ਜਾਨੀ ਨੁਕਸਾਨ ਤੋਂ ਹੋਇਆ ਬਚਾਅ, ਫੈਕਟਰੀ ਅੰਦਰ ਦਰਜ਼ਨਾਂ ਦੀ ਤਾਦਾਦ ਵਿਚ ਸਿਲੰਡਰ ਪਏ ਹੋਣ ਦੀ ਸੂਚਨਾ
ਸੁਖਜਿੰਦਰ ਮਾਨ
ਬਠਿੰਡਾ, 23 ਜੁਲਾਈ : ਐਤਵਾਰ ਦੁਪਿਹਰ ਸਥਾਨਕ ਸ਼ਹਿਰ ਦੇ ਬੱਲਾ ਰਾਮ ਨਗਰ ਦੀ ਗਲੀ ਨੰਬਰ 10/22 ਵਿੱਚ ਇੱਕ ਮਿਠਾਈ ਬਣਾਉਣ ਵਾਲ਼ੀ ਫੈਕਟਰੀ ਵਿੱਚ ਗੈਸ ਸਿਲੰਡਰ ਫ਼ਟਣ ਕਾਰਨ ਅੱਗ ਲੱਗਣ ਦੀ ਸੂਚਨਾ ਹੈ। ਇਸ ਮੌਕੇ ਸਿਲੰਡਰ ਦਾ ਧਮਾਕਾ ਇੰਨ੍ਹਾਂ ਜਬਰਦਸਤ ਸੀ ਕਿ ਪੂਰੇ ਇਲਾਕੇ ਵਿਚ ਡਰ ਵਾਲਾ ਮਾਹੌਲ ਪੈਦਾ ਹੋ ਗਿਆ ਤੇ ਦੇਖਦੇ ਹੀ ਦੇਖਦੇ ਫੈਕਟਰੀ ਅੰਦਰ ਵੀ ਅੱਗ ਦੀਆਂ ਲਪਟਾਂ ਆਸਮਾਨ ਤੱਕ ਪੁੱਜਣ ਲੱਗੀਆਂ। ਸੂਚਨਾ ਮੁਤਾਬਕ ਇਹ ਅੱਗ ਲੱਗਣ ਦੀ ਘਟਨਾ ਇੱਕ ਭੱਠੀ ਉਪਰ ਲੱਗੇ ਸਿਲੰਡਰ ਫ਼ਟਣ ਕਾਰਨ ਵਾਪਰੀ ਹੈ। ਹਾਲਾਂਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਮੁਹੱਲਾ ਵਾਸੀਆਂ ਮੁਤਾਬਕ ਫੈਕਟਰੀ ਅੰਦਰ ਹੋਰ ਵੀ ਦਰਜ਼ਨਾਂ ਘਰੇਲੂ ਸਪਲਾਈ ਵਾਲੇ ਸਿਲੰਡਰ ਪਏ ਹੋਏ ਸਨ, ਜਿੰਨ੍ਹਾਂ ਨੂੰ ਅੱਗ ਲੱਗਣ ਕਾਰਨ ਇਹ ਘਟਨਾ ਬਹੁਤ ਨੁਕਸਾਨ ਕਰ ਸਕਦੀ ਸੀ। ਫੈਕਟਰੀ ਮਾਲਕ ਦੀਪਕ ਕੁਮਾਰ ਪੁੱਤਰ ਰੁਮੇਸ਼ ਕੁਮਾਰ ਨੇ ਦੱਸਿਆ ਕਿ ਨੁਕਸਾਨ ਦਾ ਹਾਲੇ ਕੋਈ ਅੰਦਾਜਾ ਨਹੀਂ। ਮੌਕੇ ’ਤੇ ਫ਼ਾਈਰ ਬ੍ਰਿਗੇਡ, ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਪੁੱਜੀਆਂ ਸਨ। ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਲੋਕਾਂ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਅੱਗ ਵਿਚ ਫਸੇ ਹੋਏ ਫੈਕਟਰੀ ਅੰਦਰ ਕੰਮ ਕਰਦੇ 5 ਕਾਮਿਆਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ। ਮੁਢਲੀ ਜਾਂਚ ਮੁਤਾਬਕ ਫੈਕਟਰੀ ਅੰਦਰ ਦੋ ਦਰਜ਼ਨ ਦੇ ਕਰੀਬ ਸਿਲੰਡਰ ਅਤੇ ਕੁੱਝ ਡੀਜਲ ਦੀਆਂ ਕੈਨੀਆਂ ਵੀ ਮਿਲੀਆਂ ਹਨ। ਪੁਲਿਸ ਤੇ ਸਬੰਧਤ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਜਦੋਂਕਿ ਮੁਹੱਲਾ ਵਾਸੀਆਂ ਨੇ ਇਸ ਮੌਕੇ ਦੱਬੀ ਜੁਬਾਨ ਵਿਚ ਦਸਿਆ ਕਿ ਰਿਹਾਇਸ਼ੀ ਇਲਾਕੇ ਵਿਚ ਇਹ ਮਿਠਾਈ ਫੈਕਟਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਚਲਾਈ ਜਾ ਰਹੀ ਸੀ। ਜਿਸ ਕਾਰਨ ਇੱਥੇ ਹਰ ਸਮੇਂ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਫੈਕਟਰੀ ਮਾਲਕਾਂ ਵਿਰੁਧ ਕਾਰਵਾਈ ਦੀ ਵੀ ਮੰਗ ਕੀਤੀ। ਇਸ ਮੌਕੇ ਪੁੱਜੇ ਥਾਣਾ ਥਰਮਲ ਦੀ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕਰਕੇ ਰੀਪੋਰਟ ਤਿਆਰ ਕੀਤੀ ਜਾ ਰਹੀ ਹੈ ਤੇ ਜੇਕਰ ਕੁਤਾਹੀ ਪਾਈ ਜਾਂਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਠਿੰਡਾ ਦੇ ਰਿਹਾਇਸੀ ਇਲਾਕੇ ਵਿਚ ਚੱਲ ਰਹੀ ਮਿਠਾਈ ਫੈਕਟਰੀ ਵਿੱਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ
ਖਰਾਬ ਸੀਵਰੇਜ ਸਿਸਟਮ ਤੋਂ ਪ੍ਰੇਸ਼ਾਨ ਸਿਵ ਕਲੌਨੀ ਵਾਸੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ
ਸੁਖਜਿੰਦਰ ਮਾਨ
ਬਠਿੰਡਾ, 23 ਜੁਲਾਈ : ਸਥਾਨਕ ਸ਼ਹਿਰ ਦੀ ਸ਼ਿਵ ਕਲੋਨੀ ਦੀ ਗਲੀ ਨੰਬਰ 01 ਅਤੇ 77 ਨੰਬਰ ਪਾਰਕ ਬਰਨਾਲਾ ਰੋਡ ਵਿੱਚ ਪਿਛਲੇ 20-25 ਦਿਨ ਤੋਂ ਖਰਾਬ ਹੋਏ ਸੀਵਰੇਜ ਸਿਸਟਮ ਦਾ ਕੋਈ ਹੱਲ ਨਾ ਕੱਢਣ ਤੋਂ ਦੁਖੀ ਮੁਹੱਲਾ ਵਾਸੀਆਂ ਵਲੋਂ ਅੱਜ ਸੀਵਰੇਜ ਬੋਰਡ ਅਤੇ ਨਗਰ ਨਿਗਮ ਵਿਰੁਧ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼ਿਵ ਕਲੋਨੀ ਵਾਸੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਪਹਿਲਾਂ 17 ਜੁਲਾਈ ਅਤੇ ਮੁੜ 21 ਜੁਲਾਈ ਨੂੰ ਸੀਵਰੇਜ ਬੋਰਡ ਪੰਜਾਬ ਦੇ ਚੇਅਰਮੈਨ ਸਨੀ ਆਹਲੂਵਾਲੀਆ ਦੇ ਧਿਆਨ ਵਿਚ ਵੀ ਇਹ ਮਾਮਲਾ ਲਿਆਂਦਾ ਜਾ ਚੁੱਕਿਆ ਹੈ ਪ੍ਰੰਤੂ ਇਸਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੀਰਵੇਜ ਬੋਰਡ ਦੇ ਹੇਠਲੇ ਅਧਿਕਾਰੀਆਂ ਦੀ ਢਿੱਲੀ ਕਾਰਗੁਜਾਰੀ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਸਿਆ ਕਿ ਚੇਅਰਮੈਨ ਦੇ ਆਦੇਸ਼ਾਂ ਬਾਅਦ ਸੀਵਰੇਜ ਬੋਰਡ ਦੇ ਸਥਾਨਕ ਅਧਿਕਾਰੀਆਂ ਨੇ ਸਿਰਫ਼ ਸਫਾਈ ਕਰਵਾ ਕੇ ਕਲੀ ਛਿੜਕ ਦਿੱਤੀ ਪ੍ਰੰਤੂ ਅਧਿਕਾਰੀਆਂ ਦੇ ਜਾਣ ਬਾਅਦ ਮੁੜ ਸੀਵਰੇਜ ਦਾ ਗੰਦਾ ਬਦਬੂਦਾਰ ਪਾਣੀ ਇਕੱਠਾ ਹੋ ਗਿਆ। ਇਸ ਮੌਕੇ ਵਾਰਡ ਨੰਬਰ 32 ਦੇ ਐਮ ਸੀ ਉਮੇਸ਼ ਗੋਗੀ, ਸੁਰਿੰਦਰ ਸਿੰਘ ਸਾਹਨੀ, ਸੁਧੀਰ ਗੋਇਲ,ਸਾਧੂ ਰਾਮ ਗੋਇਲ,ਭੀਮ ਸੈਨ ਗਾਰਗਾ, ਸ਼ੋਨਕ ਜੋਸ਼ੀ ਲਾਲੀ , ਅਸ਼ੋਕ ਬਾਂਸਲ, ਮਨੂੰ ਗਾਰਗਾ ਅਤੇ ਪੰਡਿਤ ਪਵਨ ਕੁਮਾਰ ਆਦਿ ਨੇ ਦਸਿਆ ਕਿ ਸ਼ਿਵ ਕਲੋਨੀ ਵਿਚ 77 ਨੰਬਰ ਪਾਰਕ ਨੇੜੇ 20-25 ਦਿਨ ਪਹਿਲਾਂ ਸੀਵਰੇਜ ਸਿਸਟਮ ਖਰਾਬ ਹੋਣ ਕਾਰਨ ਇਕ ਪਾਇਪ ਪਾਉਣ ਲਈ ਸੜਕ ਪੱਟੀ ਗਈ ਸੀ,ਪ੍ਰੰਤੂ ਨਗਰ ਨਿਗਮ ਬਠਿੰਡਾ ਦੀ ਅਣਗਹਿਲੀ ਕਾਰਨ ਸੀਵਰੇਜ ਸਿਸਟਮ ਜਿਉੰ ਦਾ ਤਿੳੰ ਹੀ ਮਾੜੀ ਹਾਲਤ ਵਿਚ ਹੈ। ਮੁਹੱਲਾ ਵਾਸੀਆਂ ਨੇ ਐਲਾਨ ਕੀਤਾ ਕਿ ਜੇਕਰ ਇਸ ਮਸਲੇ ਦਾ ਜਲਦ ਹੱਲ ਨਾ ਕੱਢਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਵਿਜੀਲੈਂਸ ਦੀ ਪੇਸ਼ੀ ਮੌਕੇ ਮਨਪ੍ਰੀਤ ਬਾਦਲ ਵਲੋਂ ਸਕਤੀ ਪ੍ਰਦਰਸ਼ਨ ਦੀ ਕਰਨ ਤਿਆਰੀ
ਸਮਰਥਕਾਂ ਨੂੰ 11 ਵਜੇ ਸਰਕਟ ਹਾਊਸ ਵਿੱਚ ਪੁੱਜਣ ਦੇ ਦਿੱਤੇ ਸੁਨੇਹੇ
ਵਪਾਰਕ ਪਲਾਟ ਨੂੰ ਰਿਹਾਇਸ਼ੀ ’ਚ ਤਬਦੀਲ ਕਰਵਾਉਣ ਦੇ ਮਾਮਲੇ ’ਚ ਕਰ ਰਹੇ ਹਨ ਜਾਂਚ ਦਾ ਸਾਹਮਣਾ
ਸੁਖਜਿੰਦਰ ਮਾਨ
ਬਠਿੰਡਾ, 23 ਜੁਲਾਈ: ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਭਲਕੇ ਸੋਮਵਾਰ ਨੂੰ ਪੇਸ਼ੀ ਮੌਕੇ ਆਪਣੇ ਸਮਰਥਕਾਂ ਦਾ ਵੱਡਾ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਤਿਆਰੀਆਂ ਕੀਤੀਆਂ ਗਈਆਂ ਹਨ। ਸੂਚਨਾ ਮੁਤਾਬਕ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਸਵੇਰੇ 11:00 ਵਜੇ ਬਠਿੰਡਾ ਦੇ ਸਰਕਟ ਹਾਊਸ ਵਿਚ ਪੁੱਜ ਰਹੇ ਹਨ। ਜਿੱਥੇ ਪੁੱਜਣ ਲਈ ਨਾ ਸਿਰਫ ਭਾਜਪਾ ਆਗੂਆਂ, ਬਲਕਿ ਬਠਿੰਡਾ ਸ਼ਹਿਰ ਦੇ ਮਨਪ੍ਰੀਤ ਪ੍ਰਤੀ ਨਰਮ ਗੋਸਾ ਰੱਖਣ ਵਾਲੇ ਕਾਂਗਰਸੀ ਕੌਂਸਲਰਾਂ ਤੇ ਆਗੂਆਂ ਨੂੰ ਵੀ ਸੁਨੇਹੇ ਲਗਾਏ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਇਸ ਪੇਸ਼ੀ ਮੌਕੇ ਇਕੱਠ ਕਰਨ ਸਬੰਧੀ ਬੀਤੀ ਰਾਤ ਵੀ ਇੱਕ ਸਰਾਬ ਠੇਕੇਦਾਰ ਦੇ ਦਫ਼ਤਰ ਵਿਚ ਵਿਤ ਮੰਤਰੀ ਦੇ ਰਿਸ਼ਤੇਦਾਰ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ ਸੀ। ਚਰਚਾ ਮੁਤਾਬਕ ਅਜਿਹਾ ਕਰਕੇ ਮਨਪ੍ਰੀਤ ਚੋਣਾਂ ’ਚ ਹਾਰਨ ਤੋਂ ਬਾਅਦ ਬਠਿੰਡਾ ਸ਼ਹਿਰ ਵਿਚ ਵਿਰੋਧੀਆਂ ਨੂੰ ਅਪਣਾ ਸਿਆਸੀ ਦਮਖਮ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਵਿਤ ਮੰਤਰੀ ਦੇ ਕਾਰਜਕਾਲ ਦੌਰਾਨ ਬਠਿੰਡਾ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਫੇਜ਼ ਇੱਕ ਵਿੱਚ ਵਪਾਰਕ ਪਲਾਟ ਨੂੰ ਰਿਹਾਇਸ਼ੀ ਵਿਚ ਤਬਦੀਲ ਕਰਵਾ ਕੇ ਅਪਣੇ ਨਜਦੀਕੀਆਂ ਦੇ ਰਾਹੀਂ ਖਰੀਦਣ ਦੇ ਮਾਮਲੇ ਵਿਚ ਮਨਪ੍ਰੀਤ ਬਾਦਲ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਹਨ। ਇਸ ਜਾਂਚ ਵਿਚ ਪੇਸ਼ ਹੋਣ ਲਈ ਵਿਜੀਲੈਂਸ ਬਿਓਰੋ ਉਨ੍ਹਾਂ ਨੂੰ ਭਲਕੇ 24 ਜੁਲਾਈ ਨੂੰ ਬਠਿੰਡਾ ਸਥਿਤ ਦਫਤਰ ਵਿੱਚ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਮਨਪ੍ਰੀਤ ਬਾਦਲ ਵਿਰੁੱਧ ਸਿਕਾਇਤ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਮੌਜੂਦਾ ਜ਼ਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਕੀਤੀ ਗਈ ਸੀ। ਮੌਜੂਦਾ ਸਮੇਂ ਸ: ਬਾਦਲ ਵੀ ਭਾਜਪਾ ਆਗੂ ਹਨ, ਕਿਉਂਕਿ ਉਹ ਲੰਘੀ ਜਨਵਰੀ ਮਹੀਨੇ ਵਿੱਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਗਏ ਸਨ। ਜਿਸ ਦੇ ਚਲਦੇ ਇਸ ਜਾਂਚ ਅਤੇ ਸ਼ਿਕਾਇਤ ਦੀ ਸਿਆਸੀ ਗਲਿਆਰਿਆਂ ਵਿੱਚ ਕਾਫੀ ਚਰਚਾ ਚੱਲ ਰਹੀ ਹੈ। ਸਰੂਪ ਚੰਦ ਸਿੰਗਲਾ ਸਾਬਕਾ ਵਿੱਤ ਮੰਤਰੀ ਨੂੰ ਸੰਮਨ ਜਾਰੀ ਹੋਣ ਤੋਂ ਬਾਅਦ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਕਿਸੇ ਵੀ ਕੀਮਤ ’ਤੇ ਮਨਪ੍ਰੀਤ ਬਾਦਲ ਵਿਰੁਧ ਦਿੱਤੀ ਆਪਣੀ ਸ਼ਿਕਾਇਤ ਵਾਪਿਸ ਨਹੀਂ ਲੈਣਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਲਾਟ ਦੇ ਮਾਮਲੇ ਤੋਂ ਇਲਾਵਾ ਸ੍ਰੀ ਸਿੰਗਲਾ ਵੱਲੋਂ ਮਨਪ੍ਰੀਤ ਦੇ ਕਾਰਜਕਾਲ ਦੌਰਾਨ ਅਨਾਜ ਦੀ ਢੋਆ ਢੁਆਈ ਦੇ ਹੋਏ ਟੈਂਡਰਾਂ ਵਿੱਚ ਵੀ ਵੱਡੀ ਗੜਬੜੀ ਦੇ ਦੋਸ਼ ਲਗਾਉਂਦਿਆਂ ਵਿਜੀਲੈਂਸ ਕੋਲ ਇੱਕ ਹੋਰ ਸ਼ਿਕਾਇਤ ਕੀਤੀ ਹੋਈ ਹੈ, ਜਿਸਦੀ ਵੀ ਵਿਜੀਲੈਂਸ ਵਲੋਂ ਅਲੱਗ ਤੋਂ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਰਹੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮਾਡਲ ਟਾਊਨ ਇਲਾਕੇ ਵਿਚ ਪਲਾਟ ਨੰਬਰ 725 ਅਤੇ 726 ਮਿਤੀ 12 ਸਿਤੰਬਰ 2021 ਨੂੰ ਖਰੀਦਿਆ ਗਿਆ ਸੀ ਜਿੱਥੇ ਉਨ੍ਹਾਂ ਬਠਿੰਡਾ ਵਾਸੀਆਂ ਨਾਲ ਆਪਣੀ ਪੱਕੀ ਰਿਹਾਇਸ਼ ਬਣਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੀ ਇਸ ਪਲਾਟ ਵਿੱਚ ਕੋਠੀ ਬਣਾਉਣ ਦੀ ਨੀਂਹ ਵੀ ਵਿਸ਼ੇਸ਼ ਤੌਰ ’ਤੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 15 ਅਕਤੂਬਰ 2021 ਨੂੰ ਰੱਖੀ ਸੀ। ਪਰੰਤੂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਇਥੇ ਕੋਠੀ ਬਣਾਉਣ ਦਾ ਕੰਮ ਸਿਰਫ ਚਾਰ ਵਾਰੀ ਕਰਨ ਤੋਂ ਬਾਅਦ ਹੀ ਰੋਕ ਦਿੱਤਾ ਸੀ।
ਲਾਲਜੀਤ ਸਿੰਘ ਭੁੱਲਰ ਨੇ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਵਾਲੇ ਚਾਰ ਬਹੁਮੰਤਵੀ ਖੇਡ ਪਾਰਕਾਂ ਦਾ ਨੀਂਹ ਪੱਥਰ ਰੱਖਿਆ
ਪੰਜਾਬੀ ਖ਼ਬਰਸਾਰ ਬਿਉਰੋ
ਤਰਨਤਾਰਨ, 22 ਜੁਲਾਈ: ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 2 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਚਾਰ ਬਹੁ-ਮੰਤਵੀ ਖੇਡ ਪਾਰਕਾਂ ਦਾ ਨੀਂਹ ਪੱਥਰ ਰੱਖਿਆ ਗਿਆ। ਪੱਟੀ ਹਲਕੇ ਦੇ ਪਿੰਡ ਕੋਟ ਬੁੱਢਾ ਵਿਖੇ 65 ਲੱਖ ਰੁਪਏ, ਸਭਰਾ ਵਿਖੇ 35 ਲੱਖ ਰੁਪਏ, ਪ੍ਰਿੰਗੜੀ ਵਿਖੇ 70 ਲੱਖ ਰੁਪਏ ਅਤੇ ਪਿੰਡ ਰੱਤਾ ਗੁੱਦਾ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ-ਮੰਤਵੀ ਖੇਡ ਪਾਰਕਾਂ ਦਾ ਨੀਂਹ ਪੱਥਰ ਰੱਖਣ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪੱਟੀ ਹਲਕੇ ਅੰਦਰ 40 ਹੋਰ ਬਹੁ-ਮੰਤਵੀ ਖੇਡ ਪਾਰਕ ਬਣਾਏ ਜਾਣਗੇ, ਜਿਨ੍ਹਾਂ ਵਿੱਚ ਖੇਡ ਕੇ ਨੌਜਵਾਨ ਪੀੜ੍ਹੀ ਆਪਣੇ ਪਿੰਡ, ਹਲਕੇ ਅਤੇ ਸੂਬੇ ਦਾ ਨਾਮ ਰੌਸ਼ਨ ਕਰੇਗੀ।ਕੈਬਨਿਟ ਮੰਤਰੀ ਸ. ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸੋਚ ਹੈ ਕਿ ਚੰਗੇ ਖੇਡ ਮੈਦਾਨ ਬਣਾ ਕੇ ਨੌਜਵਾਨਾਂ ਦੇ ਤੰਦਰੁਸਤ ਸਰੀਰ ਅਤੇ ਚੰਗਾ ਖੇਡ ਹੁਨਰ ਯਕੀਨੀ ਬਣਾਇਆ ਜਾਵੇ ਤਾਂ ਜੋ ਸੂਬੇ ਦੇ ਨੌਜਵਾਨਾਂ ਆਪਣੀ ਜ਼ਿੰਦਗੀ ਵਿਚ ਕਾਮਯਾਬੀ ਹਾਸਿਲ ਕਰ ਸਕਣ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਪੰਜਾਬ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ ਵਹਾਇਆ ਗਿਆ, ਜਿਸ ਦੇ ਖ਼ਾਤਮੇ ਲਈ ਸਾਡੀ ਸਰਕਾਰ ਉਚੇਚੇ ਯਤਨ ਕਰ ਰਹੀ ਹੈ।ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਦਿਲਬਾਗ ਸਿੰਘ, ਵਰਿੰਦਰਜੀਤ ਸਿੰਘ ਕਾਲੇਕੇ ਹੀਰਾ ਭੁੱਲਰ, ਗੁਰਬਿੰਦਰ ਸਿੰਘ ਕਾਲੇਕੇ ਅਤੇ ਗੁਰਪਿੰਦਰ ਸਿੰਘ ਉਪਲ ਆਦਿ ਹਾਜ਼ਰ ਸਨ।
ਐਕਸਾਈਜ਼ ਵਿਭਾਗ ਤੇ ਪੁਲਿਸ ਟੀਮ ਵਲੋਂ ‘ਸੈਲਰ’ ਵਿਚੋਂ ਭਾਰੀ ਮਾਤਰਾ ’ਚ ਨਜਾਇਜ਼ ਸਰਾਬ ਬਰਾਮਦ
ਵੱਡੇ ਸਿਆਸੀ ਆਗੂ ਦੇ ਨਜਦੀਕੀ ਸਹਿਤ ਦੋ ਵਿਅਕਤੀਆਂ ਵਿਰੁਧ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ : ਐਕਸਾਈਜ਼ ਵਿਭਾਗ ਤੇ ਰਾਮਪੁਰਾ ਸਿਟੀ ਦੀ ਪੁਲਿਸ ਵਲੋਂ ਅੱਜ ਬਾਅਦ ਦੁਪਿਹਰ ਮਿਲਕੇ ਕੀਤੀ ਇੱਕ ਵੱਡੀ ਕਾਰਵਾਈ ’ਚ ਰਾਮਪੁਰਾ ਨੇੜੇ ਇੱਕ ਸੈਲਰ ਵਿਚੋਂ ਭਾਰੀ ਮਾਤਰਾ ਵਿਚ ਨਜਾਇਜ਼ ਸਰਾਬ ਬਰਾਮਦ ਹੋਣ ਦੀ ਸੂਚਨਾ ਹੈ। ਇਸ ਸਬੰਧ ਵਿਚ ਪੁਲਿਸ ਟੀਮ ਨੇ ਜਿੱਥੇ ਇੱਕ ਵਿਅਕਤੀ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ, ਉਥੇ ਇੱਕ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਰਿਹਾ। ਫ਼ਿਲਹਾਲ ਥਾਣਾ ਰਾਮਪੁਰਾ ਸਿਟੀ ਦੀ ਪੁਲਿਸ ਵਲੋਂ ਸਕਤੀ ਕੁਮਾਰ ਅਤੇ ਮਨੀ ਕੁਮਾਰ ਉਰਫ਼ ਚੀਨੂੰ ਬਾਹੀਆ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਠੇਕੇਦਾਰਾਂ ਦੇ ਰਾਹੀਂ ਐਕਸਾਈਜ਼ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਮਪੁਰਾ ਵਿਚ ਸਥਿਤ ਇੱਕ ਸੈਲਰ ਵਿਚ ਭਾਰੀ ਮਾਤਰਾ ’ਚ ਚੰਡੀਗੜ੍ਹ ਦੀ ਸਰਾਬ ਪਈ ਹੋਈ ਹੈ, ਜਿਸਨੂੰ ਨਜਾਇਜ਼ ਤੌਰ ’ਤੇ ਅੱਗੇ ਵੇਚਿਆ ਜਾ ਰਿਹਾ ਹੈ। ਸੂਚਨਾ ਤੋਂ ਬਾਅਦ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੋਵਰਧਨ ਗੋਪਾਲ ਅਤੇ ਸਿਟੀ ਰਾਮਪੁਰਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਸੈਲਰ ਵਿਚ ਛਾਪੇਮਾਰੀ ਕੀਤੀ ਗਈ, ਜਿੱਥੇ ਇਹ ਨਜਾਇਜ਼ ਸਰਾਬ ਇੱਕ ਕਮਰੇ ਵਿਚ ਸਟੋਰ ਕੀਤੀ ਹੋਈ ਸੀ ਜਦੋਂਕਿ ਇੱਕ ਵਿਅਕਤੀ ਦੋ ਡੱਬੇ ਲੈ ਕੇ ਜਾ ਰਿਹਾ ਸੀ। ਜਿਸਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਅੱਗੇ ਰੀਟੇਲ ਵਿਚ ਲੋਕਾਂ ਨੂੰ ਸਪਲਾਈ ਕਰਨ ਚੱਲਿਆ ਸੀ। ਸੂਤਰਾਂ ਅਨੁਸਾਰ ਇਸ ਨਜਾਇਜ਼ ਸਰਾਬ ਕਾਰੋਬਾਰ ਦਾ ਮੁੱਖ ਸਰਗਨਾ ਚੀਨੂੰ ਬਾਹੀਆ ਪੁਲਿਸ ਪਾਰਟੀ ਨੂੰ ਦੇਖਦਿਆਂ ਮੌਕੇ ਤੋਂ ਫ਼ਰਾਰ ਹੋ ਗਿਆ ਜਦੋਂਕਿ ਪੁਲਿਸ ਨੇ ਸਕਤੀ ਕੁਮਾਰ ਨੂੰ ਕਾਬੂ ਕਰ ਲਿਆ। ਮੁਢਲੀ ਪੁਛਗਿਛ ਦੌਰਾਨ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਇਹ ਸਰਾਬ ਚੰਡੀਗੜ੍ਹ ਤੋਂ ਸਸਤੇ ਰੇਟਾਂ ਵਿਚ ਲੈ ਕੇ ਆਉਂਦੇ ਸਨ ਤੇ ਅੱਗੇ ਇੱਥੇ ਮਹਿੰਗੇ ਭਾਅ ਉਪਰ ਵੇਚ ਦਿੰਦੇ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚੀਨੂੰ ਬਾਹੀਆ ਉਪਰ ਪਹਿਲਾਂ ਵੀ ਸਰਾਬ ਤਸਕਰੀ ਦੇ ਪਰਚੇ ਦਰਜ਼ ਹਨ। ਉਚ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸੈਲਰ ਕਿਸ ਵਿਅਕਤੀ ਦਾ ਸੀ, ਜਿੱਥੋਂ ਇਹ ਨਜਾਇਜ ਸਰਾਬ ਬਰਾਮਦ ਹੋਈ ਹੈ। ਜਿਸਤੋਂ ਬਾਅਦ ਨਜਾਇਜ਼ ਸਰਾਬ ਨੂੰ ਸਟੋਰ ਕਰਨ ਦੇ ਦੋਸਾਂ ਹੇਠ ਉਸਦੇ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ। ਇਲਾਕੇ ’ਚ ਚੱਲ ਰਹੀ ਚਰਚਾ ਮੁਤਾਬਕ ਇਸ ਨਜਾਇਜ਼ ਸਰਾਬ ਦੇ ਕਾਰੋਬਾਰ ਵਿਚ ਇੱਕ ਵੱਡੇ ਸਿਆਸੀ ਆਗੂ ਦਾ ਹੱਥ ਦਸਿਆ ਜਾ ਰਿਹਾ ਹੈ, ਜਿਸਦਾ ਖ਼ੁਲਾਸਾ ਆਉਣ ਵਾਲੇ ਦਿਨਾਂ ਵਿਚ ਪੁਲਿਸ ਵਲੋਂ ਕੀਤਾ ਜਾ ਸਕਦਾ ਹੈ, ਜੇਕਰ ਉਹ ਬਿਨ੍ਹਾਂ ਕਿਸੇ ਪ੍ਰਭਾਵ ਤੋਂ ਜਾਂਚ ਨੂੰ ਸਿਰੇ ਚਾੜਦੀ ਹੈ?
ਇਸਤਰੀ ਅਕਾਲੀ ਦਲ ਦੀ ਨਵੀਂ ਬਣੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਹੋਈ ਨਤਮਤਸਕ
ਮਨੀਪੁਰ ਕਾਂਡ ਦੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜਾ ਦੇਣ ਦੀ ਕੀਤੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਸ਼੍ਰੀ ਅੰਮ੍ਰਿਤਸਰ ਸਾਹਿਬ, 22 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਨਤਮਸਤਕ ਹੋਣ ਆਏ। ਇਸ ਦੌਰਾਨ ਉਹਨਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਖਾਲਸਾ ਪੰਥ, ਪੰਜਾਬ ਤੇ ਪਾਰਟੀ ਦੀ ਬੇਹਤਰੀ ਤੇ ਚੜ੍ਹਦੀਕਲਾ ਵਾਸਤੇ ਅਰਦਾਸ ਕੀਤੀ। ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਹਰਗੋਬਿੰਦ ਕੌਰ ਨੇ ਸਰਕਾਰ ਤੇ ਮਣੀਪੁਰ ਦੇ ਮੁੱਖ ਮੰਤਰੀ ਦੇ ਨਾਲ-ਨਾਲ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਮਣੀਪੁਰ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਮੂਕ ਦਰਸ਼ਕ ਬਣ ਕੇ ਵੇਖਣ ਤੇ ਘਿਨੌਣਾ ਅਪਰਾਧ ਹੋਣ ਤੋਂ ਬਾਅਦ ਮਹੀਨਿਆਂ ਬੱਧੀ ਚੁੱਪ ਬੈਠਣ ਲਈ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਮਣੀਪੁਰ ਵਿਚ ਬੇਸਹਾਰਾ ਕੁੜੀਆਂ ਦੀ ਬੇਪਤੀ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਕਿਹਾ ਕਿ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਨਾਲੋਂ ਕੁਝ ਵੀ ਘੱਟ ਦੇਸ਼ ਦੀ ਆਤਮਾ ਨੂੰ ਮਨਜ਼ੂਰ ਨਹੀਂ ਹੋਵੇਗਾ ਤੇ ਪੀੜਤਾਂ ਲਈ ਨਿਆਂ ਯਕੀਨੀ ਨਹੀਂ ਬਣਾਏਗਾ। ਉਹਨਾਂ ਨੇ ਇਸ ਘਟਨਾ ਨੂੰ ਮਨੁੱਖਤਾ ਦੇ ਖਿਲਾਫ ਬਹੁਤ ਹੀ ਦਰਦਨਾਕ ਤੇ ਬਜ਼ਰ ਗੁਨਾਹ ਕਰਾਰ ਦਿੱਤਾ।ਉਹਨਾਂ ਕਿਹਾ ਕਿ ਦਿਲ ਕੰਬਾਊ ਵੀਡੀਓ ਪ੍ਰਤੀ ਕੌਮੀ ਤੇ ਕੌਮਾਂਤਰੀ ਰੋਹ ਮਗਰੋਂ ਹੀ ਸਰਕਾਰ ਨੂੰ ਅਪਰਾਧ ਦੀ ਗੰਭੀਰਤਾ ਸਮਝ ਆਈ ਜਿਸ ਕਾਰਨ ਦੇਸ਼ ਦੀ ਕੌਮਾਂਤਰੀ ਪੱਧਰ ’ਤੇ ਬਦਨਾਮੀ ਹੋਈ।ਉਹਨਾਂ ਕਿਹਾ ਕਿ ਬੀਤੇ ਸਾਲਾਂ ਵਿਚ ਔਰਤਾਂ ਖਿਲਾਫ ਦਹਿਸ਼ਤ ਭਰੇ ਅਪਰਾਧਾਂ ਦੀਆਂ ਘਟਨਾਵਾਂ ਵਿਚ ਚੋਖਾ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਵਧਦੀ ਬੁਰਾਈ ਨੂੰ ਨਕੇਲ ਪਾਉਣ ਵਾਸਤੇ ਕੋਈ ਕਦਮ ਨਹੀਂ ਚੁੱਕਿਆ ਗਿਆ। ਉਹਨਾਂ ਕਿਹਾ ਕਿ ਅਧਿਕਾਰੀਆਂ ਦੀ ਅਪਰਾਧਿਕ ਚੁੱਪੀ ਕਾਰਨ ਨਾ ਸਿਰਫ ਦੇਸ਼ ਭਰ ਵਿਚ ਅਣਗਿਣਤ ਪੀੜਤਾਂ ਦੀਆਂ ਮੁਸ਼ਕਿਲਾਂ ਵਧੀਆਂ ਹਨ ਬਲਕਿ ਮਾੜੇ ਅਨਸਰਾਂ ਦੇ ਹੌਂਸਲੇ ਵੀ ਵਧੇ ਹਨ। ਇਸਤਰੀ ਅਕਾਲੀ ਦਲ ਦੇ ਪ੍ਰਧਾਨ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸੂਬੇ ਵਿਚ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਦੌਰ ਵਿਚ ਲੋਕਾਂ ਦੀ ਬਾਂਹ ਨਾ ਫੜਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜਿਹਨਾਂ ਨੇ ਸੂਬੇ ਵਿਚ ਹਰ ਘਟਨਾ ਲਈ ਹਮੇਸ਼ਾ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਇਆ, ਨੂੰ ਸੂਬੇ ਭਰ ਵਿਚ ਹੜ੍ਹਾਂ ਨਾਲ ਹੋਈ ਵਿਆਪਕ ਤਬਾਹੀ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦੀ ਨੈਤਿਕ ਦਲੇਰੀ ਵਿਖਾਉਣ ਦੀ ਵੀ ਚੁਣੌਤੀ ਦਿੱਤੀ। ਪੰਜਾਬ ਦੀ ਆਪ ਸਰਕਾਰ ’ਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬੀਆਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਉਹਨਾਂ ਨਾਲ ਧੋਖਾ ਕੀਤਾ ਤੇ ਉਹਨਾਂ ਨਾਲ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾਕਿ ਔਰਤਾਂ ਉਹਨਾਂ ਨਾਲ ਕੀਤੇ ਗਏ 1000 ਰੁਪਏ ਪ੍ਰਤੀ ਮਹੀਨਾ ਦੀ ਉਡੀਕ ਕਰ ਰਹੀਆਂ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆਕਿ ਉਹ 100 ਆਮ ਆਦਮੀ ਕਲੀਨਿਕਾਂ ਵਿਚ ਡਾਕਟਰ ਨਾ ਹੋਣ ਬਾਰੇ ਵੀ ਜਵਾਬ ਦੇਣ। ਉਹਨਾਂ ਨੇ ਵਿਰਾਸਤੀ ਮਾਰਗ ’ਤੇ ਲੱਗੀਆਂ ਵੱਡੀਆਂ ਐਨ ਈ ਡੀਜ਼ ’ਤੇ ਪਵਿੱਤਰ ਗੁਰਬਾਣੀ ਤੇ ਮਹਾਨ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਹਟਾਉਣ ਤੇ ਪਬਲੀਸਿਟੀ ਦੇ ਭੁੱਖੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਲਗਾਉਣ ਨੂੰ ਵੱਡੀ ਬੇਅਦਬੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮੁੱਖ ਮੰਤਰੀ ਹੁਣ ਗੁਰਬਾਣੀ ਪ੍ਰਸਾਰਣ ਦੀ ਥਾਂ ਆਪਣੇ ਭਾਸ਼ਣ ਪ੍ਰਸਾਰਤ ਕਰਨਾ ਚਾਹੁੰਦੇ ਹਨ।ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਨੂੰ ਅਣਡਿੱਠ ਕਰਨ ਤੇ ਉਥੇ ਰਸਤੇ ਦਾ ਮਾੜਾ ਹਾਲ ਹੋਣ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਗੁਲਜ਼ਾਰ ਸਿੰਘ ਰਣੀਕੇ, ਰਵਿੰਦਰ ਸਿੰਘ ਬ੍ਰਹਮਪੁਰਾ, ਵਿਰਸਾ ਸਿੰਘ ਵਲਟੋਹਾ, ਤਲਬੀਰ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ, ਤੇਜਿੰਦਰ ਸਿੰਘ ਮਿੱਡੂਖੇੜਾ ਤੇ ਚਰਨਜੀਤ ਸਿੰਘ ਬਰਾੜ ਸਮੇਤ ਸੀਨੀਅਰ ਅਕਾਲੀ ਆਗੂਆਂ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਉਹਨਾਂ ਦੇ ਨਾਲ ਇਸਤਰੀ ਅਕਾਲੀ ਦਲ ਦੇ ਸੈਂਕੜੇ ਵਰਕਰ ਵੀ ਮੌਜੂਦ ਸਨ। ਅਕਾਲੀ ਆਗੂਆਂ ਨੇ ਦਸਿਆ ਕਿ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਭਲਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣਗੇ।
ਮਾਲਵਾ ਕਾਲਜ ਦੇ ਬੀ.ਕਾਮ ਭਾਗ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ
ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ.ਕਾਮ ਭਾਗ ਤੀਜਾ ਸਮੈਸਟਰ ਪੰਜਵਾਂ ਦੇ ਵਿਚ ਸਥਾਨਕ ਮਾਲਵਾ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 85 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ , ਸਨੇਹਾ ਨੇ 81 ਪ੍ਰਤੀਸ਼ਤ ਨੰਬਰ ਲੈ ਕੇ ਕਾਲਜ ਵਿਚੋਂ ਦੂਜਾ ਅਤੇ ਡੌਲੀ ਸ਼ਰਮਾ ਨੇ 79 ਪ੍ਰਤੀਸ਼ਤ ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਰਾਜ ਕੁਮਾਰ ਗੋਇਲ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਵਿਭਾਗ ਦੇ ਕਾਰਜਕਾਰੀ ਮੁਖੀ ਮੈਡਮ ਇੰਦਰਪ੍ਰੀਤ ਕੌਰ ਅਤੇ ਸਟਾਫ ਨੂੰ ਵਧਾਈ ਦਿੱਤੀ। ਕਾਲਜ ਮੈਨੇਜਮੈਂਟ ਨੇ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਦੇ ਸਾਲਾਨਾ ਸਮਾਰੋਹ ਵਿਚ ਸਨਮਾਨਿਤ ਕਰਨ ਦਾ ਐਲਾਨ ਕੀਤਾ।
ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਵੱਲ ਵਧ ਰਿਹਾ ਪੰਜਾਬ-ਮੁੱਖ ਮੰਤਰੀ
72 ਪ੍ਰਿੰਸੀਪਲਾਂ ਦੇ ਤੀਜੇ ਤੇ ਚੌਥੇ ਬੈਚ ਨੂੰ ਸਿੰਗਾਪੁਰ ਕੀਤਾ ਰਵਾਨਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਜੁਲਾਈ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਨਵੀਂ ਸਿੱਖਿਆ ਕ੍ਰਾਂਤੀ ਵੱਲ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਅੱਜ ਇੱਥੋਂ 72 ਪ੍ਰਿੰਸੀਪਲਾਂ ਦੇ ਤੀਜੇ ਤੇ ਚੌਥੇ ਬੈਚ ਨੂੰ ’ਸਿੰਗਾਪੁਰ ਪ੍ਰਿੰਸੀਪਲਜ਼ ਟਰੇਨਿੰਗ ਅਕੈਡਮੀ’ ਲਈ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੀ ਉਨ੍ਹਾਂ ਵੱਲੋਂ ਦਿੱਤੀ ਗਾਰੰਟੀ ਦੇ ਮੁਤਾਬਕ ਇਨ੍ਹਾਂ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 72 ਪ੍ਰਿੰਸੀਪਲਾਂ ਵਿੱਚੋਂ 92-93 ਫੀਸਦੀ ਪ੍ਰਿੰਸੀਪਲ ਪਹਿਲੀ ਵਾਰ ਵਿਦੇਸ਼ ਜਾ ਰਹੇ ਹਨ ਜਿਸ ਨਾਲ ਉਨ੍ਹਾਂ ਦਾ ਦੌਰਾ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਿਆਉਣ ਲਈ ਮੀਲ ਪੱਥਰ ਸਾਬਤ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਮਨੋਰਥ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦੇ ਵਿਦਿਆਰਥੀ ਪੰਜਾਬ ਵਿੱਚ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰ ਸਕਣ, ਜਿਸ ਨਾਲ ਉਹ ਆਪਣੇ ਕਾਨਵੈਂਟ ਸਕੂਲਾਂ ਵਿਚ ਪੜ੍ਹੇ ਰਹੇ ਹਾਣੀਆਂ ਦਾ ਮੁਕਾਬਲਾ ਕਰ ਸਕਣ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ ਅਤੇ ਵਿਦਿਆਰਥੀ ਇਸਰੋ ਵਿਖੇ ਚੰਦਰਯਾਨ-3 ਵਰਗੇ ਸ਼ਾਨਦਾਰ ਮੌਕਿਆਂ ਦੇ ਗਵਾਹ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ‘ਸਕੂਲ ਆਫ ਐਮੀਨੈਂਸ’ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਿਦਿਅਕ ਅਤੇ ਸਿਲੇਬਸ ਤੋਂ ਬਾਹਰੀ ਗਤੀਵਿਧੀਆਂ ਦੇ ਕੇਂਦਰ ਵਜੋਂ ਉਭਰਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਦਾ ਉਦੇਸ਼ ਸੂਬੇ ਵਿੱਚ ਵਿਦੇਸ਼ ਜਾ ਰਹੇ ਨੌਜਵਾਨਾਂ ਦੇ ਰੁਝਾਨ ਨੂੰ ਖਤਮ ਕਰਨਾ ਅਤੇ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬੇ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾਂ ਮਾਰਨਗੇ ਅਤੇ ਸੂਬੇ ਦਾ ਨਾਂ ਰੌਸ਼ਨ ਕਰਨਗੇ।ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਵਧੀਆ ਕੋਚ ਅਤੇ ਸਿੱਖਿਆ ਦੇ ਖੇਤਰ ਵਿੱਚ ਅਧਿਆਪਕ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮਨੋਰਥ ਹਰ ਖੇਤਰ ਵਿੱਚ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਉਹ ਇਨ੍ਹਾਂ ਖੇਤਰਾਂ ਵਿੱਚ ਨਵੀਆਂ ਬੁਲੰਦੀਆਂ ਨੂੰ ਸਰ ਕਰ ਸਕਣ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਵਿੱਚ ਅਥਾਹ ਸਮਰੱਥਾ ਹੈ ਅਤੇ ਜੇਕਰ ਉਨ੍ਹਾਂ ਨੂੰ ਸਹੀ ਸੇਧ ਦਿੱਤੀ ਜਾਵੇ ਤਾਂ ਉਹ ਕਿਸੇ ਵੀ ਖੇਤਰ ਵਿੱਚ ਮੱਲਾਂ ਮਾਰ ਸਕਦੇ ਹਨ।ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਸਿਖਲਾਈ ਦੌਰਾਨ ਇਨ੍ਹਾਂ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿੱਚ ਪ੍ਰਚਲਿਤ ਆਧੁਨਿਕ ਅਧਿਆਪਨ ਮੁਹਾਰਤ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਪਸੀ ਤੋਂ ਬਾਅਦ ਇਹ ਪ੍ਰਿੰਸੀਪਲ ਵਿਦਿਆਰਥੀਆਂ ਅਤੇ ਆਪਣੇ ਸਹਿਯੋਗੀਆਂ ਨਾਲ ਤਜਰਬਾ ਸਾਂਝਾ ਕਰਨਗੇ ਤਾਂ ਕਿ ਅਧਿਆਪਕ ਵਿਦਿਆਰਥੀਆਂ ਨੂੰ ਨਵੇਂ ਯੁੱਗ ਦੀ ਸਿੱਖਿਆ ਬਾਰੇ ਜਾਣੂੰ ਕਰਵਾ ਸਕਣ। ਭਗਵੰਤ ਮਾਨ ਨੇ ਉਮੀਦ ਨਾਲ ਕਿਹਾ ਕਿ ਇਸ ਨਾਲ ਸੂਬੇ ਦੇ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹੇ ਆਪਣੇ ਹਾਣੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋਣਗੇ।ਮੁੱਖ ਮੰਤਰੀ ਨੇ ਕਿਹਾ ਕਿ ਇਹ ਨਿਵੇਕਲੀ ਪਹਿਲ ਹੈ ਜੋ ਵਿਦਿਆਰਥੀਆਂ ਦੀ ਭਲਾਈ ਲਈ ਸੂਬੇ ਦੀ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਮੁੜ ਸੁਰਜੀਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਪ੍ਰਿੰਸੀਪਲ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਬਦਲਾਅ ਦੇ ਦੂਤ ਵਜੋਂ ਕੰਮ ਕਰਨਗੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਮਿਲਣ ਨਾਲ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਲੋੜੀਂਦੀ ਗੁਣਾਤਮਕ ਤਬਦੀਲੀ ਆਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਦਾ ਪਹਿਲਾ ਬੈਚ ਫਰਵਰੀ ਵਿੱਚ ਸਿਖਲਾਈ ਲਈ ਸਿੰਗਾਪੁਰ ਗਿਆ ਸੀ ਜਦਕਿ ਦੂਜੇ ਬੈਚ ਨੇ ਮਾਰਚ ਵਿੱਚ ਸਿੰਗਾਪੁਰ ਦਾ ਦੌਰਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਿੰਗਾਪੁਰ ਵਿਖੇ ਪੰਜ ਦਿਨਾਂ ਦੀ ਸਿਖਲਾਈ ਤੋਂ ਬਾਅਦ ਪ੍ਰਿੰਸੀਪਲਾਂ ਦਾ ਤੀਜਾ ਅਤੇ ਚੌਥਾ ਬੈਚ 29 ਜੁਲਾਈ ਨੂੰ ਦੇਸ਼ ਪਰਤ ਆਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਪ੍ਰਿੰਸੀਪਲਾਂ ਤੋਂ ਸਿਖਲਾਈ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਇਨ੍ਹਾਂ ਦੀ ਚੋਣ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ’ਤੇ ਕੀਤੀ ਗਈ ਹੈ।ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਲਈ ਅੱਠ ਅਤਿ-ਆਧੁਨਿਕ ਸੈਂਟਰ ਖੋਲ੍ਹ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਅਤੇ ਸੂਬੇ ਅਤੇ ਦੇਸ਼ ਵਿੱਚ ਅਹਿਮ ਅਹੁਦਿਆਂ ’ਤੇ ਸੇਵਾ ਨਿਭਾਉਣ ਲਈ ਮਿਆਰੀ ਸਿਖਲਾਈ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਨੌਜਵਾਨਾਂ ਨੂੰ ਉੱਚ ਅਹੁਦਿਆਂ ’ਤੇ ਬੈਠ ਕੇ ਦੇਸ਼ ਦੀ ਸੇਵਾ ਕਰਨਾ ਯਕੀਨੀ ਬਣਾਉਣਾ ਹੈ।ਇਸ ਮੌਕੇ ਮੁੱਖ ਮੰਤਰੀ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਹੋਰ ਵੀ ਮੌਜੂਦ ਸਨ।
ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਦੀ ਕੋਚਿੰਗ ਦੇਣ ਲਈ ਅੱਠ ਅਤਿ-ਆਧੁਨਿਕ ਸਿਖਲਾਈ ਕੇਂਦਰ ਖੋਲ੍ਹੇਗੀ ਸਰਕਾਰ: ਮੁੱਖ ਮੰਤਰੀ
ਉਮੀਦਵਾਰਾਂ ਨੂੰ ਇਨ੍ਹਾਂ ਕੇਂਦਰਾਂ ਰਾਹੀਂ ਆਨਲਾਈਨ ਸਿਖਲਾਈ ਦੇਣ ਬਾਰੇ ਵੀ ਸਰਕਾਰ ਕਰ ਰਹੀ ਹੈ ਵਿਚਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਜੁਲਾਈ: ਆਈ.ਏ.ਐਸ/ਆਈ.ਪੀ.ਐਸ/ਆਈ.ਆਰ.ਐਸ ਅਤੇ ਅਜਿਹੀਆਂ ਹੋਰ ਕੇਂਦਰੀ ਸੇਵਾਵਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਦੇਣ ਲਈ ਰਾਜ ਵਿੱਚ ਅੱਠ ਅਤਿ-ਆਧੁਨਿਕ ਸਿਖਲਾਈ ਕੇਂਦਰ ਸਥਾਪਤ ਕਰਨ ਬਾਰੇ ਵਿਚਾਰ-ਚਰਚਾ ਕੀਤੀ।ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕੇਂਦਰੀ ਸੇਵਾਵਾਂ ਖਾਸ ਕਰਕੇ ਯੂ.ਪੀ.ਐਸ.ਸੀ. ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਵਿੱਚ ਸੂਬੇ ਦੇ ਘਟਦੇ ਅਨੁਪਾਤ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨ ਬੇਮਿਸਾਲ ਪ੍ਰਤਿਭਾ ਹੋਣ ਦੇ ਬਾਵਜੂਦ ਪਹਿਲਾ ਤਾਂ ਵਿਦੇਸ਼ ਜਾਣ ਵੱਲ ਝੁਕਾਅ ਹੋਣ ਕਾਰਨ ਅਤੇ ਦੂਜਾ ਸੂਬੇ ਵਿੱਚ ਮਿਆਰੀ ਕੋਚਿੰਗ ਦੀ ਘਾਟ ਕਾਰਨ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਨਹੀਂ ਕਰ ਪਾ ਰਹੇ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਰੁਝਾਨ ਨੂੰ ਬਦਲਣ ਲਈ ਵਚਨਬੱਧ ਹੈ, ਜਿਸ ਲਈ ਪੰਜਾਬ ਭਰ ਵਿੱਚ ਇਹ ਅੱਠ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ।ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਮੁਫ਼ਤ ਮਿਆਰੀ ਸਿਖਲਾਈ ਦੇਣਗੇ ਅਤੇ ਸੂਬਾ ਤੇ ਕੇਂਦਰ ਸਰਕਾਰ ਦੋਵਾਂ ਵਿੱਚ ਉੱਚ ਅਹੁਦਿਆਂ ’ਤੇ ਪਹੁੰਚ ਕੇ ਦੇਸ਼ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਕੋਲ ਅਜਿਹੇ ਨੌਕਰਸ਼ਾਹ ਪੈਦਾ ਕਰਨ ਦੀ ਸ਼ਾਨਦਾਰ ਵਿਰਾਸਤ ਹੈ, ਜਿਨ੍ਹਾਂ ਨੇ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾ ਕੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਅਮੀਰ ਪਰੰਪਰਾ ਨੂੰ ਭਵਿੱਖ ਵਿੱਚ ਵੀ ਬਰਕਰਾਰ ਰੱਖਣਾ ਹੋਵੇਗਾ, ਜਿਸ ਲਈ ਇਹ ਕੇਂਦਰ ਅਹਿਮ ਭੂਮਿਕਾ ਨਿਭਾਉਣਗੇ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਇਹ ਕੇਂਦਰ ਖੋਲ੍ਹਣ ਦਾ ਇੱਕੋ ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬੀ ਨੌਜਵਾਨ ਉੱਚ ਅਹੁਦਿਆਂ ’ਤੇ ਬੈਠ ਕੇ ਦੇਸ਼ ਦੀ ਸੇਵਾ ਕਰ ਸਕਣ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਸਮਾਜ ਦੇ ਹਰ ਵਰਗ ਦੇ ਇੱਛੁਕ ਵਿਦਿਆਰਥੀਆਂ ਨੂੰ ਮੁਫ਼ਤ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕੋਚਿੰਗ ਸੈਂਟਰਾਂ ਵਿੱਚ ਦਾਖਲੇ ਦੀ ਰੂਪ-ਰੇਖਾ ਅਤੇ ਉਨ੍ਹਾਂ ਵਿੱਚ ਪੇਸ਼ੇਵਰ, ਸਮਰਪਿਤ ਅਤੇ ਕਾਬਲ ਸਟਾਫ਼ ਦੀ ਭਰਤੀ ਕਰਨ ਲਈ ਕਿਹਾ।ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਰੈਗੁਲਰ ਸਿਖਲਾਈ ਯਕੀਨੀ ਬਣਾਉਣ ਤੋਂ ਇਲਾਵਾ ਪੰਜਾਬ ਸਰਕਾਰ ਸੂਬੇ ਵਿੱਚ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਪਾਸ ਕਰਨ ਦੇ ਚਾਹਵਾਨਾਂ ਲਈ ਆਨਲਾਈਨ ਸਿਖਲਾਈ ਸ਼ੁਰੂ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਦਾਖਲਾ ਲੈਣ ਵਾਲੇ ਚਾਹਵਾਨਾਂ ਨੂੰ ਸਿਖਲਾਈ ਦੇ ਨਾਲ-ਨਾਲ ਸੂਬਾ ਸਰਕਾਰ ਵੱਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਦੀ ਅਗਵਾਈ ਕਰਨ ਵਾਲੇ ਵਧੀਆ ਨੌਕਰਸ਼ਾਹ ਪੈਦਾ ਕਰੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਜੋਤ ਬੈਂਸ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਹੋਰ ਹਾਜ਼ਰ ਸਨ।
ਸਪੈਸਲ ਸੈੱਲ ਵਾਲੇ ਬਣਕੇ ਲੋਕਾਂ ਤੋਂ ਪੈਸੇ ਬਟੋਰਨ ਵਾਲੇ ਹੌਲਦਾਰ ਤੇ ਹੋਮਗਾਰਡ ਚੜ੍ਹੇ ਅਸਲੀ ਸੀਆਈਏ ਵਾਲਿਆਂ ਦੇ ਅੜਿੱਕੇ
ਚਿੱਟਾ ਵੇਚਣ ਦਾ ਡਰਾਵਾ ਦੇ ਕੇ ਔਰਤ ਦੇ ਕੰਨਾਂ ਵਿਚੋਂ ਟਾਪਸ ਵੀ ਨਹੀਂ ਸਨ ਛੱਡੇ
ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ : ਬਠਿੰਡਾ ਦੇ ਸੀਆਈਏ-1 ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਅਪਣੇ ਹੀ ਮਹਿਕਮੇ ਦੇ ਇੱਕ ਹੌਲਦਾਰ ਤੇ ਹੋਮਗਾਰਡ ਜਵਾਨ ਸਹਿਤ ਅੱਧੀ ਦਰਜ਼ਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿੰਨ੍ਹਾਂ ਵਲੋਂ ਇੱਕ ਗਿਰੋਹ ਬਣਾ ਕੇ ਲੋਕਾਂ ਤੋਂ ਡਰਾ-ਧਮਕਾ ਕੇ ਪੈਸੇ ਬਟੋਰੇ ਜਾ ਰਹੇ ਸਨ। ਇਸ ਗਿਰੋਹ ਵਿਚ ਇੱਕ ‘ਚੋਰ’ ਵੀ ਸ਼ਾਮਲ ਹੈ, ਜਿਸਦੇ ਵਲੋਂ ਗੱਡੀਆਂ ਚੋਰੀ ਕਰਕੇ ਅੱਗੇ ਕਬਾੜੀਆਂ ਨੂੰ ਵੇਚ ਦਿੱਤੀਆਂ ਜਾਂਦੀਆਂ ਸਨ ਤੇ ਮੁੜ ਹੌਲਦਾਰ ਸਾਹਿਬ ਤੇ ਉਸਦਾ ਸਾਥੀ ਵਰਦੀ ਪਾ ਕੇ ਇਸ ਚੋਰ ਦੇ ਹੱਥਕੜੀ ਲਗਾ ਕੇ ਕਬਾੜੀਆਂ ਨੂੰ ਅੰਦਰ ਕਰਨ ਦੇ ਡਰਾਵੇ ਦੇ ਕੇ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲਦੇ ਸਨ। ਪੈਸੇ ਦੇ ਲਾਲਚ ’ਚ ਇਹ ਪੁਲਿਸ ਜਵਾਨ ਇੰਨ੍ਹੇ ਅੰਨੇ ਸਨ ਕਿ ਕੁੱਝ ਸਮਾਂ ਪਹਿਲਾਂ ਜ਼ਿਲ੍ਹੇ ਦੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿਖੇ ਇੱਕ ਵਿਅਕਤੀ ਨੂੰ ਚਿੱਟਾ ਵੇਚਣ ਦੇ ਦੋਸ਼ਾਂ ਹੇਠ ਅੰਦਰ ਕਰਨ ਦਾ ਡਰਾਵਾ ਦੇ ਕੇ ਮੰਗੇ 80 ਹਜ਼ਾਰ ਰੂਪੇ ਨਾ ਮਿਲਣ ਕਾਰਨ ਉਸਦੀ ਘਰਵਾਲੀ ਦੇ ਕੰਨਾਂ ਵਿਚ ਪਾਏ ਟਾਪਸਾਂ ਨੂੰ ਹੀ ਉਤਾਰ ਲਿਆਏ ਸਨ। ਮਿਲੀ ਜਾਣਕਾਰੀ ਮੁਤਾਬਕ ਹੌਲਦਾਰ ਲਵਜੀਤ ਸਿੰਘ ਸਾਲ 2010 ਵਿਚ ਪੁਲਿਸ ’ਚ ਭਰਤੀ ਹੋਇਆ ਸੀ ਤੇ ਬਠਿੰਡਾ ਦੀ ਪੁਲਿਸ ਲਾਈਨ ਵਿਚ ਤੈਨਾਤ ਸੀ। ਇਸੇ ਤਰ੍ਹਾਂ ਹੋਮਗਾਰਡ ਜਵਾਨ ਅਰਸਦੀਪ ਸਿੰਘ ਅਪਣੇ ਪਿਊ ਦੀ ਮੌਤ ਦੇ ਕਾਰਨ ਤਰਸ ਦੇ ਆਧਾਰ ’ਤੇ ਅੱਠ ਮਹੀਨੇ ਪਹਿਲਾਂ ਹੀ ਮਹਿਕਮੇ ਵਿਚ ਆਇਆ ਸੀ। ਇਸ ਗਿਰੋਹ ਦਾ ਇੱਕ ਹੋਰ ਮਾਸਟਰਮਾਈਡ ਚਰਨਜੀਤ ਸਿੰਘ ਵਾਸੀ ਕ੍ਰਿਸਨਾ ਕਲੌਨੀ ਦਸਿਆ ਜਾ ਰਿਹਾ ਹੈ, ਜਿਹੜਾ ਅਪਣੇ ਸਾਥੀਆਂ ਨਾਲ ਮੁੱਖ ਤੌਰ ’ਤੇ ਦਿੱਲੀਓ ਅਤੇ ਹੋਰਨਾਂ ਵੱਡੇ ਸ਼ਹਿਰਾਂ ਵਿਚੋਂ ਪੁਰਾਣੀਆਂ ਗੱਡੀਆਂ ਚੋਰੀ ਕਰਨ ਦਾ ਕੰਮ ਕਰਦਾ ਸੀ। ਕਾਰ ਚੋਰੀ ਕਰਨ ਤੋਂ ਬਾਅਦ ਉਹ ਉਸਨੂੰ ਬਠਿੰਡਾ, ਹਿਸਾਰ, ਡੱਬਵਾਲੀ, ਸੰਗਰੀਆ ਅਤੇ ਸਿਰਸਾ ਆਦਿ ਦੇ ਕਬਾੜੀਆਂ ਨੂੰ ਵੇਚ ਦਿੰਦਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਫ਼ਿਲਮੀ ਕਹਾਣੀ ਕਬਾੜੀਆਂ ਨੂੰ ਕਾਰ ਵੇਚਣ ਤੋਂ ਬਾਅਦ ਸ਼ੁਰੂ ਹੁੰਦੀ ਸੀ। ਹੌਲਦਾਰ ਲਵਜੀਤ ਸਿੰਘ ਅਤੇ ਹੋਮਗਾਰਡ ਜਵਾਨ ਵਰਦੀ ਵਿਚ ਅਤੇ ਦੋ ਹੋਰ ਨੌਜਵਾਨ ਸਿਵਲ ’ਚ ਸਪੈਸ਼ਲ ਸੈੱਲ ਜਾਂ ਪੁਲਿਸ ਦੀ ਕਿਸੇ ਹੋਰ ਜਾਂਚ ਏਜੰਸੀ ਦੇ ਅਧਿਕਾਰੀ ਬਣ ਜਾਂਦੇ ਸਨ ਤੇ ਕਾਰ ਚੋਰ ਚਰਨਜੀਤ ਸਿੰਘ ਨੂੰ ਹੱਥਕੜੀ ਲਗਾ ਕੇ ਕਬਾੜੀਏ ਕੋਲ ਪੁੱਜ ਜਾਂਦੇ ਸਨ ਤੇ ਉਸਨੂੰ ਚੋਰੀ ਦੀਆਂ ਕਾਰਾਂ ਖ਼ਰੀਦਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰਨ ਦਾ ਡਰਾਵਾ ਦਿੰਦੇ ਸਨ। ਇਸ ਦੌਰਾਨ ਪੈਸਿਆਂ ਦੀ ਗੱਲ ਸ਼ੁਰੂ ਹੁੰਦੀ ਤੇ ਅਖ਼ੀਰ ਵਿਚ ਪੈਸਿਆਂ ਵਿਚ ਹੀ ਨਿਬੜ ਜਾਂਦੀ ਸੀ ਅਤੇ ਅਸਲੀ ਚੋਰ ਤੇ ਪੁਲਿਸ ਨਕਲੀ ਅਫ਼ਸਰਾਂ ਦੇ ਨਾਲ ਵਾਪਸ ਆ ਜਾਂਦੀ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਮੋਹਨਦੀਪ ਸਿੰਘ ਬੰਗੀ ਨੇ ਦਸਿਆ ਕਿ ਹੌਲਦਾਰ ਲਵਜੀਤ ਸਿੰਘ ਵਾਸੀ ਪੂਹਲੀ ਤੇ ਹੋਮਗਾਰਡ ਜਵਾਨ ਅਰਸਦੀਪ ਸਿੰਘ ਵਾਸੀ ਮਾਡਲ ਟਾਊਨ ਕੁਆਟਰ ਸਹਿਤ ਚਰਨਜੀਤ ਸਿੰਘ ਵਾਸੀ ਕ੍ਰਿਸਨਾ ਕਲੌਨੀ, ਗੁਰਜੀਤ ਸਿੰਘ ਵਾਸੀ ਗਣੈਸ਼ਾ ਬਸਤੀ, ਸੁਖਚੈਨ ਸਿੰਘ ਵਾਸੀ ਗਿੱਲਪਤੀ ਅਤੇ ਰਣਬੀਰ ਸਿੰਘ ਵਾਸੀ ਕ੍ਰਿਸਨਾ ਕਲੌਨੀ ਵਿਰੁਧ ਥਾਣਾ ਕੈਨਾਲ ਕਲੌਨੀ ਵਿਚ ਅਧੀਨ ਧਾਰਾ 384, 379 ਬੀ, 416 ਆਈਪੀਸੀ ਤਹਿਤ ਕੇਸ ਦਰਜ਼ ਕਰਕੇ ਇੰਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਛਗਿਛ ਲਈ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈੇ।
