ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 28 ਜੁਲਾਈ: ਜ਼ਿਲ੍ਹਾ ਸਿਹਤ ਵਿਭਾਗ ਬਠਿੰਡਾ ਵੱਲੋਂ ਐਚ.ਐਮ.ਈ.ਐਲ ਰਿਫਾਇਨਰੀ ਬਠਿੰਡਾ ਦੇ ਸਹਿਯੋਗ ਨਾਲ ਵਿਸ਼ਵ ਹੈਪੇਟਾਈਟਸ ਦਿਵਸ ’ਤੇ “ਵਨ ਲਾਈਫ, ਵਨ ਲਿਵਰ”ਵਿਸ਼ੇ ਨਾਲ ਇੱਕ ਮਹੱਤਵਪੂਰਨ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਆਕੂਪੇਸ਼ਨਲ ਹੈਲਥ ਸੈਂਟਰ ਵਿੱਚ ਹੋਇਆ ਅਤੇ ਇਸਦਾ ਉਦੇਸ਼ ਹੈਪੇਟਾਈਟਸ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਰੋਕਥਾਮ ਉਪਾਵਾਂ ਨੂੰ ਉਤਸ਼ਾਹਿਤ ਕਰਨਾ ਸੀ।ਇਸ ਸਬੰਧੀ ਜਾਣਕਾਰੀ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਢਿੱਲੋਂ ਨੇ ਦਿੱਤੀ।ਇਸ ਦੌਰਾਨ ਸ੍ਰੀ ਏ.ਐਸ. ਬਾਸੂ, ਸੀ.ਓ.ਓ. ਐਚ.ਐਮ.ਈ.ਐਲ. ਰਿਫਾਇਨਰੀ, ਡਾ. ਪ੍ਰਵੀਨ ਮੁਦਗਲ, ਸੀ.ਐਮ.ਓ. ਆਕੂਪੇਸ਼ਨਲ ਹੈਲਥ ਸੈਂਟਰ ਡਾ. ਮਨੀਸ਼ ਗੁਪਤਾ, ਜ਼ਿਲ੍ਹਾ ਕੋਵਿਡ ਅਫ਼ਸਰ ਅਤੇ ਨਰਿੰਦਰ ਕੁਮਾਰ ਨੇ ਆਪਣੀ ਹਾਜ਼ਰੀ ਭਰੀ।ਇਸ ਮੌਕੇ ਡਾ. ਤੇਜਵੰਤ ਢਿੱਲੋਂ ਵਲੋਂ ਹੈਪੇਟਾਈਟਸ ਤੋਂ ਬਚਾਓ ਲਈ ਛੇਤੀ ਟੈਸਟਿੰਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ ਅਤੇ ਸਿਵਲ ਹਸਪਤਾਲ ਬਠਿੰਡਾ ਵਿਖੇ ਸਿਹਤ ਸਹੂਲਤਾਂ ’ਚ ਮੁਫ਼ਤ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਦੀ ਉਪਲਬਧਤਾ ਬਾਰੇ ਚਾਨਣਾ ਪਾਇਆ। ਡਾ. ਪ੍ਰਵੀਨ ਮੁਦਗਲ ਨੇ ਹੈਪੇਟਾਈਟਸ ਦੇ ਲੱਛਣਾਂ ਅਤੇ ਇਸ ਦੀ ਰੋਕਥਾਮ ਵਿੱਚ ਟੀਕਾਕਰਨ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ।ਹੈਪੇਟਾਈਟਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਰੋਕਥਾਮ ਵਾਲੇ ਜਨਤਕ ਸਿਹਤ ਉਪਾਵਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਇਸ ਮੌਕੇ ਜਾਣਕਾਰੀ ਭਰਪੂਰ ਸਮੱਗਰੀ ਵੰਡੀ ਗਈ ਜਿਸ ਨਾਲ ਹੈਪੇਟਾਈਟਸ ਅਤੇ ਇਸਦੇ ਰੋਕਥਾਮ ਉਪਾਵਾਂ ਬਾਰੇ ਵਿਆਪਕ ਗਿਆਨ ਨੂੰ ਯਕੀਨੀ ਬਣਾਇਆ ਗਿਆ ਸੀ।ਡਾ. ਮਨੀਸ਼ ਗੁਪਤਾ ਵਲੋਂ ਇਸ ਮੌਕੇ ਕੈਂਪ ਵਿਚ ਸੇਵਾਵਾਂ ਦੇਣ ਪਹੁੰਚੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ।ਇਸ ਤੋਂ ਇਲਾਵਾ ਰਿਫਾਇਨਰੀ ਦੇ ਕਰਮਚਾਰੀਆਂ ਲਈ ਹੈਪੇਟਾਈਟਸ ਬੀ ਦਾ ਟੀਕਾਕਰਨ ਕੈਂਪ ਵੀ ਲਗਾਇਆ ਗਿਆ ਅਤੇ ਲੋੜ ਪੈਣ ’ਤੇ ਜਲਦੀ ਪਤਾ ਲਗਾਉਣ ਅਤੇ ਇਲਾਜ ਨੂੰ ਯਕੀਨੀ ਬਣਾਉਣ ਲਈ ਹੈਪੇਟਾਈਟਸ ਦੀ ਜਾਂਚ ਕੀਤੀ ਗਈ।
ਸਿਹਤ ਵਿਭਾਗ ਤੇ ਰਿਫਾਇਨਰੀ ਦੇ ਸਹਿਯੋਗ ਨਾਲ ‘ਵਿਸ਼ਵ ਹੈਪੇਟਾਈਟਸ ਦਿਵਸ’ ਸਬੰਧੀ “ਵਨ ਲਾਈਫ, ਵਨ ਲਿਵਰ”ਵਿਸ਼ੇ ’ਤੇ ਸਮਾਗਮ
ਨਵੇਂ ਯੁੱਗ ਦੀ ਸ਼ੁਰੂਆਤ: ਮੁੱਖ ਮੰਤਰੀ ਨੇ 12,710 ਅਧਿਆਪਕਾਂ ਨਾਲ ਜੁੜਿਆ ‘ਕੱਚਾ’ ਸ਼ਬਦ ਹਟਾਇਆ
ਠੇਕਾ ਆਧਾਰਤ ਅਧਿਆਪਕਾਂ ਨੂੰ ਰੈਗੂਲਰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਜੁਲਾਈ: ਸੂਬੇ ਵਿੱਚ ‘ਨਵੇਂ ਯੁੱਗ ਦੀ ਸ਼ੁਰੂਆਤ’ ਦੀ ਦਿਸ਼ਾ ਵਿੱਚ ਕਦਮ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ 12,710 ਠੇਕਾ ਆਧਾਰਤ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਦੇ ਪੱਤਰ ਸੌਂਪ ਕੇ ਅਧਿਆਪਕ ਵਰਗ ਨਾਲ ਕੀਤੇ ਵੱਡੇ ਵਾਅਦਾ ਨੂੰ ਪੂਰਾ ਕਰ ਦਿਖਾਇਆ ਹੈ।ਇੱਥੇ ਟੈਗੋਰ ਥੀਏਟਰ ਵਿਖੇ ਹੋਏ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਨਿਕ ਅੜਚਣਾਂ ਨੂੰ ਪਾਰ ਕਰਦਿਆਂ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ `ਤੇ ਜ਼ੋਰ ਦਿੱਤਾ ਹੈ।ਭਗਵੰਤ ਮਾਨ ਨੇ ਕਿਹਾ ਕਿ ਇਸ ਫੈਸਲੇ ਦਾ ਮੰਤਵ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣਾ ਹੈ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੇ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਹੈ ਤਾਂ ਹੀ ਉਹ ਵਿਦਿਆਰਥੀਆਂ ਦੀ ਕਿਸਮਤ ਨੂੰ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਗਏ ਠੋਸ ਉਪਰਾਲਿਆਂ ਸਦਕਾ ਹੀ ਅੱਜ ਇਹ ਇਤਿਹਾਸਕ ਦਿਨ ਦੇਖਣ ਨੂੰ ਮਿਲ ਰਿਹਾ ਹੈ।ਹੋਰ ਮੁਲਾਜ਼ਮਾਂ ਨਾਲ ਆਪਣੀ ਭਾਵੁਕ ਸਾਂਝ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਮੁਲਾਜ਼ਮ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ, ਜਿਸ ਲਈ ਸੂਬਾ ਸਰਕਾਰ ਪਹਿਲਾਂ ਹੀ ਹਰ ਸੰਭਵ ਯਤਨ ਕਰ ਰਹੀ ਹੈ। ਇਹ ਆਖਦਿਆਂ ਕਿ ਉਹ ਅਧਿਆਪਕ ਵਰਗ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮੌਜੂਦ ਹਨ, ਭਗਵੰਤ ਮਾਨ ਨੇ ਕਿਹਾ ਕਿ ਉਹ ਇੱਕ ਅਧਿਆਪਕ ਦੇ ਪੁੱਤਰ ਹੋਣ ਦੇ ਨਾਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਅਧਿਆਪਕਾਂ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਜ਼ਾਨਾ ਲੋਕਾਂ ਦਾ ਹੈ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਇਕ-ਇਕ ਪੈਸਾ ਸਮਝਦਾਰੀ ਨਾਲ ਵਰਤਿਆ ਜਾਵੇਗਾ।ਇਕ ਕਲਾਕਾਰ ਵਜੋਂ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਸਰਹੱਦੀ ਪਿੰਡ ਦੀ ਇਕ ਲੜਕੀ ਦੀ ਜ਼ਿੰਦਗੀ ਬਦਲਣ ਦਾ ਕਿੱਸਾ ਸੁਣਾਉਂਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਉਸ ਲੜਕੀ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਉਨ੍ਹਾਂ ਦੇ ਨਿਮਾਣੇ ਯਤਨਾਂ ਸਦਕਾ ਉਸ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਅਤੇ ਉਸ ਨੇ ਸਫ਼ਲਤਾ ਦੀ ਨਵੀਂ ਕਹਾਣੀ ਲਿਖੀ। ਉਨ੍ਹਾਂ ਕਿਹਾ ਕਿ ਜੇ ਇਕ ਕਲਾਕਾਰ ਅਜਿਹਾ ਕਰ ਸਕਦਾ ਹੈ ਤਾਂ ਸੂਬੇ ਦਾ ਮੁਖੀ ਤਾਂ ਹੋਰ ਵੀ ਬਹੁਤ ਕੁਝ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਨਿਗੂਣੀਆਂ ਤਨਖ਼ਾਹਾਂ `ਤੇ ਕੰਮ ਕਰਨਾ ਪਿਆ ਅਤੇ ਪੁਰਾਣੀਆਂ ਸਰਕਾਰਾਂ ਦੀ ਬੇਰੁਖ਼ੀ ਕਾਰਨ ਉਨ੍ਹਾਂ ਨੂੰ ਆਪਣੇ ਜਾਇਜ਼ ਹੱਕਾਂ ਲਈ ਪ੍ਰਦਰਸ਼ਨ ਕਰਨਾ ਪਿਆ। ਭਗਵੰਤ ਮਾਨ ਨੇ ਕਿਹਾ ਕਿ ਮਨਰੇਗਾ ਅਧੀਨ ਕੰਮ ਕਰਦੇ ਮਜ਼ਦੂਰਾਂ ਨੂੰ ਵੀ ਅਧਿਆਪਕਾਂ ਨਾਲੋਂ ਵੱਧ ਤਨਖਾਹਾਂ ਮਿਲਦੀਆਂ ਸਨ। ਉਨ੍ਹਾਂ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਹ ਕੌਮ ਨਿਰਮਾਤਾਵਾਂ `ਤੇ ਅੱਤਿਆਚਾਰ ਨਹੀਂ ਤਾਂ ਹੋਰ ਕੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਸੇ `ਤੇ ਕੋਈ ਅਹਿਸਾਨ ਨਹੀਂ ਹੈ, ਸਗੋਂ ਸੂਬੇ ਅਤੇ ਜਨਤਾ ਦੀ ਸੇਵਾ ਕਰਨਾ ਉਨ੍ਹਾਂ ਦਾ ਮੁੱਢਲਾ ਫ਼ਰਜ਼ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਖ਼ੁਸ਼ ਹਨ ਕਿ ਸੂਬੇ ਦੇ ਲੋਕਾਂ ਨੇ ਉਨ੍ਹਾਂ `ਤੇ ਇੰਨਾ ਭਰੋਸਾ ਜਤਾਇਆ ਹੈ ਅਤੇ ਉਹ ਇਸ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੋਂ ਇਨ੍ਹਾਂ ਅਧਿਆਪਕਾਂ ਦੇ ਨਾਂ ਅੱਗਿਓਂ ‘ਕੱਚੇ’ ਸ਼ਬਦ ਹਮੇਸ਼ਾ ਲਈ ਹਟ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਹਰ ਸਾਲ ਪੰਜ ਫੀਸਦੀ ਤਨਖ਼ਾਹ ਵਾਧੇ ਦੇ ਨਾਲ-ਨਾਲ ਛੁੱਟੀਆਂ ਸਮੇਤ ਹੋਰ ਲਾਭ ਵੀ ਦਿੱਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਕ ਹੋਰ ਇਤਿਹਾਸਕ ਪਹਿਲਕਦਮੀ ਕਰਦਿਆਂ ਫੈਸਲਾ ਕੀਤਾ ਹੈ ਕਿ ਅਧਿਆਪਕ ਸਿਰਫ਼ ਅਧਿਆਪਨ ਕਾਰਜ ਨਾਲ ਸਬੰਧਤ ਸੇਵਾ ਨਿਭਾਉਣਗੇ ਅਤੇ ਉਨ੍ਹਾਂ ਦੀ ਕਿਸੇ ਗੈਰ-ਅਧਿਆਪਨ ਕਾਰਜ ਲਈ ਡਿਊਟੀ ਨਹੀਂ ਲਗਾਈ ਜਾਵੇਗੀ।ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਮਰਦਮਸ਼ੁਮਾਰੀ ਲਈ 66,000 ਅਧਿਆਪਕਾਂ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਉਨ੍ਹਾਂ ਵੱਲੋਂ ਸਪੱਸ਼ਟ ਸ਼ਬਦਾਂ ਵਿੱਚ ਇਨਕਾਰ ਕਰ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਇਸ ਮੰਤਵ ਲਈ ਬੇਰੋਜ਼ਗਾਰ ਨੌਜਵਾਨਾਂ ਨੂੰ ਭਰਤੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਸਰਕਾਰੀ ਕੰਮਕਾਜ ਕਰਨ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਹੁਨਰ ਵਿਕਾਸ ਵਿੱਚ ਵੀ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਫੈਸਲੇ ਸਿਰਫ਼ ਉਹੀ ਵਿਅਕਤੀ ਲੈ ਸਕਦਾ ਹੈ ਜੋ ਜ਼ਮੀਨੀ ਪੱਧਰ `ਤੇ ਲੋਕਾਂ ਨਾਲ ਜੁੜਿਆ ਹੋਵੇ।ਮੁੱਖ ਮੰਤਰੀ ਨੇ ਕਿਹਾ ਕਿ ਵੱਡੇ-ਵੱਡੇ ਘਰਾਂ ਵਿੱਚ ਰਹਿਣ ਵਾਲੇ ਆਗੂ ਅਜਿਹੇ ਫੈਸਲੇ ਨਹੀਂ ਲੈ ਸਕਦੇ ਕਿਉਂਕਿ ਉਹ ਜ਼ਮੀਨੀ ਹਕੀਕਤਾਂ ਤੋਂ ਜਾਣੂੰ ਨਹੀਂ ਹਨ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਉਨ੍ਹਾਂ ਕੋਲ ਇੰਨੇ ਵੱਡੇ ਘਰ ਨਹੀਂ ਹਨ ਪਰ ਲੋਕਾਂ ਦਾ ਅਥਾਹ ਪਿਆਰ ਅਤੇ ਵਿਸ਼ਵਾਸ ਹੀ ਉਨ੍ਹਾਂ ਦੀ ਸਾਰੀ ਜਾਇਦਾਦ ਅਤੇ ਖ਼ਜ਼ਾਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦੇ ਲੋਕ ਉਨ੍ਹਾਂ ਦੇ ਨਾਲ ਹਨ ਤਾਂ ਪੈਸੇ ਅਤੇ ਧਨ-ਦੌਲਤ ਦੇ ਰੂਪ ਵਿੱਚ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸੂਬਾ ਸਰਕਾਰਾਂ ਨੇ ਆਪਣੇ ਕਾਰਜਕਾਲਾਂ ਦੇ ਆਖ਼ਰੀ ਸਮੇਂ ਥੋੜ੍ਹੀਆਂ-ਬਹੁਤੀਆਂ ਰਿਆਇਤਾਂ ਦੇ ਕੇ ਲੋਕਾਂ ਨੂੰ ਮੂਰਖ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੇ ਸ਼ਾਸਨ ਦੌਰਾਨ ਲੋਕਾਂ ਨੂੰ ਲੁੱਟਿਆ ਹੈ ਅਤੇ ਕਦੇ ਵੀ ਉਨ੍ਹਾਂ ਦੀ ਭਲਾਈ ਲਈ ਕੋਈ ਵਿਸ਼ੇਸ਼ ਫੈਸਲੇ ਨਹੀਂ ਲਏ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸੱਤਾ ਵਿੱਚ ਆਉਣ ਦੇ ਪਹਿਲੇ ਦਿਨ ਤੋਂ ਹੀ ਲਗਾਤਾਰ ਕੰਮ ਕਰ ਰਹੀ ਹੈ।ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਇਹ ਅਧਿਆਪਕ ਸੂਬੇ ਵਿੱਚ ਸਿੱਖਿਆ ਪ੍ਰਦਾਨ ਕਰਨ ਲਈ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਅਤੇ ਅਧਿਆਪਕਾਂ ਦੇ ਸਾਂਝੇ ਯਤਨਾਂ ਸਦਕਾ ਪੰਜਾਬ ਮਿਆਰੀ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਕੇ ਉਭਰੇਗਾ। ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਦੇਖਣ ਨੂੰ ਮਿਲ ਰਹੀ ਹੈ ਅਤੇ ਅਸੀਂ ਸਾਰੇ ਖ਼ੁਸ਼ਕਿਸਮਤ ਹਾਂ ਕਿ ਅਸੀਂ ਇਸ ਉੱਦਮ ਦਾ ਹਿੱਸਾ ਹਾਂ।ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਹਵਾਈ ਅੱਡਿਆਂ `ਤੇ ਰਨਵੇਅ ਹਵਾਈ ਜਹਾਜ਼ ਨੂੰ ਸੁਚਾਰੂ ਢੰਗ ਨਾਲ ਉਡਾਣ ਭਰਨ ਦੀ ਸਹੂਲਤ ਦਿੰਦੇ ਹਨ, ਉਸੇ ਤਰ੍ਹਾਂ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਨੌਜਵਾਨਾਂ ਦੀ ਆਪਣੀ ਵੱਖਰੀ ਪਛਾਣ ਬਣਾਉਣ ਲਈ ਉਨ੍ਹਾਂ ਦੀ ਮਦਦ ਕਰਨ ਲਈ ਹਰ ਸੰਭਵ ਯਤਨ ਕਰਨ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਲਈ ਬੱਸ ਸੇਵਾ ਸ਼?ੁਰੂ ਕਰੇਗੀ ਅਤੇ ਇਸ ਲਈ 20,000 ਵਿਦਿਆਰਥੀਆਂ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ 12,000 ਲੜਕੀਆਂ ਅਤੇ 8,000 ਲੜਕੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਲਈ 21 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਜਾ ਚੁੱਕਾ ਹੈ, ਜਿਸ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਜੀ.ਪੀ.ਐੱਸ. ਸਿਸਟਮ ਨਾਲ ਲੈੱਸ ਕੀਤਾ ਜਾਵੇਗਾ ਤਾਂ ਜੋ ਮਾਪੇ ਬੱਸਾਂ ਦੀ ਆਵਾਜਾਈ `ਤੇ ਨਜ਼ਰ ਰੱਖ ਸਕਣ। ਉਨ੍ਹਾਂ ਅੱਗੇ ਕਿਹਾ ਕਿ ਇਹ ਕਦਮ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ਵੱਲ ਅਹਿਮ ਭੂਮਿਕਾ ਨਿਭਾਏਗਾ। ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਭਾਗ ਵਿੱਚ ਕ੍ਰਾਂਤੀ ਦੇ ਨਵੇਂ ਦੌਰ ਦੀ ਸ਼ੁਰੂਆਤ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।ਜ਼ਿਕਰਯੋਗ ਹੈ ਕਿ ਬੀ.ਏ ਪਾਸ ਸਿੱਖਿਆ ਪ੍ਰੋਵਾਈਡਰ (ਐਸੋਸੀਏਟ ਟੀਚਰ) ਜੋ ਪਹਿਲਾਂ 9500 ਰੁਪਏ ਤਨਖ਼ਾਹ ਲੈ ਰਹੇ ਸਨ, ਨੂੰ ਹੁਣ 20500 ਰੁਪਏ ਤਨਖਾਹ ਵਜੋਂ ਮਿਲਣਗੇ, ਜਦਕਿ ਈ.ਟੀ.ਟੀ. ਅਤੇ ਐਨ.ਟੀ.ਟੀ. ਯੋਗਤਾ ਵਾਲੇ ਅਧਿਆਪਕਾਂ ਨੂੰ ਮੌਜੂਦਾ 10250 ਰੁਪਏ ਦੀ ਤਨਖ਼ਾਹ ਦੇ ਮੁਕਾਬਲੇ 22000 ਰੁਪਏ ਮਿਲਣਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬੀ.ਏ./ਐਮ.ਏ. ਬੀ.ਐੱਡ ਡਿਗਰੀਆਂ ਵਾਲੇ ਅਜਿਹੇ ਅਧਿਆਪਕ, ਜੋ ਇਸ ਮੌਕੇ 11000 ਰੁਪਏ ਤਨਖਾਹ ਲੈ ਰਹੇ ਹਨ, ਨੂੰ ਹੁਣ 23500 ਰੁਪਏ ਤਨਖ਼ਾਹ ਮਿਲੇਗੀ। ਆਈ.ਈ.ਵੀ. ਵਲੰਟੀਅਰ ਜੋ ਹੁਣ ਤੱਕ 5500 ਰੁਪਏ ਤਨਖ਼ਾਹ ਲੈ ਰਹੇ ਸਨ, ਨੂੰ ਹੁਣ 15,000 ਰੁਪਏ ਤਨਖ਼ਾਹ ਮਿਲੇਗੀ। ਇਸੇ ਤਰ੍ਹਾਂ 3500 ਰੁਪਏ ਤਨਖਾਹ ਲੈ ਰਹੇ ਸਿੱਖਿਆ ਵਲੰਟੀਅਰਾਂ ਨੂੰ ਹੁਣ 15,000 ਰੁਪਏ ਅਤੇ 6000 ਰੁਪਏ ਤਨਖ਼ਾਹ ਲੈ ਰਹੇ ਈ.ਜੀ.ਐਸ., ਈ.ਆਈ.ਈ. ਅਤੇ ਐਸ.ਟੀ.ਆਰ. ਅਧਿਆਪਕਾਂ ਨੂੰ ਹੁਣ 18,000 ਰੁਪਏ ਮਿਲਣਗੇ।
ਮਾਨਸਾ ਜ਼ਿਲ੍ਹੇ ਦੇ 530 ਵਲੰਟੀਅਰ ਅਧਿਆਪਕਾਂ ਨੂੰ ਦਿੱਤੇ ਰੈਗੂਲਰ ਕਰਨ ਦੇ ਪੱਤਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 28 ਜੁਲਾਈ:ਪੰਜਾਬ ਸਰਕਾਰ ਵੱਲ੍ਹੋਂ ਰਾਜ ਦੇ ਸਰਕਾਰੀ ਸਕੂਲਾਂ ਚ ਇਕ ਦਹਾਕੇ ਤੋਂ ਕੰਮ ਕਰ ਰਹੇ 12500 ਸਿੱਖਿਆ ਪ੍ਰੋਵਾਈਡਰ, ਈ.ਜੀ.ਐੱਸ.,ਐੱਸ.ਟੀ.ਆਰ,ਏ.ਆਈ.ਈ,ਆਈ.ਈ.ਵੀ. ਵਲੰਟੀਅਰਾਂ ਨੂੰ ਅੱਜ ਰੈਗੂਲਰ ਹੋਣ ਦੇ ਦਿੱਤੇ ਪੱਤਰਾਂ ਤੋਂ ਬਾਅਦ ਉਨ੍ਹਾਂ ਚ ਭਾਰੀ ਖੁਸ਼ੀ ਪਾਈ ਜਾ ਰਹੀ। ਵੀਡੀਓ ਕਾਨਫਰੰਸ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜ ਦੇ ਸਿੱਖਿਆ ਅਧਿਕਾਰੀਆਂ, ਅਧਿਆਪਕਾਂ,ਸਕੂਲ ਮੈਨੇਜਮੈਂਟ ਕਮੇਟੀਆਂ,ਪੰਚਾਇਤਾਂ ਦੀ ਹਾਜ਼ਰੀ ਚ ਕੱਚੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇਤਿਹਾਸਕ ਫੈਸਲਾ ਲਿਆ ਹੈ,ਜਿਸ ਤਹਿਤ ਤੁਸੀਂ ਅੱਜ ਤੋਂ ਰੈਗੂਲਰ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰੋਗੇ।ਮਾਨਸਾ ਜ਼ਿਲ੍ਹੇ ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਰੂਬੀ ਬਾਂਸਲ ਦੀ ਅਗਵਾਈ 530 ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਉਨ੍ਹਾਂ ਨੂੰ ਪੱਤਰ ਜਾਰੀ ਕੀਤੇ ਗਏ, ਸਮੂਹ ਸਕੂਲਾਂ ਚ ਸਕੂਲ ਮੈਨੇਜਮੈਂਟ ਕਮੇਟੀਆਂ, ਅਧਿਆਪਕਾਂ, ਪੰਚਾਇਤਾਂ ਦੀ ਹਾਜ਼ਰੀ ਚ ਰੈਗੂਲਰ ਹੋਣ ਵਾਲੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਵੱਖ-ਵੱਖ ਥਾਵਾਂ ’ਤੇ ਆਪ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ,ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ,ਮਾਨਸਾ ਹਲਕੇ ਦੇ ਵਿਧਾਇਕ ਡਾ.ਵਿਜੈ ਸਿੰਗਲਾ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਸਿੰਗਲਾ, ਡਿਪਟੀ ਡੀਈਓ ਗੁਰਲਾਭ ਸਿੰਘ, ਬਲਾਕ ਸਿੱਖਿਆ ਅਫ਼ਸਰ ਅਮਨਦੀਪ ਸਿੰਘ ਅਤੇ ਸਮੂਹ ਸੈਂਟਰ ਹੈੱਡ ਟੀਚਰ,ਹੈੱਡ ਟੀਚਰ ਸਾਹਿਬਾਨ ਦੀ ਅਗਵਾਈ ਚ ਵਲੰਟੀਅਰ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਹੋਣ ’ਤੇ ਵਧਾਈ ਦਿੱਤੀ ਗਈ।ਭਾਈਦੇਸਾ ਵਿਖੇ ਹੋਏ ਸਮਾਗਮ ਦੌਰਾਨ ਡਾ.ਵਿਜੈ ਸਿੰਗਲਾ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਸਿੰਗਲਾ ਨੇ ਵਲੰਟੀਅਰ ਅਧਿਆਪਕਾਂ ਨੂੰ ਰੈਗੂਲਰ ਸੇਵਾਵਾਂ ਕਰਨ ਦੇ ਨਿਯੁਕਤੀ ਪੱਤਰ ਦਿੰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਿੱਤ ਦਿਨ ਇਤਿਹਾਸਕ ਫੈਸਲੇ ਲੈ ਰਹੀ ਹੈ,ਇਕ ਦਹਾਕੇ ਤੋਂ ਜੋ ਵਲੰਟੀਅਰ ਅਧਿਆਪਕ ਨਗੂਣੀਆਂ ਤਨਖਾਹਾਂ ’ਤੇੰ ਕੰਮ ਕਰ ਰਹੇ ਸੀ,ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਹੋਣ ਨਾਲ ਭਵਿੱਖ ਸੁਰੱਖਿਅਤ ਹੋ ਗਿਆ ਹੈ। ਇਸ ਮੌਕੇ ਸੈਂਟਰ ਹੈੱਡ ਟੀਚਰ ਪਰਵਿੰਦਰ ਸਿੰਘ ਦੀ ਅਗਵਾਈ ਚ ਵਲੰਟੀਅਰ ਅਧਿਆਪਕ ,ਰਾਜਿੰਦਰ ਕੌਰ,ਪਰਮਜੀਤ ਕੌਰ ਭਾਈਦੇਸਾ, ਹਰਪ੍ਰੀਤ ਕੌਰ ਖੜਕ ਸਿੰਘ ਵਾਲਾ ਨੂੰ ਰੈਗੂਲਰ ਹੋਣ ਦੇ ਨਿਯੁਕਤੀ ਪੱਤਰ ਦਿੰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਕਾਰੀ ਮਿਡਲ ਸਕੂਲ ਦੇ ਮੁਖੀ ਰਜਨੀ ਗਰਗ,ਸੈਂਟਰ ਸਕੂਲ ਦੇ ਅਧਿਆਪਕ ਅਮਨਦੀਪ ਸਿੰਘ, ਊਸ਼ਾ ਰਾਣੀ,ਜਸਪਿੰਦਰ ਕੌਰ,ਸਰਬਜੀਤ ਕੌਰ,ਸਕੂਲ ਚੇਅਰਮੈਨ ਰਾਜ ਕੁਮਾਰ,ਹਰਦੀਪ ਸਿੱਧੂ, ਸਮਾਜ ਸੇਵਿਕਾ ਜੀਤ ਦਹੀਆ, ਆਪ ਆਗੂ ਬਲਵੀਰ ਸਿੰਘ, ਬੀਰਾ ਸਿੰਘ, ਅਜੈਬ ਸਿੰਘ, ਗਰਾਮ ਪੰਚਾਇਤ ਅਤੇ ਪਿੰਡ ਨਿਵਾਸੀ ਹਾਜ਼ਰ ਸਨ।
ਪੰਜਾਬ ਸਰਕਾਰ ਦੇ ਪੱਕੇ ਆਡਰ ਝੂਠੇ ਨਿਕਲੇ,ਪਹਿਲੇ ਹੀ ਦਿਨ ਸਾੜੀਆਂ ਕਾਪੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 28 ਜੁਲਾਈ: ਕੱਚੇ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਪੱਕੇ ਕਰਨ ਦੇ ਤਾਜ਼ਾ ਆਰਡਰਾਂ ਨੂੰ ਝੂਠਾ ਕਰਾਰ ਦਿੱਤਾ ਹੈ। ਇਸ ਸਬੰਧ ਵਿਚ ਸਥਾਨਕ ਬਾਲ ਭਵਨ ਵਿਖੇ ਪੱਕੇ ਆਡਰਾਂ ਦੀਆਂ ਝੂਠੀਆਂ ਕਾਪੀਆਂ ਨੂੰ ਸਾੜਦਿਆਂ ਦੁੱਖ ਜ਼ਾਹਿਰ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੀ ਹੁਣ ਕੱਚੇ ਅਧਿਆਪਕਾਂ ਨਾਲ ਕੋਝੇ ਮਜ਼ਾਕ ਕਰਨ ਲੱਗੀ ਹੈ। ਕੱਚੇ ਅਧਿਆਪਕਾਂ ਨੇ ਦੋਸ਼ ਲਾਇਆ ਕਿ ਪੰਜਾਬ ਭਰ ਚ ਅੱਜ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਸਿਰਫ ਡਰਾਮਾ ਕੀਤਾ ਗਿਆ ਹੈ,ਆਡਰਾਂ ਚ ਕਿਧਰੇ ਵੀ ਰੈਗੂਲਰ ਸ਼ਬਦ ਨਹੀਂ ਲੱਭਦਾ। ਕੱਚੇ ਅਧਿਆਪਕਾਂ ਦੀ ਹਮਾਇਤ ’ਤੇ ਆਈਆਂ ਰੈਗੂਲਰ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਅਗਲੇ ਦਿਨਾਂ ਦੌਰਾਨ ਪੰਜਾਬ ਭਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅਰਥੀਆਂ ਸਾੜਦਿਆਂ ਆਪ ਦੀ ਹਕੂਮਤ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਸਾਢੇ ਬਾਰਾਂ ਹਜ਼ਾਰ ਕੱਚੇ ਅਧਿਆਪਕਾਂ ਨੂੰ ਰੈਗੂਲਰ ਆਰਡਰ ਦੇਣ ਦਾ ਡਰਾਮਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸਿਰਫ ਕੱਚੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਮਾਮੂਲੀ ਵਾਧਾ ਕਰਕੇ ਸਰਕਾਰ ਉਨ੍ਹਾਂ ਨੂੰ ਗੁੰਮਰਾਹ ਕਰਨ ਰਹੀ ਹੈ। ਉਨ੍ਹਾਂ ਕਿਹਾ ਮੌਜੂਦਾ ਸਰਕਾਰ ਨੇ ਪਿਛਲੇ ਸਾਲ ਅਧਿਆਪਕ ਦਿਵਸ ਮੌਕੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ ਸੀ।ਜਦ ਕਿ ਇੱਕ ਸਾਲ ਬੀਤਣ ਮਗਰੋਂ ਵੀ ਰੈਗੂਲਰ ਕਰਨ ਤੋਂ ਭੱਜ ਗਈ ਹੈ ਅਤੇ ਸਿਰਫ਼ ਤਨਖਾਹਾਂ ਵਿੱਚ ਵਾਧਾ ਕਰਕੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ਹੇਠ ਧੋਖਾ ਕਰ ਰਹੀ ਹੈ। ਇਸ ਮੌਕੇ ਅਮੋਲਕ ਸਿੰਘ ਡੇਲੂਆਣਾ ਨੇ ਕਿਹਾ ਕਿ ਸਰਕਾਰ ਦੀ ਇਸ ਚਾਲ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਗੋਂ ਸਰਕਾਰੀ ਪ੍ਰਾਪੇਗੰਡੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਅਧਿਆਪਕ ਆਗੂ ਗੁਰਤੇਜ ਸਿੰਘ ਉੱਭਾ ਨੇ ਕਿਹਾ ਕਿ ਉਹ ਕੱਚੇ ਅਧਿਆਪਕਾਂ ਨੂੰ ਨਾਲ ਲੈਕੇ ਰੈਗੂਲਰ ਆਰਡਰ ਮਿਲਣ ਤੱਕ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਰਸ਼ ਤੇ ਮਹਿਲਾ ਅਧਿਆਪਕ ਨੇ ਸਰਕਾਰ ਵਿਰੁੱਧ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਅਤੇ ਸਥਾਨਕ ਕਚਹਿਰੀਆਂ ਦੇ ਗੇਟ ਅੱਗੇ ਸਰਕਾਰ ਦੁਆਰਾ ਜਾਰੀ ਕੀਤੇ ਜਾਅਲੀ ਰੈਗੂਲਰ ਆਰਡਰਾਂ ਦੀਆਂ ਕਾਪੀਆਂ ਸਾੜੀਆਂ। ਹਰਜਿੰਦਰ ਅਨੂਪਗੜ੍ਹ ਨੇ ਕਿਹਾ ਕਿ ਅਧਿਆਪਕ ਏਕਤਾ ਦੇ ਬਲ ਤੇ ਪੰਜਾਬ ਸਿਵਿਲ ਸਰਵਿਸਿਜ਼ ਰੂਲਜ ਮੁਤਾਬਕ ਸਾਰੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਾਉਣ ਤੱਕ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਹਰਦੀਪ ਸਿੰਘ ਸਿੱਧੂ, ਰਾਜਿੰਦਰ ਸਿੰਘ ਦਲੇਲ ਸਿੰਘ ਵਾਲਾ, ਗੁਰਦੀਪ ਬਰਨਾਲਾ, ਨਵਜੋਸ਼ ਸਪੋਲੀਆ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਕਾਪੀਆਂ ਸਾੜਨ ਮੌਕੇ ਦਮਨਜੀਤ ਸਿੰਘ, ਚਰਨਜੀਤ ਸਿੰਘ, ਗੁਰਪ੍ਰੀਤ ਭੀਖੀ, ਸੁਖਚੈਨ ਸਿੰਘ ਸੇਖੋਂ, ਗੁਰਬਚਨ ਹੀਰੇਵਾਲਾ, ਚਰਨਪਾਲ ਸਿੰਘ, ਮਨਦੀਪ ਕੁਮਾਰ, ਤਰਵਿੰਦਰ ਹੀਰੇਵਾਲਾ, ਪਰਮਿੰਦਰ ਸਿੰਘ ਮਾਨਸਾ, ਹਰਵਿੰਦਰ ਕੋਟੜਾ, ਪੁਰਾਣੀ ਪੈਨਸ਼ਨ ਬਹਾਲੀ ਫਰੰਟ ਦੇ ਆਗੂ ਜਸਵੀਰ ਭੰਮਾ, ਸੀ ਪੀ ਐੱਫ ਕਰਮਚਾਰੀ ਯੂਨੀਅਨ ਵੱਲੋਂ ਧਰਮਿੰਦਰ ਹੀਰੇਵਾਲਾ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂ ਜਸਵੀਰ ਭੰਮਾ,ਵਿਦਿਆਰਥੀ ਆਗੂ ਪਰਦੀਪ ਗੁਰੂ, ਅਮਰਿੰਦਰ ਸਿੰਘ, ਬਲਵਿੰਦਰ ਕੌਰ ਕੋਰਵਾਲਾ, ਅਮਨਦੀਪ ਕੌਰ ਅਕਲੀਆ, ਸ਼ਰਨਜੀਤ ਕੌਰ ਅਕਲੀਆ, ਸਰਬਜੀਤ ਕੌਰ ਝੁਨੀਰ ਆਦਿ ਅਧਿਆਪਕ ਆਗੂ ਹਾਜ਼ਰ ਸਨ।
ਵਿਸ਼ਵ ਹੈਪੇਟਾਇਟਸ ਦਿਵਸ ਮੌਕੇ ਸਿਹਤ ਵਿਭਾਗ ਨੇ ਲਗਾਇਆ ਮੈਡੀਕਲ ਕੈਂਪ
ਬਰਸਾਤ ਦੇ ਮੌਸਮ ਕਾਰਨ ਸਿਹਤ ਪ੍ਰਤੀ ਜਾਗਰੂਕਤਾ ਜਰੂਰੀ: ਜ਼ਿਲ੍ਹਾ ਸਿਹਤ ਅਫ਼ਸਰ
ਪੰਜਾਬੀ ਖ਼ਬਰਸਾਰ ਬਿਉਰੋ
ਗੋਨਿਆਣਾ, 28 ਜੁਲਾਈ: ਵਿਸ਼ਵ ਹੈਪੇਟਾਇਟਸ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਸਥਾਨਕ ਪੰਚਾਇਤੀ ਧਰਮਸ਼ਾਲਾ ਵਿਖੇ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਇੰਡੀਅਨ ਮੈਡੀਕਲ ਐਸੋਸੀਏਸ਼ਨ ਬਠਿੰਡਾ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੇ ਮੁੱਖ ਮਹਿਮਾਨ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਊਸ਼ਾ ਗੋਇਲ ਸਨ ਜਦਕਿ ਪ੍ਰਧਾਨਗੀ ਸੀਨੀਅਰ ਮੈਡੀਕਲ ਅਫ਼ਸਰ ਗੋਨਿਆਣਾ ਡਾ: ਧੀਰਾ ਗੁਪਤਾ ਨੇ ਕੀਤੀ। ਇਸ ਮੌਕੇ ਆਈ.ਐਮ.ਏ. ਦੀ ਟੀਮ ਵੱਲੋਂ ਮਰੀਜਾਂ ਦੀ ਜਾਂਚ ਕੀਤੀ।ਇਸ ਮੌਕੇ ਬੋਲਦਿਆਂ ਡਾ: ਊਸ਼ਾ ਗੋਇਲ ਨੇ ਕਿਹਾ ਕਿ ਬਰਸਾਤ ਦੇ ਮੌਸਮ ਕਾਰਨ ਸਾਨੂੰ ਆਪਣੀ ਸਿਹਤ ਪ੍ਰਤੀ ਜ਼ਿਆਦਾ ਜਾਗਰੂਕ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ।ਇਸ ਮੌਕੇ ਬੋਲਦਿਆਂ ਡਾ: ਧੀਰਾ ਗੁਪਤਾ ਨੇ ਕਿਹਾ ਕਿ ਹੈਪੇਟਾਇਟਸ ਜ਼ਿਗਰ ਦੀ ਬਿਮਾਰੀ ਹੈ ਜੋ ਕਿ ਇਨਫੈਕਸ਼ਨ ਨਾਲ ਫੈਲਦੀ ਹੈ। ਉਨ੍ਹਾਂ ਕਿਹਾ ਕਿ ਦੂਸ਼ਿਤ ਖਾਣੇ ਤੋਂ ਬਚਾਅ ਰੱਖਣਾ ਚਾਹੀਦਾ ਹੈ ਕਿਉੱਕਿ ਹੈਪੇਟਾਇਟਸ ਏ ਅਤੇ ਈ ਦੂਬਿਤ ਪਾਣੀ ਜਾਂ ਖਾਣੇ ਕਾਰਨ ਫੈਲਦੇ ਹਨ। ਉਨ੍ਹਾਂ ਕਿਹਾ ਕਿ ਉਕਤ ਦੋਂ ਤੋਂ ਇਲਾਵਾ ਹੈਪੇਟਾਈਟਸ ਬੀ, ਸੀ ਅਤੇ ਡੀ ਖੂਨ ਰਾਹੀਂ ਫੈਲਦਾ ਹੈ।ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਹੜ੍ਹਾਂ ਅਤੇ ਬਰਸਾਤਾਂ ਦੇ ਸੀਜਨ ਕਾਰਨ ਸਿਵਲ ਸਰਜਨ ਬਠਿੰਡਾ ਦੀਆਂ ਹਦਾਇਤਾਂ ਮੁਤਾਬਿਕ ਵੱਖ—ਵੱਖ ਥਾਵਾਂ ਤੇ ਮੁਫ਼ਤ ਮੈਡੀਕਲ ਕੈਂਪ ਲਗਾਕੇ ਲੋਕਾਂ ਨੂੰ ਘਰਾਂ ਦੇ ਨਜ਼ਦੀਕ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਮਯੰਕਜੋਤ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਰੁਪਾਲੀ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ: ਅਮਨ ਛਾਬੜਾ, ਮੈਡੀਸਨ ਦੇ ਡਾ: ਜਯੰਤ ਕੁਮਾਰ, ਇਸਤਰੀ ਰੋਗਾਂ ਦੇ ਮਾਹਿਰ ਡਾ: ਕਿਰਨ ਛਾਬੜਾ, ਬੱਚਿਆਂ ਦੇ ਮਾਹਿਰ ਡਾ: ਦੀਪਤੀ ਬਜ਼ਾਜ, ਫਾਰਮੇਸੀ ਅਫ਼ਸਰ ਸੰਦੀਪ ਕੁਮਾਰ, ਮਪਹ ਸੁਪਰਵਾਇਜ਼ਰ ਪਵਨ ਕ੍ਰਿਸ਼ਨ ਕੁਮਾਰ, ਸੀ.ਐਚ.ਓ. ਸੁਖਦੀਪ ਕੌਰ, ਗੁਰਜੀਤ ਕੌਰ,ਮਪਹਵ ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਦਰਬਾਰਾ ਸਿੰਘ, ਪਵਨ ਕੁਮਾਰ, ਕੁਲਜੀਤ ਕੌਰ, ਮਨਦੀਪ ਕੌਰ, ਬਲਵਿੰਦਰ ਕੌਰ, ਐਲ.ਟੀ. ਗਗਨਦੀਪ ਸਿੰਘ, ਪਿਆਰਾ ਸਿੰਘ ਅਤੇ ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।
ਸੂਬਾ ਆਗੂ ਰਵੀਪਾਲ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਇੰਪ:ਫੈਡਰੇਸਨ ਚਾਹਲ ਗਰੁੱਪ ਵਿੱਚ ਸ਼ਾਮਲ ਹੋਏ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 28 ਜੁਲਾਈ: ਇੰਪਲਾਈਜ਼ ਫੈਡਰੇਸ਼ਨ ਚਾਹਲ ਗਰੁੱਪ ਯੂਨਿਟ ਥਰਮਲ ਪਲਾਂਟ ਲਹਿਰਾਂ ਮੁਹੱਬਤ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਬਲਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਰਜਿੰਦਰ ਸਿੰਘ ਨਿੰਮਾ ਜਨਰਲ ਸਕੱਤਰ, ਰਘਬੀਰ ਸਿੰਘ ਜੁਆਇੰਟ ਸਕੱਤਰ, ਰਜਿੰਦਰ ਬਹਾਦਰ ਪ੍ਰੈਸ ਸਕੱਤਰ, ਇੰਜ: ਯਾਦਵਿੰਦਰ ਸਿੰਘ ਖਜਾਨਚੀ, ਗੁਰਲਾਲ ਸਿੰਘ ਗਿੱਲ, ਰਵਿੰਦਰਪਾਲ ਸਿੰਘ, ਭਾਰਤ ਕਲੋਹਤਰਾ,ਰਾਮਜੀਤ ਸਿੰਘ ਆਦਿ ਮੈਬਰ ਹਾਜਰ ਹੋਏ। ਇਸ ਮੀਟਿੰਗ ਵਿੱਚ ਜਥੇਬੰਦੀ ਨੂੰ ਬਲ ਮਿਲਿਆ ਜਦੋਂ ਇੰਪਲਾਈਜ਼ ਫੈਡਰੇਸ਼ਨ ਚਾਹਲ ਗਰੁੱਪ ਦੇ ਅਹੁਦੇਦਾਰ ਵਲੋਂ ਮੁਲਾਜਮਾਂ ਪ੍ਰਤੀ ਕੀਤੇ ਜਾ ਰਹੇ ਮੰਗਾ ਮਸਲਿਆਂ ਦੇ ਹੱਲ ਨੂੰ ਦੇਖਦੇ ਹੋਏ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਗਰੁੱਪ ਦੇ ਸੂਬਾ ਆਗੂ ਰਵੀਪਾਲ ਸਿੰਘ ਆਪਣੇ ਸਾਥੀਆਂ ਸਤਿੰਦਰ ਸਿੰਘ, ਅਜੈਬ ਸਿੰਘ, ਅਮਰਿੰਦਰ ਸਿੰਘ, ਹਰਪ੍ਰੀਤ ਸਿੰਘ,ਨਿਰਭੈ ਸਿੰਘ, ਮਦਨ ਲਾਲ, ਸੁਮਿਤ ਕੁਮਾਰ, ਰਣਧੀਰ ਸਿੰਘ, ਗੁਰਦੀਪ ਸਿੰਘ ਸਮੇਤ ਇੰਪਲਾਈਜ਼ ਫੈਡਰੇਸ਼ਨ ਚਾਹਲ ਗਰੁੱਪ ਵਿੱਚ ਸ਼ਾਮਲ ਹੋ ਗਏ। ਇਸ ਸਮੇਂ ਚਾਹਲ ਗਰੁੱਪ ਦੇ ਅਹੁਦੇਦਾਰ ਵਲੋਂ ਇਹਨਾ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕੀਤਾ ਗਿਆ ਅਤੇ ਚਾਹਲ ਗਰੁੱਪ ਦੇ ਆਗੂਆਂ ਵਲੋਂ ਕਿਹਾ ਗਿਆ ਕਿ ਇਹਨਾਂ ਨਵੇਂ ਸਾਮਲ ਹੋਏ ਸਾਥੀਆ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਤਾਂ ਕਿ ਕਰਮਚਾਰੀਆਂ ਦੇ ਮੰਗਾ ਮਸਲੇ ਹੱਲ ਕਰਵਾਉਣ ਵਿੱਚ ਸਹਾਈ ਹੋ ਸਕਣ।
ਬਸਪਾ ਪ੍ਰਧਾਨ ਅਤੇ ਕੌਮੀ ਇਨਸਾਫ਼ ਮੋਰਚੇ ਦੇ ਮੈਬਰਾਂ ਦੀ ਹੋਈ ਮੀਟਿੰਗ
ਪੰਜਾਬ ਦੇ ਹਾਲਾਤ ਅਤੇ ਸਿੱਖ ਮਸਲਿਆਂ ਉਤੇ ਹੋਈ ਚਰਚਾ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 28 ਜੁਲਾਈ: ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨਾਲ ਕੌਮੀ ਇਨਸਾਫ਼ ਮੋਰਚੇ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ ਅਤੇ ਤਰੁਨ ਜੈਨ ਬਾਵਾ ਦੀ ਪੰਜਾਬ ਦੇ ਹਾਲਾਤਾਂ ਅਤੇ ਸਿੱਖ ਮਸਲਿਆਂ ਬਾਰੇ ਗੰਭੀਰ ਚਰਚਾ ਹੋਈ । ਮੋਰਚੇ ਦੇ ਆਗੂਆਂ ਨੇ ਸਪਸੱਟ ਕੀਤਾ ਕਿ ਕੌਮੀ ਇਨਸਾਫ਼ ਮੋਰਚਾ ਕੋਈ ਰਾਜਨੀਤਕ ਧੜਾ ਜਾਂ ਪਾਰਟੀ ਨਹੀ ਹੈ ਸੋ ਇਸ ਇਨਸਾਫ਼ ਦੀ ਲੜਾਈ ਵਿਚ ਕਿਰਤੀ ਲੋਕਾਂ ਦੀ ਪਾਰਟੀ ਬਸਪਾ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ। ਬਸਪਾ ਕੋਈ ਓਹ ਧਿਰ ਨਹੀਂ ਹੈ ਜਿਸਨੇ ਸਿੱਖਾਂ ਜਾਂ ਪੰਜਾਬ ਨਾਲ ਵਧੀਕੀ ਜਾਂ ਨਾ – ਇਨਸਾਫੀ ਕੀਤੀ ਹੋਵੇ । ਬਲਕਿ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤਕ 10 ਗੁਰੂ ਸਹਿਬਾਨਾਂ ਵਲੋਂ ਦੱਬੇ ਕੁੱਚਲੇ ਵਰਗਾਂ ਦੀ ਬਾਂਹ ਫੜੀ ਗਈ ਅਤੇ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ। ਇਸ ਮੋਰਚੇ ਵਿੱਚ ਵੱਖ ਵੱਖ ਵਿਚਾਰਧਾਰਾ ਵਾਲੇ ਵਰਗਾਂ ਅਤੇ ਵੱਖ ਵੱਖ ਧਰਮਾਂ ਦੇ ਲੋਕਾਂ ਦਾ ਸਾਂਝੇ ਮੁੱਦਿਆ ਉੱਪਰ ਇੱਕਠੇ ਹੋ ਕੇ ਇਨਸਾਫ਼ ਅਤੇ ਮਨੁੱਖੀ ਅਧਿਕਾਰਾਂ ਲਈ ਇਕ ਤਾਲਮੇਲ ਹੈ । ਇਨਾ ਮੁੱਦਿਆ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਰੇ ਧਰਮਾਂ ਦੀ ਬੇ ਅਦਬੀ ਕਰਨ ਵਾਲੇ ਦੋਸੀਆ ਨੂੰ ਸਖ਼ਤ ਸਜ਼ਾਵਾਂ ਦਾ ਕਾਨੂੰਨ ਬਣਵਾਉਣਾ ,ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆ ਦੀਆ ਰਿਹਾਈਆਂ ਅਤੇ ਬਹਿਬਲ ਕੋਟਕਪੂਰਾ ਸ਼ਤਮਈ ਧਰਨਿਆ ਉਪਰ ਗੋਲੀ ਚਲਾਉਣ ਦੇ ਜ਼ਿੰਮੇਵਾਰਾਂ ਨੂੰ ਸਜ਼ਾਵਾਂ ਦਿਵਾਉਣ ਦੇ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੇ ਮਸਲੇ ਸ਼ਾਮਿਲ ਹਨ । ਇਹ ਸੰਘਰਸ਼ ਸਾਰੇ ਵਰਗਾਂ, ਕਿਤਿਆਂ, ਧਰਮਾਂ, ਨੌਜਵਾਨਾਂ, ਬਜੁਰਗਾਂ , ਮੁਲਜ਼ਮਾਂ, ਕਿਰਸਾਨਾ, ਮਜ਼ਦੂਰਾਂ, ਪੰਥਕ ਜਥੇਬੰਦੀਆਂ ਰਾਗੀਆਂ, ਢਾਡੀਆਂ ਗ੍ਰੰਥੀਆਂ ਸਭਾਵਾਂ ਤੇ ਨਿਹੰਗ ਸਿੰਘਾਂ ਦਾ ਸਾਂਝਾ ਮੋਰਚਾ ਹੈ। ਮੀਟਿੰਗ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਾਹ ਪੱਖੀ ਰਵਈਏ ਵਿਰੁੱਧ ਚੰਡੀਗੜ੍ਹ ਵਿੱਚ ਸ਼ਾਤਮਈ ਚੱਲ ਰਹੇ ਮੋਰਚੇ ਬਾਰੇ ਅਤੇ 15 ਅਗਸਤ ਦੇ ਸ਼ਾਂਤਮਈ ਮਾਰਚ ਬਾਬਤ ਵਿਚਾਰਾਂ ਹੋਈਆਂ। ਮੋਰਚੇ ਦੇ ਬੁਲਾਰੇ ਬਲਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਬਸਪਾ ਆਗੂ ਅਵਤਾਰ ਸਿੰਘ ਕਰੀਮਪੁਰੀ ਪਹਿਲੋਂ ਵੀ ਮੋਰਚੇ ਵਿਚ ਆਏ ਸਨ ਅਤੇ ਆਉਂਦੇ ਦਿਨਾਂ ਵਿੱਚ ਬਸਪਾ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੀ ਕੌਮੀ ਇਨਸਾਫ਼ ਮੋਰਚੇ ਵਿਚ ਹਾਜ਼ਰੀ ਭਰਨਗੇ । ਉਨਾਂ ਮੋਰਚੇ ਦੀ ਤਾਲਮੇਲ ਕਮੇਟੀ ਨੂੰ ਭਰੋਸਾ ਦਿੱਤਾ ਕੇ ਸਾਡੀ ਪਾਰਟੀ ਦਾ ਮੈਨੀਫੈਸਟੋ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ। ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚਲ ਰਹੇ ਅੰਦੋਲਨ ਵਿਚ ਸਾਡਾ ਸਹਿਯੋਗ ਮੋਰਚੇ ਨਾਲ ਹੈ । ਤਰੁਣ ਜੈਨ ਬਾਵਾ ਜੀ ਵਲੋਂ ਬਸਪਾ ਆਗੂ ਨੂੰ 6 ਅਗਸਤ ਤੋਂ 8 ਅਗਸਤ ਤੱਕ ਕਪੜਾ ਸਨਅਤ ਵਲੋਂ ਲੁਧਿਆਣਾ ਵਿਖੇ ਲਗਾਈ ਜਾਣ ਵਾਲੀ ਪ੍ਰਦਰਸ਼ਨੀ ਅਤੇ ਵਪਾਰਕ ਮਿਲਣੀ ਵਿਚ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ।
ਸਿਵਲ ਹਸਪਤਾਲ ਢੁੱੱਡੀਕੇ ਵਿਖੇੇ ਵਿਸ਼ਵ ਹੈਪਾਟਾਈਟਸ ਦਿਵਸ ਮਨਾਇਆ
ਇੱਕ ਸਰਿੰਜ ਨਾਲ ਨਸ਼ੇ ਕਰਨ ਨਾਲ ਹੋ ਸਕਦਾ ਹੈ ਜਾਨਲੇਵਾ ਕਾਲਾ ਪੀਲੀਆ : ਡਾ. ਸੁਰਿੰਦਰ ਸਿੰਘ ਝੱਮਟ
ਪੰਜਾਬੀ ਖ਼ਬਰਸਾਰ ਬਿਉਰੋ
ਅਜੀਤਵਾਲ/ ਢੁੱੱਡੀਕੇ 28 ਜੁਲਾਈ : ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਢੁੱੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਦੀ ਅਗਵਾਈ ਹੇਠ ਸਿਵਲ ਹਸਪਤਾਲ ਢੁੱੱਡੀਕੇ ਅਤੇ ਸਮੂਹ ਹੈਲਥ ਵੈਲਨੈਸ ਸੈਂਟਰਾਂ ਵਿਖੇ ਵਿਸ਼ਵ ਹੈਪਾਟਾਈਟਸ ਦਿਵਸ ‘ਇਕ ਜਿੰਦਗੀ ਇੱਕ ਲਿਵਰ’ ਸਲੋਗਨ ਹੇਠ ਮਨਾਇਆ ਗਿਆ । ਇਸ ਮੌਕੇ ਡਾ. ਸੁਰਿੰਦਰ ਸਿੰਘ ਝੱਮਟ, ਡਾ. ਗਜਲਪ੍ਰੀਤ ਕੌਰ, ਲਖਵਿੰਦਰ ਸਿੰਘ ਬਲਾਕ ਐਜੂਕੇਟਰ, ਕੁਲਬੀਰ ਸਿੰਘ ਢਿੱਲੋਂ ਹੈਲਥ ਸੁਪਰਵਾਈਜਰ ਅਤੇ ਫਾਰਮੇਸੀ ਅਫਸਰ ਗੁਰਮੀਤ ਸਿੰਘ ਨੇ ਕਾਲਾ ਪੀਲੀਆ ਹੋਣ ਦੇ ਕਾਰਣ, ਲੱਛਣ, ਬਚਾਅ ਅਤੇ ਪੰਜਾਬ ਸਰਕਾਰ ਵੱਲੋਂ ਜਿਲਾ ਸਰਕਾਰੀ ਹਸਪਤਾਲਾ ਵਿੱਚ ਮੁਫਤ ਕੀਤੇ ਜਾਣ ਵਾਲੇ ਇਲਾਜ ਸਬੰਧੀ ਵਿਸਥਾਰਪੂਰਕ ਜਾਣਕਾਰੀ ਦਿੱਤੀ । ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ ਅਤੇ ਫਾਰਮੇਸੀ ਅਫਸਰ ਗੁਰਮੀਤ ਸਿੰਘ ਨੇ ਕਾਲਾ ਪੀਲੀਆ ਸਬੰਧੀ ਆਮ ਜਨਤਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਪਾਟਾਈਟਸ ਜਿਗਰ ਦੀ ਬਿਮਾਰੀ ਹੈ ਜਿਸਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਜਿਹੜੀ ਕਿ ਵਾਇਰਸ ਕਾਰਨ ਫੈਲਦੀ ਹੈ । ਇਹ ਬਿਮਾਰੀ ਬਹੁਤ ਖਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ । ਉਹਨਾਂ ਦਸਿਆ ਕਿ ਹੈਪਾਟਾਈਟਸ ਦਾ ਇਲਾਜ ਪ੍ਰਾਈਵੇਟ ਤੌਰ ਤੇ ਬਹੁਤ ਮਹਿੰਗਾ ਹੁੰਦਾ ਹੈ ਪਰੰਤੂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵਲੋਂ ਕਾਲਾ ਪੀਲੀਆ ਦਾ ਇਲਾਜ ਪੰਜਾਬ ਦੇ ਸਾਰੇ ਜਿਲਾ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ । ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਹੈਪਾਟਾਈਟਸ ਦੀਆਂ ਪੰਜ ਕਿਸਮਾਂ ਹਨ, ਜਿਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ –ਹੈਪਾਟਾਈਟਸ ਏ ਅਤੇ ਈ ਅਤੇ ਹੈਪਾਟਾਈਸਟ ਬੀ ਸੀ ਅਤੇ ਡੀ, ਉਹਨਾਂ ਹੈਪਾਟਾਈਸਟ ਬੀ, ਸੀ ਅਤੇ ਡੀ ਬਾਰੇ ਦੱਸਦਿਆਂ ਕਿਹਾ ਕਿ ਇਹ ਨਸ਼ਿਆਂ ਦੇ ਟੀਕੇ ਲਗਾਉਣ ਨਾਲ, ਦੂਸ਼ਿਤ ਖੂਨ ਚੜਾਉਣ ਨਾਲ, ਦੂਸ਼ਿਤ ਸੂਈਆਂ ਦੇ ਸਾਂਝੇ ਇਸਤੇਮਾਲ ਨਾਲ, ਗ੍ਰਸਤ ਮਰੀਜ ਦੇ ਖੂਨ ਦੇ ਸੰਪਰਕ ਵਿੱਚ ਆਉਣ ਜਾਂ ਸੰਭੋਗ ਕਰਨ ਨਾਲ, ਟੁਥ ਬਰਸ਼ ਅਤੇ ਰੇਜ਼ਰ ਸਾਂਝੇ ਕਰਨ ਨਾਲ, ਲੰਮੇ ਸਮੇਂ ਤੱਕ ਗੁਰਦਿਆਂ ਦਾ ਡਾਇਲੇਸਿਸ ਹੋਣ ਨਾਲ ਅਤੇ ਗ੍ਰਸਤ ਮਾਂ ਤੋਂ ਨਵਜੰਮੇ ਬੱਚੇ ਨੂੰ ਹੋ ਸਕਦਾ ਹੈ ਜਦਕਿ ਹੈਪਾਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਪੀਣ ਅਤੇ ਮੱਖੀਆਂ ਦੁਆਰਾ ਦੂਸ਼ਿਤ ਗਲੇ ਸੜੇ ਫਲ ਖਾਣ ਨਾਲ ਅਤੇ ਬਿਨਾ ਹੱਥ ਧੋਏ ਖਾਣਾ ਖਾਣ ਨਾਲ ਹੋ ਸਕਦਾ ਹੈ । ਉਹਨਾਂ ਦੱਸਿਆ ਕਿ ਹੈਪਾਟਾਈਟਸ ਬੀ ਜਾਂ ਸੀ ਹੋਣ ਤੇ ਬੁਖਾਰ ਅਤੇ ਕਮਜੋਰੀ ਮਹਿਸੂਸ ਹੁੰਦੀ ਹੈ, ਭੁੱਖ ਨਹੀਂ ਲੱਗਦੀ ਅਤੇ ਪਿਸ਼ਾਬ ਪੀਲਾ ਹੋ ਜਾਂਦਾ ਹੈ । ਜਿਗਰ ਖਰਾਬ ਜਾਂ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ । ਹੈਪਾਟਾਈਟਸ ਏ ਜਾਂ ਈ ਹੋਣ ਤੇ ਹਲਕਾ ਬੁਖਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ, ਭੁੱਖ ਨਾ ਲੱਗਣਾ, ਅਵਤ ਆਉਣਾ ਅਤੇ ਪਿਸ਼ਾਬ ਗੂੜਾ ਪੀਲਾ ਹੋ ਸਕਦਾ ਹੈ ।ਇਸ ਮੌਕੇ ਡਾ. ਗਜਲਪ੍ਰੀਤ ਕੌਰ ਅਤੇ ਲਖਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਇਸ ਜਾਨਲੇਵਾ ਬਿਮਾਰੀ ਤੋਂ ਬਚਾਅ ਬਾਰੇ ਦੱਸਦਿਆਂ ਕਿਹਾ ਕਿ ਨੋਜਵਾਨ ਪੀੜੀ ਨੂੰ ਨਸ਼ੇ ਦੇ ਟੀਕਿਆਂ ਅਤੇ ਸੂਈਆਂ ਦਾ ਸਾਂਝਾ ਇਸਤੇਮਾਲ ਨਹੀਂ ਕਰਨਾ ਚਾਹੀਦਾ । ਸੁਰੱਖਿਅਤ ਸੰਭੋਗ ਅਤੇ ਕੰਡੋਮ ਦਾ ਇਸਤੇਮਾਲ ਕਰੋ। ਜਖਮਾਂ ਨੂੰ ਖੁਲਾ ਨਹੀਂ ਛੱਡਣਾ ਚਾਹੀਦਾ । ਸਰਕਾਰ ਤੋਂ ਮੰਨਜੂਰ ਸੁਦਾ ਬਲੱਡ ਬੈਂਕ ਤੋਂ ਹੀ ਟੈਸਟ ਕੀਤਾ ਹੋਇਆ ਖੂਨ ਲਵੋ । ਸੈਲੂਨ ਤੋਂ ਸੇਵ ਕਰਵਾਉਣ ਸਮੇਂ ਹਮੇਸ਼ਾ ਨਵੇਂ ਬਲੇਡ ਦੀ ਵਰਤੋਂ ਕਰੋ ਅਤੇ ਮੇਲਿਆਂ ਵਿੱਚ ਸਰੀਰ ਤੇ ਟੈਟੂ ਨਾ ਬਣਵਾਉ। ਇਸ ਮੌਕੇ ਫਾਰਮੇਸੀ ਅਫਸਰ ਸੁਖਪਾਲ ਕੌਰ, ਵਿਸ਼ਵ ਪ੍ਰਭਜੋਤ ਕੌਰ, ਸਟਾਫ ਨਰਸ ਸੀਮਾ, ਐਲ.ਟੀ. ਜਸਵਿੰਦਰ ਕੌਰ, ੳਟ ਸੈਂਟਰ ਤੋਂ ਸਿਮਰਜੋਤ ਸਿੰਘ, ਚੰਨਪ੍ਰੀਤ ਸਿੰਘ, ਸਿਹਤ ਕਰਮਚਾਰੀ ਕੁਲਦੀਪ ਸਿੰਘ ਵਿਰਕ, ਤੀਰਥਪਾਲ ਸਿੰਘ ਅਤੇ ਦਵਿੰਦਰ ਸਿੰਘ ਵੀ ਮੌਜੂਦ ਸਨ ।
ਸਰਕਾਰ ਵੱਲੋਂ ਹੈਪੇਟਾਈਟਸ ਦੀ ਜਾਂਚ ਅਤੇ ਇਲਾਜ ਮੁਫਤ ਉਪਲੱਬਧ- ਸਿਵਲ ਸਰਜਨ
ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਜਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ
ਪੰਜਾਬੀ ਖ਼ਬਰਸਾਰ ਬਿਉਰੋ
ਫਰੀਦਕੋਟ, 28 ਜੁਲਾਈ: ਸਿਵਲ ਸਰਜਨ ਫਰੀਦਕੋਟ ਦੀ ਅਗਵਾਈ ਹੇਠ ਟਰੇਨਿੰਗ ਅਨੈਕਸੀ ਦਫਤਰ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਅਨਿਲ ਗੋਇਲ ਨੇ ਕਿਹਾ ਕਿ ਅੱਜ ਦਾ ਇਹ ਦਿਨ ‘ਇੱਕ ਜਿੰਦਗੀ ਇੱਕ ਜਿਗਰ’ ਵਿਸ਼ੇ ਹੇਠ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ ਬੀ ਅਤੇ ਸੀ ਦੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ 23 ਜ਼ਿਲ੍ਹਾ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜਾਂ, 2 ਸਬ ਡਿਵੀਜ਼ਨਲ ਹਸਪਤਾਲ, 13 ਏ.ਆਰ.ਟੀ ਕੇਂਦਰਾਂ ਅਤੇ 11 ਓ.ਐਸ.ਟੀ ਕੇਂਦਰਾਂ ਤੇ ਮੁਫਤ ਉਪਲੱਬਧ ਹਨ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸਨੇ ਸਾਲ 2016 ਤੋਂ ਹੈਪੇਟਾਈਟਸ ਸੀ ਦੇ ਮੁਫਤ ਇਲਾਜ ਦੀ ਸਹੂਲਤ ਸ਼ੁਰੂ ਕੀਤੀ ਸੀ। ਉਹਨਾਂ ਆਖਿਆ ਕਿ ਸਿਹਤ ਸਹੂਲਤਾਂ ਦੇਣ ਵਾਲੇ ਕਰਮਚਾਰੀਆਂ ਨੂੰ ਵੀ ਸਮੇਂ-ਸਮੇਂ ਤੇ ਹੈਪੇਟਾਈਟਸ ਦੀ ਜਾਂਚ ਅਤੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਨਸ਼ੀਲੇ ਪਦਾਰਥਾਂ ਦਾ ਸੇਵਨ ਟੀਕਿਆਂ ਦੇ ਰੂਪ ਵਿੱਚ ਕਰਨ ਵਾਲੇ ਵਿਅਕਤੀਆਂ ਵਿੱਚ ਕਾਲਾ ਪੀਲੀਆ ਫੈਲਣ ਦਾ ਖਤਰਾ ਸਭ ਤੋਂ ਹੁੰਦਾ ਹੈ।ਇਸ ਸਮਾਰੋਹ ਦੌਰਾਨ ਡਾ. ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫਸਰ ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਪੇਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਅਤੇ ਖਾਣ ਪੀਣ ਦੀਆਂ ਦੂਸ਼ਿਤ ਵਸਤੂਆਂ ਦੀ ਵਰਤੋਂ ਨਾਲ ਫੈਲਦਾ ਹੈ ਜਦੋਂ ਕਿ ਹੈਪੇਟਾਈਟਸ ਬੀ ਅਤੇ ਸੀ ਖੂਨ ਦੇ ਸੰਪਰਕ, ਅਸੁਰੱਖਿਅਤ ਸਰੀਰਕ ਸਬੰਧ, ਪਹਿਲਾਂ ਤੋਂ ਵਰਤੀਆਂ ਸੂਈਆਂ ਦੀ ਦੁਬਾਰਾ ਵਰਤੋਂ ਨਾਲ, ਗਰਭਵਤੀ ਮਾਂ ਤੋਂ ਬੱਚੇ ਨੂੰ, ਬਿਨਾਂ ਟੈਸਟ ਕੀਤੇ ਖੂਨ ਚੜਾਉਣਾ ਅਤੇ ਸ਼ਰੀਰ ਉੱਪਰ ਅਸਰੁੱਖਿਅਤ ਤਰੀਕੇ ਨਾਲ ਟੈਟੂ ਖੁਦਵਾਉਣ ਰਾਹੀਂ ਫੈਲਦਾ ਹੈ। ਹੈਪੇਟਾਈਟਸ ਬੀ ਵਾਇਰਸ ਸਰੀਰ ਤੇ ਤੁਰੰਤ ਪ੍ਰਭਾਵ ਨਹੀਂ ਦਿਖਾਉਂਦਾ ਹੈ ਸਗੋਂ ਜਿਗਰ ਵਿੱਚ ਸਾਲਾਂ ਤੱਕ ਮੌਜੂਦ ਰਹਿੰਦਾ ਹੈ ਅਤੇ ਹੌਲੀ ਹੌਲੀ ਜਿਗਰ ਨੂੰ ਨੁਕਸਾਉਣ ਪਹੁੰਚਾਉਂਦਾ ਹੈ। ਮਾਹਰ ਡਾਕਟਰ ਦੀ ਨਿਗਰਾਨੀ ਹੇਠ ਜੀਵਨ ਰੱਖਿਅਕ ਦਵਾਈਆਂ ਦੀ ਵਰਤੋਂ ਨਾਲ ਜਿਗਰ ਉੱਪਰ ਪੈਣ ਵਾਲੇ ਬੁਰੇ ਪ੍ਰਭਾਵ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਮੌਕੇ ਡਾ. ਦੀਪਤੀ ਅਰੋੜਾ ਅਤੇ ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਹੈਪੇਟਾਈਟਸ ਭਾਵ ਕਾਲਾ ਪੀਲੀਆ ਰੋਗ ਦੇ ਕਾਰਨ, ਲੱਛਣ ਅਤੇ ਬਚਾਅ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਲਾ ਪੀਲੀਆ ਰੋਗ ਵਿੱਚ ਜਿਗਰ ਦੀ ਸੋਜ਼ ਹੋ ਜਾਂਦੀ ਹੈ ਅਤੇ ਇਸ ਕਾਰਨ ਭੁੱਖ ਦੀ ਕਮੀ, ਬੁਖਾਰ, ਪੇਟ ਦਰਦ ਅਤੇ ਉਲਟੀਆਂ ਆਉਣਾ ਆਦਿ ਲੱਛਣ ਪ੍ਰਗਟ ਹੋ ਸਕਦੇ ਹਨ। ਉਹਨਾਂ ਪੀਲੀਆ ਰੋਗ ਦੀਆਂ ਵੱਖ-ਵੱਖ ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ।ਉਹਨਾਂ ਆਖਿਆ ਕਿ ਜੇਕਰ ਸਰੀਰ ਵਿੱਚ ਕਿਸੇ ਵੀ ਕਿਸਮ ਦੇ ਪੀਲੀਏ ਦੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਮਾਹਰ ਡਾਕਟਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਪੀਲੀਏ ਦੇ ਇਲਾਜ ਲਈ ਕਿਸੇ ਵੀ ਕਿਸਮ ਦੇ ਦੇਸੀ ਟੂਣੇ-ਟੋਟਕੇ ਸਿਹਤ ਲਈ ਖਤਰਨਾਕ ਹੋ ਸਕਦੇ ਹਨ। ਉਨਾਂ ਦੱਸਿਆ ਕਿ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤਹਿਤ ਹੈਪੇਟਾਈਟਸ ਬੀ ਤੋਂ ਬਚਾਅ ਲਈ ਸਾਰੇ ਲਾਭਪਾਤਰੀ ਬੱਚਿਆਂ ਦਾ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ। ਇਸ ਮੌਕੇ ਸਿਵਲ ਸਰਜਨ ਵੱਲੋਂ ਹੈਪੇਟਾਈਟਸ ਦੀ ਟੈਸਟਿੰਗ ਅਤੇ ਇਲਾਜ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਰਾਜੀਵ ਭੰਡਾਰੀ, ਡਾ. ਮੈਰੀ, ਜਿਲ੍ਹਾ ਐਪੀਡੀਮਾਲੋਜਿਸਟ ਡਾ. ਹਿਮਾਂਸ਼ੂ ਗੁਪਤਾ, ਡਾ. ਵਰਿੰਦਰ ਚੋਪੜਾ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਫਾਰਮੇਸੀ ਅਫਸਰ ਨਵਕਾਸ਼ ਸਿੰਘ, ਪ੍ਰਿਤਪਾਲ ਸਿੰਘ, ਕੌਸ਼ਲ ਕੁਮਾਰ, ਲਲਿਤ ਕੁਮਾਰ ਆਦਿ ਹਾਜਰ ਸਨ।
ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦਾ ਦਿੱਤਾ ਮੋੜਵਾ ਜਵਾਬ
ਕਿਹਾ, ਮੁਝੇ ਤੇਰੇ ਰਾਹ ਜਨੋਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਪਰ ਮਲਾਲ ਹੈ
ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ : ਕਿਸੇ ਸਮੇਂ ਪੰਜਾਬ ਦੀ ਸਿਆਸਤ ਵਿਚ ਬਦਲਾਅ ਲਿਆਉਣ ਲਈ ਇਕੱਠੇ ਕੰਮ ਕਰਦੇ ਰਹੇ ਸਾਬਕਾ ਵਿਤ ਮੰਤਰੀ ਤੇ ਮੌਜੂਦਾ ਮੁੱਖ ਮੰਤਰੀ ਵਿਚਕਾਰ ਹੁਣ ਸ਼ੁਰੂ ਹੋਈ ‘ਟਵੀਟੋ-ਟਵੀਟੀ’ ਦੀ ਜੰਗ ਹੋਰ ਅੱਗੇ ਵਧਣ ਲੱਗੀ ਹੈ। ਪਿਛਲੇ ਦਿਨੀਂ ਵਿਜੀਲੈਂਸ ਵਲੋਂ ਤਲਬ ਕੀਤੇ ਜਾਣ ਤੋਂ ਬਾਅਦ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਕੀਤੇ ਗਏ ਸਿਆਸੀ ਹਮਲਿਆਂ ਤੋਂ ਬਾਅਦ ਬੀਤੇ ਕੱਲ ਸ: ਮਾਨ ਨੇ ਵੀ ਇੱਕ ਟਵੀਟ ਰਾਹੀਂ ਮੋੜਵਾ ਜਵਾਬ ਦਿੱਤਾ ਸੀ, ਜਿਸ ਵਿਚ ਉਨ੍ਹਾਂ ਮਨਪ੍ਰੀਤ ਬਾਦਲ ਵਲੋਂ ਕੀਤੇ ਇਮਾਨਦਾਰੀ ਦੇ ਦਾਅਵਿਆਂ ’ਤੇ ਸਵਾਲ ਖ਼ੜਾ ਕਰਦਿਆਂ ਦਾਅਵਾ ਕੀਤਾ ਸੀ ਕਿ ‘‘ ਉਨ੍ਹਾਂ ਨੂੰ ਉਸਦੇ ਕੱਲੇ-ਕੱਲੇ ਕਿੰਨੂਆਂ ਦੇ ਬੂਟਿਆਂ ਦਾ ਪਤਾ ਹੈ।’’ ਇਸ ਟਵੀਟ ਤੋਂ ਬਾਅਦ ਅੱਜ ਸਾਬਕਾ ਵਿਤ ਮੰਤਰੀ ਨੇ ਵੀ ਸੋਸਲ ਮੀਡੀਆ ’ਤੇ ਜਵਾਬ ਦਿੰਦਿਆਂ ਮੁੱਖ ਮੰਤਰੀ ਉਪਰ ਡਰਾਮੇਬਾਜੀ ਕਰਨ ਦਾ ਦੋਸ ਲਗਾਇਆ ਹੈ। ਉਨ੍ਹਾਂ ਅਪਣੇ ਟਵੀਟ ਵਿਚ ਕਿਹਾ ਹੈ ਕਿ ‘‘ਭਗਵੰਤ ਜੀ, ਡਰਾਮਾ ਕਰਨਾ ਤੁਹਾਡਾ ਪੇਸ਼ਾ ਸੀ ਤੇ ਹੁਣ ਵੀ ਹੈ। ਪੰਜਾਬ ਦੇ ਲੋਕ ਤੁਹਾਡੇ ਡਰਾਮੇ ਦੇਖ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਸ਼ੇਅਰ ਦਾ ਜਵਾਬ ਸ਼ੇਅਰ ਵਿਚ ਦਿੰਦਿਆਂ ਕਿਹਾ ਹੈ ਕਿ ‘‘ ਮੈਂ ਬਤਾਉਂ ਕਾਫ਼ਲਾ ਕਿਉਂ ਲੂਟਾ, ਤੇਰਾ ਰਾਹ ਜਨੋ ਸੇ ਥਾ ਵਾਸਤਾ, ਮੁਝੇ ਤੇਰੇ ਰਾਹ ਜਨੋਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਪਰ ਮਲਾਲ ਹੈ। ’’ ਉਰਦੂ ਤੇ ਫ਼ਾਰਸੀ ਦੀ ਸੇਅਰੋ-ਸੇਅਰੀ ਦੇ ਕਾਫ਼ੀ ਮਾਹਰ ਮੰਨੇ ਜਾਂਦੇ ਮਨਪ੍ਰੀਤ ਬਾਦਲ ਹਮੇਸ਼ਾ ਹੀ ਹਰ ਸਟੇਜ਼ ਜਾਂ ਮਹਿਫ਼ਲ ਵਿਚ ਸੇਅਰੋ-ਸੇਅਰੀ ਕਰਦੇ ਹਨ। ਜਿਸਦੇ ਚੱਲਦੇ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਨੂੰ ਸੰਬੋਧਤ ਕਰਕੇ ਕੀਤੇ ਟਵੀਟ ਵਿਚ ਸਿਆਸੀ ਤੰਜ਼ ਕਸਦਿਆਂ ਲਿਖਿਆ ਸੀ ਕਿ ‘‘ ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ, ਮੈਂਨੂੰ ਤੁਹਾਡੇ ਬਾਗਾਂ ਦੇ ਕੱਲੇ ਕੱਲੇ ਕਿੰਨੂ ਦਾ ਪਤਾ ਹੈ, ਆਪਣੀ ਗੱਡੀ ਆਪ ਚਲਾਉਣ, ਟੋਲ ਟੈਕਸ ਦੇਣਾ, ਇਹ ਸਭ ਡਰਾਮੇ ਨੇ।’’ ਤੇ ਨਾਲ ਹੀ ਆਖਰ ਵਿਚ ਜਵਾਬ ਮੰਗਦਿਆਂ ਉਰਦੂ ਭਾਸ਼ਾ ਦਾ ਇੱਕ ਸੇਅਰ ਲਿਖਿਆ ਸੀ ਕਿ ‘‘ਤੂੰ ਇਧਰ-ਉਧਰ ਕੀ ਬਾਤ ਨਾ ਕਰ, ਯੇ ਬਤਾ ਕਾਫ਼ਿਲਾ ਕਿਉਂ ਲੂਟਾ, ਮੁਝੇ ਰਹਿਜ਼ਨੋ ਸੇ ਗਿਲਾ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ’’। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਬਠਿੰਡਾ ਸ਼ਹਿਰ ਦੇ ਪੌਸ ਇਲਾਕੇ ’ਚ ਖ਼ਰੀਦੇ ਇੱਕ ਪਲਾਟ ਦੇ ਮਾਮਲੇ ਵਿਚ ਵਿਜੀਲੈਂਸ ਬਿਉਰੋ ਵਲੋਂ ਸਾਬਕਾ ਵਿਤ ਮੰਤਰੀ ਨੂੰ ਲੰਘੀ 24 ਜੁਲਾਈ ਨੂੰ ਬਠਿੰਡਾ ਦਫ਼ਤਰ ’ਚ ਤਲਬ ਕੀਤਾ ਸੀ। ਇਸ ਦੌਰਾਨ ਪੇਸ਼ੀ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਸਖ਼ਤ ਲਹਿਜੇ ਵਿਚ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਤ ਹੁੰਦਿਆਂ ਕਿਹਾ ਸੀ ‘‘ ਭਗਵੰਤ, ਨਾਂ ਤਾਂ ਮੈਂ ਤੈਥੋਂ ਡਰਦਾ ਤੇ ਨਾਂ ਹੀ ਤੇਰੀ ਵਿਜੀਲੈਂਸ ਤੋਂ ਡਰਦਾ ਹਾਂ, ਜਿਸਦੇ ਚੱਲਦੇ ਜਿੰਨੀਂ ਤੇਰੀ ਹੈਸੀਅਤ ਹੈ ਤੇ ਤੇਰੀ ਔਕਾਤ ਹੈ ਤੇ ਤੇਰੇ ਮਨ ਵਿਚ ਨਾ ਰਹਿ ਜਾਵੇ ਕਿ ਮੈਂ ਮੁੱਖ ਮੰਤਰੀ ਬਣਿਆ ਸੀ ਕਿ ਮੈਂ ਮਨਪ੍ਰੀਤ ਬਾਦਲ ਦਾ ਨੁਕਸਾਨ ਨਾ ਕਰ ਸਕਿਆ ਜਾਂ ਉਸਨੂੰ ਬਰਬਾਦ ਨਾ ਕਰ ਸਕਿਆ, ਜਿੰਨਾਂ ਜੋਰ ਲੱਗਦਾ ਹੈ ਲਗਾ ਲਵੀ। ਇਸਦੇ ਨਾਲ ਹੀ ਉਨ੍ਹਾਂ ਅਪਣੇ ਇੱਕ ਹੋਰ ਸਿਆਸੀ ਵਿਰੋਧੀ ਨੂੰ ਵੀ ਲਪੇਟੇ ਵਿਚ ਲੈਂਦਿਆਂ ਵਿਅੰਗ ਕਸਿਆ ਸੀ ਕਿ ਮੈਂ ਰਾਜਾ ਵੜਿੰਗ ਨਹੀਂ ਕਿ ਅੱਧੀ ਰਾਤ ਨੂੰ ਟੋਪੀ ਲੈ ਤੇ ਕੇ ਮਾਸਕ ਲਗਾ ਕੇ ਤੇਰੇ ਪੈਰੀ ਹੱਥ ਲਗਾ ਦੇਵਾਂ। ਹਾਲਾਂਕਿ ਰਾਜਾ ਵੜਿੰਗ ਨੇ ਵੀ ਇਸਦੇ ਜਵਾਬ ਵਿਚ ਫ਼ੇਸਬੁੱਕ ’ਤੇ ਲਾਈਵ ਹੋ ਕੇ ਸਾਬਕਾ ਵਿਤ ਮੰਤਰੀ ਨੂੰ ਜਵਾਬ ਦਿੰਦਿਆਂ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਸਨ।
