ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਜੁਲਾਈ: ਸਥਾਨਕ ਜੀਆਰਪੀ ਪੁਲਿਸ ਨੇ ਰੇਲਵੇ ਰਾਹੀ ਬਿਨਾਂ ਬਿੱਲ ਤੋਂ ਲਿਆਂਦਾ ਜਾ ਰਿਹਾ ਲੱਖਾਂ ਦਾ ਸੋਨਾ ਬਰਾਮਦ ਕੀਤਾ ਹੈ। ਸੂਤਰਾਂ ਅਨੁਸਾਰ ਜੀਆਰਪੀ ਦੀ ਮੱਦਦ ਨਾਲ ਕਸਟਮ ਵਿਭਾਗ ਦੇ ਅਧਿਕਾਰੀਆਂ ਭਾਗ ਸਿੰਘ ਤੇ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਬਠਿੰਡਾ ਸਟੇਸ਼ਨ ਉਪਰ ਆ ਰਹੀਆਂ ਟਰੇਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿੰਨ੍ਹਾਂ ਦੇ ਕੋਲੋਂ 701.200 ਗਰਾਮ ਅਤੇ ਦੂਜੇ ਵਿਅਕਤੀ ਤੋਂ 328.650 ਗਰਾਮ ਬਰਾਮਦ ਕੀਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਜੀਆਰਪੀ ਦੇ ਅਧਿਕਾਰੀਆਂ ਨੇ ਦਸਿਆ ਕਿ ਜਦ ਕਸਟਮ ਵਿਭਾਗ ਨੇ ੳਬਕਤ ਵਿਅਕਤੀਆਂ ਨੂੰ ਬਿੱਲ ਪੇਸ਼ ਕਰਨ ਲਈ ਕਿਹਾ ਤਾਂ ਉਹ ਘਬਰਾ ਗਏ। ਜਿਸਦੇ ਚੱਲਦੇ ਮਾਮਲੇ ਦੀ ਜਾਂਚ ਤੋਂ ਬਾਅਦ ਇੰਨ੍ਹਾਂ ਵਿਅਕਤੀਆਂ ਨੂੰ ਕਰੀਬ 18 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਜਾਂਚ ਤੋਂ ਬਾਅਦ ਸੋਨਾਂ ਵਾਪਸ ਕਰ ਦਿੱਤਾ ਗਿਆ ਹੈ।
ਬਠਿੰਡਾ ‘ਚ ਬਿਨ੍ਹਾਂ ਬਿੱਲ ਤੋਂ ਲਿਆਂਦਾ ਲੱਖਾਂ ਦਾ ਸੋਨਾ ਬਰਾਮਦ
ਬਠਿੰਡਾ ਨੂੰ ਹੋਰ ਤਰੱਕੀ ਦੇ ਰਾਹ ਵੱਲ ਲਿਜਾਣ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਜਗਰੂਪ ਸਿੰਘ ਗਿੱਲ
324.41 ਲੱਖ ਰੁਪਏ ਦੀ ਰਾਸ਼ੀ ਨਾਲ ਤਿਆਰ ਹੋਣ ਵਾਲੀਆਂ ਸੜਕਾਂ ਦੀ ਉਸਾਰੀ ਦੇ ਰੱਖੇ ਨੀਂਹ ਪੱਥਰ
ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਦੂਰ-ਅੰਦੇਸ਼ੀ ਸੋਚ ਸਦਕਾ ਬਠਿੰਡਾ ਨੂੰ ਹੋਰ ਤਰੱਕੀ ਦੇ ਰਾਹਾਂ ਵੱਲ ਲਿਜਾਣ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਬਠਿੰਡਾ (ਸ਼ਹਿਰੀ) ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਕੋਠੇ ਅਮਰਪੁਰਾ, ਭਗਤੂਆਣਾ ਨਗਰ ਤੇ ਗੁਰਦਿਆਲ ਸਿੰਘ ਢਿੱਲੋਂ ਵਿਖੇ 225.00 ਲੱਖ ਰੁਪਏ ਅਤੇ ਖੇਤਾ ਸਿੰਘ ਬਸਤੀ ਕੱਚੀ ਕਲੋਨੀ ਵਿਖੇ 99.41 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਸੜਕਾਂ ਦੀ ਉਸਾਰੀ ਸਬੰਧੀ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਯਤਨਾਂ ਸਦਕਾ ਹਲਕੇ ਅੰਦਰ ਨਿਰੰਤਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਅੰਦਰ ਵੀ ਹਲਕੇ ਦੇ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਬਠਿੰਡਾ ਸ਼ਹਿਰ ਦੀ ਤਰੱਕੀ ਲਈ ਕਾਰਜ ਕਰਨੇ ਚਾਹੀਦੇ ਹਨ।ਇਸ ਮੌਕੇ ਸ. ਗਿੱਲ ਨੇ ਕਿਹਾ ਕਿ ਮਲੋਟ ਰੋਡ ਤੇ ਸਵਾ 16 ਏਕੜ ਵਿੱਚ ਨਵਾਂ ਬੱਸ ਸਟੈਂਡ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਦਾ 3-4 ਮਹੀਨਿਆਂ ਦੇ ਅੰਦਰ-ਅੰਦਰ ਨੀਂਹ ਪੱਥਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਨਵਾਂ ਬੱਸ ਸਟੈਂਡ ਬਨਣ ਨਾਲ ਖੇਤਾ ਸਿੰਘ ਬਸਤੀ ਦੇ ਇਲਾਕੇ ਦੀ ਤਰੱਕੀ ਹੋਵੇਗੀ ਉੱਥੇ ਹੀ ਇੱਥੋ ਦੇ ਵਸਨੀਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਯਤਨਾਂ ਸਦਕਾ ਬਨਣ ਵਾਲੇ ਨਵੇਂ ਬੱਸ ਸਟੈਂਡ ਦੇ ਨਾਲ-ਨਾਲ ਸ਼ਹਿਰ ਅੰਦਰ ਪੁਰਾਣਾ ਬੱਸ ਸਟੈਂਡ ਵੀ ਨਿਰੰਤਰ ਚਾਲੂ ਰਹੇਗਾ, ਜਿਥੇ ਇੱਕ ਬੱਸ ਤੋਂ ਦੂਸਰੇ ਬੱਸ ਤੱਕ ਜਾਣ ਲਈ ਸ਼ਹਿਰ ਅੰਦਰ ਮੁਫ਼ਤ ਇਲੈਕਟ੍ਰਿਕ ਬੱਸਾਂ ਦਾ ਖ਼ਾਸ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਝੀਲ ਨੰਬਰ 1 ’ਤੇ 37 ਕਰੋੜ ਦੀ ਲਾਗਤ ਨਾਲ ਇੱਕ ਵੱਡਾ ਵਾਟਰ ਟੈਂਕ ਉਸਾਰਿਆ ਜਾਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਤੇ ਪਾਣੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਮੁਲਤਾਨੀਆਂ ਰੋਡ ਦੇ ਪੁੱਲ ਦਾ 36 ਕਰੋੜ ਰੁਪਏ ਅਤੇ ਜਨਤਾ ਨਗਰ ਦੇ ਪੁੱਲ ਦਾ 50 ਕਰੋੜ ਰੁਪਏ ਦੀ ਲਾਗਤ ਨਾਲ ਨੀਂਹ ਪੱਥਰ ਰੱਖੇ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆਵਾਰਾ ਪਸ਼ੂਆਂ ਤੋਂ ਜਲਦ ਨਿਯਾਤ ਦਵਾਉਣ ਲਈ ਵਿਸ਼ੇਸ਼ ਪ੍ਰਾਪੇਗੰਡਾ ਉਲੀਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਅੰਦਰ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਯੋਗ ਉਪਰਾਲੇ ਵੀ ਕੀਤੇ ਜਾ ਰਹੇ ਹਨ। ਇਸ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਕਮਿਸ਼ਨਰ ਨਗਰ ਨਿਗਮ ਰਾਹੁਲ, ਮੇਅਰ ਰਮਨ ਗੋਇਲ, ਐਮਸੀ ਸੁਖਦੀਪ ਸਿੰਘ ਢਿੱਲੋਂ, ਮਲਕੀਤ ਸਿੰਘ ਗਿੱਲ ਆਦਿ ਹਾਜ਼ਰ ਸਨ।
ਨੌਸਰਬਾਜਾਂ ਨੇ ਪ੍ਰਾਪਟੀ ਡੀਲਰ ਨੂੰ ਪਾਈ ‘ਟੋਪੀ’, ਮਾਰਵਾੜੀ ਘੋੜਾ ਦੱਸ ਕੇ ਖੱਚਰ ਵੇਚੀ
ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ: ਕੁੱਝ ਨੌਸਰਬਾਜਾਂ ਵਲੋਂ ਇੱਕ ਪ੍ਰਾਪਟੀ ਨਾਲ ਅਨੌਖੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਥਿਤ ਦੋਸ਼ੀਆਂ ਨੇ ਇਸ ਬਜੁਰਗ ਪ੍ਰਾਪਟੀ ਡੀਲਰ ਨੂੰ ਪੈਸਿਆਂ ਦੇ ਲਾਲਚ ’ਚ ਇਸ ਤਰ੍ਹਾਂ ਫ਼ਸਾਇਆ ਕਿ ਉਸਨੇ ਇੰਨ੍ਹਾਂ ਦੇ ਕਹਿਣ ’ਤੇ ਮਾਰਵਾੜੀ ਘੋੜੇ ਦੀ ਥਾਂ ’ਤੇ ਪੌਣੇ 14 ਲੱਖ ’ਚ ਖੱਚਰ ਹੀ ਖ਼ਰੀਦ ਲਈ। ਘੋੜਿਆਂ ਦੀ ਨਸਲ ਤੋਂ ਅਣਜਾਣ ਜਦ ਇਸ ਪ੍ਰਾਪਟੀ ਡੀਲਰ ਨੂੰ ਅਪਣੇ ਨਾਲ ਵੱਜੀ ਠੱਗੀ ਬਾਰੇ ਪਤਾ ਚੱਲਿਆ ਤਦ ਤੱਕ ਨੌਸਰਬਾਜ਼ ਫ਼ੁਰਰ ਹੋ ਗਏ। ਫ਼ਿਲਹਾਲ ਥਾਣਾ ਕੋਟਫੱਤਾ ਦੀ ਪੁਲਿਸ ਨੇ ਅਬੋਹਰ ਵਾਸੀ ਇਸ ਪੀੜਤ ਪ੍ਰਾਪਟੀ ਡੀਲਰ ਦੇ ਬਿਆਨਾਂ ਉਪਰ ਇੰਦਰਜੀਤ ਸਿੰਘ ਵਾਸੀ ਬੰਘੇਰ ਮੁਹੱਬਤ, ਰਾਜ ਵਾਸੀ ਬਰਨਾਲਾ, ਨਵੀ ਦਲਾਲ ਵਾਸੀ ਗਿੱਦੜਬਾਹਾ ਅਤੇ ਇੱਕ ਹੋਰ ਨਾਮਾਲੂਮ ਵਿਅਕਤੀ ਵਿਰੁਧ ਧਾਰਾ 420 ਅਤੇ 120 ਬੀ ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਮੁਦਈ ਅਵਤਾਰ ਸਿੰਘ ਨੇ ਦਸਿਆ ਕਿ ਉਹ ਅਬੋਹਰ ਇਲਾਕੇ ਵਿਚ ਪ੍ਰਾਪਟੀ ਡੀਲਰ ਦਾ ਕੰਮ ਕਰਦਾ ਹੈ। ਅਪ੍ਰੈਲ ਮਹੀਨੇ ਵਿਚ ਕਥਿਤ ਦੋਸ਼ੀ ਉਸਦੇ ਕੋਲ ਅਬੋਹਰ ਆਏ ਸਨ, ਜਿੰਨ੍ਹਾਂ ਕੋਈ ਜਮੀਨ ਦਿਵਾਉਣ ਲਈ ਕਿਹਾ ਸੀ। ਇਸ ਦੌਰਾਨ ਇੰਨ੍ਹਾਂ ਨਾਲ ਉਸਦਾ ਤਾਲਮੇਲ ਹੋ ਗਿਆ ਤੇ ਘੋੜਿਆਂ ਦੀ ਗੱਲ ਚੱਲ ਪਈ। 14 ਅਪ੍ਰੈਲ ਨੂੰ ਅਰੋਪੀ ਉਸਨੂੰ ਅਬੋਹਰ ਤੋਂ ਹੀ ਇਹ ਕਹਿ ਕੇ ਕਾਰ ’ਤੇ ਚੜਾ ਕੇ ਤਲਵੰਡੀ ਸਾਬੋ ਨਜਦੀਕ ਪਿੰਡ ਬੰਘੇਹਰ ਮੁਹੱਬਤ ਵਿਖੇ ਲੈ ਗਏ ਕਿ ਉਥੇ ਉਨ੍ਹਾਂ ਘੋੜਾ ਵੇਖਣ ਜਾਣਾ ਹੈ। ਜਿੱਥੇ ਦਾਅਵਾ ਕੀਤਾ ਗਿਆ ਕਿ ਇਹ ਮਾਰਵਾੜੀ ਨਸਲ ਦਾ ਘੋੜਾ ਹੈ। ਉਨ੍ਹਾਂ ਇਸ ਘੋੜੇ ਨੂੰ ਪਸੰਦ ਕਰ ਲਿਆ ਤੇ ਉਸਦਾ ਸੌਦਾ 13 ਲੱਖ 80 ਹਜ਼ਾਰ ਰੁਪਏ ਵਿਚ ਕਰ ਲਿਆ। ਇਸ ਦੌਰਾਨ ਹੀ ਕਥਿਤ ਦੋਸੀਆਂ ਨੇ ਸਪੀਕਰ ਆਨ ਕਰਕੇ ਮੋਬਾਇਲ ਫ਼ੋਨ ਉਪਰ ਉਸਦੇ ਸਾਹਮਣੇ ਤਲਵੰਡੀ ਸਾਬੋ ਦੇ ਕਿਸੇ ਵਿਅਕਤੀ ਨਾਲ ਗੱਲ ਕੀਤੀ, ਜਿਸਨੂੰ ਇਹ ਸਰਦਾਰ ਦੱਸ ਰਹੇ ਸਨ। ਫ਼ੋਨ ਉਪਰ ਉਸਦੇ ਸਾਹਮਣੇ ਹੀ ਇਸ ਘੋੜੇ ਦਾ ਸੌਦਾ 28 ਲੱਖ ਰੁਪਏ ਵਿਚ ਕਰ ਲਿਆ ਤੇ ਉਸਨੂੰ ਇੰਨੇਂ ਪੈਸੇ ਵਾਧੇ ਦੇ ਲਾਲਚ ਵਿਚ ਫ਼ਸਾ ਲਿਆ। ਜਿਸਤੋਂ ਬਾਅਦ ਕਥਿਤ ਦੋਸੀਆਂ ਵਲੋਂ ਸਿਰਫ਼ 2 ਲੱਖ ਦੀ ਸਾਈ ਹੀ ਦਿੱਤੀ ਗਈ ਤੇ ਬਾਕੀ 6 ਲੱਖ ਰੁਪਏ ਨਗਦ ਅਤੇ 5 ਲੱਖ 80 ਹਜ਼ਾਰ ਦੇ ਚੈਕ ਦਿਵਾ ਦਿੱਤੇ। ਨੌਸਰਬਾਜ਼ਾਂ ਦੀ ਠੱਗੀ ਇੱਥੇ ਹੀ ਖ਼ਤਮ ਨਹੀਂ ਹੋਈ, ਬਲਕਿ ਉਸਨੂੰ ਭਰੋਸੇ ਵਿਚ ਲੈ ਕੇ ਘੋੜੇ ਨੂੰ ਛੋਟੇ ਹਾਥੀ ’ਤੇ ਲਦਾ ਕੇ ਅਬੋਹਰ ਭੇਜ ਦਿੱਤਾ। ਪ੍ਰੰਤੂ ਬਾਅਦ ਵਿਚ ਘੋੜੇ ਨੂੰ ਲੈਣ ਨਹੀਂ ਆਏ ਪਰ ਜਦ ਪਿੰਡ ਦੇ ਲੋਕ ਘੋੜਾ ਦੇਖਣ ਆਏ ਤਾਂ ਉਨ੍ਹਾਂ ਦਸਿਆ ਕਿ ਇਹ ਘੋੜਾ ਮਾਰਵਾੜੀ ਨਸਲ ਦਾ ਨਹੀਂ ਹੈ, ਬਲਕਿ ਇਹ ਤਾਂ ਖੱਚਰ ਦੀ ਕਿਸਮ ਦਾ ਹੈ, ਜਿਸਦੀ ਕੀਮਤ ਵੀ ਬਹੁਤ ਘੱਟ ਹੈ। ਇਸਤੋਂ ਬਾਅਦ ਮੁਦਈ ਨੇ ਕਥਿਤ ਦੋਸ਼ੀਆਂ ਨਾਲ ਸੰਪਰਕ ਕਰਕੇ ਅਪਣੇ ਪੈਸੇ ਵਾਪਸ ਕਰਨ ਲਈ ਕਿਹਾ ਪ੍ਰੰਤੂ ਉਨ੍ਹਾਂ ਫ਼ੋਨ ਹੀ ਬੰਦ ਕਰ ਲਏ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੁਣ ਪਰਚਾ ਦਰਜ਼ ਕਰਕੇ ਕਥਿਤ ਦੋਸੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਦੇ ਬਿੱਗ ਸਿਨੇਮੇ ’ਚ ਟਿਕਟਾਂ ਵੇਚਣ ਵਿਚ ਕਰੋੜਾਂ ਦਾ ਘਪਲਾ, ਤਿੰਨ ਮੈਨੇਜਰਾਂ ਸਹਿਤ 11 ਵਿਰੁਧ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ: ਸਥਾਨਕ ਮਿੱਤਲ ਮਾਲ ’ਚ ਸਥਿਤ ਬਿੱਗ ਸਿਨੇਮਾ ’ਚ ਟਿਕਟਾਂ ਵੇਚਣ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਸਿਨੇਮੇ ਦੇ ਮੈਨੇਜਰਾਂ ਸਹਿਤ ਕੁੱਲ 11 ਜਣਿਆਂ ਵਿਰੁਧ ਧੋਖਾਧੜੀ ਤੇ ਅਮਾਨਤ ’ਚ ਖਿਆਨਤ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਹੁਣ ਤੱਕ ਕੀਤੀ ਇਸ ਮਾਮਲੇ ਦੀ ਪੜਤਾਲ ’ਚ ਕਥਿਤ ਦੋਸ਼ੀਆਂ ਵਲੋਂ ਇੱਕ ਟਿਕਟ ਦੀਆਂ ਤਿੰਨ-ਤਿੰਨ ਬਣਾ ਕੇ ਵੇਚ ਕੇ ਡੇਢ ਕਰੋੜ ਦੀ ਚਪਤ ਲਗਾਈ ਜਾ ਚੁੱਕੀ ਹੈ, ਜਦੋਂਕਿ ਪੜਤਾਲ ਜਾਰੀ ਹੈ। ਇਸ ਸਬੰਧ ਵਿਚ ਪੁਲਿਸ ਕੋਲ ਬਿੱਗ ਸਿਨੇਮਾ ਦੇ ਪੰਜਾਬ ਦੇ ਰੀਜਨਲ ਮੈਨੇਜਰ ਚੇਤਨ ਲਖਮਾਨੀਆ ਵਾਸੀ ਪੰਚਕੂਲਾ ਵਲੋਂ ਪਰਚਾ ਦਰਜ਼ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਚੇਤਨ ਦੇ ਬਿਆਨਾਂ ਉਪਰ ਸਥਾਨਕ ਬਿਗ ਸਿਨੇਮਾ ਦੇ ਮੈਨੇਜਰ ਅਰਪਿਤ ਵਾਸੀ ਪੈਨਾ ਖੁਰਦ ਸਹਿਜਾਨਪੁਰ, ਮੈਨੇਜਰ ਉਤਕਰਸ ਸਿੰਘ ਵਾਸੀ ਗਵਾਲੀਅਰ, ਮੈਨੇਜਰ ਵਿਨੋਦ ਕੁਮਾਰ ਵਾਸੀ ਵਿਸਾਲ ਨਗਰ ਬਠਿੰਡਾ, ਮੋਹਿਤ ਸਿੱਧੂ ਵਾਸੀ ਬਾਘਾ,ਜਾਨਪ੍ਰੀਤ ਸਿੰਘ ਵਾਸੀ ਅਰਜਨ ਨਗਰ ਬਠਿੰਡਾ, ਲਵਪ੍ਰੀਤ ਸਿੰਘ ਵਾਸੀ ਜਨਤਾ ਨਗਰ ਬਠਿੰਡਾ,ਦਵਿੰਦਰ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ, ਵਿਕਾਸ ਪੁੱਤਰ ਵਾਸੀ ਸੰਗੂਆਣਾ ਬਸਤੀ ਬਠਿੰਡਾ,ਹਰਮਨਪਰੀਤ ਸਿੰਘ ਵਾਸੀ ਹਰਰਾਏਪੁਰ, ਨਿਤਿਸ਼ ਸਹਿਗਲ ਵਾਸੀ ਜੋਗੀ ਨਗਰ ਬਠਿੰਡਾ, ਨਿਰਮਲ ਸਿੰਘ ਵਾਸੀ ਦੋਦਾ ਵਿਰੁਧ ਧਾਰਾ 408, 420 ਅਤੇ 120 ਬੀ ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਹੈ। ਸੂਚਨਾ ਮੁਤਾਬਕ ਬਿੱਗ ਸਿਨੇਮਾ ਦੇ ਉਚ ਅਧਿਕਾਰੀਆਂ ਨੂੰ ਮਈ ਮਹੀਨੇ ਵਿਚ ਸੂਚਨਾ ਮਿਲੀ ਸੀ ਕਿ ਬਠਿੰਡਾ ਸਥਿਤ ਮਿੱਤਲ ਮਾਲ ’ਚ ਕੰਪਨੀ ਦੀਆਂ ਚਾਰ ਸਕਰੀਨਾਂ ’ਚ ਤੈਨਾਤ ਮੈਨੇਜਰਾਂ, ਟਿਕਟ ਕੁਲੈਕਟਰਾਂ ਅਤੇ ਹੇਠਲੇ ਕਰਮਚਾਰੀਆਂ ਵਲੋਂ ਫ਼ਿਲਮਾਂ ਦੀਆਂ ਟਿਕਟਾਂ ਵੇਚਣ ਦੇ ਮਾਮਲੇ ਵਿਚ ਹੇਰਾ-ਫ਼ੇਰੀ ਕੀਤੀ ਜਾ ਰਹੀ ਹੈ। ਇਸ ਸੂਚਨਾ ਤੋਂ ਬਾਅਦ ਕੰਪਨੀ ਦੇ ਉਚ ਅਧਿਕਾਰੀਆਂ ਵਲੋਂ ਖ਼ੁਦ ਜਾਂਚ ਕੀਤੀ ਗਈ ਸੀ। ਜਿਸਤੋਂ ਬਾਅਦ ਸ਼ੱਕ ਪੈਣ ’ਤੇ ਐਸ.ਐਸ.ਪੀ ਨੂੰ ਸਿਕਾਇਤ ਦਿੱਤੀ, ਜਿੰਨ੍ਹਾਂ ਮਾਮਲੇ ਦੀ ਪੜਤਾਲ ਆਰਥਿਕ ਅਪਰਾਧ ਸਾਖਾ ਵਿੰਗ ਕੋਲੋਂ ਕਰਵਾਈ ਗਈ। ਪੁਲਿਸ ਤੇ ਸਿਨੇਮਾ ਕੰਪਨੀ ਦੇ ਪ੍ਰਬੰਧਕਾਂ ਵਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਥਿਤ ਦੋਸ਼ੀ ਮਿਲੀਭੁਗਤ ਨਾਲ ਇੱਕ ਵਾਰ ਜਾਰੀ ਹੋਣ ਵਾਲੀ ਟਿਕਟ ਨੂੰ ਡਿਲੀਟ ਕਰਕੇ ਮੁੜ ਜਾਰੀ ਕਰ ਦਿੰਦੇ ਸਨ। ਜਾਂਚ ਟੀਮ ਵਲੋਂ ਬਿੱਗ ਸਿਨੇਮਾ ਦੀਆਂ ਚਾਰਾਂ ਸਕਰੀਨਾਂ ਵਿਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤੇ ਨਾਲ ਹੀ ਸਬੰਧਤ ਸੋਅ ਲਈ ਜਾਰੀ ਕੀਤੀਆਂ ਟਿਕਟਾਂ ਦੀ ਗਿਣਤੀ ਕੀਤੀ ਗਈ। ਸੂਤਰਾਂ ਅਨੁਸਾਰ ਜਦ ਟਿਕਟਾਂ ਦੀ ਵਿਕਰੀ ਅਤੇ ਸਕਰੀਨਾਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਬੈਠੇ ਦਰਸਕਾਂ ਦੀ ਗਿਣਤੀ ਦਾ ਆਪਸੀ ਮਿਲਾਣ ਕੀਤਾ ਗਿਆ ਤਾਂ ਜਾਂਚ ਅਧਿਕਾਰੀਆਂ ਦੀ ਹੈਰਾਨੀ ਦੀ ਹੱਦ ਕੋਈ ਨਾ ਰਹੀ, ਕਿਉਂਕਿ ਜਿੰਨੇਂ ਵੀ ਸੋਅਜ਼ ਦੀ ਜਾਂਚ ਕੀਤੀ ਤਾਂ ਉਸ ਵਿਚ ਵਿਕਰੀ ਹੋਈਆਂ ਟਿਕਟਾਂ ਤੋਂ ਕਰੀਬ ਦੋ-ਤਿੰਨ ਗੁਣਾਂ ਵੱਧ ਲੋਕ ਸਿਨੇਮੇ ਅੰਦਰ ਫ਼ਿਲਮ ਵੇਖਦੇ ਹੀ ਵਿਖਾਈ ਦਿੱਤੇ। ਇਸਤੋਂ ਬਾਅਦ ਜਦ ਹੋਰ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕਥਿਤ ਦੋਸੀਆਂ ਨੇ ਸਾਫ਼ਟਵੇਅਰ ਵਿਚ ਛੇੜਛਾੜ ਕਰਦਿਆਂ ਇੱਕ ਟਿਕਟ ਦੀਆਂ ਤਿੰਨ-ਤਿੰਨ ਟਿਕਟਾਂ ਬਣਾ ਦਿੱਤੀਆਂ। ਮੁਢਲੀ ਪੜਤਾਲ ਮੁਤਾਬਕ 30432 ਟਿਕਟਾਂ ਜਾਅਲੀ ਬਣਾ ਕੇ ਵੇਚਣ ਬਾਰੇ ਪਤਾ ਚੱਲਿਆ ਹੈ ਜਦੋਂਕਿ ਹਾਲੇ ਤੱਕ ਜਾਂਚ ਜਾਰੀ ਹੈ। ਉਧਰ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਕਥਿਤ ਦੋਸੀਆਂ ਨੂੰ ਗ੍ਰਿਫਤਾਰ ਕਰਨ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਸਐਮਓ ਵਿਰੁਧ ਭ੍ਰਿਸਟਾਚਾਰ ਦਾ ਮਾਮਲਾ: ਜਨਤਕ ਜਥੇਬੰਦੀਆਂ ਵੱਲੋਂ ਭ੍ਰਿਸਟਾਚਾਰ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ
27 ਜੁਲਾਈ ਨੂੰ ਦੁਬਾਰਾ ਮੀਟਿੰਗ ਕਰਕੇ ਅਗਲੇ ਐਕਸ਼ਨ ਦਾ ਕੀਤਾ ਜਾਵੇਗਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ: ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਬਠਿੰਡਾ ਵੱਲੋਂ ਐਸ ਐਮ ਓ ਤਲਵੰਡੀ ਸਾਬੋ ਵਿਰੁਧ ਰਿਸ਼ਵਤਖੋਰੀ ਦੇੇ ਮਾਮਲੇ ਵਿਚ ਕਾਰਵਾਈ ਦੀ ਮੰਗ ਨੂੰ ਲੈ ਕੇ ਹੁਣ ਜਨਤਕ ਜਥੇਬੰਦੀਆਂ ਵੱਲੋਂ ਭ੍ਰਿਸਟਾਚਾਰ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਮਾਮਲੇ ਵਿਚ ਐਸ.ਐਮ.ਓ ਵਿਰੁਧ ਪਹਿਲਾਂ ਹੀ 19 ਜੂਨ,4 ਜੁਲਾਈ ਅਤੇ 13 ਜੁਲਾਈ ਨੂੰ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ।ਇਸ ਸਬੰਧੀ ਐਮ ਐਲ ਏ ਤਲਵੰਡੀ ਸਾਬੋ,ਐਮ ਐਲ ਏ ਮੌੜ,ਸਿਹਤ ਮੰਤਰੀ ਪੰਜਾਬ,ਐਸ ਡੀ ਐਮ ਤਲਵੰਡੀ ਸਾਬੋ ਨੂੰ ਵੀ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਇਸ ਸਬੰਧ ਵਿਚ ਜ਼ਿਲ੍ਹੇ ਭਰ ਦੀਆਂ ਜਨਤਕ ਜਥੇਬੰਦੀਆਂ ਦੀ ਸਿਵਲ ਹਸਪਤਾਲ ਵਿਖੇ ਮੀਟਿੰਗ ਕੀਤੀ ਗਈ ਅਤੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਬਠਿੰਡਾ ਦਾ ਗਠਨ ਕੀਤਾ ਗਿਆ ।ਇਸ ਐਕਸ਼ਨ ਕਮੇਟੀ ਵੱਲੋਂ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ ਗਿਆ। ਸਿਵਲ ਸਰਜਨ ਵੱਲੋਂ ਦੁਬਾਰਾ ਇਨਕੁਆਰੀ 26 ਜੁਲਾਈ ਨੂੰ ਕਰਵਾਉਣ ਦਾ ਵਿਸ਼ਵਾਸ ਦਵਾਇਆ ਗਿਆ। ਕਮੇਟੀ ਆਗੂਆਂ ਨੇ ਕਿਹਾ ਕਿ ਜੇਕਰ ਇਸ ਐਸ ਐਮ ਓ ਤਲਵੰਡੀ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ 27 ਜੁਲਾਈ ਨੂੰ ਐਕਸ਼ਨ ਕਮੇਟੀ ਬਠਿੰਡਾ ਦੀ ਮੀਟਿੰਗ ਸੱਦ ਕੇ ਅਗਲਾ ਸੰਘਰਸ਼ ਉਲੀਕਿਆ ਜਾਵੇਗਾ। ਇਸਦੇ ਨਾਲ ਹੀ ਕਮੇਟੀ ਵਲੋਂ ਮੋਗਾ ਵਿਖੇ ਮਹਿੰਦਰਪਾਲ ਲੂੰਬਾ ਦੀ ਬਦਲੀ ਅਤੇ ਸਿਵਲ ਹਸਪਤਾਲ ਮੋਗਾ ਵਿਖੇ ਹੋ ਰਹੇ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲਦੇ ਸੰਘਰਸ਼ ਦੀ ਵੀ ਹਮਾਇਤ ਕੀਤੀ। ਇਸੇ ਤਰ੍ਹਾਂ ਡਾ ਹਰਮਨ ਜ਼ੀਰਾ ਦੀ ਅਮ੍ਰਿਤਸਰ ਤੋਂ ਪਟਿਆਲਾ ਵਿਖੇ ਕੀਤੀ ਬਦਲੀ ਦੀ ਵੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਗਗਨਦੀਪ ਸਿੰਘ ਪ੍ਰਧਾਨ ਪੀ ਐਸ ਐਸ ਐਫ (ਵਿਗਿਆਨਕ),ਦਰਸ਼ਨ ਸਿੰਘ ਮੌੜ ਪੈਨਸ਼ਨਰ ਆਗੂ, ਸੁਖਮੰਦਰ ਸਿੰਘ ਧਾਲੀਵਾਲ ਜਮਹੂਰੀ ਕਿਸਾਨ ਸਭਾ, ਅਮਰਜੀਤ ਸਿੰਘ ਹਨੀ ਕਿਰਤੀ ਕਿਸਾਨ ਯੂਨੀਅਨ, ਜਗਦੇਵ ਸਿੰਘ ਜੋਗੇਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਸਿਕੰਦਰ ਧਾਲੀਵਾਲ ਡੀ ਐਮ ਐਫ਼,ਅਮੀ ਲਾਲ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਜਸਵੀਰ ਸਿੰਘ ਕੁਲ ਹਿੰਦ ਕਿਸਾਨ ਸਭਾ, ਮੱਖਣ ਸਿੰਘ ਦਿਹਾਤੀ ਮਜ਼ਦੂਰ ਸਭਾ, ਜਸਵੀਰ ਸਿੰਘ ਵੇਰਕਾ ਯੂਨੀਅਨ,ਸੰਤੋਖ ਸਿੰਘ ਮੱਲਣ ਜਮਹੂਰੀ ਅਧਿਕਾਰ ਸਭਾ,ਕੇਵਲ ਸਿੰਘ ਪੈਨਸ਼ਨਰ ਆਗੂ,ਪੂਰਨ ਸਿੰਘ ਪੀ ਡਬਲਿਊ ਡੀ,ਸਵਰਨਜੀਤ ਕੌਰ ਨਰਸਿੰਗ ਐਸੋਸੀਏਸ਼ਨ, ਅਮਨਦੀਪ ਸਿੰਘ ਗਿਆਨਾ ਤਲਵੰਡੀ, ਰਜੇਸ਼ ਕੁਮਾਰ ਮੌੜ, ਸੁਖਦੀਪ ਸਿੰਘ ਗੋਨਿਆਣਾ, ਕੁਲਦੀਪ ਸਿੰਘ ਸੰਗਤ ਆਦਿ ਆਗੂ ਹਾਜ਼ਰ ਸਨ।
ਰੂਸ ਦੀ ਸਾਊਦਰਨ ਫੈਡਰਲ ਯੂਨੀਵਰਸਿਟੀ ਅਤੇ ਬਾਬਾ ਫ਼ਰੀਦ ਗਰੁੱਪ ਵਿਚਕਾਰ ਹੋਇਆ ਸਮਝੌਤਾ
ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ: ਰੂਸ ਦੀ ਸਾਊਦਰਨ ਫੈਡਰਲ ਯੂਨੀਵਰਸਿਟੀ ਰੂਸ ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਵਿਚਕਾਰ ਸਹਿਕਾਰੀ ਵਿੱਦਿਅਕ ਅਤੇ ਖੋਜ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਸਾਂਝਦਾਰੀ ਦਾ ਉਦੇਸ਼ ਪੂਰੀ ਤਰ੍ਹਾਂ ਅਕਾਦਮਿਕ ਉੱਤਮਤਾ ਨੂੰ ਵਧਾਉਣਾ ਅਤੇ ਅੰਤਰਰਾਸ਼ਟਰੀ ਐਕਸਪੋਜ਼ਰ ਪ੍ਰਦਾਨ ਕਰ ਕੇ ਦੋਵਾਂ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਆਪਸੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਅਜਿਹੇ ਹੁਨਰਾਂ ਨੂੰ ਵਿਕਸਤ ਕਰਨ ਲਈ ਇੱਕ ਪਲੇਟਫ਼ਾਰਮ ਵੀ ਪ੍ਰਦਾਨ ਕਰਨਾ ਹੈ ਜੋ ਗਲੋਬਲ ਬਾਜ਼ਾਰ ਵਿੱਚ ਬਹੁਤ ਕੀਮਤੀ ਹਨ। ਦੋਵਾਂ ਸੰਸਥਾਵਾਂ ਦੇ ਸੰਯੁਕਤ ਉਪਰਾਲਿਆਂ ਸਦਕਾ ਵਿਦਿਆਰਥੀਆਂ ਦੀ ਨਾ ਸਿਰਫ਼ ਸਾਂਝੇ ਅਤੇ ਦੋਹਰੇ ਡਿਗਰੀ ਪ੍ਰੋਗਰਾਮਾਂ ਦੁਆਰਾ ਵਿੱਦਿਅਕ ਮੌਕਿਆਂ ਤੱਕ ਪਹੁੰਚ ਹੋਵੇਗੀ, ਸਗੋਂ ਉਹ ਵੱਖ-ਵੱਖ ਖੇਤਰਾਂ ਵਿੱਚ ਕਈ ਯੋਗਤਾਵਾਂ ਅਤੇ ਮੁਹਾਰਤ ਹਾਸਲ ਕਰਨ ਦੇ ਯੋਗ ਹੋਣਗੇ, ਜਿਸ ਨਾਲ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਖੋਜ ਸਹਿਯੋਗ ਦੁਆਰਾ ਖੋਜ ਪ੍ਰੋਜੈਕਟਾਂ, ਖੋਜ ਪੱਤਰ ਪ੍ਰਕਾਸ਼ਨਾਂ ਅਤੇ ਦੋਵਾਂ ਸੰਸਥਾਵਾਂ ਦੇ ਨਾਮਵਰ ਖੋਜਕਰਤਾਵਾਂ ਅਤੇ ਅਕਾਦਮਿਕ ਵਿਗਿਆਨੀਆਂ ਦੇ ਨਾਲ ਕੰਮ ਕਰਨ ਦੇ ਮੌਕੇ ਦਾ ਲਾਭ ਮਿਲੇਗਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਪ੍ਰਾਪਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੋਵੇਂ ਸੰਸਥਾਵਾਂ ਵਿਦਿਆਰਥੀਆਂ ਨੂੰ ਇੱਕ ਪਰਿਵਰਤਨਸ਼ੀਲ ਵਿੱਦਿਅਕ ਅਨੁਭਵ ਪ੍ਰਦਾਨ ਕਰਨ, ਉਨ੍ਹਾਂ ਦੇ ਗਿਆਨ ਨੂੰ ਇਨੋਵੇਟਿਵ ਹੱਲਾਂ ਤੱਕ ਵਧਾਉਣ ਅਤੇ 21ਵੀਂ ਸਦੀ ਦੇ ਕਰਮਚਾਰੀਆਂ ਵਿੱਚ ਸਫਲਤਾ ਲਈ ਲੋੜੀਂਦੇ ਹੁਨਰਾਂ ਨੂੰ ਹਾਸਲ ਕਰਨ ਲਈ ਸਮਰਪਿਤ ਹਨ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਸਿਕਾਇਤ ’ਤੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਵਿਜੀਲੈਂਸ ਵਲੋਂ ਸੋਮਵਾਰ ਨੂੰ ਤਲਬ
ਬੀਡੀਏ ਤੋਂ ਵਪਾਰਕ ਪਲਾਟ ਨੂੰ ਰਿਹਾਇਸ਼ੀ ਵਿਚ ਤਬੀਦਲ ਕਰਵਾ ਕੇ ਖ਼ਰੀਦਣ ਦੇ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਵਾਦਤ ਪਲਾਟ ’ਚ ਰੱਖੀ ਸੀ ਘਰ ਬਣਾਉਣ ਦੀ ਨੀਂਹ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 20 ਜੁਲਾਈ: ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਮਾਡਲ ਟਾਊਨ ਫ਼ੇਜ ਇੱਕ ਵਿਚ ਕਰੀਬ ਪੌਣੇ ਦੋ ਸਾਲ ਪਹਿਲਾਂ ਬੀਡੀਏ ਦੇ ਵਪਾਰਕ ਪਲਾਟ ਨੂੰ ਰਿਹਾਇਸ਼ੀ ਪਲਾਟ ’ਚ ਤਬਦੀਲ ਕਰਵਾ ਕੇ ਖਰੀਦਣ ਵਾਲੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹੁਣ ਵਿਜੀਲੈਂਸ ਨੇ ਤਲਬ ਕਰ ਲਿਆ ਹੈ। ਇਸ ਮਾਮਲੇ ਵਿਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵਿਜੀਲੈਂਸ ਕੋਲ ਸਿਕਾਇਤ ਕੀਤੀ ਸੀ, ਜੋਕਿ ਹੁਣ ਭਾਜਪਾ ਦੇ ਮੌਜੂਦਾ ਪ੍ਰਧਾਨ ਹਨ। ਸ਼੍ਰੀ ਸਿੰਗਲਾ ਨੇ ਵਿਜੀਲੈਂਸ ਕੋਲ ਸਿਕਾਇਤ ਕਰਦਿਆਂ ਦਾਅਵਾ ਕੀਤਾ ਸੀ ਕਿ ਵਿਤ ਮੰਤਰੀ ਵਜੋਂ ਅਪਣਾ ਰਸੂਖ ਵਰਤਦਿਆਂ ਸ: ਬਾਦਲ ਨੇ ਨਾ ਸਿਰਫ਼ ਇਸ ਪਲਾਟ ਨੂੰ ਵਪਾਰਕ ਤੋਂ ਰਿਹਾਇਸ਼ੀ ’ਚ ਤਬਦੀਲ ਕਰਕੇ ਸਰਕਾਰ ਖਜਾਨੇ ਨੂੰ ਕਰੋੜਾਂ ਦਾ ਚੂਨਾ ਲਗਾਇਆ ਹੈ, ਬਲਕਿ ਬੀਡੀਏ ਦੇ ਅਧਿਕਾਰੀਆਂ ਨੇ ਵੀ ਨਿਯਮਾਂ ਨੂੰ ਅੱਖੋ-ਪਰੋਖੇ ਕੀਤਾ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਪਲਾਟ ਵਿਚ ਘਰ ਬਣਾਉਣ ਲਈ ਨੀਂਹ ਵੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 15 ਅਕਤੂਬਰ 2021 ਨੂੰ ਰੱਖੀ ਗਈ ਸੀ ਪ੍ਰੰਤੂ ਬਠਿੰਡਾ ਨੂੰ ਪੱਕਾ ਟਿਕਾਣਾ ਬਣਾਉਣ ਦਾ ਐਲਾਨ ਕਰਨ ਵਾਲੇ ਸ: ਬਾਦਲ ਨੇ ਚੋਣਾਂ ਵਿਚ ਹਾਰਨ ਤੋਂ ਬਾਅਦ ਇਸ ਪਲਾਟ ਵਿਚ ਘਰ ਬਣਾਉਣ ਦੀ ਯੋਜਨਾ ਨੂੰ ਵੀ ਅੱਧਵਾਟੇ ਛੱਡ ਦਿੱਤਾ ਸੀ। ਵੱਡੀ ਗੱਲ ਇਹ ਵੀ ਹੈ ਕਿ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿਚ ਦੋਨਾਂ ਆਗੂਆਂ(ਸਰੂਪ ਸਿੰਗਲਾ ਤੇ ਮਨਪ੍ਰੀਤ ਬਾਦਲ) ਨੇ ਇੱਕ ਦੂਜੇ ਵਿਰੁਧ ਚੋਣ ਲੜੀ ਸੀ ਪ੍ਰੰਤੂ ਬਾਅਦ ਵਿਚ ਦੋਨੋਂ ਹੀ ਆਪੋ-ਅਪਣੀਆਂ ਪਾਰਟੀਆਂ(ਅਕਾਲੀ ਦਲ ਤੇ ਕਾਂਗਰਸ) ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਧਰ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਹ ਅਪਣੀ ਸਿਕਾਇਤ ਵਾਪਸ ਨਹੀਂ ਲੈਣਗੇ ਤੇ ਉਨਾਂ ਨੂੰ ਵਿਜੀਲੈਂਸ ਉਪਰ ਪੂਰਨ ਭਰੋਸਾ ਹੈ ਕਿ ਉਹ ਇਸ ਮਾਮਲੇ ਵਿਚ ਇਨਸਾਫ਼ ਕਰੇਗੀ। ਵਿਜੀਲੈਂਸ ਦੇ ਅਧਿਕਾਰੀਆਂ ਨੇ ਸਾਬਕਾ ਵਿਤ ਮੰਤਰੀ ਨੂੂੰ ਸੰਮਨ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਮਨਪ੍ਰੀਤ ਸਿੰਘ ਬਾਦਲ ਕੋਲੋਂ ਇਸ ਪਲਾਟ ਦੇ ਕੁੱਝ ਤੱਥਾਂ ਬਾਰੇ ਪੁਛ ਪੜਤਾਲ ਕੀਤੀ ਜਾਣੀ ਹੈ, ਜਿਸਦੇ ਚੱਲਦੇ ਉਨ੍ਹਾਂ ਨੂੰ ਸੋਮਵਾਰ ਨੂੰ ਬਠਿੰਡਾ ਸਥਿਤ ਵਿਜੀਲੈਂਸ ਬਿਉਰੋ ਦੇ ਦਫ਼ਤਰ ਵਿਚ ਬੁਲਾਇਆ ਗਿਆ ਹੈ। ’’ ਦਸਣਾ ਬਣਦਾ ਹੈ ਕਿ ਬੀਡੀਏ ਵਲੋਂ ਟੀਵੀ ਟਾਵਰ ਦੇ ਨਜਦੀਕ ਕੁੱਝ ਵਪਾਰਕ ਪਲਾਟ ਛੱਡੇ ਹੋਏ ਸਨ ਪ੍ਰੰਤੂ ਇਸ ਵਿਚੋਂ 1500 ਗਜ਼ ਦੇ ਇੱਕ ਪਲਾਟ ਨੂੰ ਅਚਾਨਕ ਬੀਡੀਏ ਨੇ ਵਪਾਰਕ ਤੋਂ ਰਿਹਾਇਸ਼ੀ ਵਿਚ ਤਬਦੀਲ ਕਰਕੇ ਕੁੱਝ ਲੋਕਾਂ ਨੂੰ ਬੋਲੀ ਉਪਰ ਦੇ ਦਿੱਤਾ। ਜਿੰਨਾਂ ਤੋਂ ਅੱਗੇ ਮਨਪ੍ਰੀਤ ਸਿੰਘ ਬਾਦਲ ਨੇ ਇਹ ਪਲਾਟ ਖ਼ਰੀਦ ਲਿਆ ਸੀ।
ਬਾਕਸ
ਬਠਿੰਡਾ ’ਚ ਅਨਾਜ ਦੀ ਢੋਆ-ਢੁਆਈ ਦੇ ਟੈਂਡਰਾਂ ਦੀ ਵੀ ਵਿਜੀਲੈਂਸ ਵਲੋਂ ਕੀਤੀ ਜਾ ਰਹੀ ਹੈ ਜਾਂਚ
ਬਠਿੰਡਾ: ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵਲੋਂ ਵਿਜੀਲੈਂਸ ਬਿਉਰੋ ਬਠਿੰਡਾ ਕੋਲ ਇੱਕ ਹੋਰ ਸਿਕਾਇਤ ਕੀਤੀ ਹੋਈ ਹੈ, ਜਿਸ ਵਿਚ ਉਨ੍ਹਾਂ ਕਾਂਗਰਸ ਸਰਕਾਰ ਦੌਰਾਨ ਬਠਿੰਡਾ ’ਚ ਅਨਾਜ ਦੀ ਢੋਆ-ਢੁਆਈ ਦੇ ਟੈਂਡਰਾਂ ਵਿਚ ਹੋਏ ਕਥਿਤ ਘਪਲੇ ਦੇ ਦੋਸ਼ ਲਗਾਏ ਸਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਮਨਪ੍ਰੀਤ ਬਾਦਲ ਨੇ ਅਪਣਾ ਸਿਆਸੀ ਪ੍ਰਭਾਵ ਵਰਤਦਿਆਂ ਅਪਣੇ ਰਿਸ਼ਤੇਦਾਰ ਜੈਜੀਤ ਜੌਹਲ ਉਰਫ਼ ਜੋਜੋ ਦੇ ਡਰਾਈਵਰ ਜੀਤਾ ਬਰਾੜ ਦੇ ਨਾਂ ’ਤੇ ਜੇ.ਬੀ. ਟਰੈਡਿੰਗ ਕੰਪਨੀ ਬਣਾ ਕੇ ਪੂਰੇ ਪੰਜ ਸਾਲ ਨਾ ਸਿਰਫ਼ ਬਠਿੰਡਾ, ਬਲਕਿ ਆਸ ਪਾਸ ਦੀਆਂ ਮੰਡੀਆਂ ਵਿਚੋਂ ਅਨਾਜ ਦੀ ਢੋਆ-ਢੁਆਈ ਦਾ ਕੰਮ ਫੁੱਲ ਰੇਟ ‘ਤੇ ਹਾਸਲ ਕਰੀ ਰੱਖਿਆ। ਵਿਜੀਲੈਂਸ ਦੇ ਸੂਤਰਾਂ ਮੁਤਾਬਕ ਇਸ ਮਾਮਲੇ ਵਿਚ ਜਾਂਚ ਚੱਲ ਰਹੀ ਹੈ ਤੇ ਜੀਤਾ ਬਰਾੜ ਤੋਂ ਪੁਛਗਿਛ ਕੀਤੀ ਜਾ ਰਹੀ ਹੈ। .
ਬਠਿੰਡਾ ਸ਼ਹਿਰ ਦੇ ਨਾਮਵਾਰ ਡਾਕਟਰ ਦੇ ਘਰ ’ਚ ਹੋਈ ਕਰੋੜਾਂ ਦੀ ਚੋਰੀ
ਘਰ ’ਚ ਬਣੀ ਡਿਜੀਟਲੀ ਲਾਕਰ ਸੇਫ਼ ਵਿਚੋਂ ਚੋਰ ਲੱਖਾਂ ਦੇ ਗਹਿਣੇ ਅਤੇ ਨਗਦੀ ਲੈ ਕੇ ਹੋਏ ਫੁਰਰ
ਚੋਰ ਘਰ ਦਾ ਭੇਤੀ ਹੋਣ ਦੀ ਸੰਭਾਵਨਾ, ਜਾਂਦਾ ਹੋਇਆ ਡੀਵੀਆਰ ਵੀ ਨਾਲ ਹੀ ਲੈ ਗਿਆ
ਪੁਲਿਸ ਵਲੋਂ ਪਰਚਾ ਦਰਜ਼, ਤਿੰਨ ਦਿਨਾਂ ਬਾਅਦ ਵੀ ਹੱਥ ਖਾਲੀ
ਸੁਖਜਿੰਦਰ ਮਾਨ
ਬਠਿੰਡਾ, 19 ਜੁਲਾਈ : ਸਥਾਨਕ ਸ਼ਹਿਰ ਦੇ ਪੁਰਾਣੇ ਤੇ ਨਾਮਵਾਰ ਡਾਕਟਰ ਮੰਨੇ ਜਾਂਦੇ ਆਰ.ਕੇ.ਮਦਾਨ ਦੇ ਘਰ ਵਿਚ ਤਿੰਨ ਦਿਨ ਪਹਿਲਾਂ ਚੋਰੀ ਹੋਣ ਦੀ ਸੂਚਨਾ ਹੈ। ਚੋਰ ਡਾਕਟਰ ਫੈਮਿਲੀ ਦੀ ਗੈਰਹਾਜ਼ਰੀ ’ਚ ਘਰ ਵਿਚ ਬਣੀ ਇਲੈਕਟਰੋਨਿਕ ਸੇਫ਼ ਵਿਚੋਂ ਕਰੋੜਾਂ ਰੁਪਏ ਦੀ ਨਗਦੀ ਤੇ ਗਹਿਣੇ ਚੋਰੀ ਕਰਕੇ ਲੈ ਗਏ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਪੁਲਿਸ ਵਲੋਂ ਡਾ ਮਦਾਨ ਦੇ ਬਿਆਨਾਂ ਉਪਰ ਅਗਿਆਤ ਵਿਅਕਤੀਆਂ ਵਿਰੁਧ ਧਾਰਾ 457 ਤੇ 380 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਮਾਮਲਾ ਸ਼ਹਿਰ ਦੇ ਨਾਮਵਾਰ ਡਾਕਟਰ ਨਾਲ ਜੁੜਿਆ ਹੋਣ ਕਾਰਨ ਅਤੇ ਚੋਰੀ ਹੋਏ ਮਾਲਕ ਦੀ ਕੀਮਤ ‘ਕਰੋੜਾਂ’ ਚੋਂ ਹੋਣ ਕਾਰਨ ਪੁਲਿਸ ਵਿਭਾਗ ਦੇ ਉਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਵਿਚ ਜੁਟੇ ਹੋਏ ਹਨ। ਪ੍ਰੰਤੂ ਚੋਰੀ ਦੀ ਘਟਨਾ ਨੂੰ ਵਾਪਰੇ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਦੱਸੇ ਜਾ ਰਹੇ ਹਨ। ਉਂਜ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਘਟਨਾ ਨੂੰ ਅੰਜਾਮ ਕਿਸੇ ਘਰ ਦੇ ਭੇਤੀ ਨੇ ਹੀ ਦਿੱਤਾ ਹੈ ਕਿਉਂਕਿ ਜਿੱਥੇ ਚੋਰ ਨੇ ਨਗਦੀ ਤੇ ਗਹਿਣੇ ਤੋਂ ਇਲਾਵਾ ਘਰ ਵਿਚ ਪਏ ਹੋਰ ਕੀਮਤੀ ਸਮਾਨ ਨੂੰ ਨਹੀਂ ਛੇੜਿਆ, ਉਥੇ ਫ਼ੜੇ ਜਾਣ ਦੇ ਡਰੋਂ ਘਰ ਵਿਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀਆਂ ਦੋਨਾਂ ਡੀਵੀਆਰਜ਼ ਵੀ ਨਾਲ ਲੈ ਗਿਆ ਹੈ। ਉਧਰ ਡਾ ਆਰ.ਕੇ.ਮਦਾਨ ਨੇ ਇਸ ਘਟਨਾ ਦੀ ਪੁਸਟੀ ਕਰਦਿਆਂ ਦਸਿਆ ਕਿ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਤੇ ਉਸਨੂੰ ਭਰੋਸਾ ਹੈ ਕਿ ਜਲਦੀ ਹੀ ਚੋਰ ਦਾ ਪਤਾ ਲੱਗ ਜਾਵੇਗਾ। ਦੂਜੇ ਪਾਸੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਮਾਮਲੇ ਦੀ ਜਾਂਚ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਤੇ ਉਮੀਦ ਹੈ ਕਿ ਇਹ ਜਾਂਚ ਜਲਦ ਹੀ ਕਿਸੇ ਸਿੱਟੇ ’ਤੇ ਪੁੱਜੇਗੀ। ਇੱਥੇ ਦਸਣਾ ਬਣਦਾ ਹੈ ਕਿ ਸਥਾਨਕ ਜੀਟੀ ਰੋਡ ’ਤੇ ਸਥਿਤ ਹਨੂੰਮਾਨ ਚੌਕ ਤੋਂ ਥੋੜਾ ਅੱਗੇ ਜਾ ਕੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਦੇ ਸਾਹਮਣੇ ਮਦਾਨ ਨਰਸਿੰਗ ਹੋਮ ਹੈ, ਜਿਸਨੂੰ ਡਾ ਆਰ.ਕੇ.ਮਦਾਨ ਤੇ ਉਸਦੀ ਪਤਨੀ ਡਾ ਊਸ਼ਾ ਮਦਾਨ ਚਲਾ ਰਹੇ ਹਨ। ਹਸਪਤਾਲ ਦੇ ਉਪਰ ਹੀ ਡਾਕਟਰ ਪ੍ਰਵਾਰ ਵਲੋਂ ਰਿਹਾਇਸ਼ ਰੱਖੀ ਹੋਈ ਹੈ। ਇਸ ਡਾਕਟਰ ਜੋੜੀ ਦੇ ਪੁੱਤਰ ਡਾ ਰਾਹੁਲ ਮਦਾਨ ਤੇ ਨੂੰਹ ਡਾਕਟਰ ਪਾਰੁਲ ਮਦਾਨ ਸਥਾਨਕ ਸਰਕਾਰੀ ਹਸਪਤਾਲ ਵਿਚ ਸੇਵਾਵਾਂ ਨਿਭਾ ਰਹੇ ਹਨ। ਸੂਚਨਾ ਮੁਤਾਬਕ ਉਕਤ ਡਾਕਟਰ ਪ੍ਰਵਾਰ 14 ਜੁਲਾਈ ਨੂੰ ਯੂ.ਪੀ ਦੇ ਗਾਜਿਆਬਾਅਦ ਤੇ ਦਿੱਲੀ ’ਚ ਅਪਣੇ ਕਿਸੇ ਰਿਸ਼ਤੇਦਾਰਾਂ ਦੀ ਹੋਈ ਮੌਤ ’ਚ ਅਫ਼ਸੋਸ ਕਰਨ ਗਏ ਸਨ। 17 ਜੁਲਾਈ ਨੂੰ ਸਾਰਾ ਪ੍ਰਵਾਰ ਵਾਪਸ ਆ ਗਿਆ। ਘਰ ਆਉਣ ’ਤੇ ਪਤਾ ਲੱਗਿਆ ਕਿ ਉਪਰਲੀ ਮੰਜਿਲ ਦੇ ਗੇਟ ਦੀ ਚਿਟਕਣੀ ਟੁੱਟੀ ਹੋਈ ਸੀ, ਇਸਤੋਂ ਬਾਅਦ ਜਦ ਇਹ ਡਾਕਟਰ ‘ਫ਼ੈਮਿਲੀ’ ਅੱਗੇ ਗਈ ਤਾਂ ਦੇਖਿਆ ਕਿ ਬੈਡਰੂਮ ਦੀ ਵੀ ਚਿਟਕਣੀ ਟੁੱਟੀ ਹੋਈ ਸੀ। ਇਸ ਬੈਡਰੂਮ ਦੀ ਕੰਧ ’ਚ ਬਣੀ ਸੇਫ਼ ਵੀ ਖੁੱਲੀ ਪਈ ਹੋਈ ਸੀ, ਜਿਸ ਵਿਚ ਪਏ ਲੱਖਾਂ ਰੁਪਏ ਤੇ ਡਾਕਟਰ ‘ਫ਼ੈਮਿਲੀ’ ਵਲੋਂ ਬਣਾਈ ਗੁਪਤ ਡਿਜੀਟਲ ਲਾਕਰ ਵਾਲੀ ਸੇਫ਼ ਦੀ ਚਾਬੀ ਗਾਇਬ ਸੀ। ਜਦ ਉਕਤ ਡਿਜੀਟਲ ਲਾਕਰ ਵਾਲੀ ਸੇਫ਼ ਨੂੰ ਦੇਖਿਆ ਤਾਂ ਉਸ ਵਿਚ ਪਏ ਹੋਏ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਚੋਰੀ ਹੋ ਚੁੱਕੇ ਸਨ।
ਬਾਕਸ
ਐਫ.ਆਈ.ਆਰ ਮੁਤਾਬਕ ਚੋਰੀ ਹੋਏ ਮਾਲ ਦੀ ਕੀਮਤ 50 ਲੱਖ ਦੇ ਕਰੀਬ
ਬਠਿੰਡਾ: ਪੁਲਿਸ ਸੂਤਰਾਂ ਮੁਤਾਬਕ ਚੋਰੀ ਦੀ ਘਟਨਾ ਤੋਂ ਬਾਅਦ ਡਾਕਟਰ ਮਦਾਨ ਵਲੋਂ ਜੋ ਪੁਲਿਸ ਕੋਲ ਬਿਆਨ ਦਰਜ਼ ਕਰਵਾਏ ਗਏ ਹਨ, ਉਸ ਮੁਤਾਬਕ ਕਰੀਬ 28-29 ਲੱਖ ਦੇ ਗਹਿਣੇ ਅਤੇ 17-18 ਲੱਖ ਰੁਪਏ ਦੀ ਨਗਦੀ ਦੱਸੀ ਗਈ ਹੈ। ਗਹਿਣਿਆਂ ਵਿਚ ਲੇਡੀਜ਼ ਡਾਇਮੰਡ ਸੈਟ, ਜੈਟਸ ਡਾਇਮੰਡ ਰਿੰਗ, ਸੋਨੇ ਦਾ ਰਾਣੀ ਹਾਰ, ਕੰਗਣ, ਚੈਨ, ਟੋਪਸ, ਬਰੈਸਲੈਟ, ਝੁਮਕੇ, ਲੈਡੀਜ਼ ਚੂੜੀ, ਜੈਟਸ ਕੜੇ ਆਦਿ ਚੋਰੀ ਹੋਏ ਦੱਸੇ ਜਾ ਰਹੇ ਹਨ।
ਵਿਜੀਲੈਂਸ ਬਿਊਰੋ ਵੱਲੋਂ ਕਤਲ ਕੇਸ ’ਚ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਡੀ.ਐਸ.ਪੀ. ਗ੍ਰਿਫਤਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਜੁਲਾਈ:ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਸਾਲ 2019 ਵਿੱਚ ਸੇਵਾਦਾਰ ਸੰਤ ਦਿਆਲ ਦਾਸ ਦੇ ਕਤਲ ਕੇਸ ਵਿੱਚੋਂ ਕਲੀਨ ਚਿੱਟ ਹਾਸਲ ਕਰ ਚੁੱਕੇ ਵਿਅਕਤੀ ਨੂੰ ਮੁੜ ਨਾਮਜ਼ਦ ਕਰਨ ਬਦਲੇ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀ.ਐਸ.ਪੀ.) ਸੁਸ਼ੀਲ ਕੁਮਾਰ ਨੂੰ ਗ੍ਰਿਫਤਾਰ ਕੀਤਾ। ਜ਼ਿਕਰਯੋਗ ਹੈ ਕਿ 7 ਨਵੰਬਰ, 2019 ਨੂੰ ਕੋਟਕਪੂਰਾ ਦੇ ਪਿੰਡ ਕੋਟਸੁਖੀਆ ਸਥਿਤ ਡੇਰਾ ਬਾਬਾ ਹਰਕਾ ਦਾਸ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਸੰਤ ਦਿਆਲ ਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਇਸ ਤੋਂ ਬਾਅਦ ਸੰਤ ਬਾਬਾ ਹਰੀਦਾਸ ਜੀ ਦੇ ਚੇਲੇ ਸੰਤ ਗਗਨ ਦਾਸ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਵਿਅਕਤੀਆਂ ਅਤੇ ਸੰਤ ਜਰਨੈਲ ਦਾਸ ਕਪੂਰੇ ਵਾਲਿਆਂ ਖਿਲਾਫ ਥਾਣਾ ਸਦਰ ਕੋਟਕਪੂਰਾ ਵਿਖੇ ਕਤਲ ਕੇਸ ਦਰਜ ਕੀਤਾ ਗਿਆ ਸੀ। ਇਸ ਉਪਰੰਤ ਡੀ.ਐਸ.ਪੀ. ਹੈੱਡਕੁਆਰਟਰ ਮੋਗਾ ਰਵਿੰਦਰ ਸਿੰਘ ਵੱਲੋਂ ਕੇਸ ਵਿੱਚ ਨਾਮਜ਼ਦ ਸੰਤ ਜਰਨੈਲ ਦਾਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਆਈ.ਜੀ.ਪੀ. ਫਰੀਦਕੋਟ ਰੇਂਜ ਪਰਦੀਪ ਕੁਮਾਰ ਯਾਦਵ ਨੇ ਐਸ.ਪੀ. (ਡੀ) ਫਰੀਦਕੋਟ ਗਗਨੇਸ਼ ਕੁਮਾਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ । ਇਸ ਐਸ.ਆਈ.ਟੀ. ਵਿੱਚ ਡੀ.ਐਸ.ਪੀ. ਫਰੀਦਕੋਟ ਸੁਸ਼ੀਲ ਕੁਮਾਰ ਸਮੇਤ ਡੀ.ਐਸ.ਪੀ ਬਾਘਾਪੁਰਾਣਾ ਜਸਜੋਤ ਸਿੰਘ ਅਤੇ ਐਸ.ਆਈ ਖੇਮ ਚੰਦ ਟੀਮ ਮੈਂਬਰਾਂ ਵਜੋਂ ਸ਼ਾਮਲ ਸਨ।ਬੁਲਾਰੇ ਨੇ ਦੱਸਿਆ ਕਿ 8 ਨਵੰਬਰ, 2022 ਨੂੰ ਐਸ.ਪੀ. ਗਗਨੇਸ਼ ਕੁਮਾਰ ਅਤੇ ਡੀਐਸਪੀ ਸੁਸ਼ੀਲ ਕੁਮਾਰ ਨੇ ਸੰਤ ਜਰਨੈਲ ਦਾਸ ਕਪੂਰੇ ਵਾਲਿਆਂ ਨੂੰ ਮੁੜ ਨਾਮਜ਼ਦ ਕਰਨ ਅਤੇ ਗ੍ਰਿਫ਼ਤਾਰ ਕਰਨ ਅਤੇ ਇਸ ਮਾਮਲੇ ਵਿੱਚ ਸੰਤ ਗਗਨ ਦਾਸ ਦੀ ਮਦਦ ਕਰਨ ਲਈ ਉਸ ( ਗਗਨ ਦਾਸ ) ਤੋਂ 50 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ । ਇਹ ਸੌਦਾ 35 ਲੱਖ ਰੁਪਏ ਵਿੱਚ ਤੈਅ ਹੋਇਆ ਅਤੇ ਉਕਤ ਅਧਿਕਾਰੀ ਪਹਿਲਾਂ ਹੀ ਦੋ ਕਿਸ਼ਤਾਂ ਵਿੱਚ 20 ਲੱਖ ਰੁਪਏ ਲੈ ਚੁੱਕੇ ਸਨ ਜਿਨ੍ਹਾਂ ਵਿੱਚ 9 ਨਵੰਬਰ, 2022 ਅਤੇ 22 ਨਵੰਬਰ, 2022 ਨੂੰ ਕ੍ਰਮਵਾਰ 15 ਲੱਖ ਅਤੇ 5 ਲੱਖ ਰੁਪਏ ਰਿਸ਼ਵਤ ਦੇ ਤੌਰ ਉੱਤੇ ਲਏ ਗਏ।ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੀਆਂ ਪੁਲਿਸ ਟੀਮਾਂ ਨੇ ਡੀਐਸਪੀ ਸੁਸ਼ੀਲ ਕੁਮਾਰ, ਜੋ ਇਸ ਸਮੇਂ 3 ਆਈ.ਆਰ.ਬੀ, ਲੁਧਿਆਣਾ ਵਿਖੇ ਤਾਇਨਾਤ ਹੈ, ਨੂੰ ਗ੍ਰਿਫਤਾਰ ਕੀਤਾ । ਦੋਸ਼ੀ ਡੀ.ਐਸ.ਪੀ. ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
