Home Blog Page 2059

ਕਰੋਨਾ ਕਾਲ ਦੌਰਾਨ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿਚ ਖੁੱਲੇ ਕੋਵਿਡ ਸੈਂਟਰ ਵਿਚ ਪਏ ਲੱਖਾਂ ਦੇ ਸਾਜੋ-ਸਮਾਨ ’ਤੇ ਉੱਠੇ ਸਵਾਲ

0

ਸੈਂਟਰ ਨਾਲ ਜੁੜੇ ਰਹੇ ਸਮਾਜ ਸੇਵੀ ਨੇ ਸਮਾਨ ਗਾਇਬ ਹੋਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਜੁਲਾਈ : ਕਰੀਬ ਸਵਾ ਤਿੰਨ ਸਾਲ ਪਹਿਲਾਂ ਦੁਨੀਆਂ ਭਰ ’ਚ ਲੱਖਾਂ ਜਾਨਾਂ ਲੈਣ ਵਾਲੀ ਪੈਦਾ ਹੋਈ ਕਰੋਨਾਂ ਨਾਂ ਦੀ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿਚ ਖੁੱਲੇ ਮੁਫ਼ਤ ਕੋਵਿਡ ਸੈਂਟਰ ਵਿਚ ਖਰੀਦੇ ਗਏ ਤੇ ਦਾਨ ਵਜੋਂ ਮਿਲੇ ਲੱਖਾਂ ਦੇ ਸਾਜੋ-ਸਮਾਨ ਦੇ ਕਥਿਤ ਤੌਰ ’ਤੇ ਗਾਇਬ ਹੋਣ ਦੇ ਮਾਮਲੇ ਵਿਚ ਹੁਣ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸੈਂਟਰ ਨਾਲ ਜੁੜੇ ਰਹੇ ਇੱਕ ਸਮਾਜ ਸੇਵੀ ਸੰਸਥਾ ਸਹਿਯੋਗ ਵੈੱਲਫੇਅਰ ਸੁਸਾਇਟੀ ਦੇ ਆਗੂ ਗੁਰਵਿੰਦਰ ਸ਼ਰਮਾ ਨੇ ਜਨਤਕ ਤੌਰ ’ਤੇ ਸੋਸਲ ਮੀਡੀਆਂ ਉਪਰ ਮਾਮਲਾ ਚੁੱਕਦਿਆਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਕਮਲਜੀਤ ਸਿੰਘ ਨਾਂ ਦੇ ਵੀ ਸਮਾਜ ਸੇਵੀ ਨੇ ਵੀ ਇਸ ਸੈਂਟਰ ਵਿਚ ਪਏ ਸਮਾਨ ਦੀ ਜਾਂਚ ਮੰਗੀ ਹੈ। ਦੂਜੇ ਪਾਸੇ ਇਸ ਕੋਵਿਡ ਸੈਂਟਰ ਨੂੰ ਚਲਾਉਣ ਲਈ ਬਣਾਈ ਸੁਸਾਇਟੀ ਦੇ ਖ਼ਜਾਨਚੀ ਦਰਵਜੀਤ ਮੈਰੀ ਨੇ ਦਾਅਵਾ ਕੀਤਾ ਹੈ ਕਿ ‘‘ ਉਨ੍ਹਾਂ ਕੋਲ ਇੱਕ ਇੱਕ ਪੈਸੇ ਦਾ ਹਿਸਾਬ ਹੈ ਤੇ ਆਕਸੀਜਨ ਕੰਸਨਟਰੇਟਰ ਸਹਿਤ ਕੁੱਝ ਸਮਾਨ ਉਨ੍ਹਾਂ ਕੋਲ ਪਿਆ ਹੈ ਜਦ ਕਿ ਬਾਕੀ ਸਮਾਨ ਮੈਰੀਟੋਰੀਅਸ ਸਕੂਲ ਅਤੇ ਸਿਵਲ ਹਸਪਤਾਲ ਵਿਚ ਖੁੱਲੇ ਡੀਡੀਆਰਸੀ ਸੈਂਟਰ ਨੂੰ ਦੇ ਦਿੱਤਾ ਗਿਆ ਸੀ। ’’ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਕਿਹਾ ਹੈ ਕਿ ਏ.ਸੀ ਵਗ਼ੈਰਾ ਅਤੇ ਹੋਰ ਆਕਸੀਜਨ ਕੰਨਸਟਰੇਟਰ ਆਦਿ ਸਮੇਤ ਜੋ ਸਾਜੋ ਸਮਾਨ ਸੁਸਾਇਟੀ ਦੇ ਸਟਾਕ ਵਿਚ ਪਿਆ ਹੈ , ਉਸਨੂੰ ਵਾਪਸ ਲਿਆ ਜਾਵੇਗਾ। ਦਸਣਾ ਬਣਦਾ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਜਦ ਹਸਪਤਾਲ ਵਿਚ ਮਰੀਜਾਂ ਨੂੰ ਦਾਖਲ ਹੋਣ ਤੋਂ ਵੀ ਇੰਨਕਾਰ ਕੀਤਾ ਜਾ ਰਿਹਾ ਸੀ ਤਦ ਸ਼ਹਿਰ ਦੀਆਂ ਕੁੱਝ ਸਮਾਜ ਸੇਵੀ ਸੰਸਥਾਵਾਂ ਨੇ ਮਿਲਕੇ ਸਥਾਨਕ ਮੈਰੀਟੋਰੀਅਸ ਸਕੂਲ ਵਿਚ ਇੱਕ ਕੋਵਿਡ ਸੈਂਟਰ ਖੋਲਿਆ ਸੀ, ਜਿਸਦੇ ਵਿਚ ਦਾਖ਼ਲ ਹੋਣ ਤੋਂ ਬਾਅਦ ਹਰ ਇੱਕ ਵਸਤੂ ਮੁਫ਼ਤ ਮੁਹੱਈਆਂ ਕਰਵਾਈ ਜਾਂਦੀ ਸੀ। ਲੈਵਲ ਦੋ ਤੱਕ ਮੰਨਜੂਰਸੁਦਾ ਇਸ ਸੈਂਟਰ ਵਿਚ ਕਰੀਬ 250 ਮਰੀਜ਼ ਦਾਖ਼ਲ ਹੋਏ ਸਨ, ਜਿਹੜੇ ਸਾਰੇ ਹੀ ਠੀਕ ਹੋ ਗਏ ਵਾਪਸ ਘਰਾਂ ਨੂੰ ਗਏ ਸਨ। ਸਮਾਜ ਸੇਵੀ ਗੁਰਵਿੰਦਰ ਸ਼ਰਮਾ ਮੁਤਾਬਕ ਇਸ ਸੈਂਟਰ ਨੂੰ ਚਲਾਉਣ ਲਈ ਤਤਕਾਲੀ ਸਰਕਾਰ ਨੇ ਵੀ ਲੱਖਾਂ ਰੁਪਏ ਦਿੱਤੇ ਸਨ। ਇਸਤੋਂ ਇਲਾਵਾ ਸੈਂਟਰ ਦੇ ਕੰਮ ਨੂੰ ਦੇਖਦਿਆਂ ਖਾਲਸਾ ਏਡ ਵਰਗੀ ਅੰਤਰਰਾਸਟਰੀ ਸੰਸਥਾ ਨੇ ਸ਼ਹਿਰ ਦੇ ਪ੍ਰਸਿੱਧ ਆਰਟਿਸਟ ਗੁਰਪ੍ਰੀਤ ਦੇ ਰਾਹੀਂ ਵੱਡੀ ਗਿਣਤੀ ਵਿਚ ਆਕਸੀਜਨ ਕੰਨਸਟਰੇਟਰ ਦਿੱਤੇ ਸਨ। ਇਸੇ ਤਰ੍ਹਾਂ ਦਾਅਵਾ ਕੀਤਾ ਕਿ ਸੈਂਟਰ ਦੇ ਕੰਮਕਾਜ਼ ਨੂੰ ਦੇਖਦਿਆਂ ਹੋਰ ਵੀ ਦਾਨੀ ਪੁਰਸ਼ਾਂ ਵਲੋਂ ਆਰਥਿਕ ਸਹਾਇਤਾ ਦਿੱਤੀ ਗਈ ਸੀ। ਜਦ ਕਿ ਸ਼ਹਿਰ ਦੀ ਢਾਬਾ ਐਸੋਸੀਏਸਨ ਵਲੋਂ ਇੱਥੇ ਦਾਖ਼ਲ ਹੋਣ ਵਾਲੇ ਮਰੀਜ਼ਾਂ ਦਾ ਖਾਣਾ ਦੇਣ ਦਾ ਐਲਾਨ ਕੀਤਾ ਸੀ। ਗੁਰਵਿੰਦਰ ਸਰਮਾ ਵਲੋਂ ਫ਼ੇਸਬੁੱਕ ’ਤੇ ਇਸ ਕੋਵਿਡ ਸੈਂਟਰ ਵਿਚੋਂ ਸਮਾਨ ਗਾਇਬ ਹੋਣ ਸਬੰਧੀ ਪਾਈ ਗਈ ਪੋਸਟ ਵਿਚ ਦਾਅਵਾ ਕੀਤਾ ਹੈ ਕਿ ਆਕਸੀਜਨ ਕੰਸਨਟਰੇਟਰ ਤੋਂ ਇਲਾਵਾ ਇੱਥੇ ਦਰਜਨਾਂ ਏਸੀ, ਮਹਿੰਗੀਆਂ ਡਾਕਟਰੀ ਮਸ਼ੀਨਾਂ, ਡੀਪ ਫਰੀਜ਼ਰ, ਮਰੀਜਾਂ ਲਈ ਬੈਡ, ਦਰਜਨਾਂ ਸੀਸੀਟੀਵ ਕੈਮਰੇ, ਕੂਲਰ ਅਤੇ ਹੋਰ ਬਹੁਤ ਸਾਰਾ ਸਮਾਨ ਇੱਥੇ ਪਿਆ ਹੋਇਆ ਸੀ ਪ੍ਰੰਤੂ ਜਦੋਂ ਬਿਮਾਰੀ ਖਤਮ ਹੋ ਗਈ ਤਾਂ ਓਹ ਸਮਾਨ ਖੁਰਦ ਬੁਰਦ ਹੋ ਗਿਆ। ਉਨ੍ਹਾਂ ਜਨਤਕ ਤੌਰ ’ਤੇ ਦੋਸ਼ ਲਗਾਇਆ ਹੈ ਕਿ ਇਸ ਸਮਾਨ ਨੂੰ ਕੁੱਝ ਪ੍ਰਧਾਨਾਂ ਦੀ ਮਿਲੀਭੁਗਤ ਨਾਲ ਗਾਇਬ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਸ਼ਨ ਨੇ ਵੀ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਸੈਂਟਰ ਨੂੰ ਚਲਾਉਣ ਲਈ ਬਣੀ ਕਮੇਟੀ ਉਪਰ ਵੀ ਸਵਾਲ ਖ਼ੜੇ ਕਰਦਿਆਂ ਕਿਹਾ ਹੈ ਕਿ ਇਸ ਵਾਰੇ ਉਸਨੇ ਵੀ ਇਸਦਾ ਕੋਈ ਹਿਸਾਬ ਨਹੀਂ ਦਿੱਤਾ। ਦਸਣਾ ਬਣਦਾ ਹੈ ਕਿ ਇਸ ਕੋਵਿਡ ਸੈਂਟਰ ਨੂੰ ਚਲਾਉਣ ਲਈ ਸੁਸਾਇਟੀ ਐਕਟ ਅਧੀਨ ਬਠਿੰਡਾ ਕੋਵਿਡ ਕੇਅਰ ਸੈਂਟਰ ਨਾਂ ਦੀ 11 ਮੈਂਬਰੀ ਸੁਸਾਸਿਟੀ ਰਜਿਸਟਰ ਕਰਵਾਈ ਗਈ ਸੀ।ਜਦ ਕਿ ਇਸ ਕੋਵਿਡ ਸੈਂਟਰ ਦੀ ਸੇਵਾ ਵਿਚ ਦੋ ਦਰਜਨ ਤੋਂ ਵੱਧ ਸਮਾਜ ਸੇਵੀ ਸੰਸਥਾਵਾਂ ਸਮਰਪਣ ਸੁਸਾਇਟੀ ਬਠਿੰਡਾ, ਸਮਰੱਥ ਵੈੱਲਫੇਅਰ, ਸਹਿਯੋਗ ਵੈੱਲਫੇਅਰ, ਗੁਰੂ ਸੇਵਾ, ਸ਼ਹੀਦ ਜਰਨੈਲ ਸਿੰਘ ਸੇਵਾ ਸੁਸਾਇਟੀ, ਸ਼ਿਵ ਸ਼ਕਤੀ ਆਦਿ ਸ਼ਾਮਿਲ ਸਨ।

ਬਾਕਸ
ਸਾਡੇ ਕੋਲ ਇੱਕ-ਇੱਕ ਪੈਸੇ ਦਾ ਹਿਸਾਬ: ਦਰਵਜੀਤ ਮੈਰੀ
ਬਠਿੰਡਾ: ਉਧਰ ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਇਸ ਸੈਂਟਰ ਨੂੰ ਚਲਾਉਣ ਲਈ ਬਣਾਈ ਬਠਿੰਡਾ ਕੋਵਿਡ ਕੇਅਰ ਸੈਂਟਰ ਸੁਸਾਇਟੀ ਦੇ ਖ਼ਜਾਨਚੀ ਦਰਵਜੀਤ ਮੈਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇੱਕ-ਇੱਕ ਪੈਸੇ ਦਾ ਹਿਸਾਬ ਮੌਜੂਦ ਹੈ। ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਸੁਸਾਇਟੀ ਨੂੰ ਪੰਜਾਬ ਸਰਕਾਰ ਵਲੋਂ ਦਿੱਤੇ 40 ਲੱਖ ਸਹਿਤ ਕੁੱਲ 54 ਲੱਖ ਰੁਪਏ ਇਕੱਤਰ ਹੋਏ ਸਨ। ਜਿਸਦੇ ਵਿਚੋਂ ਇਸ ਸੈਂਟਰ ਵਿਚ ਕੰਮ ਕਰਨ ਵਾਲੇ ਮੁਲਾਜਮਾਂ ਦੀਆਂ ਤਨਖ਼ਾਹਾਂ, ਦਵਾਈਆਂ, ਖਾਣ-ਪੀਣ ਦਾ ਸਮਾਨ, ਆਕਸੀਜਨ ਫ਼ਲੋ, ਇਨਫਰੱਸਟਚਕਰ ਆਦਿ ਖਰਚੇ ਗਏ। ਢਾਬਾ ਐਸੋਸੀਏਸ਼ਨ ਵਲੋਂ ਮਰੀਜਾਂ ਨੂੰ ਮੁਫ਼ਤ ਖਾਣਾ ਦੇਣ ਸਬੰਧੀ ਕੀਤੇ ਐਲਾਨ ਬਾਰੇ ਪੁੱਛੇ ਜਾਣ ’ਤੇ ਮੈਰੀ ਨੇ ਕਿਹਾ ਕਿ ਨਹੀਂ ਖਾਣਾ ਬਣਾਉਣ ਲਈ ਸੈਂਟਰ ਵਿਚ ਮੈਸ ਬਣਾਈ ਗਈ ਸੀ ਤੇ ਹਲਵਾਈ ਨੂੰ ਬਕਾਇਦਾ ਚੈਕ ਰਾਹੀਂ ਰਾਸ਼ੀ ਅਦਾ ਕੀਤੀ ਗਈ ਹੈ। ਇਸੇ ਤਰ੍ਹਾਂ ਇੱਥੇ ਮਰੀਜਾਂ ਦਾ ਚੈਕਅੱਪ ਕਰਨ ਵਾਲੇ ਡਾਕਟਰਾਂ ਨੂੰ ਵੀ ਪੈਸੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੈਂਟਰ ਵਿਚ ਲੱਗੇ ਏਸੀ ਇਸ ਕਰਕੇ ਵੇਚਣੇ ਪਏ ਕਿ ਇੱਥੇ ਮਰੀਜ਼ਾਂ ਨੂੰ ਚੈਕ ਕਰਨ ਵਾਲੇ ਡਾਕਟਰਾਂ ਦੀਆਂ ਤਨਖ਼ਾਹਾਂ ਦੇਣੀਆਂ ਬਕਾਇਆ ਸਨ। ਜਦ ਕਿ 25 ਆਕਸੀਜਨ ਫ਼ਲੋ ਸੈਟ, ਸੀਸੀਟੀਵੀ ਕੈਮਰੇ ਅਤੇ ਪਾਰਟੀਸ਼ਨ ਸਕੂੁਲ ਨੂੰ ਹੀ ਛੱਡ ਦਿੱਤੀ ਹੈ। ਇਸੇ ਤਰ੍ਹਾਂ ਬੈਡ ਡੀਡੀਆਰਸੀ ਸੈਂਟਰ ਨੂੰ ਦਿੱਤੇ ਹਨ ਅਤੇ ਖ਼ਾਲਸਾ ਏਡ ਤੇ ਹੋਰਨਾਂ ਵਲੋਂ ਦਿੱਤੇ ਆਕਸੀਜਨ ਕਸਟਰਕਸਨ ਹਾਲੇ ਤੱਕ ਸਾਡੇ ਕੋਲ ਪਏ ਹਨ।

ਬਠਿੰਡਾ
ਡਿਪਟੀ ਕਮਿਸ਼ਨਰ ਬਠਿੰਡਾ ਦਾ ਪੱਖ
ਬਠਿੰਡਾ: ਇਸ ਮਾਮਲੇ ਵਿਚ ਸੰਪਰਕ ਕਰਨ ‘ਤੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰ੍ਹੇ ਨੇ ਕਿਹਾ ਕਿ ਉਨ੍ਹਾਂ ਵਲੋਂ ਮੁਢਲੀ ਪੁਛਗਿਛ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਸ ਕੋਵਿਡ ਸੈਂਟਰ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਖ਼ਰਚੇ  ਸਰਕਾਰ ਵੱਲੋਂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸੈਂਟਰ ਦੇ ਦੇਖ ਰੇਖ ਕਰ ਰਹੀ ਸੁਸਾਇਟੀ ਨਾਲ ਗੱਲ ਹੋ ਗਈ ਹੈ। ਉਨ੍ਹਾਂ ਕੋਲ ਏ.ਸੀ, ਆਕਸੀਜਨ ਕੰਨਸਟਰੇਟਰ ਆਦਿ ਸਾਜੋ ਸਮਾਨ ਜੋ ਸਟਾਕ ਵਿਚ ਪਿਆ ਹੈ, ਵਾਪਸ ਲਿਆ ਜਾਵੇਗਾ।

ਸਿਵਲ ਸਰਜਨ ਬਠਿੰਡਾ ਡਾ ਤੇਜਵੰਤ ਸਿੰਘ ਢਿੱਲੋਂ ਨੇ ਟੀਕਾਕਰਣ ਦੇ ਬਾਅਦ ਪ੍ਰਤੀਕੂਲ ਘਟਨਾਵਾਂ ਦੀ ਸਮੀਖਿਆ ਕੀਤੀ।

0

ਸੁਖਜਿੰਦਰ ਮਾਨ
ਬਠਿੰਡਾ, 26 ਜੁਲਾਈ :ਸਿਹਤ ਵਿਭਾਗ ਵੱਲੋ ਚਲਾਏ ਜਾ ਰਹੇ ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਪੱਧਰੀ ਏ ਈ ਐਫ ਆਈ ਟੀਕਾਕਰਨ ਕਮੇਟੀ ਦੀ ਟੀਕਾਕਰਣ ਦੇ ਬਾਅਦ ਪ੍ਰਤੀਕੂਲ ਘਟਨਾਵਾਂ ਦੀ ਸਮੀਖਿਆ ਕਰਨ ਸਬੰਧੀ ਮੀਟਿੰਗ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਢਿੱਲੋ ਨੇ ਦੱਸਿਆ ਕਿ ਟੀਕਾਕਰਨ ਅਭਿਆਨ ਚੁਣੋਤੀਆਂ ਨਾਲ ਭਰਿਆ ਹੋਇਆ ਪ੍ਰੋਗ੍ਰਾਮ ਹੈ। ਜਦ ਵੀ ਕੌਈ ਬੱਚਾ ਟੀਕਾਕਰਨ ਲਈ ਮਮਤਾ ਦਿਵਸ ਤੇ ਏ ਐਨ ਏਮਜ ਕੌਲ ਆਉਦਾ ਹੈ ਤਾਂ ਮਾਂ ਜਾਂ ਨਾਲ ਆਏ ਰਿਸ਼ਤੇਦਾਰ ਨੂੰ ਟੀਕਾਕਰਨ ਸਬੰਧੀ ਚਾਰ ਸੰਦੇਸ਼ ਦੇੇਣੇੇ ਬਹੁਤ ਜਰੂਰੀ ਹਨ। ਇਸ ਵਿੱਚ ਬੱਚੇ ਨੂੰ ਕਿਹੜਾ ਟੀਕਾ ਲੱਗ ਰਿਹਾ ਹੈ, ਕਿਸ ਬਿਮਾਰੀ ਤੋਂ ਬਚਾਉਂਦਾ ਹੈ, ਅਗਲਾ ਟੀਕਾ ਕਦੋ ਅਤੇ ਕਿੱਥੋਂ ਲੱਗੇਗਾ ਅਤੇ ਟੀਕਾਕਰਨ ਤੋ ਬਾਅਦ ਪ੍ਰਤੀਕੂਲ ਪ੍ਰਭਾਵ ਹੋ ਸਕਦੇ ਹਨ, ਇਨ੍ਹਾਂ ਪ੍ਰਭਾਵਾਂ ਤੋਂ ਕਿਵੇਂ ਬਚਣਾ ਹੈੈ, ਇਸਦੇ ਬਾਰੇ ਜਾਣਕਾਰੀ ਹੋਣੀ ਲਾਜਮੀ ਹੈ। ਮਮਤਾ ਦਿਵਸ ਮੌਕੇ ਟੀਕਾਕਰਨ ਹੋਣ ਤੋਂ ਬਾਅਦ ਜੇਕਰ ਕੋਈ ਸਮੱਸਿਆ ਆਊਂਦੀ ਹੈ ਤਾਂ ਬੱਚਿਆਂ ਨੂੰ ਤਰੁੰਤ ਏ ਐਨ ਏਮਜ ਜਾਂ ਨੇੜੇ ਦੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਇਸ ਮੌਕੇ ਡਾ ਸਤੀਸ ਜਿੰਦਲ ਐਸ ਐਮ ੳ ਜੱਚਾ ਬੱਚਾ ਹਸਪਤਾਲ, ਡਾ ਅੰਜਲੀ ਬੱਚਿਆਂ ਦੇ ਮਾਹਿਰ, ਜਿਲਾ ਸਿਹਤ ਅਫਸਰ ਡਾ ਊਸ਼ਾ ਗੌਇਲ, ਡਾ ਮੁਨੀਸ਼, ਡਾ ਮਯੰਕਜੋਤ, ਡਾ ਰੂਪਾਲੀ ਜਿਲ੍ਹਾ ਐਪੀਡੀਮੋਲਿਸਟ, ਡਾ ਅਸ਼ੀਸ ਬਜਾਜ ਬੱਚਿਆਂ ਦੇ ਮਾਹਿਰ, ਡਾ ਰੀਤਿਕਾ ਬੀ ਟੀ ੳ, ਡਿਪਟੀ ਮਾਸ ਮੀਡੀਆ ਅਫਸਰ ਵਿਨੋਦ ਕੁਮਾਰ, ਕਮਲ ਗੁਪਤਾ ਫਾਰਮੇਸੀ ਅਫਸਰ ਅਤੇ ਸੰਤੋਸ਼ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਕਾਲਝਰਾਣੀ ਵਿਖੇ ਸੰਗਤ ਦਰਸ਼ਨ ਦੌਰਾਨ ਸੁਣੀਆਂ ਸਮੱਸਿਆਵਾਂ

0

ਸੁਖਜਿੰਦਰ ਮਾਨ
ਬਠਿੰਡਾ, 26 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ਕੀਤੇ ਪ੍ਰੋਗਰਾਮ‘‘ਪੰਜਾਬ ਸਰਕਾਰ ਤੁਹਾਡੇ ਦੁਆਰ’’ ਤਹਿਤ ਅੱਜ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ਦੇ ਕਮਿਊਨਿਟੀ ਹਾਲ ਵਿਖੇ ਸੰਗਤ ਦਰਸ਼ਨ ਦਾ ਆਯੋਜਿਨ ਕੀਤਾ ਗਿਆ। ਇਸ ਦੌਰਾਨ ਪਿੰਡ ਕਾਲਝਰਾਣੀ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਸਾਂਝੀਆਂ ਤੇ ਆਮ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਜਿੱਥੇ ਬਹੁਤੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ, ਉਥੇ ਕਈ ਹੋਰ ਸਮੱਸਿਆਵਾਂ ਦੇ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਮੌਕੇ ਤੇ ਹੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਸਪੈਸ਼ਲ ਕੈਂਪ ਦੌਰਾਨ ਸਿੱਖਿਆ, ਸਿਹਤ, ਪੀਣ ਵਾਲਾ ਪਾਣੀ, ਨਹਿਰੀ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਗਲੀਆਂ/ਨਾਲੀਆਂ, ਬਿਜਲੀ, ਮਗਨਰੇਗਾ, ਛੱਪੜਾਂ ਦੀ ਸਾਫ਼-ਸਫ਼ਾਈ ਆਦਿ ਤੋਂ ਇਲਾਵਾ ਆਮ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਜਿਵੇਂ ਕਿ ਰਾਸ਼ਨ ਕਾਰਡ, ਆਟਾ-ਦਾਲ, ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨਾਂ ਆਦਿ ਸਬੰਧੀ ਆਪਣੀਆਂ ਸਮੱਸਿਆਵਾਂ ਪੇਸ਼ ਕੀਤੀਆਂ ਗਈਆਂ। ਜਿੰਨ੍ਹਾਂ ਵਿੱਚੋਂ ਬਹੁਤੀਆਂ ਸਮੱਸਿਆਵਾਂ ਦਾ ਡਿਪਟੀ ਕਮਿਸ਼ਨਰ ਵੱਲੋਂ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਅਤੇ ਹੋਰ ਜਾਇਜ਼ ਸਮੱਸਿਆਵਾਂ ਦੇ ਹੱਲ ਕਰਨ ਲਈ ਲੋੜੀਂਦੇ ਆਦੇਸ਼ ਦਿੰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਯਕੀਨੀ ਬਣਾੳਣ। ਇਸ ਮੌਕੇ ਐਸ.ਪੀ ਅਜੈ ਗਾਂਧੀ, ਏਡੀਸੀ (ਵਿਕਾਸ) ਮੈਡਮ ਲਵਜੀਤ ਕਲਸੀ, ਏਡੀਸੀ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਐਸ.ਡੀ.ਐਮ ਮੈਡਮ ਇਨਾਯਤ, ਏਸੀ ਜਨਰਲ ਪੰਕਜ ਕੁਮਾਰ, ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ, ਬੀਡੀਪੀਓ ਭੁਪਿੰਦਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਿੰਡ ਕਾਲਝਰਾਣੀ ਦੀ ਪੰਚਾਇਤ ਤੇ ਮੋਹਤਬਰ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਮੇਅਰ ਨੇ ਮੋਹਾਲੀ ਦੇ ਰਿਵਾਇਤੀ ਨਿਕਾਸੀ ਸਿਸਟਮ ਨੂੰ ਬਹਾਲ ਕਰਨ ਲਈ ਗਮਾਡਾ ਤੋਂ 50 ਕਰੋੜ ਰੁਪਏ ਦੇ ਰਾਹਤ ਫੰਡ ਦੀ ਕੀਤੀ ਮੰਗ

0

ਮੋਹਾਲੀ ਸ਼ਹਿਰ ਅਗਲੇ ਸੀਜ਼ਨ ਤੋਂ ਪਾਣੀ ਭਰਨ ਦੇ ਡਰ ਤੋਂ ਬਿਨਾਂ ਮਾਨਸੂਨ ਦਾ ਆਨੰਦ ਲਵੇਗਾ-ਮੇਅਰ ਨੇ ਦਿੱਤਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਜੁਲਾਈ – ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਨਿੱਜੀ ਤੌਰ ਉਤੇ ਸੌਂਪੇ ਇਕ ਪੱਤਰ ਰਾਹੀਂ ਸ਼ਹਿਰ ਦੇ ਕੁਦਰਤੀ ਤੇ ਪੁਰਾਣੇ ਡਰੇਨੇਜ ਸਿਸਟਮ ਨੂੰ ਬਹਾਲ ਕਰਨ ਲਈ ਤੁਰੰਤ 50 ਕਰੋੜ ਰੁਪਏ ਦਾ ਰਾਹਤ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ।ਸ਼੍ਰੀ ਸਿੱਧੂ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਅਨੁਸਾਰ ਪੁਰਾਣੀ ਕੁਦਰਤੀ ਨਿਕਾਸੀ ਪ੍ਰਣਾਲੀ ਵਿਚ ਪੈਦਾ ਕੀਤੇ ਗਏ ਤਰਾਂ ਤਰਾਂ ਦੇ ਅੜਚਣਾਂ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹਨ ਅਤੇ ਇਹਨਾਂ ਅੜਚਣਾਂ ਨੂੰ ਦੂਰ ਕਰਨ ਲਈ ਗਮਾਡਾ ਤੋਂ ਤੁਰੰਤ ਵਾਧੂ ਫੰਡਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਹੋਈ ਬਰਸਾਤ ਕਾਰਨ ਨਗਰ ਨਿਗਮ ਵਲੋ ਕਰਵਾਏ ਗਏ ਕਈ ਵਿਕਾਸ ਕਾਰਜ ਨੁਕਸਾਨੇ ਗਏ ਹਨ। ਮੇਅਰ ਨੇ ਕਿ ਮੁਹਾਲੀ ਵਾਸੀਆਂ ਨੂੰ ਬਰਸਾਤ ਦੇ ਇਸ ਮੌਸਮ ਵਿਚ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਜੋ ਆਪਣੇ ਆਪ ਵਿਚ ਮੰਦਭਾਗਾ ਹੈ। ਉਹਨਾਂ ਕਿਹਾ, “ਮੈਂ ਇਕ ਦੂਜੇ ਸਿਰ ਦੋਸ਼ ਮੜ੍ਹਣ ਦੀ ਖੇਡ ਵਿੱਚ ਭਰੋਸਾ ਨਹੀਂ ਰੱਖਦਾ ਸਗੋਂ ਲੋੜ ਸਮੱਸਿਆਵਾਂ ਉਤੇ ਜਲਦੀ ਤੋਂ ਜਲਦੀ ਕਾਬੂ ਪਾਉਣ ਲਈ ਲਈ ਨਗਰ ਨਿਗਮ, ਗਮਾਡਾ ਅਤੇ ਸਬੰਧਤ ਸਰਕਾਰੀ ਵਿਭਾਗਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ।”ਸ਼੍ਰੀ ਸਿੱਧੂ ਨੇ ਮੋਹਾਲੀ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਅਗਲੇ ਸਾਲ ਤੋਂ ਪਾਣੀ ਭਰਨ ਦੀ ਕੋਈ ਸਮੱਸਿਆ ਨਹੀਂ ਆਵੇਗੀ ਅਤੇ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਬਰਸਾਤ ਦੇ ਮੌਸਮ ਦਾ ਆਨੰਦ ਮਾਣਨਗੇ।ਮੇਅਰ ਨੇ ਦਸਿਆ ਕਿ 2020 ਵਿਚ ਹੋਏ ਇਕ ਸਮਝੌਤੇ ਅਨੁਸਾਰ ਗਮਾਡਾ ਸ਼ਹਿਰ ਵਿਚ ਨਗਰ ਨਿਗਮ ਦੁਆਰਾ ਕੀਤੇ ਗਏ ਕਿਸੇ ਵੀ ਵਿਕਾਸ ਕਾਰਜ ਦੀ 25% ਲਾਗਤ ਅਦਾ ਕਰਨ ਦੀ ਪਾਬੰਦ ਹੈ। ਉਹਨਾਂ ਇਸ ਸੰਦਰਭ ਵਿੱਚ ਗਮਾਡਾ ਨੂੰ ਇੱਕ ਵੱਖਰਾ ਪੱਤਰ ਲਿਖ ਕੇ ਗਮਾਡਾ ਵੱਲ ਖੜੇ 44.75 ਕਰੋੜ ਰੁਪਏ ਦੀ ਅਦਾਇਗੀ ਤੁਰੰਤ ਕਰਨ ਦੀ ਮੰਗ ਵੀ ਕੀਤੀ ਹੈ ਕਿਉਂਕਿ ਨਗਰ ਨਿਗਮ ਨੂੰ ਮੁਹਾਲੀ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਇਹਨਾਂ ਫੰਡਾਂ ਦੀ ਤੁਰੰਤ ਲੋੜ ਹੈ।ਮੇਅਰ ਨੇ ਦਸਿਆ ਕਿ ਗਮਾਡਾ ਦੇ ਮੁੱਖ ਪ੍ਰਸ਼ਾਸਕ ਗਮਾਡਾ ਨੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।

ਵਿਜੀਲੈਂਸ ਵੱਲੋਂ ਸੂਬਾ ਪੱਧਰ ਉੱਤੇ ਸਰਕਾਰੀ ਹਸਪਤਾਲਾਂ ਦੀ ਚੈਕਿੰਗ; ਡੋਪ ਟੈਸਟ ਦੀ ਪ੍ਰਕਿਰਿਆ ‘ਚ ਬੇਨਿਯਮੀਆਂ ਮਿਲੀਆਂ

0

ਅਸਲਾ ਲਾਇਸੈਂਸ ਬਣਵਾਉਣ ਅਤੇ ਰੀਨਿਊ ਕਰਵਾਉਣ ਵਾਲੇ ਲੋਕਾਂ ਲਈ ਡੋਪ ਟੈਸਟ ਹੈ ਲਾਜ਼ਮੀ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 25 ਜੁਲਾਈ:ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦੀ ਵਰਤੋਂ ਕਰਨ ਵਾਲੇ ਜਾਂ ਕਿਸੇ ਅਯੋਗ ਵਿਅਕਤੀ ਨੂੰ ਅਸਲਾ ਲਾਇਸੈਂਸ ਜਾਰੀ ਨਾ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਸਰਕਾਰੀ ਹਸਪਤਾਲਾਂ, ਜਿੱਥੇ ਅਸਲਾ ਲਾਇਸੈਂਸ ਜਾਰੀ ਕਰਨ ਜਾਂ ਨਵਿਆਉਣ ਤੋਂ ਪਹਿਲਾਂ ਡੋਪ ਟੈਸਟ ਕੀਤੇ ਜਾਂਦੇ ਹਨ, ਦੀ ਰਾਜ-ਵਿਆਪੀ ਅਚਨਚੇਤ ਚੈਕਿੰਗ ਕੀਤੀ ਗਈ।ਦੱਸਣਯੋਗ ਹੈ ਕਿ ਜਿਹੜੇ ਵਿਅਕਤੀ ਅਸਲੇ ਦਾ ਲਾਇਸੈਂਸ ਬਣਵਾਉਣਾ ਜਾਂ ਇਸ ਨੂੰ ਰੀਨਿਊ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਡੋਪ ਟੈਸਟ ਕਰਵਾਉਣਾ ਲਾਜ਼ਮੀ ਹੈ। ਡੋਪ ਟੈਸਟ ਦਾ ਉਦੇਸ਼ ਵਿਅਕਤੀ ਦੇ ਬਾਇਲੌਜੀਕਲ ਸਪੈਸੀਮਨ (ਨਮੂਨਿਆਂ) ਵਿੱਚ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਦੀ ਜਾਂਚ ਕਰਨਾ ਹੈ।ਵਿਜੀਲੈਂਸ ਬਿਊਰੋ ਦੇ 106 ਮੁਲਾਜ਼ਮਾਂ ਵੱਲੋਂ ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ ਡੋਪ ਟੈਸਟ ਲਈ ਆਏ ਘੱਟੋ-ਘੱਟ 51 ਵਿਅਕਤੀਆਂ ਦੇ ਡੋਪ ਟੈਸਟ ਦੀ ਪ੍ਰਕਿਰਿਆ ਅਤੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਚੈਕਿੰਗ ਦੌਰਾਨ ਇਸ ਪ੍ਰਕਿਰਿਆ ਵਿੱਚ ਕੁਝ ਬੇਨਿਯਮੀਆਂ ਸਾਹਮਣੇ ਆਈਆਂ ਹਨ, ਜਿਸ ਲਈ ਪੰਜਾਬ ਦੇ ਸਿਹਤ ਵਿਭਾਗ ਅਤੇ ਸਬੰਧਤ ਡਿਪਟੀ ਕਮਿਸ਼ਨਰਾਂ (ਡੀਸੀ) ਨਾਲ ਸਲਾਹ-ਮਸ਼ਵਰੇ ਜ਼ਰੀਏ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਅਣਅਧਿਕਾਰਤ ਜਾਂ ਅਯੋਗ ਵਿਅਕਤੀ ਨੂੰ ਅਸਲਾ ਲਾਇਸੈਂਸ ਜਾਰੀ ਨਾ ਕੀਤਾ ਜਾਵੇ ਅਤੇ ਅਸਲੇ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ।ਇਸ ਡੋਪ ਟੈਸਟ ਦਾ ਉਦੇਸ਼ ਅਸਲਾ ਲਾਇਸੈਂਸ ਵਾਸਤੇ ਅਪਲਾਈ ਕਰਨ ਵਾਲੇ ਵਿਅਕਤੀਆਂ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਅਯੋਗ ਵਿਅਕਤੀਆਂ ਦੀ ਪਛਾਣ ਕਰਨਾ ਹੈ। ਨਸ਼ੀਲੇ ਪਦਾਰਥਾਂ ਅਤੇ ਦਸ ਨਸ਼ੀਲੀਆਂ ਦਵਾਈਆਂ ਮੌਰਫਿਨ, ਕੋਡੇਨ, ਡੀ-ਪ੍ਰੋਪੋਜ਼ਾਈਫੀਨ, ਬੈਂਜੋਡਾਇਜ਼ੀਪਾਈਨਸ, ਕੈਨਾਬਾਇਨੋਲ, ਬਾਰਬੀਟੂਰੇਟਸ, ਕੋਕੇਨ, ਐਮਫੇਟਾਮਾਈਨਜ਼, ਬੁਪ੍ਰੇਨੋਰਫਾਈਨ ਅਤੇ ਟਰੈਮਾਡੋਲ ਦੀ ਜਾਂਚ ਲਈ ਕੰਪੈਕਟ ਮਲਟੀ ਕਿੱਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸ਼ਟਲ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ

0

ਐਸ.ਏ.ਐਸ. ਨਗਰ (ਮੁਹਾਲੀ) ਤੋਂ ਪਾਇਲਟ ਪ੍ਰਾਜੈਕਟ ਵਜੋਂ ਹੋਵੇਗੀ ਸ਼ੁਰੂਆਤ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 25 ਜੁਲਾਈ: ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਖਿਆ ਕਿ ਸੂਬਾ ਸਰਕਾਰ ਜਲਦੀ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸ਼ਟਲ ਬੱਸ ਸੇਵਾ ਸ਼ੁਰੂ ਕਰੇਗੀ।ਇੱਥੇ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਟਲ ਬੱਸ ਸੇਵਾ ਲੋਕਾਂ ਨੂੰ ਮਿਆਰੀ ਜਨਤਕ ਟਰਾਂਸਪੋਰਟ ਸਹੂਲਤ ਮੁਹੱਈਆ ਕਰੇਗੀ। ਉਨ੍ਹਾਂ ਕਿਹਾ ਕਿ ਇਹ ਬੱਸ ਸੇਵਾ ਪਾਇਲਟ ਪ੍ਰਾਜੈਕਟ ਵਜੋਂ ਐਸ.ਏ.ਐਸ. ਨਗਰ (ਮੁਹਾਲੀ) ਤੋਂ ਸ਼ੁਰੂ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਬਾਅਦ ਵਿੱਚ ਇਹ ਸੇਵਾ ਸੂਬੇ ਦੇ ਹੋਰ ਵੱਡੇ ਸ਼ਹਿਰਾਂ ਤੇ ਕਸਬਿਆਂ ਵਿੱਚ ਵੀ ਚਲਾਈ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਲੋਕਾਂ ਨੂੰ ਜਨਤਕ ਟਰਾਂਸਪੋਰਟ ਲਈ ਬਿਹਤਰੀਨ ਸਹੂਲਤਾਂ ਮੁਹੱਈਆ ਹੋਣਗੀਆਂ। ਉਨ੍ਹਾਂ ਉਮੀਦ ਜਤਾਈ ਜਨਤਕ ਟਰਾਂਸਪੋਰਟ ਦੇ ਇਨ੍ਹਾਂ ਸਾਧਨਾਂ ਨਾਲ ਸ਼ਹਿਰਾਂ ਵਿੱਚ ਟਰੈਫਿਕ ਜਾਮਾਂ ਦੀ ਸਮੱਸਿਆ ਹੱਲ ਕਰਨ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਸ਼ਟਲ ਬੱਸ ਸੇਵਾ ਜਲਦੀ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਚਲਾਉਣ ਲਈ ਸੂਬਾ ਸਰਕਾਰ ਪੂਰੀ ਕੋਸ਼ਿਸ਼ ਕਰੇਗੀ।ਮੁੱਖ ਮੰਤਰੀ ਨੇ ਕਿਹਾ ਕਿ ਇਸ ਸ਼ਟਲ ਬੱਸ ਸੇਵਾ ਨਾਲ ਟਰੈਫਿਕ ਜਾਮਾਂ ਤੋਂ ਇਲਾਵਾ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਵੀ ਘਟੇਗੀ ਕਿਉਂਕਿ ਇਸ ਨਾਲ ਤੇਲ ਦੀ ਖਪਤ ਘਟੇਗੀ। ਉਨ੍ਹਾਂ ਅਧਿਕਾਰੀਆਂ ਨੂੰ ਆਖਿਆ ਕਿ ਉਹ ਇਸ ਸੇਵਾ ਬਾਰੇ ਸਾਰੀਆਂ ਲੋੜਾਂ ਜਲਦੀ ਪੂਰੀਆਂ ਕਰਨ ਤਾਂ ਕਿ ਇਸ ਨੂੰ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਉਤੇ ਫੌਰੀ ਅਮਲ ਤੇ ਸਮਾਂਬੱਧ ਢੰਗ ਨਾਲ ਲਾਗੂ ਕਰਨ ਲਈ ਉਹ ਇਸ ਪ੍ਰਾਜੈਕਟ ਦੀ ਨਿੱਜੀ ਤੌਰ ਉਤੇ ਸਮੀਖਿਆ ਕਰਨਗੇ।ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ ਤੇ ਹੋਰ ਹਾਜ਼ਰ ਸਨ।

ਹਜ਼ਾਰ ਅਰਜੀਆਂ ਪ੍ਰਾਪਤ ਕਰਨ ਵਾਲਾ ਬਠਿੰਡਾ ਬਣਿਆ ਪੰਜਾਬ ਦਾ ਪਹਿਲਾ ਜ਼ਿਲ੍ਹਾ : ਡਿਪਟੀ ਡਾਇਰੈਕਟਰ ਬਾਗਬਾਨੀ

ਕਰੀਬ 205 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਹੋ ਚੁੱਕੀ ਹੈ ਮੰਨਜ਼ੂਰ
ਸੁਖਜਿੰਦਰ ਮਾਨ
ਬਠਿੰਡਾ,25 ਜੁਲਾਈ:ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਪੰਜਾਬ ਵਿੱਚ ਖੇਤੀਬਾੜੀ ਫਸਲਾਂ ਦੀ ਵਾਢੀ/ਤੁੜਾਈ ਤੋਂ ਬਾਅਦ ਸਾਂਭ-ਸੰਭਾਲ ਅਤੇ ਪ੍ਰੋਸੈਸਿੰਗ ਲਈ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਭਾਈਚਾਰਕ ਖੇਤੀ ਸੰਪਤੀਆਂ ਦੀ ਸਿਰਜਣਾ ਕਰਨ ਵਿੱਚ ਤੇਜੀ ਨਾਲ ਅੱਗੇ ਵੱਧ ਰਹੀ ਹੈ। ਬਾਗਬਾਨੀ ਵਿਭਾਗ ਪੰਜਾਬ ਇਸ ਯੋਜਨਾ ਨੂੰ ਰਾਜ ਵਿੱਚ ਲਾਗੂ ਕਰਵਾਉਣ ਲਈ ਬਤੌਰ ਨੋਡਲ ਏਜੰਸੀ ਕੰਮ ਕਰ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਹੁਣ ਤੱਕ ਪੰਜਾਬ ਨੂੰ 4353.66 ਕਰੋੜ ਰੁਪੈ ਦੇ ਪ੍ਰੋਜੈਕਟਾਂ ਲਈ ਕੁੱਲ 8124 ਅਰਜੀਆਂ ਪ੍ਰਾਪਤ ਹੋਈਆਂ ਹਨ, ਜਿਸ ਵਿੱਚੋ 2345.67 ਕਰੋੜ ਰੁਪੈ ਦੇ ਕਰਜੇ ਦੀ ਰਕਮ ਹੈ ਅਤੇ 1259.17 ਕਰੋੜ ਰੁਪੈ ਦੇ ਕਰਜੇ ਮੰਨਜ਼ੂਰ ਹੋ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਸਮੂਹ ਜਿਲ੍ਹਿਆਂ ਵਿੱਚੋ ਜ਼ਿਲ੍ਹਾ ਬਠਿੰਡਾ ਇਸ ਸਕੀਮ ਤਹਿਤ 1000 ਤੋ ਵੱਧ ਅਰਜੀਆਂ ਪ੍ਰਾਪਤ ਕਰਨ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਜ਼ਿਲ੍ਹਾ ਬਠਿੰਡਾ ਨੂੰ 318.22 ਕਰੋੜ ਦੇ ਪ੍ਰੋਜੈਕਟਾਂ ਲਈ ਕੁੱਲ 1064 ਅਰਜੀਆਂ ਪ੍ਰਾਪਤ ਹੋਈਆਂ ਹਨ, ਜਿਸ ਵਿੱਚੋ 205.56 ਕਰੋੜ ਰੁਪੈ ਕਰਜਾ ਰਾਸ਼ੀ ਹੈ ਅਤੇ 104.77 ਕਰੋੜ ਰੁਪੈ ਮੰਨਜ਼ੂਰ ਹੋ ਚੁੱਕੇ ਹਨ। ਇਸ ਸਕੀਮ ਤਹਿਤ ਕਸਟਮ ਹਾਇਰਿੰਗ ਸੈਂਟਰ, ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ, ਪੋਸਟ ਹਾਰਵੈਸਟ ਇੰਨਫਰਾਸਟਰਕਚਰ, ਗਰੇਡਿੰਗ ਯੂਨਿਟ, ਸੋਲਰ ਪੈਨਲ ਆਦਿ ਪ੍ਰਮੁੱਖ ਬੁਨਿਆਂਦੀ ਢਾਂਚੇ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਤਹਿਤ 2 ਕਰੋੜ ਰੁਪੈ ਦੀ ਕਰਜਾ ਰਾਸ਼ੀ ਤੇ 7 ਸਾਲਾਂ ਲਈ 3 ਪ੍ਰਤੀਸ਼ਤ ਵਿਆਜ ਤੇ ਛੋਟ ਦਿੱਤੀ ਜਾਂਦੀ ਹੈ। ਇਸ ਸਕੀਮ ਨੂੰ ਯੋਗ ਪ੍ਰੋਜੈਕਟਾਂ ਲਈ ਸਾਰੀਆਂ ਰਾਜ ਅਤੇ ਕੇਂਦਰੀ ਸਕੀਮਾਂ ਦੇ ਨਾਲ ਜੋੜਿਆ ਜਾ ਸਕਦਾ ਹੈ। ਇਸ ਸਕੀਮ ਤਹਿਤ ਕਿਸੇ ਵੀ ਤਰ੍ਹਾਂ ਦੇ ਸਵਾਲ ਪੁੱਛਣ ਲਈ ਇੱਕ ਵਟਸਐਪ ਨੰਬਰ 9056092906 ਸਥਾਪਿਤ ਕੀਤਾ ਗਿਆ ਹੈ।

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਹੰਗਾਮੀ ਮੀਟਿੰਗ ਹੋਈ

ਪੰਜਾਬੀ ਖਬਰਸਾਰ ਬਿਉਰੋ
ਬਠਿੰਡਾ,25 ਜੁਲਾਈ: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲ੍ਹਾ ਬਠਿੰਡਾ ਦੀ ਹੰਗਾਮੀ ਮੀਟਿੰਗ ਫੇਡਰੇਸ਼ਨ ਦੇ ਚੇਅਰਮੈਨ ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਕੰਪਲੈਕਸ ਵਿੱਖੇ ਹੋਈ। ਮੀਟਿੰਗ ਵਿੱਚ ਵੱਖ ਵੱਖ ਵੱਖ ਬੁਲਾਰਿਆਂ ਨੇ ਮਨੀਪੁਰ ਵਿਖ਼ੇ ਕਬਾਇਲੀ ਔਰਤਾਂ ਨੂੰ ਨਿਰਵਸਤਰ ਕਰਕੇ ਘਮਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਪੰਜਾਬ ਵੱਲੋਂ ਦਿੱਤੇ ਪ੍ਰੋਗਰਾਮ ਮੁਤਾਬਿਕ 24 ਜੁਲਾਈ ਤੋਂ 30 ਜੁਲਾਈ ਤੱਕ ਦਫ਼ਤਰਾਂ ਵਿਚ ਘਰਾਂ ਉੱਪਰ ਕਾਲੇ ਝੰਡੇ ਕਾਲੀਆ ਦਸਤਾਰਾਂ ਬੰਨ ਕੇ ਰੋਸ਼ ਮਨਾਉਣ ਤੇ ਵੱਡੀ ਪੱਧਰ ਤੇ ਤਿਆਰੀ ਕਰਨ ਦਾ ਫ਼ੈਸਲਾ ਕੀਤਾ। ਇਸੇ ਤਰ੍ਹਾਂ 26 ਅਤੇ 27 ਜੁਲਾਈ ਨੂੰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਮਨੀਪੁਰ ਦੇ ਪੁਤਲੇ ਫੂਕਣ ਦੇ ਦਿਤੇ ਪ੍ਰੋਗ੍ਰਾਮ ਵਿੱਚ ਵੱਡੀ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਫੈਡਰੇਸ਼ਨ ਦੇ ਆਗੂ ਲਛਮਣ ਸਿੰਘ ਮਲੂਕਾ, ਜਸਕਰਨ ਸਿੰਘ ਗਹਿਰੀ ਬੁੱਟਰ ਸੂਬਾ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ ਪੰਜਾਬ, ਹੰਸ ਰਾਜ ਬਿਜਵਾ ਜਿਲ੍ਹਾ ਜਨਰਲ ਸਕਤਰ, ਬਲਵਿੰਦਰ ਸਿੰਘ, ਵੀਰ ਭਾਨ, ਐੱਸ ਐੱਸ ਯਾਦਵ, ਰਜਿੰਦਰ ਸ਼ਰਮਾ ਪ੍ਰਧਾਨ ਬਠਿੰਡਾ ਨਹਿਰੀ ਪਟਵਾਰ ਯੂਨੀਅਨ, ਗੁਰਲਾਲ ਸਿੰਘ, ਚੰਦ ਸਿੰਘ ਆਦਿ ਆਗੂ ਸਮਿਲ ਹੋਏ।

ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਮਨੀਪੁਰ ਵਿਰੁਧ 27 ਜੁਲਾਈ ਨੂੰ ਅਰਥੀ ਫੂਕ ਮੁਜਾਹਰਾ ਕਰਨ ਦਾ ਐਲਾਨ

ਪੰਜਾਬੀ ਖਬਰਸਾਰ ਬਿਉਰੋ
ਬਠਿੰਡਾ,25 ਜੁਲਾਈ: ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਸਾਂਝਾ ਫਰੰਟ ਬਠਿੰਡਾ ਦੀ ਮੀਟਿੰਗ ਪੈਨਸ਼ਨਰ ਭਵਨ ਬਠਿੰਡਾ ਵਿਖੇ ਹੋਈ।ਜਿਸ ਵਿੱਚ ਆਗੂਆਂ ਨੇ ਦੱਸਿਆ ਕਿ ਦੇਸ਼ ਦੇ ਉੱਤਰ ਪੂਰਬੀ ਸੂਬੇ ਮਨੀਪੁਰ ਵਿਖੇ ਪਿਛਲੇ 83 ਦਿਨਾਂ ਤੋਂ ਕੀਤੀ ਜਾ ਰਹੀ ਸਾੜਫੂਕ, ਲੁੱਟ ਖੋਹ, ਕਤਲੋਗਾਰਤ ਅਤੇ ਜਬਰ ਜਿਨਾਹ ਦੀਆਂ ਘਟਨਾਵਾਂ ਮਨੀਪੁਰ ਦੇ ਮੁੱਖ ਮੰਤਰੀ ਐਨ. ਬਿਰੇਨ ਸਿੰਘ ਦੀ ਭਾਜਪਾ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਸਾਂਝੇ ਤੌਰ ’ਤੇ ਜ਼ਿੰਮੇਵਾਰ ਹਨ। ਮਨੀਪੁਰ ਸੂਬੇ ਵਿੱਚ 3 ਮਈ ਦੀ ਰਾਤ ਨੂੰ ਕਰੀਬ ਇੱਕ ਹਜ਼ਾਰ ਲੋਕਾਂ ਦੀ ਹਥਿਆਰਬੰਦ ਭੀੜ ਵੱਲੋਂ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਥਾਣੇ ਦੇ ਕੁਝ ਪਿੰਡਾਂ ਵਿੱਚ ਦਾਖਲ ਹੋ ਕੇ ਕੁੱਕੀ ਕਬੀਲੇ ਦੇ ਲੋਕਾਂ ਦੇ ਘਰਾਂ ’ਤੇ ਯੋਜਨਾਬੱਧ ਹਮਲਾ ਕਰਕੇ ਭਾਰੀ ਸਾੜਫੂਕ, ਲੁੱਟਮਾਰ ਅਤੇ ਕਤਲੇਆਮ ਕੀਤਾ ਗਿਆ ਸੀ, ਜਿਸ ਤੋਂ ਬਚਦੇ ਹੋਏ ਤਿੰਨ ਕੁੱਕੀ ਔਰਤਾਂ ਅਤੇ ਦੋ ਮਰਦ ਇੱਕ ਵਾਹਨ ਵਿੱਚ ਉਥੋਂ ਬਚ ਕੇ ਨਿਕਲ ਗਏ ਸਨ ਜੋ ਅਗਲੇ ਦਿਨ 4 ਮਈ ਨੂੰ ਆਪਣਾ ਬਚਾਅ ਕਰਨ ਲਈ ਪੁਲੀਸ ਦੀ ਗੱਡੀ ਵਿੱਚ ਲੁਕ ਗਏ। ਪ੍ਰੰਤੂ ਪੁਲੀਸ ਨੇ ਉਹਨਾ ਦਾ ਕੋਈ ਬਚਾਅ ਨਹੀਂ ਕੀਤਾ ਸਗੋਂ ਭੀੜ ਨੇ ਉਹਨਾ ਨੂੰ ਪੁਲੀਸ ਤੋਂ ਖੋਹ ਲਿਆ ਅਤੇ ਤਿੰਨ ਔਰਤਾਂ ਦੇ ਕੱਪੜੇ ਉਤਾਰ ਕੇ ਉਹਨਾ ਦੀ ਨਗਨ ਪਰੇਡ ਸ਼ੁਰੂ ਕਰ ਦਿੱਤੀ ਗਈ।ਸਾਂਝੇ ਫਰੰਟ ਦੇ ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸੂਬਾ ਸਰਕਾਰ ਅਤੇ ਪੁਲੀਸ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ ਅਤੇ ਡੇਢ ਮਹੀਨੇ ਬਾਅਦ 21 ਜੂਨ ਨੂੰ ਇੱਕ ਹਲਕੀ ਫੁਲਕੀ ਐਫ.ਆਈ.ਆਰ. ਦਰਜ ਕਰ ਦਿੱਤੀ। ਜਦੋਂ 19 ਜੁਲਾਈ ਨੂੰ ਇਸ ਘਟਨਾ ਦੀ ਇੱਕ 26 ਸਕਿੰਟ ਦੀ ਵੀਡਿਓ ਵਾਇਰਲ ਹੋਈ ਤਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਇਸ ਦਾ ਨੋਟਿਸ ਲੈ ਕੇ ਸੂਬਾ ਸਰਕਾਰ ਨੂੰ ਫਿਟਕਾਰ ਪਾਈ ਗਈ, ਜਿਸ ਨਾਲ ਪਿਛਲੇ 80 ਦਿਨਾਂ ਤੋਂ ਚੁੱਪੀ ਧਾਰ ਕੇ ਬੈਠੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਮਨੀਪੁਰ ਬਾਰੇ ਮੂੰਹ ਖੋਲ੍ਹਣ ਲਈ ਮਜਬੂਰ ਹੋਣਾ ਪਿਆ। ਅਜੇ ਇਸ ਘਟਨਾ ਦੀ ਚਰਚਾ ਚੱਲ ਰਹੀ ਹੈ ਤਾਂ ਮਨੀਪੁਰ ਦੇ ਸੈਕੁਲ ਪੁਲੀਸ ਥਾਣੇ ਅੰਦਰ 4 ਮਈ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ 21 ਸਾਲ ਅਤੇ 24 ਸਾਲ ਦੀ ਉਮਰ ਦੀਆਂ ਦੋ ਦੋਸਤ ਕੁੜੀਆਂ ਨਾਲ 100-200 ਲੋਕਾਂ ਦੀ ਭੀੜ ਵੱਲੋਂ ਗੈਂਗ ਰੇਪ ਕਰਕੇ ਕਤਲ ਕਰ ਦਿੱਤਾ ਗਿਆ ਸੀ।ਮਨੀਪੁਰ ਵਿਖੇ ਪਿਛਲੇ 3 ਮਹੀਨੇ ਤੋਂ ਇੰਟਰਨੈੱਟ ਬੰਦ ਕੀਤਾ ਹੋਇਆ ਹੈ ਅਤੇ ਉਥੇ ਵਾਪਰ ਰਹੀਆਂ ਗੈਰ ਮਨੁੱਖੀ ਘਟਨਾਵਾਂ ਦੀ ਅਜੇ 5% ਜਾਣਕਾਰੀ ਵੀ ਆਮ ਲੋਕਾਂ ਤੱਕ ਨਹੀਂ ਪਹੁੰਚੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਰੋਸ ਹਫਤਾ ਮਨਾਉਣ ਤੋਂ ਬਾਅਦ ਸਾਂਝਾ ਫਰੰਟ ਬਠਿੰਡਾ ਡੀ ਸੀ ਦਫ਼ਤਰ ਅੱਗੇ 27 ਜੁਲਾਈ ਨੂੰ ਅਰਥੀ ਫੂਕ ਮੁਜਾਹਰਾ ਕੀਤਾ ਜਾ ਰਿਹਾ ਹੈ।ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਚੀਫ ਜਸਟਿਸ ਅਤੇ ਰਾਸ਼ਟਰਪਤੀ ਦੇ ਨਾਮ ਰੋਸ ਪੱਤਰ ਭੇਜੇ ਜਾਣਗੇ।ਅੱਜ ਦੀ ਇਸ ਮੀਟਿੰਗ ਵਿੱਚ ਗਗਨਦੀਪ ਸਿੰਘ ਭੁੱਲਰ ਕਨਵੀਨਰ ਪ ਸ ਸ ਫ (ਵਿਗਿਆਨਕ), ਮਨਜੀਤ ਸਿੰਘ ਪ ਸ ਸਫ 1680 22ਬੀ,ਦਰਸ਼ਨ ਸਿੰਘ ਮੌੜ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਮੱਖਣ ਸਿੰਘ ਖਣਗਵਾਲ ਪ ਸ ਸ ਫ 1406 22 ਬੀ,ਮਨਜੀਤ ਸਿੰਘ ਧੰਜਲ ਪੀ ਐਸ ਪੀ ਸੀ ਐਲ ਪੈਨਸ਼ਨਰ,ਗੁਲਾਬ ਸਿੰਘ ਗੁਰੂਸਰ ਪੀ ਆਰ ਟੀ ਸੀ,ਸਿਕੰਦਰ ਧਾਲੀਵਾਲ ਡੀ ਐਮ ਐਫ਼,ਜਸਕਰਨ ਸਿੰਘ ਗਹਿਰੀ ਬੁੱਟਰ ਪ੍ਰਧਾਨ ਪਟਵਾਰ ਯੂਨੀਅਨ,ਸੁਖਚੈਨ ਸਿੰਘ ਫੀਲਡ ਵਰਕਸ਼ਾਪ ਯੂਨੀਅਨ, ਦਰਸ਼ਨ ਸ਼ਰਮਾ, ਦਲਜੀਤ ਸਿੰਘ ਪੰਜਾਬ ਪੁਲੀਸ ਪੈਨਸ਼ਨਰ, ਮਹਿੰਦਰਪਾਲ ਸਿੰਘ ਟੀ ਐਸ ਯੂ,ਹੰਸ ਰਾਜ ਬੀਜਵਾ, ਜਗਪਾਲ ਬੰਗੀ ਡੀ ਪੀ ਐਫ਼ ਆਦਿ ਆਗੂ ਸ਼ਾਮਿਲ ਸਨ।

ਬਲਾਕ ਸੰਗਤ ਦੇ ਜੰਗੀਰਾਣਾ ਦੇ ਆਂਗਣਵਾੜੀ ਸੈਂਟਰਾਂ ਨੇ ਮਨਾਇਆ ਬਾਲ ਬੋਧਿਕ ਵਿਕਾਸ ਪ੍ਰੋਗਰਾਮ ਦਿਵਸ

0

ਹਰ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਭੇਜਣਾ ਜ਼ਰੂਰੀ : ਕਮਲਜੀਤ ਕੌਰ
ਪੰਜਾਬੀ ਖਬਰਸਾਰ ਬਿਉਰੋ
ਬਠਿੰਡਾ,25 ਜੁਲਾਈ: ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸੰਗਤ ਬਲਾਕ ਦੇ ਸੀ ਡੀ ਪੀ ਓ ਬਹਾਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਬੋਧਿਕ ਦਿਵਸ਼ ਸੁਪਰਵਾਈਜ਼ਰ ਮੈਡਮ ਕਮਲਜੀਤ ਕੌਰ ਦੀ ਅਗਵਾਈ ਵਿੱਚ ਪਿੰਡ ਜੰਗੀਰਾਣਾ ਦੇ ਸੈਂਟਰਾਂ ਵਿੱਚ ਬਾਲ ਵਿਕਾਸ ਬੋਧਿਕ ਦਿਵਸ ਮਨਾਇਆ ਗਿਆ। ਬਾਲ ਵਿਕਾਸ ਬੋਧਿਕ ਵਿਕਾਸ ਦਿਵਸ਼ ਮੌਕੇ ਬੱਚਿਆਂ ਦੇ ਮਾਪਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਸ ਮੌਕੇ ਆਂਗਣਵਾੜੀ ਵਰਕਰਾਂ ਨਰਿੰਦਰ ਕੌਰ,ਹਰਮੀਤ ਕੌਰ, ਸੀਮਾਂ ਰਾਣੀ, ਗੁਰਜੀਤ ਕੌਰ, ਆਂਗਣਵਾੜੀ ਵਰਕਰਾਂ ਨੇ ਨੰਨੇ ਮੁੰਨੇ ਬੱਚਿਆਂ ਨੂੰ ਨਿੱਕੀਆਂ ਨਿੱਕੀਆਂ ਖੇਡਾਂ ਅਤੇ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਰਾਹੀ ਬੱਚਿਆਂ ਨੇ ਪੂਰਾ ਮਨੋਰੰਜਨ ਕੀਤਾ ਗਿਆ। ਇਸ ਮੌਕੇ ਸੁਪਰਵਾਈਜ਼ਰ ਕਮਲਜੀਤ ਕੌਰ ਅਤੇ ਨਰਿੰਦਰ ਕੌਰ ਨੇ ਬੱਚਿਆਂ ਦੇ ਮਾਪਿਆਂ ਨੂੰ ਸਿਹਤ ਸੰਭਾਲ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੋਸ਼ਟਿਕ ਭੋਜਨ ਦੇ ਨਾਲ ਬੱਚਿਆਂ ਦੇ ਬੋਧਿਕ ਵਿਕਾਸ ਹੁੰਦਾ ਹੈ । ਇਸ ਦੇ ਨਾਲ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਚਾਹੀਦਾ ਹੈ। ਜਿਸ ਨਾਲ ਬੱਚਿਆਂ ਨੂੰ ਖੇਡਾਂ ਗਤੀਵਿਧੀਆਂ ਰਾਹੀ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਹਰ 1ਸਾਲ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ। ਜਿਸ ਨਾਲ ਬੱਚਿਆਂ ਵਿੱਚ ਸਿੱਖਿਆ ਦਾ ਬੋਧਿਕ ਵਿਕਾਸ ਹੁੰਦਾ ਹੈ। ਬੱਚੇ ਆਂਗਣਵਾੜੀ ਸੈਂਟਰਾਂ ਰਾਹੀਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਮੌਕੇ ਬੱਚਿਆਂ ਦੀਆਂ ਛੋਟੀਆਂ ਵੱਡੀਆਂ ਚੀਜ਼ਾਂ ਨੂੰ ਲੱਭਣ ਲਈ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਬੱਚਿਆਂ ਦੇ ਮਾਪਿਆਂ ਸਮੇਂ ਸਮੂਹ ਆਂਗਣਵਾੜੀ ਸੈਂਟਰਾਂ ਦੀਆਂ ਵਰਕਰਾਂ ਅਤੇ ਹੈਲਪਰ ਸ੍ਰੀਮਤੀ ਨਰਿੰਦਰ ਕੌਰ , ਸੀਮਾ ਰਾਣੀ , ਗੁਰਜੀਤ ਕੌਰ, ਹਰਮੀਤ ਕੌਰ, ਹਰਪ੍ਰੀਤ ਕੌਰ, ਸਕੂਲ ਪ੍ਰਬੰਧਕ ਕਮੇਟੀ ਦੀ ਚੈਅਰਮੈਨ ਸੰਦੀਪ ਕੌਰ, ਬਿੰਦਰ ਕੌਰ ਆਦਿ ਹਾਜ਼ਰ ਸਨ ।