Home Blog Page 2063

ਹੜ੍ਹਾਂ ਦੀ ਸਥਿਤੀ ਸਬੰਧੀ ਸਿਹਤ ਵਿਭਾਗ ਦੇ ਪ੍ਰਬੰਧਾਂ ਦਾ ਡਿਪਟੀ ਡਾਇਰੈਕਟਰ ਨੇ ਲਿਆ ਜਾਇਜਾ

0

ਪੰਜਾਬੀ ਖ਼ਬਰਸਾਰ ਬਿਉਰੋ
ਫਰੀਦਕੋਟ, 21 ਜੁਲਾਈ: ਸੂਬੇ ਵਿੱਚ ਹੜ੍ਹਾਂ ਅਤੇ ਬਰਸਾਤ ਦੇ ਮੌਸਮ ਕਾਰਨ ਪੈਦਾ ਹੋ ਰਹੀਆਂ ਵੱਖ-ਵੱਖ ਤਰਾਂ ਦੀਆਂ ਬਿਮਾਰੀਆਂ ਜਿਵੇਂ ਦਸਤ ਰੋਗ, ਹੈਜਾ, ਡੇਂਗੂ, ਮਲੇਰੀਆ ਆਦਿ ਸਬੰਧੀ ਜਨਤਾ ਨੂੰ ਮੁੱਹਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜ਼ਾਇਜਾ ਲੈਣ ਲਈ ਡਾ. ਰੁਪਿੰਦਰ ਕੌਰ ਗਿੱਲ ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਫਰੀਦਕੋਟ ਵਿਖੇ ਦੌਰਾ ਕੀਤਾ ਗਿਆ। ਉਹਨਾਂ ਦਫ਼ਤਰ ਸਿਵਲ ਸਰਜਨ ਵਿਖੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹੜ੍ਹਾਂ ਦੀ ਸਥਿਤੀ ਨੂੰ ਸੁਚਾਰੂ ਢੰਗ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਵਲੋਂ ਜ਼ਿਲ੍ਹਾ ਸਿਵਲ ਹਸਪਤਾਲ ਫਰੀਦਕੋਟ ਵਿਖੇ ਬਣਾਏ ਡੇਂਗੂ ਵਾਰਡ ਦਾ ਦੌਰਾ ਕੀਤਾ ਅਤੇ ਦਵਾਈਆਂ ਦਾ ਸਟਾਕ ਅਤੇ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਹੋਰ ਸਿਹਤ ਸਹੂਲਤਾਂ ਸਬੰਧੀ ਸੀਨੀਅਰ ਮੈਡੀਕਲ ਅਫਸਰ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਤੋਂ ਜਾਣਕਾਰੀ ਪ੍ਰਾਪਤ ਕੀਤੀ ਅਤੇ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਆਉਣ ਵਾਲੇ ਕਿਸੇ ਵੀ ਮਰੀਜ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਹਨਾਂ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਫਰੀਦਕੋਟ ਵੱਲੋਂ ਕੀਤੇ ਗਏ ਪ੍ਰਬੰਧਾਂ ਸਬੰਧੀ ਸੰਤੁਸ਼ਟੀ ਪ੍ਰਗਟ ਕੀਤੀ। ਸਿਵਲ ਸਰਜਨ ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤਾਂ ਦੇ ਮੌਸਮ ਅਤੇ ਹੜ੍ਹਾਂ ਦੀ ਸਥਿਤੀ ਦੇ ਮੱਦੇ ਨਜ਼ਰ ਸਿਹਤ ਵਿਭਾਗ ਵੱਲੋਂ ਸਿਹਤ ਸਬੰਧੀ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਜਿਲ੍ਹਾ ਫਰੀਦਕੋਟ ਵਿੱਚ 9 ਰੈਪਿਡ ਰਿਸਪਾਂਸ ਟੀਮਾਂ ਅਤੇ 5 ਮੋਬਾਇਲ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਅਤੇ ਇਹਨਾਂ ਟੀਮਾਂ ਨਾਲ ਐਂਬੂਲੈਂਸ ਅਤੇ ਦਵਾਈਆਂ ਦੀ ਕਿੱਟ ਉਪਲੱਬਧ ਕਰਵਾਈ ਗਈ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵੱਲੋਂ ਜਿਲ੍ਹੇ ਵਿੱਚ ਦੂਸ਼ਿਤ ਪਾਣੀ ਅਤੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਜਿਹਨਾਂ ਵਿੱਚ ਲੋਕਾਂ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਅ ਸਬੰਧੀ ਸਾਵਧਾਨੀਆਂ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਮਲੇਰੀਆ ਟੀਮ ਵੱਲੋਂ ਘਰ-ਘਰ ਫੀਵਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਖੜ੍ਹੇ ਪਾਣੀ ਵਿੱਚ ਲਾਰਵੀਸਾਈਡ ਦਵਾਈ ਦਾ ਛਿੜਕਾ ਵੀ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਵਿਅਕਤੀ ਨੂੰ ਬੁਖਾਰ, ਦਸਤ ਜਾਂ ਉਲਟੀਆਂ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਸਲਾਹ ਲਵੋ, ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਨ੍ਹਾਂ ਬਿਮਾਰੀਆਂ ਦਾ ਇਲਾਜ ਅਤੇ ਟੈਸਟ ਮੁਫ਼ਤ ਹੁੰਦਾ ਹੈ। ਇਸ ਤੋਂ ਇਲਾਵਾਂ ਸਿਹਤ ਸਬੰਧੀ ਕੋਈ ਸਮੱਸਿਆ ਸਬੰਧੀ 104 ਨੰਬਰ ਡਾਇਲ ਕਰਕੇ ਜਾਣਕਾਰੀ ਲੈ ਸਕਦੇ ਹੋ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਸ਼ੇਖਰ ਕੱਕੜ, ਜਿਲ੍ਹਾ ਐਪੀਡੀਮਾਲੋਜਿਸਟ ਡਾ. ਹਿਮਾਂਸ਼ੂ ਗੁਪਤਾ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ ਆਦਿ ਹਾਜਰ ਸਨ।

ਸੂਬਾ ਸਰਕਾਰ ਦੀ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਪ੍ਰਫੁੱਲਿਤ ਕਰਨਾ ਮੁੱਖ ਤਰਜੀਹ : ਸੁਖਬੀਰ ਸਿੰਘ ਮਾਈਸਰਖਾਨਾ

ਪੰਜਾਬੀ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਆ
ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਪ੍ਰਫੁੱਲਿਤ ਕਰਨਾ ਮੁੱਖ ਤਰਜੀਹ ਹੈ। ਇਹ ਦਾਅਵਾ ਵਿਧਾਇਕ ਮੌੜ ਸੁਖਬੀਰ ਸਿੰਘ ਮਾਈਸਰਖਾਨਾ ਨੇ ਪੇਂਡੂ ਸਾਹਿਤ ਸਭਾ (ਰਜਿ) ਬਾਲਿਆਂਵਾਲੀ ਵਲੋਂ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰਰੇਰੀ ਮੇਨ ਚੌਕ (ਰਾਮ ਲੀਲਾ ਗਰਾਊਡ) ਬਾਲਿਆਂਵਾਲੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕੀਤਾ। ਇਸ ਮੌਕੇ ਵਿਧਾਇਕ ਨੇ ਬਾਲਿਆਂਵਾਲੀ ਖੇਤਰ ਦੇ 16 ਪਿੰਡਾਂ ਦੇ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਜਿਨ੍ਹਾਂ ਨੇ ਪੰਜਾਬੀ ਵਿਸ਼ੇ ਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਦੂਸਰਾ ਅੰਤਰ ਸਕੂਲ ਕਵਿਤਾ ਤੇ ਲੇਖ ਮੁਕਾਬਲਿਆਂ ਚੋਂ ਵੱਖ-ਵੱਖ ਸਥਾਨ ਹਾਸਲ ਕਰਨ ਵਾਲਿਆਂ ਵਿਦਿਆਰਥੀਆਂ ਵਿਚੋਂ ਪਹਿਲੇ ਸਥਾਨ ’ਤੇ ਆਏ ਵਿਦਿਆਰਥੀ ਨੂੰ 1100 ਰੁਪਏ ਸਮੇਤ ਸਰਟੀਫ਼ਿਕੇਟ, ਦੂਸਰੇ ਸਥਾਨ ਤੇ ਰਹੇ ਵਿਦਿਆਰਥੀ ਨੂੰ 800 ਰੁਪਏ ਸਮੇਤ ਸਰਟੀਫ਼ਿਕੇਟ ਅਤੇ ਤੀਸਰੇ ਸਥਾਨ ਤੇ ਆਏ ਵਿਦਿਆਰਥੀ ਨੂੰ 500 ਰੁਪਏ ਸਮੇਤ ਸਰਟੀਫ਼ਿਕੇਟ ਦੇ ਕੇ ਸਨਾਮਾਨਿਤ ਕੀਤਾ। ਇਸ ਦੌਰਾਨ ਜਿਹੜੇ-ਜਿਹੜੇ ਅਧਿਆਪਕ ਸਾਹਿਬਾਨ ਬੱਚਿਆਂ ਨੂੰ ਪੰਜਾਬੀ ਵਿਸ਼ਾ ਪੜ੍ਹਾਉਂਦੇ ਸਨ, ਉਹ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੇ। ਇਸ ਦੌਰਾਨ ਸੁਖਬੀਰ ਸਿੰਘ ਮਾਈਸਰਖ਼ਾਨਾ ਨੇ ਪੇਂਡੂ ਸਾਹਿਤ ਸਭਾ (ਰਜਿ) ਬਾਲਿਆਂਵਾਲੀ ਵਲੋਂ ਸੁਰਜੀਤ ਸਿੰਘ ਮਾਧੋਪੁਰੀ (ਕੈਨੇਡਾ ਸਰਕਾਰ ਪਾਸੋਂ ਸਰਵਸ਼ੇਸਠ ਅਵਾਰਡ ਵਿਜੇਤਾ) ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਵਲੋਂ ਲਾਇਬ੍ਰੇਰੀ ਵਿਖੇ ਸਾਹਿਤਕਾਰਾਂ ਦੇ ਚਿੱਤਰਾਂ ਦੀ ਆਰਟ ਗੈਲਰੀ ਦਾ ਉਦਘਾਟਨ ਵੀ ਕੀਤਾ ਗਿਆ।ਇਸ ਮੌਕੇ ਰਣਜੀਤ ਸਿੰਘ ਮਠਾੜੂ ਪੀ.ਏ, ਡਾ. ਬਲਜੀਤ ਸਿੰਘ ਮਾਨ, ਸੁਖਬੀਰ ਸਿੰਘ ਮਾਨ, ਬਲਾਕ ਪ੍ਰਧਾਨ ਜਗਸੀਰ ਸ਼ਰਮਾ, ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਲੇਲ, ਜਨਰਲ ਸਕੱਤਰ ਜਗਨ ਨਾਥ, ਤੇਜਾ ਸਿੰਘ ਦੰਦੀਵਾਲ, ਪ੍ਰਧਾਨ ਸੁਖਦਰਸ਼ਨ ਗਰਗ, ਵਿੱਤ ਸਕੱਤਰ ਦਰਸ਼ਨ ਸਿੰਘ ਸਿੱਧੂ, ਬੀਡੀਪੀਓ ਜਗਤਾਰ ਸਿੰਘ, ਪੰਚਾਇਤ ਅਫ਼ਸਰ ਬਲਜੀਤ ਸਿੰਘ, ਜੀਤ ਸਿੰਘ ਚਹਿਲ, ਅਜਮੇਰ ਦੀਵਾਨਾ, ਕੁਲਦੀਪ ਮਤਵਾਲਾ, ਅਮਰਜੀਤ ਸਿੰਘ ਪੇਂਟਰ , ਕਵੀਸ਼ਰ ਸਤਪਾਲ ਗਿੱਲ, ਸਮਾਜ ਸੇਵੀ ਗੁਰਬਿੰਦਰ ਸਿੱਧੂ, ਦੇਵਰਾਜ ਗੋਇਲ, ਲੇਖਕ ਦਰਸ਼ਨ ਪ੍ਰੀਤੀਮਾਨ, ਪੋਰਿੰਦਰ ਸਿੰਗਲਾ, ਗੁਰਤੇਜ ਸਿੰਘ, ਹਰਜਿੰਦਰ ਕੌਰ, ਗੁਰਪ੍ਰੀਤ ਕੌਰ, ਕ੍ਰਿਸ਼ਟਲ, ਮਹਿਕ, ਗੁਰਮੀਤ ਕੁਮਾਰ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਆਦਿ ਹਾਜ਼ਰ ਸਨ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਅਖਤਿਆਰੀ ਕੋਟੇ ਚੋਂ ਮੈਰੀਟੋਰੀਅਸ ਸਕੂਲ ਨੂੰ ਭੇਂਟ ਕੀਤੀਆਂ ਸੀਮਿੰਟਡ ਕੁਰਸੀਆਂ

0

ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸਥਾਨਕ ਮੈਰੀਟੋਰੀਅਸ ਰੈਜੀਡੈਸ਼ਲ ਸਕੂਲ ਵਿਖੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਸਕੂਲ ਵਿੱਚ ਮਾਪਿਆਂ ਤੇ ਸਕੂਲੀ ਵਿਦਿਆਰਥੀਆਂ ਦੇ ਬੈਠਣ ਲਈ ਸੀਮਿੰਟਡ ਕੁਰਸੀਆਂ ਭੇਂਟ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਆਰਓ ਮਨਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਪੀਕਰ ਸ. ਸੰਧਵਾਂ ਗਰੀਬ ਵਰਗ ਨਾਲ ਸੰਬੰਧਿਤ ਬੱਚਿਆਂ ਦੀ ਪੜਾਈ ਲਈ ਤੇ ਉਨ੍ਹਾਂ ਦੀਆਂ ਸਮੱਸਿਆਂਵਾ ਪ੍ਰਤੀ ਬਹੁਤ ਸੰਵੇਦਨਸ਼ੀਲ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਦੀਪ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਮਿਲਣ ਲਈ ਉਨ੍ਹਾਂ ਦੇ ਮਾਪਿਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਬੈਠਣ ਲਈ ਢੁੱਕਵੇ ਪ੍ਰਬੰਧ ਦਾ ਪ੍ਰਪੋਜਲ ਸਪੀਕਰ ਸਾਹਿਬ ਦੇ ਧਿਆਨ ਚ ਲਿਆਂਦਾ ਜਿਨ੍ਹਾਂ ਨੇ ਇਸ ਸਮੱਸਿਆ ਦਾ ਤੁੰਰਤ ਹੱਲ ਕੀਤਾ। ਇਸ ਦੌਰਾਨ ਲੈਕਚਰਾਰ ਪੰਜਾਬੀ ਡਾ. ਬਲਰਾਜ ਸਿੰਘ ਤੇ ਕੁਲਵਿੰਦਰ ਸਿੰਘ, ਲੈਕਚਰਾਰ ਕਮਿਸਟਰੀ ਮੈਡਮ ਮੀਨਾਂਕਸੀ ਰਹੇਜਾ ਅਤੇ ਮੈਡਮ ਪ੍ਰਿਯੰਕਾ ਗਰਗ, ਲੈਕਚਰਾਰ ਬਾਇੳਲਜੀ ਮੈਡਮ ਜਪਨੀਤ ਕੌਰ, ਲੈਕਚਰਾਰ ਅੰਗਰੇਜੀ ਮਨਜੀਤ ਸਿੰਘ ਅਤੇ ਵਾਰਡਨ ਕਮ ਰਜਿਸਟਰਾਰ ਬਿੱਕਰ ਸਿੰਘ ਆਦਿ ਹਾਜ਼ਰ ਸਨ।

ਡੀਏਵੀ ਸਕੂਲ ’ਚ ਟੈਂਲੇਟ ਹੰਟ ਪ੍ਰਤੀਯੋਗਤਾ ਦਾ ਕਰਵਾਈ

0

ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ: ਸਥਾਨਕ ਆਰਬੀਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਲੋਂ ਪ੍ਰਿੰਸੀਪਲ ਡਾ ਅਨੁਰਾਧਾ ਭਾਟੀਆ ਅਤੇ ਐਕਟੀਵੀਟੀ ਇੰਚਾਰਜ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਪ੍ਰਾਇਮਰੀ ਬਲਾਕ ਦੇ ਵਿਦਿਆਰਥੀਆਂ ਲਈ ਟੇਲੈਂਟ ਹੰਟ ਪ੍ਰਤੀਯੋਗਤਾ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿਚ ਪ੍ਰਾਇਮਰੀ ਬਲਾਕ ਦੇ ਸਾਰੇ ਵਿਦਿਆਰਥੀਆਂ ਨੂੰ ਗਾਇਨ, ਡਾਂਸ, ਕਲਾ ਕਿਰਤਾ, ਸ਼ਰੀਰਕ ਗਤੀਵਿਧੀਆਂ,ਕਾਮੇਡੀ ਸ਼ੋਅ, ਦੇ ਤਹਿਤ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ ਅਨੁਰਾਧਾ ਭਾਟੀਆ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਨਿਖਾਰਨਾ ਹੈ। ਇਸ ਮੌਕੇ ਅੰਤਰ ਹਾਊਸ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬਠਿੰਡਾ ਦੇ ਪਾਸ਼ ਇਲਾਕੇ ’ਚ ਚੱਲਿਆ ਬੀਡੀਏ ਦਾ ਪੀਲਾ ਪੰਜਾ

0

ਲੋਕਾਂ ਨੇ ਅਧਿਕਾਰੀਆਂ ’ਤੇ ਲਗਾਏ ਪੱਖਪਾਤ ਦੇ ਦੋਸ਼, ਕਈ ਥਾਂ ਹੋਈ ਨਾਅਰੇਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 22 ਜੁਲਾਈ: ਹਾਈਕੋਰਟ ਦੀ ਮਾਣਹਾਣੀ ਦੇ ਡਰ ਤੋਂ ਬੀਡੀਏ ਅਧਿਕਾਰੀਆਂ ਨੇ ਅੱਜ ਭਾਰੀ ਫ਼ੋਰਸ ਲੈ ਕੇ ਸਥਾਨਕ ਸ਼ਹਿਰ ਦੇ ਪਾਸ ਇਲਾਕੇ ਮਾਡਲ ਟਾਊਨ ਵਿਚ ਸੈਕੜੇਂ ਘਰਾਂ ਅੱਗੇ ਬਣੇ ਨਜਾਇਜ਼ ਪਾਰਕਾਂ ਤੇ ਗਰਿੱਲਾਂ ਲਗਾ ਕੇ ਕੀਤੀਆਂ ਚਾਰਦੀਵਾਰੀਆਂ ਨੂੰ ਢਾਹ ਦਿੱਤਾ। ਪਰ ਇਸ ਦੌਰਾਨ ਲੋਕਾਂ ਨੇ ਬੀਡੀਏ ਅਧਿਕਾਰੀਆਂ ’ਤੇ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਚੁਣੌਤੀ ਦਿੱਤੀ ਕਿ ਉਹ ਆਮ ਲੋਕਾਂ ਦੀ ਬਜਾਏ ਮਾਡਲ ਟਾਊਨ ’ਚ ਰਹਿਣ ਵਾਲੇ ਵਿਧਾਇਕਾਂ, ਸਾਬਕਾ ਮੰਤਰੀਆਂ ਤੇ ਵੱਡੇ ਵਕੀਲਾਂ ਸਹਿਤ ਉਚ ਅਧਿਕਾਰੀਆਂ ਦੇ ਘਰਾਂ ਵੱਲ ਰੁੱਖ ਕਰਨ, ਜਿਸਤੋਂ ਬਾਅਦ ਉਹ ਖੁਦ ਅਪਣੇ ਆਪ ਹੀ ਅਪਣੇ ਘਰਾਂ ਅੱਗੇ ਬਣੇ ਪਾਰਕਾਂ ਨੂੰ ਢਾਹ ਦੇਣਗੇ। ਪ੍ਰੰਤੂ ਬੀਡੀਏ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸਿਰਫ਼ ਉਹ ਘਰ ਛੱਡੇ ਗਏ ਹਨ, ਜਿੰਨ੍ਹਾਂ ਨੂੰ ਅਦਾਲਤ ਵਲੋਂ ਸਟੇਅ ਮਿਲੀ ਹੋਈ ਹੈ। ਜਿਕਰਯੋਗ ਹੈ ਕਿ ਬੀਡੀਏ ਲਈ ਇਹ ਮਸਲਾ ਗਲੇ ਦੀ ਹੱਡੀ ਬਣਿਆ ਹੋਇਆ ਹੈ ਕਿਉਂਕਿ ਇਸ ਸਬੰਧ ਵਿਚ ਮਾਡਲ ਟਾਊਨ ਦੇ ਹੀ ਕੁੱਝ ਲੋਕਾਂ ਵਲੋਂ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੋਈ ਹੈ ਕਿ ਸ਼ਹਿਰ ਦੇ ਇਸ ਪਾਸ਼ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਸੜਕਾਂ ਦੇ ਨਾਲ ਫੁੱਟਪਾਥਾਂ ਲਈ ਛੱਡੇ ਹੋਏ ਰਾਸਤਿਆਂ ’ਤੇ ਨਜਾਇਜ਼ ਕਬਜੇ ਕਰਕੇ ਇੰਨ੍ਹਾਂ ਉਪਰ ਪਾਰਕ, ਪਾਰਕਿੰਗ ਤੇ ਹੋਰ ਕੰਮਕਾਜ਼ਾਂ ਵਾਸਤੇ ਗਰਿੱਲਾਂ ਜਾਂ ਇੱਟਾਂ ਨਾਲ ਚਾਰਦੀਵਾਰੀਆਂ ਕੀਤੀਆਂ ਹੋਈਆਂ ਹਨ। ਹਾਈਕੋਰਟ ਦੇ ਹੁਕਮਾਂ ‘ਤੇ ਇਸਤੋਂ ਪਹਿਲਾਂ ਵੀ ਕਈ ਵਾਰ ਬੀਡੀਏ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਇੰਨ੍ਹਾਂ ਇਲਾਕਿਆਂ ਵਿਚ ਮੁਹਿੰਮ ਚਲਾਈ ਗਈ ਸੀ ਪ੍ਰੰਤੂ ਖਾਨਾਪੂਰਤੀ ਲਈ ਵਿੱਢੀਆਂ ਇੰਨ੍ਹਾਂ ਮੁਹਿੰਮਾਂ ਦੇ ਕੋਈ ਸਾਰਥਿਕ ਸਿੱਟੇ ਨਾ ਨਿਕਲਣ ਕਾਰਨ ਸਿਕਾਇਤਕਰਤਾਵਾਂ ਨੇ ਕੁੱਝ ਦਿਨ ਪਹਿਲਾਂ ਜ਼ਿਲ੍ਹਾ ਪ੍ਰਸਾਸਨ ਤੇ ਬੀਡੀਏ ਵਿਰੁਧ ਅਦਾਲਤ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਮਾਣਹਾਣੀ ਦਾ ਕੇਸ ਦਾਈਰ ਕਰ ਦਿੱਤਾ ਸੀ। ਇਸ ਮਾਮਲੇ ਵਿਚ ਹਾਈਕੋਰਟ ’ਚ ਇਸ ਕੇਸ ਦੀ ਅਗਲੀ ਸੁਣਵਾਈ 25 ਅਗੱਸਤ ਨੂੰ ਤੈਅ ਹੈ, ਜਿਸਦੇ ਚੱਲਦੇ ਬੀਡੀਏ ਵਲੋਂ ਅਪਣੀ ਚਮੜ੍ਹੀ ਬਚਾਉਣ ਲਈ ਹੁਣ ਮੁੜ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ। ਬੀਡੀਏ ਦੇ ਈ.ਓ ਤਰੁਣ ਅਗਰਵਾਲ, ਐਸ.ਡੀ.ਓ ਅੰਸੁਮਨ, ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਤੇ ਕਾਰਜ਼ਕਾਰੀ ਮੈਜਿਸਟਰੇਟ ਤਹਿਸੀਲੀਦਾਰ ਗੁਰਜੀਤ ਸਿੰਘ ਦੀ ਮੌਜੂਦਗੀ ਵਿਚ ਚੱਲੀ ਇਸ ਮੁਹਿੰਮ ਦੌਰਾਨ ਫ਼ੇਜ 1 ਇਲਾਕੇ ਵਿਚ ਪੁੱਡਾ ਦਫ਼ਤਰ ਦੇ ਪਿਛਲੇ ਪਾਸਿਓ ਇਹ ਮੁਹਿੰਮ ਸ਼ੁਰੂ ਕੀਤੀ ਗਈ। ਜਦੋਂਕਿ ਲੋਕਾਂ ਦੀ ਮੰਗ ਸੀ ਕਿ ਇਹ ਮੁਹਿੰਮ ਪੁੱਡਾ ਦਫਤਰ ਦੇ ਅੱਗਿਓ ਮੁੱਖ ਸੜਕ ਤੋਂ ਚੱਲਣੀ ਚਾਹੀਦੀ ਸੀ, ਜਿੱਥੇ ਵੀਆਈਪੀ ਲੋਕਾਂ ਦੀਆਂ ਕੋਠੀਆਂ ਅੱਗੇ ਕਈ-ਕਈ ਸੋ ਗਜ਼ ਜਗ੍ਹਾਂ ਵਿਚ ਸਰਕਾਰੀ ਥਾਵਾਂ ‘ਚ ਨਿੱਜੀ ਪਾਰਕ ਤੇ ਲਾਅਨ ਬਣੇ ਹੋਏ ਹਨ।
ਬਾਕਸ
ਕਿਸੇ ਨਾਲ ਪੱਖਪਾਤ ਨਹੀਂ, ਹਰੇਕ ਨਜਾਇਜ਼ ਉਸਾਰੀ ਢਾਹੀ ਜਾਵੇਗੀ: ਉਪ ਮੁੱਖ ਪ੍ਰਸ਼ਾਸਕ ਪੁੱਡਾ
ਬਠਿੰਡਾ: ਉਧਰ ਪੁੱਡਾ ਦੇ ਉਪ ਮੁੱਖ ਪ੍ਰਸ਼ਾਸਕ ਮੈਡਮ ਲਵਜੀਤ ਕੌਰ ਕਲਸੀ ਨੇ ਦਸਿਆ ਕਿ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਗਿਆ, ਬਲਕਿ ਉਹ ਘਰ ਕੁੱਝ ਜਰੂਰ ਛੱਡੇ ਗਏ ਹਨ, ਜਿੰਨ੍ਹਾਂ ਵੱਲੋਂ ਕਿਸੇ ਅਦਾਲਤ ਤੋਂ ਸਟੇਅ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਮਾਡਲ ਟਾਊਨ ਦੇ ਸਾਰੇ ਇਲਾਕਿਆਂ ਦੇ ਲੋਕਾਂ ਨੂੰ ਕਈ ਵਾਰ ਅਪੀਲ ਕੀਤੀ ਜਾ ਚੁੱਕੀ ਸੀ ਕਿ ਉਹ ਖ਼ੁਦ ਹੀ ਇੰਨ੍ਹਾਂ ਨਜਾਇਜ਼ ਪਾਰਕਾਂ ਤੇ ਉਸਾਰੀਆਂ ਨੂੰ ਹਟਾ ਲੈਣ ਪ੍ਰੰਤੂ ਅਪੀਲਾਂ ਨੂੰ ਨਾ ਮੰਨਣ ਤੋਂ ਬਾਅਦ ਹੀ ਇਹ ਮੁਹਿੰਮ ਚਲਾਈ ਗਈ ਹੈ। ਮੈਡਮ ਕਲਸੀ ਨੇ ਦਸਿਆ ਕਿ ਇਹ ਮੁਹਿੰਮ ਖ਼ਤਮ ਨਹੀਂ ਕੀਤੀ, ਬਲਕਿ ਆਉਣ ਵਾਲੇ ਦਿਨਾਂ ਵਿਚ ਮੁੜ ਇਹ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਹੁਕਮ ਵੀ ਇਸ ਸਬੰਧ ਵਿਚ ਹੋਏ ਹਨ।
ਬਾਕਸ
ਕਾਨੂੰਨ ਮੁਤਾਬਕ ਕੀਤੀ ਕਾਰਵਾਈ: ਡੀਐਸਪੀ ਸਿਟੀ
ਬਠਿੰਡਾ: ਮੌਕੇ ’ਤੇ ਮੌਜੂਦ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਤੇ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ। ਬੀਡੀਏ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਇਹ ਨਜਾਇਜ਼ ਉਸਾਰੀਆਂ ਢਾਹੀਆਂ ਜਾ ਰਹੀਆਂ ਹਨ ਤੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਵਿਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

ਆਈਲੈਟਸ ਅਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਵਲੋਂ ਹੜ ਪੀੜਤਾਂ ਦੀ ਮਦਦ ਕਰਨ ਦਾ ਐਲਾਨ

0

ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ:ਬਠਿੰਡਾ ਖੇਤਰ ਨਾਲ ਸਬੰਧਤ IELTS ਅਤੇ ਇਮੀਗ੍ਰੇਸ਼ਨ ਵਲੋਂ ਹੜ ਪੀੜਤਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧ ਵਿੱਚ IELTS ਅਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਆਫ ਬਠਿੰਡਾ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮੈਡਮ ਯਾਮਿਨੀ ਦੱਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਇਸ ਤੋਂ ਪਹਿਲਾਂ ਵੀ ਸਮਾਜ ਉਪਰ ਆਈਆਂ ਬਿਪਤਾ ਵੇਲੇ ਮੱਦਦ ਕੀਤੀ ਜਾਂਦੀ ਰਹੀ ਹੈ ਤੇ ਹੁਣ ਵੀ ਪਿੱਛੇ ਨਹੀਂ ਹਟੇਗੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਦੇ ਮੈਂਬਰ ਆਪੋ-ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾਉਣ ਤਾਂ ਕਿ ਹੜ ਪੀੜਤਾਂ ਨੂੰ ਮੱਦਦ ਪਹੁੰਚਾਈ ਜਾ ਸਕੇ। ਇਸਦੇ ਲਈ ਫੈਸਲਾ ਕੀਤਾ ਗਿਆ ਕਿ ਮੈਂਬਰ ਐਸੋਸੀਏਸ਼ਨ ਦੇ ਖਜ਼ਾਨਚੀ ਲਵਪ੍ਰੀਤ ਸਿੰਘ ਥਿੰਦ ਕੋਲ 23 ਜੁਲਾਈ ਤੱਕ ਰਾਸ਼ੀ ਦੇ ਸਕਦੇ ਹਨ। ਮੀਟਿੰਗ ਵਿਚ ਗੁਰਚਰਨ ਸਿੰਘ, ਗੁਰਜੀਤ ਸਿੰਘ, ਉਮੇਸ਼ ਦੱਤ, ਜਸਬੀਰ ਸਿੰਘ, ਦਰਸ਼ਨ ਸਿੰਘ ਤੇ ਲਵਪ੍ਰੀਤ ਸਿੰਘ ਥਿੰਦ ਆਦਿ ਹਾਜਰ ਸਨ।

ਮਾਨਸਾ ਦੀ ਧਰਤੀ `ਤੇ ਰੈਲੀ ਦੌਰਾਨ ਚਿੱਟਾ ਤੇ ਹੋਰ ਨਸ਼ਿਆਂ ਨੂੰ ਜੜੋਂ ਪੁੱਟ ਕੇ ਦਮ ਲੈਣ ਦਾ ਐਲਾਨ

0

ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵੱਲੋਂ 14 ਅਗਸਤ ਨੂੰ ਮੁੜ ਵੱਡਾ ਇਕੱਠ ਕਰਨ ਦਾ ਐਲਾਣ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 21 ਜੁਲਾਈ:ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਅਤੇ ਐਂਟੀ ਡਰੱਗ ਟਾਸਕ ਫੋਰਸ ਮਾਨਸਾ ਦੇ ਸੱਦੇ `ਤੇ ਅੱਜ ਮਾਨਸਾ ਵਿਖੇ ਮਰਦਾਂ ਅਤੇ ਔਰਤਾਂ ਨੇ ਸਮੂਲੀਅਤ ਕਰਕੇ ਪੂਰੇ ਸੂਬੇ `ਚ ਨਸ਼ਾ ਬੰਦੀ ਲਈ ਅਵਾਜ ਬੁਲੰਦ ਕੀਤੀ।ਹੱਥਾਂ `ਚ ਨਸ਼ਾ ਵਿਰੋਧੀ ਬੈਨਰ ਅਤੇ ਤਖਤੀਆਂ ਫੜ੍ਹੀਂ ਕਾਫਲਿਆਂ ਦੇ ਕਾਫਲੇ ਰੈਲੀ ਵਾਲੀ ਥਾਂ ਪੁੱਜਦੇ ਰਹੇ। ਭਾਰੀ ਇਕੱਠਾ ਕਾਰਨ ਥਾਂ ਦੀ ਪਈ ਘਾਟ ਦਾ ਖੁਦ ਹੀ ਹੱਲ ਕਰਦਿਆਂ ਬਜ਼ੁਰਗਾਂ , ਔਰਤਾਂ ਅਤੇ ਆਮ ਲੋਕਾਂ ਨੇ ਕਚਹਿਰੀਆਂ ਦੀ ਹਰ ਸੜਕ `ਤੇ ਆਪਣਾ ਪੜਾਅ ਕੀਤਾ । ਪ੍ਰਬੰਧਕ ਵੱਲੋਂ ਥਾਂ ਥਾਂ ਨਸ਼ੇ ਕਾਰਨ ਮੌਤ ਦੇ ਮੂੰਹ ਜਾ ਪਏ ਨੌਜਵਾਨ ਮੁੰਡਿਆਂ ਦੀਆਂ ਤਸਵੀਰਾਂ ਵਾਲੇ ਫਲੈਕਸ ਟੰਗੇ ਹੋਏ ਸਨ ਜਿੰਨ੍ਹਾਂ ਨੂੰ ਦੇਖ ਕੇ ਹਰ ਕੋਈ ਭਾਵੁਕ ਹੁੰਦਾ ਰਿਹਾ ।ਬੁਲਾਰਿਆਂ ਦੇ ਮੰਚ ਤੋਂ ਸੰਬੋਧਨ ਦੌਰਾਨ ਪੰਡਾਲ ਵਿੱਚੋਂ ਨਸ਼ਾ ਬੰਦੀ, ਸਰਕਾਰ ਅਤੇ ਪੁਲੀਸ ਪ੍ਰਸਾਸ਼ਨ ਮੁਰਦਾਬਾਦ, ਪਰਵਿੰਦਰ ਸਿੰਘ ਝੋਟਾ ਜਿੰਦਾਬਾਦ ਦੇ ਨਾਅਰੇ ਗੁੰਜਦੇ ਰਹੇ। ਆਪਣੇ ਸੰਬੋਧਨ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰੁਲਦੂ ਸਿੰਘ ਮਾਨਸਾ, ਡਾਕਟਰ ਦਰਸਨ ਪਾਲ , ਜਗਜਤੀ ਸਿੰਘ ਡੱਲੇਵਾਲ ਅਤੇ ਉੱਤਰ ਪ੍ਰਦੇਸ਼ ਤੋਂ ਵਿਸ਼ੇਸ਼ ਤੌਰ `ਤੇ ਪੁੱਜੇ ਰਿਕੇਸ਼ ਟਕੈਤ ਨੇ ਪੂਰਨ ਸਹਿਯੋਗ ਦਾ ਐਲਾਣ ਕਰਦਿਆਂ ਤਸਕਰਾਂ ਦਾ ਸਮਾਜਿਕ ਬਾਈਕਾਟ ਕਰਨ, ਨਸ਼ਾ ਬੰਦੀ ਤੱਕ ਦਿੱਲੀ ਦੀ ਤਰ੍ਹਾਂ ਸ਼ਾਂਤਮਈ ਸੰਘਰਸ਼ ਲੜਨ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਂਣ ਲਈ ਹਰ ਸੰਘਰਸ਼ ਕਰਨ ਦਾ ਐਲਾਣ ਕੀਤਾ । ਆਗੂਆਂ ਕਿਹਾ ਜੇਕਰ ਲੋਕ ਏਕਤਾ ਦਿੱਲੀ ਦੀ ਤਾਨਾਸ਼ਾਹ ਸਰਕਾਰ ਦੀ ਗੋਡਣੀ ਲਵਾ ਸਕਦੀ ਹੈ ਤਾਂ ਪਹਿਲਾਂ ਤੋਂ ਹੀ ਤੀਲਾ ਤੀਲਾ ਹੋਈ ਆਪ ਸਰਕਾਰ ਕਿਹੜੇ ਬਾਗ ਦੀ ਮੂਲੀ ਹੈ। ਐਡਵੋਕੇਟ ਲਖਵਿੰਦਰ ਸਿੰਘ ਲੱਖਨਪਾਲ ਨੇ ਨਸ਼ਾ ਮੁਕਤੀ ਲਈ ਸੰਘਰਸ਼ ਕਰ ਰਹੇ ਪਰਵਿੰਦਰ ਸਿੰਘ ਝੋਟਾ ਅਤੇ ਸਾਥੀਆਂ ਖਿਲਾਫ਼ ਪੁਲੀਸ ਵੱਲੋਂ ਦਰਜ਼ ਕੀਤੇ ਝੂਠੇ ਪਰਚਿਆਂ ਦਾ ਸੱਚ ਲੋਕਾਂ ਸਾਹਮਣੇ ਰੱਖਿਆ ।ਉਨ੍ਹਾਂ ਦੱਸਿਆ ਕਿ ਝੋਟੇ `ਤੇ ਛੇੜ ਝਾੜ ਦਾ ਝੂਠਾ ਪਰਚਾ ਦਰਜ ਕਰਵਾਉਂਣ ਵਾਲੀ ਲੜਕੀ ਬਬਲੀ ਨੇ ਵੀ ਕਬੂਲ ਕਰ ਲਿਆ ਹੈ ਕਿ ਉਸਨੇ ਪੁਲੀਸ ਦੇ ਕਹੇ ਗਲਤ ਬਿਆਨ ਦਰਜ਼ ਕਰਵਾਏ ਸਨ। ਨੌਜਵਾਨ ਆਗੂ ਲੱਖਾ ਸਿਧਾਣਾ, ਵਿਜੈ ਕੁਮਾਰ ਭੀਖੀ ,ਭਾਨਾ ਸਿੱਧੂ, ਰੁਪਿੰਦਰ ਸਿੰਘ ,ਇਮਾਨ ਸਿੰਘ ਮਾਨ, ਭਗਵੰਤ ਸਮਾਓ,ਸਤਨਾਮ ਸਿੰਘ ਮਨਾਵਾ ਨੇ ਐਲਾਣ ਕੀਤਾ ਜੇਕਰ ਸਰਕਾਰ ਨੇ ਨਸ਼ਾ ਤਸਕਰਾਂ ਸਮੇਤ ਨਸ਼ਾ ਵਿਕਰੀ `ਚ ਦੋਸ਼ੀਆਂ ਦੀ ਮੱਦਦ ਕਰਨ ਵਾਲੇ ਅਫਸਰਾਂ ਖਿਲਾਫ਼ ਤੁਰੰਤ ਕਾਰਵਾਈ ਨਾ ਕੀਤਾ ਤਾਂ ਰਾਜ ਕਰਦੀ ਪਾਰਟੀ ਦੇ ਕਿਸੇ ਵੀ ਆਗੂ ਨੂੰ ਪਿੰਡਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਤਸਕਰਾਂ, ਨੇਤਾਵਾਂ ਅਤੇ ਅਫ਼ਸਰਾਂ ਦੀ ਚੰਡਾਲ ਤਿੱਕੜੀ ਨੂੰ ਤੀਲਾ ਤੀਲਾ ਕਰਕੇ ਹੀ ਪੰਜਾਬ ਦੀ ਜਵਾਨੀ ਬਚ ਸਕਦੀ ਹੈ।ਨਸ਼ੇ ਕਾਰਨ ਆਪਣਾ ਪਤੀ ਗਵਾ ਚੁੱਕੀ ਰਮਨਦੀ ਕੌਰ ਮਰਖਈ ਨੇ ਆਪਣੀ ਝੋਲੀ ਅੱਡ ਕੇ ਲੋਕਾਂ ਕੋਲੋਂ ਪਿੰਡਾਂ `ਚ ਦਾਲ ਸਬਜ਼ੀ ਵਾਂਗ ਵਿਕਦੇ ਨਸ਼ਿਆਂ ਨੂੰ ਰੋਕਣ ਲਈ ਹਰ ਮਰਦ ਔਰਤ ਤੋਂ ਸਹਿਯੋਗ ਮੰਗਿਆ । ਪਰਵਿੰਦਰ ਸਿੰਘ ਝੋਟੇ ਦੇ ਮਾਤਾ ਅਮਰਜੀਤ ਕੌਰ ਅਤੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੰਧੂ ਨੇ ਆਪਣੇ ਸਬੋਧਨ ਦੌਰਾਨ ਕਿਹਾ ਕਿ ਸਰਕਾਰ ਨੇ ਪੰਜਾਬ ਨੂੰ ਬਚਾਉਂਣ ਵਾਲੇ ,ਪੰਜਾਬ ਨੂੰ ਵਸਦਾ ਦੇਖਣ ਵਾਲੇ ਅਤੇ ਪੰਜਾਬ ਦੀ ਜਵਾਨੀ ਅਤੇ ਪੰਜਾਬੀਅਤ ਨੂੰ ਮੋਹ ਕਰਨ ਵਾਲੇ ਨੌਜਵਾਨ ਆਗੂਆਂ ਨੂੰ ਮਾਰ ਮੁਕਾਉਂਣ ਜਾਂ ਫੜ੍ਹਕੇ ਜੇਲ੍ਹਾਂ ਵਿੱਚ ਸੁੱਟਣ ਦਾ ਕੋਝਾ ਵਰਤਾਰਾ ਸ਼ੁਰੂ ਕੀਤਾ ਹੋਇਆ ਹੈ ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਇਸਤਰੀ ਆਗੂ ਜਸਵੀਰ ਕੌਰ ਨੰਤ ਨੇ ਕਿਹਾ ਕਿ ਨਸ਼ੇ ਤੋਂ ਪੀੜਤ ਪੁੱਤਾਂ ਅਤੇ ਪਤੀਆਂ ਦਾ ਸਭ ਤੋਂ ਵੱਡਾ ਦੁੱਖ ਔਰਤਾਂ ਹੀ ਭੋਗਦੀਆਂ ਹਨ । ਉਨ੍ਹਾਂ ਪੰਡਾਲ `ਚ ਇਕੱਤਰ ਹਜ਼ਾਰਾਂ ਔਰਤਾਂ ਨੂੰ ਮਾਈ ਭਾਗੋ ਬਣਨ ਦਾ ਸੱਦਾ ਦਿੱਤਾ । ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਵੱਡੇ ਮੰਚ ਤੋਂ ਐਲਾਣ ਕੀਤਾ ਕਿ 14 ਅਗਸਤ ਨੂੰ ਫਿਰ ਮਾਨਸਾ ਦੀ ਧਰਤੀ `ਤੇ ਇਸਤੋਂ ਵੀ ਵੱਡਾ ਇਕੱਠਾ ਕੀਤਾ ਜਾਵੇਗਾ । ਇਸ ਇਕੱਠ ਦੌਰਾਨ ਨਸ਼ਾ ਬੰਦੀ ਦੇ ਇਸ ਸਫਲ ਸੰਘਰਸ਼ ਦਾ ਮੁੱਢ ਬੰਨ੍ਹਣ ਵਾਲੇ ਐਂਟੀ ਟਾਸਕ ਫੋਰਸ ਦੀ ਸਮੁੱਚੀ ਟੀਮ ਦਾ ਸਨਮਾਨ ਕੀਤਾ ਜਾਵੇਗਾ । ਜੇਕਰ ਉਦੋਂ ਤੱਕ ਪਰਵਿੰਦਰ ਸਿੰਘ ਝੋਟਾ ਬਾਹਰ ਆਉਂਦਾ ਹੈ ਤਾਂ ਸਮੁੱਚੀ ਟੀਮ ਨੂੰ ਫੁੱਲਾਂ ਦੇ ਹਾਰਾਂ ਨਾਲ ਲਿਵਾਜਿਆ ਜਾਵੇਗਾ ਤੇ ਜੇਕਰ ਉਦੋਂ ਤੱਕ ਵੀ ਹਰ ਥਾਂ ਝੂਠੇ ਸਾਬਤ ਹੋ ਰਹੇ ਪ੍ਰਸ਼ਾਨ ਦੀ ਨੀਂਦ ਨਾ ਖੁੱਲ੍ਹੀ ਤਾਂ ਤਿੱਖੇ ਸੰਘਰਸ਼ ਦੀ ਰੂਪ ਰੇਖਾ ਦਾ ਐਲਾਣ ਕਰ ਦਿੱਤਾ ਜਾਵੇਗਾ ।ਮੰਚ ਤੋਂ ਪਰਵਿੰਦਰ ਸਿੰਘ ਝੋਟਾ ਦੀ ਸਾਰੇ ਝੂਠੇ ਕੇਸ਼ ਰੱਦ ਕਰਕੇ ਤੁਰੰਤ ਰਿਹਈ ਦੀ ਮੰਗ ਕੀਤੀ ਗਈ ਅਤੇ ਨਾਲ ਹੀ ਉਸਦੇ ਸਾਥੀਆਂ `ਤੇ ਦਰਜ਼ ਕੀਤੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦਰਸ਼ਨ ਸਿੰਘ ਨੱਤ ,ਕ੍ਰਿਸ਼ਨ ਚੌਹਾਨ, ਬਲਦੇਵ ਸਿੰਘ ਸਿਰਸਾ,ਵਿਸ਼ਵਦੀਪ ਫਾਜ਼ਿਲਕਾ, ਧੰਨਾ ਮੱਲ ਗੋੲਲ, ਗੁਰਸੇਵਕ ਸਿੰਘ ਜਵਾਹਰਕੇ, ਹਰਿੰਦਰਪਾਲ ਸਿੰਘ ਖਾਲਸਾ, ਸੁਖਜਿੰਦਰ ਸਿੰਘ ਖੋਸਾ,ਜ਼ਸਵੰਤ ਸਿੰਘ, ਸੁਖਜੀਤ ਸਿੰਘ ਰਾਮਾਨੰਦੀ, ਸੈਬੇਦਾਰ ਦਰਸਨ ਸਿੰਘ,ਨਿਰਮਲ ਸਿੰਘ ,ਮਹਿੰਦਰ ਸਿੰਘ ਭੈਣੀ,ਘਣਸ਼ਾਮ ਨਿੱਕੂ,ਗਗਨਦੀਪ ਸਿੰਘ , ਅਮਨਦੀਪ ਪਟਵਾਰੀ,ਬਲਵਿੰਦਰ ਕੌਰ, ਛੱਜੂ ਰਾਮ ਰਿਸ਼ੀ ਸਮੇਤ ਸੱਤਰ ਆਗੂਆਂ ਨੇ ਸੰਬੋਧਨ ਕੀਤਾ ।

ਮੁੱਖ ਮੰਤਰੀ ਦਾ ਸ਼੍ਰੋਮਣੀ ਕਮੇਟੀ ਨੂੰ ਸਵਾਲ; ਤੁਸੀਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਨ ਅਧਿਕਾਰ ਸਿਰਫ਼ ਇਕ ਚੈਨਲ ਨੂੰ ਸੌਂਪਣ ਲਈ ਉਤਾਵਲੇ ਕਿਉਂ ਹੋ?

ਸਰਕਾਰ 24 ਘੰਟਿਆਂ ਵਿੱਚ ਮੁਫ਼ਤ ਪ੍ਰਸਾਰਨ ਸੇਵਾ ਲਈ ਸਾਰੇ ਪ੍ਰਬੰਧ ਕਰਨ ਲਈ ਤਿਆਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ ਸ੍ਰੀ ਦਰਬਾਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਸਭ ਲਈ ਮੁਫ਼ਤ ਕਰਨ ਦੀ ਬਜਾਏ ਸਿਰਫ਼ ਇਕ ਚੈਨਲ ਨੂੰ ਦੇਣ ਲਈ ਕਾਹਲ ਕਿਉਂ ਦਿਖਾਈ ਜਾ ਰਹੀ ਹੈ।ਮੁੱਖ ਮੰਤਰੀ ਨੇ ਸਪੱਸ਼ਟ ਤੌਰ ਉਤੇ ਆਖਿਆ ਕਿ ਭਾਈਚਾਰੇ, ਫਿਰਕੂ ਸਦਭਾਵਨਾ ਅਤੇ ਵਿਸ਼ਵ ਸ਼ਾਂਤੀ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਪਵਿੱਤਰ ਗੁਰਬਾਣੀ ਦਾ ਸੰਦੇਸ਼ ਦੁਨੀਆ ਭਰ ਵਿੱਚ ਫੈਲਣਾ ਚਾਹੀਦਾ ਹੈ। ਉਨ੍ਹਾਂ ਵੱਧ ਤੋਂ ਵੱਧ ਪਹੁੰਚ ਯਕੀਨੀ ਬਣਾਉਣ ਲਈ ਗੁਰਬਾਣੀ ਦਾ ਪ੍ਰਸਾਰਨ ਹਰੇਕ ਲਈ ਮੁਫ਼ਤ ਕਰਨ ਦੀ ਵਕਾਲਤ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਤਾਂ ਸੂਬਾ ਸਰਕਾਰ ਇਸ ਸੇਵਾ ਲਈ 24 ਘੰਟਿਆਂ ਵਿੱਚ ਸਾਰੇ ਪ੍ਰਬੰਧ ਕਰਨ ਲਈ ਤਿਆਰ ਹੈ।ਮੁੱਖ ਮੰਤਰੀ ਨੇ ਕਿਹਾ ਕਿ ‘ਸਰਬੱਤ ਦੇ ਭਲੇ’ ਦਾ ਸੰਦੇਸ਼ ਦੁਨੀਆ ਭਰ ਵਿੱਚ ਫੈਲਾਉਣ ਲਈ ਸਰਬ ਸਾਂਝੀ ਗੁਰਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕਿੰਨੀ ਅਜੀਬ ਗੱਲ ਹੈ ਕਿ ਲੰਮੇ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਨ ਦਾ ਅਧਿਕਾਰ ਸਿਰਫ਼ ਇਕ ਨਿੱਜੀ ਚੈਨਲ ਨੂੰ ਹੀ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਨੂੰ ਸਿਰਫ਼ ਇਕ ਚੈਨਲ ਤੱਕ ਮਹਿਦੂਦ ਕਰਨ ਦੀ ਥਾਂ ਸਾਰੇ ਚੈਨਲਾਂ ਨੂੰ ਮੁਫ਼ਤ ਵਿੱਚ ਪ੍ਰਸਾਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਹੰਭਲੇ ਨਾਲ ਜਿੱਥੇ ਸੰਗਤ ਨੂੰ ਆਪਣੇ ਘਰ ਜਾਂ ਵਿਦੇਸ਼ਾਂ ਵਿੱਚ ਬੈਠੇ-ਬਿਠਾਏ ਗੁਰਬਾਣੀ ਸੁਣਨ ਦਾ ਮੌਕਾ ਮਿਲੇਗਾ, ਉੱਥੇ ਉਹ ਆਪਣੇ ਟੈਲੀਵਿਜ਼ਨਾਂ ਜਾਂ ਹੋਰ ਇਲੈਕਟ੍ਰਾਨਿਕ ਉਪਕਰਨਾਂ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਸਾਰੇ ਚੈਨਲਾਂ ਉਤੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਲਈ ਅਤਿ-ਆਧੁਨਿਕ ਉਪਕਰਨ ਲਾਉਣ ਲਈ ਹੋਣ ਵਾਲਾ ਸਾਰਾ ਖ਼ਰਚ ਚੁੱਕਣ ਦਾ ਫ਼ਰਜ਼ ਨਿਭਾਉਣ ਲਈ ਸੂਬਾ ਸਰਕਾਰ ਤਿਆਰ ਹੈ। ਉਨ੍ਹਾਂ ਕਿਹਾ ਕਿ ਹੋਰ ਚੈਨਲਾਂ ਰਾਹੀਂ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਲਈ ਲੱਗਣ ਵਾਲੇ ਆਧੁਨਿਕ ਕੈਮਰਿਆਂ ਤੇ ਪ੍ਰਸਾਰਨ ਉਪਕਰਨਾਂ ਸਣੇ ਸ੍ਰੀ ਦਰਬਾਰ ਸਾਹਿਬ ਵਿੱਚ ਆਧੁਨਿਕ ਬੁਨਿਆਦੀ ਢਾਂਚੇ/ਤਕਨਾਲੋਜੀ ਦਾ ਸਮੁੱਚਾ ਖ਼ਰਚ ਚੁੱਕਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।ਇਸ ਦੌਰਾਨ ਮੁੱਖ ਮੰਤਰੀ ਨੇ ਅਫ਼ਸੋਸ ਜਤਾਇਆ ਕਿ ਗੁਰਬਾਣੀ ਦੇ ਮੁਫ਼ਤ ਪ੍ਰਸਾਰਨ ਅਧਿਕਾਰ ਯਕੀਨੀ ਬਣਾਉਣ ਦੀ ਬਜਾਏ ਸ਼੍ਰੋਮਣੀ ਕਮੇਟੀ ਇਕ ਸ਼ਕਤੀਸ਼ਾਲੀ ਸਿਆਸੀ ਪਰਿਵਾਰ ਨੂੰ ਖ਼ੁਸ਼ ਕਰਨ ਲਈ ਉਸੇ ਚੈਨਲ ਨੂੰ ਮੁੜ ਪ੍ਰਸਾਰਨ ਅਧਿਕਾਰ ਦੇਣ ਲਈ ਰਾਹ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਿੰਨੀ ਅਜੀਬ ਗੱਲ ਹੈ ਕਿ ਬਾਦਲਾਂ ਦੇ ਇਸ ਖ਼ਾਸ ਚੈਨਲ ਦਾ ਪੱਖ ਪੂਰਨ ਲਈ ਸ਼੍ਰੋਮਣੀ ਕਮੇਟੀ ਨੇ ਇਕ ਹੋਰ ਕਦਮ ਚੁੱਕਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਜਾਪਦਾ ਹੈ ਕਿ ਇਸ ਪਰਿਵਾਰ ਅਤੇ ਇਸ ਚੈਨਲ ਦੇ ਲਾਲਚ ਦਾ ਕੋਈ ਅੰਤ ਨਹੀਂ ਹੈ।

ਨੌਜਵਾਨ ਦੀ ਮੌਤ ਦੇ ਮਾਮਲੇ ’ਚ ਇਨਸਾਫ਼ ਲਈ ਪ੍ਰਵਾਰ ਵਾਲਿਆਂ ਨੇ ਹਾਈਵੇ ਕੀਤਾ ਜਾਮ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 21 ਜੁਲਾਈ : ਕਰੀਬ ਦਸ ਦਿਨ ਪਹਿਲਾਂ ਬਠਿੰਡਾ ਦੀਆਂ ਝੀਲਾਂ ਵਿਚੋਂ ਪਿੰਡ ਭੋਖੜਾ ਦੇ ਇੱਕ ਨੌਜਵਾਨ ਦੀ ਬਰਾਮਦ ਹੋਈ ਲਾਸ਼ ਦੇ ਮਾਮਲੇ ਵਿਚ ਕੋਈ ਕਾਰਵਾਈ ਨਾ ਹੋਣ ਦੇ ਚੱਲਦੇ ਮ੍ਰਿਤਕ ਨੌਜਵਾਨ ਦੇ ਪ੍ਰਵਾਰ ਵਾਲਿਆਂ ਵਲੋਂ ਗੋਨਿਆਣਾ ਬਾਈਪਾਸ ’ਤੇ ਪ੍ਰਸ਼ਾਸਨ ਵਿਰੁਧ ਧਰਨਾ ਲਗਾਇਆ ਗਿਆ। ਇਸ ਦੌਰਾਨ ਪਿੰਡ ਭੋਖੜਾ ਦੇ ਗੋਰਾ ਸਿੰਘ ਪੁੱਤਰ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਹਰਪ੍ਰੀਤ ਸਿੰਘ ਚਿੱਟੀ ਪੁੱਤਰ ਨਾਇਬ ਸਿੰਘ ਪਿਛਲੇ ਕਈ ਸਾਲਾਂ ਤੋਂ ਇੱਥੋਂ ਹੀ ਰਹਿੰਦਾ ਸੀ ਅਤੇ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ। ਪਿਛਲੇ ਦਿਨੀ ਉਸ ਦੀ ਲਾਸ਼ ਬਠਿੰਡਾ ਦੀਆਂ ਝੀਲਾਂ ਵਿੱਚੋਂ ਮਿਲੀ ਸੀ।ਪਰ ਕਈ ਦਿਨ ਬੀਤ ਜਾਣ ’ਤੇ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਬਠਿੰਡਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ, ਦੂਜੇ ਪਾਸੇ ਐੱਸਐੱਚਓ ਕਰਮਜੀਤ ਕੌਰ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ, ਪਰ ਕੋਈ ਹੱਲ ਨਾ ਨਿਕਲਣ ’ਤੇ ਐੱਸ.ਪੀ.ਬਠਿੰਡਾ ਉੱਥੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਕਾਨੂੰਨ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਜਿਸਤੋਂ ਬਾਅਦ ਧਰਨਾਕਾਰੀਆਂ ਨੇ ਇਹ ਧਰਨਾ ਚੁੱਕ ਲਿਆ। ਧਰਨਾਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਤਿੰਨ ਜਣਿਆਂ ’ਤੇ ਸ਼ੱਕ ਹੈ ਪ੍ਰੰਤੂ ਪੁਲਿਸ ਉਨ੍ਹਾਂ ਤੋਂ ਪੁਛਗਿਛ ਨਹੀਂ ਕਰ ਰਹੀ ਹੈ।

ਕੇ.ਵੀ.ਕੇ ਵਿਖੇ ਬੀਬੀਆਂ ਲਈ 10 ਰੋਜ਼ਾ ਸਿਖਲਾਈ ਕੈਂਪ ਆਯੋਜਿਤ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 21 ਜੁਲਾਈ : ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪੇਂਟਿੰਗ ਦੀਆਂ ਵੱਖ-ਵੱਖ ਤਕਨੀਕਾਂ ਤੇ ਫਾਲਤੂ ਸਮਾਨ ਤੋਂ ਸਜਾਵਟੀ ਸਮਾਨ ਬਣਾਉਣ ਸੰਬੰਧੀ ਦਸ ਰੋਜ਼ਾ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ। ਇਸ ਕੋਰਸ ਚ ਵੱਖ-ਵੱਖ ਪਿੰਡ ਰਾਏਕੇ ਕਲਾਂ, ਜੋਧਪੁਰ ਰੋਮਾਣਾ, ਸੁਖਲੱਧੀ, ਫੁੱਲੋਖਾਰੀ, ਕੋਠੇ ਕੌਰ ਸਿੰਘ ਵਾਲਾ, ਜਗਤ ਸਿੰਘ ਵਾਲਾ, ਭਲਾਈਆਣਾ, ਠੱਠੀ ਭਾਈ, ਮੋਹਾਲਾਂ ਚੁੱਘੇ ਕਲਾਂ, ਗਹਿਰੀ ਬੁਟਰ, ਨਰੂਆਣਾ, ਜੋਗਾਨੰਦ ਅਤੇ ਬੀਬੀ ਵਾਲਾ ਤੋਂ ਆਈਆਂ 24 ਬੀਬੀਆਂ ਨੇ ਭਾਗ ਲਿਆ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਗੁਰਦੀਪ ਸਿੰਘ ਸਿੱਧੂ ਨੇ ਸਿਖਿਆਰਥਣਾਂ ਨੂੰ ਕਿੱਤਾ-ਮੁਖੀ ਸਿਖਲਾਈ ਕੋਰਸਾਂ ਨੂੰ ਸਮੇਂ ਦੀ ਲੋੜ ਦੱਸਦਿਆਂ ਅਜਿਹੇ ਕੋਰਸਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ। ਇਸ ਮੌਕੇ ਕੋਆਰਡੀਨੇਟਰ ਮੈਡਮ ਜਸਵਿੰਦਰ ਕੌਰ ਬਰਾੜ (ਸਹਿਯੋਗੀ ਪ੍ਰੋਫੈਸਨਲ ਗ੍ਰਹਿ ਵਿਗਿਆਨ) ਨੇ ਬੀਬੀਆਂ ਨੂੰ ਪੇਂਟਿੰਗ ਦੀਆਂ ਵੱਖ-ਵੱਖ ਤਕਨੀਕਾਂ ਸੰਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਵਾਧੂ ਪਈਆਂ ਚੀਜ਼ਾਂ ਦੀ ਯੋਗ ਵਰਤੋਂ ਕਰਨ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ। ਇਸ ਦੌਰਾਨ ਸਿਖਿਆਰਥੀਆਂ ਨੇ ਡਾ. ਬਰਾੜ ਦੀ ਮੱਦਦ ਨਾਲ ਵੱਖ-ਵੱਖ ਤਰ੍ਹਾਂ ਦੀਆਂ ਪੇਂਟਿੰਗ- ਫਰੀ ਹੈਂਡ ਪੇਂਟਿੰਗ, ਬਲਾਕ ਪੇਂਟਿੰਗ, ਸਟੈਨਸਿਲ ਪੇਂਟਿੰਗ, ਪੌਟ-ਪੇਂਟਿੰਗ ਅਤੇ ਗਲਾਸ ਪੇਂਟਿੰਗ ਆਦਿ ਆਰਟੀਕਲ ਤਿਆਰ ਕੀਤੇ। ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਮੌਕੇ ਡਿਪਟੀ ਡਾਇਰੈਕਟਰ ਨੇ ਬੀਬੀਆਂ ਨੂੰ ਇਸ ਕੋਰਸ ਲਈ ਸਿਖਲਾਈ ਨੂੰ ਕਿੱਤੇ ਵਜੋਂ ਅਪਨਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਮਦਨ ਵਿੱਚ ਬਣਦਾ ਯੋਗਦਾਨ ਪਾ ਸਕਣ। ਇਸ ਮੌਕੇ ਸਿਖਿਆਰਥਣਾਂ ਵੱਲੋਂ ਬਣਾਏ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ।