Home Blog Page 2061

ਵਪਾਰਕ ਪਲਾਟ ਨੂੰ ਰਿਹਾਇਸੀ ਕਰਵਾਉਣ ਦੇ ਮਾਮਲੇ ’ਚ ਵਿਜੀਲੈਂਸ ਅੱਗੇ ਪੇਸ਼ ਹੋਏ ਮਨਪ੍ਰੀਤ ਬਾਦਲ

0

ਕੀਤਾ ਦਾਅਵਾ ਕਿ ਸਰੂਪ ਸਿੰਗਲਾ ਨੇ ਲਗਾਤਾਰ ਹਾਰ ਦੀ ਨਿਰਾਸ਼ਾ ਕਾਰਨ ਕੀਤੀ ਹੈ ਸਿਕਾਇਤ
ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਵੀ ਸਿਆਸੀ ਰੰਜਿਸ਼ ਕਾਰਨ ਸ਼ੁਰੂੁ ਕਰਵਾਈ ਹੈ ਝੂਠੀ ਸਿਕਾਇਤ ’ਤੇ ਜਾਂਚ
ਪੇਸ਼ੀ ਦੌਰਾਨ ਸਮਰਥਕਾਂ ਦਾ ਕੀਤਾ ਵੱਡਾ ਇਕੱਠ
ਸੁਖਜਿੰਦਰ ਮਾਨ
ਬਠਿੰਡਾ, 24 ਜੁਲਾਈ : ਬਠਿੰਡਾ ਸ਼ਹਿਰ ਦੇ ਪੌਸ਼ ਇਲਾਕੇ ’ਚ ਵਾਪਰਕ ਪਲਾਟ ਨੂੰ ਰਿਹਾਇਸ਼ੀ ਕਰਵਾ ਕੇ ਖ਼ਰੀਦਣ ਦੇ ਮਾਮਲੇ ’ਚ ਸੋਮਵਾਰ ਨੂੰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਅੱਗੇ ਪੇਸ਼ ਹੋਏ। ਹਾਲਾਂਕਿ ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਦਾ ਵੱਡਾ ਇਕੱਠ ਇੱਥੇ ਮੌਜੂਦ ਸੀ ਪ੍ਰੰਤੂ ਵਿਜੀਲੈਂਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਕੱਲਿਆਂ ਹੀ ਅੰਦਰ ਜਾਣ ਦਿੱਤਾ। ਉਂਜ ਕੁੱਝ ਸਮੇਂ ਬਾਅਦ ਉਨ੍ਹਾਂ ਦੇ ਵਕੀਲ ਨੂੰ ਵੀ ਬੁਲਾ ਲਿਆ ਗਿਆ। ਕਰੀਬ ਸਾਢੇ 11 ਵਜੇਂ ਵਿਜੀਲੈਂਸ ਦਫ਼ਤਰ ਦੇ ਅੰਦਰ ਪੁੱਜੇ ਮਨਪ੍ਰੀਤ ਬਾਦਲ ਕੋਲੋਂ ਅਧਿਕਾਰੀਆਂ ਨੇ ਲਗਾਤਾਰ ਪੰਜ ਘੰਟੇ ਕਰੀਬ ਸਾਢੇ ਚਾਰ ਵਜੇਂ ਤੱਕ ਪੁੱਛਗਿਛ ਕੀਤੀ। ਸੂਤਰਾਂ ਮੁਤਾਬਕ ਵਿਜੀਲੈਂਸ ਦੇ ਜਾਂਚ ਅਧਿਕਾਰੀਆਂ ਵਲੋਂ ਸਾਬਕਾ ਵਿਤ ਮੰਤਰੀ ਕੋਲੋਂ ਅਪਣਾ ਪ੍ਰਭਾਵ ਵਰਤ ਕੇ ਬੀਡੀਏ ਦੇ ਵਪਾਰਕ ਪਲਾਟ ਨੂੰ ਰਿਹਾਇਸ਼ੀ ਕਰਵਾਉਣ ਲਈ ਕਰਵਾਏ ਸੀਐਲਯੂ ਅਤੇ ਪਲਾਟ ਦੀ ਬੋਲੀ ਸਮੇਂ ਅਪਣੇ ਵਿਅਕਤੀ ਖੜੇ ਕਰਨ ਅਤੇ ਕਿਸੇ ਹੋਰ ਨੂੰ ਬੋਲੀ ਦੇਣ ਤੋਂ ਰੋਕਣ ਸਬੰਧੀ ਸਵਾਲ ਕੀਤੇ ਗਏ। ਉਧਰ ਪੁਛਗਿਛ ਤੋਂ ਬਾਅਦ ਸਥਾਨਕ ਸਰਕਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਜਿੱਥੇ ਸਿਕਾਇਤਕਰਤਾ ਤੇ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਉਪਰ ਅਪਣੇ ਕੋਲੋਂ ਮਿਲੀਆਂ ਲਗਾਤਾਰ ਹਾਰਾਂ ਦੀ ਨਿਰਾਸ਼ਾ ਕਾਰਨ ਝੂਠੀ ਸਿਕਾਇਤ ਦੇਣ ਦਾ ਦੋਸ਼ ਲਗਾਇਆ, ਉਥੇ ਸਿੱਧੇ ਢੰਗ ਨਾਲ ਮੁੱਖ ਮੰਤਰੀ ਉਪਰ ਵੀ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਲੱਗਦਾ ਹੈ ਕਿ ਉਨਾਂ ਵੀ ਕਿਸੇ ਨਿੱਜੀ ਸਿਆਸੀ ਰੰਜਿਸ਼ ਕੱਢਣ ਕਾਰਨ ਝੂਠੀ ਸਿਕਾਇਤ ਉਪਰ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਭਗਵੰਤ ਮਾਨ ਨੂੰ ਵੀ ਚੁਣੌਤੀ ਦਿੱਤੀ ਕਿ ਇਸ ਕੇਸ ਵਿਚੋਂ ਕੁੱਝ ਨਹੀਂ ਨਿਕਲਣਾ ਤੇ ਜੇਕਰ ਉਸ ਵਿਚ ਹਿੰਮਤ ਹੈ ਤਾਂ ਉਹ ਕੋਈ ਹੋਰ ਝੂਠਾ ਕੇਸ ਬਣਾ ਕੇ ਉਸਨੂੰ ਅੰਦਰ ਕਰਵਾ ਦੇਣ। ਪ੍ਰੈਸ ਕਾਨਫਰੰਸ ਦੌਰਾਨ ਕਾਫ਼ੀ ਗਰਮ ਲਹਿਜੇ ’ਚ ਨਜ਼ਰ ਆਏ ਸਾਬਕਾ ਮੰਤਰੀ ਨੇ ਕਿਹਾ ਕਿ ਜਿਸ ਪਲਾਟ ਦੇ ਮਾਮਲੇ ’ਚ ਬੁਲਾਇਆ ਸੀ, ਉਸ ਪਲਾਟ ਨੂੰ ਵਪਾਰਕ ਤੋਂ ਰਿਹਾਇਸ਼ੀ ਉਸਨੇ ਅਪਣੀ ਸਰਕਾਰ ਦੌਰਾਨ ਨਹੀਂ, ਬਲਕਿ ਸਾਲ 2012 ਵਿਚ ਅਕਾਲੀ ਸਰਕਾਰ ਦੌਰਾਨ ਕੀਤਾ ਗਿਆ ਸੀ ਜਦ ਸਰੂਪ ਚੰਦ ਸਿੰਗਲਾ ਪੰਜਾਬ ਸਰਕਾਰ ਵਿਚ ਬਤੌਰ ਮੁੱਖ ਪਾਰਲੀਮਾਨੀ ਸਕੱਤਰ ਸਨ। ਇਸਤੋਂ ਇਲਾਵਾ ਉਸ ਵਲੋਂ ਪ੍ਰੀਮੀਅਮ ਦੇ ਕੇ ਖ਼ਰੀਦੇ ਇਸ ਪਲਾਟ ਦੇ ਬਿਲਕੁੱਲ ਨਾਲ ਲੱਗਦੇ ਪਲਾਟ ਨੂੰ ਮੌਜੂਦਾ ਆਪ ਸਰਕਾਰ ਨੇ ਉਸਦੀ ਰਾਖ਼ਵੀਂ ਕੀਮਤ ਉਸਦੇ ਪਲਾਟ ਨਾਲੋਂ ਵੀ ਘੱਟ ਕਰਕੇ ਵੇਚਿਆ ਹੈ। ਮਨਪ੍ਰੀਤ ਨੇ ਦਾਅਵਾ ਕੀਤਾ ਕਿ ਇਹ ਪਲਾਟ ਉਸਨੇ ਬਠਿੰਡਾ ’ਚ ਅਪਣੀ ਰਿਹਾਇਸ ਬਣਾਉਣ ਲਈ ਖਰੀਦਿਆਂ ਸੀ ਤੇ ਇਹ ਪਲਾਟ ਖਰੀਦਣ ਲਈ ਉਸ ਵਲੋਂ ਗੜਗਾਊ ’ਚ ਅਪਣੇ ਇੱਕ ਫਲੈਟ ਨੂੰ ਕਰੀਬ ਸਾਢੇ ਸੱਤ ਕਰੋੜ ਦਾ ਵੇਚਿਆ ਸੀ। ਜਿਸਦੇ ਚੱਲਦੇ ਇਹ ਬਿਨ੍ਹਾਂ ਤੱਥਾਂ ਤੋਂ ਕੀਤੀ ਹੋਈ ਸਿਕਾਇਤ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਿਕਾਇਤ ਵਿਚ ਦਾਅਵਾ ਕੀਤਾ ਹੈ ਕਿ ਉਸਨੈ ਕਿਸੇ ਹੋਰ ਨੂੰ ਇਸ ਪਲਾਟ ਦੀ ਬੋਲੀ ਦੇਣ ਤੋਂ ਰੋਕਣ ਦਾ ਕੰਮ ਕੀਤਾ, ਵੀ ਕਾਫ਼ੀ ਹੈਰਾਨੀਜਨਕ ਹੈ ਕਿਉਂਕਿ ਇਸ ਪਲਾਟ ਦੀ ਬੋਲੀ ਆਨ-ਲਾਈਨ ਹੋਈ ਸੀ, ਜਿਸ ਵਿਚ ਕੋਈ ਬਾਹਰ ਤੋਂ ਬੈਠਾ ਵੀ ਹਿੱਸਾ ਲੈ ਸਕਦਾ ਸੀ। ਇਸਤੋਂ ਇਲਾਵਾ ਇਸ ਪਲਾਟ ਦੀ ਬੋਲੀ ਲਈ ਇਸਤਿਹਾਰ ਪੰਜਾਬ ਦੇ ਪ੍ਰਮੁੱਖ ਅਖ਼ਬਾਰਾਂ ਵਿਚ ਦਿੱਤਾ ਗਿਆ ਸੀ ਤੇ ਉਨ੍ਹਾਂ ਅੱਗੇ ਕਿਸੇ ਹੋਰ ਤੋਂ ਇਹ ਪਲਾਟ ਖ਼ਰੀਦਿਆਂ ਸੀ। ਉਨਾਂ ਇਹ ਵੀ ਦਾਅਵਾ ਕੀਤਾ ਕਿ ਵਿਜੀਲੈਂਸ ਨੂੰ ਸਿਕਾਇਤ ਦੇਣ ਤੋਂ ਪਹਿਲਾਂ ਸ਼੍ਰੀ ਸਿੰਗਲਾ ਨੇ ਇਸਦੀ ਸਿਕਾਇਤ ਲੋਕਪਾਲ ਪੰਜਾਬ ਕੋਲ ਵੀ ਕੀਤੀ ਸੀ, ਜਿਸਨੇ ਇਸ ਸਿਕਾਇਤ ਨੂੰ 13 ਸਤੰਬਰ 2022 ਨੂੰ ਖ਼ਾਰਜ ਕਰ ਦਿੱਤਾ ਸੀ। ਸ਼੍ਰੀ ਬਾਦਲ ਨੇ ਕਿਹਾ ਕਿ ਉਸਨੂੰ ਅੱਜ ਇਸ ਗੱਲ ਦਾ ਦੁੱਖ ਹੈ ਕਿ 9 ਸਾਲ ਵਿਤ ਮੰਤਰੀ ਤੇ 25 ਸਾਲ ਵਿਧਾਇਕ ਰਹਿਣ ਦੇ ਬਾਵਜੂਦ ਅੱਜ ਤੱਕ ਸਰਕਾਰ ਤੋਂ ਗੱਡੀ, ਤੇਲ, ਮੈਡੀਕਲ ਬਿੱਲ ਸਹਿਤ ਇੱਕ ਚਾਹ ਦਾ ਕੱਪ ਵੀ ਸਰਕਾਰੀ ਖ਼ਜਾਨੇ ਵਿਚੋਂ ਨਹੀਂ ਪੀਤਾ ਪ੍ਰੰਤੂ ਅੱਜ ਉਸਨੂੰ ਜਵਾਬ ਉਨ੍ਹਾਂ ਬੰਦਿਆਂ ਨੂੰ ਦੇਣਾ ਪੈ ਰਿਹਾ ਹੈ ਜਿਹੜੇ ਅਪਣੀ ਮਸਹੂਰੀ ਲਈ ਸਰਕਾਰ ਦੇ ਖ਼ਜਾਨੇ ਵਿਚੋਂ ਕਰੋੜਾਂ ਰੁਪਏ ਖਰਚ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਉਹ ਨਾਂ ਤਾਂ ਉਸਤੋਂ ਡਰਦੇ ਹਨ ਤੇ ਨਾ ਹੀ ਵਿਜੀਲੈਂਸ ਕੋਲੋ ਡਰਦੇ ਹਨ। ਸਾਬਕਾ ਵਿਤ ਮੰਤਰੀ ਨੇ ਅਪਣੇ ਸਿਆਸੀ ਵਿਰੋਧੀ ਰਾਜਾ ਵੜਿੰਗ ’ਤੇ ਵੀ ਵਿਅੰਗ ਕਸਦਿਆਂ ਕਿਹਾ ਕਿ ਉਹ ਉਸ ਦੀ ਤਰ੍ਹਾਂ ਅੱਧੀ ਰਾਤ ਨੂੰ ਮੁੱਖ ਮੰਤਰੀ ਦੇ ਗੋਡੇ ਹੱਥ ਨਹੀਂ ਲਗਾਉਣਗੇ, ਬੇਸ਼ੱਕ ਇਸਦੇ ਲਈ ਜਿਸਨੇ ਜੋ ਕਰਨਾ ਹੈ ਉਹ ਕਰ ਲਵੇ। ਇਸ ਦੌਰਾਨ ਉਨ੍ਹਾਂ ਸਾਬਕਾ ਵਿਧਾਇਕ ਸਰੂਪ ਸਿੰਗਲਾ ਵਲੋਂ ਕੱਟੀਆਂ ਕਲੌਨੀਆਂ ਤੇ ਕੀਤੇ ਹੋਰ ਕੰਮਾਂ ਨੂੰ ਗਿਣਾਉਂਦਿਆਂ ਕਿਹਾ ਕਿ ਜੇਕਰ ਉਹ ਚਾਹੁੰਦੇ ਤਾਂ ਜਾਂਚ ਕਰਵਾ ਸਕਦੇ ਸਨ ਪ੍ਰੰਤੂ ਉਹ ਜਾਤੀ ਰਾਜਨੀਤੀ ਵਿਚ ਨਹੀਂ ਉਲਝਣਾ ਚਾਹੁੰਦੇ। ਆਖ਼ਰ ਵਿਚ ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਖ਼ਜਾਨੇ ਦਾ ਇੱਕ ਪੈਸਾ ਵੀ ਵਰਤਿਆਂ ਤਾਂ ਵਿਜੀਲੈਂਸ ਜਾਂਚ ਦੀ ਵੀ ਲੋੜ ਨਹੀਂ, ਬਲਕਿ ਉਸਨੂੰ ਚੌਕ ਵਿਚ ਖ਼ੜਾ ਕਰਕੇ ਗੋਲੀ ਮਾਰ ਦਿਓ। ਮਨਪ੍ਰੀਤ ਨੇ ਦਾਅਵਾ ਕੀਤਾ ਕਿ ਵਿਜੀਲੈਂਸ ਵਲੋਂ ਇਸਤੋਂ ਪਹਿਲਾਂ ਉਸ ਵਲੋਂ ਕਰਵਾਏ ਵਿਕਾਸ ਕਾਰਜ਼ਾਂ ਦੀ ਵੀ ਪੜਤਾਲ ਕਰਵਾਈ ਜਾ ਚੁੱਕੀ ਹੈ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।

ਸ਼ਹਿਰ ਦੇ ਮਸ਼ਹੂਰ ਡਾਕਟਰ ਦੇ ਘਰ ਚੋਰੀ ਕਰਨ ਵਾਲਾ ਮੈਡੀਕਲ ਸਟੋਰ ਸੰਚਾਲਕ ਗ੍ਰਿਫਤਾਰ

0

ਲੱਖਾਂ ਦੇ ਗਹਿਣੇ ਅਤੇ ਨਕਦੀ ਵੀ ਕੀਤੀ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ,24 ਜੁਲਾਈ: ਲੰਘੀ 17 ਜੁਲਾਈ ਨੂੰ ਸ਼ਹਿਰ ਦੇ ਮਸ਼ਹੂਰ ਡਾਕਟਰ ਅਤੇ ਮੈਦਾਨ ਨਰਸਿੰਘ ਹੋਮ ਦੇ ਮਾਲਕ ਡਾਕਟਰ ਰਾਜ ਕੁਮਾਰ ਮੈਦਾਨ ਦੇ ਘਰ ਚੋਰੀ ਹੋਣ ਦੇ ਮਾਮਲੇ ਦਾ ਬਠਿੰਡਾ ਪੁਲਿਸ ਨੇ ਪਰਦਾਫਾਸ਼ ਕਰ ਦਿੱਤਾ ਹੈ। ਚੋਰੀ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਇਸ ਹਸਪਤਾਲ ਵਿੱਚ ਪਿਛਲੇ ਕਰੀਬ 10 ਸਾਲਾਂ ਤੋਂ ਮੈਡੀਕਲ ਸਟੋਰ ਚਲਾ ਰਿਹਾ ਸੰਚਾਲਕ ਹੀ ਇਸ ਘਟਨਾ ਦਾ ਮਾਸਟਰ ਮਾਈਡ ਨਿਕਲਿਆ ਹੈ। ਕੋਤਵਾਲੀ ਪੁਲਿਸ ਨੇ ਦੋਸ਼ੀ ਮੈਡੀਕਲ ਸਟੋਰ ਸੰਚਾਲਕ ਮਨੋਜ ਕੁਮਾਰ ਵਾਸੀ ਠਾਕੁਰ ਕਲੋਨੀ ਨੂੰ ਗ੍ਰਿਫ਼ਤਾਰ ਕਰਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਸਫਲਤਾ ਹਾਸਲ ਕੀਤੀ ਹੈ। ਅੱਜ ਇਥੇ ਮਾਮਲੇ ਦੀ ਜਾਣਕਾਰੀ ਦਿੰਦਿਆ ਬਠਿੰਡਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹੀ ਪੁਲਿਸ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਇਹ ਇਸ ਕਾਂਡ ਨੂੰ ਅੰਜਾਮ ਦੇਣ ਵਾਲਾ ਕੋਈ ਨਾ ਕੋਈ ਅੰਦਰਲਾ ਵਿਅਕਤੀ ਹੈ। ਜਿਸ ਦੇ ਚਲਦੇ ਹਸਪਤਾਲ ਦੇ ਸਟਾਫ ਤੋਂ ਵਿਗਿਆਨਕ ਢੰਗ ਨਾਲ ਪੁਛਗਿੱਛ ਕੀਤੀ ਗਈ। ਇਸ ਦੌਰਾਨ ਦੋਸ਼ੀ ਦੀ ਭੂਮਿਕਾ ਸ਼ੱਕੀ ਲਗੀ ਜਦੋਂ ਉਸਦੇ ਕੋਲੋਂ ਸਖਤੀ ਨਾਲ ਪੇਸ਼ ਕੀਤੀ ਤਾਂ ਉਸਨੇ ਆਪਣਾ ਕਬੂਲ ਕਰ ਲਿਆ। ਐਸ ਐਸ ਪੀ ਖੁਰਾਣਾ ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਵਲੋਂ ਚੋਰੀ ਕੀਤੀਆਂ ਡੀਵੀਆਰ ਬਰਾਮਦ ਕਰਨ ਅਤੇ ਹੋਰ ਪੁਛਗਿੱਛ ਲਈ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਬਾਰੇ ਵੀ ਪੜਤਾਲ ਕੀਤੀ ਜਾਵੇਗੀ। ਦੱਸਣਾ ਬਣਦਾ ਹੈ ਸ਼ਹਿਰ ਦੀ ਜੀਟੀ ਰੋਡ ਉੱਪਰ ਸਥਿਤ ਮਦਾਨ ਨਰਸਿੰਗ ਹੋਮ ਵਿਚ ਉਸ ਸਮੇਂ ਚੋਰੀ ਹੋ ਗਈ ਸੀ ਜਦ ਇਸ ਹਸਪਤਾਲ ਦੇ ਮਾਲਿਕ ਡਾਕਟਰ ਆਰ ਕੇ ਮਦਾਨ, ਉਹਨਾਂ ਦੀ ਪਤਨੀ ਊਸ਼ਾ ਮਦਾਨ, ਪੁੱਤਰ ਰਾਹੁਲ ਮਦਾਨ ਅਤੇ ਨੂੰਹ ਪਾਰੁਲ ਮੈਦਾਨ ਕਿਸੇ ਘਰੇਲੂ ਕੰਮ ਲਈ 14 ਜੁਲਾਈ ਤੋਂ 17 ਜੁਲਾਈ ਤੱਕ ਗਾਜਿਆਬਾਦ ਗਏ ਹੋਏ ਸਨ। ਇਸ ਦੌਰਾਨ ਜਦ ਉਹ ਵਾਪਿਸ ਆਏ ਤਾਂ ਹਸਪਤਾਲ ਦੇ ਉੱਪਰ ਰਿਹਾਇਸ਼ ਦਾ ਤਾਲਾ ਟੁੱਟੇ ਹੋਏ ਸਨ। ਇਸ ਤਰ੍ਹਾਂ ਮੇਨ ਬੈੱਡਰੂਮ ਦਾ ਵੀ ਚਿਟਕਣੀ ਟੁੱਟੀ ਹੋਈ ਸੀ ਅਤੇ ਬੈੱਡਰੂਮ ਵਿਚ ਸਥਿਤ ਸੈਫ਼ ਨੂੰ ਤੋੜ ਕੇ ਉਸ ਗਹਿਣੇ ਚੋਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਘਰ ਦੇ ਵਿੱਚ ਪਈ ਇਲੈਕਟ੍ਰਾਨਿਕ ਸੇਫ ਨੂੰ ਵੀ ਖੋਲ੍ਹ ਕੇ ਉਸਦੇ ਵਿਚੋਂ ਵੀ ਡਾਇਮੰਡ ਦੇ ਗਹਿਣੇ ਅਤੇ ਕਾਫੀ ਸਾਰੀ ਨਗਦੀ ਚੋਰੀ ਕੀਤੀ ਗਈ ਸੀ। ਥਾਣਾ ਕੋਤਵਾਲੀ ਦੀ ਪੁਲੀਸ ਨੇ ਇਸ ਮਾਮਲੇ ਵਿੱਚ ਮੁਦਈ ਡਾਕਟਰ ਰਾਜ ਕੁਮਾਰ ਮਦਾਨ ਪੁੱਤਰ ਪੋਖਰ ਦਾਸ ਮਦਾਨ ਵਾਸੀ ਹਾਊਸ ਨੰ 2740-1ਏ ਮਦਾਨ ਨਰਸਿੰਗ ਹੋਮ ਬਠਿੰਡਾ ਦੇ ਬਿਆਨਾਂ ਉਪਰ ਅਗਿਆਤ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 125 ਮਿਤੀ 17.07.2023 ਅ/ਧ 457,380 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਸੀ। ਜਿਸਤੋਂ ਬਾਅਦ ਇਸ ਮੁਕਦਮੇ ਦੀ ਤਫਤੀਸ਼ ਅਜੈ ਗਾਂਧੀ ਆਈ ਪੀ ਐਸ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਅਗਵਾਈ ਹੇਠ ਨਰਿੰਦਰ ਸਿੰਘ ਕਪਤਾਨ ਪੁਲਿਸ (ਸਿਟੀ) ਬਠਿੰਡਾ, ਵਿਸ਼ਵਜੀਤ ਸਿੰਘ ਮਾਨ ਉਪ ਕਪਤਾਨ ਪੁਲਿਸ ਸਿਟੀ-1 ਬਠਿੰਡਾ, ਇੰਸਪੈਕਟਰ ਪਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਬਠਿੰਡਾ ਅਤੇ ਸੀ.ਆਈ.ਏ ਸਟਾਫ ਬਠਿੰਡਾ ਨੂੰ ਤਫਤੀਸ਼ ਮੁਕੰਮਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਜਿਸ ਨੇ ਤਫਤੀਸ਼ ਮੁਕੰਮਲ ਕਰਕੇ ਮਦਾਨ ਨਰਸਿੰਗ ਹੋਮ ਵਿਚ ਮੈਡੀਕਲ ਸਟੋਰ ਦੇ ਮਾਲਕ ਮਨੋਜ ਕੁਮਾਰ ਪੁੱਤਰ ਰਾਧੇ ਸ਼ਾਮ ਵਾਸੀ ਮਕਾਨ ਨੰ 0498 ਗਲੀ ਨੂੰ 4 ਠਾਕੁਰ ਕਲੋਨੀ ਬਠਿੰਡਾ ਨੂੰ ਮਿਤੀ 23.07.2023 ਨੂੰ ਮੁੱਕਦਮਾ ਵਿਚ ਨਾਮਜਦ ਕਰਕੇ ਮਿਤੀ 24.7.2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਹੁਣ ਤੱਕ ਸੋਨੇ, ਡਾਇਮੰਡ ਦੇ ਕੁੱਲ ਵਜਨੀ 456.02 ਗ੍ਰਾਮ ਸੋਨਾ ਬਰਾਮਦ ਕਰਵਾਏ ਗਏ।

ਮਨਪ੍ਰੀਤ ਬਾਦਲ ਦਾ ਸ਼ਕਤੀ ਪ੍ਰਦਰਸ਼ਨ ਗੁਨਾਹਾਂ ਦਾ ਕਬੂਲਨਾਮਾ- ਜਤਿੰਦਰ ਸਿੰਘ ਭੱਲਾ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 23 ਜੁਲਾਈ: ਬਠਿੰਡਾ ਸ਼ਹਿਰ ਦੀ ਸੰਪਤੀ ਉਪਰ ਆਪਣੇ ਰਾਜਸੀ ਅਹੁਦੇ ਦੀ ਦੁਰਵਰਤੋਂ ਕਰਕੇ ਕੀਤੀਆਂ ਧਾਂਦਲੀਆਂ ਦੀ ਸ਼ਿਕਾਇਤ ਸਬੰਧੀ ਸਾਬਕਾ ਖਜ਼ਾਨਾ ਮੰਤਰੀ ਵੱਲੋਂ ਵਿਜੀਲੈਂਸ ਦਫ਼ਤਰ ਵੱਲੋਂ ਪੁੱਛਗਿੱਛ ਤੋਂ ਪਹਿਲਾਂ ਸਰਕਟ ਹਾਊਸ ਵਿਖੇ ਆਪਣੇ ਸਮਰਥਕਾਂ ਦਾ ਸ਼ਕਤੀ ਪ੍ਰਦਰਸ਼ਨ ਕਰਨਾ ਆਪਣੇ ਗੁਨਾਹਾਂ ਦਾ ਕਬੂਲ ਨਾਮਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਅਤੇ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਸ਼੍ਰੀ ਜਤਿੰਦਰ ਸਿੰਘ ਭੱਲਾ ਨੇ ਪ੍ਰੈਸ ਨੂੰ ਜਾਰੀ ਨੋਟ ਰਾਂਹੀ ਕੀਤਾ। ਸ਼੍ਰੀ ਭੱਲਾ ਨੇ ਕਿਹਾ ਕਿ ਜੇਕਰ ਸਾਬਕਾ ਖਜ਼ਾਨਾ ਮੰਤਰੀ ਨੇ ਕੋਈ ਧਾਂਦਲੀ ਨਹੀਂ ਕੀਤੀ ਤਾਂ ਉਸ ਨੂੰ ਬੇਖ਼ੌਫ਼ ਹੋ ਕੇ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਹੈ ਨਾਂ ਕਿ ਲੋਕਾਂ ਦਾ ਇਕੱਠ ਕਰਕੇ ਜਾਂਚ ਨੂੰ ਪ੍ਰਭਾਵਤ ਕਰਨ ਦੀ ਕੋਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਤਿੰਦਰ ਸਿੰਘ ਭੱਲਾ ਨੇ ਬਠਿੰਡਾ ਦੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੁਬਾਨ ਦੇ ਮਿੱਠੇ ਪਰ ਡਰਾਮੇਬਾਜ਼ ਇਸ ਸ਼ਖ਼ਸ ਦੇ ਪਿੱਛੇ ਲੱਗ ਕੇ ਇਸ ਜਾਂਚ ਨੂੰ ਪ੍ਰਭਾਵਿਤ ਨਾ ਕਰਨ।

ਮਨੀਪੁਰ ਦਹਿਸ਼ਤ ਲਈ ਮਿਸਾਲੀ ਸਜ਼ਾ ਦੀ ਮੰਗ : ਸੰਧਵਾਂ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ

0

ਲਗਾਤਾਰ ਹਿੰਸਾ ਅਤੇ ਅੱਤਿਆਚਾਰਾਂ ਦੇ ਮੱਦੇਨਜ਼ਰ ਮਨੀਪੁਰ ਦੇ ਮੁੱਖ ਮੰਤਰੀ ਆਪਣੇ ਅਹੁਦੇ ‘ਤੇ ਬਣੇ ਰਹਿਣ ਦੇ ਸਮਰੱਥ ਨਹੀਂ: ਸੰਧਵਾਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਜੁਲਾਈ: ਮਨੀਪੁਰ ਵਿੱਚ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਘਿਨਾਉਣੇ ਕਾਰੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਕਾਨੂੰਨੀ ਵਿਵਸਥਾਵਾਂ ਨਾਲ ਨਜਿੱਠਿਆ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਇਹ ਗੱਲ ਦੁਹਰਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਉੱਤਰ-ਪੂਰਬੀ ਸੂਬੇ ਵਿੱਚ ਚੱਲ ਰਹੀ ਹਿੰਸਾ ਤੋਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਇਨਸਾਫ਼ ਯਕੀਨੀ ਬਣਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦੇਣ ਲਈ ਕਿਹਾ।ਅਮਿਤ ਸ਼ਾਹ ਨੂੰ ਲਿਖੇ ਆਪਣੇ ਪੱਤਰ ਵਿੱਚ, ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਲਗਾਤਾਰ ਡਰ ਅਤੇ ਅਰਾਜਕਤਾ ਦੇ ਮੌਜੂਦਾ ਮਾਹੌਲ ’ਤੇ ਨਿਰਾਸ਼ਾ ਪ੍ਰਗਟ ਕਰਦਿਆਂ ਮਾਹੌਲ ਨੂੰ ਵਿਗੜਨ ਦੇਣ ਲਈ ਮਨੀਪੁਰ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਕੀਤੀ ਹੈ, ਜਿਸ ਨਾਲ ਲੱਖਾਂ ਨਾਗਰਿਕਾਂ ਦੀਆਂ ਜਾਨਾਂ ਖਤਰੇ ਵਿੱਚ ਪੈ ਰਹੀਆਂ ਹਨ।ਸ. ਸੰਧਵਾਂ ਨੇ ਲਿਖਿਆ ਕਿ ਮੁੱਖ ਮੰਤਰੀ ਜੋ ਕਿ ਸੂਬੇ ਦੇ ਮੁਖੀ ਹਨ, ਨੂੰ ਗੰਭੀਰਤਾ ਨਾਲ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਇੱਜ਼ਤ ਦੀਆਂ ਹੱਕਦਾਰ ਔਰਤਾਂ ਵਿਰੁੱਧ ਹਿੰਸਾ ਦੇ ਇਸ ਘਿਨਾਉਣੇ ਕਾਰੇ ਨੂੰ ਰੋਕਣ ਵਿੱਚ ਅਸਫ਼ਲ ਰਹੇ ਹਨ। ਉਨ੍ਹਾਂ ਅੱਗੇ ਲਿਖਿਆ ਕਿ ਮੁੱਖ ਮੰਤਰੀ ਦੀ ਸਰਕਾਰ ਨੂੰ ਬਰਖਾਸਤ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਦੋ ਔਰਤਾਂ ਨੂੰ ਬਿਨਾਂ ਕੱਪੜੇ ਪਹਿਨੇ ਪਰੇਡ ਕਰਨ ਲਈ ਮਜ਼ਬੂਰ ਕੀਤੇ ਜਾਣ ਦੀ ਘਿਨਾਉਣੀ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੁਖਦਾਈ ਘਟਨਾ ਹੈ, ਸਾਡੇ ਦੇਸ਼ ’ਚ ਜਿੱਥੇ ਔਰਤਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ, ਉੱਥੇ ਅਸੀਂ ਔਰਤਾਂ ਦੀ ਇੱਜ਼ਤ ਦੀ ਰਾਖੀ ਨਹੀਂ ਕਰ ਸਕੇ। ਸਾਡੀ ਸੱਭਿਅਤਾ, ਸਾਡੇ ਪੁਰਖਿਆਂ ਨੇ ਸਾਨੂੰ ਔਰਤਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ। ਪਰ ਮਨੀਪੁਰ ਵਿੱਚ ਉਨ੍ਹਾਂ ਨਾਲ ਕੀਤਾ ਗਿਆ ਸਲੂਕ ਬਹੁਤ ਹੀ ਦੁਖਦਾਈ ਹੈ।ਸ. ਸੰਧਵਾਂ ਨੇ ਅੱਗੇ ਕਿਹਾ ਕਿ ਜਿਸ ਦਰਦ ਵਿੱਚੋਂ ਇਹ ਔਰਤਾਂ ਲੰਘੀਆਂ ਹੋਣਗੀਆਂ, ਉਸਨੂੰ ਕੋਈ ਵੀ ਵਿਅਕਤੀ ਮਹਿਸੂਸ ਕਰ ਸਕਦਾ ਹੈ।ਸਪੀਕਰ ਨੇ ਆਪਣੇ ਪੱਤਰ ਵਿੱਚ ਲਿਖਿਆ, ‘‘ਮੈਨੂੰ ਯਕੀਨ ਹੈ ਕਿ ਤੁਸੀਂ ਇਸ ਘਟਨਾ ’ਤੇ ਚੌਕਸੀ ਰੱਖ ਰਹੇ ਹੋਵੋਗੇ, ਪਰ ਮੈਂ, ਹੱਥ ਜੋੜ ਕੇ, ਉਨ੍ਹਾਂ ਔਰਤਾਂ ਦੀ ਇੱਜ਼ਤ ਅਤੇ ਸਨਮਾਨ ਦੀ ਰੱਖਿਆ ਲਈ ਤੁਹਾਡੇ ਤੋਂ ਮਦਦ ਦੀ ਆਸ ਕਰਦਾ ਹਾਂ। ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ।’’

ਦਿੱਲੀ ਆਰਡੀਨੈਂਸ ਨੂੰ ਰਾਜ ਸਭਾ ਵਿੱਚ ਪੇਸ਼ ਕਰਨਾ ਨਾਜਾਇਜ਼ : ਰਾਘਵ ਚੱਢਾ

ਬਿੱਲ ਪੇਸ਼ ਕੀਤੇ ਜਾਣ ਵਿਰੁੱਧ ਰਾਜ ਸਭਾ ਦੇ ਚੇਅਰਮੈਨ ਨੂੰ ਲਿਖਿਆ ਪੱਤਰ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 23 ਜੁਲਾਈ: ਆਮ ਆਦਮੀ ਪਾਰਟੀ ਨੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ (ਸੋਧ) ਆਰਡੀਨੈਂਸ ਦੀ ਸਰਕਾਰ ਨੂੰ ਬਦਲਣ ਲਈ ਰਾਜ ਸਭਾ ਵਿੱਚ ਇੱਕ ਬਿੱਲ ਪੇਸ਼ ਕਰਨ ਦਾ ਸਖ਼ਤ ਵਿਰੋਧ ਕੀਤਾ ਹੈ। ਰਾਸ਼ਟਰਪਤੀ ਦੁਆਰਾ 19 ਮਈ, 2023 ਨੂੰ ਜਾਰੀ ਕੀਤਾ ਗਿਆ ਆਰਡੀਨੈਂਸ, ਦਿੱਲੀ ਵਿੱਚ ਲੋਕਤੰਤਰੀ ਅਤੇ ਲੋਕਤੰਤਰੀ ਤੌਰ ’ਤੇ ਜਵਾਬਦੇਹ ਸਰਕਾਰ ਦੇ ਮਾਡਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਕੇਂਦਰ ਦੁਆਰਾ ਪ੍ਰਸਤਾਵਿਤ ਬਿੱਲ ਦਾ ਉਦੇਸ਼ ਆਰਡੀਨੈਂਸ ਦੀਆਂ ਵਿਵਸਥਾਵਾਂ ਨੂੰ ਇੱਕ ਪੂਰੇ ਕਾਨੂੰਨ ਵਿੱਚ ਵਿਸਤਾਰ ਕਰਨਾ ਹੈ। ਇਸ ਕਦਮ ਦਾ ਵਿਰੋਧ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖਿਆ ਹੈ। ਆਪਣੇ ਪੱਤਰ ਵਿੱਚ, ਰਾਘਵ ਚੱਢਾ ਨੇ ਕਿਹਾ ਹੈ ਕਿ ‘11 ਮਈ 2023 ਨੂੰ, ਸੁਪਰੀਮ ਕੋਰਟ ਦੇ ਇੱਕ ਸੰਵਿਧਾਨਕ ਬੈਂਚ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਇੱਕ ਸੰਵਿਧਾਨਕ ਲੋੜ ਦੇ ਤੌਰ ’ਤੇ, ਦਿੱਲੀ ਦੀ N3“ ਸਰਕਾਰ ਵਿੱਚ ਸੇਵਾ ਕਰ ਰਹੇ ਸਿਵਲ ਕਰਮਚਾਰੀ ਸਰਕਾਰ ਦੀ ਚੁਣੀ ਹੋਈ ਸ਼ਾਖਾ,ਜਿਵੇਂ ਮੁੱਖ ਮੰਤਰੀ ਦੀ ਅਗਵਾਈ ਵਾਲੇ ਚੁਣੇ ਗਏ ਮੰਤਰੀ ਪਰਿਸ਼ਦ ਦੇ ਪ੍ਰਤੀ ਜਵਾਬਦੇਹ ਹਨ। ਜਵਾਬਦੇਹੀ ਦੀ ਇਹ ਕੜੀ ਸਰਕਾਰ ਦੇ ਲੋਕਤਾਂਤਰਿਕ ਅਤੇ ਲੋਕ ਪ੍ਰਿਆ ਰੂਪ ਦੇ ਅਨੁਸਾਰ ਜਵਾਬਦੇਹੀ ਮਾਡਲ ਲਈ ਅਹਿਮ ਮੰਨੀ ਗਈ ਸੀ।’ ਸਾਂਸਦ ਨੇ ਅੱਗੇ ਕਿਹਾ ਕਿ ਆਰਡੀਨੈਂਸ ਨੇ ਇੱਕ ਵਾਰ ਵਿੱਚ ਹੀ ਦਿੱਲੀ ਦੀ ਚੁਣੀ ਹੋਈ ਸਰਕਾਰ ਤੋਂ ਇਹ ਨਿਯੰਤਰਣ ਵਾਪਸ ਲੈ ਕੇ ਅਤੇ ਅਣਚੁਣੇ ਐਲਜੀ ਨੂੰ ਸੌਂਪ ਕੇ ਇਸ ਮਾਡਲ ਨੂੰ ਤੋੜ ਦਿੱਤਾ ਹੈ। “ਆਰਡੀਨੈਂਸ ਦਾ ਡਿਜ਼ਾਇਨ ਸਪੱਸ਼ਟ ਹੈ, ਯਾਨੀ ਦਿੱਲੀ ਦੀ N3“ ਸਰਕਾਰ ਨੂੰ ਸਿਰਫ਼ ਆਪਣੀ ਚੁਣੀ ਹੋਈ ਬਾਂਹ ਤੱਕ ਸੀਮਤ ਕਰਨਾ – ਦਿੱਲੀ ਦੇ ਲੋਕਾਂ ਦੇ ਫ਼ਤਵੇ ਦਾ ਆਨੰਦ ਲੈਣਾ, ਪਰ ਉਸ ਫ਼ਤਵੇ ਨੂੰ ਪੂਰਾ ਕਰਨ ਲਈ ਜ਼ਰੂਰੀ ਗਵਰਨਿੰਗ ਮਸ਼ੀਨਰੀ ਤੋਂ ਵਾਂਝਾ ਕਰਨਾ। ਇਸ ਨੇ 7N3“4 ਨੂੰ ਪ੍ਰਸ਼ਾਸਨ ਦੇ ਸੰਕਟ ਵਿੱਚ ਪਾ ਦਿੱਤਾ ਹੈ, ਰੋਜ਼ਾਨਾ ਸ਼ਾਸਨ ਨੂੰ ਖਤਰੇ ਵਿੱਚ ਪਾ ਰਿਹਾ ਹੈ ਅਤੇ ਚੁਣੀ ਹੋਈ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਸਿਵਲ ਸੇਵਾ ਦੇ ਹੁਕਮਾਂ ਨੂੰ ਉਕਸਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।‘ ਰਾਘਵ ਚੱਢਾ ਨੇ ਪ੍ਰਸਤਾਵਿਤ ਬਿੱਲ ਸਪੱਸ਼ਟ ਤੌਰ ’ਤੇ ਗੈਰ-ਸੰਵਿਧਾਨਕ ਹੋਣ ਦੇ ਤਿੰਨ ਬੁਨਿਆਦੀ ਕਾਰਨਾਂ ਨੂੰ ਵੀ ਉਜਾਗਰ ਕੀਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ਸੰਸਦ ਦੁਆਰਾ ਬਣਾਏ ਗਏ ਕਿਸੇ ਵੀ ਕਾਨੂੰਨ ਨੂੰ ਧਾਰਾ 239ਏਏ ਦੇ ਉਪਬੰਧਾਂ ਨੂੰ “ਪੂਰਕ” ਕਰਨਾ ਚਾਹੀਦਾ ਹੈ ਅਤੇ ਉਹਨਾਂ ਵਿਵਸਥਾਵਾਂ ਦੇ ਅਨੁਸਾਰੀ ਜਾਂ ਨਤੀਜੇ ਵਜੋਂ ਮਾਮਲਿਆਂ ਦੇ ਦਾਇਰੇ ਵਿੱਚ ਰਹਿਣਾ ਚਾਹੀਦਾ ਹੈ। ਇਸ ਲਈ, ਧਾਰਾ 239ਏਏ ਦੇ ਉਲਟ ਵਿਵਸਥਾਵਾਂ ਵਾਲੇ ਪ੍ਰਸਤਾਵਿਤ ਬਿੱਲ ਵਿੱਚ ਜਾਇਜ਼ ਵਿਧਾਨਕ ਯੋਗਤਾ ਦੀ ਘਾਟ ਹੈ ਅਤੇ ਇਹ ਗੈਰ-ਸੰਵਿਧਾਨਕ ਹੈ।’ਆਪ’ ਸੰਸਦ ਮੈਂਬਰ ਨੇ ਰਾਜ ਸਭਾ ਦੇ ਸਭਾਪਤੀ ਨੂੰ ਅਪੀਲ ਕੀਤੀ ਕਿ ਉਹ ਬਿੱਲ ਨੂੰ ਪੇਸ਼ ਕਰਨ ’ਤੇ ਰੋਕ ਲਗਾਉਣ ਅਤੇ ਸੰਵਿਧਾਨ ਦੀ ਰੱਖਿਆ ਅਤੇ ਦਿੱਲੀ ਵਿਚ ਲੋਕਤੰਤਰੀ ਸ਼ਾਸਨ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਸਰਕਾਰ ਨੂੰ ਇਸ ਨੂੰ ਵਾਪਸ ਲੈਣ ਲਈ ਨਿਰਦੇਸ਼ ਦੇਣ।

ਇਸਤਰੀ ਅਕਾਲੀ ਦਲ ਦੇ ਪ੍ਰਧਾਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਏ ਨਤਮਸਤਕ

0

ਪੰਜਾਬ ’ਚੋਂ ਸਰਕਾਰ ਲਾਪਤਾ, ਹੜ੍ਹ ਪੀੜਤ ਆਪਣੇ ਹਾਲ ’ਤੇ ਛੱਡੇ: ਹਰਗੋਬਿੰਦ ਕੌਰ
ਪੰਜਾਬੀ ਖ਼ਬਰਸਾਰ ਬਿਉਰੋ
ਤਲਵੰਡੀ ਸਾਬੋ, 23 ਜੁਲਾਈ: ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਅੱਜ ਇਥੇ ਕਿਹਾ ਕਿ ਜਦੋਂ ਪੰਜਾਬ ਵਿਚ ਵੱਡਾ ਇਲਾਕਾ ਪਾਣੀ ਦੀ ਮਾਰ ਹੇਠ ਹੈ ਤਾਂ ਭਗਵੰਤ ਮਾਨ ਤੇ ਕੇਜਰੀਵਾਲ ਹਵਾਈ ਜਹਾਜ਼ ਰਾਹੀਂ ਕਰਨਾਟਕਾ ਤੇ ਦੇਸ਼ ਦੇ ਹੋਰ ਭਾਗਾਂ ਦੇ ਦੌਰੇ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਇਸ ਗੱਲ ਤੋਂ ਹੈਰਾਨ ਹਨ ਕਿ ਹੁਣ ਲੋਕਾਂ ਦਾ ਚੁਣਿਆ ਮੁੱਖ ਮੰਤਰੀ ਕਿਥੇ ਹੈ ਜਿਸਨੂੰ ਫੋਨ ’ਤੇ ਕੀਤੇ ਸਰਵੇਖਣ ਮਗਰੋਂ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ ? ਉਹ ਹਾਸ ਕਲਾਕਾਰ ਵਜੋਂ ਵਿਚਰ ਰਹੇ ਹਨ ਤੇ ਇਕ ਤੋਂ ਬਾਅਦ ਇਕ ਸਟੇਜ ’ਤੇ ਚੁਟਕਲੇ ਸੁਣਾ ਰਹੇ ਹਨ ਜਦੋਂ ਕਿ ਲੋਕ ਹੜ੍ਹਾਂ ਨਾਲ ਵਿਆਪਕ ਤਬਾਹੀ ਦਾ ਮੰਜ਼ਰ ਝੱਲ ਰਹੇ ਹਨ। ਇਸਤਰੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਅਤੇ ਉਹਨਾਂ ਦੀ ਸਰਕਾਰ ਨੇ ਇਹਨਾਂ ਹੜ੍ਹਾਂ ਵਿਚ ਜਾਂ ਵੈਸੇ ਵੀ ਜ਼ਮੀਨੀ ਪੱਧਰ ’ਤੇ ਕੀ ਕੰਮ ਕੀਤਾ ਹੈ।ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬਣਨ ਮਗਰੋਂ ਹਰਗੋਬਿੰਦ ਕੌਰ ਪਹਿਲੀ ਵਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣ ਆਏ ਸਨ। ਉਹਨਾਂ ਖਾਲਸਾ ਪੰਥ, ਪੰਜਾਬ ਤੇ ਪਾਰਟੀ ਦੀ ਚੜ੍ਹਦੀਕਲਾ ਵਾਸਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ।ਇਸ ਮੌਕੇ ਵੱਡੀ ਗਿਣਤੀ ਵਿਚ ਇਸਤਰੀ ਅਕਾਲੀ ਦਲ ਦੇ ਵਰਕਰਾਂ ਨੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਦਾ ਸਵਾਗਤ ਕੀਤਾ। ਉਹਨਾਂ ਦਾ ਤਖਤ ਸਾਹਿਬ ਕੰਪਲੈਕਸ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਵੀ ਸਨਮਾਨ ਕੀਤਾ।ਇਸਤਰੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕਰਦਿਆਂ ਬੀਬੀ ਹਰਗੋਬਿੰਦ ਕੌਰ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ’ਤੇ ਵਿਸ਼ਵਾਸ ਪ੍ਰਗਟਾਇਆ ਹੈ ਤੇ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਹੋਰ ਕਿਹਾ ਕਿ ਉਹ ਪਾਰਟੀ ਦੇ ਸਾਰੇ ਮਹਿਲਾ ਕੇਡਰਾਂ ਨਾਲ ਸੰਪਰਕ ਕਰਨਗੇ ਤੇ ਉਹਨਾਂ ਦੀ ਗੱਲ ਸੁਣਨ ਉਪਰੰਤ ਹੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਕ ਵਾਰ ਸਾਡਾ ਜਥੇਬੰਦਕ ਢਾਂਚਾ ਪੂਰਾ ਹੋ ਗਿਆ ਤਾਂ ਫਿਰ ਕੋਈ ਵੀ ਤਾਕਤ ਸਾਨੂੰ ਸਫਲ ਹੋਣ ਤੋਂ ਨਹੀਂ ਰੋਕ ਸਕੇਗੀ।

ਭਾਖੜਾ ਡੈਮ ਦੇ ਦੌਰੇ ਤੋਂ ਬਾਅਦ ਮੁੱਖ ਮੰਤਰੀ ਦੀ ਲੋਕਾਂ ਨੂੰ ਅਪੀਲ; “ਘਬਰਾਉਣ ਦੀ ਲੋੜ ਨਹੀਂ, ਹਾਲਾਤ ਕਾਬੂ ਹੇਠ”

0

ਸੂਬਾ ਸਰਕਾਰ ਸਥਿਤੀ ਉਤੇ ਸਖ਼ਤੀ ਨਾਲ ਨਜ਼ਰ ਰੱਖ ਰਹੀ ਹੈ ਅਤੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ
ਪੰਜਾਬੀ ਖ਼ਬਰਸਾਰ ਬਿਉਰੋ
ਨੰਗਲ, 23 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਖਿਆ ਕਿ ਡੈਮਾਂ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਅਤੇ ਸੂਬਾ ਸਰਕਾਰ ਸਮੁੱਚੀ ਸਥਿਤੀ ਉਤੇ ਨਿਰੰਤਰ ਨਜ਼ਰ ਰੱਖ ਰਹੀ ਹੈ ਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ।ਬਰਸਾਤ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਥੇ ਪੁੱਜੇ ਮੁੱਖ ਮੰਤਰੀ ਨੇ ਸੂਬਾ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਵੱਡੀ ਰਾਹਤ ਦੀ ਗੱਲ ਹੈ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ, ਇਸ ਲਈ ਡੈਮ ਤੋਂ ਪਾਣੀ ਛੱਡਣ ਦੀ ਫੌਰੀ ਲੋੜ ਨਹੀਂ ਹੈ। ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਭਾਖੜਾ ਡੈਮ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ, ਜਦੋਂ ਕਿ 23 ਜੁਲਾਈ ਨੂੰ ਡੈਮ ਵਿੱਚ ਪਾਣੀ ਦਾ ਪੱਧਰ 1653 ਫੁੱਟ ਸੀ।ਮੁੱਖ ਮੰਤਰੀ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਉਨ੍ਹਾਂ ਅਧਿਕਾਰੀਆਂ ਨੂੰ ਪਾਣੀ ਦੇ ਪੱਧਰ ਬਾਰੇ ਬਾਕਾਇਦਾ ਲੋਕਾਂ ਨੂੰ ਜਾਣਕਾਰੀ ਦੇਣ ਲਈ ਆਖਿਆ ਤਾਂ ਕਿ ਕੋਈ ਗਲਤਫਹਿਮੀ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਰਾਹਤ ਵਾਲੀ ਗੱਲ ਹੈ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੀਂਹ ਨਾ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਪਾਣੀ ਦਾ ਪੱਧਰ ਹੋਰ ਘਟੇਗਾ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਧਿਕਾਰੀਆਂ ਕੋਲੋਂ ਪੁਸ਼ਟੀ ਕੀਤੇ ਬਿਨਾਂ ਡੈਮਾਂ ਦੇ ਫਲੱਡ ਗੇਟ ਖੋਲ੍ਹਣ ਜਾਂ ਹੜ੍ਹਾਂ ਸਬੰਧੀ ਅਫ਼ਵਾਹਾਂ ਉਤੇ ਬਿਲਕੁੱਲ ਵਿਸ਼ਵਾਸ ਨਾ ਕੀਤਾ ਜਾਵੇ।ਮੁੱਖ ਮੰਤਰੀ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਹੜ੍ਹਾਂ ਬਾਰੇ ਫ਼ਰਜ਼ੀ ਖ਼ਬਰਾਂ ਚਲਾ ਕੇ ਦਹਿਸ਼ਤ ਪੈਦਾ ਕਰਨ ਦੀ ਥਾਂ ਉਸਾਰੂ ਭੂਮਿਕਾ ਨਿਭਾਏ। ਉਨ੍ਹਾਂ ਕਿਹਾ ਕਿ 9, 10 ਤੇ 11 ਜੁਲਾਈ ਨੂੰ ਇਸ ਖ਼ਿੱਤੇ ਵਿੱਚ ਭਾਰੀ ਬਾਰਸ਼ ਹੋਈ, ਜਿਹੜੀ ਪਿਛਲੇ ਇਕ ਮਹੀਨੇ ਵਿੱਚ ਹੋਈ ਕੁੱਲ ਬਾਰਸ਼ ਨਾਲੋਂ ਕਿਤੇ ਵੱਧ ਸੀ। ਭਗਵੰਤ ਮਾਨ ਨੇ ਕਿਹਾ ਕਿ ਸਮੁੱਚੀ ਸਥਿਤੀ ਉਤੇ ਮੁਕੰਮਲ ਨਜ਼ਰ ਰੱਖਣ ਲਈ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ।ਇਸ ਗੰਭੀਰ ਸਥਿਤੀ ਵਿੱਚ ਵੀ ਸਿਆਸਤ ਕਰਨ ਲਈ ਸਿਆਸੀ ਵਿਰੋਧੀਆਂ `ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਨਹਿਰਾਂ ਦੀ ਸਫ਼ਾਈ ਤੱਕ ਹਰ ਖੇਤਰ ਵਿੱਚ ਜ਼ਿਕਰਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਸਿੰਜਾਈ ਅਤੇ ਡਰੇਨੇਜ਼ ਵਿਭਾਗ ਭ੍ਰਿਸ਼ਟ ਨੇਤਾਵਾਂ ਅਤੇ ਉਨ੍ਹਾਂ ਦੀਆਂ ਕਠਪੁਤਲੀਆਂ ਲਈ ‘ਕਮਾਊ ਪੁੱਤ’ ਬਣ ਕੇ ਰਹਿ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਡਰੇਨੇਜ਼ ਅਤੇ ਸਿੰਜਾਈ ਵਿਭਾਗ ਦਾ ਪੈਸਾ ਆਪਣੇ ਸਵਾਰਥਾਂ ਲਈ ਹੜੱਪ ਲਿਆ। ਉਨ੍ਹਾਂ ਕਿਹਾ ਕਿ ਵਿਜੀਲੈਂਸ ਪਹਿਲਾਂ ਹੀ ਇਸ ਵਿਭਾਗ ਵਿੱਚ ਵੱਡੇ ਘਪਲੇ ਦੀ ਜਾਂਚ ਕਰ ਰਿਹਾ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਵੇਂ ਸਹੀ ਰਕਮ ਦਾ ਹਿਸਾਬ ਲਗਾਇਆ ਜਾਣਾ ਬਾਕੀ ਹੈ ਪਰ ਹੜ੍ਹਾਂ ਕਾਰਨ ਸੂਬੇ ਨੂੰ ਲਗਪਗ ਇਕ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨੁਕਸਾਨ ਦਾ ਜ਼ਮੀਨੀ ਮੁਲਾਂਕਣ ਸਥਿਤੀ `ਤੇ ਕਾਬੂ ਪਾਉਣ ਤੋਂ ਬਾਅਦ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਕ-ਇਕ ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਹੋਏ ਨੁਕਸਾਨ ਦੀ ਵਿਸਥਾਰਤ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਸੂਬੇ ਲਈ ਮੁਕੰਮਲ ਰਾਹਤ ਪੈਕੇਜ ਦੀ ਮੰਗ ਕੀਤੀ ਜਾਵੇਗੀ।ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਪਹਿਲਾਂ ਹੀ ਇੱਕ ਖਾਕਾ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨਹਿਰਾਂ ਦੀ ਚੈਨਲਾਈਜੇਸ਼ਨ ਯਕੀਨੀ ਬਣਾਈ ਜਾਵੇਗੀ ਅਤੇ ਪਾਣੀ ਦੀ ਸੁਚੱਜੀ ਵਰਤੋਂ ਲਈ ਨਵੀਂ ਨਹਿਰ ਦੀ ਉਸਾਰੀ ਦਾ ਪ੍ਰਸਤਾਵ ਵੀ ਤਿਆਰ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪਾਣੀ ਦੇ ਕੁਦਰਤੀ ਵਹਾਅ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਨੱਕੋ-ਨੱਕ ਭਰੀਆਂ ਨਹਿਰਾਂ ਦੀ ਸਫ਼ਾਈ ਨੂੰ ਵੀ ਸੂਬਾ ਸਰਕਾਰ ਵੱਲੋਂ ਪਹਿਲੀ ਤਰਜੀਹ ਦਿੱਤੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜ਼ਮੀਨੀ ਪੱਧਰ `ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਵਿਆਪਕ ਦੌਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਬਾਰਿਸ਼ ਨਾਲ ਪ੍ਰਭਾਵਿਤ ਖੇਤਰਾਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਉਣ ਲਈ ਵਿਸਤ੍ਰਿਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਫਸਲਾਂ, ਘਰਾਂ, ਪਸ਼ੂਆਂ ਅਤੇ ਹੋਰ ਨੁਕਸਾਨ ਦਾ ਪਹਿਲ ਦੇ ਆਧਾਰ `ਤੇ ਪਤਾ ਲਾਇਆ ਜਾ ਸਕੇ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਕੁਦਰਤ ਦੇ ਕਹਿਰ ਤੋਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਲੋਕਾਂ ਦੀ ਮਦਦ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਆਖਰੀ ਵਿਅਕਤੀ ਤੱਕ ਵੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਵੀ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਦੇਣ ਲਈ ਆਪਣੇ-ਆਪਣੇ ਇਲਾਕਿਆਂ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਖੇਤਾਂ ਵਿੱਚ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਕਿਸਾਨਾਂ ਨੂੰ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਪਨੀਰੀ ਮੁਹੱਈਆ ਕਰਵਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਪਹਿਲਾਂ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪਨਸੀਡ, ਖੇਤੀਬਾੜੀ ਵਿਭਾਗ ਅਤੇ ਹੋਰਨਾਂ ਨੂੰ ਇਨ੍ਹਾਂ ਕਿਸਮਾਂ ਦੀ ਪਨੀਰੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦੇ ਚੁੱਕੇ ਹਨ।ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਨੰਗਲ ਅਤੇ ਕੰਢੀ ਖੇਤਰ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਵਿਸ਼ਵ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਆਦਰਸ਼ ਸੈਰ-ਸਪਾਟਾ ਸਥਾਨਾਂ ਵਜੋਂ ਵਿਕਸਤ ਕਰਨ ਲਈ ਸਖ਼ਤ ਯਤਨ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੀ ਵੱਡੀ ਸੰਭਾਵਨਾ ਹੈ, ਜਿਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਰਾਜ ਸਰਕਾਰਾਂ ਦੀ ਅਣਗਹਿਲੀ ਕਾਰਨ ਵਿਕਾਸ ਦੀ ਰਫ਼ਤਾਰ ਵਿੱਚ ਇਨ੍ਹਾਂ ਖੇਤਰਾਂ ਨੂੰ ਹੁਣ ਤੱਕ ਅਣਗੌਲਿਆ ਕੀਤਾ ਗਿਆ ਹੈ ਪਰ ਸੂਬਾ ਸਰਕਾਰ ਇਨ੍ਹਾਂ ਖੇਤਰਾਂ ਵਿੱਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਅਥਾਹ ਕੁਦਰਤੀ ਸੁੰਦਰਤਾ ਵਾਲੇ ਸਥਾਨਾਂ ਵੱਲ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ।ਮੁੱਖ ਮੰਤਰੀ ਨੇ ਭਾਖੜਾ ਡੈਮ ਦਾ ਵੀ ਦੌਰਾ ਕੀਤਾ ਅਤੇ ਡੈਮ ਵਿੱਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਡੈਮ ਦੀ ਉਸਾਰੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।ਮੁੱਖ ਮੰਤਰੀ ਨਾਲ ਕੈਬਨਿਟ ਮੰਤਰੀ ਹਰਜੋਤ ਬੈਂਸ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ, ਸਕੱਤਰ ਸਿੰਜਾਈ ਵਿਭਾਗ ਕ੍ਰਿਸ਼ਨ ਕੁਮਾਰ ਤੇ ਹੋਰ ਹਾਜ਼ਰ ਸਨ।

ਪੰਜਾਬ ਪੁਲਿਸ ਨੇ ਫਾਜ਼ਿਲਕਾ ਤੋਂ 20 ਕਿਲੋ ਹੈਰੋਇਨ ਕੀਤੀ ਬਰਾਮਦ; ਦੋ ਗ੍ਰਿਫ਼ਤਾਰ

ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਪੰਜਾਬੀ ਖ਼ਬਰਸਾਰ ਬਿਉਰੋ
ਫਿਰੋਜ਼ਪੁਰ, 23 ਜੁਲਾਈ:ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਐਤਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਰਹੱਦ ਪਾਰੋਂ ਤਸਕਰੀ ਕਰਨ ਵਾਲਿਆਂ ਨੂੰ ਵੱਡਾ ਝਟਕਾ ਦਿੰਦਿਆਂ , ਪੰਜਾਬ ਪੁਲਿਸ ਨੇ ਦੋ ਵਿਅਕਤੀਆਂ ਨੂੰ 20 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਉਪਰੰਤ ਪਾਕਿਸਤਾਨ ਸਥਿਤ ਤਸਕਰਾਂ ਦੀ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨੇਸਤੇ-ਨਾਬੂਤ ਕਰ ਦਿੱਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫਾਜ਼ਿਲਕਾ ਦੇ ਲਖਮੀਰ ਕੇ ਉਤਾੜ ਦੇ ਰਹਿਣ ਵਾਲੇ ਸੁਬੇਗ ਸਿੰਘ ਅਤੇ ਫਾਜ਼ਿਲਕਾ ਦੇ ਪਿੰਡ ਮਾਨਸਾ ਦੇ ਸੰਦੀਪ ਸਿੰਘ ਉਰਫ ਸੀਪਾ ਵਜੋਂ ਹੋਈ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਨੇ ਪਾਕਿ ਸਥਿਤ ਤਸਕਰਾਂ ਵੱਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਲਿਆਉਣ ਦੀ ਕੋਸ਼ਿਸ਼ ਸਬੰਧੀ ਖ਼ੁਫ਼ੀਆ ਇਤਲਾਹ ਦਿੱਤੀ ਸੀ ਅਤੇ ਇਸੇ ਸੂਚਨਾ ਦੇ ਆਧਾਰ ’ਤੇ ਐਸ.ਐਸ.ਓ.ਸੀ. ਫਾਜ਼ਿਲਕਾ ਦੀਆਂ ਪੁਲੀਸ ਟੀਮਾਂ ਨੇ ਫਾਜ਼ਿਲਕਾ ਦੇ ਪਿੰਡ ਰਾਣੋ ਨੇੜੇ ਹਸਤੇ ਕੇ ਰੋਡ ’ਤੇ ਇੱਕ ਵਿਆਪਕ ਕਾਰਵਾਈ ਕੀਤੀ, ਜਿੱਥੇ ਉਕਤ ਮੁਲਜ਼ਮਾਂ ਦੇ ਸਰਹੱਦ ਤੋਂ ਡਰੋਨ ਰਾਹੀਂ ਸੁੱਟੀ ਨਸ਼ੇ ਦੀ ਖੇਪ ਪ੍ਰਾਪਤ ਕਰ ਕਰਕੇ ਲੰਘਣ ਦਾ ਖ਼ਦਸ਼ਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨੂੰ ਦੇਖ ਕੇ ਮੁਲਜ਼ਮਾਂ ਨੇ ਮੌਕੇ ਤੋਂ ਆਪਣੇ ਮੋਟਰਸਾਈਕਲ ’ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਟੀਮ ਨੇ ਥੋੜ੍ਹੇ ਹੀ ਹੱਥੋ-ਪਾਈ ਤੋਂ ਬਾਅਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਦੋਸ਼ੀਆਂ ਕੋਲੋਂ 10 ਪੈਕਟਾਂ ਵਿਚ ਕੁੱਲ 20 ਕਿਲੋ ਹੈਰੋਇਨ ਬਰਾਮਦ ਕੀਤੀ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਿਸ (ਏ.ਆਈ.ਜੀ.) ਐਸ.ਐਸ.ਓ.ਸੀ. ਫਾਜ਼ਿਲਕਾ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਮਾਡਿਊਲ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।ਥਾਣਾ ਐਸ.ਐਸ.ਓ.ਸੀ ,ਫਾਜ਼ਿਲਕਾ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21(ਸੀ), 23 ਅਤੇ 29 ਅਧੀਨ ਮੁਕੱਦਮਾ ਨੰਬਰ 24 ਮਿਤੀ 23.07.2023 ਨੂੰ ਦਰਜ ਕੀਤਾ ਗਿਆ ਹੈ।

ਸਿਖਿਆ ਵਿਭਾਗ ਵੱਲੋਂ ਕਲਰਕਾਂ ਦੀਆਂ ਪਦ ਉਨਤੀਆਂ ਕਰਨ ਦੀ ਮੰਗ: ਪੀ ਐੱਸ ਐੱਮ ਐੱਸ ਯੂ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 23 ਜੁਲਾਈ: ਪੰਜਾਬ ਸਕੂਲ ਮਨਿਸਟੀਰੀਅਲ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਵੀਰ ਸਿੰਘ ਮਲੂਕਾ ਅਤੇ ਜਨਰਲ ਸਕੱਤਰ ਲਾਲ ਸਿੰਘ ਰੱਲਾ ਨੇ ਸਿੱਖਿਆ ਵਿਭਾਗ ਪੰਜਾਬ ਮੋਹਾਲੀ ਦੇ ਮੁੱਖ ਦਫਤਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਦੇ ਯੋਗ ਉਮੀਦਵਾਰਾਂ ਦੀਆਂ ਪਦ ਉਨਤੀਆਂ ਨਾ ਕਰਨ ਦਾ ਵਿਰੋਧ ਕੀਤਾ ਹੈ।੍ਓਹਨਾ ਕਿਹਾ ਕਿ ਇਸ ਕਾਰਨ ਕਲੇਰੀਕਲ ਕਾਮਿਆਂ ਵਿਚ ਬੇਚੈਨੀ ਪਾਈ ਜਾ ਰਹੀ ਹੈ, ਜਿਸਦੇ ਚੱਲਦੇ ਜੇਕਰ ਜਲਦ ਪਦ ਉਨਤੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਕੀਤਾ ਜਾਵੇਗਾ। ਯੂਨੀਅਨ ਦੇ ਜ਼ਿਲ੍ਹਾ ਆਗੂਆਂ ਵਿੱਤ ਸਕੱਤਰ ਗੁਰਵਿੰਦਰ ਸਿੰਘ ਬਰਾੜ, ਵਰਿੰਦਰ ਕੁਮਾਰ ਭੁੱਚੋ, ਕਰਨੈਲ ਸਿੰਘ ਪੱਕਾ, ਸ਼ਮਿੰਦਰ ਨਥਾਣਾ ਅੰਗਰੇਜ਼ ਸਿੰਘ ਜੀਦਾ, ਗੁਰਤੇਜ ਸਿੰਘ ਨੇ ਕਿਹਾ ਕਿ ਸੂਬਾ ਕਮੇਟੀ ਜੋ ਵੀ ਸੰਘਰਸ਼ ਦਾ ਐਲਾਨ ਕਰੇਗੀ, ਬਠਿੰਡਾ ਜ਼ਿਲ੍ਹਾ ਸੂਬਾ ਕਮੇਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ। ਸਮੂਹ ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆਂ ਵਿਭਾਗ ਦੇ ਸਮੂਹ ਕਲੈਰੀਕਲ ਦੀਆਂ ਵੱਖ ਵੱਖ ਕੈਟਾਗਰੀ ਚ ਰੁਕੀਆਂ ਹੋਈਆਂ ਪਦ ਉਨਤੀਆਂ ਜਲਦ ਤੋਂ ਜਲਦ ਕੀਤੀਆਂ ਜਾਣ। ਉਹਨਾਂ ਕਿਹਾ ਪੰਜਾਬ ਭਰ ਵਿੱਚ ਕਲੈਰੀਕਲ ਕਰਮਚਾਰੀ ਆਪਣੀ ਤਰੱਕੀ ਉਡੀਕਦੇ 58 ਸਾਲ ਦੀ ਸੇਵਾ ਪੂਰੀ ਹੋਣ ਉਪਰੰਤ ਬਿਨਾਂ ਤਰੱਕੀ ਕਲਰਕ ਹੀ ਰਿਟਾਇਰ ਹੋ ਰਹੇ ਹਨ।

ਕਿਰਤੀ ਕਿਸਾਨ ਯੂਨੀਅਨ ਨੇ ਮਨੀਪੁਰ ਸੂਬੇ ਵਿੱਚ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 23 ਜੁਲਾਈ: ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਦੇ ਆਗੂ ਸੁਖਜਿੰਦਰ ਕੌਰ ਗੋਬਿੰਦਪੁਰਾ, ਪਿੰਡ ਭੁੱਚੋ ਖੁਰਦ ਕਮੇਟੀ ਦੇ ਸਕੱਤਰ ਭਿੰਦਰ ਕੌਰ, ਪਿੰਡ ਭੁਚੋ ਖੁਰਦ ਦੇ ਪ੍ਰਧਾਨ ਕਿਸਾਨ ਆਗੂ ਰਣਜੀਤ ਸਿੰਘ ਸੰਧੂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਹਨੀ ਨੇ ਮਣੀਪੁਰ ਸੁਬੇ ਵਿੱਚ ਦੋ ਔਰਤਾਂ ਨੂੰ ਪਿੰਡ ਵਿੱਚ ਨਗਨ ਪਰੇਡ ਕਰਕੇ ਘੁਮਾਉਣ ਦੀ ਸਖ਼ਤ ਸਬਦਾਂ ਵਿਚ ਨਿੰਦਾ ਕਰਦਿਆਂ ਦੋਸ਼ ਲਗਾਇਆ ਕਿ ਮਣੀਪੁਰ ਦੀ ਸਰਕਾਰ ਔਰਤਾਂ ਦੀ ਸੁਰੱਖਿਆ ਵਿੱਚ ਫੇਲ ਰਹੀ ਹੈ। ਇਸ ਘਟਨਾ ਨੇ ਦੇਸ਼ ਨੂੰ ਸ਼ਰਮਨਾਕ ਕਰ ਦਿੱਤਾ ਹੈ, ਤੇ ਅੱਜ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਲੈ ਕੇ ਚਿੰਤਾ ਵਾਲੀ ਗੱਲ ਹੈ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾਂ ਵਿੱਚ ਲੋਕਾਂ ਨੂੰ ਬੇਟੀ ਪੜਾਓ ਤੇ ਬੇਟੀ ਬਚਾਓ ਦਾ ਨਾਅਰਾ ਦਿੰਦੇ ਹਨ ਪਰ ਅੱਜ ਦੇਸ਼ ਵਿੱਚ ਨਾ ਤਾਂ ਬੇਟੀ ਪੜ੍ਹਾਈ ਜਾ ਰਹੀ ਅਤੇ ਨਾ ਹੀ ਬੇਟੀ ਬਚਾਈ ਜਾ ਰਹੀ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਤੋਂ ਝਾਕ ਛੱਡ ਕੇ ਲੋਕਾਂ ਨੂੰ ਆਪਣੀ ਰੱਖਿਆ ਆਪ ਕਰਨੇ ਪਵੇਗੀ ਦਾ ਨਾਅਰਾ ਬੁਲੰਦ ਕਰਨਾ ਸਮੇਂ ਦੀ ਮੁੱਖ ਲੋੜ ਹੈ ਤੇ ਉਨ੍ਹਾਂ ਦੇਸ਼ ਸਮੁੱਚੀਆਂ ਔਰਤਾਂ ਨੂੰ ਜਥੇਬੰਦ ਹੋਣ ਦਾ ਸੱਦਾ ਦਿੱਤਾ ਹੈ।