Home Blog Page 2058

ਮਨੀਪੁਰ ਦੀਆਂ ਘਟਨਾਵਾਂ ਦੇ ਰੋਸ਼ ਵਜੋਂ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨੇ ਕੇਂਦਰ ਦਾ ਪੁਤਲਾ ਫੂਕਿਆ

ਡਿਪਟੀ ਕਮਿਸ਼ਨਰ ਰਾਹੀਂ ਚੀਫ਼ ਜਸਟਿਸ ਤੇ ਰਾਸ਼ਟਰਪਤੀ ਨੂੰ ਭੇਜਿਆ ਰੋਸ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ : ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵੱਲੋ ਸੂਬਾ ਪੱਧਰੀ ਫੈਸਲੇ ਅਨੁਸਾਰ ਮਨੀਪੁਰ ਵਿਖੇ ਦੋ ਔਰਤਾਂ ਦੀ ਕੀਤੀ ਗਈ ਨਗਨ ਪਰੇਡ ਅਤੇ ਲਗਾਤਾਰ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਘਟਨਾਵਾਂ ਦੇ ਵਿਰੋਧ ਵਿਚ ਅੱਜ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਸਾਹਮਣੇ ਧਰਨਾ ਮਾਰਨ ਤੋਂ ਬਾਅਦ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਫਰੰਟ ਵਲੋਂ 24 ਜੁਲਾਈ ਤੋਂ 30 ਜੁਲਾਈ ਤੱਕ ਇਸ ਮੁੱਦੇ ਨੂੰ ਲੈ ਕੇ ਰੋਸ ਹਫ਼ਤਾ ਮਨਾਇਆ ਜਾ ਰਿਹਾ ਹੈ। ਧਰਨੇ ਤੋਂ ਬਾਅਦ ਪ੍ਰਸਾਸਨਿਕ ਅਧਿਕਾਰੀਆਂ ਰਾਹੀਂ ਰੋਸ ਪੱਤਰ ਚੀਫ਼ ਜਸਟਿਸ ਅਤੇ ਰਾਸ਼ਟਰਪਤੀ ਦੇ ਨਾਮ ਭੇਜੇ ਗਏ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਮਨੀਪੁਰ ਦੀ ਸਰਕਾਰ ਨੂੰ ਤੁਰੰਤ ਭੰਗ ਕਰਕੇ ਉਥੇ ਅਮਨ ਕਾਨੂੰਨ ਦੀ ਸਥਿਤੀ ਬਹਾਲ ਕੀਤੀ ਜਾਵੇ ਅਤੇ ਨਗਨ ਪਰੇਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਅੱਜ ਦੇ ਇਸ ਇਕੱਠ ਵਿੱਚ ਦਰਸ਼ਨ ਸਿੰਘ ਮੌੜ ਪੈਨਸ਼ਨਰ ਆਗੂ, ਗਗਨਦੀਪ ਸਿੰਘ ਭੁੱਲਰ ਪ ਸ ਸ ਫ ਵਿਗਿਆਨਕ, ਸੁਖਚੈਨ ਸਿੰਘ ਪ ਸ ਸ ਫ 1406 22 ਬੀ,ਸਿਕੰਦਰ ਧਾਲੀਵਾਲ ਡੀ ਐਮ ਐਫ਼, ਮਨਜੀਤ ਸਿੰਘ ਧੰਜਲ ਪੀ ਐਸ ਪੀ ਸੀ ਐਲ ਪੈਨਸ਼ਨਰ, ਮਨਜੀਤ ਸਿੰਘ ਪ ਸ ਸ ਫ 1680 22 ਬੀ, ਰਣਜੀਤ ਸਿੰਘ ਤੂਰ ਪੁਲੀਸ ਪੈਨਸ਼ਨਰ,ਲਛਮਣ ਸਿੰਘ ਮਲੂਕਾ, ਸੁਖਵਿੰਦਰ ਸਿੰਘ ਪੀ ਐਸ ਪੀ ਸੀ ਐਲ ਪੈਨਸ਼ਨਰ, ਮਹਿੰਦਰਪਾਲ ਸਿੰਘ ਪੀ ਐਸ ਪੀ ਸੀ ਐਲ,ਅਮਰਜੀਤ ਸਿੰਘ ਹਨੀ ਕਿਰਤੀ ਕਿਸਾਨ ਯੂਨੀਅਨ, ਬਲਕਰਨ ਸਿੰਘ ਕੁੱਲ ਹਿੰਦ ਕਿਸਾਨ ਸਭਾ,ਉਮੈਦ ਬਿਸ਼ਟ ਅਤੇ ਅਮਨਦੀਪ ਕੁਮਾਰ ਪ੍ਰਿੰਸੀਪਲ ਰਣਜੀਤ ਸਿੰਘ ਆਦਿ ਆਗੂ ਹਾਜ਼ਰ ਸਨ।

ਸਿਹਤ ਵਿਭਾਗ ਦੇ ਸਹਿਯੋਗ ਨਾਲ ਏਮਜ਼ ਬਠਿੰਡਾ ਵਿਸ਼ਵ ਹੈਪਾਟਾਈਟਸ ਦਿਵਸ ਮੌਕੇ ਜਾਗਰੂਕਤਾ ਕੈਂਪ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ : ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਅਤੇ ਡੀਨ ਏਮਜ਼ ਡਾ ਅਖਿਲੇਸ਼ ਪਾਠਕ ਦੀ ਪ੍ਰਧਾਨਗੀ ਹੇਠ ਏਮਜ਼ ਵਿਖੇ ਵਿਸਵ ਹੈਪਾਟਾਈਟਸ ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਅਤੇ ਸਕਰੀਨਿੰਗ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਮਿਤੀ 24 ਤੋਂ 29 ਜੁਲਾਈ ਤੱਕ ਵਿਸ਼ਵ ਹੈਪਾਟਾਈਟਸ ਹਫ਼ਤਾ ਮਨਾ ਰਿਹਾ ਹੈ, ਇਸ ਹਫ਼ਤੇ ਦੌਰਾਨ ਹੈਪਾਟਾਈਟਸ ਬਿਮਾਰੀ ਤੋਂ ਬਚਣ, ਫੈਲਣ ਅਤੇ ਲੱਛਣਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਕ੍ਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਡਾ ਰੂਪਾਲੀ ਨੇ ਹੈਪੇਟਾਈਟਸ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ। ਜਦ ਕਿ ਡਾ ਰਾਕੇਸ਼ ਕੱਕੜ ਨੇ ਹੈਪੇਟਾਈਟਸ ਬਾਰੇ ਦਸਿਆ। ਇਸੇ ਤਰ੍ਹਾਂ ਡਾ ਪ੍ਰੀਤ ਢੋਟ ਨੇ ਹੈਪਾਟਾਈਟਸ ਏ ਅਤੇ ਈ ਦੌਰਾਨ ਰੱਖੇ ਜਾਣ ਵਾਲੇ ਪ੍ਰਹੇਜ਼ਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਪੈਂਫਲੇਟ ਵੀ ਵੰਡੇ ਗਏ ਅਤੇ ਏਮਜ਼ ਦੇ ਵਿਦਿਆਰਥੀਆਂ ਵੱਲੋਂ ਹੈਪਾਟਾਈਟਸ ਦੀ ਜਾਗਰੂਕਤਾ ਸਬੰਧੀ ਨੁੱਕੜ ਨਾਟਕ ਵੀ ਖੇਡਿਆ ਗਿਆ। ਸਿਵਲ ਹਸਪਤਾਲ ਬਠਿੰਡਾ ਦੀ ਗਠਿਤ ਟੀਮ ਜ਼ਸਕਰਨ ਸਿੰਘ ਵੱਲੋਂ ਹੈਪਾਟਾਈਟਸ ਬੀ ਅਤੇ ਸੀ ਦੇ ਟੈਸਟ ਵੀ ਕੀਤੇ ਗਏ। ਇਸ ਦੌਰਾਨ ਡਾ ਰਾਕੇਸ਼ ਕੱਕੜ, ਡਾ ਪ੍ਰੀਤ ਢੌਟ, ਡਾ ਊਸ਼ਾ ਗੋਇਲ, ਡਾ ਮੂਨਿਸ ਮਿਰਜ਼ਾ, ਡਾ ਅਮਨ, ਡਾ ਮੁਨੀਸ਼ ਗੁਪਤਾ, ਡਾ ਰੂਪਾਲੀ, ਵਿਨੋਦ ਖੁਰਾਣਾ, ਪਵਨਜੀਤ ਕੌਰ ਆਦਿ ਹਾਜ਼ਰ ਸਨ।

ਆਟੋ ਰਿਕਸ਼ਿਆਂ ਦੇ ਕਾਰਣ ਵਧ ਰਹੀ ਟਰੈਫ਼ਿਕ ਸਮੱਸਿਆ ਤੋਂ ਜਲਦ ਮਿਲੇਗੀ ਨਿਯਾਤ : ਸ਼ੌਕਤ ਅਹਿਮਦ ਪਰੇ

0

ਆਟੋ ਰਿਕਸ਼ਾ ਰੋਡ ਸੇਫ਼ਟੀ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ : ਸ਼ਹਿਰ ਅੰਦਰ ਆਟੋ ਰਿਕਸ਼ਿਆਂ ਕਾਰਣ ਦਿਨ-ਬ-ਦਿਨ ਵਧ ਰਹੀ ਟਰੈਫ਼ਿਕ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਜਲਦ ਨਿਯਾਤ ਦਿਵਾਈ ਜਾਵੇਗੀ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਆਟੋ ਰਿਕਸ਼ਾ ਰੋਡ ਸੇਫ਼ਟੀ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਸ਼ਹਿਰ ਅੰਦਰ ਆਟੋ ਰਿਕਸ਼ਿਆਂ ਕਾਰਣ ਵਧ ਰਹੀ ਟਰੈਫ਼ਿਕ ਸਮੱਸਿਆ ਦੇ ਢੁਕਵੇਂ ਹੱਲ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕੁੱਲ ਚੱਲ ਰਹੇ ਆਟੋ ਰਿਕਸ਼ਿਆਂ ਦੀ ਗਿਣਤੀ ਕਰਕੇ ਇਹ ਵੀ ਪਤਾ ਕੀਤਾ ਜਾਵੇ ਕਿ ਇਨ੍ਹਾਂ ਵਿੱਚੋਂ ਕਿੰਨੇ ਆਟੋ ਰਿਕਸ਼ੇ ਅਣ-ਅਧਿਕਾਰਿਤ ਤੌਰ ਤੇ ਚੱਲ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਥਾਵਾਂ ਦੀ ਵੀ ਸ਼ਨਾਖਤ ਕੀਤੀ ਜਾਵੇ, ਜਿੱਥੇ ਆਟੋ ਰਿਕਸ਼ਿਆਂ ਲਈ ਇੱਕੋ ਥਾਂ ਤੋਂ ਸਵਾਰੀ ਚੜ੍ਹਾਉਣ/ਉਤਾਰਨ ਲਈ ਪੱਕੇ ਸਟੈਂਡ ਬਣਾਏ ਜਾ ਸਕਣ। ਆਮ ਤੌਰ ਤੇ ਆਟੋ ਰਿਕਸ਼ਾ ਚਾਲਕਾਂ ਵੱਲੋਂ ਰੋਡ ਤੇ ਹੀ ਥਾਂ-ਥਾਂ ਤੇ ਰੁਕ-ਰੁਕ ਕੇ ਆਪਣੀ ਮਰਜੀ ਨਾਲ ਹੀ ਸਵਾਰੀਆਂ ਉਤਾਰੀਆਂ ਤੇ ਚੜ੍ਹਾਈਆਂ ਜਾਂਦੀਆਂ ਹਨ। ਜਿਸ ਨਾਲ ਟਰੈਫ਼ਿਕ ਦੀ ਸਮੱਸਿਆ ਹੋਣ ਦੇ ਨਾਲ-ਨਾਲ ਹਾਦਸਾ ਵਾਪਰਨ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਮੀਟਿੰਗ ਵਿਚ ਏਡੀਸੀ (ਜ) ਪਲਵੀ ਚੌਧਰੀ, ਏਡੀਸੀ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਆਰ.ਟੀ.ਏ. ਰਾਜਦੀਪ ਸਿੰਘ ਬਰਾੜ, ਏਸੀ ਜਨਰਲ ਪੰਕਜ ਕੁਮਾਰ, ਐਸਈ ਸੰਦੀਪ ਗੁਪਤਾ, ਟਰੈਫ਼ਿਕ ਇੰਚਾਰਜ ਅਮਰੀਕ ਸਿੰਘ ਆਦਿ ਹਾਜ਼ਰ ਸਨ।

ਮਨੀਪੁਰ ਦੀ ਘਟਨਾ ਵਿਰੁਧ ਖੱਬੇ ਪੱਖੀ ਜਥੇਬੰਦੀਆਂ ਨੇ ਸ਼ਹਿਰ ਵਿਚ ਕੱਢਿਆ ਰੋਸ ਮਾਰਚ

ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ : ਉਤਰ-ਪੂਰਬੀ ਸੂਬੇ ਮਨੀਪੁਰ ਵਿਖੇ ਦੋ ਔਰਤਾਂ ਨਾਲ ਕੀਤੇ ਵਹਿਸ਼ੀਆਨਾ ਸਮੂਹਿਕ ਬਲਾਤਕਾਰ ਅਤੇ ਉਨ੍ਹਾਂ ਨੂੰ ਨਿਰਵਸਤਰ ਕਰਕੇ ਘਮਾਉਣ ਦੇ ਵਿਰੋਧ ’ਚ ਅੱਜ ਔਰਤ ਮੁਕਤੀ ਮੋਰਚਾ ਪੰਜਾਬ, ਦਿਹਾਤੀ ਮਜ਼ਦੂਰ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਟੀਚਰਜ ਹੋਮ ਤੋਂ ਲੈ ਕੇ ਬੱਸ ਸਟੈਂਡ ਤੱਕ ਰੋਸ ਮਾਰਚ ਕਰਨ ਉਪਰੰਤ ਰੋਹ ਭਰਿਆ ਮਾਰਚ ਕੀਤਾ ਗਿਆ।ਚਾਰ ਖੱਬੀਆਂ ਪਾਰਟੀਆਂ ਸੀਪੀਆਈ, ਆਰਐਮਪੀਆਈ, ਸੀਪੀਆਈ (ਐਮਐਲ) ਲਿਬਰੇਸ਼ਨ ਅਤੇ ਐਮ.ਸੀ.ਪੀ.ਆਈ.ਯੂ ਵੱਲੋਂ ਦਿੱਤੇ ਸੱਦੇ ਤਹਿਤ ਆਯੋਜਿਤ ਇਸ ਮਾਰਚ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੇਂਦਰੀ ਕਮੇਟੀ ਦੇ ਕਾਮਰੇਡ ਮਹੀਪਾਲ ਨੇ ਕਿਹਾ ਕਿ ਮਨੀਪੁਰ ਵਿੱਚ ਦੋ ਮਹੀਨਿਆਂ ਤੋਂ ਹਜ਼ੂਮੀ ਹਿੰਸਾ, ਸਾੜ ਫੂਕ, ਕਤਲੇਆਮ, ਔਰਤਾਂ ਦੀ ਨਗਨ ਪਰੇਡ ਅਤੇ ਜਬਰ ਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਕੇਂਦਰ ਅਤੇ ਸੂਬਾ ਸਰਕਾਰਾਂ ਉਕਤ ਮਨੁੱਖੀ ਘਾਣ ਨੂੰ ਤਮਾਸ਼ਬੀਨ ਬਣ ਕੇ ਦੇਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੰਘੀ 3 ਮਈ ਤੋਂ ਜਾਰੀ ਇਨ੍ਹਾਂ ਦਿਲ ਹਿਲਾਊ ਵਾਰਦਾਤਾਂ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੂਰੇ 79 ਦਿਨ ਆਪਣਾ ਮੂੰਹ ਨਹੀਂ ਖੋਲ੍ਹਿਆ। ਇੰਨਾ ਹੀ ਨਹੀਂ ਸੰਸਦ ਦੇ ਮੌਜੂਦਾ ਮੌਨਸੂਨ ਸੈਸ਼ਨ ਵਿੱਚ ਵਿਰੋਧੀ ਧਿਰ ਵਲੋਂ ਮਨੀਪੁਰ ਦੇ ਹਾਲਾਤ ’ਤੇ ਚਰਚਾ ਕਰਨ ਅਤੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਕਰਨ ’ਤੇ ਸ਼ੈਸ਼ਨ ਮੁਲਤਵੀ ਕਰ ਦਿੱਤਾ ਗਿਆ ਅਤੇ ਇਸ ਕੁਕਰਮ ਵਿਰੁੱਧ ਆਵਾਜ਼ ਉਠਾਉਣ ਵਾਲੇ ਮੈਂਬਰਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਹਾਲਾਤਾਂ ਨੂੰ ਕਾਬੂ ਕਰਨੋਂ ਅਸਫਲ ਰਹਿਣ ਕਰਕੇ ਸੂਬੇ ਦੇ ਮੁੱਖ ਮੰਤਰੀ ਨੂੰ ਫੌਰੀ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਫਿਰਕੂ ਤੇ ਨਸਲੀ ਹਿੰਸਾ ਨੂੰ ਸ਼ਹਿ ਦੇਣ ਵਾਲੇ ਅਧਿਕਾਰੀਆਂ ਤੇ ਸਿਆਸਤਦਾਨਾਂ ਖਿਲਾਫ ਵੀ ਅਜਿਹੀ ਹੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਔਰਤ ਮੁਕਤੀ ਮੋਰਚੇ ਦੀ ਸੂਬਾਈ ਆਗੂ ਬੀਬੀ ਦਰਸ਼ਨਾ ਜੋਸ਼ੀ ਨੇ ਕਿਹਾ ਕਿ ਮਨੀਪੁਰ ਵਿੱਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਇਸਾਈ ਮਤ ਨੂੰ ਮੰਨਣ ਵਾਲੇ ਅਨੁਸੂਚਿਤ ਕਬੀਲੇ, ਕੁੱਕੀ ਦੇ ਲੋਕਾਂ ’ਤੇ ਨਸਲਕੁਸ਼ੀ ਕਰਨ ਦੇ ਇਰਾਦੇ ਨਾਲ ਕੀਤੇ ਜਾ ਰਹੇ ਭਿਆਨਕ ਹਮਲੇ ਬੰਦ ਕੀਤੇ ਜਾਣ। ਇਸ ਮੌਕੇ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ, ਸੰਪੂਰਨ ਸਿੰਘ, ਦਰਸ਼ਨ ਬਾਜਕ, ਗੁਰਮੀਤ ਸਿੰਘ ਨੰਦਗੜ੍ਹ, ਮੱਖਣ ਸਿੰਘ ਪੂਹਲੀ, ਸੁਖਦੇਵ ਸਿੰਘ ਰਾਜਗੜ੍ਹ ਕੁੱਬੇ ਨੇ ਵੀ ਵਿਚਾਰ ਪੇਸ਼ ਕੀਤੇ।

ਮਨਪ੍ਰੀਤ ਬਾਦਲ ਦਾ ਪਲਾਟ ਵਿਵਾਦ: ਆਨਲਾਈਨ ਬੋਲੀ ਦੌਰਾਨ ਰਿਹਾਇਸ਼ੀ ਨਹੀਂ ਵਪਾਰਕ ਦਰਸਾਏ ਸਨ ਪਲਾਟ !

0
👉ਇੱਕ ਹੀ ਕੰਪਿਊਟਰ ਤੋਂ ਬੈਠ ਕੇ ਤਿੰਨਾਂ ਬੋਲੀਕਾਰਾਂ ਨੇ ਦਿੱਤੀ ਸੀ ਬੋਲੀ!
👉ਬੀਡੀਏ ਦੇ ਅਧਿਕਾਰੀ ਵੀ ਆਏ ਸ਼ੱਕ ਦੇ ਦਾਈਰੇ ਵਿਚ  
ਪੰਜਾਬੀ ਖ਼ਬਰਸਾਰ ਬਿਉਰੋ 
ਬਠਿੰਡਾ, 26 ਜੁਲਾਈ : ਮਨਪ੍ਰੀਤ ਸਿੰਘ ਬਾਦਲ ਵਲੋਂ ਬਠਿੰਡਾ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਉੂਨ ਵਿਚ ਅਪਣੀ ਰਿਹਾਇਸ਼ ਬਣਾਉਣ ਲਈ ਖਰੀਦੇ 1500 ਗਜ਼ ਦੇ ਦੋ ਪਲਾਟਾਂ ਦੀ ਜਾਂਚ ਦੇ ਮਾਮਲੇ ਵਿਚ ਹੁਣ ਬੀਡੀਏ ਦੇ ਅਧਿਕਾਰੀ ਵੀ ਸ਼ੱਕ ਦੇ ਦਾਈਰੇ ਵਿਚ ਆ ਗਏ ਹਨ। ਵਿਜੀਲੈਂਸ ਵਲੋਂ ਹੁਣ ਸਾਬਕਾ ਵਿਤ ਮੰਤਰੀ ਕੋਲੋਂ ਪੁਛਗਿਛ ਕਰਨ ਤੋਂ ਬਾਅਦ ਬੀਡੀਏ ਦੇ ਤਤਕਾਲੀ ਉਚ ਅਧਿਕਾਰੀਆਂ ਨੂੰ ਸੰਮਨ ਕੱਢਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ ਹੁਣ ਤੱਕ ਹੋਈ ਜਾਂਚ ਦੌਰਾਨ ਕਾਫ਼ੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ, ਜਿੰਨ੍ਹਾਂ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਪਲਾਟ ਦੀ ਬੋਲੀ ਦੇਣ ਵਾਲੇ ਤਿੰਨ ਬੋਲੀਕਾਰਾਂ ਨੇ 27 ਸਤੰਬਰ 2021 ਨੂੰ ਇੱਕ ਹੀ ਕੰਪਿਊਟਰ ’ਤੇ ਬੈਠ ਕੇ ਬੋਲੀ ਦਿੱਤੀ ਸੀ। ਇਹ ਤੱਥ ਤਕਨੀਕੀ ਜਾਂਚ ਦੌਰਾਨ ਸਾਹਮਣੇ ਆਏ ਹਨ। ਇਸਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ ਬੀਡੀਏ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਉਣ ਲਈ ਉਸ ਸਮੇਂ ਵੀ ਇੰਨ੍ਹਾਂ ਪਲਾਟਾਂ ਨੂੰ ਰਿਹਾਇਸ਼ੀ ਦੀ ਬਜਾਏ ਵਪਾਰਕ ਦਰਸਾਇਆ ਹੋਇਆ ਸੀ, ਜਦ ਇੰਨ੍ਹਾਂ ਪਲਾਟਾਂ ਦੀ ਆਨ-ਲਾਈਨ ਬੋਲੀ ਕੀਤੀ ਜਾ ਰਹੀ ਸੀ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਬਲਕਿ ਜਦ 17 ਸਤੰਬਰ 2021 ਤੋਂ 27 ਸਤੰਬਰ 2021 ਤੱਕ ਆਨ-ਲਾਈਨ ਚੱਲੀ ਤਾਂ ਇਸ ਬੋਲੀ ਵਿਚ 26 ਸਤੰਬਰ ਤੱਕ ਕੋਈ ਵੀ ਬੋਲੀਕਾਰ ਸਾਹਮਣੇ ਨਹੀਂ ਆਇਆ ਸੀ ਪ੍ਰੰਤੂ 27 ਸਤੰਬਰ ਨੂੰ ਇੰਨ੍ਹਾਂ ਤਿੰਨਾਂ ਬੋਲੀਕਾਰਾਂ ਰਜੀਵ , ਵਿਕਾਸ ਅਤੇ ਅਮਨਦੀਪ ਵਲੋਂ ਕਰੀਬ ਦੋ ਘੰਟਿਆਂ ਵਿਚ ਹੀ ਇਸ ਬੋਲੀ ਦਾ ਕੰਮ ਨਿਬੇੜ ਦਿੱਤਾ ਗਿਆ।ਸੂਤਰਾਂ ਅਨੁਸਾਰ ਇਸ ਬੋਲੀ ਵਿਚ ਹਿੱਸਾ ਲੈਣ ਵਾਲੇ ਸਫ਼ਲ ਬੋਲੀਕਾਰ ਰਜੀਵ ਕੁਮਾਰ ਵਲੋਂ ਬੀਡੀਏ ਨੂੰ ਜਮ੍ਹਾਂ ਕਰਵਾਈ ਜਾਣ ਵਾਲੀ ਅਰਨੇਸਟ ਮਨੀ ਦੇ ਪੈਸੇ ਵੀ ਤਤਕਾਲੀ ਵਿਤ ਮੰਤਰੀ ਨੇ ਹੀ 4 ਅਕਤੂਬਰ 2021 ਨੂੰ ਅਪਣੇ ਖਾਤੇ ਵਿਚੋਂ ਭੇਜੇ ਸਨ, ਜਿੰਨ੍ਹਾਂ ਪੈਸਿਆਂ ਵਿਚੋਂ ਹੀ 5 ਅਕਤੂਬਰ ਨੂੰ ਰਾਜੀਵ ਨੇ ਬੀਡੀਏ ਨੂੰ ਪੈਸੇ ਅਦਾ ਕੀਤੇ ਸਨ। ਜਿਸਤੋਂ ਬਾਅਦ 8 ਅਕਤੂਬਰ 2021 ਨੂੰ ਇਸ ਪਲਾਟ ਦਾ ਬੀਡੀਏ ਵਲੋਂ ਅਲਾਟਮੈਂਟ ਪੱਤਰ ਜਾਰੀ ਕਰ ਦਿੱਤਾ ਗਿਆ। ਹਾਲਾਂਕਿ ਇਸ ਪਲਾਟ ਦੀ ਰਜਿਸਟਰੀ 17 ਅਗਸਤ 2022 ਨੂੰ ਕਰਵਾਈ ਗਈ ਹੈ। ਤੱਥਾਂ ਮੁਤਾਬਕ ਇੰਨ੍ਹਾਂ ਪਲਾਟਾਂ ਦੀ ਰਜਿਸਟਰੀ ਵਿਚ ਬਤੌਰ ਗਵਾਹ ਸੁਖਵਿੰਦਰ ਸਿੰਘ ਵਲੋਂ ਗਵਾਹੀ ਦਿੱਤੀ ਹੋਈ ਹੈ। ਦਸਣਾ ਬਣਦਾ ਹੈ ਕਿ ਇਸ ਪਲਾਟ ਵਿਚ ਮਕਾਨ ਬਣਾਉਣ ਲਈ ਨੀਂਹ ਵੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 15 ਅਕਤੂਬਰ 2021 ਨੂੰ ਰੱਖੀ ਗਈ ਸੀ। ਗੌਰਤਲਬ ਹੈਕਿ ਇਸ ਮਾਮਲੇ ਵਿਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵਲੋਂ ਸਿਕਾਇਤ ਕੀਤੀ ਗਈ ਸੀ। ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸ ਪਲਾਟ ਨੂੰ ਖਰੀਦਣ ਲਈ ਬੀਡੀਏ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਤਤਕਾਲੀ ਮੰਤਰੀ ਨੇ ਅਪਣਾ ਪ੍ਰਭਾਵ ਵਰਤ ਕੇ ਸਰਕਾਰੀ ਖ਼ਜਾਨੇ ਨੂੰ ਚੂਨਾ ਲਗਾਇਆ ਹੈ। ਉਂਜ 24 ਜੁਲਾਈ ਨੂੰ ਵਿਜੀਲੈਂਸ ਵਲੋਂ ਪੁਛਗਿਛ ਲਈ ਸੱਦੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਵਿਰੁਧ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਆਸੀ ਰੰਜਿਸ਼ ਕਰਾਰ ਦਿੰਦਿਆਂ ਦਾਅਵਾ ਕੀਤਾ ਸੀ ਕਿ ਇੰਨਾਂ ਪਲਾਟ ਨੂੰ ਵਪਾਰਕ ਤੋਂ ਰਿਹਾਇਸੀ ਕਰਨ ਦਾ ਸੀਐਲਯੁੂ 2012-13 ਦੌਰਾਨ ਅਕਾਲੀ ਸਰਕਾਰ ਸਮੇਂ ਹੀ ਹੋ ਗਿਆ ਸੀ। ਬਹਰਹਾਲ ਇਸ ਮਾਮਲੇ ਵਿਚ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।
ਬਾਕਸ
ਕੋਈ ਗੜਬੜੀ ਨਹੀਂ ਹੋਈ, ਸਾਰਾ ਕੁੱਝ ਨਿਯਮਾਂ ਮੁਤਾਬਕ ਹੋਇਆ: ਜੌਹਲ
ਬਠਿੰਡਾ: ਉਧਰ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋ ਜੋ ਨੇ ਦਾਅਵਾ ਕੀਤਾ ਕਿ ਪਲਾਟ ਲੈਣ ਵਿਚ ਕੋਈ ਗੜਬੜੀ ਨਹੀਂ ਹੋਈ, ਬਲਕਿ ਸਾਰਾ ਕੁੱਝ ਨਿਯਮਾਂ ਮੁਤਾਬਕ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਪਲਾਟਾਂ ਦੀ ਨਿਲਾਮੀ ਸਮੇਂ ਪੁੱਡਾ ਵਲੋਂ ਰਿਹਾਇਸ਼ੀ ਤੇ ਵਪਾਰਕ ਬਾਰੇ ਦਸਿਆ ਹੋਇਆ ਸੀ ਤੇ ਨਾਲ ਹੀ ਪਲਾਟਾਂ ਦੇ ਨੰਬਰ ਵੀ ਲਗਾਏ ਹੋਏ ਸਨ। ਜੌਹਲ ਨੇ ਕਿਹਾ ਕਿ ਸਿਆਸੀ ਵਿਰੋਧੀ ਮਨਪ੍ਰੀਤ ਬਾਦਲ ਦੀ ਸਿਆਸੀ ਛਵੀ ਖ਼ਰਾਬ ਕਰਨ ਲਈ ਝੂਠੀਆਂ ਸ਼ਿਕਾਇਤਾਂ ਕਰ ਰਹੇ ਹਨ।

ਪੰਜਾਬ ਸਰਕਾਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ ਵਾਲਿਆਂ ਨੂੰ ਦੇਵੇਗੀ 5-5 ਹਜ਼ਾਰ ਰੁਪਏ ਦਾ ਇਨਾਮ

0

ਟਰਾਂਸਪੋਰਟ ਮੰਤਰੀ ਅਤੇ ਸਿਹਤ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ’ਚ ਲਿਆ ਅਹਿਮ ਫ਼ੈਸਲਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਜੁਲਾਈ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੜਕ ਹਾਦਸਿਆਂ ਵਿੱਚ ਸੂਬੇ ਦੇ ਲੋਕਾਂ ਦੀ ਜਾਨ ਬਚਾਉਣ ਲਈ ਇੱਕ ਹੋਰ ਸਕੀਮ ਲਾਗੂ ਕਰਨ ਜਾ ਰਹੀ ਹੈ ਜਿਸ ਤਹਿਤ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ ਵਾਲੇ ਮਦਦਗਾਰ ਵਿਅਕਤੀਆਂ ਨੂੰ 5-5 ਹਜ਼ਾਰ ਰੁਪਏ ਇਨਾਮ ਰਾਸ਼ੀ ਵਜੋਂ ਦਿੱਤੇ ਜਾਣਗੇ।ਇੱਥੇ ਪੰਜਾਬ ਭਵਨ ਵਿਖੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਮਦਦਗਾਰ ਵਿਅਕਤੀ ਨੂੰ ਹਸਪਤਾਲ ਦੇ ਡਾਕਟਰ ਜਾਂ ਪੁਲਿਸ ਵੱਲੋਂ ਗੁੱਡ ਸਮਾਰੀਟਨ ਸਰਟੀਫ਼ਿਕੇਟ ਦਿੱਤਾ ਜਾਵੇਗਾ ਜਿਸ ਨਾਲ ਉਹ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ ਇਹ ਰਾਸ਼ੀ ਲੈਣ ਦੇ ਯੋਗ ਹੋਵੇਗਾ।ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੇ ਚੇਅਰਮੈਨ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਸਕੀਮ ਨਾਲ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਲੋਕਾਂ ਦੀ ਸਮਾਂ ਰਹਿੰਦਿਆਂ ਜਾਨ ਬਚਾਉਣ ਦੀ ਪ੍ਰਕਿਰਿਆ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਮੂਲ ਉਦੇਸ਼ ਨਕਦ ਪੁਰਸਕਾਰ ਅਤੇ ਸਰਟੀਫ਼?ਕੇਟ ਦੇ ਕੇ ਆਮ ਲੋਕਾਂ ਦਾ ਮਨੋਬਲ ਵਧਾਉਣਾ ਹੈ ਤਾਂ ਜੋ ਉਹ ਸੜਕ ਹਾਦਸੇ ਦੇ ਪੀੜਤ ਦੀ ਐਮਰਜੈਂਸੀ ਸਥਿਤੀ ਵਿੱਚ ਮਦਦ ਕਰਨ ਲਈ ਉਤਸ਼ਾਹਤ ਹੋ ਸਕਣ। ਮੀਟਿੰਗ ਦੌਰਾਨ ਦੇਸ਼ ਵਿੱਚ ਸੈਰ-ਸਪਾਟੇ ਦੇ ਦੂਜੇ ਸਭ ਤੋਂ ਵੱਡੇ ਕੇਂਦਰ ਅੰਮ੍ਰਿਤਸਰ ਲਈ ‘‘ਟਰੈਫ਼ਿਕ ਪ੍ਰਬੰਧਨ ਯੋਜਨਾ’’ ਵੀ ਪ੍ਰਵਾਨ ਕੀਤੀ ਗਈ ਜਿਸ ਤਹਿਤ ਅੰਮ੍ਰਿਤਸਰ ਨੂੰ ‘‘ਮਾਡਲ ਟਰੈਫ਼ਿਕ ਸਿਟੀ’’ ਬਣਾਉਣ ਲਈ 2.56 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਇਸ ਰਾਸ਼ੀ ਨਾਲ ‘‘ਸੜਕ ਸੁਰੱਖਿਆ ਤੇ ਐਕਸੀਡੈਂਟ ਰਿਸਪਾਂਸ ਯੂਨਿਟ’’ ਗਠਤ ਕਰਨ ਸਣੇ ਸੜਕੀ ਟਰੈਫ਼ਿਕ ਪ੍ਰਬੰਧਨ, ਐਂਬੂਲੈਂਸਾਂ ਤੇ ਰਿਕਵਰੀ ਵੈਨਾਂ ਦੀ ਖ਼ਰੀਦ ਕਰਨ ਅਤੇ ਆਵਾਜਾਈ ਨਾਲ ਸਬੰਧਤ ਹੋਰ ਕਾਰਜ ਉਲੀਕੇ ਜਾਣਗੇ। ਕੈਬਨਿਟ ਮੰਤਰੀਆਂ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਜਿੱਥੇ ਅੰਮ੍ਰਿਤਸਰ ਸ਼ਹਿਰ ਵਿੱਚ ਟਰੈਫ਼ਿਕ ਦੀ ਸਮੱਸਿਆ ਨੂੰ ਠੱਲ੍ਹ ਪਵੇਗੀ, ਉਥੇ ਵਿਸ਼ਵ ਪੱਧਰ ’ਤੇ ਸ਼ਹਿਰ ਦੀ ਦਿੱਖ ਹੋਰ ਵੀ ਸੁੰਦਰ ਬਣੇਗੀ।ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ‘‘ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀਆਂ’’ ਲਈ ਡਿਪਟੀ ਕਮਿਸ਼ਨਰਾਂ ਨੂੰ ਪਹਿਲੇ ਪੜਾਅ ਤਹਿਤ 4 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੱਡੇ ਜ਼ਿਲ੍ਹਿਆਂ ਨੂੰ 20-20 ਲੱਖ ਰੁਪਏ ਅਤੇ ਛੋਟੇ ਜ਼ਿਲ੍ਹਿਆਂ ਨੂੰ 15-15 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਮੰਤਰੀ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਜ਼ਿਲ੍ਹਿਆਂ ਵਿੱਚ ਸੜਕ ਸੁਰੱਖਿਆ ਅਤੇ ਟਰੈਫ਼ਿਕ ਵਿੱਚ ਸੁਧਾਰ ਸਣੇ ਸੜਕ ਸੁਰੱਖਿਆ ਲਈ ਜਾਗਰੂਕ ਮੁਹਿੰਮ ਚਲਾਈ ਜਾਵੇਗੀ।ਇਸੇ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੜਕ ਹਾਦਸਿਆਂ ਦੇ ਪੀੜਤਾਂ ਲਈ ਸਥਾਪਤ ਕੀਤੇ ਗਏ ਸੂਬੇ ਦੇ ਪੰਜ ਟਰੌਮਾ ਕੇਅਰ ਸੈਂਟਰਾਂ ਨੂੰ ਛੇਤੀ ਨਵੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਮਰਪਿਤ ਸੰਸਥਾ ਅਤੇ ਆਧੁਨਿਕ ਐਮਰਜੈਂਸੀ ਦੇਖਭਾਲ ਸਹੂਲਤਾਂ ਰਾਹੀਂ 10 ਵਿੱਚੋਂ 3 ਜਾਨਾਂ ਨੂੰ ਸਿੱਧੇ ਤੌਰ ’ਤੇ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਪੰਜ ਟਰੌਮਾ ਕੇਅਰ ਸੈਂਟਰ ਖੰਨਾ, ਜਲੰਧਰ, ਪਠਾਨਕੋਟ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਿਖੇ ਬਣੇ ਹੋਏ ਹਨ ਅਤੇ ਇਨ੍ਹਾਂ ਸੈਂਟਰਾਂ ਵਿੱਚ ਸਮਰਪਿਤ ਸਟਾਫ਼ ਦੀ ਭਰਤੀ ਲਈ ਪ੍ਰਕਿਰਿਆ ਜਾਰੀ ਹੈ। ਦੋਵਾਂ ਕੈਬਨਿਟ ਮੰਤਰੀਆਂ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਵਾਹਨਾਂ ਵਿੱਚ ਮੁੱਢਲੀ ਸਹਾਇਤਾ ਕਿੱਟ ਯਕੀਨੀ ਬਣਾਉਣ। ਉਨ੍ਹਾਂ ਸਰਕਾਰੀ ਡਰਾਈਵਰਾਂ ਲਈ ਮੁੱਢਲੀ ਸਹਾਇਤਾ ਸਿਖਲਾਈ ਜ਼ਰੂਰੀ ਕਰਨ ਹਿੱਤ ਚਾਰਾਜੋਈ ਕਰਨ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਟੌਲ ਪਲਾਜ਼ਿਆਂ ’ਤੇ ਭੀੜ ਹੋਣ ਦੀ ਸਥਿਤੀ ਵਿੱਚ ਇੱਕ ਸਮਰਪਿਤ ਲਾਈਨ ਖ਼ਾਲੀ ਰੱਖੀ ਜਾਵੇ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਐਂਬੂਲੈਂਸ ਨੂੰ ਲੰਘਣ ਵਿੱਚ ਕੋਈ ਦਿੱਕਤ ਨਾ ਆਵੇ।ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਚਲਾਨ ਕਰਨ ਦੀ ਪ੍ਰਕਿਰਿਆ ਵਿੱਚ ਦੇਰੀ ਦੇ ਸਨਮੁਖ ਟ?ਰੈਫ਼ਿਕ ਪੁਲਿਸ ਨੂੰ 500 ਈ-ਚਲਾਨਿੰਗ ਮਸ਼ੀਨਾਂ ਦਿੱਤੀਆਂ ਗਈਆਂ ਹਨ ਅਤੇ 2500 ਹੋਰ ਮਸ਼ੀਨਾਂ ਛੇਤੀ ਹੀ ਟਰੈਫ਼ਿਕ ਪੁਲਿਸ ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਮੋਹਾਲੀ ਵਿੱਚ ਇਸੇ ਸਾਲ ਦਸੰਬਰ ਮਹੀਨੇ ਤੋਂ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਚਲਾਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਲ 2019-22 ਦੇ ਸਮੇਂ ਦਰਮਿਆਨ ਸ਼ਨਾਖ਼ਤ ਕੀਤੀਆਂ ਗਈਆਂ ਵੱਧ ਹਾਦਸਿਆਂ ਵਾਲੀਆਂ ਥਾਵਾਂ (ਬਲੈਕ ਸਪਾਟਸ) ਨੂੰ ਦਰੁਸਤ ਕਰ ਦਿੱਤਾ ਗਿਆ ਹੈ ਅਤੇ ਨਵੇਂ ਸ਼ਨਾਖ਼ਤ ਕੀਤੇ ਗਏ 277 ਹੋਰ ਬਲੈਕ ਸਪਾਟਸ ਨੂੰ ਦਰੁਸਤ ਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ।ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਟਰਾਂਸਪੋਰਟ ਦਿਲਰਾਜ ਸਿੰਘ ਸੰਧਾਵਾਲੀਆ, ਡਾਇਰੈਕਟਰ ਜਨਰਲ ਲੀਡ ਏਜੰਸੀ ਆਰ. ਵੈਂਕਟ ਰਤਨਮ, ਏ.ਡੀ.ਜੀ.ਪੀ. (ਟਰੈਫ਼ਿਕ) ਏ.ਐਸ. ਰਾਏ, ਸਕੱਤਰ ਖ਼ਰਚਾ ਮੁਹੰਮਦ ਤਈਅਬ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਐਮ.ਡੀ. ਪ੍ਰਦੀਪ ਅਗਰਵਾਲ, ਸਟੇਟ ਹੈਲਥ ਏਜੰਸੀ ਦੀ ਸੀ.ਈ.ਓ ਸ੍ਰੀਮਤੀ ਬਬੀਤਾ ਅਤੇ ਐਨ.ਐਚ.ਏ.ਆਈ. ਸਣੇ ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ), ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਮੰਡੀ ਬੋਰਡ ਆਦਿ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਕੱਚੇ ਅਧਿਆਪਕਾਂ ਦਾ ਪੱਕੇ ਹੋਣ ਦਾ ਇੰਤਜਾਰ ਖ਼ਤਮ, ਮੁੱਖ ਮੰਤਰੀ 28 ਜੁਲਾਈ ਨੂੰ ਸਰਵਿਸ ਰੈਗੂਲਰਾਈਜ਼ੇਸ਼ਨ ਲੈਟਰ ਸੌਂਪਣਗੇ

0

ਇਹ ਸਮਾਗਮ ਸਕੂਲ ਪੱਧਰ ’ਤੇ ਇਕੋ ਸਮੇਂ ਕਰਵਾਏ ਜਾਣਗੇ: ਹਰਜੋਤ ਬੈਂਸ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਜੁਲਾਈ: ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਇੱਕ ਕਦਮ ਹੋਰ ਵਧਾਉਂਦਿਆਂ ਦਹਾਕਿਆਂ ਤੋਂ ਸਕੂਲ ਸਿੱਖਿਆ ਵਿਭਾਗ ਵਿੱਚ ਠੇਕੇ ’ਤੇ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ, ਆਈ. ਈ, ਈ.ਜੀ.ਐਸ, ਐਸ. ਟੀ. ਆਰ, ਏ.ਆਈ. ਈ, ਅਤੇ ਸਪੈਸ਼ਲ ਇਨਕਲੂਸਿਵ ਟੀਚਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਜਾ ਰਹੀ ਹੈ। ਇਸਦੀ ਪੁਸ਼ਟੀ ਖ਼ੁਦ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਰਦਿਆਂ ਦੱਸਿਆ ਹੈ ਕਿ ਇਸ ਸਬੰਧੀ 28 ਜੁਲਾਈ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ ਅਤੇ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਮੁੱਖ ਮੰਤਰੀ ਠੇਕੇ ’ਤੇ ਕੰਮ ਕਰ ਰਹੇ ਇਨ੍ਹਾਂ 12,500 ਅਧਿਆਪਕਾਂ ਨੂੰ ਸਰਵਿਸ ਰੈਗੂਲਰਾਈਜ਼ੇਸ਼ਨ ਲੈਟਰ ਸੌਂਪਣਗੇ ਅਤੇ ਇਹ ਸਮਾਗਮ ਸੂਬੇ ਭਰ ਦੇ ਸਕੂਲਾਂ ਵਿੱਚ ਵੀ ਇੱਕੋ ਸਮੇਂ ਕਰਵਾਏ ਜਾਣਗੇ।ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਹਨਾਂ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਵੱਲੋਂ ਦਹਾਕਿਆਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਨ ਲਈ ਹਰੇਕ ਸਕੂਲ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ, ਜਿਸ ਵਿੱਚ ਪ੍ਰਿੰਸੀਪਲ, ਸਕੂਲ ਕਮੇਟੀਆਂ ਦੇ ਮੈਂਬਰ, ਪੰਚਾਇਤਾਂ ਅਤੇ ਸ਼ਹਿਰੀ ਸੰਸਥਾਵਾਂ ਦੇ ਪ੍ਰਤੀਨਿਧਾਂ ਸਮੇਤ ਸਿੱਖਿਆ ਅਧਿਕਾਰੀਆਂ ਤੇ ਵਿਧਾਇਕ ਸ਼ਾਮਲ ਹੋਣਗੇ। ਹਰਜੋਤ ਸਿੰਘ ਬੈਂਸ ਨੇ ਪੱਕੇ ਹੋਣ ਵਾਲੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਨਿਭਾ ਰਹੀ ਹੈ।

ਪਿੰਡ ਦਿਉਣ ਦੇ ਮਜ਼ਦੂਰਾਂ ਨੂੰ ਪਲਾਟਾਂ ਦੇਣ ਸਬੰਧੀ ਡੀਸੀ ਨੂੰ ਵਫ਼ਦ ਮਿਲਿਆ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਜੁਲਾਈ : ਪਿੰਡ ਦਿਉਣ ਦੇ ਮਜ਼ਦੂਰਾਂ ਨੂੰ ਪਲਾਟਾਂ ਦੇਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਸੂਬਾ ਪ੍ਰਧਾਨ ਜ਼ੋਰਾਂ ਸਿੰਘ ਨਸਰਾਲੀ ਦੀ ਅਗਵਾਈ ਵਿੱਚ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਵਫ਼ਦ ਵਿਚ ਤੀਰਥ ਸਿੰਘ ਕੋਠਾ ਗੁਰ ਮਨਦੀਪ ਸਿੰਘ ਸਿਬੀਆ ਕਾਕਾ ਸਿੰਘ ਖੇਮੂਆਣਾ ਹੰਸਾਂ ਸਿੰਘ ਮੱਖਣ ਸਿੰਘ ਅੰਗਰੇਜ਼ ਸਿੰਘ ਗੁਰਪ੍ਰੀਤ ਕੌਰ ਜਸਵੀਰ ਕੌਰ ਮਨਜੀਤ ਕੌਰ ਸੁਖਦੇਵ ਕੌਰ ਆਦਿ ਆਗੂ ਸ਼ਾਮਲ ਸਨ। ਡੀਸੀ ਬਠਿੰਡਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਮਜ਼ਦੂਰਾਂ ਨੂੰ ਜਲਦੀ ਹੀ ਪਲਾਟ ਦਿੱਤੇ ਜਾਣਗੇ। ਉਨ੍ਹਾਂ ਏਡੀਸੀ ਨੂੰ ਫੋਨ ਤੇ ਮਜ਼ਦੂਰਾਂ ਨੂੰ ਪਲਾਟਾਂ ਦੇਣ ਅਤੇ ਇਨ੍ਹਾਂ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਘਰ ਬਨਾਉਣ ਲਈ ਗਰਾਂਟ ਦੇਣ ਵਾਲੀ ਲਿਸਟ ਵਿਚ ਸ਼ਾਮਿਲ ਕਰਨ ਦੀ ਹਦਾਇਤ ਕੀਤੀ। ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਕੱਲ੍ਹ ਨੂੰ ਏ ਡੀ ਸੀ ਵਿਕਾਸ ਨੂੰ ਮਿਲਕੇ ਪਲਾਟ ਦੇਣ ਦੀ ਤਰੀਕ ਨਿਸ਼ਚਿਤ ਕਰਵਾਉਣ ਬਾਰੇ ਮਿਲਿਆ ਜਾਵੇਗਾ। ਮਜ਼ਦੂਰ ਯੂਨੀਅਨ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਨੇ ਮਸਲੇ ਨੂੰ ਲਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਯੂਨੀਅਨ ਵੱਲੋਂ ਏ ਡੀ ਸੀ ਵਿਕਾਸ ਦੇ ਦਫਤਰ ਅੱਗੇ ਲਗਾਤਾਰ ਧਰਨਾ ਲਾਇਆ ਜਾਵੇਗਾ। ਧਰਨੇ ਦੀ ਤਰੀਕ ਦਾ ਕੱਲ੍ਹ ਨੂੰ ਐਲਾਨ ਕੀਤਾ ਜਾਵੇਗਾ।

ਪੀਐਸਪੀਸੀਐਲ/ਪੀਐਸਟੀਸੀਐਲ ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਅਹੁੱਦੇਦਾਰਾਂ ਦੀ ਕਨਵੈਨਸ਼ਨ ਹੋਈ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਜੁਲਾਈ : ਅੱਜ ਪੈਨਸ਼ਨਰਜ ਭਵਨ ਬਠਿੰਡਾ ਵਿਖੇ ਪੀਐਸਪੀਸੀਐਲ/ਪੀਐਸਟੀਸੀਐਲ ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਬਠਿੰਡਾ ਵੰਡ ਸਰਕਲ ਅਤੇ ਥਰਮਲ ਬਠਿੰਡਾ ਸਰਕਲ ਦੇ ਪੈਨਸ਼ਨਰਜ ਦੀ ਸ਼ਾਝੀ ਕੰਨਵੈਨਸਨ ਮਨਜੀਤ ਸਿੰਘ ਧੰਨਜਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ ਵੱਖ ਆਗੂਆ ਵਲੋ ਸਬੋਧਨ ਕਰਦਿਆ ਧੰਨਾ ਸਿੰਘ ਸਰਕਲ ਪ੍ਰਧਾਨ, ਮਨਜੀਤ ਸਿੰਘ ਧੰਜਲ ਪ੍ਰਧਾਨ ਥਰਮਲ,ਦੇਸ ਰਾਜ ,ਮਹਿੰਦਰ ਪਾਲ ਮੀਤ ਪ੍ਰਧਾਨ, ਗੁਰਮੇਲ ਸਿੰਘ ਸਕੱਤਰ, ਸੁਖਵਿੰਦਰ ਸਿੰਘ ਬਰਾੜ ਥਰਮਲ ,ਕੁਲਦੀਪ ਸਿੰਘ ਰਾਮਪੁਰਾ, ਹਰਬੰਸ ਸਿੰਘ ਵਜੀਰ ਸਿੰਘ, ਲੱਖਣ ਲਾਲ ਮਾਨਸਾ,ਮਨਿੰਦਰ ਸਿੰਘ ਮਾਨਸਾ, ਸੁਖਲਾਲ ਸਿੰਘ ਬੁਢਲਾਡਾ ਆਦਿ ਆਗੂਆ ਨੇ ਕਿਹਾ ਕੇ ਸਟੇਟ ਕਮੇਟੀ ਵੱਲੋ ਉਲੀਕੇ ਗਏ ਸ਼ੰਘਰਸ ਪ੍ਰੋਗਰਾਮ ਵਿੱਚ ਵੱਧ ਤੋ ਵੱਧ ਸਮੂਹਲੀਅਤ ਕਰਕੇ ਪੰਜਾਬ ਸਰਕਾਰ ਅਤੇ ਪੀਐਸਪੀਸੀਐਲ ਮੈਨੇਜਮੈਂਟ ਨੂੰ ਮੰਗਾਂ ਮੰਨਣ ਲਈ ਮਜਬੂਰ ਕਰ ਦੇਵਾਗੇ। ਆਗੂਆ ਨੇ ਪੰਜਾਬ ਸਰਕਾਰ ਵੱਲੋ ਪੈਨਸ਼ਨਰਜ ਦੀਆ ਮੰਗਾਂ ਮਸਲਿਆ ਸਬੰਧੀ ਕੀਤੀ ਜਾ ਰਹੀ ਟਾਲ ਮਟੋਲ ਦੀ ਨੀਤੀ ਦਾ ਪੁਰਜੋਰ ਸਬਦਾ ਵਿੱਚ ਵਿਰੋਧ ਕਰਦਿਆ ਕਿਹਾ ਕੇ ਭਗਵੰਤ ਮਾਨ ਸਰਕਾਰ ਵੀ ਪਿਛਲੀਆ ਬਾਦਲ, ਕੈਪਟਨ ਤੇ ਚੰਨੀ ਸਰਕਾਰਾਂ ਦੇ ਰਾਹ ਤੇ ਚੱਲ ਰਹੀ ਹੈ ਮੁਲਾਜ਼ਮ ਅਤੇ ਪੈਨਸ਼ਨਰਜ ਨਾਲ ਵਾਅਦੇ ਕਰਕੇ ਸਤਾ ਵਿੱਚ ਆਈ ਸਰਕਾਰ ਸਤਾ ਦੇ ਨਸ਼ੇ ਵਿੱਚ ਚੂਰ ਮੁਲਾਜ਼ਮ ਵਿਰੋਧੀ ਫੈਸਲੇ ਤਹਿਤ ਪੈਨਸ਼ਨਰਜ ਤੇ ਪ੍ਰਤੀ ਮਹੀਨਾ 200 ਰੁਪਏ ਡਿਵੈਲਪਮੈਂਟ ਟੈਕਸ ਜਬਰੀ ਥੋਪ ਦਿੱਤਾ, 1/1/16 ਤੋ ਪਹਿਲਾ ਸੇਵਾਮੁਕਤ ਪੈਨਸ਼ਨਰਜ ਨੂੰ ਪੇ ਕਮਿਸ਼ਨ ਵੱਲੋ ਦਿੱਤੇ ਗਏ ਤਨਖ਼ਾਹ ਸੁਧਾਈ ਦੇ 2.59 ਫੈਕਟਰ ਦੇਣ ਦੀ ਬਜਾਏ 2.45 ਫੈਕਟਰ ਜਬਰੀ ਲਾਗੂ ਕਰਕੇ ਪੈਨਸ਼ਨ ਸੁਧਾਈ ਕਰ ਦਿੱਤੀ, ਪੇ ਰਵੀਜਨ ਦਾ ਬਕਾਇਆ, ਡੀਏ ਦੇ ਰਹਿੰਦੇ ਬਕਾਏ ਨੂੰ ਜਾਰੀ ਕਰਨ ਤੋ ਭੱਜ ਰਹੀ ਹੈ ,ਕੈਸ਼ ਲੈਸ ਮੈਡੀਕਲ ਹੈਲਥ ਸਕੀਮ ਲਾਗੂ ਨਹੀ ਕਰ ਰਹੀ ਹੋਰ ਅਨੇਕ ਜਾਇੰਜ ਮੰਗਾ ਲਈ ਮੀਟਿੰਗ ਦੇਣ ਤੋ ਵੀ ਵਾਰ ਸਮਾਂ ਦੇ ਕੇ ਭੱਜ ਰਹੀ ਹੈ ਜਿਸ ਕਰਕੇ ਮੁਲਾਜ਼ਮ ਅਤੇ ਪੈਨਸ਼ਨਰਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਜਿਸ ਦੇ ਨਤੀਜੇ 2024 ਵਿੱਚ ਹੋਣ ਵਾਲੀਆ ਸੰਸਦੀ ਚੋਣਾ ਵਿੱਚ ਸਰਕਾਰ ਨੂੰ ਦੱਸਣਗੇ ਕੇ ਮੁਲਾਜ਼ਮ ਤੇ ਪੈਨਸ਼ਨਰਜ ਕੀ ਹੁੰਦੇ ਹਨ ,ਇਸ ਸਮੇ ਬਲਾਰਿਆ ਨੇ ਮਨੀਪੁਰ ਵਿੱਚ ਔਰਤਾ ਨਾਲ ਕੀਤੇ ਘਿਨੌਣੇ ਅਪਰਾਧ ਦੀ ਪੁਰਜੋਰ ਜੋਰ ਸ਼ਬਦਾ ਵਿੱਚ ਨਿੰਦਿਆ ਕੀਤੀ ਤੇ ਸਾਰੇ ਦੋਸ਼ੀਆ ਨੂੰ ਸ਼ਖਤ ਤੋ ਸ਼ਖਤ ਮਿਸਾਲੀ ਸਜਾ ਦੇਣ ਦੀ ਮੰਗ ਕੀਤੀ। ਇਸ ਕੰਨਵੈਨਸਨ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਅਤੇ ਅਮਰਜੀਤ ਸਿੰਘ ਮਾਨਸਾ ਸਟੇਟ ਕਾਰਜਕਾਰੀ ਮੈਂਬਰ ਪਹੁੰਚੇ ਤੇ ਸਰਕਲ ਕਮੇਟੀ ਆਗੂਆ ਵੱਲੋ ਕੰਨਵੈਨਸਨ ਦੌਰਾਨ ਉਠਾਏ ਗਏ ਮਸਲਿਆ ਨੂੰ ਧਿਆਨ ਨਾਲ ਸੁਣਿਆ ਤੇ ਸਟੇਟ ਕਮੇਟੀ ਆਗੂਆ ਵੱਲੋ ਇੰਨਾ ਮਸਲਿਆ ਸਬੰਧੀ ਵਿਸ਼ੇਸ਼ ਰੂਪ ਵਿੱਚ ਵਿਚਾਰ ਚਰਚਾ ਕੀਤੀ ਇਸ ਸਮੇ ਭੱਠਲ ਹੁਰਾਂ ਨੇ ਕਿਹਾ ਕੇ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਵਿਰੁੱਧ ਸ਼ੰਘਰਸ ਲੜਨ ਲਈ ਹੋਰ ਵੱਡੇ ਪੱਧਰ ਤੇ ਪੈਨਸ਼ਨਰਜ ਜਾਗਰੂਕਤਾ ਤਹਿਤ ਜਿਥੇ ਆਪਣਾ ਪੈਨਸ਼ਨਰਜ ਬੈਠਾ ਉਥੋ ਤੱਕ ਪਹੁੰਚ ਕਰੋ ਤੇ ਜਥੇਬੰਦਕ ਸੰਗਠਨ ਮੰਜਬੂਤ ਕਰੋ ਇਸ ਸਮੇ ਸਟੇਜ ਸੰਚਾਲਨ ਦੀ ਜਿੰਮੇਵਾਰੀ ਸਰਿੰਦਰ ਸਿੰਘ ਰਾਮਪੁਰਾ ਨੇ ਬੜੇ ਸੁਚੱਜੇ ਰੂਪ ਵਿੱਚ ਨਿਭਾਈ ।

ਆਂਗਣਵਾੜੀ ਵਰਕਰਾਂ ਨੇ ਮਨੀਪੁਰ ਵਿੱਚ ਔਰਤਾਂ ਨਾਲ ਹੋ ਰਹੀ ਦਰਿੰਦਗੀ ਦੇ ਖਿਲਾਫ ਪ੍ਰਧਾਨ ਮੰਤਰੀ ਦੇ ਨਾਂ ਭੇਜਿਆ ਮੰਗ ਪੱਤਰ

0

ਸੁਖਜਿੰਦਰ ਮਾਨ
ਬਠਿੰਡਾ, 26 ਜੁਲਾਈ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ’ਤੇ ਅੱਜ ਬਲਾਕ ਬਠਿੰਡਾ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਜ਼ਿਲਾ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ ਦੀ ਅਗਵਾਈ ਹੇਠ ਮਨੀਪੁਰ ਵਿਖੇ ਔਰਤਾਂ ਨਾਲ ਕੀਤੀ ਜਾ ਰਹੀ ਦਰਿੰਦਗੀ ਦੇ ਖਿਲਾਫ ਉੱਚ ਅਧਿਕਾਰੀਆਂ ਰਾਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਮੰਗ ਪੱਤਰ ਭੇਜਿਆ । ਇਸ ਮੌਕੇ ਇਕੱਠੀਆਂ ਹੋਈਆਂ ਵਰਕਰਾਂ ਤੇ ਹੈਲਪਰਾਂ ਨੇ ਇਸ ਅਤਿ ਘਿਨਾਉਣੇ ਕਾਂਡ ਦੀ ਜ਼ੋਰਦਾਰ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ । ਉਹਨਾਂ ਕਿਹਾ ਕਿ ਮਨੀਪੁਰ ਵਿੱਚ ਲਗਭਗ ਪਿਛਲੇਂ ਤਿੰਨ ਮਹੀਨਿਆਂ ਤੋਂ ਲਗਾਤਾਰ ਹਿੰਸਾ ਅਤੇ ਸਾੜਫੂਕ ਦੀਆਂ ਘਟਨਾਵਾਂ ਹੋ ਰਹੀਆਂ ਹਨ। ਔਰਤਾਂ ਦੇ ਨਾਲ ਬਹੁਤ ਹੀ ਵਹਿਸ਼ੀ ਤਰੀਕੇ ਨਾਲ ਗੈਂਗਰੇਪ ਅਤੇ ਉਹਨਾਂ ਨੂੰ ਨਗਨ ਕਰਕੇ ਘੁਮਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਜੋ ਕਿ ਬਹੁਤ ਹੀ ਅਣਮਨੁੱਖੀ ਵਰਤਾਰਾ ਹੈ । ਔਰਤਾਂ ਤੇ ਹੋ ਰਹੇ ਇਹ ਜ਼ੁਲਮ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਥੇਬੰਦੀ ਪੀੜਤ ਔਰਤਾਂ ਦੇ ਨਾਲ ਖੜੇਗੀ । ਉਹਨਾਂ ਕਿਹਾ ਕਿ ਔਰਤਾਂ ਤੇ ਜ਼ੁਲਮ ਕਰਨ ਵਾਲੇ ਦਰਿੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਦਿੱਤੀ ਜਾਵੇ।ਇਸ ਮੌਕੇ ਸੁਖਦੇਵ ਕੌਰ ਬਠਿੰਡਾ, ਰੁਪਿੰਦਰ ਕੌਰ ਬਠਿੰਡਾ,ਰੇਖਾ ਰਾਣੀ ਜੀਦਾ, ਕੁਲਦੀਪ ਕੌਰ ਝੁੰਬਾ,ਪੂਜਾ ਖੇੜਾ ਗੋਨਿਆਨਾ,ਹਰਵੀਰ ਕੌਰ ਬਠਿੰਡਾ,ਮਨਪ੍ਰੀਤ ਕੌਰ ਬਠਿੰਡਾ,ਰਾਣੀ ਬਠਿੰਡਾ ਅਤੇ ਹੋਰ ਆਗੂ ਮੌਜੂਦ ਸਨ।