Home Blog Page 2064

ਰਾਮਾ ਮੰਡੀ ਨਗਰ ਕੋਂਸਲ ਦੇ ਕਾਂਗਰਸੀ ਪ੍ਰਧਾਨ ਵਿਰੁਧ ਕੋਂਸਲਰਾਂ ਵਲੋਂ ਬੇਭਰੋਸਗੀ ਦਾ ਮਤਾ ਪਾਸ

0

ਕਾਂਗਰਸੀ ਕੋਂਸਲਰ ਨੂੰ ਪੁਲਿਸ ਵਲੋਂ ਮੀਟਿੰਗ ਤੋਂ ਪਹਿਲਾਂ ਜਬਰੀ ਚੁੱਕਣ ਦੇ ਵਿਰੋਧ ’ਚ ਕਾਂਗਰਸੀਆਂ ਨੇ ਲਗਾਇਆ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ : ਜ਼ਿਲ੍ਹੇ ਅਧੀਨ ਆਉਂਦੀ ਨਗਰ ਕੌਂਸਲ ਰਾਮਾ ਮੰਡੀ ਦੇ ਕਾਂਗਰਸੀ ਪ੍ਰਧਾਨ ਵਿਰੁੱਧ ਬਹੁਸੰਮਤੀ ਨਾਲ ਕੋਂਸਲਰਾਂ ਨੇ ਬੇਭਰੋਸਗੀ ਦਾ ਮਤਾ ਪਾਸ ਕਰ ਦਿੱਤਾ। ਇਸ ਦੌਰਾਨ ਬੇਭਰੋਸਗੀ ਦੇ ਮਤੇ ਸਬੰਧੀ ਰੱਖੀ ਮੀਟਿੰਗ ਤੋਂ ਪਹਿ ਲਾਂ ਇੱਕ ਕਾਂਗਰਸੀ ਕੋਂਸਲਰ ਨੂੰ ਪੁਲਿਸ ਵਲੋਂ ਜਬਰੀ ਚੁੱਕਣ ਦੇ ਵਿਰੋਧ ਵਿਚ ਕਾਂਗਰਸ ਦੇ ਹਲਕਾ ਇੰਚਾਰਜ਼ ਖੁਸਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਕਾਂਗਰਸੀਆਂ ਵਲੋਂ ਸ਼ਹਿਰ ’ਚ ਰੋਸ ਪ੍ਰਰਦਸ਼ਨ ਕਰਦਿਆਂ ਥਾਣੇ ਅੱਗੇ ਧਰਨਾ ਦਿੱਤਾ। ਉਧਰ ਹਲਕਾ ਵਿਧਾਇਕ ਤੇ ਆਪ ਦੀ ਚੀਫ਼ ਵਿੱਪ ਬਲਜਿੰਦਰ ਕੌਰ ਨੇ ਦਾਅਵਾ ਕੀਤਾ ਕਿ ਸ਼ਹਿਰ ਦੇ ਵਿਕਾਸ ਲਈ ਜਲਦੀ ਹੀ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਸ ਮੁੱਦੇ ਨੂੰ ਲੈ ਕੇ ਅੱਜ ਸਾਰਾ ਦਿਨ ਹੀ ਰਾਮਾ ਮੰਡੀ ’ਚ ਗਹਿਮਾ-ਗਹਿਮੀ ਹੁੰਦੀ ਰਹੀ ਤੇ ਸਾਰਾ ਦਿਨ ਹੁੰਮਸ ਭਰੀ ਗਰਮੀ ਦੇ ਨਾਲ ਨਾਲ ਸਿਆਸੀ ਤਾਪਮਾਨ ਵੀ ਵਧਦਾ ਰਿਹਾ। ਦਸਣਾ ਬਣਦਾ ਹੈ ਕਿ ਨਗਰ ਕੋਂਸਲ ਵਿਚ ਕੁੱਲ 15 ਕੌਂਸਲਰ ਹਨ, ਜਿੰਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਸਬੰਧ ਸੀ ਪ੍ਰੰਤੂ ਮੌਜੂਦਾ ਸਮੇਂ ਵਿਚ 12 ਦੇ ਕਰੀਬ ਕੋਂਸਲਰ ਮੌਜੂਦਾ ਪ੍ਰਧਾਨ ਕ੍ਰਿਸਨ ਕੁਮਾਰ ਕਾਲਾ ਦੇ ਵਿਰੁਧ ਪਾਸਾ ਬਦਲ ਚੁੱਕੇ ਹਨ। ਬੇ ਭਰੋਸਗੀ ਦਾ ਮਤਾ ਪਾਸ ਕਰਨ ਲਈ ਨਗਰ ਕੌਂਸਲ ਦਫ਼ਤਰ ਦੇ ਮੀਟਿੰਗ ਹਾਲ ਵਿਚ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਹੋਈ ਕੌਂਸਲਰਾਂ ਦੀ ਮੀਟਿੰਗ ਵਿੱਚ 14 ਕੌਂਸਲਰ ਹਾਜਰ ਹੋਏ। ਇਸ ਦੌਰਾਨ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਕ੍ਰਿਸ਼ਨ ਕੁਮਾਰ ਕਾਲਾ ਦੇ ਵਿਰੁੱਧ ਕੌਂਸਲ ਦੇ ਕੁੱਲ 15 ਮੈਂਬਰਾਂ ਵਿਚੋਂ 12 ਮੈਂਬਰਾਂ ਜਿਨ੍ਹਾਂ ਵਿਚ ਤੇਲੂ ਰਾਮ ਲਹਿਰੀ, ਪ੍ਰਵੀਨ ਕੁਮਾਰ ਪੱਕਾ, ਸੰਜੀਵ ਕੁਮਾਰ ਪੱਪੂ, ਮਾਤਾ ਕਰਮਜੀਤ ਕੌਰ, ਸੁਨੀਤਾ ਰਾਣੀ ਬਾਂਸਲ, ਸੁਨੀਤਾ ਸ਼ਰਮਾ, ਗੀਤਾ ਰਾਣੀ, ਬੰਤ ਸਿੰਘ ਚੱਠਾ, ਕਿਰਨ ਨਾਗਰ, ਨਿਰਮਲਾ ਦੇਵੀ, ਗੋਲਡੀ ਰਾਣੀ ਅਤੇ ਰਕੇਸ਼ ਰਾਣੀ, ਵੱਲੋਂ ਬੇਭਰੋਸਗੀ ਦਾ ਮਤਾ ਪੇਸ਼ ਕਰਦਿਆਂ ਪਾਸ ਕਰ ਦਿੱਤਾ ਗਿਆ। ਜਦੋਂਕਿ ਕ੍ਰਿਸ਼ਨ ਕੁਮਾਰ ਕਾਲਾ ਦੇ ਪੱਖ ਵਿੱਚ ਸਿਰਫ਼ ਦੋ ਕੋਂਸਲਰ ਮਨੋਜ ਸਿੰਗੋ ਅਤੇ ਸਰਬਜੀਤ ਸਿੰਘ ਢਿੱਲੋ ਹੀ ਰਹਿ ਗਏ ਹਨ। ਇਸ ਦੌਰਾਨ ਅੱਜ ਸਵੇਰੇ ਪੁਲਿਸ ਵਲੋਂ ਕਥਿਤ ਤੌਰ ’ਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਸਰਬਜੀਤ ਸਿੰਘ ਢਿੱਲੋਂ ਨੂੰ ਉਸਦੇ ਘਰੋਂ ਹਿਰਾਸਤ ਵਿਚ ਲਿਆ ਗਿਆ। ਜਿਸਦੇ ਵਿਰੋਧ ਵਿਚ ਹਲਕਾ ਇੰਚਾਰਜ਼ ਖੁਸਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਵਲੋਂ ਮੰਡੀ ਦੇ ਗਾਂਧੀ ਚੌਂਕ ਵਿੱਚ ਧਰਨਾ ਲਾਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਦੱਬ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਮੌਕੇ ’ਤੇ ਬਠਿੰਡਾ ਤੋਂ ਪੁੱਜੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਨਾਲ ਹੀ ਕੋਂਸਲਰ ਦੇ ਪਿਤਾ ਵਲੋਂ ਸਬੰਧਤ ਪੁਲਿਸ ਮੁਲਾਜਮਾਂ ਅਤੇ ਹੋਰਨਾਂ ਵਿਰੁਧ ਸਿਕਾਇਤ ਵੀ ਦਿੱਤੀ। ਮੀਟਿੰਗ ਤੋਂ ਬਾਅਦ ਕੋਂਸਲਰ ਸਰਬਜੀਤ ਸਿੰਘ ਢਿੱਲੋਂ ਨੂੰ ਛੱਡ ਦਿੱਤਾ ਗਿਆ। ਇਸ ਦੌਰਾਨ ਹਲਕਾ ਇੰਚਾਰਜ਼ ਖੁਸਬਾਜ ਸਿੰਘ ਜਟਾਣਾ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਵਿਧਾਇਕ ਧੱਕੇ ਨਾਲ ਵਿਰੋਧੀ ਪਾਰਟਈਆਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਚੁੱਕ ਕੇ ਅਪਣੇ ਕਬਜ਼ੇ ਕਰ ਰਹੇ ਹਨ।

15 ਅਗਸਤ ਦੇ ਅਗਾਊਂ ਪ੍ਰਬੰਧਾਂ ਨੂੰ ਲੈ ਕੇ ਏਡੀਸੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

0

13 ਅਗਸਤ ਨੂੰ ਹੋਵੇਗੀ ਫੁੱਲ ਡਰੈਸ ਰਿਹਰਸਲ
ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਪਲਵੀ ਚੌਧਰੀ ਨੇ ਜ਼ਿਲ੍ਹਾ ਪੱਧਰ ’ਤੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਸੁਤੰਤਰਤਾ ਦਿਵਸ ਸਮਾਗਮ 15 ਅਗਸਤ ਦੇ ਅਗਾਊਂ ਪ੍ਰਬੰਧਾਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕਰਦਿਆਂ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪੋਂ-ਆਪਣੀਆਂ ਡਿਊਟੀਆਂ ਸੌਂਪਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮਾਗਮ ਵਾਲੇ ਦਿਨ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਐਂਬੂਲੈਸ ਤੇ ਡਾਕਟਰੀ ਟੀਮਾਂ ਦਾ ਖਾਸ ਪ੍ਰਬੰਧ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸ਼ਹਿਰ ਅੰਦਰਲੇ ਵੱਖ-ਵੱਖ ਚੌਂਕਾਂ ਦੀ ਸਜਾਵਟ ਕਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸੁਤੰਤਰਤਾ ਦਿਵਸ 15 ਅਗਸਤ 2023 ਦੇ ਮੱਦੇਨਜ਼ਰ 13 ਅਗਸਤ ਫੁੱਲ ਡਰੈਸ ਰਿਹਰਸਲ ਅਤੇ ਇਸ ਤੋਂ ਪਹਿਲਾਂ ਅਗਾਊਂ ਤਿਆਰੀਆਂ ਸਬੰਧੀ ਰੀਵਿਊ ਮੀਟਿੰਗ ਵੀ ਕੀਤੀ ਜਾਵੇਗੀ। ਮੀਟਿੰਗ ਵਿਚ ਏਡੀਸੀ (ਵਿਕਾਸ) ਮੈਡਮ ਲਵਜੀਤ ਕਲਸੀ, ਐਸ.ਡੀ.ਐਮ ਮੈਡਮ ਅਨਾਇਤ, ਆਰਟੀਏ ਰਾਜਦੀਪ ਸਿੰਘ ਬਰਾੜ, ਡੀਐਸਪੀ ਵਿਸ਼ਵਦੀਪ ਸਿੰਘ, ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

ਸਿਹਤ ਵਿਭਾਗ ਦੀ ਡਿਪਟੀ ਡਾਇਰੈਕਟਰ ਨੇ ਕੀਤਾ ਹਸਪਤਾਲਾਂ ਦਾ ਦੌਰਾ

0

ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ : ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਅੱਜ ਸਿਵਲ ਹਸਪਤਾਲ ਬਠਿੰਡਾ ਅਤੇ ਸਿਵਲ ਹਸਪਤਾਲ ਰਾਮਪੁਰਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਡਾ ਵੀਨਾ ਜਰੇਵਾਲ ਨੇ ਹੜ੍ਹਾਂ ਅਤੇ ਬਰਸਾਤ ਦੇ ਮੌਸਮ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਕੀਤੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਇਸੋ ਦੌਰੇ ਦੌਰਾਨ ਡਾ ਜਰੇਵਾਲ ਨੇ ਦਸਿਆ ਕਿ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਮਨਿੰਦਰਪਾਲ ਸਿੰਘ ਦੀ ਅਗਵਾਈ ਹੇਠਲੇ ਪ੍ਰਬੰਧਾਂ ਵਿਚ ਕਾਫ਼ੀ ਸੁਧਾਰ ਦੇਖਣ ਨੂੰ ਮਿਲਿਆ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੜ੍ਹਾਂ ਅਤੇ ਬਰਸਾਤਾਂ ਨਾਲ ਨਜਿੱਠਣ ਲਈ ਸਪੈਸ਼ਲ ਪ੍ਰਬੰਧ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦਫ਼ਤਰ ਸਿਵਲ ਸਰਜਨ ਵਿਖੇ ਹੜ੍ਹਾਂ ਅਤੇ ਬਰਸਾਤਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਸਬੰਧਿਤ ਸਟਾਫ਼ ਦੀ ਮੀਟਿੰਗ ਕੀਤੀ। ਇਸ ਦੌਰਾਨ ਸਿਵਲ ਸਰਜਨ ਡਾ ਤੇਜਵੰਤ ਸਿੰਘ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਅਤੇ ਹੜ੍ਹਾਂ ਦੀ ਸਥਿਤੀ ਦੇ ਮੱਦੇ ਨਜ਼ਰ ਸਿਹਤ ਵਿਭਾਗ ਵੱਲੋਂ ਸਿਹਤ ਸਬੰਧੀ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਉਹਨਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤੀ ਮੌਸਮ ਵਿੱਚ ਦੂਸ਼ਿਤ ਪਾਣੀ, ਮੱਛਰਾਂ ਅਤੇ ਮੱਖੀਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ, ਜਿਸ ਤੋਂ ਬਚਾਅ ਲਈ ਘਰਾਂ ਦੇ ਆਸ ਪਾਸ ਬਰਸਾਤ ਦਾ ਪਾਣੀ ਜਮਾਂ ਨਾ ਹੋਣ ਦਿੱਤਾ ਜਾਵੇ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੂੰ ਨੌਕਰੀ ਨਾਲ ਸਬੰਧਤ ਹੁਨਰ ਪ੍ਰਦਾਨ ਕਰਨ ਲਈ ਅਵਾਰਡਿੰਗ ਬਾਡੀ ਦਾ ਮਿਲਿਆ ਦਰਜਾ

0

ਸਿੱਖਿਆ ਦਾ ਆਧੁਨਿਕੀਕਰਨ , ਉਦਯੋਗ ਅਤੇ ਵਪਾਰ ਦੇ ਬਦਲਦੇ ਰੁਝਾਨਾਂ ਅਤੇ ਲੋੜਾਂ ਦੇ ਅਨੁਕੂਲ ਹੋਣਾ ਚਾਹੀਦਾ ਹੈ: ਵਾਈਸ ਚਾਂਸਲਰ
ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਨੌਜਵਾਨਾਂ ਨੂੰ ਨੌਕਰੀਆਂ ਨਾਲ ਸਬੰਧਤ ਹੁਨਰ ਪ੍ਰਦਾਨ ਕਰਨ ਲਈ ਅਵਾਰਡਿੰਗ ਬਾਡੀ ਦਾ ਦਰਜਾ ਮਿਲਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਉਪ ਕੁੱਲਪਤੀ ਬੁਟਾ ਸਿੰਘ ਤੇ ਹੋਰਨਾਂ ਅਧਿਕਾਰੀਆਂ ਨੇ ਦਸਿਆ ਕਿ ਯੂਨੀਵਰਸਿਟੀ ਨੇ ਬਦਲਦੇ ਰੁਝਾਨਾਂ ਨਾਲ ਆਪਣੇ ਆਪ ਨੂੰ ਅੱਪਡੇਟ ਕਰਦੇ ਹੋਏ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਇੱਛੁਕ ਨੌਜਵਾਨਾਂ ਨੂੰ ਉੱਚ ਹੁਨਰ ਅਤੇ ਅੱਪਡੇਟ ਤਕਨੀਕੀ ਗਿਆਨ ਨਾਲ ਵਿਦੇਸ਼ ਭੇਜਣ ਦੀ ਯੋਜਨਾ ਸ਼ੁਰੂ ਕੀਤੀ ਹੈ। ਇਸਤੋਂ ਇਲਾਵਾ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮਿਆਰੀ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਨ ਦੇ ਨਾਲ-ਨਾਲ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਵੱਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਵਧੀਆ ਪਲੇਸਮੈਂਟ ਅਤੇ ਪੜ੍ਹਾਈ ਲਈ ਸੁਰੱਖਿਅਤ ਅਤੇ ਅਨੁਕੂਲ ਮਾਹੌਲ ਪ੍ਰਦਾਨ ਕਰੇਗੀ। ਅਧਿਕਾਰੀਆਂ ਨੇ ਕਿਹਾ ਕਿ ਅਕਾਦਮਿਕ ਸੈਸ਼ਨ 2023-24 ਲਈ ਯੂਨੀਵਰਸਿਟੀ ਵਿਖੇ ਦਾਖਲੇ ਇੰਜੀਨੀਅਰਿੰਗ, ਆਰਕੀਟੈਕਚਰ ਅਤੇ ਯੋਜਨਾ, ਵਣਜ ਅਤੇ ਪ੍ਰਬੰਧਨ, ਫਾਰਮੇਸੀ, ਫੂਡ ਸਾਇੰਸ ਅਤੇ ਤਕਨਾਲੋਜੀ, ਖੇਤੀਬਾੜੀ, ਐਰੋਨਾਟਿਕਲ, ਏਰੋਸਪੇਸ, ਕੰਪਿਊਟੇਸ਼ਨਲ ਸਾਇੰਸਜ਼, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ, ਹੁਨਰ ਵਿਕਾਸ ਲਈ ਖੁੱਲ੍ਹੇ ਹਨ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਿੰਦਰਪਾਲ ਸਿੰਘ ਬਰਾੜ, ਕੰਟਰੋਲਰ ਪ੍ਰੀਖਿਆ ਡਾ. ਕਰਨਵੀਰ ਸਿੰਘ, ਡੀਨ ਰਿਸਰਚ ਐਂਡ ਡਿਵੈਲਪਮੈਂਟ ਪ੍ਰੋ. ਆਸ਼ੀਸ਼ ਬਾਲਦੀ, ਡੀਨ ਕੰਸਲਟੈਂਸੀ ਐਂਡ ਇੰਡਸਟਰੀ ਲਿੰਕੇਜ ਪ੍ਰੋ. ਮਨਜੀਤ ਬਾਂਸਲ, ਡਾਇਰੈਕਟਰ ਲੋਕ ਸੰਪਰਕ ਸ੍ਰੀ ਹਰਜਿੰਦਰ ਸਿੰਘ ਸਿੱਧੂ, ਡਾਇਰੈਕਟਰ ਟਰੇਨਿੰਗ ਅਤੇ ਪਲੇਸਮੇਂਟ ਹਰਜੋਤ ਸਿੰਘ ਸਿੱਧੂ , ਸਹਾਇਕ ਪ੍ਰੋਫੈਸਰ ਇੰਜ. ਸੁਖਜਿੰਦਰ ਸਿੰਘ ਵੀ ਇਸ ਮੌਕੇ ਹਾਜ਼ਰ ਸਨ।

ਮੁਕੱਦਮੇ ਵਿਚੋਂ ਕੱਢਣ ਬਦਲੇ 30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਥਾਣੇਦਾਰ ਵਿਜੀਲੈਂਸ ਵਲੋਂ ਕਾਬੂ

0
ਪੁਲਿਸ ਮੁਲਾਜ਼ਮ ਨੇ ਐਫ.ਆਈ.ਆਰ. ‘ਚੋਂ ਨਾਮ ਕੱਢਣ ਲਈ ਮੰਗੇ ਸੀ 2 ਲੱਖ ਰੁਪਏ 
ਪੰਜਾਬੀ ਖ਼ਬਰਸਾਰ ਬਿਉਰੋ 
ਜਲੰਧਰ, 21 ਜੁਲਾਈ:ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਜ਼ਿਲ੍ਹੇ ਦੇ ਥਾਣਾ ਪਤਾਰਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਰਾਮ ਪ੍ਰਕਾਸ਼ ਨੂੰ 30,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮ ਏ.ਐਸ.ਆਈ ਨੂੰ ਜਸਵੀਰ ਸਿੰਘ ਜੱਜ ਵਾਸੀ ਗੁਰੂ ਨਾਨਕ ਨਗਰ ਪਿੰਡ ਕਾਕੀ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਸਵੀਰ ਸਿੰਘ ਪਿੰਡ ਕੰਗਣੀਵਾਲ ਵਿਖੇ ਡੇਅਰੀ ਫਾਰਮ ਚਲਾਉਂਦਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ 13 ਮਈ, 2022 ਨੂੰ ਥਾਣਾ ਪਤਾਰਾ ਵਿਖੇ ਗੁਰਪ੍ਰੀਤ ਸਿੰਘ ਅਤੇ ਹੋਰਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 323, 341, 149 ਤਹਿਤ ਕੇਸ ਦਰਜ ਕਰਵਾਇਆ ਸੀ ਅਤੇ ਇਸ ਮਾਮਲੇ ਵਿੱਚ ਸਮਝੌਤਾ ਕਰਨ ਲਈ ਦੂਜੀ ਧਿਰ ਵੱਲੋਂ ਉਸ ‘ਤੇ ਦਬਾਅ ਪਾਇਆ ਜਾ ਰਿਹਾ ਸੀ। ਉਸਨੇ ਅੱਗੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸਦਾ ਭਰਾ ਅਮਨਪ੍ਰੀਤ ਸਿੰਘ 27-09-2022 ਨੂੰ ਉਸਦੇ ਡੇਅਰੀ ਫਾਰਮ ‘ਤੇ ਆਏ ਅਤੇ ਉਸਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬਾਅਦ ਗੁਰਪ੍ਰੀਤ ਸਿੰਘ ਨੇ ਉਸ (ਜਸਵੀਰ ਸਿੰਘ) ਅਤੇ ਉਸ ਦੇ ਲੜਕੇ ਜਸਤੇਜ ਸਿੰਘ ਵਿਰੁੱਧ ਥਾਣਾ ਪਤਾਰਾ ਵਿਖੇ ਆਈ.ਪੀ.ਸੀ. ਦੀ ਧਾਰਾ 323, 324, 326, 506, 148, 149 ਤਹਿਤ ਫਰਜ਼ੀ ਐਫ.ਆਈ.ਆਰ. ਨੰਬਰ 78 ਮਿਤੀ 5-10-2022 ਦਰਜ ਕਰਵਾ ਦਿੱਤੀ।ਸ਼ਿਕਾਇਤਕਰਤਾ ਦੇ ਪਿਤਾ ਕਰਨੈਲ ਸਿੰਘ ਨੇ ਆਪਣੇ ਪੋਤੇ ਜਸਤੇਜ ਸਿੰਘ ਵਿਰੁੱਧ ਦਰਜ ਕੀਤੇ ਗਏ ਫਰਜ਼ੀ ਕੇਸ ਵਿਰੁੱਧ ਐਸ.ਐਸ.ਪੀ. ਜਲੰਧਰ (ਦਿਹਾਤੀ) ਅਤੇ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ ਦੇ ਦਫ਼ਤਰ ਵਿੱਚ ਦਰਖਾਸਤ ਦਿੱਤੀ ਕਿਉਂਕਿ ਉਸਦਾ ਪੋਤਾ 27-09-2022 ਨੂੰ ਕਾਲਜ ਗਿਆ ਹੋਇਆ ਸੀ।ਇਸ ਦਰਖਾਸਤ ‘ਤੇ ਏ.ਐਸ.ਆਈ ਰਾਮ ਪ੍ਰਕਾਸ਼ ਨੂੰ ਐਫ.ਆਈ.ਆਰ ਨੰਬਰ 78 ਮਿਤੀ 5-10-2022 ਦੀ ਤਫ਼ਤੀਸ਼ ਸੌਂਪੀ ਗਈ। ਮੁਲਜ਼ਮ ਏ.ਐਸ.ਆਈ. ਨੇ ਐਫ.ਆਈ.ਆਰ. ਵਿੱਚੋਂ ਜਸਤੇਜ ਦਾ ਨਾਮ ਕੱਢਣ ਲਈ 2 ਲੱਖ ਰੁਪਏ ਦੀ ਮੰਗ ਕੀਤੀ ਪਰ ਵਾਰ-ਵਾਰ ਬੇਨਤੀ ਕਰਨ ’ਤੇ ਉਹ 30,000 ਰੁਪਏ ਲੈਣ ਲਈ ਮੰਨ ਗਿਆ।ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਟਰੈਪ ਲਗਾ ਕੇ ਮੁਲਜ਼ਮ ਏ.ਐਸ.ਆਈ. ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ‘ਤੇ ਕਾਬੂ ਕਰ ਲਿਆ।ਇਸ ਸਬੰਧੀ ਮੁਲਜ਼ਮ ਏ.ਐਸ.ਆਈ. ਰਾਮ ਪ੍ਰਕਾਸ਼ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਐਫ.ਆਈ.ਆਰ ਨੰ. 17 ਮਿਤੀ 20-07-2023 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸਿਲਵਰ ਓਕਸ ਸਕੂਲ ਨੇ ਬੈਂਕਾਕ ਵਿੱਚ ਆਈਐਸਏ ਇੰਟਰਨੈਸ਼ਨਲ ਸਕੂਲਜ਼ ਅਵਾਰਡ ਸਮਾਰੋਹ ਵਿੱਚ ਰੋਬੋਚੈਂਪਸ ਅਵਾਰਡ ਜਿੱਤਿਆ

0

ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ:ਸਿਲਵਰ ਓਕਸ ਸੀਨੀਅਰ ਸੈਕੰਡਰੀ ਸਕੂਲ ਸੁਸ਼ਾਂਤ ਸਿਟੀ- II ਨੂੰ ਪ੍ਰਤਿਸ਼ਠਾਵਾਨ ” ਆਈ.ਐੱਸ.ਏ”ਤਕਨੀਕੀ ਤੌਰ ਤੇ ਸਭ ਤੋਂ ਉੱਤਮ ਸਕੂਲ ” ਪੁਰਸਕਾਰ ਪ੍ਰਦਾਨ ਕੀਤਾ ਗਿਆ। ਬੈਂਕਾਕ ਵਿੱਚ 16 ਜੁਲਾਈ 2023 ਨੂੰ ਆਯੋਜਿਤ ਇੱਕ ਸਨਮਾਨ ਸਮਾਰੋਹ ਦੌਰਾਨ ਆਈ.ਐੱਸ.ਏਇੰਟਰਨੈਸ਼ਨਲ ਸਕੂਲ ਅਵਾਰਡ ਦੁਆਰਾ ਸਿਲਵਰ ਓਕਸ ਸਕੂਲਾਂ ਨੂੰ ਇਹ ਸਨਮਾਨ ਦਿੱਤਾ ਗਿਆ ਸੀ।ਇਸ ਮੌਕੇ ਬਤੌਰ ਮੁੱਖ ਮਹਿਮਾਨ ਇੰਡੀਅਨ ਆਈਡਲ ਜੇਤੂ ਅਭਿਜੀਤ ਸਾਵੰਤ ,ਸੁਰੇਸ਼ ਪ੍ਰਭੂ (ਯੂਨੀਅਨ ਮਨਿਸਟਰ), ਅਕਸ਼ੈ ਅਹੂਜਾ (ਕੋ-ਫਾਊਂਡਰ ਰੋਬੋਚੈਂਪ) ਮਹਿਮਾਨ ਵਜੋਂ ਸ਼ਾਮਲ ਸਨ।ਇਹ ਅਵਾਰਡ ਸਿਲਵਰ ਓਕਸ ਸਕੂਲਾਂ ਦੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨੂੰ ਮਾਨਤਾ ਦਿੰਦਾ ਹੈ, ਜਿਸ ਵਿੱਚ ਇੰਟਰਐਕਟਿਵ ਵ੍ਹਾਈਟਬੋਰਡਸ ਅਤੇ ਡਿਜੀਟਲ ਲਰਨਿੰਗ ਟੂਲਸ ਨਾਲ ਲੈਸ ਐਡਵਾਂਸਡ ਸਮਾਰਟ ਕਲਾਸਰੂਮ ਸ਼ਾਮਲ ਹਨ। ਸਿੱਖਣ ਦੇ ਤਜ਼ਰਬੇ ਨੂੰ ਵਧਾਉਣ ਲਈ ਪਾਠਕ੍ਰਮ ਵਿੱਚ ਤਕਨਾਲੋਜੀ ਨੂੰ ਸਹਿਜੇ ਹੀ ਜੋੜਿਆ ਗਿਆ ਹੈ। ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਡਾਇਰੈਕਟਰ ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-II ਨੇ ਕਿਹਾ, “ਸਾਨੂੰ ‘ਮੋਸਟ ਟੈਕਨੀਕਲੀ ਐਡਵਾਂਸਡ ਸਕੂਲ’ ਐਵਾਰਡ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਹੋਇਆ ਹੈ। “ਇਹ ਮਾਨਤਾ ਸਾਡੇ ਵਿਦਿਆਰਥੀਆਂ ਨੂੰ ਇੱਕ ਨਵੀਨਤਾਕਾਰੀ ਅਤੇ ਅਗਾਂਹਵਧੂ ਸੋਚ ਵਾਲਾ ਵਿਦਿਅਕ ਤਜਰਬਾ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਨੂੰ ਪ੍ਰਮਾਣਿਤ ਕਰਦੀ ਹੈ। ਸ਼੍ਰੀਮਤੀ ਨੀਤੂ ਅਰੋੜਾ ਪ੍ਰਿੰਸੀਪਲ ਸਿਲਵਰ ਓਕਸ ਸੀਨੀਅਰ ਸੈਕੰਡਰੀ ਸਕੂਲ ਨੇ ਕਿਹਾ, “ਅਸੀਂ ਆਪਣੇ ਵਿਦਿਆਰਥੀਆਂ ਨੂੰ ਸਰਵ-ਪੱਖੀ ਬਣਾਉਣ ਲਈ ਤਕਨਾਲੋਜੀ ਦਾ ਲਾਭ ਲੈਣਾ ਜਾਰੀ ਰੱਖਾਂਗੇ, ਤਾਂ ਜੋ ਉਹਨਾਂ ਨੂੰ ਇੱਕ ਸਦਾ-ਵਿਕਾਸਸ਼ੀਲ ਡਿਜ਼ੀਟਲ ਲੈਂਡਸਕੇਪ ਵਿੱਚ ਕਾਮਯਾਬੀ ਮਿਲ ਸਕੇ।”

ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਮੱਦੇਨਜ਼ਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਆਯੋਜਿਤ

0

ਬੂਥ ਲੈਵਲ ਅਫਸਰ ਕਰਨਗੇ 21 ਜੁਲਾਈ ਤੋਂ ਘਰ-ਘਰ ਜਾ ਕੇ ਵੋਟਰ ਸੂਚੀ ਦੀ ਪੜਤਾਲ
ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ:ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸੌਕਤ ਅਹਿਮਦ ਪਰੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੋਗਤਾ 1 ਜਨਵਰੀ 2024 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਦੇ ਮੱਦੇਨਜ਼ਰ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਹੋਈ।ਇਸ ਮੌਕੇ ਤਹਿਸੀਲਦਾਰ ਚੋਣਾਂ ਸ਼੍ਰੀ ਗੁਰਚਰਨ ਸਿੰਘ ਨੇ ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01 ਜਨਵਰੀ 2024 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਲਈ ਦੇ ਪ੍ਰੋਗਰਾਮ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸੁਧਾਈ ਤੋਂ ਪਹਿਲਾਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤਹਿਤ ਬੂਥ ਲੈਵਲ ਅਫਸਰਾਂ ਰਾਹੀਂ ਵੋਟਰ ਸੂਚੀ ਦੀ ਘਰ-ਘਰ ਜਾ ਕੇ ਪੜਤਾਲ 21 ਜੁਲਾਈ ਤੋਂ 21 ਅਗਸਤ 2023 ਤੱਕ ਕੀਤੀ ਜਾਵੇਗੀ। ਵੋਟਰ ਸੂਚੀ ਨੂੰ ਤਰੁੱਟੀ ਰਹਿਤ ਕਰਨ ਲਈ ਬੂਥ ਲੈਵਲ ਅਫ਼ਸਰਾਂ ਦਾ ਪੂਰਨ ਸਹਿਯੋਗ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਸਭਾ ਚੋਣਾਂ-2024 ਲਈ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਦਾ ਕੰਮ 20 ਅਗਸਤ 2023 ਤੋਂ ਸ਼ੁਰੂ ਹੋ ਜਾਵੇਗਾ। ਜੇਕਰ ਕਿਸੇ ਪੋਲਿੰਗ ਸਟੇਸ਼ਨ ਵਿੱਚ ਤਬਦੀਲੀ ਦੀ ਲੋੜ ਹੈ ਤਾਂ ਉਹ ਆਪਣੇ ਸੁਝਾਅ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਕੋਲ ਲਿਖਤੀ ਤੌਰ ਤੇ ਭੇਜ ਸਕਦੇ ਹਨ।ਉਨ੍ਹਾਂ ਸਮੂਹ ਹਾਜ਼ਰੀਨ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗਤਾ 01 ਜਨਵਰੀ 2024 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸੁਧਾਈ ਦੇ ਉਕਤ ਪ੍ਰੋਗਰਾਮ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਬਣਵਾਉਣ ਤੋਂ ਵਾਂਝਾ ਨਾ ਰਹੇ।ਇਸ ਮੌਕੇ ਆਮ ਆਦਮੀ ਪਾਰਟੀ ਤੋਂ ਸ਼੍ਰੀ ਗੁਰਲਾਲ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਸ਼੍ਰੀ ਸੁਨੀਲ ਕੁਮਾਰ, ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਰਾਜਬਿੰਦਰ ਸਿੱਧੂ, ਬੀਜੇਪੀ ਤੋਂ ਰਵੀ ਮੋਰਿਆ, ਬਹੁਜਨ ਸਮਾਜ ਪਾਰਟੀ ਤੋਂ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।

ਕਿਸਾਨ-ਪੁਲਿਸ ਵਿਵਾਦ: ਥਾਣਾ ਮੁਖੀ ਵਲੋਂ ਅਪਣਾਈ ‘ਨਰਮੀ’ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਹੋਇਆ ‘ਠੰਢਾ’

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਜੁਲਾਈ : ਪਿਛਲੇ ਦਿਨੀਂ ਥਾਣਾ ਸਿਟੀ ਰਾਮਪੁਰਾ ’ਚ ਕਿਸੇ ਕੰਮ ਆਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਤੇ ਵਰਕਰਾਂ ਦੀ ਥਾਣਾ ਮੁਖੀ ਵਲੋਂ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਮਾਮਲਾ ਹੁਣ ਸ਼ਾਂਤ ਹੋ ਗਿਆ ਹੈ। ਸੂਚਨਾ ਮੁਤਾਬਕ ਡੀ ਐਸ ਪੀ ਫੂਲ ਆਸਵੰਤ ਸਿੰਘ ਧਾਲੀਵਾਲ ਵਲੋਂ ਦੋਨਾਂ ਧਿਰਾਂ ਨਾਲ ਲਗਾਤਾਰ ਕੀਤੀਆਂ ਮੀਟਿੰਗਾਂ ਤੋਂ ਬਾਅਦ ਦੋਹਾਂ ਧਿਰਾਂ ਦੀ ਹਾਜ਼ਰੀ ਵਿੱਚ ਮਸਲੇ ਦਾ ਹੱਲ ਨਿਕਲਿਆ ਹੈ। ਦਸਣਾ ਬਣਦਾ ਹੈ ਕਿ ਅੱਠ ਜੁਲਾਈ ਨੂੰ ਰਾਮਪੁਰਾ ਬਲਾਕ ਦੇ ਆਗੂ ਅਤੇ ਵਰਕਰ ਕਿਸਾਨ ਜਗਸੀਰ ਸਿੰਘ ਦੀ ਫੋਟੋ ਖਿੱਚਣ ਦੇ ਮਸਲੇ ਨੂੰ ਲੈ ਕੇ ਥਾਣਾ ਸਿਟੀ ਰਾਮਪੁਰਾ ਗਏ ਸਨ, ਜਿੱਥੇ ਪੁਲਿਸ ਮੁਲਾਜਮਾਂ ਤੇ ਕਿਸਾਨਾਂ ਵਿਚਕਾਰ ਤਕਰਾਰਬਾਜੀ ਹੋ ਗਈ, ਜਿਸਤੋਂ ਬਾਅਦ ਕਿਸਾਨਾਂ ਨੇ ਥਾਣਾ ਮੁਖੀ ਅਤੇ ਹੋਰ ਪੁਲਸੀਆਂ ਵਲੋਂ ਕਿਸਾਨਾਂ ਉਪਰ ਅੰਨਾ ਤਸੱਦਦ ਢਾਹੁਣ ਦਾ ਦੋਸ਼ ਲਗਾਇਆ ਗਿਆ। ਇਸ ਮਾਮਲੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਥਾਣਾ ਸਿਟੀ ਰਾਮਪੁਰਾ ਦੇ ਮੁਖੀ ਖਿਲਾਫ 14 ਜੁਲਾਈ ਨੂੰ ਡੀ ਐਸ ਪੀ ਫੂਲ ਨੂੰ ਦਰਖਾਸਤ ਦਿੱਤੀ ਗਈ ਸੀ। ਡੀਐਸਪੀ ਵਲੋਂ ਇਸ ਦਰਖ਼ਾਸਤ ਉਪਰ ਪੰਜ ਦਿਨਾਂ ‘ਚ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ। ਕਿਸਾਨ ਜਥੇਬੰਦੀ ਨੇ ਇਨਸਾਫ਼ ਨਾ ਮਿਲਣ ਦੀ ਸੂਰਤ ’ਚ 20 ਜੁਲਾਈ ਤੋਂ ਥਾਣਾ ਸਿਟੀ ਰਾਮਪੁਰਾ ਅੱਗੇ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ । ਇਸ ਮਸਲੇ ਦੇ ਹੱਲ ਲਈ ਬੀਤੇ ਕੱਲ ਹੀ ਡੀ ਐਸ ਪੀ ਦੇ ਦਫ਼ਤਰ ਵਿਖੇ ਕਿਸਾਨ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ,ਹਰਜਿੰਦਰ ਸਿੰਘ ਬੱਗੀ, ਹਰਿੰਦਰ ਬਿੰਦੂ,ਮਾਲਣ ਕੌਰ ਕੋਠਾ ਗੁਰੂ, ਪਰਮਜੀਤ ਕੌਰ ਪਿੱਥੋ, ਕਰਮਜੀਤ ਕੌਰ ਲਹਿਰਾ ਖਾਨਾ,ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ , ਨਛੱਤਰ ਸਿੰਘ ਢੱਡੇ,ਸੁਖਦੇਵ ਸਿੰਘ ਰਾਮਪੁਰਾ ਗੁਲਾਬ ਸਿੰਘ ,ਸਗਨਦੀਪ ਸਿੰਘ, ਗੁਰਮੇਲ ਸਿੰਘ, ਲੀਲਾ ਸਿੰਘ, ਅਤੇ ਬਲਵਿੰਦਰ ਸਿੰਘ ਪਿੰਡ ਜਿਉਂਦ ਸਮੇਤ ਬਲਾਕਾਂ ਦੇ ਪ੍ਰਧਾਨ ਸਕੱਤਰ ਪੁੱਜੇ ਹੋਏ ਸਨ, ਜਿੱਥੇ ਡੀਐਸਪੀ ਨੇ ਸਬੰਧਤ ਥਾਣਾ ਮੁਖੀ ਨੂੰ ਮੌਕੇ ’ਤੇ ਬੁਲਾ ਕੇ ਦੋਨਾਂ ਧਿਰਾਂ ਵਿਚਕਾਰ ਮਸਲੇ ਦਾ ਹੱਲ ਕੱਢਿਆ।

ਪ੍ਰੀਖਿਆ ’ਤੇ ਚਰਚਾ ਪ੍ਰੋਗ੍ਰਾਮ ’ਚ ਪ੍ਰਧਾਨ ਮੰਤਰੀ ਮੋਦੀ ਨੇ ਅਧਿਆਪਕਾਂ ਦਾ ਧੰਨਵਾਦ ਪੱਤਰ ਭੇਜ ਕੇ ਕੀਤਾ ਧੰਨਵਾਦ: ਵੀਨੂੰ ਗੋਇਲ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਜੁਲਾਈ : ਸਮਾਜ ਸੇਵੀ ਅਤੇ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਕਾਰਜਕਾਰਨੀ ਮੈਂਬਰ ਵੀਨੂੰ ਗੋਇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਪ੍ਰੋਗ੍ਰਾਮ ਪ੍ਰੀਖਿਆ ’ਤੇ ਚਰਚਾ ’ਚ ਹਿੱਸਾ ਲੈਣ ਵਾਲੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ। ਉਕਤ ਅਧਿਆਪਕਾਂ ਨੂੰ ਅੱਜ ਪ੍ਰਧਾਨ ਮੰਤਰੀ ਦਫ਼ਤਰ ਤੋਂ ਧੰਨਵਾਦ ਪੱਤਰ ਮਿਲੇ ਹਨ। ਵੀਨੂੰ ਗੋਇਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਧੰਨਵਾਦੀ ਪੱਤਰ ਰਾਹੀਂ ਅਧਿਆਪਕਾਂ ਨੂੰ ਕਿਹਾ ਕਿ ਅਧਿਆਪਕ ਰੋਸ਼ਨੀ ਦੀ ਕਿਰਨ ਵਾਂਗ ਹੁੰਦੇ ਹਨ, ਜੋ ਵਿਦਿਆਰਥੀਆਂ ਨੂੰ ਸੁਪਨੇ ਦੇਖਣਾ ਸਿਖਾਉਂਦੇ ਹਨ ਅਤੇ ਉਨ੍ਹਾਂ ਸੁਪਨਿਆਂ ਨੂੰ ਸੰਕਲਪਾਂ ਵਿੱਚ ਬਦਲ ਕੇ ਸਾਕਾਰ ਕਰਦੇ ਹਨ। ਭਾਜਪਾ ਮਹਿਲਾ ਮੋਰਚਾ ਦੀ ਸੂਬਾ ਕਾਰਜਕਾਰਨੀ ਮੈਂਬਰ ਵੀਨੂੰ ਗੋਇਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਹਰ ਵਰਗ ਦੇ ਵਿਸ਼ਵਾਸ ਅਤੇ ਦੇਸ਼ ਨੂੰ ਮਜ਼ਬੂਤ ਕਰਨ ਲਈ ਆਪਣੀ ਜ਼ਿੰਦਗੀ ਦਾ ਹਰ ਪਲ, ਹਰ ਸਾਹ ਦੇ ਰਹੇ ਹਨ। ਪ੍ਰਧਾਨ ਮੰਤਰੀ ਵੱਲੋਂ ਪ੍ਰੀਖਿਆ ਦੇ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਨਿਰਦੇਸ਼ ਦੇਣ ਲਈ ਧੰਨਵਾਦ ਪੱਤਰ ਭੇਜਣਾ, ਸਬਕਾ ਸਾਥ, ਸਬਕਾ ਵਿਸ਼ਵਾਸ, ਸਬਕਾ ਵਿਕਾਸ ਦਾ ਠੋਸ ਰੂਪ ਸਿੱਧਾ ਤੁਹਾਡੇ ਸਾਹਮਣੇ ਹੈ ਅਤੇ ਦਿਖਾਈ ਦੇਣ ਵਾਲੇ ਨੂੰ ਸਬੂਤ ਦੀ ਲੋੜ ਨਹੀਂ ਹੈ।

ਟਰੈਕਟਰ ਦਾ ਐਕਸਲ ਟੁੱਟਣ ਕਾਰਨ ਟਰਾਲੀ ਪਲਟੀ, 55 ਨਰੇਗਾ ਕਰਮਚਾਰੀ ਜਖਮੀ

0

ਜਖਮੀਆਂ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਪੁੱਜੀ ਸਪੀਕਰ ਸੰਧਵਾਂ ਦੀ ਟੀਮ
ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 20 ਜੁਲਾਈ :- ਨੇੜਲੇ ਪਿੰਡ ਨਾਨਕਸਰ ਵਿਖੇ ਨਰੇਗਾ ਕਰਮਚਾਰੀਆਂ ਦੀ ਟਰਾਲੀ ਪਲਟਣ ਕਾਰਨ ਅਨੇਕਾਂ ਮਰਦ-ਔਰਤਾਂ ਦੇ ਜਖਮੀ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਬਾਬਾ ਜੀਵਨ ਸਿੰਘ ਕਲੱਬ ਨਾਨਕਸਰ ਦੇ ਸੇਵਾਦਾਰਾਂ ਨੇ ਤੁਰੰਤ ਵਾਹਨ ਦਾ ਪ੍ਰਬੰਧ ਕਰਕੇ ਜਖਮੀਆਂ ਨੂੰ ਹਸਪਤਾਲ ਵਿਖੇ ਪਹੁੰਚਾਇਆ। ਟਰਾਲੀ ਵਿੱਚ ਕਰੀਬ 55 ਨਰੇਗਾ ਕਰਮਚਾਰੀ ਸਵਾਰ ਸਨ। ਜਖਮੀਆਂ ਵਿੱਚ ਜਿਆਦਾਤਰ ਔਰਤਾਂ ਹੀ ਸਨ। ਇਸ ਖਬਰ ਦੀ ਸੂਚਨਾ ਮਿਲਣ ’ਤੇ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਪੁੱਜੇ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਅਤੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ.-ਟੂ-ਸਪੀਕਰ ਸੰਧਵਾਂ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਟੀਮ ਨੇ ਜਿੱਥੇ ਜਖਮੀਆਂ ਦਾ ਹਾਲ-ਚਾਲ ਪੁੱਛਿਆ, ਉੱਥੇ ਐੱਸ.ਐੱਮ.ਓ. ਸਮੇਤ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਮਰੀਜ ਨੂੰ ਸਿਹਤ ਸੇਵਾਵਾਂ ਪੱਖੋਂ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਉਹਨਾ ਦੱਸਿਆ ਕਿ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੂਚਨਾ ਮਿਲਦਿਆਂ ਹੀ ਸਾਨੂੰ ਹਦਾਇਤ ਕੀਤੀ ਸੀ ਕਿ ਤੁਸੀਂ ਖੁਦ ਹਸਪਤਾਲ ਵਿਖੇ ਪਹੁੰਚੋ। ਇੰਜੀ. ਢਿੱਲਵਾਂ ਅਤੇ ਮਨੀ ਧਾਲੀਵਾਲ ਨੇ ਟਰੈਕਟਰ ਦੇ ਐਕਸਲ ਟੁੱਟਣ ਕਾਰਨ ਟਰਾਲੀ ਪਲਟਣ ਦੇ ਕਾਰਨਾਂ ਬਾਰੇ ਵੀ ਟਰੈਕਟਰ ਚਾਲਕ ਤੋਂ ਜਾਣਕਾਰੀ ਹਾਸਲ ਕੀਤੀ ਅਤੇ ਜਖਮੀਆਂ ਦੀ ਜਲਦ ਤੰਦਰੁਸਤੀ ਲਈ ਕਾਮਨਾ ਕਰਦਿਆਂ ਆਖਿਆ ਕਿ ਹਸਪਤਾਲ ਦੇ ਡਾਕਟਰ, ਨਰਸਾਂ ਅਤੇ ਸਮੁੱਚਾ ਸਿਹਤ ਅਮਲਾ ਸੇਵਾਵਾਂ ਲਈ ਪੂਰੀ ਤਰਾਂ ਸਰਗਰਮ ਹੈ। ਡਾ. ਹਰਿੰਦਰ ਸਿੰਘ ਗਾਂਧੀ ਸੀਨੀਅਰ ਮੈਡੀਕਲ ਅਫਸਰ ਨੇ ਆਖਿਆ ਕਿ ਸਾਰੇ ਜਖਮੀਆਂ ਦੇ ਬਕਾਇਦਾ ਟੈਸਟ ਅਤੇ ਐਕਸਰੇ ਕਰਵਾਏ ਜਾ ਰਹੇ ਹਨ ਅਤੇ ਤਸੱਲੀ ਕਰਨ ਤੋਂ ਬਾਅਦ ਉਹਨਾ ਨੂੰ ਛੁੱਟੀ ਦੇਣ ਮੌਕੇ ਵੀ ਘਰ ਵਾਸਤੇ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਮੌਕੇ ਉਪਰੋਕਤ ਤੋਂ ਇਲਾਵਾ ਯੂਥ ਆਗੂ ਜਸਵੀਰ ਸਿੰਘ ਜੱਸਾ ਸਮੇਤ ਮਨਦੀਪ ਮੌਂਗਾ ਸੈਕਟਰੀ ਰੈੱਡ ਕਰਾਸ ਸੁਸਾਇਟੀ, ਦੀਪਕ ਮੌਂਗਾ, ਗੁਰਪ੍ਰੀਤ ਸਿੰਘ ਗੈਰੀ ਵੜਿੰਗ ਆਦਿ ਵੀ ਹਾਜਰ ਸਨ।