨ੍ਹਾਂ ਦੇ ਵਾਹਨਾਂ ਦੀ ਚੈਕਿੰਗ ਦੌਰਾਨ ਹਰ ਵਿਅਕਤੀ ਨਾਲ ਨਿਮਰਤਾ ਅਤੇ ਦੋਸਤਾਨਾ ਢੰਗ ਨਾਲ ਪੇਸ਼ ਆਇਆ ਜਾਵੇ।

ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਜ਼ਬਰਦਸਤ ਵਿਰੋਧ

ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਇਸ ਅਪ੍ਰੇਸ਼ਨ ਦੌਰਾਨ ਸੂਬੇ ਵਿੱਚ ਆਉਣ-ਜਾਣ ਵਾਲੇ 5137 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 200 ਦੇ ਚਲਾਨ ਕੀਤੇ ਗਏ ਅਤੇ 22 ਵਾਹਨਾਂ ਨੂੰ ਜ਼ਬਤ ਕੀਤਾ ਗਿਆ। ਪੁਲਿਸ ਟੀਮਾਂ ਵੱਲੋਂ ‘ਵਾਹਨ’ ਮੋਬਾਈਲ ਐਪ ਦੀ ਵਰਤੋਂ ਕਰਕੇ ਸਾਰੇ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਦੀ ਪੁਸ਼ਟੀ ਵੀ ਕੀਤੀ ਗਈ।ਦੱਸਣਯੋਗ ਹੈ ਕਿ ਪੁਲਿਸ ਨੇ 44 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 42 ਐਫਆਈਆਰਜ਼ ਵੀ ਦਰਜ ਕੀਤੀਆਂ ਹਨ ਅਤੇ ਉਨ੍ਹਾਂ ਕੋਲੋਂ 10 ਲੱਖ ਰੁਪਏ ਨਕਦ, 110 ਕਿਲੋ ਭੁੱਕੀ, 1 ਕਿਲੋ ਅਫੀਮ, 24 ਗ੍ਰਾਮ ਹੈਰੋਇਨ, 228 ਲੀਟਰ ਨਾਜਾਇਜ਼ ਸ਼ਰਾਬ, 175 ਲੀਟਰ ਜਾਇਜ਼ ਸ਼ਰਾਬ ਅਤੇ 100 ਲੀਟਰ ਲਾਹਨ ਬਰਾਮਦ ਕੀਤਾ ਗਿਆ। ਪੁਲਿਸ ਟੀਮਾਂ ਨੇ ਪੁੱਛਗਿੱਛ ਲਈ 222 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ।ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸੂਬੇ ਵਿੱਚ ਅਪਰਾਧੀਆਂ, ਨਸ਼ਾ ਅਤੇ ਗੈਰ-ਕਾਨੂੰਨੀ ਸ਼ਰਾਬ ਤਸਕਰਾਂ ਦੇ ਆਉਣ-ਜਾਣ ‘ਤੇ ਰੋਕ ਲਗਾਉਣ ਲਈ ਇੱਕ ਵਿਆਪਕ ਰਣਨੀਤੀ ਤਿਆਰ ਕੀਤੀ ਹੈ। ਸਾਰੇ ਸੀਪੀਜ਼/ਐਸਐਸਪੀਜ਼ ਨੂੰ ਪਹਿਲਾਂ ਹੀ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਸਮਾਜ ਵਿਰੋਧੀ ਅਨਸਰਾਂ ਦੀ ਚੌਕਸੀ ਰੱਖਣ ਲਈ ਸੂਬੇ ਭਰ ਵਿੱਚ ਵਿਸ਼ੇਸ਼ ਨਾਕੇ ਲਗਾਉਣ ਅਤੇ ਗਸ਼ਤ ਕਰਨ ਵਾਲੀਆਂ ਪਾਰਟੀਆਂ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।

ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ, ਜਲੰਧਰ ਤੋਂ ਪਵਨ ਟੀਨੂੰ ‘ਆਪ’ ਵਿੱਚ ਸ਼ਾਮਿਲ

0
ਜਲੰਧਰ,14 ਅਪ੍ਰੈਲ: ਪਹਿਲਾਂ ਹੀ ਸਿਆਸੀ ਤੌਰ ‘ਤੇ ਕਾਫੀ ਨੁਕਸਾਨ ਝੱਲ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਦੁਆਬੇ ਦੇ ਉੱਘੇ ਆਗੂ ਅਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ ਆਇਆ ਕਹਿੰਦਿਆਂ ਸਵਾਗਤ ਕੀਤਾ। ਚਰਚਾ ਹੈ ਕਿ ਸ੍ਰੀ ਟੀਨੂ ਨੂੰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਜਾਵੇਗਾ।
ਇਥੇ ਦੱਸਣਾ ਬਣਦਾ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਮਾਲਵਾ ਦੇ ਵੱਡੇ ਆਗੂ ਮੰਨੇ ਜਾਂਦੇ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਅਤੇ ਪੁੱਤਰ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਭਾਜਪਾ ਵੱਲੋਂ ਉਨਾਂ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੇਣੀ ਵੀ ਤੈਅ ਹੈ। ਇਸ ਤੋਂ ਬਾਅਦ ਹੁਣ ਪਵਨ ਕੁਮਾਰ ਟੀਨੂੰ ਦੇ ਰੂਪ ਵਿੱਚ ਹੋਰ ਵੱਡਾ ਝਟਕਾ ਲੱਗਿਆ ਹੈ। ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹੀ ਇਹ ਚਰਚਾ ਚੱਲ ਰਹੀ ਸੀ ਕਿ ਜਲੰਧਰ ਤੋਂ ਸੱਤਾਧਾਰੀ ਆਮ ਆਦਮੀ ਪਾਰਟੀ ਕਿਸੇ ਵੱਡੇ ਆਗੂ ਦੀ ਖੋਜ ਵਿੱਚ ਹੈ ਅਤੇ ਉਸ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਕੇ ਲੋਕ ਸਭਾ ਚੋਣ ਲੜਾ ਸਕਦੀ ਹੈ।
ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਪਵਨ ਕੁਮਾਰ ਟੀਨੂ ਨੂੰ ਉਮੀਦਵਾਰ ਬਣਾਏ ਜਾਣ ਦੀ ਪੂਰੀ ਤਿਆਰੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਤੋਂ ਪਹਿਲਾਂ ਆਪਣੇ ਸਿਟਿੰਗ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨ ਦਿੱਤਾ ਸੀ ਪ੍ਰੰਤੂ ਉਹ ਪਾਰਟੀ ਦੇ ਇੱਕ ਹੋਰ ਵਿਧਾਇਕ ਸ਼ੀਤਲ ਅੰਗਰਾਲ ਨੂੰ ਨਾਲ ਲੈ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਭਾਜਪਾ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।ਉਧਰ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸ੍ਰੀ ਟੀਨੂੰ ਨੂੰ ਸਮੇਂ ਸਮੇਂ ਬਹੁਤ ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਸਨ ਪਰੰਤੂ ਉਹਨਾਂ ਵੱਲੋਂ ਹੁਣ ਇਸ ਤਰਾਂ ਜਾਣਾ ਦੁੱਖਦਾਈ ਹੈ ਪਰੰਤੂ ਪਾਰਟੀ ਨੂੰ ਇਸਦਾ ਕੋਈ ਨੁਕਸਾਨ ਨਹੀਂ ਹੋਣਾ ਹੈ।