Home Blog Page 2057

ਬਠਿੰਡਾ ਜ਼ਿਲ੍ਹੇ ਦੇ 621 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ

0

ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਐਲਾਨ ਤਹਿਤ ਅੱਜ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੁਆਰਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਬਠਿੰਡਾ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਸਕੂਲਾਂ ’ਚ ਕੰਮ ਕਰਦੇ 621 ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਪੱਕੀਆਂ ਕੀਤੀਆਂ ਗਈਆਂ। ਇਸ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਭੁਪਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮਹਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਇੰਨ੍ਹਾਂ ਕੱਚੇ ਅਧਿਆਪਕਾਂ (ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ., ਐਸ.ਟੀ.ਆਰ., ਏ.ਆਈ.ਈ., ਅਤੇ ਆਈ.ਈ.ਵੀ. ਵਲੰਟੀਅਰਾਂ) ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਆਦਰਸ਼ ਸਕੂਲ ਕੈਨਾਲ ਕਲੋਨੀ ਬਠਿੰਡਾ ਵਿਚ ਇੰਨ੍ਹਾਂ ਨਵਨਿਯੁਕਤ ਅਧਿਆਪਕਾਂ ਨੂੰ ਪੱਕੇ ਨਿਯੁਕਤੀ ਪੱਤਰ ਦਿੱਤੇ ਗਏ। ਇਸ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਜੀਦਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਸਿੱਧੂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਰਪੂਰ ਸਿੰਘ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀਆਂ, ਪੰਚਾਇਤਾਂ ਅਤੇ ਨਿਯੁਕਤੀ ਪੱਤਰ ਲੈਣ ਵਾਲੇ ਕੱਚੇ ਅਧਿਆਪਕਾਂ ਦੇ ਪਰਿਵਾਰ ਵੀ ਸ਼ਾਮਿਲ ਹੋਏ।

ਬਠਿੰਡਾ ਦੀ ਬਹੁਮੰਜਿਲਾਂ ਪਾਰਕਿੰਗ: ਨਿਯਮਾਂ ਵਿਚ ਨਹੀਂ ਹੋਵੇਗੀ ਕੋਈ ਤਬਦੀਲੀ

0

ਪਹਿਲਾਂ ਵਾਂਗ ਠੇਕੇਦਾਰ ਨੂੰ ਪੀਲੀ ਲਾਈਨ ਦੇ ਅੰਦਰੋਂ ਚਾਰ-ਪਹੀਆਂ ਵਹੀਕਲ ਚੁੱਕਣ ਦੀ ਮਿਲੀ ਖੁੱਲ
ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ : ਕਰੀਬ ਇੱਕ ਮਹੀਨਾ ਪਹਿਲਾਂ ਨਗਰ ਨਿਗਮ ਵਲੋਂ ਠੇਕੇ ਉੱਪਰ ਦਿੱਤੇ ਸਥਾਨਕ ਫ਼ਾਈਰ ਬ੍ਰਿਗੇਡ ਚੌਕ ਕੋਲ ਸਥਿਤ ਨਵੀਂ ਬਣੀ ਬਹੁਮੰਜਿਲਾਂ ਕਾਰ ਪਾਰਕਿੰਗ ਦੇ ਨਿਯਮਾਂ ਵਿਚ ਢਿੱਲ ਦੇਣ ਦਾ ਮਸਲਾ ਮੁੜ ਠੰਢੇ ਬਸਤੇ ਵਿਚ ਪੈ ਗਿਆ ਹੈ। ਇਸ ਸਬੰਧ ਵਿਚ ਨਿਗਮ ਅਧਿਕਾਰੀਆਂ ਵਲੋਂ ਨਿਗਮ ਦੀ ਵਿਤ ਤੇ ਲੇਖਾ ਕਮੇਟੀ ਦੀ ਅੱਜ ਮੇਅਰ ਰਮਨ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਰੱਖੇ ਏਜੰਡੇ ਨੂੰ ਪੈਡਿੰਗ ਰੱਖ ਲਿਆ ਗਿਆ। ਸੂਚਨਾ ਮੁਤਾਬਕ ਸ਼ਹਿਰ ਦੇ ਵਪਾਰ ਮੰਡਲ ਵਲੋਂ 14 ਜੁਲਾਈ ਨੂੰ ਨਗਰ ਨਿਗਮ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਵਿਚ ਪਾਰਕਿੰਗ ਦੇਣ ਦੇ ਮਾਮਲੇ ਵਿਚ ਲੋਕਾਂ ਨੂੰ ਕੁੱਝ ਢਿੱਲ ਦੇਣ ਦੀ ਮੰਗ ਕੀਤੀ ਗਈ ਸੀ। ਜਿਸਦੇ ਚੱਲਦੇ ਇਸ ਏਜੰਡੇ ਵਿਚ ਮਾਲ ਰੋਡ ਵਿਚ ਪੇਡ ਪਾਰਕਿੰਗ ਲਈ ਨਿਰਧਾਰਤ ਪਾਕਟਾਂ ਵਿਚ ਤਬਦੀਲੀ ਕਰਨ ਅਤੇ ਪੀਲੀ ਲਾਈਨ ਦੇ ਅੰਦਰ ਲੱਗੇ ਚਾਰ-ਪਹੀਆਂ ਵਾਹਨਾਂ ਨੂੰ ਠੇਕੇਦਾਰ ਦੇ ਟੋਅ ਵੈਨਾਂ ਵਲੋਂ ਚੁੱਕਣ ’ਤੇ ਰੋਕ ਲਗਾਉਣ ਦੀ ਸਿਫ਼ਾਰਿਸ ਕੀਤੀ ਗਈ ਸੀ। ਇਸਦੇ ਨਾਲ ਠੇਕੇਦਾਰ ਨੂੰ ਘਾਟਾ ਹੋਣਾ ਸੀ, ਜਿਸਦੇ ਚੱਲਦੇ ਰੇਟ ਵਿਚ ਵੀ ਕੁੱਝ ਤਬਦੀਲੀ ਕਰਨ ਸਬੰਧੀ ਯੋਜਨਾ ਬਣਾਈ ਗਈ ਸੀ ਪ੍ਰੰਤੂ ਵਿਤ ਤੇ ਲੇਖਾ ਕਮੇਟੀ, ਜਿਸ ਵਿਚ ਮੇਅਰ ਰਮਨ ਗੋਇਲ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਤੇ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੱਧੂ ਸਹਿਤ ਦੋ ਹੋਰ ਮੈਂਬਰ ਬਲਜਿੰਦਰ ਠੇਕੇਦਾਰ ਅਤੇ ਪ੍ਰਵੀਨ ਗਰਗ ਸ਼ਾਮਲ ਹਨ, ਵਲੋਂ ਇਸਨੂੰ ਕਾਨੂੰਨ ਦੇ ਦਾਈਰੇ ਵਿਚ ਨਾ ਹੋਣ ਦਾ ਦਾਅਵਾ ਕਰਦੇ ਹੋਏ ਮੰਨਜੂਰ ਕਰਨ ਤੋਂ ਸਾਫ਼ ਇੰਨਕਾਰ ਕਰ ਦਿੱਤਾ। ਉਂਜ ਇਸ ਕਮੇਟੀ ਵਿਚ ਅਪਣੇ ਅਹੁੱਦੇ ਦੇ ਆਧਾਰ ’ਤੇ ਕਮਿਸ਼ਨਰ ਰਾਹੁਲ ਸਿੰਧੂ ਵੀ ਮੈਂਬਰ ਹਨ। ਨਿਗਮ ਅਧਿਕਾਰੀਆਂ ਮੁਤਾਬਕ ਇਹ ਮਤਾ ਪਾਸ ਨਾ ਹੋਣ ਕਾਰਨ ਹੁਣ ਠੇਕੇ ਦੀਆਂ ਸ਼ਰਤਾਂ ਤਹਿਤ ਠੇਕੇਦਾਰ ਨੂੰ ਮਾਲ ਰੋਡ ’ਤੇ ਨਿਰਧਾਰਤ ਕਾਰ ਪਾਰਕਿੰਗ ਲਈ ਪਾਕਟਾਂ ਵਿਚ ਕਾਰ ਖੜਾ ਕਰਨ ਤੋਂ ਇਲਾਵਾ ਪੀਲੀ ਲਾਈਨ ਦੇ ਅੰਦਰ ਲੱਗੇ ਚਾਰ ਪਹੀਆ ਵਾਹਨਾਂ ਨੂੰ ਚੁੱਕਣ ਦਾ ਅਧਿਕਾਰ ਹੈ। ਹਾਲਾਂਕਿ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਲੋਕਾਂ ਦੀ ਸੁਵਿਧਾ ਲਈ ਕਾਰ ਪਾਰਕਿੰਗ ਤੋਂ ਸ਼ਹਿਰ ਦੇ ਬਜਾਰਾਂ ਤੱਕ ਚਾਰ ਈ ਰਿਕਸ਼ੇ(ਜਿਸ ਵਿਚ ਦੋ ਪਾਰਕਿੰਗ ਠੇਕੇਦਾਰ ਅਤੇ ਦੋ ਨਗਰ ਨਿਗਮ) ਚਲਾਏ ਜਾਣਗੇ, ਜਿੰਨ੍ਹਾਂ ਵਿਚ ਕੋਈ ਵੀ ਵਿਅਕਤੀ, ਜਿਸਦੇ ਕੋਲ ਕਾਰ ਪਾਰਕਿੰਗ ਦਾ ਮਹੀਨਾਵਾਰ ਪਾਸ ਜਾਂ ਸਬੰਧਤ ਦਿਨ ਦੀ ਕਾਰ ਪਰਚੀ ਹੋਵੇਗੀ, ਇੰਨ੍ਹਾਂ ਈ ਰਿਕਸਿਆਂ ਵਿਚ ਮੁਫ਼ਤ ਸਫ਼ਰ ਕਰ ਸਕੇਗਾ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਫੈਸਲੇ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਠੇਕੇਦਾਰ ਵਲੋਂ ਮੁੜ ਕਾਰਾਂ ਨੂੰ ਟੋਅ ਵੈਨਾਂ ਰਾਹੀ ਚੁੱਕਣ ਦਾ ਅਮਲ ਤੇਜ ਹੋ ਜਾਵੇਗਾ। ਉਧਰ ਕਮੇਟੀ ਦੀ ਮੀਟਿੰਗ ਵਿਚ ਸਥਾਨਕ ਰੋਜ਼ ਗਾਰਡਨ ਦੇ ਸਾਹਮਣੇ ਖਾਲੀ ਪਈ ਜ਼ਮੀਨ ਵਿਚ ਪੰਜਾਬ ਸਰਕਾਰ ਵਲੋਂ ਬਣਾਏ ਜਾਣ ਵਾਲੇ ਬਟਾਨੀਕਲ ਗਾਰਡਨ ਬਣਾਉਣ ਦੇ ਮਤੇ ਨੂੰ ਪਾਸ ਕਰਦਿਆਂ ਇਸਦੇ ਲਈ ਕੰਸਲਟੈਂਸੀ ਸੁਵਿਧਾ ਲੈਣ ਨੂੰ ਪ੍ਰਵਾਨਗੀ ਦਿੱਤੀ ਗਈ। ਇਸੇ ਤਰ੍ਹਾਂ ਨਿਗਮ ਦੇ ਜਨਰਲ ਹਾਊਸ ਵਲੋਂ ਪਾਸ ਕੀਤੇ ਮਤੇ ਦੇ ਆਧਾਰ ’ਤੇ ਸਥਾਨਕ ਸਿਵਲ ਸਟੇਸ਼ਨ ਇਲਾਕੇ ਵਿਚ ਨਗਰ ਨਿਗਮ ਦਫ਼ਤਰ ਦੀ ਬਹੁਮੰਜਿਲਾਂ ਇਮਾਰਤ ਬਣਾਉਣ ਲਈ ਉਸਦੇ ਡਿਜਾਇਨ ਤੇ ਹੋਰਨਾਂ ਜਰੂਰਤਾਂ ਲਈ ਆਰਕੀਟੈਕਟ ਤੇ ਕੰਸਲਟੈਂਸੀ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਗਈ। ਇੱਕ ਹੋਰ ਮਤੇ ਰਾਹੀਂ ਪੰਜਾਬ ਸਰਕਾਰ ਵਲੋਂ ਬਠਿੰਡਾ ’ਚ ਅਵਾਰਾ ਪਸ਼ੂਆਂ ਨੂੰ ਫ਼ੜਣ ਲਈ ਸ਼ੁਰੂ ਕੀਤੇ ਜਾਣ ਵਾਲੇ ਪਾਇਲਟ ਪ੍ਰੋਜੈਕਟ ਨੂੰ ਵੀ ਮੰਨਜੂਰੀ ਦਿੰਤੀ ਗਈ।

ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਚੌਥੀ ਦਫ਼ਾ ਵਿਜੀਲੈਂਸ ਸਾਹਮਣੇ ਹੋਏ ਪੇਸ਼

0

ਵਿਜੀਲੈਂਸ ਵਲੋਂ ਦਿੱਤੇ ਪ੍ਰੋਫ਼ਰਾਮੇ ਨੂੰ ਪੂੁਰਾ ਕਰਕੇ ਸੋਪਿਆਂ
ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ : ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸ਼ੁੱਕਵਰਵਾਰ ਨੂੰ ਮੁੜ ਚੌਥੀ ਵਾਰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ। ਕਰੀਬ ਕਈ ਘੰਟੇ ਚੱਲੀ ਪੁਛਗਿਛ ਦੌਰਾਨ ਉਨ੍ਹਾਂ ਵਿਜੀਲੈਂਸ ਵਲੋਂ ਅਪਣੀ ਆਮਦਨ ਤੇ ਖ਼ਰਚ ਦਾ ਦਿੱਤਾ ਪ੍ਰੋਫ਼ਰਾਮਾ ਸੌਪਿਆ। ਸੂਤਰਾਂ ਅਨੁਸਾਰ ਵਿਜੀਲੈਂਸ ਵਲੋਂ ਹੁਣ ਸਾਬਕਾ ਮੰਤਰੀ ਨੂੰ ਉਨ੍ਹਾਂ ਦੇ ਕੋਲ ਮੌਜੂਦ ਮਸ਼ੀਨਰੀ ਬਾਰੇ ਜਾਣਕਾਰੀ ਮੰਗੀ ਹੈ ਤੇ ਨਾਲ ਹੀ ਸ: ਕਾਂਗੜ੍ਹ ਵਲੋਂ ਦਿੱਤੇ ਪ੍ਰੋਫ਼ਾਰਮੇ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਜਾਣੀ ਹੈ। ਉਧਰ ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਸਾਉਣ ਲਈ ਸਿਆਸੀ ਰੰਜਿਸ਼ ਦੇ ਆਧਾਰ ’ਤੇ ਝੂਠੀਆਂ ਸਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਕੋਲ ਪੁੱਜੀਆਂ ਗੁੰਮਨਾਮ ਚਿੱਠੀਆਂ ਵਿਚ ਉਸਦੀ ਥਾਂ-ਥਾਂ ਜਾਇਦਾਦ ਦੱਸੀ ਗਈ ਹੈ, ਜਿਸਦੇ ਚੱਲਦੇ ਜੇਕਰ ਅਜਿਹੀ ਕੋਈ ਜਾਇਦਾਦ ਹੈ ਤਾਂ ਪਹਿਲਾਂ ਉਨ੍ਹਾਂ ਦੇ ਨਾਂ ਜਰੂਰ ਕਰਵਾਈ ਜਾਵੇ। ਗੌਰਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਮਾਲ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ੍ਹ ਵਿਰੁਧ ਵਿਜੀਲੈਂਸ ਵਲੋਂ ਪਿਛਲੇ ਕਰੀਬ 6 ਮਹੀਨਿਆਂ ਤੋਂ ਜਾਂਚ ਵਿੱਢੀ ਹੋਈ ਹੈ। ਉਨ੍ਹਾਂ ਨੂੰ ਸਭ ਤੋਂ ਪਹਿਲਾਂ 20 ਮਾਰਚ ਨੂੰ ਬੁਲਾਇਆ ਸੀ। ਇਸਤੋਂ ਬਾਅਦ ਮੁੜ ਉਹ 29 ਮਾਰਚ ਅਤੇ 6 ਅਪ੍ਰੈਲ ਨੂੰ ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਨ। ਇਸਤੋਂ ਬਾਅਦ ਮੁੜ 28 ਮਈ ਨੂੰ ਬੁਲਾਇਆ ਗਿਆ ਸੀ ਪ੍ਰੰਤੂ ਸਾਬਕਾ ਮੰਤਰੀ ਨੇ ਅਪਣੇ ਗੋਡਿਆਂ ਦੇ ਅਪਰੇਸ਼ਨ ਦਾ ਸਰਟੀਫਿਕੇਟ ਭੇਜ ਦਿੱਤਾ ਸੀ। ਉਂਜ ਉਨ੍ਹਾਂ ਦੇ ਖਿਲਾਫ਼ ਵਿਜੀਲੈਂਸ ਬਿਉਰੋ ਦੀਆਂ ਹਿਦਾਇਤਾਂ ‘ਤੇ ਐਲ.ਓ.ਸੀ ਵੀ ਜਾਰੀ ਕੀਤੀ ਜਾ ਚੁੱਕੀ ਹੈ, ਜਿਸਦੇ ਚੱਲਦੇ ਲੰਘੀ 11 ਜੂਨ ਦੀ ਰਾਤ ਨੂੰ ਉਨ੍ਹਾਂ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਕੈਨੇਡਾ ਜਾਣ ਲਈ ਫ਼ਲਾਇਟ ਚੜ੍ਹਣ ਸਮੇਂ ਏਅਰਪੋਰਟ ਅਥਾਰਟੀ ਨੇ ਰੋਕ ਦਿੱਤਾ ਸੀ। ਸੂਚਨਾ ਮੁਤਾਬਕ ਉਹ ਅਪਣੇ ਭਾਣਜੇ ਦੇ ਵਿਆਹ ਉਪਰ ਐਡਮੈਂਟਨ ਜਾ ਰਿਹਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਫ਼ਿਲਹਾਲ ਵਿਜੀਲੈਂਸ ਵਲੋਂ ਕਾਂਗੜ ਦੁਆਰਾ ਸੌਪੇ ਪ੍ਰੋਫ਼ਾਰਮੇ ਦੀ ਜਾਂਚ ਕੀਤੀ ਜਾਵੇਗੀ ਤੇ ਜੇਕਰ ਤੱਥਾਂ ਵਿਚ ਅੰਤਰ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਦਾ ਅਮਲ ਵਿੱਢ ਦਿੱਤਾ ਜਾਵੇਗਾ।

ਮਨੀਪੁਰ ਦੀਆਂ ਘਟਨਾਵਾਂ ਵਿਰੁੱਧ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ’ਚ ਕੀਤਾ ਰੋਸ ਮਾਰਚ

0

ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ : ਮਨੀਪੁਰ ਦੀਆਂ ਸ਼ਰਮਨਾਕ ਘਟਨਾਵਾਂ ਵਿਰੁੱਧ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਚ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਬਠਿੰਡਾ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਵਿੱਚ ਪੰਜਾਬੀ ਸਾਹਿਤ ਸਭਾ,ਬੀਕੇਯੂ ਡਕੌਦਾ,ਸਾਹਿਤ ਸਿਰਜਣਾ ਮੰਚ, ਪੈਨਸ਼ਨਰਜ਼ ਐਸੋਸੀਏਸ਼ਨ, ਟੀਐਸਯੂ, ਪੀਐਸਯੂ(ਸ਼ਹੀਦ ਰੰਧਾਵਾ),ਪੰਜਾਬ ਫਿਜੀਕਲੀ ਹੈਂਡੀਕੈਪ ਐਸੋਸੀਏਸ਼ਨ,ਡੀਟੀਐਫ,ਪੰਜਾਬ ਸਟੇਟ ਮਨਿਸਟਰੀਅਲ ਸਟਾਫ ਐਸੋਸੀਏਸ਼ਨ, ਪੰਜਾਬ ਸਬਾਰਡੀਨੇਟ ਸਰਵਸਿਜ ਫੈਡਰੇਸ਼ਨ ਕਿਰਤੀ ਕਿਸਾਨ ਯੂਨੀਅਨ,ਤਰਕਸ਼ੀਲ ਸੁਸਾਇਟੀ, ਡੀਟੀਐਫ, ਪੀਐਸਯੂ (ਲਲਕਾਰ),ਡੈਮੋਕ੍ਰੇਟਿਕ ਇੰਪਲਾਈਜ ਫੈਡਰੇਸ਼ਨ,ਨੌਜਵਾਨ ਭਾਰਤ ਸਭਾ,ਟੀਚਰਜ਼ ਹੋਮ ਟਰੱਸਟ,ਸੀਟੂ ਅਤੇ ਸਿੱਖ ਸਦਭਾਵਨਾ ਦਲ ਸ਼ਾਮਲ ਹੋਏ। ਇਸ ਦੌਰਾਨ ਮੰਦਰ ਜੱਸੀ,ਨਿਰਮਲ ਸਿਵੀਆਂ ਤੇ ਰਾਮ ਸਿੰਘ ਰੱਲਾ ਦੇ ਗੀਤਾਂ ਪਿੱਛੋਂ ਐਡਵੋਕੇਟ ਸੁਦੀਪ ਸਿੰਘ,ਪ੍ਰਿੰ ਬੱਗਾ ਸਿੰਘ,ਜਸਪਾਲ ਮਾਨਖੇੜਾ,ਜਗਪਾਲ ਬੰਗੀ,ਪਰਮਿੰਦਰ,ਲਛਮਣ ਮਲੂਕਾ, ਦਰਸ਼ਨ ਮੌੜ, ਰੇਸ਼ਮ ਸਿੰਘ ਤੇ ਬਿੰਦਰ ਅਤੇ ਸਭਾ ਦੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਬੁਲਾਰਿਆਂ ਨੇ ਮਨੀਪੁਰ ਵਿੱਚ ਕੀਤੀ ਜਾ ਰਹੀ ਸਾੜਫੂਕ, ਲੁੱਟਖੋਹ,ਕਤਲੋਗਾਰਤ ਤੇ ਜਬਰ ਜਿਨਾਹ ਦੀਆਂ ਘਟਨਾਵਾਂ ਲਈ ਮਨੀਪੁਰ ਦੀ ਭਾਜਪਾ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਔਰਤਾਂ ਨਾਲ ਜਬਰ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ, ਸਹਿਤ ਫਿਰਕੂ ਹਿੰਸਾ ਨੂੰ ਸ਼ਹਿ ਦੇਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਅਤੇ ਨਾਲ ਹੀ ਇੰਟਰਨੈਟ ’ਤੇ ਲੱਗੀ ਪਬੰਦੀ ਹਟਾਉਣ, ਲੁੱਟਖੋਹ,ਸਾੜਫੂਕ, ਕਤਲੋਗਾਰਦ ਤੇ ਜਬਰ ਜਨਾਹ ਤੁਰੰਤ ਬੰਦ ਕਰਵਾਉਣ, ਔਰਤਾਂ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ,ਐਸਸੀ/ਐਸਟੀ ਰਿਜਵੇਸ਼ਨ ਨੂੰ ਢਾਹ ਲਾਉਣੀ ਬੰਦ ਹੋਵੇ,ਇਸਾਈਆਂ ਦੀਆਂ ਚਰਚਾਂ ਨੂੰ ਸਾੜਨਾ ਬੰਦ ਹੋਵੇ,ਕੁੱਕੀ ਭਾਈਚਾਰੇ ‘ਤੇ ਯੋਜਨਾਬੱਧ ਹਿੰਸਾ ਬੰਦ ਕੀਤੀ ਜਾਵੇ,ਘੱਟ-ਗਿਣਤੀਆਂ,ਦਲਿਤਾਂ,ਆਦਿਵਾਸੀਆਂ ‘ਤੇ ਹਮਲੇ ਬੰਦ ਕੀਤੇ ਜਾਣ ਲਈ ਵੀ ਕਿਹਾ।

ਮਿਸ਼ਨ ਗਰੀਨ ਪੰਜਾਬ ਤਹਿਤ ਬਠਿੰਡਾ ਨੂੰ ਬਣਾਇਆ ਜਾਵੇਗਾ ਹਰਿਆ ਭਰਿਆ : ਸ਼ੌਕਤ ਅਹਿਮਦ ਪਰੇ

0

ਵੱਖ-ਵੱਖ ਅਧਿਕਾਰੀਆਂ ਅਤੇ ਸਮਾਜ ਸੇਵੀ ਮੁਖੀਆਂ ਨਾਲ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ : ਮਿਸ਼ਨ ਗਰੀਨ ਪੰਜਾਬ ਤਹਿਤ ਬਠਿੰਡਾ ਜ਼ਿਲ੍ਹੇ ਨੂੰ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾ ਕੇ ਹਰਿਆ ਭਰਿਆ ਬਣਾਉਣ ਲਈ ਅੱਜ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਵੱਖ-ਵੱਖ ਅਧਿਕਾਰੀਆਂ, ਨਗਰ ਨਿਗਮ ਦੇ ਕੌਂਸਲਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪ੍ਰਦੂਸ਼ਣ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਸਭਨਾਂ ਨੂੰ ਰਲ-ਮਿਲ ਕੇ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਉਣ ਅਤੇ ਇਸਦੇ ਲਈ ਪੂਰੇ ਸਮਾਜ ਨੂੰ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਗ੍ਰੀਨ ਪੰਜਾਬ ਤਹਿਤ ਜਲਦ ਹੀ ਇੱਕ ਪੋਰਟਲ ਬਣਾਇਆ ਜਾਵੇਗਾ। ਜਿਸ ਰਾਹੀਂ ਵੱਖ-ਵੱਖ ਸੰਸਥਾਵਾਂ ਜਾਂ ਲੋਕਾਂ ਵੱਲੋਂ ਲਗਾਏ ਗਏ ਪੌਦਿਆਂ ਦੀ ਜਾਣਕਾਰੀ ਅਪਲੋਡ ਕੀਤੀ ਜਾਇਆ ਕਰੇਗੀ, ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਨਗਰ ਨਿਗਮ ਤੋਂ ਮੁਫ਼ਤ ਵਿੱਚ ਪੌਦੇ ਲੈ ਕੇ ਲਗਾ ਸਕਦੇ ਹਨ। ਇਸ ਤੋਂ ਇਲਾਵਾ ਪਿੰਡਾਂ/ਵਾਰਡਾਂ/ਮੁਹੱਲਾ ਵਾਸੀ ਜੰਗਲਾਤ ਦਫ਼ਤਰ ਤੋਂ ਵੀ ਮੁਫ਼ਤ ਪੌਦੇ ਪ੍ਰਾਪਤ ਕਰਕੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਧੀਨ ਆਉਂਦੇ ਪਾਰਕਾਂ ਵਿੱਚ ਪੌਦੇ ਲਗਾਉਣ ਤੋਂ ਇਲਾਵਾ ਜ਼ਿਲ੍ਹੇ ਭਰ ਦੇ ਸਕੂਲੀ ਬੱਚਿਆਂ ਨੂੰ ਵੀ ਪੌਦੇ ਲਗਾਉਣ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਬਾਬਾ ਫਰੀਦ ਗਰੁੱਪ ਦੇ ਚੈਅਰਮੈਨ ਡਾ.ਗੁਰਮੀਤ ਸਿੰਘ ਧਾਲੀਵਾਲ, ਡਿਪਟੀ ਡਾਇਰੈਕਟਰ ਹਰਪਾਲ ਸਿੰਘ, ਡਿਪਟੀ ਮੇਅਰ ਹਰਿਮੰਦਰ ਸਿੰਘ ਸਿੱਧੂ, ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ, ਨਗਰ ਨਿਗਮ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰ, ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।

ਨਗਰ ਕੌਂਸਲ ਰਾਮਾ ਵਿਖੇ ਮੀਤ ਪ੍ਰਧਾਨ ਨੂੰ ਪੁਲਿਸ ਵਲੋਂ ਚੁੱਕਣ ਦੇ ਵਿਰੁਧ ਕਾਂਗਰਸ ਪਾਰਟੀ ਨੇ ਐਸ.ਐਸ.ਪੀ ਨੂੰ ਦਿੱਤਾ ਮੰਗ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ : ਨਗਰ ਕੌਂਸਲ ਰਾਮਾ ਵਿਖੇ ਪਿਛਲੇ ਦਿਨੀਂ ਕਾਂਗਰਸ ਪਾਰਟੀ ਨਾਲ ਸਬੰਧਤ ਪ੍ਰਧਾਨ ਕ੍ਰਿਸਨ ਕੁਮਾਰ ਵਿਰੁਧ ਕੋਂਸਲਰਾਂ ਵਲੋਂ ਪਾਸ ਕੀਤੇ ਬੇਭਰੋਸਗੀ ਦੇ ਮਤੇ ਦੌਰਾਨ ਲੋਕਲ ਪੁਲਿਸ ਵਲੋਂ ਕਥਿਤ ਤੌਰ ’ਤੇ ਕੋਂਸਲ ਦੇ ਮੀਤ ਪ੍ਰਧਾਨ ਤੇ ਕਾਂਗਰਸ ਦੇ ਹਿਮਾਇਤੀ ਨੂੰ ਚੁੱਕਣ ਦੇ ਵਿਰੁਧ ਅੱਜ ਕਾਂਗਰਸ ਦੇ ਵਫ਼ਦ ਨੇ ਐਸ.ਐਸ.ਪੀ ਨਾਲ ਮੀਟਿੰਗ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੂੰ ਮਿਲੇ ਵਫ਼ਦ ਨੇ ਕਿਹਾ ਕਿ ਇਹ ਲੋਕਤੰਤਰ ਦੀ ਹੱਤਿਆ ਦੇ ਬਰਾਬਰ ਜੁਰਮ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਕਰਕੇ ਜਿੰਮੇਵਾਰਾਂ ਵਿਰੁਧ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀ ਸਹਿ ’ਤੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਹਟਾ ਕੇ ਆਪਣਾ ਕਬਜ਼ਾ ਕਰਨ ਲਈ ਕਾਂਗਰਸ ਦੇ ਸੀਨੀਅਰ ਮੈਂਬਰ ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਾਲ ਧੱਕੇਸ਼ਾਹੀ ਕੀਤੀ ਗਈ ਹੈ , ਜਿਸ ਦੇ ਚੱਲਦੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਦੀ ਅਗਵਾਈ ਵਿੱਚ ਡੀਐਸਪੀ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਵਲੋਂ ਕਾਂਗਰਸੀ ਆਗੂਆਂ ਨੂੰ 26 ਜੁਲਾਈ ਤੱਕ ਇਨਸਾਫ਼ ਦਾ ਭਰੋਸਾ ਦਿਵਾਇਆ ਗਿਆ ਸੀ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਰਾਜਨ ਗਰਗ ਨੇ ਕਿਹਾ ਕਿ ਐਸ ਐਸ ਪੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਤੇ ਪੂਰਾ ਸੱਚ ਸਾਹਮਣੇ ਲਿਆਕੇ ਮੁਦਈ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ ਨਾਂ ਦਿੱਤਾ ਗਿਆ ਤਾਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਿਦਾਇਤਾਂ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਧਰਨੇ ਦੇਣ ਲਈ ਮਜਬੂਰ ਹੋਵੇਗੀ ਜਿਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।

ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਕਾਂਗਰਸ ਪਾਰਟੀ ਨੇ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ : ਪਿਛਲੇ ਦਿਨੀਂ ਹੋਈਆਂ ਬੇਮੌਸਮੀ ਬਾਰਸ਼ਾਂ ਅਤੇ ਆਏ ਭਾਰੀ ਹੜ੍ਹਾ ਕਾਰਨ ਆਮ ਲੋਕਾਂ ਦੇ ਹੋਏ ਵੱਡੇ ਨੁਕਸਾਨ ਨੂੰ ਦੇਖਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਦੀ ਲੀਡਰਸ਼ਿਪ, ਕੋਸਲਰ ,ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਸਹਿਬਾਨ ਅਤੇ ਵਰਕਰ ਹਾਜ਼ਰ ਸਨ। ਜਿਲ੍ਹਾ ਪ੍ਰਧਾਨ ਸ਼੍ਰੀ ਗਰਗ ਨੇ ਇਸ ਮੌਕੇ ਕਿਹਾ ਕਿ ਹੜ੍ਹਾਂ ਨੇ ਘਰਾਂ ਦੇ ਘਰ, ਫਸਲਾਂ,ਪਸ਼ੂ, ਸੜਕਾਂ ,ਹਸਪਤਾਲ, ਇਮਾਰਤਾਂ ਸਮੇਤ ਵੱਡਾ ਨੁਕਸਾਨ ਕੀਤਾ ਹੈ ਪ੍ਰੰਤੂ ਸਰਕਾਰ ਨੇ ਸਿਵਾਏ ਫ਼ੋਟੋ ਸ਼ੈਸਨ ਕਰਵਾਉਣ ਦੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਮੰਗ ਕੀਤੀ ਕਿ ਹੜ੍ਹਾਂ ਨਾਲ ਫਸਲ ਦੇ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਪ੍ਰਤੀ ਏਕੜ 50 ਹਜਾਰ ਰੁਪਏ, ਹੜ੍ਹ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰ ਨੂੰ 10 ਲੱਖ ਰੁਪਏ, ਜ਼ਖਮੀ ਹੋਏ ਵਿਅਕਤੀ ਨੂੰ ਪੰਜ ਲੱਖ ਰੁਪਏ, ਘਰਾਂ ਦੇ ਹੋਏ ਨੁਕਸਾਨ ਲਈ ਪੰਜ ਲੱਖ ਰੁਪਏ ਪ੍ਰਤੀ ਪਰਿਵਾਰ, ਪਸ਼ੂਆਂ ਦੀ ਮੌਤ ਤੇ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦੇਣ ਦਾ ਐਲਾਨ ਕਰੇ ਅਤੇ ਪੰਜਾਬ ਵਿਚ ਹੜ੍ਹਾਂ ਨਾਲ ਹੋਏ ਸਾਰੇ ਨੁਕਸਾਨ ਦੀ ਮੁੜ ਉਸਾਰੀ ਲਈ ਲੋਕਾਂ ਦੀ ਸਹਾਇਤਾ ਕਰਨੀ ਪੂਰਨ ਯਕੀਨੀ ਬਣਾਵੇ ਤਾਂ ਜੋ ਪੰਜਾਬ ਮੁੜ ਲੀਹ ਤੇ ਚਲ ਸਕੇ ਅਤੇ ਘਰੋਂ ਬੇਘਰ ਹੋਏ ਲੋਕ ਆਪਣੇ ਘਰਾਂ ਦਾ ਮੁੜ ਵਸੇਬਾ ਕਰ ਸਕਣ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸੋਕ ਕੁਮਾਰ , ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਠੇਕੇਦਾਰ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਤੇ ਹਰਵਿੰਦਰ ਲੱਡੂ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਕਿਰਨਜੀਤ ਸਿੰਘ ਗੈਹਰੀ , ਰਣਜੀਤ ਸਿੰਘ ਗਰੇਵਾਲ, ਰੁਪਿੰਦਰ ਬਿੰਦਰਾ, ਮਹਿੰਦਰ ਭੋਲਾ, ਚਰਨਜੀਤ ਭੋਲਾ, ਦੇਵ ਰਾਜ ਪੱਕਾ, ਜਗਰਾਜ ਸਿੰਘ, ਸੰਦੀਪ ਵਰਮਾ ਤੇ ਜਿਲਾ ਪ੍ਰਧਾਨ ਮਹਿਲਾ ਵਿੰਗ ਰਮੇਸ਼ ਰਾਣੀ ਆਦਿ ਹਾਜ਼ਰ ਸਨ।

ਵਿਦਿਆਰਥੀਆਂ ਦੇ ਫਾਇਦੇ ਲਈ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਵਚਨਬੱਧ – ਪ੍ਰੋ. ਤਿਵਾਰੀ

0

ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ: ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਿੰਨ ਸਾਲ ਪੂਰੇ ਹੋਣ ਦੇ ਮੌਕੇ ‘ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਐਨਈਪੀ-2020 ਨੂੰ ਸਫ਼ਲਤਾਪੂਰਵਕ ਲਾਗੂ ਕਰਨ ਸੰਬੰਧੀ ਯੂਨੀਵਰਸਿਟੀ ਵੱਲੋਂ ਕੀਤੇ ਯਤਨਾਂ ਅਤੇ ਭਵਿੱਖ ਦੀਆਂ ਰਣਨੀਤੀਆਂ ਨੂੰ ਸਾਂਝਾ ਕਰਨ ਲਈ ਇੱਕ ਪ੍ਰੈੱਸ ਕਾਨਫਰੰਸ ਕੀਤੀ।ਪ੍ਰੈੱਸ ਕਾਨਫਰੰਸ ਦੌਰਾਨ ਵਾਈਸ ਚਾਂਸਲਰ ਪ੍ਰੋ. ਆਰ.ਪੀ ਤਿਵਾਰੀ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ “ਐਨਈਪੀ-2020 ਲਾਗੂ ਕਰਨ ਦੁਆਰਾ ਸਿੱਖਿਆ ਵਿੱਚ ਬਦਲਾਵ: ਪ੍ਰਾਪਤੀਆਂ ਅਤੇ ਅੱਗੇ ਦਾ ਰਾਹ” ਸਿਰਲੇਖ ਵਾਲੀ ਇੱਕ ਹੈੰਡਬੂਕ ਰਿਲੀਜ ਕੀਤੀ। ਇਸ ਪ੍ਰੈੱਸ ਕਾਨਫਰੰਸ ਦੌਰਾਨ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਵਿਜ਼ਨ ਨੂੰ ਉਜਾਗਰ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਕਿਹਾ ਕਿ ਇਹ ਸਿੱਖਿਆ ਨੀਤੀ ਭਾਰਤ ਦੇ ਵਿਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਹਰੇਕ ਨਾਗਰਿਕ ਨੂੰ ਮਿਆਰੀ ਸਿੱਖਿਆ ਤੱਕ ਪਹੁੰਚ ਪ੍ਰਦਾਨ ਕਰਨ ‘ਤੇ ਕੇਂਦਰਿਤ ਹੈ, ਤਾਂ ਜੋ ਇੱਕ ਜੀਵੰਤ ਅਤੇ ਗਿਆਨਵਾਨ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਐਨਈਪੀ-2020 ਦੇ ਪਰਿਵਰਤਨਸ਼ੀਲ ਸੁਧਾਰਾਂ ਦਾ ਉਦੇਸ਼ ਵਿਸ਼ਵ ਹੁਨਰ ਅਤੇ ਨੈਤਿਕ ਕਦਰਾਂ ਕੀਮਤਾਂ ਵਾਲੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ ਜੋ ਆਤਮਨਿਰਭਰ ਭਾਰਤ ਦੀ ਯਾਤਰਾ ਵਿੱਚ ਯੋਗਦਾਨ ਪਾਉਣਗੇ।ਉਹਨਾਂ ਦੱਸਿਆ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਉੱਚ ਸਿੱਖਿਆ ਵਿੱਚ ਲੋੜੀਂਦੇ ਬਦਲਾਅ ਲਿਆਉਣ ਲਈ ਅਕਾਦਮਿਕ ਸੈਸ਼ਨ 2021-2022 ਅਤੇ 2022-2023 ਦੌਰਾਨ ਐਨਈਪੀ-2020 ਦੇ ਅਨੁਸਾਰ ਕਈ ਮਹੱਤਵਪੂਰਨ ਸੁਧਾਰ ਲਾਗੂ ਕੀਤੇ ਹਨ। ਇਹਨਾਂ ਸੁਧਾਰਾਂ ਵਿੱਚੋਂ ਮੁੱਖ ਹਨ: ਲਰਨਿੰਗ ਆਊਟਕਮ-ਸੈਂਟ੍ਰਿਕ ਫਰੇਮਵਰਕ ਅਧਾਰਿਤ ਬਹੁ-ਅਨੁਸ਼ਾਸਨੀ, ਸੰਪੂਰਨ, ਅਤੇ ਲਚਕਦਾਰ ਪਾਠਕ੍ਰਮ ਨੂੰ ਲਾਗੂ ਕਰਨਾ; ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਅਤੇ ਨੈਸ਼ਨਲ ਅਕਾਦਮਿਕ ਡਿਪਾਜ਼ਟਰੀ ਦੇ ਨਾਲ ਸਿੱਖਿਆ ਦਾ ਡਿਜੀਟਲੀਕਰਨ; ਮਲਟੀਪਲ-ਐਂਟਰੀ ਅਤੇ ਐਗਜ਼ਿਟ ਵਿਕਲਪਾਂ ਨੂੰ ਲਾਗੂ ਕਰਨਾ; ਮੈਸਿਵ ਓਪਨ ਔਨਲਾਈਨ ਕੋਰਸ ਦੁਆਰਾ ਕ੍ਰੈਡਿਟ ਟ੍ਰਾਂਸਫਰ ਦੀ ਸਹੂਲਤ ਦੇਣਾ ਅਤੇ ਰਾਸ਼ਟਰੀ ਕ੍ਰੈਡਿਟ ਫਰੇਮਵਰਕ ਨੂੰ ਅਪਣਾਉਣਾ; ਅਤੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਇੰਟਰਨਸ਼ਿਪ, ਖੋਜ, ਕਮਿਊਨਿਟੀ ਟੀਚਿੰਗ, ਇੰਡਸਟਰੀ ਟਰੇਨਿੰਗ, ਸਰਵਿਸ ਲਰਨਿੰਗ, ਵਿਦਿਅਕ ਟੂਰ ਅਤੇ ਫੀਲਡ ਟ੍ਰਿਪਸ ਰਾਹੀਂ ਅਨੁਭਵ ਅਧਾਰਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਜਿਹੇ ਸੁਧਾਰ ਸ਼ਾਮਲ ਹਨ।ਪ੍ਰੋ. ਤਿਵਾਰੀ ਨੇ ਦੱਸਿਆ ਕਿ ਐਨਈਪੀ-2020 ਦੀ ਵਿਜਨ ਦੇ ਅਨੁਸਾਰ ਯੂਨੀਵਰਸਿਟੀ ਪਾਠਕ੍ਰਮ ਵਿੱਚ ਹੁਨਰ-ਅਧਾਰਿਤ ਕੋਰਸਾਂ ਨੂੰ ਤਰਜੀਹ ਦਿਤੀ ਗਈ ਹੈ। ਇਸ ਕਿਸਮ ਦੇ ਕੋਰਸ ਵਿਦਿਆਰਥੀਆਂ ਵਿੱਚ ਲੋੜੀਂਦੇ ਹੁਨਰ ਨੂੰ ਵਿਕਸਤ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਸਿੱਧ ਰਹੇ ਹਨ।ਪ੍ਰੋ. ਤਿਵਾਰੀ ਨੇ ਦੱਸਿਆ ਕਿ ਐਨਈਪੀ-2020 ਦੇ ਪਹਿਲਾਂ ਤੋਂ ਲਾਗੂ ਕੀਤੇ ਗਏ ਸੁਧਾਰਾਂ ਨੂੰ ਵਧਾਉਣ ਤੋਂ ਇਲਾਵਾ, ਯੂਨੀਵਰਸਿਟੀ ਨੇ ਐਨਈਪੀ-2020 ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਅੱਗੇ ਦੀਆਂ ਰਣਨੀਤੀਆਂ ਤਿਆਰ ਕੀਤੀਆਂ ਹਨ। ਇਹਨਾਂ ਰਣਨੀਤੀਆਂ ਵਿੱਚ ਨਵੇਂ ਯੁੱਗ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਦੋਹਰੇ-ਡਿਗਰੀ ਅਤੇ ਸੰਯੁਕਤ ਡਿਗਰੀ ਪ੍ਰੋਗਰਾਮਾਂ ਦੀ ਸ਼ੁਰੂਆਤ ਸ਼ਾਮਲ ਹੈ ਜਿਸਦਾ ਉਦੇਸ਼ ਉੱਚ ਸਿੱਖਿਆ ਅਤੇ ਖੋਜ ਵਿੱਚ ਵਿਕਲਪਾਂ ਦਾ ਵਿਸਥਾਰ ਕਰਨਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਸਮਾਜਿਕ ਉੱਦਮਤਾ ਅਤੇ ਟਿਕਾਊ ਵਿਕਾਸ, ਮਨੁੱਖੀ ਕਦਰਾਂ-ਕੀਮਤਾਂ ਅਤੇ ਭਾਰਤੀ ਗਿਆਨ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਯੂਨੀਵਰਸਿਟੀ ਨੂੰ ਖੋਜ-ਮੁਖੀ ਸੰਸਥਾ ਵਿੱਚ ਬਦਲਣ ਦਾ ਟੀਚਾ ਮਿੱਥਿਆ ਹੈ।ਇਸ ਦੌਰਾਨ ਯੂਨੀਵਰਸਿਟੀ ਅਧਿਕਾਰੀਆਂ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਪੂਰੀ ਤਰ੍ਹਾਂ ਲਾਗੂ ਕਰਕੇ ਦੇਸ਼ ਦੇ ਨੌਜਵਾਨਾਂ ਨੂੰ ਲਾਭ ਪਹੁੰਚਾਉਣ ਲਈ ਆਪਣੀਆਂ ਭਵਿੱਖ ਦੀਆਂ ਰਣਨੀਤੀਆਂ ਸਾਂਝੀਆਂ ਕੀਤੀਆਂ।ਇਸ ਦੌਰਾਨ ਆਈਕਿਊਏਸੀ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ, ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ; ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ; ਵਿੱਤ ਅਫ਼ਸਰ ਡਾ. ਰਾਜਕੁਮਾਰ ਸ਼ਰਮਾ, ਡਾ. ਬਾਵਾ ਸਿੰਘ ਅਤੇ ਡਾ. ਰਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

ਪਰਲਜ਼ ਕੰਪਨੀ ਦੀ 200 ਗਜ਼ ਜਗ੍ਹਾਂ ’ਤੇ ਨਜ਼ਾਇਜ਼ ਕਬਜ਼ੇ ਕਰਨ ਵਾਲੇ 3 ਜਣੇ ਕਾਬੂ, ਕੇਸ ਦਰਜ਼

0

ਕਿਸੇ ਨੇ ਵੀ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਤੇ ਨਜਾਇਜ਼ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੋਵੇਗੀ ਕਾਨੂੰਨੀ ਕਾਰਵਾਈ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ: ਸਥਾਨਕ ਸ਼ਹਿਰ ਦੇ 100 ਫੁੱਟੀ ਰੋਡ ’ਤੇ ਸਥਿਤ ਬਹੁਕੀਮਤੀ 200 ਗਜ਼ ਜਮੀਨ ‘ਤੇ ਨਜਾਇਜ਼ ਕਬਜਾ ਕਰਨ ਵਾਲੇ ਤਿੰਨ ਜਣਿਆਂ ਨੂੰ ਮੌਕੇ ’ਤੋਂ ਕਾਬੂ ਕਰਕੇ ਉਨ੍ਹਾਂ ਵਿਰੁਧ ਸਿਵਲ ਲਾਈਨ ਪੁਲਿਸ ਨੇ ਕੇਸ ਦਰਜ਼ ਕੀਤਾ ਹੈ। ਕਥਿਤ ਦੋਸੀ ਪ੍ਰਾਪਟੀ ਕਾਰੋਬਾਰ ਨਾਲ ਜੁੜੇ ਦੱਸੇ ਜਾ ਰਹੇ ਹਨ। ਚਰਚਾ ਮੁਤਾਬਕ ਇੰਨ੍ਹਾਂ ਦੇ ਪਿੱਛੇ ਕੁੱਝ ‘ਰਸੂਖਵਾਨ’ ਲੋਕਾਂ ਦਾ ਹੱਥ ਹੈ, ਜਿੰਨਾਂ ਦੀ ਸਿਨਾਖ਼ਤ ਕਰਨ ਲਈ ਪੁਲਿਸ ਟੀਮਾਂ ਪੁਛਗਿਛ ਕਰ ਰਹੀਆਂ ਹਨ। ਕਬਜਾ ਕਰਨ ਵਾਲੇ ਤਿੰਨ ਵਿਅਕਤੀਆਂ ਦੀ ਸਿਨਾਖ਼ਤ ਜਸਵੀਰ ਸਿੰਘ ਤੇ ਸੁਖਜਿੰਦਰ ਸਿੰਘ ਵਾਸੀ ਘੁੰਮਣ ਕਲਾਂ ਅਤੇ ਕਮਲਪ੍ਰੀਤ ਸਿੰਘ ਵਾਸੀ ਕੋਟਫੱਤਾ ਦੇ ਤੌਰ ’ਤੇ ਹੋਈ ਹੈ। ਥਾਣਾ ਸਿਵਲ ਲਾਈਨ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਕਥਿਤ ਦੋਸ਼ੀਆਂ ਵਿਰੁਧ ਧਾਰਾ 420, 465, 467, 447, 511, 120ਬੀ ਆਈਪੀਸੀ ਤਹਿਤ ਕੇਸ ਦਰਜ਼ ਕਰਕੇ ਇੰਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਹੋਰ ਪੁਛਗਿਛ ਲਈ ਅਦਾਲਤ ਨੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਉਧਰ ਇਸ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜਮਾਂ ਪਾਸੋਂ ਪੁੱਛ ਪੜਤਾਲ ਕਰਕੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਪਰਲਜ਼ ਕੰਪਨੀ ਦੀ ਹੋਰ 200 ਗਜ਼ ਜਗਾ ’ਤੇ ਵੀ ਕਿਸੇ ਦੁਆਰਾ ਪਹਿਲਾਂ ਕਬਜ਼ਾ ਕੀਤਾ ਹੋਇਆ ਹੈ, ਜਿਸਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਭਵਿੱਖ ਚ ਕਿਸੇ ਨੇ ਵੀ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਤੇ ਨਜਾਇਜ਼ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ਼ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ਨੂੰ ਲੈ ਕੇ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਕੀਤੇ ਹੁਕਮਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਤਹਿਤ ਪਰਲਜ਼ ਕੰਪਨੀ ਦੀਆਂ ਬਠਿੰਡਾ ਵਿਖੇ ਸਥਿਤ ਜਾਇਦਾਦਾਂ ਦੀ ਸ਼ਨਾਖਤ ਉਪਰੰਤ ਫਿਜੀਕਲ ਵੈਰੀਫਿਕੇਸ਼ਨ ਲਈ ਉਪ ਮੰਡਲ ਮੈਜਿਸਟਰੇਟ/ ਤਹਿਸੀਲਦਾਰ ਅਤੇ ਸਬੰਧਤ ਉਪ ਕਪਤਾਨ ਪੁਲਿਸ ਦੀ ਇੱਕ ਕਮੇਟੀ ਵੀ ਬਣਾਈ ਗਈ ਹੈ। ਗੌਰਤਲਬ ਹੈ ਕਿ ਅਰਬਾਂ ਦੀ ਠੱਗੀ ਮਾਰਨ ਵਾਲੀ ਪਰਲਜ਼ ਕੰਪਨੀ ਦਾ ਐਮ.ਡੀ ਸੁਖਦੇਵ ਸਿੰਘ ਭੰਗੂ ਅਤੇ ਹੋਰ ਡਾਇਰੈਕਟਰ ਦੇਸ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਹਨ ਅਤੇ ਪਰਲਜ਼ ਵਿਚ ਪੈਸਾ ਲਗਾਉਣ ਵਾਲੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਲਈ ਸੇਬੀ ਅਤੇ ਹੋਰ ਸੰਸਥਾਵਾਂ ਵਲੋਂ ਕੰਮ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਪਰਲਜ਼ ਕੰਪਨੀ ਦੀਆਂ ਜਾਇਦਾਦਾਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਵਾਲੀ ਮੋਦੀ ਸਰਕਾਰ ਦੀ ਕੀਤੀ ਆਲੋਚਨਾ

ਕਿਹਾ; ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ 28 ਗਵਰਨਰਾਂ ਸਮੇਤ 30 ਜਣੇ ਪੂਰਾ ਮੁਲਕ ਚਲਾ ਰਹੇ ਨੇ
ਮਨੀਪੁਰ ਦੀ ਮੰਦਭਾਗੀ ਘਟਨਾ ਨੂੰ ਭਾਜਪਾ ਵੱਲੋਂ ਅਪਣਾਈ ਜਾ ਰਹੀ ਵੰਡ-ਪਾਊ ਤੇ ਨਫ਼ਰਤ ਦੀ ਨੀਤੀ ਦਾ ਨਤੀਜਾ ਦੱਸਿਆ
ਸੰਸਦ ਮੈਂਬਰ ਸੰਜੇ ਸਿੰਘ ਦੀ ਰਾਜ ਸਭਾ ਤੋਂ ਮੁਅੱਤਲੀ ਖ਼ਿਲਾਫ਼ ਰੋਸ ਪ੍ਰਦਰਸ਼ਨ ਵਿੱਚ ਕੀਤੀ ਸ਼ਮੂਲੀਅਤ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 27 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੀ ਦੇਸ਼ ਵਿੱਚ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਅਤੇ ਨਫ਼ਰਤ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਲਈ ਆਲੋਚਨਾ ਕੀਤੀ।ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਮੁਅੱਤਲੀ ਦੇ ਵਿਰੋਧ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਮੰਦਭਾਗੀ ਗੱਲ ਹੈ ਕਿ ਸੱਤਾਧਾਰੀ ਗਠਜੋੜ ਨੇ ਸੰਸਦ ਮੈਂਬਰਾਂ ਨੂੰ ਜਨਤਕ ਸਰੋਕਾਰ ਦਾ ਮੁੱਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਜੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਕੋਈ ਸੰਸਦ ਮੈਂਬਰ ਸਦਨ ਦੇ ਵਿਚਕਾਰ ਆਉਂਦਾ ਹੈ ਤਾਂ ਉਸ ਨੂੰ ਗ਼ੈਰਕਾਨੂੰਨੀ ਢੰਗ ਨਾਲ ਮੁਅੱਤਲ ਕਰ ਦਿੱਤਾ ਜਾਂਦਾ ਹੈ, ਜੋ ਬਹੁਤ ਸ਼ਰਮਨਾਕ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ‘ਲੋਕਤੰਤਰ ਦੇ ਮੰਦਰ’ ਵਿੱਚ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਦਬਾਉਣ ਦਾ ਇਹ ਤਾਨਾਸ਼ਾਹੀ ਢੰਗ ਗੈਰਵਾਜਬ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਤਾਨਾਸ਼ਾਹੀ ਸ਼ਾਸਨ ਵਿੱਚ ਸਿਆਸੀ ਲਾਹੇ ਲਈ ਵਿਰੋਧੀ ਧਿਰ ਨੂੰ ਚੁੱਪ ਕਰਾਉਣਾ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਸੱਤਾਧਾਰੀ ਗਠਜੋੜ ਵੱਲੋਂ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਕੇ ਵਿਰੋਧੀ ਧਿਰ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਰੇ ਮੈਂਬਰਾਂ ਦੀ ਸਹਿਮਤੀ ਲੈਣ ਦੀ ਪ੍ਰਵਾਹ ਕੀਤੇ ਬਿਨਾਂ ਸਾਰੇ ਸਦਨ ਵਿੱਚ ਹੰਗਾਮਾ ਮਚਾ ਕੇ ਬਿੱਲ ਪਾਸ ਕਰ ਦਿੱਤੇ ਜਾਂਦੇ ਹਨ ਅਤੇ ਇਹ ਸਮੁੱਚੇ ਲੋਕਤੰਤਰ ਉਤੇ ਧੱਬਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਸਾਰੇ ਸੰਸਦ ਮੈਂਬਰ ਸੰਜੇ ਸਿੰਘ ਦੇ ਨਾਲ ਹਨ ਅਤੇ ਅੱਜ ਇੱਥੇ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ‘ਮਨ ਕੀ ਬਾਤ’ ਵਿੱਚ ਆਪਣੀ ਗੱਲ ਕਰਨਾ ਪਸੰਦ ਕਰਦੇ ਹਨ ਪਰ ਉਹ ਦੇਸ਼ ਦੇ ਲੋਕਾਂ ਦੀ ਗੱਲ ਸੁਣਨ ਲਈ ਕਦੇ ਵੀ ਤਿਆਰ ਨਹੀਂ ਹੁੰਦੇ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਸੂਝਵਾਨ ਅਤੇ ਜਮਹੂਰੀਅਤ ਨੂੰ ਪਿਆਰ ਕਰਨ ਵਾਲੇ ਲੋਕ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ ਅਤੇ ਇਸ ਘਿਨਾਉਣੇ ਪਾਪ ਲਈ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਨੂੰ ਸਬਕ ਸਿਖਾਉਣਗੇ।ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਐਂਡ ਕੰਪਨੀ ਦੇਸ਼ ਵਿੱਚ ਲੋਕਤੰਤਰ ਨੂੰ ਖ਼ਤਰੇ ਵਿੱਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਦੇਸ਼ ਨੂੰ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਉਨ੍ਹਾਂ ਦੇ 28 ਰਾਜਪਾਲਾਂ ਸਮੇਤ 30 ਲੋਕਾਂ ਨੇ ਹੀ ਚਲਾਉਣਾ ਹੈ ਤਾਂ ਚੋਣਾਂ ਕਰਵਾਉਣ `ਤੇ ਪੈਸਾ ਕਿਉਂ ਬਰਬਾਦ ਕਿਉਂ ਕੀਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਵਿੱਚ ਇਹ ਖ਼ਤਰਨਾਕ ਰੁਝਾਨ ਹੈ, ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ।ਮੁੱਖ ਮੰਤਰੀ ਨੇ ਕਿਹਾ ਕਿ ਮਨੀਪੁਰ ਵਿਖੇ ਵਾਪਰੀ ਸ਼ਰਮਨਾਕ ਘਟਨਾ ਭਾਜਪਾ ਦੀ ਵੰਡ ਪਾਊ ਅਤੇ ਨਫ਼ਰਤ ਵਾਲੀ ਨੀਤੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਅਤੇ ਇਸ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ ਕਿਉਂਕਿ ਇਸ ਨੀਤੀ ਦੇ ਮਾੜੇ ਸਿੱਟੇ ਸਾਹਮਣੇ ਆਉਣਗੇ। ਭਗਵੰਤ ਮਾਨ ਨੇ ਮੰਗ ਕੀਤੀ ਕਿ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜਨ ਕਾਰਨ ਮਨੀਪੁਰ ਵਿੱਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ।ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਮਨੀਪੁਰ ਵਿੱਚ ਉਦੋਂ ਕੀ ਕਰ ਰਹੇ ਸਨ, ਜਦੋਂ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਸੀ। ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਖ਼ਾਸ ਕਰਕੇ ਗੈਰ-ਭਾਜਪਾ ਸ਼ਾਸਿਤ ਸੂਬਿਆਂ ਦੇ ਰਾਜਪਾਲ ਸੂਬਿਆਂ ਦੇ ਰੋਜ਼ਾਨਾ ਦੇ ਮਾਮਲਿਆਂ ਵਿੱਚ ਗੈਰ-ਜ਼ਰੂਰੀ ਦਖ਼ਲਅੰਦਾਜ਼ੀ ਕਰ ਰਹੇ ਹਨ ਅਤੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਕੰਮ ਨਹੀਂ ਕਰਨ ਦੇ ਰਹੇ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਉਲਟ ਮਨੀਪੁਰ ਦੇ ਰਾਜਪਾਲ ਸੂਬੇ ਵਿੱਚ ਵਾਪਰ ਰਹੀਆਂ ਲੜੀਵਾਰ ਘਿਨਾਉਣੀਆਂ ਘਟਨਾਵਾਂ ਨੂੰ ਸਿਰਫ਼ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ।ਮੁੱਖ ਮੰਤਰੀ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਮਨੀਪੁਰ ਵਿੱਚ ਵਾਪਰ ਰਹੀਆਂ ਮੰਦਭਾਗੀਆਂ ਅਤੇ ਘਿਨਾਉਣੀਆਂ ਘਟਨਾਵਾਂ ਦਾ ਖ਼ੁਦ ਨੋਟਿਸ ਲੈਣ ਅਤੇ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਜਦੋਂ ਮਨੀਪੁਰ ਸੜ ਰਿਹਾ ਸੀ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਦੂਜੇ ਦੇਸ਼ਾਂ ਦੀ ਯਾਤਰਾ ਦਾ ਆਨੰਦ ਮਾਣ ਰਿਹਾ ਸੀ। ਭਗਵੰਤ ਮਾਨ ਨੇ ਕਿਹਾ ਕਿ ਇਹ ਇਸ ਸੰਕਟ ਨਾਲ ਨਜਿੱਠਣ ਪ੍ਰਤੀ ਮੋਦੀ ਸਰਕਾਰ ਦੀ ਅਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ ਅਤੇ ਲੋਕ 2024 ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਮੋਦੀ ਅਤੇ ਉਸ ਦੀ ਜੁੰਡਲੀ ਨੂੰ ਸਬਕ ਸਿਖਾਉਣਗੇ। ਸੰਸਦ ਭਵਨ ਦੀ ਨਵੀਂ ਬਣੀ ਇਮਾਰਤ ਵਿੱਚ ਪਾਣੀ ਰਿਸਣ `ਤੇ ਵਿਅੰਗ ਕਸਦਿਆਂ ਉਨ੍ਹਾਂ ਕਿਹਾ ਕਿ ਇਕ ਸਦੀ ਪਹਿਲਾਂ ਬਣੀ ਪਾਰਲੀਮੈਂਟ ਦੀ ਪੁਰਾਣੀ ਇਮਾਰਤ ਅੱਜ ਵੀ ਬਰਕਰਾਰ ਹੈ, ਜਦ ਕਿ ਨਵੀਂ ਇਮਾਰਤ ਦੀ ਛੱਤ ਲੀਕ ਹੋ ਚੁੱਕੀ ਹੈ, ਜੋ ਦੇਸ਼ ਦੀ ਤਰਸਯੋਗ ਹਾਲਤ ਨੂੰ ਦਰਸਾਉਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਦੀ ਭ੍ਰਿਸ਼ਟ ਤੱਤਾਂ ਨਾਲ ਮਿਲੀਭੁਗਤ ਹੈ।