Home Blog Page 2074

ਮੁੱਖ ਮੰਤਰੀ ਖੱਟਰ ਨੇ ਅੰਬਾਲਾ ਜਿਲ੍ਹੇ ਵਿਚ ਕੀਤੀ ਹੜ੍ਹ ਰਾਹਤ ਕੰਮਾਂ ਦੀ ਸਮੀਖਿਆ

0

ਮ੍ਰਿਤਕਾਂ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੀ 4 ਲੱਖ ਰੁਪਏ ਦੇ ਮੁਆਵਜੇ ਦਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਜੁਲਾਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੱਭ ਤੋਂ ਪਹਿਲਾਂ ਜਲਭਰਾਅ ਵਾਲੇ ਇਲਾਕਿਆਂ ਤੋਂ ਪਾਣੀ ਦੀ ਨਿਕਾਸੀ ਦੇ ਨਾਲ-ਨਾਲ ਲੋਕਾਂ ਦੇ ਲਈ ਖਾਣ ਪੀਣ ਦੀ ਵਿਵਸਥਾ ਯਕੀਨੀ ਕਰਨ। ਇਸ ਤੋਂ ਇਲਾਵਾ, ਖੇਤਾਂ ਤੋਂ ਵੀ ਪਾਣੀ ਦੀ ਨਿਕਾਸੀ ਕੀਤੀ ਜਾਵੇ, ਕਿਉਂਕਿ ਇਹ ਬਿਜਾਈ ਦਾ ਮੌਸਮ ਹੈ, ਇਸ ਲਈ ਕਿਸਾਨਾਂ ਨੁੰ ਕਿਸੇ ਤਰ੍ਹਾ ਦੀ ਕੋਈ ਮਸਸਿਆ ਨਹੀਂ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਲਈ 4 ਲੱਖ ਰੁਪਏ ਦੇ ਮੁਆਵਜੇ ਦਾ ਵੀ ਐਲਾਨ ਕੀਤਾ।ਮੁੱਖ ਮੰਤਰੀ ਨੇ ਅੱਜ ਪਿਛਲੇ ਦਿਨਾਂ ਰਾਜ ਵਿਚ ਹੋਈ ਭਾਰੀ ਬਰਸਾਤ ਨਾਲ ਪ੍ਰਭਾਵਿਤ ਖੇਤਰਾਂ ਦਾ ਜਾਇਜਾ ਲੈਣ ਲਈ ਲਗਭਗ 4-5 ਜਿਲ੍ਹਿਆਂ ਦਾ ਹਵਾਈ ਸਰਵੇਖਣ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਅੰਬਾਲਾ ਵਿਚ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਜਿਲ੍ਹੇ ਵਿਚ ਹੜ੍ਹ ਰਾਹਤ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਨਾਲ-ਨਾਲ ਅੱਜ ਤੋਂ ਏਅਰਫੋਰਸ ਦੇ ਹੈਲੀਕਾਪਟਰ ਦੇ ਜਰਇਏ ਵੀ ਪਿੰਡ ਪਿੰਡ ਤਕ ਭੋਜਨ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਪਾਣੀ ਹੌਲੀ-ਹੌਲੀ ਅੱਗੇ ਚੜ੍ਹ ਰਿਹਾ ਹੈ, ਇਸ ਲਈ ਜੀਂਦ, ਫਤਿਹਾਬਾਦ, ਫਰੀਦਾਬਾਦ, ਪਲਵਲ, ਸਿਰਸਾ ਜਿਲ੍ਹਿਆਂ ਨੂੰ ਅਲਰਟ ਮੋਡ ’ਤੇ ਰੱਖਿਆ ਗਿਆ ਹੈ।
ਬਾਕਸ
ਜਿਲ੍ਹਾ ਪ੍ਰਸਾਸ਼ਨ ਪੂਰੀ ਮੁਸਤੈਦੀ ਨਾਲ ਕਰ ਰਿਹਾ ਕੰਮ – ਅਨਿਲ ਵਿਜ
ਮੀਟਿੰਗ ਵਿਚ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਪੂਰੀ ਮੁਸਤੇਦੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਹੇਠਲੇ ਇਲਾਕਿਆਂ ਤੋਂ ਪਾਣੀ ਦੀ ਨਿਕਾਸੀ ਜਲਦੀ ਤੋਂ ਜਲਦੀ ਕਰਨ। ਪਾਣੀ ਦੇ ਟੈਂਕਰਾਂ ਦੀ ਸਪਲਾਈ ਦੇ ਲਈ ਵੀ ਇਕ ਸਿਸਟਮ ਤਿਆਰ ਕੀਤਾ ਜਾਵੇ ਤਾਂ ਜੋ ਜਰੂਰਤ ਅਨੁਸਾਰ ਟੈਂਕਰ ਭੇਜੇ ਜਾ ਸਕਣ। ਬਿਜਲੀ, ਪੇਯਜਲ ਅਤੇ ਪਸ਼ੂਆਂ ਦੇ ਚਾਰੇ ਦੀ ਵਿਵਸਥਾ ਕਰਨ ’ਤੇ ਧਿਆਨ ਦੇਣ।ਮੀਟਿੰਗ ਵਿਚ ਅੰਬਾਲਾ ਦੇ ਡਿਪਟੀ ਕਮਿਸ਼ਨਰ ਸ਼ਾਲੀਨ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਜਿਲ੍ਹਾ ਅੰਬਾਲਾ ਘੱਗਰ ਨਦੀ, ਟਾਂਗਰੀ ਅਤੇ ਮਾਰਕੰਡਾ ਨਦੀ ਦੇ ਕਾਰਨ ਵੱਧ ਪ੍ਰਭਾਵਿਤ ਹੋਇਆ ਹੈ। ਏਨਡੀਆਰਏਫ , ਏਸਡੀਆਰਏਫ ਅਤੇ ਆਰਮੀ ਦੇ ਸਹਿਯੋਗ ਨਾਲ ਰਾਹਤ ਬਚਾਅ ਕੰਮ ਜਾਰੀ ਹਨ। ਇਲਾਕਿਆਂ ਤੋਂ ਪਾਣੀ ਦੀ ਨਿਕਾਸੀ ਯਕੀਨੀ ਕੀਤੀ ਜਾ ਰਹੀ ਹੈ। ਹੁਣ ਸਿਰਫ 10-12 ਪਿੰਡ ਵਿਚ ਹੀ ਜਲਭਰਾਅ ਹੈ, ਜੋ ਕਿ ਅੱਜ ਸ਼ਾਮ ਜਾਂ ਕੱਲ ਤਕ ਕੱਢ ਦਿੱਤਾ ਜਾਵੇਗਾ।

ਪੰਜਾਬ ਦੇ ਮੰਤਰੀ ਦਾ ਵੱਡਾ ਦਾਅਵਾ, ਹਰਿਆਣਾ ਵੱਲੋਂ ਹਾਂਸੀ-ਬੁਟਾਣਾ ਨਹਿਰ ਹੇਠਲੇ ਸਾਇਫਨਾਂ ਦੀ ਸਫ਼ਾਈ ਨਾ ਕਰਨ ਦੇ ਚੱਲਦੇ ਪੰਜਾਬ ’ਚ ਬਣੇ ਹੜ੍ਹਾਂ ਵਰਗੇ ਹਾਲਾਤ

0

ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਦੀ ਮਦਦ ਲਈ ਪੁੱਜੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 12 ਜੁਲਾਈ:ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਹਾਂਸੀ-ਬੁਟਾਣਾ ਨਹਿਰ ਹੇਠਾਂ ਘੱਗਰ ਉਪਰ ਬਣੇ ਸਾਈਫ਼ਨਾਂ ਦੀ ਸਮੇਂ ਸਿਰ ਸਫ਼ਾਈ ਨਾ ਕਰਵਾਏ ਜਾਣ ਕਰਕੇ ਡਾਫ਼ ਲੱਗੀ ਹੈ ਜਿਸ ਨਾਲ ਪੰਜਾਬ ਵਾਲੇ ਇਲਾਕੇ ਦੇ ਪਿੰਡ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਕੈਬਨਿਟ ਮੰਤਰੀ ਨੇ ਵੱਖ-ਵੱਖ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਸਮੇਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਚਾਹੀਦਾ ਸੀ ਕਿ ਸਾਈਫ਼ਨਾਂ ਦੀ ਅਗਾਊਂ ਸਫ਼ਾਈ ਕਰਵਾਈ ਜਾਂਦੀ। ਉਨ੍ਹਾਂ ਕਿਹਾ ਕਿ ਜੇ ਸਾਈਫ਼ਨ ਦੀ ਸਫ਼ਾਈ ਹੋਈ ਹੁੰਦੀ ਤਾਂ ਇਹ ਨੌਬਤ ਨਾ ਆਉਂਦੀ। ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ ਸਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਕੈਥਲ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਨ ਲਈ ਕਿਹਾ ਹੈ।ਉਨ੍ਹਾਂ ਸਮਾਣਾ ਹਲਕੇ ਦੇ ਪ੍ਰਭਾਵਿਤ ਪਿੰਡਾਂ ਧਰਮਹੇੜੀ, ਘਿਉਰਾ, ਕਮਾਸਪੁਰ, ਧਨੌਰੀ, ਨਵਾਂ ਗਾਉਂ, ਬੀਬੀਪੁਰ, ਗਾਜੀਸਲਾਰ, ਰਾਜਲਾ, ਡਰੌਲਾ, ਡਰੌਲੀ, ਭਾਨਰਾ, ਭਾਨਰੀ, ਮੈਣ, ਸੱਸਾ ਗੁੱਜਰਾਂ, ਸੱਸਾ ਥੇਹ, ਮਾਂਗਟਾਂ, ਸਮਸਪੁਰ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਇੱਥੇ ਲੋੜੀਂਦੀਆਂ ਕਿਸ਼ਤੀਆਂ ਤੇ ਹੋਰ ਰਾਹਤ ਸਮੱਗਰੀ ਭਿਜਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਆਮਦ ਕਰਕੇ ਸੁਰੱਖਿਅਤ ਥਾਵਾਂ ਉਤੇ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਪੀਲ ’ਤੇ ਜ਼ਰੂਰ ਅਮਲ ਕਰਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਠਹਿਰਾਅ ਦੇ ਪਬ੍ਰੰਧ ਕੀਤੇ ਗਏ ਹਨ ਤੇ ਹੋਰ ਵੀ ਲੋੜੀਂਦੀ ਰਾਹਤ ਸਮੱਗਰੀ ਪੁੱਜਦੀ ਕਰਵਾਈ ਜਾ ਰਹੀ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਅਤੇ ਉਹ ਆਪ ਖ਼ੁਦ ਸੰਕਟ ਦੀ ਇਸ ਘੜੀ ਵਿੱਚ ਆਪਣੇ ਹਲਕੇ ਦੇ ਪਾਣੀ ਦੇ ਤੇਜ਼ ਵਹਾਅ ਤੋਂ ਪ੍ਰਭਾਵਿਤ 50 ਤੋਂ ਵਧੇਰੇ ਪਿੰਡਾਂ ਦਾ ਨਿਰੰਤਰ ਦੌਰਾ ਕਰ ਰਹੇ ਹਨ ਅਤੇ ਪਿੰਡ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਨ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਬਰਸਾਤ ਕਰਕੇ ਰੋਪੜ ਤੋਂ ਇਲਾਵਾ, ਡੇਰਾ ਬੱਸੀ, ਰਾਜਪੁਰਾ, ਘਨੌਰ, ਸਨੌਰ, ਸਮਾਣਾ, ਸ਼ੁਤਰਾਣਾ, ਨਾਭਾ ਸਮੇਤ ਸੰਗਰੂਰ ਵਿੱਚੋਂ ਲੰਘਦੇ ਘੱਗਰ ਤੇ ਹੋਰ ਨਦੀਆਂ ਵਿਚ ਆਏ ਬੇਹਿਸਾਬੇ ਪਾਣੀ ਨੇ ਬਹੁਤ ਭਾਰੀ ਨੁਕਸਾਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਦੇਵ ਸਿੰਘ ਟਿਵਾਣਾ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ ਤੇ ਅਮਰਦੀਪ ਸਿੰਘ ਸੋਨੂੰ ਥਿੰਦ, ਮਨਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਕਰਾਂਗੇ: ਮੁੱਖ ਮੰਤਰੀ

0

ਸੰਕਟ ਦੀ ਘੜੀ ਵਿੱਚ ਲੋਕਾਂ ਦੀ ਮਦਦ ਕਰਨਾ ਸੂਬਾ ਸਰਕਾਰ ਦਾ ਫ਼ਰਜ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਪੂਰਤੀ ਕਰਨ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ।ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਹਾਲਾਤ ਉਤੇ ਪਲ-ਪਲ ਨਜ਼ਰ ਰੱਖ ਰਹੇ ਹਨ ਅਤੇ ਸੂਬੇ ਭਰ ਤੋਂ ਬਾਕਾਇਦਾ ਰਿਪੋਰਟ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਅਤੇ ਪਾਣੀ ਦੇ ਪੱਧਰ ਬਾਰੇ ਸੂਬੇ ਭਰ ਵਿੱਚ ਜ਼ਿਲ੍ਹਾ ਪ੍ਰਸ਼ਾਸਨਾਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਲੋਕਾਂ ਦੀ ਮਦਦ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ ਅਤੇ ਇਸ ਕਾਰਜ ਦੀ ਪੂਰਤੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਬੈਠੇ ਆਖ਼ਰੀ ਵਿਅਕਤੀ ਤੱਕ ਰਾਹਤ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਪੁੱਜਣੀ ਯਕੀਨੀ ਬਣਾਉਣ ਉਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਤੇ ਬਚਾਅ ਕਾਰਜ ਚਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਡੈਮ ਸੁਰੱਖਿਅਤ ਹਨ ਅਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਵਗ ਰਿਹਾ ਹੈ। ਉਨ੍ਹਾਂ ਉਮੀਦ ਜਤਾਈ ਕਿ ਬੁੱਧਵਾਰ ਸ਼ਾਮ ਤੱਕ ਸੂਬੇ ਵਿੱਚ ਹਾਲਾਤ ਵਿੱਚ ਸੁਧਾਰ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸਾਰੇ ਕੈਬਨਿਟ ਮੰਤਰੀ, ਵਿਧਾਇਕ ਤੇ ਅਫ਼ਸਰ ਪਹਿਲਾਂ ਹੀ ਆਪੋ-ਆਪਣੇ ਕਾਰਜ ਖ਼ੇਤਰਾਂ ਵਿੱਚ ਤਾਇਨਾਤ ਹਨ ਅਤੇ ਸੰਕਟ ਦੀ ਇਸ ਘੜੀ ਵਿੱਚ ਲੋੜਵੰਦਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਪੱਧਰ ਨੂੰ ਦੇਖਦਿਆਂ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨ ਲਈ ਮਸ਼ੀਨਰੀ ਦਾ ਵਿਆਪਕ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆ ਰਹੇ ਹਨ ਤਾਂ ਜੋ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਪੈਦਾ ਹੋਏ ਹਾਲਾਤ ਵਿੱਚ ਲੋਕਾਂ ਦੀ ਰਾਖੀ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਮੰਤਰੀ, ਵਿਧਾਇਕ ਤੇ ਅਧਿਕਾਰੀ ਨੀਵੇਂ ਤੇ ਹੜ੍ਹਾਂ ਪੱਖੋਂ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਤਾਂ ਕਿ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਜਾਵੇ।

ਸਾਥੀ ਹਰਭਜਨ ਸਿੰਘ ਹੁੰਦਲ ਦੇ ਸਦੀਵੀ ਵਿਛੋੜੇ ’ਤੇ ਪ.ਸ.ਸ.ਫ. ਵਲੋਂ ਦੁੱਖ ਦਾ ਪ੍ਰਗਟਾਵਾ

0

ਹਰਭਜਨ ਸਿੰਘ ਹੁੰਦਲ ਦਾ ਦੁਖਦਾਈ ਵਿਛੋੜਾ- ਰਾਣਾ, ਬਾਸੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 12 ਜੁਲਾਈ: ਸੁਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਉੱਘੇ ਜਨਵਾਦੀ ਲੇਖਕ, ਜੁਝਾਰੂ ਟਰੇਡ ਯੂਨੀਅਨਿਸਟ ਅਤੇ ਸਮਾਜਕ ਤਬਦੀਲੀ ਦੇ ਮਾਨਵਤਾਵਤਾ ਸੰਗਰਾਮ ਨੂੰ ਪ੍ਰਣਾਏ ਲਾਮਿਸਾਲ ਬੁੱਧਜੀਵੀ ਸਾਥੀ ਹਰਭਜਨ ਸਿੰਘ ਹੁੰਦਲ 9 ਜੁਲਾਈ ਦੀ ਸ਼ਾਮ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਅਤੇ ਕਲਮ ਦੇ ਧਨੀ ਅਤੇ ਲੋਕ ਘੋਲਾਂ ਦੇ ਪਹਿਲੀ ਕਤਾਰ ਦੇ ਆਗੂ ਸਾਥੀ ਹੁੰਦਲ ਦੇ ਸਦੀਵੀ ਵਿਛੋੜੇ ਤੇ ਜੱਥੇਬੰਦੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।ਜੱਥੇਬੰਦੀ ਦੇ ਆਗੂਆਂ ਕਰਮਜੀਤ ਸਿੰਘ ਬੀਹਲਾ, ਸੁਖਵਿੰਦਰ ਸਿੰਘ ਚਾਹਲ, ਮੱਖਣ ਵਾਹਿਦਪੁਰੀ, ਇੰਦਰਜੀਤ ਵਿਰਦੀ ਨੇ ਕਿਹਾ ਕਿ ਸਾਥੀ ਹੁੰਦਲ ਜੀ ਦੀ ਸਮਾਜ ਪ੍ਰਤੀ ਵਡਮੁੱਲੀ ਦੇਣ ਅਤੇ ਅਦੁੱਤੀ ਘਾਲਣਾਵਾਂ ਨੂੰ ਬੇਹਦ ਸਤਿਕਾਰ ਨਾਲ ਯਾਦ ਕਰਦਿਆਂ ਉਨ੍ਹਾਂ ਨੂੰ ਸੂਹੀ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ। ਪ.ਸ.ਸ.ਫ. ਦੇ ਮਾਸਿਕ ਬੁਲਾਰੇ “ਮੁਲਾਜ਼ਮ ਲਹਿਰ”ਦੇ ਮੁੱਖ ਸੰਪਾਦਕ ਸਾਥੀ ਵੇਦ ਪ੍ਰਕਾਸ਼ ਸਰਮਾ, ਸੰਪਾਦਕੀ ਮੰਡਲ ਦੇ ਮੈਂਬਰ ਸ਼ਿਵ ਕੁਮਾਰ, ਰਾਮ ਕ੍ਰਿਸ਼ਨ ਧੁਣਕੀਆ, ਮੱਖਣ ਸਿੰਘ ਕੁਹਾੜ, ਡਾ. ਹਜ਼ਾਰਾ ਸਿੰਘ ਚੀਮਾ, ਪ੍ਰਬੰਧਕੀ ਬੋਰਡ ਦੇ ਮੈਂਬਰ ਮਨਜੀਤ ਸੈਣੀ, ਕੁਲਦੀਪ ਦੌੜਕਾ, ਰਕੇਸ਼ ਕੁਮਾਰ, ਜਸਮੇਰ ਸਿੰਘ, ਹਰਨੇਕ ਮਾਵੀ, ਸੁਖਦੇਵ ਜਾਜਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਥੀ ਹੁੰਦਲ ਜੀ ਦੀਆਂ ਲਿਖਤਾ ਸੰਘਰਸ਼ਸ਼ੀਲ ਯੋਧਿਆਂ ਅੰਦਰ ਜ਼ੁਲਮ ਦੇ ਖਿਲਾਫ ਲੜਨ ਸਬੰਧੀ ਪ੍ਰੇਰਣਾ ਸਰੋਤ ਦਾ ਕੰਮ ਕਰਦੀਆਂ ਸਨ ਅਤੇ ਉਹਨਾਂ ਦੇ ਸਦੀੜੀ ਵਿਛੋੜੇ ਨਾਲ ਸਮੁੱਚੇ ਕਿਰਤੀ ਵਰਗ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਆਗੂਆਂ ਨੇ ਇਸ ਦੁਖ ਦੀ ਘੜੀ ਵਿਚ ਸਾਥੀ ਹੁੰਦਲ ਦੀ ਪਤਨੀ, ਸਪੁੱਤਰਾਂ, ਧੀਆਂ ਅਤੇ ਪਰਿਵਾਰ ਨਾਲ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਹਨ। ਇਸ ਮੌਕੇ ਕਿਸ਼ੋਰ ਚੰਦ ਗਾਜ, ਅਨਿਲ ਕੁਮਾਰ, ਜਸਵਿੰਦਰ ਸੋਜਾ, ਮਨੋਹਰ ਲਾਲ ਸ਼ਰਮਾ, ਬਲਵਿੰਦਰ ਭੁੱਟੋ, ਸੁਭਾਸ਼ ਚੰਦਰ, ਪ੍ਰੇਮ ਚੰਦ, ਰਜੇਸ਼ ਕੁਮਾਰ ਅਮਲੋਹ, ਨਿਰਮੋਲਕ ਸਿੰਘ, ਕੁਲਦੀਪ ਪੂਰੋਵਾਲ, ਜਤਿੰਦਰ ਕੁਮਾਰ, ਚਮਕੌਰ ਸਿੰਘ ਨਾਭਾ, ਦਵਿੰਦਰ ਸਿੰਘ ਬਿੱਟੂ, ਮੋਹਣ ਸਿੰਘ ਪੂਨੀਆ, ਗੁਰਵਿੰਦਰ ਸਿੰਘ, ਮਾਲਵਿੰਦਰ ਸਿੰਘ, ਸਰਬਜੀਤ ਸਿੰਘ, ਰਜਿੰਦਰ ਰਿਆੜ, ਗੁਰਪ੍ਰੀਤ ਰੰਗੀਲਪੁਰ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਅਮਰੀਕ ਸਿੰਘ, ਕਰਮ ਸਿੰਘ, ਗੁਰਦੇਵ ਸਿੰਘ ਸਿੱਧੂ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਬੋਬਿੰਦਰ ਸਿੰਘ, ਦਰਸ਼ਣ ਚੀਮਾ, ਗੁਰਪ੍ਰੀਤ ਸਿੰਘ ਗਿੱਲ, ਪੂਰਨ ਸਿੰਘ ਸੰਧੂ, ਗੁਰਤੇਜ ਸਿੰਘ ਖਹਿਰਾ, ਜਗਤਾਰ ਸਿੰਘ ਫਰਜ਼ੁਲਾਪੁਰ, ਸੁਖਦੇਵ ਚੰਗਾਲੀਵਾਲਾ, ਜਗਦੀਪ ਸਿੰਘ ਮਾਂਗਟ, ਪ੍ਰਭਜੀਤ ਸਿੰਘ ਰਸੂਲਪੁਰ, ਗੁਰਦੀਸ਼ ਸਿੰਘ, ਫੁੰਮਣ ਸਿੰਘ ਕਾਠਗੜ੍ਹ, ਹਰਮਨਪ੍ਰੀਤ ਕੌਰ ਗਿੱਲ, ਗੁਰਪ੍ਰੀਤ ਕੌਰ, ਰਾਣੋ ਖੇੜੀ ਗਿੱਲਾਂ, ਬਿਮਲਾ ਰਾਣੀ, ਸ਼ਰਮੀਲਾ ਦੇਵੀ,ਮੱਖਣ ਖਨਗਵਾਲ, ਬਲਰਾਜ ਮੌੜ,ਜੱਗਾ ਸਿੰਘ ਅਲੀਸ਼ੇਰ, ਗੁਰਪ੍ਰੀਤ ਸਿੰਘ ਆਦਿ ਆਗੂ ਵੀ ਹਾਜਰ ਸਨ।

ਸਿਹਤ ਵਿਭਾਗ ਨਥਾਣਾ ਵਲੋਂ ਬੱਚਿਆਂ ’ਚ ਖੰਡੇ ਬੁੱਲ੍ਹ ਜਾਂ ਤਾਲੂਏ ਦੇ ਜਮਾਂਦਰੂ ਨੁਕਸਾਂ ਸਬੰਧੀ ਜਾਗਰੂਕਤਾ ਕੈੰਪ

0

ਪੰਜਾਬੀ ਖ਼ਬਰਸਾਰ ਬਿਉਰੋ
ਨਥਾਣਾ, 12 ਜੁਲਾਈ : ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਨਥਾਣਾ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਬੱਚਿਆਂ ਵਿਚ ਖੰਡੇ ਬੁੱਲ੍ਹ ਜਾਂ ਤਾਲੂਏ ਦੇ ਜਮਾਂਦਰੂ ਨੁਕਸ ਸਬੰਧੀ ਜਾਗਰੂਕਤਾ ਕੈੰਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਪਵਨਜੀਤ ਕੌਰ ਤੇ ਰੋਹਿਤ ਜਿੰਦਲ ਨੇ ਦੱਸਿਆ ਕਿ ਕੱਟੇ ਹੋਏ ਬੁੱਲ੍ਹਾਂ ਜਾਂ ਤਾਲੂ ਜਿਹੇ ਜਮਾਂਦਰੂ ਨੁਕਸ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾਣੀ ਹੈ ਜਿਸ ਤਹਿਤ ਮਾਪਿਆਂ ਨੂੰ ਬੱਚਿਆਂ ਵਿਚ ਪੈਦਾ ਹੋਣ ਵਾਲੇ ਅਜਿਹੇ ਨੁਕਸਾਂ ਅਤੇ ਇਲਾਜ ਬਾਰੇ ਜਾਣੂ ਕਰਾਇਆ ਜਾਵੇਗਾ। ਉਹਨਾਂ ਦੱਸਿਆ ਕਿ ਬੱਚਿਆਂ ਦੇ ਫਟੇ ਹੋਏ ਬੁੱਲ੍ਹਾਂ ਦਾ ਇਲਾਜ ਸਰਕਾਰ ਵੱਲੋਂ ਆਰ.ਬੀ.ਐਸ.ਕੇ. ਅਧੀਨ ਮੁਫ਼ਤ ਕੀਤਾ ਜਾਂਦਾ ਹੈ। ਕੈੰਪ ਦੌਰਾਨ ਗਰਭਵਤੀ ਔਰਤਾਂ ਨੂੰ ਜਾਣਕਾਰੀ ਦਿੰਦਿਆਂ ਗਾਇਨਾਕਲੋਜਿਸਟ ਡਾ. ਨਵਪ੍ਰੀਤ ਕੌਰ ਨੇ ਕਿਹਾ ਕਿ ਕੱਟੇ ਹੋਏ ਬੁੱਲ੍ਹ ਇੱਕ ਅਜਿਹੀ ਖਰਾਬੀ ਹੈ ਜਿਸ ਵਿਚ ਬੱਚੇ ਦਾ ਕੱਟਿਆ ਹੋਇਆ ਉਪਰਲਾ ਬੁੱਲ੍ਹ ਨੱਕ ਤੱਕ ਵੱਧ ਸਕਦਾ ਹੈ। ਕੱਟੇ ਹੋਏ ਬੁੱਲ੍ਹ ਅਜਿਹੇ ਜਮਾਂਦਰੂ ਨੁਕਸਾਂ ਵਿੱਚੋਂ ਇੱਕ ਹੈ ਜੋ ਗਰਭ ਅਵਸਥਾ ਦੌਰਾਨ ਪੈਦਾ ਹੁੰਦੇ ਹਨ। ਜਦੋਂ ਮੂੰਹ ਦੇ ਉੱਪਰਲੇ ਬੁੱਲ੍ਹ ਅਤੇ ਤਾਲੂ ਦਾ ਸਹੀ ਢੰਗ ਨਾਲ ਵਿਕਾਸ ਨਾ ਹੋਵੇ ਤਾਂ ਨਤੀਜੇ ਵਜੋਂ ਬੱਚੇ ਦਾ ਜਨਮ ਉੱਪਰਲੇ ਬੁੱਲ੍ਹਾਂ ਵਿੱਚ ਇੱਕ ਚੀਰ ਜਾਂ ਪਾੜੇ ਨਾਲ ਹੁੰਦਾ ਹੈ। ਇਹ ਸਿਰਫ ਸਰੀਰਕ ਦਿੱਖ ਜਾਂ ਸੁਹਜ ਦੀ ਸਮੱਸਿਆ ਨਾ ਹੋ ਕੇ ਇਹ ਬੱਚੇ ਦੇ ਦਿਨ ਪ੍ਰਤੀ ਦਿਨ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦੀ ਹੈ। ਬੱਚੇ ਨੂੰ ਛਾਤੀ ਦਾ ਦੁੱਧ ਚੁੰਘਾਉਣ ਜਾਂ ਇੱਕ ਬੋਤਲ ਵਿੱਚ ਮੁਸ਼ਕਲ ਹੋ ਸਕਦੀ ਹੈ, ਜਿਸ ਨਾਲ ਦੁੱਧ ਚੁੰਘਾਉਣ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ।ਦੁੱਧ ਚੁੰਘਾਉਣ ਦੌਰਾਨ ਲਿਆ ਗਿਆ ਦੁੱਧ ਜਾਂ ਭੋਜਨ ਬੱਚੇ ਦੇ ਨੱਕ ਵਿੱਚ ਜਾ ਸਕਦਾ ਹੈ, ਅਤੇ ਉਹ ਦੁੱਧ ਪਿਲਾਉਂਦੇ ਸਮੇਂ ਜ਼ਿਆਦਾ ਹਵਾ ਨਿਗਲ ਸਕਦਾ ਹੈ।ਬੱਚੇ ਦੇ ਬੁੱਲ੍ਹ ਖ਼ਰਾਬ ਹੋਣ ਕਾਰਨ ਬੱਚੇ ਦੇ ਦੰਦਾਂ ਦਾ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਸਕਦਾ ਅਤੇ ਬੋਲਣ ’ਤੇ ਅਸਰ ਪੈ ਸਕਦਾ ਹੈ। ਕੱਟੇ ਹੋਏ ਬੁੱਲ੍ਹਾਂ ਜਾਂ ਤਾਲੂ ਵਾਲੇ ਕੁਝ ਬੱਚਿਆਂ ਨੂੰ ਕੰਨ ਦੀ ਲਾਗ ਅਤੇ ਕੰਨ ਦੇ ਚਿਪਚਿਪੇ ਹੋਣ ਦਾ ਵੱਧ ਖ਼ਤਰਾ ਹੁੰਦਾ ਹੈ ਜੋ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਫਟੇ ਹੋਏ ਬੁੱਲ੍ਹ ਅਤੇ/ਜਾਂ ਤਾਲੂ ਦਾ ਹੱਲ ਸਰਜਰੀ ਰਾਹੀਂ ਤਿੰਨ ਤੋਂ ਛੇ ਮਹੀਨੇ ਦੀ ਉਮਰ ਵਿਚ ਕਲੈਫਟ ਨੂੰ ਬੰਦ ਕਰਨ ਲਈ ਟਿਸ਼ੂ ਨੂੰ ਜੋੜਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪੀੜਿਤ ਬੱਚਿਆਂ ਦਾ ਇਲਾਜ ਦੰਦਾਂ ਦੇ ਮਾਹਿਰ ਡਾਕਟਰ ਜਾਂ ਬੱਚਿਆਂ ਦੇ ਮਾਹਿਰ ਡਾਕਟਰ ਕੋਲੋਂ ਕਰਾਉਣ ਲਈ ਅਪੀਲ ਵੀ ਕੀਤੀ।ਇਸ ਮੌਕੇ ਸਿਹਤ ਕਰਮੀ ਤੇ ਆਸ਼ਾ ਵਰਕਰ ਮੌਜੂਦ ਸਨ।

ਆਰ.ਬੀ.ਐਸ.ਕੇ.ਟੀਮ ਮੋਗਾ ਨੇ ਇੱਕ ਹੋਰ ਬੱਚੀ ਦੇ ਦਿਲ ਦਾ ਮੁਫਤ ਅਪਰੇਸ਼ਨ ਕਰਵਾਇਆ

0

ਸਿਹਤਮੰਦ ਪੰਜਾਬ ਸਿਹਤ ਵਿਭਾਗ ਦਾ ਮੁੱਖ ਟੀਚਾ-ਡਾ.ਰਾਜੇਸ਼ ਅੱਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਮੋਗਾ, 12 ਜੁਲਾਈ : ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਮੋਗਾ ਦੀ ਆਰ.ਬੀ.ਐਸ.ਕੇ. ਟੀਮ ਵੱਲੋਂ ਰਾਸ਼ਟਰੀਯ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਅਕਾਲਸਰ ਰੋਡ ਮੋਗਾ ਦੀ ਸੱਤ ਸਾਲਾਂ ਬੱਚੀ ਜਸਮੀਤ ਕੌਰ ਦੇ ਦਿਲ ਦਾ ਮੁਫਤ ਅਪਰੇਸ਼ਨ ਸੀ.ਐਮ.ਸੀ. ਲੁਧਿਆਣਾ ਤੋ ਸਫਲਤਾਪੂਰਵਕ ਕਰਵਾਇਆ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਨੇ ਦੱਸਿਆ ਕਿ ਆਰ.ਬੀ.ਐਸ.ਕੇ. ਟੀਮ ਮੋਗਾ ਦੇ ਡਾ. ਅਜੇੈ ਕੁਮਾਰ ਅਤੇ ਸਟਾਫ ਨਰਸ ਰਾਜਵੰਤ ਕੌਰ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਕੀਤੀ ਗਈ ਸਿਹਤ ਜਾਂਚ ਵਿੱਚ ਪਾਇਆ ਗਿਆ ਸੀ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਕਾਲਸਰ ਰੋਡ ਮੋਗਾ ਵਿਖੇ ਸੱਤ ਸਾਲਾਂ ਦੀ ਇੱਕ ਬੱਚੀ ਜਸਮੀਤ ਕੌਰ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਇਸਦਾ ਪਰਿਵਾਰ ਗਰੀਬ ਹੋਣ ਕਾਰਣ ਇਸਦਾ ਅਪਰੇਸ਼ਨ ਨਹੀਂ ਕਰਵਾ ਸਕਦਾ । ਆਰ.ਬੀ.ਐਸ.ਕੇ. ਟੀਮ ਮੋਗਾ ਵੱਲੋਂ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ, ਜਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ, ਐਸ.ਐਮ.ੳ. ਮੋਗਾ ਡਾ. ਸੁਖਪ੍ਰੀਤ ਸਿੰਘ ਬਰਾੜ, ਜਿਲਾ ਪ੍ਰੋਗਰਾਮ ਮੈਨੇਜਰ ਪ੍ਰਵੀਨ ਸ਼ਰਮਾ, ਜਿਲਾ ਮਾਸ ਮੀਡੀਆ ਵਿੰਗ ਅਮ੍ਰਿਤਪਾਲ ਸ਼ਰਮਾ, ਲਖਵਿੰਦਰ ਕੈਥ, ਮਜਵਤ ਕੌਰ ਅਤੇ ਜਿਲਾ ਸਕੂਲ ਹੈਲਥ ਕੋਆਰਡੀਨੇਟਰ ਸੁਖਬੀਰ ਸਿੰਘ ਦੇ ਸਹਿਯੋਗ ਨਾਲ ਇਸ ਬੱਚੀ ਦੇ ਦਿਲ ਦਾ ਅਪਰੇਸ਼ਨ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਇਲਾਜ ਲਈ ਚਲਾਏ ਜਾ ਰਹੇ ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਸੀ.ਐਮ.ਸੀ. ਲੁਧਿਆਣਾ ਤੋਂ ਬਿਲਕੁਲ ਮੁਫਤ ਅਤੇ ਸਫਲਤਾਪੂਰਵਕ ਕਰਵਾਇਆ ਗਿਆ ਹੈ । ਆਰ.ਬੀ.ਐਸ.ਕੇ. ਦੀ ਟੀਮ ਵੱਲੋਂ ਜਸਮੀਤ ਕੌਰ ਦਾ ਅਪਰੇਸ਼ਨ ਉਪਰੰਤ ਹਾਲ ਚਾਲ ਪਤਾ ਕੀਤਾ ਅਤੇ ਜਸਮੀਤ ਕੌਰ ਦੇ ਪਿਤਾ ਮੰਗੂ ਸਿੰਘ ਨੂੰ ਅਪਰੇਸ਼ਨ ਉਪਰੰਤ ਇੰਨਫੈਕਸ਼ਨ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਤਰੁੰਤ ਆਰ.ਬੀ.ਐਸ.ਕੇ ਟੀਮ ਮੋਗਾ ਨਾਲ ਸੰਪਰਕ ਕੀਤਾ ਜਾਵੇ, ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਉੱਚ ਪੱਧਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਸੰਭਵ ਹੈ ।ਆਰ.ਬੀ.ਐਸ.ਕੇ. ਟੀਮ ਦੇ ਮੈਂਬਰ ਡਾ. ਅਜੇ ਕੁਮਾਰ ਅਤੇ ਸਟਾਫ ਨਰਸ ਰਾਜਵੰਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਜੀਰੋ ਤੋਂ ਅਠਾਰਾਂ ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫਤ ਇਲਾਜ ਲਈ ਆਰ.ਬੀ.ਐਸ.ਕੇ. ਟੀਮ ਵੱਲੋਂ ਆਂਗਣਵਾੜੀਆਂ ਤੇ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਇਸ ਸਿਹਤ ਜਾਂਚ ਵਿੱਚ ਬੱਚਿਆਂ ਦੇ ਜਮਾਂਦਰੂ ਨੁਕਸ, ਬਿਮਾਰੀ, ਸਰੀਰਿਕ ਘਾਟ ਅਤੇ ਸਰੀਰਿਕ ਵਾਧੇ ਦੀ ਘਾਟ ਆਦਿ ਨੂੰ ਦੇਖਿਆ ਜਾਂਦਾ ਹੈ । ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਦੇ ਉਦੇਸ਼ ਤਹਿਤ ਜਲਦ ਬਿਮਾਰੀ ਦੀ ਪਹਿਚਾਣ ਕਰ ਲੈਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੂਰੀ ਤਰਾਂ ਸੰਭਵ ਹੈ ।

ਡਿਪਟੀ ਕਮਿਸ਼ਨਰ ਨੇ ਕੀਤਾ ਬਠਿੰਡਾ ਜੇਲ੍ਹ ਦਾ ਦੌਰਾ, ਸੁਣੀਆਂ ਕੈਦੀਆਂ ਤੇ ਹਵਾਲਾਤੀਆਂ ਦੀਆਂ ਮੁਸ਼ਕਿਲਾਂ

0

ਸੁਖਜਿੰਦਰ ਮਾਨ
ਬਠਿੰਡਾ, 12 ਜੁਲਾਈ : ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਵਲੋਂ ਅੱਜ ਬਠਿੰਡਾ ਦੀ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕੈਦੀਆਂ ਤੇ ਹਵਾਲਾਤੀਆਂ ਦੀ ਮੁਸਕਿਲਾਂ ਸੁਣੀਆਂ। ਸੂਤਰਾਂ ਅਨੁਸਾਰ ਜੇਲ੍ਹ ਦੌਰੇ ਦੌਰਾਨ ਅੰਦਰਲੇ ਹਸਪਤਾਲ ਵਿਚ ਮੈਡੀਕਲ ਦਵਾਈਆਂ ਦੀ ਘਾਟ ਦਾ ਮਾਮਲਾ ਸਾਹਮਣੇ ਆਇਆ, ਜਿਸਨੂੰ ਹੱਲ ਕਰਨ ਲਈ ਮੌਕੇ ’ਤੇ ਮੌਜੂਦ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੂੰ ਕਿਹਾ ਗਿਆ। ਇਸਤੋਂ ਇਲਾਵਾ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਅੰਦਰ ਬਣੇ ਹਸਪਤਾਲ ਵਿਚ ਟੈਸਟਾਂ ਲਈ ਲੈਬ ਖੋਲਣ ਦੀ ਵੀ ਮੰਗ ਰੱਖੀ। ਪਤਾ ਚੱਲਿਆ ਹੈ ਕਿ ਇਸ ਦੌਰੇ ਦੌਰਾਨ ਕੁੱਝ ਕੈਦੀਆਂ ਵਲੋਂ ਛੁੱਟੀ ਨਾ ਮਿਲਣ ਦਾ ਮੁੱਦਾ ਚੂੱਕਿਆ ਪ੍ਰੰਤੂ ਮਾਮਲਾ ਐਨ.ਡੀ.ਪੀ.ਐਸ ਐਕਟ ਕੇਸਾਂ ਨਾਲ ਸਬੰਧਤ ਹੋਣ ਕਾਰਨ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਚੱਲਣ ਲਈ ਕਿਹਾ। ਸੂਚਨਾ ਮੁਤਾਬਕ ਜੇਲ੍ਹ ’ਚ ਬੰਦ ਆਮ ਕੈਦੀਆਂ ਤੇ ਹਵਾਲਾਤੀਆਂ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਵਲੋਂ ਜੇਲ੍ਹ ਅੰਦਰ ਹੀ ਖ਼ਤਰਨਾਕ ਗੈਂਗਸਟਰਾਂ ਲਈ ਬਣੇ ਹਾਈ ਸਕਿਊਰਟੀ ਜੋਨ ਦਾ ਵੀ ਦੌਰਾ ਕੀਤਾ ਗਿਆ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇਸ ਮੁਲਾਕਾਤ ਦੌਰਾਨ ਕੁੱਝ ਗੈਂਗਸਟਰਾਂ ਨੇ ਡਿਪਟੀ ਕਮਿਸ਼ਨਰ ਸਾਹਮਣੇ ਅਪਣਾ ਪੱਖ ਰੱਖਦਿਆਂ ਉਨ੍ਹਾਂ ਨੂੰ ਮੁੜ ਮੁੱਖ ਧਾਰਾ ਵਿਚ ਸਾਮਲ ਕਰਨ ਲਈ ਕਿਹਾ। ਉਨ੍ਹਾਂ ਦਲੀਲ ਦਿੱਤੀ ਕਿ ਜੇਕਰ ਨਕਸਲੀਆਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਕੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਉਨ੍ਹਾਂ ਨੂੰ ਇਹ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਸਮਾਜ ਨਾਲ ਮੁੜ ਜੁੜਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਉਹ ਕੋਈ ਅਜਿਹਾ ਕੰਮ ਨਾ ਕਰਨ, ਜਿਸਦੇ ਨਾਲ ਕਾਨੂੰਨ ਜਾਂ ਸਮਾਜ ਦੀ ਸ਼ਾਂਤੀ ਭੰਗ ਹੁੰਦੀ ਹੋਵੇ। ਇਸ ਮੌਕੇ ਡਿਪਟੀ ਕਮਿਸ਼ਨਰ ਤੇ ਉਨ੍ਹਾਂ ਦੇ ਨਾਲ ਗਏ ਅਧਿਕਾਰੀਆਂ ਨੇ ਜੇਲ੍ਹ ਦੀ ਰੋਟੀ ਵੀ ਖ਼ਾਧੀ। ਇਸ ਦੌਰਾਨ ਜਿੱਥੇ ਜੇਲ੍ਹ ਸੁਪਰਡੈਂਟ ਐਨ.ਡੀ.ਨੇਗੀ,ਵਧੀਕ ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋ ਤੇ ਡਿਪਟੀ ਸੁਪਰਡੈਂਟ ਫੈਕਟਰੀ ਭੁਪਿੰਦਰ ਸਿੰਘ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੇ ਨਾਲ ਗਏ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਚ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ, ਐਕਸੀਅਨ ਮਨਪ੍ਰੀਤ ਅਰਸੀ ਜਨ ਸਿਹਤ ਵਿਭਾਗ, ਐਕਸੀਅਨ ਲੋਕ ਨਿਰਮਾਣ ਵਿਭਾਗ ਤੋਂ ਇਲਾਵਾ ਕਈ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਪੁੱਜੇ ਹੋਏ ਸਨ।

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ

0

ਕਿਹਾ- ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਪ੍ਰਬੰਧ ਨਾ ਕੀਤੇ ਜਾਣ ਕਾਰਨ ਵੱਡਾ ਨੁਕਸਾਨ ਹੋਇਆ ਹੈ
ਪੰਜਾਬੀ ਖ਼ਬਰਸਾਰ ਬਿਉਰੋ
ਮੋਹਾਲੀ, 12 ਜੁਲਾਈ : ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਭਾਰੀ ਮੀਂਹ ਕਾਰਨ ਮੁਹਾਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਮੁਹਾਲੀ ਦੇ ਵਾਰਡ ਨੰਬਰ 7 ਅਤੇ ਪਿੰਡ ਰੁੜਕਾ ਵਿੱਚ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ।ਇਸ ਮੌਕੇ ਲੋਕਾਂ ਨੇ ਸੰਸਦ ਮੈਂਬਰ ਤਿਵਾੜੀ ਨੂੰ ਆਪਣੇ ਘਰਾਂ ਅਤੇ ਹੋਰ ਥਾਵਾਂ ’ਤੇ ਹੋਏ ਨੁਕਸਾਨ ਬਾਰੇ ਦੱਸਿਆ। ਲੋਕਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਲੋਕਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਨੀਤੀਆਂ ਪ੍ਰਤੀ ਭਾਰੀ ਰੋਸ ਵੀ ਦੇਖਣ ਨੂੰ ਮਿਲਿਆ।ਲੋਕਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਸਰਕਾਰ ਮਾਨਸੂਨ ਤੋਂ ਪਹਿਲਾਂ ਲੋੜੀਂਦੇ ਪ੍ਰਬੰਧ ਕਰਨ ਵਿੱਚ ਅਸਫਲ ਰਹੀ ਹੈ। ਇਸ ਦੌਰਾਨ ਨਾ ਤਾਂ ਡਰੇਨਾਂ ਦੀ ਸਫ਼ਾਈ ਕਰਵਾਈ ਗਈ ਅਤੇ ਨਾ ਹੀ ਲੋੜ ਪੈਣ ’ਤੇ ਠੋਸ ਪ੍ਰਬੰਧ ਕੀਤੇ ਗਏ। ਸੰਸਦ ਮੈਂਬਰ ਤਿਵਾੜੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਜਦੋਂ ਭਾਰੀ ਬਰਸਾਤ ਹੋਈ ਸੀ ਤਾਂ ਸਥਿਤੀ ਨੂੰ ਸਮੇਂ ਸਿਰ ਸੰਭਾਲ ਲਿਆ ਗਿਆ ਸੀ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਗਿਆ ਸੀ।ਇਸ ਦੌਰਾਨ ਉਨ੍ਹਾਂ ਨਾਲ ਸਥਾਨਕ ਕੌਂਸਲਰ ਬਲਜੀਤ ਕੌਰ, ਮੋਹਾਲੀ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਐਮ.ਸੀ., ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮਨਜੋਤ ਸਿੰਘ, ਅਮਨ ਸਲੈਚ, ਸੋਹਣ ਸੈਨੀ, ਕਰਮਜੀਤ ਸੈਣੀ, ਗੁਰਮੀਤ ਸੈਣੀ, ਪੂਰਨ ਸਿੰਘ, ਦਲਬੀਰ ਸੈਣੀ, ਸਰਪੰਚ ਗੁਰਵਿੰਦਰ ਸਿੰਘ ਨਡਿਆਲੀ, ਮਨਦੀਪ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।

ਬਠਿੰਡਾ ਚ ਪੌਣੇ ਚਾਰ ਕਿਲੋ ਅਫੀਮ ਸਹਿਤ ਕਾਬੂ ਕੀਤਾ ਮੁਜਰਮ ਪੁਲਿਸ ਹਿਰਾਸਤ ਵਿਚੋਂ ਹੱਥਕੜੀ ਸਹਿਤ ਹੋਇਆ ਫ਼ਰਾਰ

0
ਅੰਮ੍ਰਿਤਸਰ ਦੇ ਨਾਰਕੋਟਿਕ ਕੰਟਰੋਲ ਬਿਊਰੋ ਦੀ ਟੀਮ ਨੇ ਮੁਜਰਮਾਂ ਨੂੰ ਹਵਾਲਾਤ ਵਿਚ ਰੱਖਣ ਦੀ ਥਾਂ ਠਹਿਰਾਇਆ ਸੀ ਹੋਟਲ ਵਿਚ 
ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਬਠਿੰਡਾ ‘ਚ ਅੰਮ੍ਰਿਤਸਰ ਦੇ ਨਾਰਕੋਟਿਕ ਕੰਟਰੋਲ ਬਿਊਰੋ ਦੀ ਟੀਮ ਵੱਲੋਂ ਪੌਣੇ ਚਾਰ ਕਿਲੋ ਅਫੀਮ ਸਹਿਤ ਕਾਬੂ ਕੀਤੇ ਗਏ ਦੋ ਮੁਜਰਮਾਂ ਵਿਚੋਂ ਇਕ ਦੇ ਪੁਲਿਸ ਹਿਰਾਸਤ ਵਿਚੋਂ ਹੱਥਕੜੀ ਸਹਿਤ ਫ਼ਰਾਰ ਹੋਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਵਿਚ ਪੁਲਸ ਟੀਮ ਦੀ ਵੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸਨੇ ਮੁਜਰਮਾਂ ਨੂੰ ਹਵਾਲਾਤ ਵਿਚ ਰੱਖਣ ਦੀ ਥਾਂ ਹੋਟਲ ਵਿਚ ਠਹਿਰਾਇਆ ਹੋਇਆ ਸੀ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਸ ਕੇਸ ਵਿੱਚ ਨਾਰਕੋਟਿਕ ਕੰਟਰੋਲ ਬਿਊਰੋ ਦੇ ਥਾਣੇਦਾਰ ਬਲਵੰਤ ਰਾਏ ਦੇ ਬਿਆਨਾਂ ਉਪਰ ਜਿਥੇ ਫਰਾਰ ਹੋਏ ਮੁਜਰਮ ਰਾਜੇਸ਼ ਕੁਮਾਰ ਯਾਦਵ ਵਾਸੀ ਪਿੰਡ ਖੜਖਰ ਥਾਣਾ ਸ੍ਰੀ ਮਾਧੋਪੁਰ ਜਿਲਾ ਸੀਕਰ ਰਾਜਸਥਾਨ ਵਿਰੁੱਧ ਧਾਰਾ 353,186 IPC ਤਹਿਤ ਕੇਸ ਦਰਜ ਕਰ ਲਿਆ ਹੈ ਉਥੇ ਪੁਲਸ ਮੁਲਾਜ਼ਮਾਂ ਦੀ ਵੀ ਲਾਪ੍ਰਵਾਹੀ ਦੇ ਚਲਦੇ ਉਨ੍ਹਾਂ ਵਿਰੁੱਧ ਵੀ ਧਾਰਾ 224 ਤਹਿਤ ਪਰਚਾ ਦਰਜ ਕਰਦਿਆਂ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਕ ਗੁਪਤ ਸੂਚਨਾ ਦੇ ਅਧਾਰ ਤੇ ਨਾਰਕੋਟਿਕ ਕੰਟਰੋਲ ਬਿਊਰੋ ਅੰਮ੍ਰਿਤਸਰ ਦੀ ਟੀਮ ਵੱਲੋਂ ਰਾਜੇਸ਼ ਯਾਦਵ ਅਤੇ ਕੁਲਵਿੰਦਰ ਸਿੰਘ ਵਾਸੀ ਸੰਗੋਧੌਣ ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਲਹਿਰਾ ਬੇਗਾ ਟੋਲ ਪਲਾਜਾ ਕੋਲੋਂ 8 ਜੁਲਾਈ ਨੂੰ 3,860 ਕਿਲੋਗ੍ਰਾਮ ਅਫੀਮ ਸਾਹਿਤ ਕਾਬੂ ਕੀਤਾ ਸੀ। ਇਨ੍ਹਾਂ ਵਿਰੁੱਧ ਬਿਊਰੋ ਦੇ ਚੰਡੀਗੜ੍ਹ ਸਥਿਤ ਥਾਣੇ ਵਿੱਚ ਮੁਕੱਦਮਾ ਦਰਜ ਕਰਨ ਤੋਂ ਬਾਅਦ 9 ਜੁਲਾਈ ਨੂੰ ਡਿਊਟੀ ਮੈਜਿਸਟ੍ਰੇਟ ਰਾਜਵੀਰ ਕੌਰ ਦੀ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ।ਸੂਤਰਾਂ ਮੁਤਾਬਕ ਪੁਲਿਸ ਟੀਮ ਵੱਲੋਂ 10 ਜੁਲਾਈ ਨੂੰ ਦੋਸ਼ੀਆਂ ਨੂੰ ਹੋਰ ਰਿਕਵਰੀ ਲਈ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਵਿਖੇ ਲੈ ਕੇ ਜਾਣਾ ਸੀ ਜਿਸਦੇ ਚਲਦੇ ਵਾਪਸ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਿਜਾਣ ਦੀ ਬਜਾਏ ਉਨ੍ਹਾਂ ਨੂੰ ਬਠਿੰਡਾ ਹੀ ਰੱਖ ਲਿਆ ਗਿਆ। ਪ੍ਰੰਤੂ ਇਸ ਮਾਮਲੇ ਵਿਚ ਮੁਜਰਮਾਂ ਨੂੰ ਕਾਬੂ ਕਰਨ ਵਾਲੇ ਪੁਲਿਸ ਟੀਮ ਦੀ ਵੱਡੀ ਲਾਪਰਵਾਹੀ ਇਹ ਵੀ ਸਾਹਮਣੇ ਆਈ ਹੈ ਕਿ ਉਨ੍ਹਾਂ ਇਹਨਾਂ ਮੁਜਰਮਾਂ ਨੂੰ ਸਬੰਧਤ ਥਾਣੇ ਦੀ ਹਵਾਲਾਤ ਵਿੱਚ ਬੰਦ ਕਰਨ ਦੀ ਬਜਾਏ ਆਪਣੇ ਨਾਲ ਸਥਾਨਕ ਸ਼ਹਿਰ ਦੇ ਹਨੂੰਮਾਨ ਚੌਕ ਕੋਲ ਸਥਿਤ ਇਕੋ ਹੋਟਲ ਵਿੱਚ ਠਹਿਰਾ ਲਿਆ।ਪੁਲਿਸ ਅਧਿਕਾਰੀਆਂ ਮੁਤਾਬਕ 10 ਜੁਲਾਈ ਨੂੰ ਸਵੇਰੇ ਇੱਕ ਕਥਿਤ ਦੋਸ਼ੀ ਰਾਜੇਸ਼ ਯਾਦਵ ਝੁਕਾਨੀ ਦੇਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਟੀਮ ਹੱਥ ਮਿਲਦੀ ਰਹਿ ਗਈ।ਹਾਲਾਂਕਿ ਮੁਜਰਮਾਂ ਨੂੰ ਫੜਨ ਵਾਲੀ ਟੀਮ ਦੇ ਇੰਚਾਰਜ ਬਲਵੰਤ ਰਾਏ ਵੱਲੋਂ ਥਾਣਾ ਸਿਵਲ ਲਾਈਨ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾ ਵਿੱਚ ਦਾਅਵਾ ਕੀਤਾ ਹੈ ਕੇ ਮੁਜ਼ਰਮ ਰਾਜੇਸ਼ ਧੱਕਾ ਮਾਰ ਕੇ ਫਰਾਰ ਹੋਇਆ ਹੈ ਪਰੰਤੂ ਇਸ ਮਾਮਲੇ ਵਿੱਚ ਸਾਹਮਣੇ ਆਈਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚ ਉਹ ਆਰਾਮ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਡੀਐਸਪੀ ਸਿਟੀ ਬਠਿੰਡਾ ਗੁਰਪ੍ਰੀਤ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਥਾਣੇਦਾਰ ਬਲਵੰਤ ਰਾਏ ਦੇ ਬਿਆਨਾਂ ਉਪਰ ਜਿਥੇ ਮੁਜਰਿਮ ਰਾਜੇਸ਼ ਯਾਦਵ ਵਿਰੁੱਧ ਧਾਰਾ 353,186 IPC ਤਹਿਤ ਕੇਸ ਦਰਜ ਕਰ ਲਿਆ ਹੈ ਉਥੇ ਪੁਲਸ ਮੁਲਾਜ਼ਮਾਂ ਦੀ ਵੀ ਲਾਪ੍ਰਵਾਹੀ ਦੇ ਚਲਦੇ ਉਨ੍ਹਾਂ ਵਿਰੁੱਧ ਵੀ ਧਾਰਾ 224 ਤਹਿਤ ਕਾਰਵਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ

ਹਰਿਆਣਾ ’ਚ ਹੁਣ ਸਰਪੰਚਾਂ ਨੂੰ ਮਿਲਣਗੇ ਹਰ ਮਹੀਨੇ 5 ਹਜ਼ਾਰ ਤੇ ਪੰਚਾਂ ਨੂੰ 1600 ਰੁਪਏ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਜੁਲਾਈ : ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੀ ਸਰਕਾਰ ਨੇ ਚੋਣਾਂ ਸਮੇਂ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਸੂਬੇ ਭਰ ਦੇ ਹਜ਼ਾਰਾਂ ਸਰਪੰਚਾਂ ਅਤੇ ਪੰਚਾਂ ਦੇ ਮਾਨਭੱਤੇ ਵਿਚ ਵਾਧਾ ਕੀਤਾ ਹੈ। ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਤਹਿਤ ਹੁਣ ਸਰਪੰਚਾਂ ਨੂੰ 5 ਹਜਾਰ ਰੁਪਏ ਅਤੇ ਪੰਚਾਂ ਨੁੰ 1600 ਰੁਪਏ ਮਾਨਭੱਤਾ ਮਿਲੇਗਾ। ਵੱਡੀ ਗੱਲ ਇਹ ਹੈ ਕਿ ਇਹ ਵਧਿਆ ਹੋਇਆ ਭੱਤਾ ਲੰਘੀ 1 ਅਪ੍ਰੈਲ, 2023 ਤੋਂ ਲਾਗੂ ਹੋਵੇਗਾ ਤੇ ਬਕਾਇਆ ਵਾਧੂ ਰਾਸੀ ਵੀ ਮਿਲੇਗੀ। ਜਿਕਰਯੋਗ ਹੈ ਕਿ ਮੌਜੂਦਾ ਸਮੇਂ ਹਰਿਆਣਾ ਵਿਚ ਸਰਪੰਚਾਂ ਅਤੇ ਪੰਚਾਂ ਨੂੰ ਕ੍ਰਮਵਾਰ 3,000 ਰੁਪਏ ਅਤੇ ਪੰਚਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾ ਰਿਹਾ ਹੈ। ਦਸਣਾ ਬਣਦਾ ਹੈ ਕਿ ਹਰਿਆਣਾ ਸਰਕਾਰ ਨੇ ਸਰਪੰਚਾਂ ਤੇ ਪੰਚਾਂ ਦੇ ਮਾਨਭੱਤੇ ਵਿਚ ਵਾਧਾ ਕਰਨ ਲਈ ਹਰਿਆਣਾ ਪੰਚਾਇਤੀ ਰਾਜ ਵਿੱਤ, ਬਜਟ, ਲੇਖਾ, ਲੇਖਾ ਪ੍ਰੀਖਿਆ ਕਰਾਧਾਨ ਅਤੇ ਸੰਕਰਮ ਨਿਯਮ 1995 ਵਿਚ ਸੋਧ ਕੀਤੀ ਹੈ।
ਬਾਕਸ
ਛੜਿਆਂ ਨੂੰ ਵੀ ਲਾਗੂ ਕਰ ਚੁੱਕੀ ਹੈ ਹਰਿਆਣਾ ਸਰਕਾਰ ਪੈਨਸ਼ਨ
ਬਠਿੰਡਾ: ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪਿਛਲੇ ਦਿਨਾਂ ਹਰਿਆਣਾ ਸਰਕਾਰ ਨੇ ਸੂਬੇ ਭਰ ਦੇ ਛੜਿਆਂ ਨੂੰ ਵੀ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ। ਇਸ ਐਲਾਨ ਤਹਿਤ 45 ਤੋਂ 60 ਸਾਲ ਤੱਕ ਦੇ ਸਾਰੇ ਅਣਵਿਆਹੇ ਪੁਰਸ਼ਾਂ ਤੇ ਮਹਿਲਾਵਾਂ ਨੂੰ ਪ੍ਰਤੀ ਮਹੀਨਾ 2750 ਰੁਪਏ ਮਿਲਿਆ ਕਰਨਗੇ। ਇਸਤੋਂ ਬਾਅਦ 60 ਸਾਲ ਦੀ ਉਮਰ ਪੂਰੀ ਹੋਣ ’ਤੇ ਬੁਢਾਪਾ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਇਸਦੇ ਲਈ ਸ਼ਰਤ ਇਹ ਰੱਖੀ ਗਈ ਹੈ ਕਿ ਅਣਵਿਆਹੁਤਾ ਪੈਨਸਨ ਲਈ ਸਲਾਨਾ ਆਮਦਨ 1 ਲੱਖ 80 ਹਜ਼ਾਰ ਤੋਂ ਘੱਟ ਹੋਣੀ ਚਾਹੀਦੀ ਹੈ। ਇਸਤੋਂ ਇਲਾਵਾ ਇਸ ਸਕੀਮ ਵਿਚ ਵਿਧਵਾ ਪੁਰਸ਼ਾਂ ਤੇ ਇਸਤਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।