ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਜੁਲਾਈ:ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਸਰਕਾਰੀ ਅਮਲੇ ਨਾਲ ਪਿੰਡ ਵਜੀਦਪੁਰ, ਜਾਹਲਾਂ, ਬਿਸ਼ਨਪੁਰ ਛੰਨਾ, ਕੌਰਜੀਵਾਲਾ, ਕਲਿਆਣ, ਉਚਾ ਗਾਉਂ, ਇੰਦਰਪੁਰਾ, ਧਰਮਕੋਟ, ਖੇੜੀ ਮਨੀਆ, ਦੁਘਾਟ ਅਤੇ ਦਦਹੇੜਾ ਆਦਿ ਪਿੰਡਾਂ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਹੜ੍ਹਾਂ ਕਾਰਨ ਹੋਏ ਫ਼ਸਲਾਂ ਅਤੇ ਮਾਲੀ ਨੁਕਸਾਨ ਸਣੇ ਹੋਰ ਬੁਨਿਆਦੀ ਢਾਂਚੇ ਨੂੰ ਪੁੱਜੇ ਨੁਕਸਾਨ ਦਾ ਜਾਇਜ਼ਾ ਲਿਆ। ਚੇਤਨ ਸਿੰਘ ਜੌੜਾਮਾਜਰਾ ਨੇ ਨਿੱਜੀ ਤੌਰ ’ਤੇ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਂਦਿਆਂ ਹੜ੍ਹਾਂ ਕਾਰਨ ਲੋਕਾਂ ਨੂੰ ਦਰਪੇਸ਼ ਅਸਲ ਚੁਣੌਤੀਆਂ ਬਾਰੇ ਜਾਨਣ ਲਈ ਪਿੰਡਾਂ ਵਾਸੀਆਂ ਨਾਲ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਇਨ੍ਹਾਂ ਹੜ੍ਹਾਂ ਨੇ ਖੜ੍ਹੀਆਂ ਫ਼ਸਲਾਂ, ਪਸ਼ੂਆਂ ਅਤੇ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ ਜਿਸ ਨਾਲ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।ਆਪਣੇ ਦੌਰੇ ਦੌਰਾਨ ਸ. ਜੌੜਾਮਾਜਰਾ ਨੇ ਪ੍ਰਭਾਵਿਤ ਪਿੰਡ ਵਾਸੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪਹਿਲਾਂ ਵੀ ਮੁੱਖ ਮੰਤਰੀ ਸ. ਭਗਵੰਤ ਮਾਨ ਨੂੰ ਜਾਣੂ ਕਰਵਾਇਆ ਹੈ ਅਤੇ ਅਪੀਲ ਕੀਤੀ ਹੈ ਕਿ ਰਾਹਤ ਅਤੇ ਮੁੜ-ਵਸੇਬਾ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਹੜ੍ਹਾਂ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਸ ਕੁਦਰਤੀ ਆਫ਼ਤ ਦੇ ਪ੍ਰਭਾਵ ਨੂੰ ਘੱਟ ਕਰਦਿਆਂ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਲੋੜੀਂਦੀ ਰਾਹਤ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇ।ਕੈਬਨਿਟ ਮੰਤਰੀ ਸ. ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੇ ਪਾਣੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਸਮੇਤ ਲੋਕਾਂ ਦੇ ਹੋਰ ਮਾਲੀ ਨੁਕਸਾਨ ਦਾ ਸਹੀ ਮੁਲਾਂਕਣ ਕਰਨ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼ ਦਿੱਤੇ ਹਨ ਜਿਸ ਨਾਲ ਪ੍ਰਭਾਵੀ ਰਾਹਤ ਉਪਾਅ ਤਿਆਰ ਕਰਨ ਸਮੇਤ ਪ੍ਰਭਾਵਿਤ ਕਿਸਾਨਾਂ ਅਤੇ ਵਸਨੀਕਾਂ ਨੂੰ ਤੁਰੰਤ ਸਹਾਇਤਾ ਵੰਡਣ ਵਿੱਚ ਮਦਦ ਮਿਲੇਗੀ।ਹੜ੍ਹਾਂ ਤੋਂ ਬਚਾਅ ਲਈ ਭਵਿੱਖੀ ਰਣਨੀਤੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਦਰੱਖ਼ਤ ਅਤੇ ਹੋਰ ਕੂੜਾ-ਕਰਕਟ ਕਰਕੇ ਬੰਦ ਹੋਈ ਝੰਬੋ ਡਰੇਨ ਦੀ ਲੋੜੀਂਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਇਸ ਨੂੰ ਚੌੜਾ ਕਰਨ ਸਣੇ ਇਸ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਜਿੱਥੇ ਲੋੜ ਹੋਈ, ਉਥੇ ਨਵੀਂਆਂ ਪਾਈਪਾਂ ਪਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਬਣੇ ਸਾਈਫ਼ਨਾਂ ਦੇ ਬੰਦ ਹੋਣ ਕਰਕੇ ਪਾਣੀ ਦੇ ਕੁਦਰਤੀ ਵਹਾਅ ਵਿੱਚ ਜਿੱਥੇ ਕਿਤੇ ਰੋਕ ਲੱਗੀ ਹੈ, ਉਹ ਬਹਾਲ ਕਰਕੇ ਲੋੜ ਮੁਤਾਬਕ ਸੜਕਾਂ ਉਤੇ ਨਵੇਂ ਸਾਈਫ਼ਨ ਵੀ ਬਣਾਏ ਜਾਣਗੇ ਤਾਂ ਜੋ ਪਾਣੀ ਦੇ ਕੁਦਰਤੀ ਵਹਾਅ ਵਿੱਚ ਰੋਕ ਨਾ ਲੱਗੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੇ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਹੜ੍ਹ ਪ੍ਰਭਾਵਿਤ ਖੇਤਰ ਦੇ ਮੁੜ-ਵਸੇਬੇ ਲਈ ਹਰ ਲੋੜੀਂਦੀ ਸਹਾਇਤਾ ਅਤੇ ਸਾਧਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਸੂਚਨਾ ਅਤੇ ਲੋਕ ਸੰਪਰਕ ਮੰਤਰੀ ਨੇ ਲੋਕਾਂ ਨੂੰ ਇਸ ਔਖੇ ਸਮੇਂ ਦੌਰਾਨ ਦਲੇਰੀ ਨਾਲ ਕੰਮ ਲੈਣ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੀ ਜ਼ਿੰਦਗੀ ਨੂੰ ਆਮ ਵਾਂਗ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ।ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਬਲਕਾਰ ਸਿੰਘ ਰਾਜਗੜ੍ਹ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪ੍ਰਭਾਵਿਤ ਪਿੰਡਾਂ ਦਾ ਦੌਰਾ, ਹਰ ਸੰਭਵ ਮਦਦ ਦਾ ਭਰੋਸਾ
ਪਾਰਟੀ ਦੇ ਢਾਂਚੇ ਨੂੰ ਲੈ ਕੇ ਬੂਥ ਇੰਚਾਰਜਾਂ ਨਾਲ ਮੀਟਿੰਗ ਦੌਰਾਨ ਕੀਤਾ ਗਿਆ ਵਿਚਾਰ ਵਟਾਂਦਰਾ
ਬੂਥ ਅਤੇ ਸਰਕਲ ਇੰਚਾਰਜ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਰਹਿਣ ਯਤਨਸ਼ੀਲ : ਸੰਧਵਾਂ
ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 18 ਜੁਲਾਈ:- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਜਿਲਾ ਯੋਜਨਾ ਬੋਰਡ ਫਰੀਦਕੋਟ ਦੇ ਚੇਅਰਮੈਨ ਇੰਜੀ. ਸੁਖਜੀਤ ਸਿੰਘ ਢਿੱਲਵਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਸੰਧਵਾਂ ਦੇ ਬੂਥ ਇੰਚਾਰਜਾਂ ਦੀ ਬਲਾਕ ਪ੍ਰਧਾਨ ਸੰਦੀਪ ਸਿੰਘ ਕੰਮੇਆਣਾ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਮਾਣਯੋਗ ਸਪੀਕਰ ਸੰਧਵਾਂ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਵੀ ਪਹੁੰਚੇ। ਮੀਟਿੰਗ ’ਚ ਪਾਰਟੀ ਦੇ ਢਾਂਚੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਿੰਡਾਂ ’ਚ ਵਿਕਾਸ ਦੇ ਕੰਮਾਂ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਨੇ ਮੀਟਿੰਗ ’ਚ ਪਹੁੰਚੇ ਸਾਰੇ ਬੂਥ ਅਤੇ ਸਰਕਲ ਇੰਚਾਰਜਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਮੌਕੇ ’ਤੇ ਸਬੰਧਤ ਮਹਿਕਮਿਆਂ ਨੂੰ ਇਸ ਸਬੰਧੀ ਜਾਣੂ ਕਰਵਾ ਕੇ ਮੌਕੇ ’ਤੇ ਹੱਲ ਕੀਤਾ। ਉਹਨਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਸਮੇਤ ਸਮੁੱਚੀ ਆਮ ਆਦਮੀ ਪਾਰਟੀ ਦੀ ਕੈਬਨਿਟ ਨੇ ਪਹਿਲੇ ਦਿਨ ਹੀ ਇਹ ਫੈਸਲਾ ਕੀਤਾ ਸੀ ਕਿ ਪਾਰਟੀ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਕਿਸੇ ਨਾਲ ਵਿਤਕਰੇਬਾਜੀ ਨਹੀਂ ਕੀਤੀ ਜਾਵੇਗੀ। ਹੁਣ ਇਸ ਮਾਮਲੇ ਵਿੱਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਬਕਾਇਦਾ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਦੀਪ ਸਿੰਘ ਘਾਰੂ, ਰਣਜੀਤ ਸਿੰਘ ਰਾਣਾ, ਸੁਖਪਾਲ ਸਿੰਘ ਹਰੀਏਵਾਲਾ, ਅਮਰੀਕ ਸਿੰਘ ਡੱਗੋਰੋਮਾਣਾ, ਹਰਦੀਪ ਸਿੰਘ ਜਲਾਲੇਆਣਾ, ਪ੍ਰਗਟ ਸਿੰਘ ਸਿੱਖਾਂਵਾਲਾ ਸਮੇਤ ਇੰਜੀ. ਇੰਦਰਜੀਤ ਸਿੰਘ ਨਿਆਮੀਵਾਲਾ, ਪਿੰਦਰ ਸਿੰਘ ਸੰਧਵਾਂ, ਸੁਖਵਿੰਦਰ ਸਿੰਘ ਗਿੱਲ, ਹਰਦੀਪ ਸਿੰਘ ਬਿੱਟਾ ਆਦਿ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਪਾਰਟੀ ਦੀ ਮਜਬੂਤੀ ਲਈ ਪਹਿਲਾਂ ਨਾਲੋਂ ਵੀ ਜਿਆਦਾ ਮਿਹਨਤ ਕਰਨਗੇ ਅਤੇ ਪਾਰਟੀ ਹਾਈਕਮਾਂਡ ਨੂੰ ਜਿਲਾ ਫਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਵਸਦੇ ‘ਆਪ’ ਵਰਕਰਾਂ ਅਰਥਾਤ ਵਲੰਟੀਅਰਾਂ ਦੀ ਇਕ ਵੀ ਸ਼ਿਕਾਇਤ ਨਹੀਂ ਆਉਣ ਦੇਣਗੇ।
ਐਸ ਐਮ ਓ ਤਲਵੰਡੀ ਸਾਬੋ ਵਿਰੁਧ ਰਿਸ਼ਵਤਖੋਰੀ ਦੀ ਸਿਕਾਇਤ: ਮੁਲਾਜਮ ਆਗੂ ਜਾਂਚ ਤੋਂ ਹੋਏ ਅਸਤੰਸੁਟ
ਜਥੇਬੰਦੀ ਵੱਲੋਂ ਕਮੇਟੀ ਦੀ ਨਾਇਨਸਾਫੀ ਵਿਰੁੱਧ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ : ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਜਥੇਬੰਦੀ ਵਲੋਂ ਐਸ ਐਮ ਓ ਤਲਵੰਡੀ ਸਾਬੋ ਵਿਰੁਧ ਲਗਾਏ ਭ੍ਰਿਸਟਾਚਾਰ ਦੇ ਦੋਸ਼ਾਂ ਦੀ ਜਾਂਚ ਤੋਂ ਸਿਕਾਇਤਕਰਤਾ ਨੇ ਅਸਤੰਸਟਤਾ ਜਾਹਰ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਗਗਨਦੀਪ ਸਿੰਘ ਭੁੱਲਰ, ਰਜੇਸ਼ ਕੁਮਾਰ ਤੇ ਭੁਪਿੰਦਰਪਾਲ ਕੌਰ ਨੇ ਦੱਸਿਆ ਕਿ ਐਸ ਐਮ ਓ ਤਲਵੰਡੀ ਸਾਬੋ ਵਿਰੁਧ ਲਗਾਤਾਰ 19 ਜੂਨ,4 ਜੁਲਾਈ ਅਤੇ 13 ਜੁਲਾਈ ਨੂੰ ਧਰਨੇ ਲਗਾਏ ਗਏ। ਇਸਤੋਂ ਇਲਾਵਾ ਸਿਹਤ ਮੰਤਰੀ ਨੂੰ ਵੀ ਸਿਕਾਇਤ ਕੀਤੀ ਗਈ। ਜਿਸਤੋਂ ਬਾਅਦ ਸਿਵਲ ਸਰਜਨ ਵੱਲੋਂ ਤਿੰਨ ਐਸ ਐਮ ਓ ਅਧਾਰਿਤ ਇੱਕ ਇਨਕੁਆਰੀ ਕਮੇਟੀ ਦਾ ਗਠਨ ਕੀਤਾ ਗਿਆ। ਅੱਜ ਜਥੇਬੰਦੀ ਦੇ ਆਗੂ ਅਤੇ ਗਵਾਹਾਂ ਨੂੰ ਗਵਾਹੀ ਲਈ ਬੁਲਾਇਆ ਗਿਆ ਸੀ ਅਤੇ 8 ਹਲਫ਼ੀਆ ਬਿਆਨ ਪੇਸ਼ ਕੀਤੇ ਗਏ।ਜਿਸ ਮਗਰੋਂ ਜਦ ਆਹਮੋ ਸਾਹਮਣੇ ਬਿਆਨ ਸ਼ੁਰੂ ਕੀਤੇ ਗਏ ਤਾਂ ਇਨਕੁਆਰੀ ਕਮੇਟੀ ਵੱਲੋਂ ਗਵਾਹਾਂ ਨੂੰ ਬੇ ਫਾਲਤੂ ਦੇ ਸਵਾਲਾਂ ਵਿੱਚ ਉਲਝਾ ਕੇ ਦਬਾਅ ਬਣਾਉਣ ਦਾ ਯਤਨ ਕੀਤਾ ਗਿਆ। ਗਵਾਹਾਂ ਵੱਲੋਂ ਇਹ ਮੰਗ ਸੀ ਕਿ ਇੱਕ ਹਲਫ਼ੀਆ ਬਿਆਨ ਤੇ ਸਕਾਇਤ ਕਰਨ ਵਾਲੇ ਸਾਰੇ ਗਵਾਹਾਂ ਨੂੰ ਇਕੱਠਿਆਂ ਸੁਣਿਆ ਜਾਵੇ।ਪਰ ਕਮੇਟੀ ਵੱਲੋਂ ਇਸ ਤਰ੍ਹਾਂ ਨਾ ਕੀਤਾ ਗਿਆ।ਜਿਸ ਕਾਰਨ ਸਾਰੇ ਗਵਾਹਾਂ ਨੇ ਇਕੱਠ ਕਰਕੇ ਇਨਕੁਆਰੀ ਕਮੇਟੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਪੱਤਰ ਸਿਵਲ ਸਰਜਨ ਨੂੰ ਦਿੱਤਾ ਗਿਆ। ਅੱਜ ਇਸ ਇਕੱਠ ਵਿੱਚ ਕੁਲਵਿੰਦਰ ਸਿੰਘ ਫਾਰਮੇਸੀ ਅਫਸਰ, ਜਸਵਿੰਦਰ ਸ਼ਰਮਾ,ਅਮਨਦੀਪ ਕੁਮਾਰ, ਮੁਨੀਸ਼ ਕੁਮਾਰ, ਅਮਨਦੀਪ ਸਿੰਘ ਗਿਆਨਾ, ਕੁਲਦੀਪ ਸਿੰਘ ਸੰਗਤ, ਗੁਰਸੇਵਕ ਸਿੰਘ ਤਲਵੰਡੀ, ਗੁਰਦੀਪ ਸਿੰਘ ਆਦਿ ਆਗੂ ਹਾਜਰ ਸਨ।
ਸਿਵ ਕਲੌਨੀ ’ਚ ਸੀਵਰੇਜ ਪਾਇਪ ਪਾਉਣ ਲਈ ਪੁੱਟੀ ਸੜਕ ਹਾਲੇ ਤੱਕ ਜਿਉਂ ਦੀ ਤਿਉਂ
ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ : ਸਥਾਨਕ ਸ਼ਿਵ ਕਲੋਨੀ ਦੇ 77 ਨੰਬਰ ਪਾਰਕ ਬਰਨਾਲਾ ਰੋਡ ਵਿੱਚ 15 ਦਿਨ ਪਹਿਲਾਂ ਸੀਵਰੇਜ ਸਿਸਟਮ ਖਰਾਬ ਹੋਣ ਕਾਰਨ ਇਕ ਪਾਇਪ ਪਾਉਣ ਲਈ ਸੜਕ ਪੱਟੀ ਗਈ ਸੀ,ਪ੍ਰੰਤੂ ਕੋਈ ਰਾਜਾ ਬਾਬੂ ਨਾ ਹੋਣ ਕਾਰਨ ਜਿਉੰ ਦੀ ਤਿਉ ਹੈ। ਇਸ ਸਬੰਧ ਵਿਚ ਭਾਜਪਾ ਆਗੂ ਤੇ ਸਥਾਨਕ ਵਾਸੀ ਵਰਿੰਦਰ ਸ਼ਰਮਾ ਨੇ ਦਸਿਆ ਕਿ ਇਸ ਮਸਲੇ ਦੇ ਹੱਲ ਲਈ ਸੀਵਰੇਜ ਬੋਰਡ ਦੇ ਜੇ ਈ ਅਤੇ ਐੱਸ ਡੀ ਓ ਦੇ ਧਿਆਨ ਵਿਚ ਲਿਆਂਦਾ ਗਿਆ ਪ੍ਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਸ਼੍ਰੀ ਸਰਮਾ ਨੇ ਦਸਿਆ ਕਿ ਇਹ ਮਾਮਲਾ ਸੀਵਰੇਜ ਬੋਰਡ ਪੰਜਾਬ ਦੇ ਚੇਅਰਮੈਨ ਸਨੀ ਆਹਲੂਵਾਲੀਆ ਦੇ ਧਿਆਨ ਵਿਚ ਵੀ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਵਲੋਂ ਤੁਰੰਤ ਬੋਰਡ ਦੇ ਅਧਿਕਾਰੀਆਂ ਤੋਂ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ ਗਿਆ ਸੀ ਪਰ ਉਪਰੋਂ ਆਏ ਹੁਕਮਾਂ ਦੇ ਬਾਵਜੂਦ ਹੇਠਲੇ ਅਧਿਕਾਰੀ ਕਾਰਵਾਈ ਕਰਨ ਤੋਂ ਆਨਾਕਾਨੀ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੀਵਰੇਜ ਬੋਰਡ ਲੋਕਾਂ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਾ ਹੋਇਆ ਹੱਲ ਕਰੇ।
ਬਠਿੰਡਾ ਦੀ ਮਾਹਿਰਾ ਬਾਜਵਾ ਨੇ ਯੂਨੀਵਰਸਿਟੀ ਦਾਖ਼ਲਿਆਂ ਲਈ ਹੋਈ ਪ੍ਰੀਖ੍ਰਿਆ ’ਚ ਦੇਸ਼ ਭਰ ਵਿਚੋਂ ਪਹਿਲਾਂ ਰੈਂਕ ਪ੍ਰਾਪਤ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ : ਸਥਾਨਕ ਸ਼ਹਿਰ ਦੇ ਭਾਗੂ ਰੋਡ ਦੀ ਰਹਿਣ ਵਾਲੀ ਵਿਦਿਆਰਥਣ ਮਾਹਿਰਾ ਬਾਜਵਾ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ ) ਦੇ ਨਤੀਜੇ ਵਿੱਚੋਂ 800 ਵਿੱਚੋਂ 799.64 ਅੰਕ ਪ੍ਰਾਪਤ ਦੇਸ਼ ਭਰ ਵਿੱਚੋਂ ਟੋਪ ਰੈਂਕ ਪ੍ਰਾਪਤ ਕੀਤਾ ਹੈ । ਇਸ ਟੈਸਟ ਦੇ ਚਾਰ ਵਿਸ਼ਿਆਂ ਅੰਗਰੇਜ਼ੀ, ਭੂਗੋਲ, ਰਾਜਨੀਤੀ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਗੌਰਤਲਬ ਹੈ ਕਿ ਭਾਰਤ ਦੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਵੱਖ-ਵੱਖ ਅੰਡਰਗਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐਨ. ਟੀ. ਏ ) ਦੁਆਰਾ ਆਯੋਜਿਤ ਕੌਮੀ ਪ੍ਰੀਖਿਆ ਹੈ। ਮਹਿਰਾ ਨੇ ਅੱਜ ਇੱਥੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ ਇਸ ਨਤੀਜੇ ਨੇ ਉਸਦੇੇ ਲਈ ਦਿੱਲੀ ਯੂਨੀਵਰਸਿਟੀ ਦੇ ਸਭ ਤੋਂ ਵਧੀਆ ਕਾਲਜਾਂ ਵਿੱਚੋਂ ਇੱਕ ਲੇਡੀ ਸ਼੍ਰੀ ਰਾਮ ਕਾਲਜ ’ਚ ਦਾਖ਼ਲੇ ਦਾ ਰਾਹ ਪੱਧਰਾ ਕਰ ਦਿੱਤਾ ਹੈ। ਉਸਨੇ ਦੱਸਿਆ ਕਿ ਇਸ ਪ੍ਰੀਖਿਆ ਦੀ ਤਿਆਰੀ ਦੌਰਾਨ ਉਹ ਦਿਨ ਵਿੱਚ 7-8 ਘੰਟੇ ਪੜਦੀ ਰਹੀ ਹੈ। ਮਾਹਿਰਾ ਬਾਜਵਾ ਸੇਂਟ ਜੋਸਫ ਕਾਨਵੈਂਟ ਸਕੂਲ ਦੀ ਵਿਦਿਆਰਥਣ ਰਹੀ ਹੈ , ਜਿੱਥੇ ਉਹ 2022-23 ਬੈਚ ਲਈ ਵਿਦਿਆਰਥੀ ਕੌਂਸਲ ਦੀ ਮੁਖੀ ਸੀ ਅਤੇ ਉਸਨੇ 12ਵੀਂ ਸੀਬੀਐਸਈ ਦੀ ਪ੍ਰੀਖਿਆ ਵਿੱਚ 95.6% ਅੰਕ ਪ੍ਰਾਪਤ ਕੀਤੇ ਸਨ।ਉਸ ਦੀ ਮਾਤਾ ਅਮਰਦੀਪ ਕੌਰ ਨੇ ਕਿਹਾ, “ਉਸ ਦਾ ਝੁਕਾਅ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਵੱਲ ਸੀ ਅਤੇ ਉਸ ਦੀਆਂ ਦੋਵੇਂ ਭੈਣਾਂ ਵੱਲੋਂ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ।”’’ ਇੱਥੇ ਦਸਣਾ ਬਣਦਾ ਹੈਕਿ ਜਿਮੀਦਾਰਾਂ ਪ੍ਰਵਾਰ ਨਾਲ ਸਬੰਧਤ ਜਸਵਿੰਦਰ ਸਿੰਘ ਬਾਜਵਾ ਦੀਆਂ ਤਿੰਨ ਧੀਆਂ ਹਨ, ਜਿੰਨ੍ਹਾਂ ਵਿਚੋਂ ਸਭ ਤੋਂ ਵੱਡੀ ਨੇਹਮਤ ਬਾਜਵਾ ਔਲਖ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਇੱਕ ਪ੍ਰੋਫੈਸਰ ਹੈ ਅਤੇ ਉਸਦੀ ਦੂਜੀ ਭੈਣ ਸਿਮਰਨ ਬਾਜਵਾ ਐਨ. ਐਲ. ਯੂ ਜੋਧਪੁਰ ਤੋਂ ਐਲ. ਐਲ ਐੱਮ ਵਿੱਚ ਤੀਹਰੀ ਸੋਨ ਤਗਮਾ ਜੇਤੂ ਹੈ। ਮੈਡਮ ਬਾਜਵਾ ਬਠਿੰਡਾ ਦੀ ਉੱਘੀ ਵਕੀਲ ਹੈ।
ਪੰਜਾਬ ਕੇਂਦਰੀ ਯੂਨੀਵਰਸਿਟੀ ਨੇ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ : ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਿਦਿਆਰਥੀਆਂ ਨੇ ਲਗਾਤਾਰ ਦੂਜੀ ਵਾਰ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੇ ਜੇਤੂ ਬਣ ਕੇ ਇਤਿਹਾਸ ਰਚਿਆ ਹੈ। ਉਹਨਾਂ ਨੇ ਭਾਰਤ ਸਰਕਾਰ ਦੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਦੀ ਅਗਵਾਈ ਹੇਠ ਯੂਨੀਵਰਸਿਟੀ/ਕਾਲਜ ਪੱਧਰ ’ਤੇ ਆਯੋਜਿਤ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ।ਇਸ ਵੱਕਾਰੀ ਮੁਕਾਬਲੇ ਵਿੱਚ ਦੇਸ਼ ਭਰ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 55 ਵਿਦਿਆਰਥੀਆਂ ਦੀਆਂ ਕੁੱਲ 38 ਟੀਮਾਂ ਨੇ ਭਾਗ ਲਿਆ।ਰਾਸ਼ਟਰੀ ਯੁਵਾ ਸੰਸਦ ਮੁਕਾਬਲਾ ਦੇਸ਼ ਭਰ ਦੇ ਨੌਜਵਾਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਵਿਚਾਰਸ਼ੀਲ ਬਹਿਸ ਵਿੱਚ ਸ਼ਾਮਲ ਹੋਣ ਅਤੇ ਸੰਸਦੀ ਕਾਰਵਾਈ ਨੂੰ ਸਮਝਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਤਰੁਣ ਅਰੋੜਾ ਨੂੰ ਯੂਨੀਵਰਸਿਟੀ ਦਾ ਮਾਣ ਵਧਾਉਣ ਲਈ ਵਧਾਈ ਦਿੱਤੀ।
ਵਿਕਾਸ ਕਾਰਜਾਂ ਚ ਦੇਰੀ ਤੇ ਅਣਗਹਿਲੀ ਨਹੀਂ ਹੋਵੇਗੀ ਬਰਦਾਸ਼ਤ : ਡਿਪਟੀ ਕਮਿਸ਼ਨਰ
ਸਿਰਫ਼ ਕਾਗਜ਼ੀ ਨਹੀਂ ਜ਼ਮੀਨੀ ਪੱਧਰ ਤੇ ਕੀਤੇ ਜਾਣ ਕਾਰਜ
ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ : ਜ਼ਿਲ੍ਹੇ ਅਧੀਨ ਚ ਚੱਲ ਰਹੇ ਵਿਕਾਸ ਕਾਰਜਾਂ ਚ ਦੇਰੀ ਅਤੇ ਅਣਗਹਿਲੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੱਲ ਰਹੇ ਵਿਕਾਸ ਕਾਰਜ ਦਾ ਕੰਮ ਕਾਗਜੀ ਨਹੀਂ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਲਾਜ਼ਮੀ ਬਣਾਇਆ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਜ਼ਿਲ੍ਹਾ ਪਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਜਲ ਸਪਲਾਈ, ਲੋਕ ਨਿਰਮਾਣ, ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ, ਬਾਗਬਾਨੀ, ਸਿੱਖਿਆ, ਡੇਅਰੀ, ਮੱਛੀ ਪਾਲਣ, ਮੰਡੀ ਬੋਰਡ, ਮਿਊਸਪਲ ਕਾਰਪੋਰੇਸ਼ਨ, ਪਾਵਰਕਾਮ, ਜੰਗਲਾਤ ਆਦਿ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਦੀ ਸਬੰਧੀ ਕੀਤੀ ਗਈ ਮਹੀਨਾਵਾਰ ਸਮੀਖਿਆ ਬੈਠਕ ਦੌਰਾਨ ਕੀਤਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕੋਲੋਂ ਮਹੀਨੇ ਦੌਰਾਨ ਕੀਤੇ ਗਏ ਕਾਰਜਾਂ ਬਾਰੇ ਬਾਰੀਕੀ ਨਾਲ ਜਾਣਿਆ। ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ।ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫ਼ਿਕੇਟ ਜਲਦ ਤੋਂ ਜਲਦ ਜਮਾਂ ਕਰਵਾਏ ਜਾਣ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਨਾਲ ਸਬੰਧਤ ਸਾਰੇ ਬੀਡੀਪੀਓਜ਼ ਅਤੇ ਈਓਜ਼ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਵਿਕਾਸ ਕਾਰਜ ਨਾਲ ਸਬੰਧਤ ਕੋਈ ਵੀ ਪੈਂਡਿੰਗ ਕੰਮ ਨਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਰਹਿੰਦੀ ਪੈਂਡਿਸੀ ਨੂੰ ਮੁਕੰਮਲ ਕਰਨ ਲਈ ਹਰ ਸ਼ੁੱਕਰਵਾਰ ਸਾਰੇ ਬੀਡੀਪੀਓਜ਼ ਅਤੇ ਈਓਜ਼ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਜ਼ਿਲ੍ਹੇ ਅੰਦਰ ਕੋਈ ਵੀ ਪੈਂਡਿਸੀ ਨਾ ਰਹੇ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਹੋਣ ਵਾਲੇ ਵਿਕਾਸ ਕਾਰਜਾਂ ਦੇ ਜਲਦ ਤੋਂ ਜਲਦ ਐਸਟੀਮੇਟ ਬਣਾ ਕੇ ਭੇਜੇ ਜਾਣ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪਲਵੀ ਚੌਧਰੀ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੁਲਬੀਰ ਸਿੰਘ ਸੰਧੂ ਤੇ ਆਯੂਸ਼, ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਅਰਸ਼ੀ, ਕਾਰਜਕਾਰੀ ਇੰਜੀਨੀਅਰ ਅਮਿੱਤ ਕੁਮਾਰ ਤੋਂ ਇਲਾਵਾ ਹੋਰ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਰਾਈਟ ਟੂ ਬਿਜਨਸ ਐਕਟ 2020 ਅਧੀਨ ਅਪਰੂਵਲ ਜਾਰੀ ਕਰਨ ਚ ਬਠਿੰਡਾ ਮੋਹਰੀ : ਸ਼ੌਕਤ ਅਹਿਮਦ ਪਰੇ
ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ : ਪੰਜਾਬ ਸਰਕਾਰ ਵੱਲੋਂ ਨਵੇਂ ਉਦਯੋਗਾਂ ਨੂੰ ਸਥਾਪਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੰਤਵ ਲਈ ਲੋੜੀਦੀਆਂ ਮੰਜੂਰੀਆਂ ਜਲਦੀ ਤੋਂ ਜਲਦੀ ਦਿੱਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਰਾਈਟ ਟੂ ਬਿਜਨਸ ਐਕਟ 2020 ਅਧੀਨ ਨਵੀਆਂ ਇਕਾਈਆਂ ਨੂੰ ਇਨ ਪ੍ਰਿੰਸੀਪਲ ਅਪਰੂਵਲ ਜਾਰੀ ਕਰਨ ਵਿੱਚ ਸਾਰੇ ਪੰਜਾਬ ਚੋਂ ਜ਼ਿਲ੍ਹਾ ਬਠਿੰਡਾ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਵਿੱਤੀ ਵਰ੍ਹੇ ਦੌਰਾਨ ਹੁਣ ਤੱਕ ਜ਼ਿਲ੍ਹੇ ਚ 82 ਇਕਾਈਆਂ ਨੂੰ ਇਨ ਪ੍ਰਿਸੀਪਲ ਅਪਰੂਵਲ ਜਾਰੀ ਕੀਤੀ ਜਾ ਚੁੱਕੀ ਹੈ। ਇਸ ਐਕਟ ਅਨੁਸਾਰ ਨਵੀਂ ਲੱਗਣ ਵਾਲੀ ਇਕਾਈ ਨੂੰ 15 ਦਿਨਾਂ ਦੇ ਵਿੱਚ-ਵਿੱਚ ਵੱਖ-ਵੱਖ ਮਹਿਕਮਿਆਂ ਤੋਂ ਮੰਜੂਰੀ ਲੈਣ ਉਪਰੰਤ ਕੰਮ ਸ਼ੁਰੂ ਕਰਨ ਦੀ ਅਪਰੂਵਲ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫੋਕਲ ਪੁਆਇੰਟ ਵਿੱਚ ਲੱਗਣ ਵਾਲੀਆਂ ਇਕਾਈਆਂ ਨੂੰ ਇਨ ਪ੍ਰਿੰਸੀਪਲ ਅਪਰੂਵਲ 3 ਦਿਨਾਂ ਦੇ ਵਿੱਚ-ਵਿੱਚ ਜਾਰੀ ਕੀਤੀ ਜਾਂਦੀ ਹੈ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਅਪਰੂਵਲ ਲਈ ਪੰਜਾਬ ਸਰਕਾਰ ਦੇ ਇਨਵੈਸਟਮੈਂਟ ਪੰਜਾਬ ਬਿਜਨਸ ਫਸਟ ਪੋਰਟਲ ਤੇ ਆਨ-ਲਾਇਨ ਅਪਲਾਈ ਕੀਤਾ ਜਾ ਸਕਦਾ ਹੈ, ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਥਾਪਿਤ ਜਾਂ ਨਵੇਂ ਲੱਗਣ ਵਾਲੇ ਉਦਯੋਗਾਂ ਦੀਆਂ ਮੁਸ਼ਕਿਲਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਵਲੋਂ ਪੰਜ ਕਰੋੜ ਦੀ ਲਾਗਤ ਨਾਲ ਲੱਗਣ ਵਾਲੀ ਫੋਰਟੀਫਾਈਡ ਰਾਈਸ ਬਣਾਉਣ ਵਾਲੀ ਯੂਨਿਟ ਗਲੈਕਸੀ ਫੂਡਜ਼ ਨੂੰ ਇਨ ਪ੍ਰਿੰਸੀਪਲ ਅਪਰੂਵਲ ਦਾ ਸਰਟੀਫਿਕੇਟ ਦਿੱਤਾ ਗਿਆ।ਇਸ ਮੌਕੇ ਯੂਨਿਟ ਦੇ ਪ੍ਰੋਪਰਾਇਟਰ ਸ੍ਰੀ ਕੁਸ਼ਾਗਰ ਗਰਗ, ਸੁਖਜੀਤ ਸਿੰਘ ਫੰਕਸ਼ਨਲ ਮੈਨੇਜਰ ਅਤੇ ਅਰੁਣ ਗਾਂਧੀ ਬੀ.ਐਫ.ਓ. ਆਦਿ ਹਾਜ਼ਰ ਸਨ।
ਉੱਘੇ ਵਕੀਲ ਤੇ ਐਸ.ਐੱਸ.ਡੀ ਸਭਾ ਬਠਿੰਡਾ ਦੇ ਸਾਬਕਾ ਪ੍ਰਧਾਨ ਮਨੋਹਰ ਲਾਲ ਗੁਪਤਾ ਨਹੀਂ ਰਹੇ
ਖੇਤੀਬਾੜੀ ਮੰਤਰੀ ਜਥੇਦਾਰ ਖੁੱਡੀਆਂ ਨੇ ਹੜ੍ਹ ਰਾਹਤ ਕਾਰਜਾਂ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਇੱਕ ਮਹੀਨੇ ਦੀ ਤਨਖ਼ਾਹ ਦਿੱਤੀ
ਚੰਡੀਗੜ੍ਹ, 17 ਜੁਲਾਈ:ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹ ਰਾਹਤ ਕਾਰਜਾਂ ਅਤੇ ਹੜ੍ਹ ਪੀੜਤਾਂ ਦੇ ਮੁੜ-ਵਸੇਬੇ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਲਈ ਜੰਗੀ ਪੱਧਰ ’ਤੇ ਕੰਮ ਕਰਨ ਦੇ ਨਾਲ-ਨਾਲ ਬੇਸ਼ਕੀਮਤੀ ਮਨੁੱਖੀ ਜਾਨਾਂ ਅਤੇ ਜਾਇਦਾਦਾਂ ਨੂੰ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਸੂਬਾ ਸਰਕਾਰ ਦੀ ਸਮੁੱਚੀ ਮਸ਼ੀਨਰੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਮੁੜ-ਵਸੇਬੇ ਲਈ ਦਿਨ-ਰਾਤ ਕੰਮ ਕਰ ਰਹੀ ਹੈ।ਇਸ ਕੁਦਰਤੀ ਆਫ਼ਤ ਦੌਰਾਨ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਸਾਰਿਆਂ ਨੂੰ ਬਣਦਾ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਮਦਦਗਾਰ ਸਾਬਤ ਹੋਵੇਗਾ।ਖੇਤੀਬਾੜੀ ਮੰਤਰੀ ਨੇ ਸਕੱਤਰ ਆਮ ਰਾਜ ਪ੍ਰਬੰਧ ਨੂੰ ਪੱਤਰ ਲਿਖ ਕੇ ਹੜ੍ਹ ਰਾਹਤ ਅਤੇ ਮੁੜ-ਵਸੇਬਾ ਕਾਰਜਾਂ ਲਈ ਉਨ੍ਹਾਂ ਦੀ ਇਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਤਬਦੀਲ ਕਰਨ ਲਈ ਕਿਹਾ ਹੈ।
