Home Blog Page 2075

ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤਾਂ ਲਈ ਵੱਡੀ ਪੱਧਰ ‘ਤੇ ਰਾਹਤ ਕਾਰਜ ਜਾਰੀ

0

11 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਸ਼ੂਧਨ ਨੂੰ ਦਵਾਈਆਂ ਲਈ ਹਰੇਕ ਜ਼ਿਲ੍ਹੇ ਨੂੰ 50,000 ਰੁਪਏ ਦੀ ਰਾਸ਼ੀ ਦੀ ਕੀਤੀ ਵੰਡ
ਖੁਰਾਕ ਸਪਲਾਈ ਵਿਭਾਗ ਵੱਲੋਂ ਵੰਡੇ ਜਾ ਰਹੇ ਹਨ ਸੁੱਕੇ ਰਾਸ਼ਨ ਦੇ ਪੈਕੇਟ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਜੁਲਾਈ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਲੋਕਾਂ ਦੀ ਜਾਨ-ਮਾਲ ਨੂੰ ਬਚਾਉਣ ਦੇ ਨਾਲ-ਨਾਲ ਪਸ਼ੂ ਧੰਨ ਦੀ ਸੁਰੱਖਿਆ ਲਈ ਵੀ ਪ੍ਰਭਾਵਸ਼ਾਲੀ ਯਤਨ ਕੀਤੇ ਜਾ ਰਹੇ ਹਨ। ਇਕ ਬੁਲਾਰੇ ਨੇ ਦੱਸਿਆ ਕਿ ਰੋਪੜ, ਪਟਿਆਲਾ, ਲੁਧਿਆਣਾ, ਮੋਹਾਲੀ, ਫਤਹਿਗੜ੍ਹ ਸਾਹਿਬ, ਮੋਗਾ, ਜਲੰਧਰ, ਫਿਰੋਜ਼ਪੁਰ, ਕਪੂਰਥਲਾ, ਤਰਨ ਤਾਰਨ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਸੀਨੀਅਰ ਵੈਟਰਨਰੀ ਅਫਸਰਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਜ਼ਿਲ੍ਹਾ ਦਵਾਈਆਂ ਖਰੀਦ ਕੇ ਭੇਜ ਦਿੱਤੀਆਂ ਹਨ ਤਾਂ ਜੋ ਪਸ਼ੂਆਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਵੈਟਰਨਰੀ ਡਾਕਟਰਾਂ ਤੇ ਹੋਰ ਸਟਾਫ ਆਧਾਰਤ ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੀ ਤੈਨਾਤੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕੀਤੀ ਗਈ ਹੈ। ਜੇਕਰ ਲੋੜ ਪੈਂਦੀ ਹੈ ਤਾਂ ਪਸ਼ੂਆਂ ਦੇ ਚਾਰੇ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਵੀ ਮਨੁੱਖੀ ਜਾਨਾਂ ਦੀ ਰੱਖਿਆ ਲਈ ਹਸਪਤਾਲਾਂ ਨੂੰ ਗਰਾਂਟ ਜਾਰੀ ਕਰ ਦਿੱਤੀ ਹੈ ਤਾਂ ਜੋ ਲੋਂੜੀਦੀਆਂ ਦਵਾਈਆਂ ਦੀ ਪੂਰਤੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲਾਂ ਨੂੰ 12.5 ਲੱਖ ਰੁਪਏ ਜਾਰੀ ਕੀਤੇ ਗਏ ਹਨ ਤਾਂ ਜੋ ਜੇਕਰ ਲੋੜ ਪੈਂਦੀ ਹੈ ਤਾਂ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਿਆ ਜਾ ਸਕੇ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿਚ ਰੈਪਿਡ ਰਿਸਪਾਂਸ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਨੋਡਲ ਅਧਿਕਾਰੀਆਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਤਾਂ ਜੋ ਰਾਹਤ ਕਾਰਜਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ। ਸਾਰੇ ਜ਼ਿਲ੍ਹਿਆਂ ਵਿਚ ਕੰਟਰੋਲ ਰੂਮ ਸਥਾਪਤ ਕਰਕੇ ਨੰਬਰ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹਨਾਂ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਹੈ ਉੱਥੇ ਸਥਾਈ ਮੈਡੀਕਲ ਕੈਂਪ ਸਥਾਪਿਤ ਕੀਤੇ ਗਏ ਹਨ। ਇਸ ਦੇ ਨਾਲ ਹੀ ਸਿਵਲ ਸਰਜਨ ਅਤੇ ਰੈਪਿਡ ਰਿਸਪਾਂਸ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਵੱਧ ਖਤਰੇ ਵਾਲੇ ਪਿੰਡਾਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਯਤਨਸ਼ੀਲ ਹਨ। ਪਾਣੀ ਘਟਣ ਤੋਂ ਬਾਅਦ ਵੈਕਟਰ-ਬੋਰਨ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਲਾਰਵੀਸਾਈਡ ਦਾ ਛਿੜਕਾਅ ਕੀਤਾ ਜਾਵੇਗਾ। ਸਾਰੇ ਜ਼ਿਲ੍ਹਿਆਂ ਨੂੰ ਪਹਿਲਾਂ ਹੀ ਲਾਰਵੀਸਾਈਡਜ਼, ਅਡੱਲਟੀਸਾਈਡਜ਼ ਅਤੇ ਪੰਪ ਮੁਹੱਈਆ ਕਰਵਾਏ ਜਾ ਚੁੱਕੇ ਹਨ । ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 7500 ਤੋਂ ਵੱਧ ਮੈਡੀਕਲ ਸਟਾਫ਼ ਤਾਇਨਾਤ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਹੜ੍ਹਾਂ ਨਾਲ ਨਜਿੱਠਣ ਲਈ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕੁੱਲ 33.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਕੁਦਰਤੀ ਆਫਤ ਵਿਚ ਸਰਕਾਰ ਪੰਜਾਬ ਵਾਸੀਆਂ ਦੇ ਨਾਲ ਹੈ ਅਤੇ ਸਾਰੇ ਪ੍ਰਭਾਵਿਤ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਰਾਹਤ ਕਾਰਜਾਂ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਐਨਡੀਆਰਐਫ ਦੀਆਂ 14 ਟੀਮਾਂ ਅਤੇ ਐਸਡੀਆਰਐਫ ਦੀਆਂ 2 ਟੀਮਾਂ ( ਜਲੰਧਰ ਅਤੇ ਕਪੂਰਥਲਾ) ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਾਰਜਸ਼ੀਲ ਹਨ। ਇਨ੍ਹਾਂ ਵਿਚੋਂ ਐਨਡੀਆਰਐਫ ਦੀਆਂ 3 ਟੀਮਾਂ ਮੋਹਾਲੀ ‘ਚ, ਰੂਪਨਗਰ ਵਿਚ 5, ਪਟਿਆਲਾ ‘ਚ 2, ਜਲੰਧਰ, ਫਤਿਹਗੜ੍ਹ, ਸੰਗਰੂਰ ਤੇ ਐਸਬੀਐਸ ਨਗਰ ‘ਚ 1-1 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 3 ਟੀਮਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਸੋਮਵਾਰ ਰਾਤ ਤੱਕ 9000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਖੁਰਾਕ ਸਪਲਾਈ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਾਲੇ ਖੇਤਰਾਂ ਜਿਵੇਂ ਮੋਹਾਲੀ, ਜਲੰਧਰ, ਲੁਧਿਆਣਾ, ਪਟਿਆਲਾ, ਰੂਪਨਗਰ, ਫਤਿਹਗੜ੍ਹ ਸਾਹਿਬ, ਤਰਨਤਾਰਨ, ਰੂਪਨਗਰ, ਕਪੂਰਥਲਾ, ਨਵਾਂਸ਼ਹਿਰ ਅਤੇ ਸੰਗਰੂਰ ਵਿੱਚ ਸੁੱਕੇ ਰਾਸ਼ਨ ਦੇ ਪੈਕੇਟ ਵੰਡੇ ਜਾ ਰਹੇ ਹਨ। ਇਹਨਾਂ ਪੈਕੇਟਾਂ ਵਿੱਚ ਗਲੂਕੋਜ਼ ਬਿਸਕੁਟ (2 ਪੈਕੇਟ), ਪਾਣੀ ਦੀਆਂ ਬੋਤਲਾਂ (2), ਸੁੱਕਾ ਦੁੱਧ ਪਾਊਡਰ (40 ਗ੍ਰਾਮ) ਜਾਂ ਵੇਰਕਾ ਫਿਨੋ ਦੇ 2 ਟੈਟਰਾ ਪੈਕ, ਬਰੈਡ (1 ਛੋਟਾ ਪੀਸ), ਪਿੰਨੀ (2 ਪੀਸ) ਪਲਾਸਟਿਕ ਦਾ ਚਮਚਾ (1), ਪਲਾਸਟਿਕ ਕੱਪ (2) ਅਤੇ ਮੋਮਬੱਤੀ (1), ਮਾਚਿਸ ਬਾਕਸ (1) ਸ਼ਾਮਲ ਹੈ।ਸਬੰਧਤ ਜ਼ਿਲ੍ਹਿਆਂ ਵੱਲੋਂ 38,300 ਪੈਕਟਾਂ ਦੀ ਮੰਗ ਕੀਤੀ ਗਈ ਹੈ, ਜਿਸ ਦੀ ਪੂਰਤੀ ਲਈ ਜਲੰਧਰ, ਮੁਹਾਲੀ, ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਦੇ ਪੰਜ ਨੋਡਲ ਪੁਆਇੰਟਾਂ ਜਿਵੇਂ ਜਲੰਧਰ ਦੇ ਮਾਰਕਫੈਡ ਕੈਨਰੀਜ਼ (ਜਲੰਧਰ, ਕਪੂਰਥਲਾ, ਨਵਾਂਸ਼ਹਿਰ ਜ਼ਿਲ੍ਹਿਆਂ ਲਈ), ਮੁਹਾਲੀ ਮਿਲਕ ਪਲਾਂਟ (ਮੁਹਾਲੀ, ਰੋਪੜ, ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਲਈ), ਮਿਲਕ ਪਲਾਂਟ ਲੁਧਿਆਣਾ (ਲੁਧਿਆਣਾ ਤੇ ਮੋਗਾ ਜ਼ਿਲ੍ਹਿਆਂ ਲਈ), ਮਿਲਕ ਪਲਾਂਟ ਪਟਿਆਲਾ (ਪਟਿਆਲਾ, ਸੰਗਰੂਰ ਜ਼ਿਲ੍ਹਿਆਂ ਲਈ), ਮਿਲਕ ਪਲਾਂਟ ਅੰਮ੍ਰਿਤਸਰ (ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਲਈ) ਵਿਖੇ ਭਾਰੀ ਮਾਤਰਾ ਵਿੱਚ ਸੁੱਕੇ ਭੋਜਨ ਦੇ ਪੈਕੇਟ ਤਿਆਰ ਕੀਤੇ ਜਾ ਰਹੇ ਹਨ।

ਤੇਜ਼ੀ ਨਾਲ ਵਧਦੀ ਅਬਾਦੀ ਦੇਸ਼ ਦੇ ਵਿਕਾਸ ਚ’ ਵੱਡੀ ਰੁਕਾਵਟ – ਡਾ ਪਾਮਿਲ ਬਾਂਸਲ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 11 ਜੁਲਾਈ: ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੰਗਤ ਡਾਕਟਰ ਪਮਿਲ ਬਾਂਸਲ ਦੀ ਪ੍ਰਧਾਨਗੀ ਵਿੱਚ ”ਲਿੰਗ ਸਮਾਨਤਾ ਦੀ ਸ਼ਕਤੀ ਨੂੰ ਜਾਰੀ ਕਰਨਾ”ਸਲੋਗਨ ਨਾਲ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਾਧਨਾਂ ਬਾਰੇ ਪ੍ਰੇਰਿਤ ਕੀਤਾ ਗਿਆ । ਇਸ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਪਮਿਲ ਬਾਂਸਲ ਨੇ ਦੱਸਿਆ ਕਿ 11 ਜੁਲਾਈ 2023 ਨੂੰ ਵਿਸ਼ਵ ਆਬਾਦੀ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਵਧਦੀ ਆਬਾਦੀ ਦੇ ਨੁਕਸਾਨਾਂ ਸਬੰਧੀ ਜਾਣਕਾਰੀ ਦੇਣਾ ਅਤੇ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਸਾਧਨਾਂ ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਵੱਧਦੀ ਹੋਈ ਆਬਾਦੀ ਦੇ ਕਾਰਣ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ, ਚੰਗਾ ਘਰ, ਚੰਗੀ ਖੁਰਾਕ ਨਹੀਂ ਦੇ ਸਕਦੇ। ਜੋ ਦੇਸ਼ ਦੇ ਵਿਕਾਸ ਚ ਵੱਡੀ ਸਮੱਸਿਆ ਹੈ।ਬਲਾਕ ਐਕਸਟੈਨਸ਼ਨ ਐਜੂਕੇਟਰ ਸਾਹਿਲ ਪੁਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਰਿਵਾਰ ਨਿਯੋਜਨ ਦੇ ਸਾਰੇ ਸਾਧਨ ਮੁਫ਼ਤ ਉਪਲਬਧ ਹਨ। ਉਹਨਾਂ ਕਿਹਾ ਕਿ ਬੱਚਿਆਂ ਵਿੱਚ ਵਿੱਥ ਪਾਉਣ ਲਈ ਪਰਿਵਾਰ ਨਿਯੋਜਨ ਦੇ ਕੱਚੇ ਸਾਧਨਾਂ ਵਿੱਚ ਪੀਪੀਆਈਯੂਸੀਡੀ, ਛਾਇਆ, ਅੰਤਰਾ ਟੀਕਾ, ਕੰਡੋਮ, ਮਾਲਾ ਐਨ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ 27 ਜੂਨ ਤੋਂ 24 ਜੁਲਾਈ ਤੱਕ ’ਵਿਸ਼ਵ ਆਬਾਦੀ ਪੰਦਰਵਾੜਾ ਮੁਹਿੰਮ’ ਤਹਿਤ ਮਿਤੀ 27 ਜੂਨ ਤੋਂ 10 ਜੁਲਾਈ ਤੱਕ ਦੰਪਤੀ ਸੰਪਰਕ ਪੰਦਰਵਾੜਾ ਅਤੇ 11 ਜੁਲਾਈ ਤੋਂ 24 ਜੁਲਾਈ ਤੱਕ ਜਨਸੰਖਿਆ ਸਥਿਰਤਾ ਪੰਦਰਵਾੜਾ ਮਨਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨਿਯੋਜਨ ਦੇ ਪੱਕੇ ਤਰੀਕੇ ਅਪਨਾਉਣ ਲਈ ਸਰਕਾਰ ਵੱਲੋਂ ਪੁਰਸ਼ਾਂ ਲਈ ਚੀਰਾ ਰਹਿਤ ਨਸਬੰਦੀ ਕਰਵਾਉਣ ਤੇ 1100 ਰੁਪਏ, ਔਰਤਾਂ ਲਈ ਨਲਬੰਦੀ ਦੇ ਆਪ੍ਰੇਸ਼ਨ ਕਰਾਉਣ ਤੇ ਅਨੁਸੂਚਿਤ ਜਾਤੀ ਤੇ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ 600 ਰੁਪਏ ਅਤੇ ਜਨਰਲ ਵਰਗ ਨਾਲ ਸੰਬੰਧਤ ਔਰਤਾਂ ਨੂੰ 250 ਰੁਪਏ ਦੀ ਰਾਸ਼ੀ ਸਿਹਤ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੰਦਰਵਾੜੇ ਦਾ ਪੂਰਨ ਲਾਭ ਉਠਾਉਣ।

ਜਿਲ੍ਹਾ ਸਿਹਤ ਵਿਭਾਗ ਵੱਲੋਂ ਮਨਾਇਆ ਗਿਆ ਜਿਲ੍ਹਾ ਪੱਧਰੀ ਵਿਸ਼ਵ ਆਬਾਦੀ ਦਿਵਸ

0

ਪਰਿਵਾਰ ਨਿਯੋਜਨ ਦੇ ਸਾਧਨ ਅਪਨਾ ਕੇ ਹੀ ਆਬਾਦੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ: ਡਾ ਤੇਜਵੰਤ ਸਿੰਘ ਢਿੱਲੋਂ।
ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਅਤੇ ਡਾ ਸੁਖਜਿੰਦਰ ਸਿੰਘ ਗਿੱਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਪ੍ਰਧਾਨਗੀ ਵਿੱਚ ਸਿਹਤ ਵਿਭਾਗ ਵੱਲੋਂ ਅੱਜ ਵਿਸ਼ਵ ਆਬਾਦੀ ਦਿਵਸ ਆਮ ਆਦਮੀ ਕਲੀਨਿਕ ਲਾਲ ਸਿੰਘ ਬਸਤੀ ਵਿਖੇ ਮਨਾਇਆ ਗਿਆ। ਇਸ ਸਮੇਂ ਡਾ ਮੀਨੂ, ਡਾ ਗਗਨ, ਡਾ ਪਲਕ, ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ, ਨਰਿੰਦਰ ਕੁਮਾਰ ਜਿਲ੍ਹਾ ਬੀਸੀਸੀ, ਗਗਨ ਭੁੱਲਰ ਅਤੇ ਪਵਨਜੀਤ ਕੌਰ ਬੀਈਈ ਨੇ ਸਮੂਲੀਅਤ ਕੀਤੀ। ਇਸ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ 11 ਜੁਲਾਈ 2023 ਨੂੰ ਵਿਸ਼ਵ ਆਬਾਦੀ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਵਧਦੀ ਆਬਾਦੀ ਦੇ ਨੁਕਸਾਨਾਂ ਸਬੰਧੀ ਜਾਣਕਾਰੀ ਦੇਣਾ ਅਤੇ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਸਾਧਨਾਂ ਬਾਰੇ ਜਾਗਰੂਕ ਕਰਨਾ ਹੈ। ਅੱਜ ਜਿਲ੍ਹਾ ਬਠਿੰਡਾ ਵਿੱਚ ”ਲੰ?ਗ ਸਮਾਨਤਾ ਦੀ ਸ਼ਕਤੀ ਨੂੰ ਜਾਰੀ ਕਰਨਾ”ਥੀਮ ਹੇਠ ਮਨਾਇਆ ਗਿਆ। ਇਸ ਦਿਨ ਦੇ ਸਬੰਧ ਵਿੱਚ ਸਿਹਤ ਵਿਭਾਗ ਅੱਜ ਤੋਂ 24 ਜੁਲਾਈ ਤੱਕ ਪਰਿਵਾਰ ਨਿਯੋਜਨ ਦੇ ਵਿਸ਼ੇਸ਼ ਅਪ੍ਰੇਸ਼ਨ ਕੈਂਪ ਲਗਾ ਰਿਹਾ ਹੈ। ਉਹਨਾਂ ਦੱਸਿਆ ਕਿ ਵੱਧਦੀ ਹੋਈ ਆਬਾਦੀ ਕਾਰਣ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ, ਚੰਗਾ ਘਰ, ਚੰਗੀ ਖੁਰਾਕ ਨਹੀਂ ਦੇ ਸਕਦੇ। ਡਾ ਸੁਖਜਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦੇ ਸਟਾਫ਼ ਵੱਲੋਂ 27 ਜੁਲਾਈ ਤੋਂ ਯੋਗ ਜ਼ੋੜਿਆਂ ਨੂੰ ਪ੍ਰੇਰਿਤ ਕਰ ਰਿਹਾ ਸੀ ਅਤੇ ਹੁਣ ਅਪ੍ਰੇਸ਼ਨਾਂ ਦੇ ਲੱਗ ਰਹੇ ਵਿਸ਼ੇਸ਼ ਕੈਂਪਾਂ ਵਿੱਚ ਲਿਆ ਕੇ ਅਪ੍ਰੇਸ਼ਨ ਕਰਵਾਏ ਜਾਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੜਕਿਆਂ ਦੀ ਸ਼ਾਦੀ 21 ਸਾਲ ਅਤੇ ਲੜਕੀਆਂ ਦੀ ਸ਼ਾਦੀ 18 ਸਾਲਾਂ ਤੋਂ ਪਹਿਲਾਂ ਨਾ ਕਰਨ। ਮਾਂ ਅਤੇ ਬੱਚੇ ਦੀ ਤੰਦਰੁਸਤੀ ਲਈ ਪਹਿਲਾਂ ਬੱਚਾ ਵਿਆਹ ਤੋਂ ਦੋ ਸਾਲ ਬਾਅਦ ਅਤੇ ਦੂਸਰਾ ਬੱਚਾ ਪਹਿਲੇ ਬੱਚੇ ਤੋਂ ਤਿੰਨ ਸਾਲਾਂ ਦੇ ਫ਼ਰਕ ਨਾਲ ਲੈਣ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਰਿਵਾਰ ਨਿਯੋਜਨ ਦੇ ਸਾਰੇ ਸਾਧਨ ਮੁਫ਼ਤ ਉਪਲਬਧ ਹਨ। ਡਾ ਪਲਕ ਮੈਡੀਕਲ ਅਫ਼ਸਰ ਨੇ ਪਰਿਵਾਰ ਨਿਯੋਜਨ ਦੇ ਕੱਚੇ ਸਾਧਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਬੱਚਿਆਂ ਵਿੱਚ ਵਿੱਥ ਪਾਉਣ ਲਈ ਪਰਿਵਾਰ ਨਿਯੋਜਨ ਦੇ ਕੱਚੇ ਸਾਧਨਾਂ ਵਿੱਚ ਪੀਪੀਆਈਯੂਸੀਡੀ, ਛਾਇਆ, ਅੰਤਰਾ ਟੀਕਾ, ਕੰਡੋਮ, ਮਾਲਾ ਐਨ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਵਿਨੋਦ ਖੁਰਾਣਾ ਅਤੇ ਨਰਿੰਦਰ ਕੁਮਾਰ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਦੇ ਪੱਕੇ ਤਰੀਕੇ ਅਪਨਾਉਣ ਲਈ ਸਰਕਾਰ ਵੱਲੋਂ ਪੁਰਸ਼ਾਂ ਲਈ ਚੀਰਾ ਰਹਿਤ ਨਸਬੰਦੀ ਕਰਵਾਉਣ ਤੇ 1100 ਰੁਪਏ, ਔਰਤਾਂ ਲਈ ਨਲਬੰਦੀ ਦੇ ਆਪ੍ਰੇਸ਼ਨ ਕਰਾਉਣ ਤੇ ਅਨੁਸੂਚਿਤ ਜਾਤੀ ਤੇ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ 600 ਰੁਪਏ ਅਤੇ ਜਨਰਲ ਵਰਗ ਨਾਲ ਸੰਬੰਧਤ ਔਰਤਾਂ ਨੂੰ 250 ਰੁਪਏ ਦੀ ਰਾਸ਼ੀ ਸਿਹਤ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੰਦਰਵਾੜੇ ਦਾ ਪੂਰਨ ਲਾਭ ਉਠਾਉਣ। ਇਸ ਸਮੇਂ ਏਮਜ਼ ਬਠਿੰਡਾ ਦੇ ਬੱਚਿਆਂ ਨੇ ਚਾਰਟ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਬੱਚਿਆਂ ਨੇ ਚਾਰਟਾਂ ਰਾਹੀਂ ਵੱਧ ਰਹੀ ਆਬਾਦੀ ਦੇ ਨੁਕਸਾਨਾਂ ਬਾਰੇ ਅਤੇ ਪਰਿਵਾਰ ਨਿਯੋਜਨ ਦੇ ਸਾਧਨਾਂ ਬਾਰੇ ਜਾਗਰੂਕ ਕੀਤਾ। ਇਸ ਸਮੇਂ ਐਲ8ਐਚ8ਵੀਜ਼, ਮਲਟੀਪਰਪਜ਼ ਹੈਲਥ ਵਰਕਰ ਫੀਮੇਲ, ਆਸ਼ਾ ਅਤੇ ਆਮ ਲੋਕਾਂ ਹਾਜ਼ਰ ਸਨ।

ਰਣਜੀਤ ਸੰਧੂ ਬਣੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਲਖਵਿੰਦਰ ਲੱਖੀ ਜ਼ਿਲ੍ਹਾ ਪ੍ਰਧਾਨ

0

ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ : ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਯੂਥ ਆਗੂ ਰਣਜੀਤ ਸਿੰਘ ਸੰਧੂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਣੇ ਗਏ ਹਨ। ਪਿਛਲੇ ਦਿਨਾਂ ‘ਚ ਪੋਲ ਹੋਈਆਂ ਵੋਟਾਂ ਦੇ ਹੁਣ ਆਏ ਨਤੀਜਿਆਂ ਵਿਚ ਉਨ੍ਹਾਂ ਇਹ ਜਿੱਤ ਹਾਸਲ ਕੀਤੀ ਹੈ। ਉਹ ਪੰਜਾਬ ਪੱਧਰ ’ਤੇ ਛੇਵੇਂ ਸਥਾਨ ਉਪਰ ਰਹੇ ਹਨ। ਰਣਜੀਤ ਸਿੰਘ ਸੰਧੂ ਨੇ ਅਪਣੀ ਜਿੱਤ ’ਤੇ ਯੂਥ ਕਾਂਗਰਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹੋਣਗੇ। ਇਸੇ ਤਰ੍ਹਾਂ ਜ਼ਿਲ੍ਹਾ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਐਲਾਨੇ ਨਤੀਜਿਆਂ ਵਿਚ ਲਖਵਿੰਦਰ ਸਿੰਘ ਲੱਖੀ ਮੁੜ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਅਪਣੇ ਮੁਕਾਬਲੇ ਖੜੇ ਹੋਏ ਦੋਨਾਂ ਉਮੀਦਵਾਰਾਂ ਨੂੰ ਵੱਡੇ ਅੰਤਰ ਨਾਲ ਵੱਧ ਵੋਟਾਂ ਹਾਸਲ ਕੀਤੀਆਂ ਹਨ। ਲਖਵਿੰਦਰ ਸਿੰਘ ਲੱਖੀ ਨੂੰ 17,384 ਵੋਟਾਂ ਹਾਸਲ ਹੋਈਆਂ ਹਨ। ਜਦੋ ਕਿ ਉਨ੍ਹਾਂ ਦੇ ਮੁਕਾਬਲੇ ਖੜੇ ਅਵਤਾਰ ਸਿੰਘ ਨੂੰ 7181 ਅਤੇ ਤੀਜ਼ੇ ਉਮੀਦਵਾਰ ਇਕੱਤਰ ਸਿੰਘ ਬਰਾੜ ਨੂੰ ਸਿਰਫ਼ 274 ਵੋਟਾਂ ਹੀ ਮਿਲੀਆਂ ਹਨ। ਕਾਂਗਰਸ ਪਾਰਟੀ ਵਲੋਂ ਬਣਾਈ ਪ੍ਰੀਕ੍ਰਿਆ ਤਹਿਤ ਅਵਤਾਰ ਸਿੰਘ ਨੂੰ ਉਪ ਪ੍ਰਧਾਨ ਤੇ ਇਕੱਤਰ ਸਿੰਘ ਬਰਾੜ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹੇ ਦੇ ਵੱਖ ਵੱਖ ਹਲਕਿਆਂ ਲਈ ਬਣੇ ਪ੍ਰਧਾਨਾਂ ਵਿਚ ਤਲਵੰਡੀ ਸਾਬੋ ਹਲਕੇ ਤੋਂ ਸੁਖਵਿੰਦਰ ਸਿੰਘ ਸੀਪਾ ਬੰਗੀ, ਹਲਕਾ ਮੋੜ ਤੋਂ ਗੁਰਕੀਰਤ ਸਿੰਘ ਗੁਰੀ, ਹਲਕਾ ਬਠਿੰਡਾ ਦਿਹਾਤੀ ਤੋਂ ਗੁਰਪੰਥ ਸਿੰਘ ਗੋਲਡੀ, ਹਲਕਾ ਰਾਮਪੁਰਾ ਤੋਂ ਐਡਵੋਕੇਟ ਸਿਮਰਪ੍ਰੀਤ ਸਿੰਘ ਸਿੱਧੂ ਅਤੇ ਭੁੱਚੋਂ ਮੰਡੀ ਮਨਪ੍ਰੀਤ ਸਿੰਘ ਪ੍ਰਧਾਨ ਚੁਣੇ ਗਏ ਹਨ। ਉਧਰ ਰਣਜੀਤ ਸਿੰਘ ਸੰਧੂ ਤੇ ਲਖਵਿੰਦਰ ਸਿੰਘ ਲੱਖੀ ਦੀ ਜਿੱਤ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹਨਾਂ ਦੀ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ ਅਤੇ ਜਥੇਬੰਦਕ ਢਾਂਚਾ ਮਜਬੂਤ ਹੋਵੇਗਾ। ਉਧਰ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾਂ ਲਈ ਕੰਮ ਕਰਦੇ ਰਹਿਣਗੇ।

ਲਾਰੇਂਸ ਬਿਸਨੋਈ ਦੀ ਤਬੀਅਤ ਵਿਗੜੀ, ਅੱਧੀ ਰਾਤ ਨੂੰ ਫ਼ਰੀਦਕੋਟ ਮੈਡੀਕਲ ਕਾਲਜ ’ਚ ਕਰਵਾਇਆ ਦਾਖ਼ਲ

0

ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ : ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਕਥਿਤ ਮੁੱਖ ਮਾਸਟਰ ਮਾਈਂਡ ਗੈਂਗਸਟਰ ਲਾਰੇਂਸ ਬਿਸਨੋਈ ਦੀ ਬੀਤੀ ਰਾਤ ਤਬੀਅਤ ਵਿਗੜ ਗਈ, ਜਿਸਦੇ ਚੱਲਦੇ ਉਸਨੂੰ ਅੱਧੀ ਰਾਤ ਫ਼ਰੀਦਕੋਟ ਮੈਡੀਕਲ ਕਾਲਜ ’ਚ ਭਰਤੀ ਕਰਵਾਉਣਾ ਪਿਆ। ਮੌਜੂਦਾ ਸਮੇਂ ਲਾਰੇਂਸ ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਬੰਦ ਹੈ। ਸੂਤਰਾਂ ਮੁਤਾਬਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟਾਈਫ਼ਾਈਡ ਹੋ ਗਿਆ ਹੈ। ਉਸਨੂੰ ਪਿਛਲੇ ਕੁੱਝ ਦਿਨਾਂ ਤੋਂ ਲਗਾਤਰ ਬੁਖਾਰ ਹੋ ਰਿਹਾ ਸੀ। ਜੇਲ੍ਹ ਦੇ ਡਾਕਟਰਾਂ ਵਲੋਂ ਬੁਖਾਰ ਦੀ ਦਵਾਈ ਦਿੱਤੀ ਜਾ ਰਹੀ ਸੀ ਪ੍ਰੰਤੂ ਅਰਾਮ ਨਹੀਂ ਆਇਆ, ਜਿਸਦੇ ਚੱਲਦੇ ਕਰਵਾਏ ਗਏ ਟੈਸਟਾਂ ਤੋਂ ਬਾਅਦ ਟਾਈਫ਼ਾਈਡ ਹੋਣ ਬਾਰੇ ਪਤਾ ਚੱਲਿਆ ਹੈ। ਸੂਚਨਾ ਮੁਤਾਬਕ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸਪੈਸਲ ਵਾਰਡ ਵਿਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਲਾਰੇਂਸ ਨੂੰ ਰੱਖਿਆ ਹੋਇਆ ਹੈ। ਹਸਪਤਾਲ ਦੇ ਸੂਤਰਾਂ ਮੁਤਾਬਕ ਗੈਂਗਸਟਰ ਦੀ ਤਬੀਅਤ ਵਿਚ ਕੁੱਝ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਉਸਦੇ ਇਲਾਜ ਲਈ ਕਾਲਜ ਦੇ ਪ੍ਰਬੰਧਕਾਂ ਵਲੋਂ ਡਾਕਟਰਾਂ ਦੀ ਇੱਕ ਬਣਾਈ ਗਈ ਹੈ, ਜਿਹੜੀ ਲਗਾਤਾਰ ਉਸਦੀ ਨਿਗਰਾਨੀ ਰੱਖ ਰਹੀ ਹੈ। ਸੂਤਰਾਂ ਮੁਤਾਬਕ ਬੇਸ਼ੱਕ ਬੀਤੀ ਸਾਮ ਹੀ ਲਾਰੇਂਸ ਨੂੰ ਜੇਲ੍ਹ ਤੋਂ ਹਸਪਤਾਲ ਤਬਦੀਲ ਕਰਨ ਦਾ ਪ੍ਰੋਗਰਾਮ ਬਣ ਗਿਆ ਸੀ ਪ੍ਰੰਤੂੁ ਸੁਰੱਖਿਆ ਦੇ ਮੱਦੇਨਜ਼ਰ ਰਾਤ ਕਰੀਬ ਸਾਢੇ 11 ਵਜੇਂ ਉਸਨੂੰ ਜੇਲ੍ਹ ਤੋਂ ਭਾਰੀ ਸੁਰੱਖਿਆ ਹੇਠ ਲਿਜਾਇਆ ਗਿਆ। ਇਸ ਸਬੰਧ ਵਿਚ ਪਹਿਲਾਂ ਹੀ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਨਾਲ ਸੰਪਰਕ ਹੋ ਚੁੱਕਿਆ ਸੀ। ਜਿਲ੍ਹਾ ਪੁਲਿਸ ਤੇ ਜੇਲ੍ਹ ਦੇ ਅਧਿਕਾਰੀਆਂ ਮੁਤਾਬਕ ਫ਼ਰੀਦਕੋਟ ਮੈਡੀਕਲ ਕਾਲਜ ’ਚ ਇਸ ਕਰਕੇ ਉਸਨੂੰ ਰੱਖਿਆ ਗਿਆ ਹੈ ਕਿ ਉਥੇ ਅਜਿਹੇ ਮਰੀਜ਼ਾਂ ਲਈ ਸਪੈਸਲ ਵਾਰਡ ਹੈ, ਜਿੱਥੇ ਸੁਰੱਖਿਆ ਪ੍ਰਬੰਧ ਕਰਨੇ ਸੌਖੇ ਹਨ। ਗੌਰਤਲਬ ਹੈ ਕਿ ਦੇਸ ਦਾ ਨਾਮੀ ਗੈਂਗਸਟਰ ਬਣ ਚੁੱਕੇ ਲਾਰੇਂਸ ਬਿਸਨੋਈ ਨੂੰ ਵੀ ਖ਼ਤਰਾ ਦਸਿਆ ਜਾ ਰਿਹਾ ਹੈ, ਜਿਸਦੇ ਚੱਲਦੇ ਪੁਲਿਸ ਤੇ ਜੇਲ੍ਹ ਅਧਿਕਾਰੀ ਕੋਈ ਜੌਖਮ ਨਹੀਂ ਉਠਾਉਣਾ ਚਾਹੁੰਦੇ ਹਨ। ਇੱਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ 29 ਮਈ ਦੀ ਸਾਮ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਹੀ ਲਾਰੇਂਸ ਦਾ ਇਸ ਕੇਸ ਵਿਚ ਨਾਮ ਆ ਗਿਆ ਸੀ, ਜਿਸਤੋਂ ਬਾਅਦ ਉਸਨੂੰ ਭਾਰੀ ਸੁਰੱਖਿਆ ਹੇਠ ਪੰਜਾਬ ਪੁਲਿਸ ਵਲੋਂ ਤਿਹਾੜ ਜੇਲ੍ਹ ਤੋਂ ਲਿਆਂਦਾ ਗਿਆ ਸੀ। ਹਾਲਾਂਕਿ ਇਸ ਦੌਰਾਨ ਉਸਨੂੰ ਕਈ ਵਾਰ ਮੁੜ ਦਿੱਲੀ ਪੁਲਿਸ ਅਤੇ ਐਨ.ਆਈ.ਏ ਦੀ ਟੀਮ ਵੱਖ-ਵੱਖ ਕੇਸਾਂ ’ਚ ਪੁਛਗਿਛ ਲਈ ਲਿਜਾ ਚੁੱਕੀ ਹੈ ਪ੍ਰੰਤੂ ਵਾਪਸ ਮੁੜ ਉਸਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਭੇਜਿਆ ਗਿਆ ਸੀ।

ਚੱਲ ਰਹੇ ਅਤੇ ਅਧੂਰੇ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅਨੁਸਾਰ ਕੀਤਾ ਜਾਵੇ ਪੂਰਾ : ਚੇਅਰਮੈਨ ਅਗਰਵਾਲ

0

ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ : ਜ਼ਿਲ੍ਹਾ ਯੋਜ਼ਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਏਡੀਸੀ (ਵਿਕਾਸ) ਮੈਡਮ ਲਵਜੀਤ ਕਲਸੀ ਨੇ ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਜ਼ਿਲ੍ਹੇ ਵਿੱਚ 15ਵੇਂ ਵਿੱਤ ਕਮਿਸ਼ਨ ਦਾ ਕੰਮ ਚੱਲ ਰਿਹਾ ਹੈ, ਜਿਸ ਤਹਿਤ ਹੁਣ ਤਕ 3.50 ਕਰੋੜ ਰੁਪਏ ਅਲਾਟ ਕੀਤੇ ਜਾ ਚੁੱਕੇ ਹਨ ਅਤੇ ਮਗਨਰੇਗਾ ਜੌਬ ਕਾਰਡ,ਆਧਾਰ ਕਾਰਡ ਨਾਲ ਲਿੰਕ ਕੀਤੇ ਗਏ ਹਨ 9 ਇਸਦੇ ਨਾਲ ਉਹਨਾਂ ਨੇ ਦੱਸਿਆ ਕਿ ਪਿੰਡਾਂ ਵਿਚ 270 ਗੋਬਰ ਗੈਸ ਪਲਾਂਟ ਲਗਾਉਣ ਦਾ ਟੀਚਾ ਹੈ , ਜਿਸ ਤਹਿਤ 117 ਗੋਬਰ ਗੈਸ ਪਲਾਂਟ ਲਗਵਾਏ ਜਾ ਚੁੱਕੇ ਹਨ9 ਉਨ੍ਹਾਂ ਇਹ ਵੀ ਦੱਸਿਆ ਕਿ ਬਾਕੀ ਰਹਿੰਦੇ ਗੋਬਰ ਗੈਸ ਪਲਾਂਟ ਵੀ ਜਲਦ ਲਗਵਾਏ ਜਾਣ। ਇਸ ਮੌਕੇ ਉਪ ਅਰਥ ਅਤੇ ਅੰਕੜਾ ਸਲਾਹਕਾਰ ਅਫ਼ਸਰ ਸ਼੍ਰੀਮਤੀ ਸੁਨੀਤਾ ਪਾਲ, ਸਹਾਇਕ ਖੋਜ ਅਫ਼ਸਰ ਰਣਜੀਤ ਸਿੰਘ, ਇਨਵੈਸਟੀਗੇਟਰ ਸੰਦੀਪ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।

ਬਰਸਾਤੀ ਮੌਸਮ ਤੋਂ ਬਾਅਦ ਡੇਂਗੂ ਦਾ ਪ੍ਰਕੋਪ ਵਧਣ ਦਾ ਖ਼ਤਰਾ, ਪ੍ਰਸ਼ਾਸਨ ਨੇ ਅਗਾਉਂ ਪ੍ਰਬੰਧਾਂ ਲਈ ਕੀਤੀਆਂ ਤਿਆਰੀਆਂ

0

ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ : ਸੂਬੇ ’ਚ ਚੱਲ ਰਹੀ ਬਰਸਾਤੀ ਮੌਸਮ ਤੋਂ ਬਾਅਦ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਂਗੁੂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜ਼ਿਲ੍ਹੇ ਦੇ ਕੁੱਝ ਦਿਹਾਤੀ ਖੇਤਰਾਂ ਵਿਚ ਡੇਂਗੂ ਦੇ ਕੇਸ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਮਾਹੌਲ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਵੀ ਡੇਂਗੂ ਦੀ ਰੋਕਥਾਮ ਲਈ ਅਗਾੳਂੂ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਸਬੰਧ ਵਿਚ ਜਿੱਥੇ ਸਥਾਨਕ ਭਾਈ ਮਨੀ ਸਿੰਘ ਜ਼ਿਲ੍ਹਾ ਹਸਪਤਾਲ ਵਿਚ ਡੇਂਗੂ ਦਾ ਸਪੈਸਲ ਵਾਰਡ ਬਣਾਇਆ ਗਿਆ ਹੈ, ਉਥੇ ਬਲਾਕ ਪੱਧਰ ਦੇ ਹਸਪਤਾਲਾਂ ਵਿਚ ਵੀ ਅਜਿਹੇ ਵਾਰਡ ਤਿਆਰ ਕੀਤੇ ਗਏ ਹਨ। ਇਸਤੋਂ ਇਲਾਵਾ ਸਟਾਫ਼ ਦੀ ਡਿਊਟੀ ਵੀ ਲਗਾਈ ਜਾ ਰਹੀ ਹੈ। ਇਸਦੇ ਨਾਲ ਹੀ ਲੋਕਾਂ ਨੂੰ ਡੇਂਗੂ ਦੇ ਤਰੀਕਿਆਂ ਤੋਂ ਬਚਣ ਲਈ ਜਾਗਰੂਕਤਾ ਮੁਹਿੰਮ ਵੀ ਵਿੱਢੀ ਗਈ ਹੈ। ਇਸ ਸਬੰਧ ਵਿਚ ਅੱਜ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦਸਿਆ ਕਿ ਬੇਸ਼ੱਕ ਕੁੱਝ ਕੇਸ ਸਾਹਮਣੇ ਆਏ ਹਨ ਪ੍ਰੰਤੂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਨਗਰ ਨਿਗਮ ਨਾਲ ਮਿਲਕੇ ਵੀ ਯੋਜਨਾ ਉਲੀਕੀ ਗਈ ਹੈ ਤੇ ਨਿਗਮ ਨੂੰ ਫ਼ੋਗਿਗ ਕਰਨ ਲਈ ਕਿਹਾ ਗਿਆ ਹੈ ਤੇ ਸਿਹਤ ਵਿਭਾਗ ਵਲੋਂ ਲੋੜੀਦੇ ਥਾਵਾਂ ਉਪਰ ਸਪਰੇਹ ਕੀਤੀ ਜਾ ਰਹੀ ਹੈੇ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਭਰ ਦੇ ਹਸਪਤਾਲਾਂ ਵਿਚ ਡੇਂਗੂ ਦੇ ਮਰੀਜ਼ਾਂ ਲਈ ਸਪੈਸਲ ਵਾਰਡ ਬਣਾਕੇ 48 ਬੈਡ ਰਾਖਵੇਂ ਰੱਖੇ ਗਏ ਹਨ। ਉਧਰ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਜਿਲ੍ਹੇ ਦੇ ਮਾਈਕ੍ਰੋਬਾਇਲੋਜਿਸਟਾਂ, ਸਮੂਹ ਹੈਲਥ ਇੰਸਪੈਕਟਰਾਂ, ਲੈਬ ਟੈਕਨੀਸ਼ਨਾਂ ਅਤੇ ਮਲਟੀਪਰਪਜ ਹੈਲਥ ਵਰਕਰਾਂ ਦੀ ਡੇਂਗੂ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਦਫ਼ਤਰ ਸਿਵਲ ਸਰਜਨ ਵਿਖੇ ਬੁਲਾਈ ਗਈ। ਮੀਟਿੰਗ ਦੌਰਾਨ ਡਾ ਗੋਇਨ ਨੇ ਹਿਦਾਇਤਾਂ ਦਿੱਤੀਆਂ ਕਿ ਬਰਸਾਤਾਂ ਦੇ ਮੌਸਮ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਡੇਂਗੂ ਵਿਰੋਧੀ ਅਤੇ ਜਾਗਰੂਕਤਾ ਗਤੀਵਿਧੀਆਂ ਵਿੱਚ ਤੇਜੀ ਲਿਆਉਣ ਦੇ ਨਾਲ ਨਾਲ ਜਿੱਥੇ ਡੇਂਗੂ ਪਾਇਆ ਜਾਂਦਾ ਹੈ, ਉਥੇ ਉਸ ਖੇਤਰ ਦੇਆਲੇ ਦੁਆਲੇ ਦੇ ਘਰਾਂ ਵਿੱਚ ਡੇਂਗੂ ਦਾ ਲਾਰਵਾ ਅਤੇ ਮੱਛਰਾਂ ਨੂੰ ਖਤਮ ਕਰਨ ਦੇ ਜਲਦੀ ਉਪਰਾਲੇ ਕੀਤੇ ਜਾਣ। ਘਰ ਘਰ ਸਰਵੇ ਕਰਕੇ ਡੇਂਗੂ ਦਾ ਲਾਰਵੇ ਦੇ ਪੈਦਾ ਹੋਣ ਵਾਲੀਆਂ ਥਾਵਾਂ ਨੂੰ ਨਸ਼ਟ ਕੀਤਾ ਜਾਵੇ ਅਤੇ ਲੋੜ ਪੈਣ ਤੇ ਇੰਸੈਕਟੀਸਾਈਡ ਅਤੇ ਫੋਗਿੰਗ ਕੀਤੀ ਜਾਵੇ। ਬੁਖਾਰ ਵਾਲੇ ਮਰੀਜ਼ਾਂ ਨੂੰ ਪ੍ਰੇਰਿਤ ਕਰਕੇ ਸਿਹਤ ਸੰਸਥਾਵਾਂ ਵਿੱਚ ਡੇਂਗੂ ਦੇ ਟੈਸਟ ਕਰਵਾਏ ਜਾਣ । ਉਨ੍ਹਾਂ ਲੋਕਾਂ ਨੂੰ ਅਪਣੇ ਘਰਾਂ ਤੇ ਦਫ਼ਤਰਾਂ ਵਿੱਚ ਮੌਜੂਦ ਕੂਲਰਾਂ, ਫਰਿਜ਼ ਦੀ ਟਰੇਅ, ਪੰਛੀਆਂ ਲਈ ਰਖੇ ਪਾਣੀ ਦੇ ਕਟੋਰੇ, ਛੱਤਾਂ ਤੇ ਪਾਣੀ ਦੀ ਟੈਂਕੀਆਂ, ਪਸ਼ੂ ਦੇ ਪੀਣ ਵਾਲੀਆਂ ਟੈਂਕੀਆਂ, ਕਬਾੜ, ਟੁੱਟੇ ਘੜੇ ਆਦਿ ਦੀ ਸਫਾਈ ਕਰਨ ਦੀ ਵੀ ਅਪੀਲ ਕੀਤੀ ਹੈ। ਮੀਟਿੰਗ ਵਿਚ ਮੱਘਰ ਸਿੰਘ, ਹਰਵਿੰਦਰ ਸਿੰਘ, ਵਿਨੋਦ ਖੁਰਾਣਾ, ਜ਼ਸਵਿੰਦਰ ਸ਼ਰਮਾ, ਹਰਜੀਤ ਸਿੰਘ, ਨਿਰਦੇਵ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ।

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਿਰ ਸਜਿਆ ਤੀਰਅੰਦਾਜ਼ੀ ਯੂਥ ਵਰਲਡ ਚੈਂਪੀਅਨਸ਼ਿਪ ਦਾ ਤਾਜ

0

ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ : ਲਿਮਰਿਕ (ਆਇਰਲੈਂਡ) ਵਿਖੇ ਹੋਈ ਤੀਰਅੰਦਾਜ਼ੀ ਜੂਨੀਅਰ ਯੂਥ ਵਰਲਡ ਚੈਂਪੀਅਨਸ਼ਿਪ ਵਿੱਚ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰ ਅੰਦਾਜ਼ਾਂ ਨੇ ਸ਼ਾਨਦਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਚੈਂਪੀਅਨਸ਼ਿਪ ਜਿੱਤੀ ਹੈ। ’ਵਰਸਿਟੀ ਦੀ ਇਸ ਪ੍ਰਾਪਤੀ ’ਤੇ ਫਖ਼ਰ ਮਹਿਸੂਸ ਕਰਦੇ ਹੋਏ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਖਿਡਾਰੀਆਂ, ਕੋਚ ਸਾਹਿਬਾਨ, ਵਰਸਿਟੀ ਅਧਿਕਾਰੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਭ ਖਿਡਾਰੀਆਂ ਦੀ ਮਿਹਨਤ ਅਤੇ ਤਿਆਗ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਉਹ ਭਵਿੱਖ ਵਿੱਚ ਏਸ਼ੀਆਈ ਅਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁੰਮਾਇੰਦਗੀ ਕਰਨਗੇ। ਇਸ ਮੌਕੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ 28 ਦੇਸ਼ਾਂ ਦੇ ਤੀਰ ਅੰਦਾਜ਼ਾਂ ਨੇ ਹਿੱਸਾ ਲਿਆ, ਜਿਸ ਦੇ ਫਾਈਨਲ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਮੈਕਸਿਕੋ ਦੀ ਟੀਮ ਨੂੰ ਹਰਾ ਕੇ ਕੰਪਾਉਂਡ ਟੀਮ ਇਵੈਂਟ ਆਪਣੇ ਨਾਂ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਜੀ.ਕੇ.ਯੂ ਦੀ ਵਿਦਿਆਰਥਣ ਪ੍ਰਗਤੀ ਨੇ ਸ਼ਾਨਦਾਰ ਤੀਰਅੰਦਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ ‘ਤੇ ਨਿਸ਼ਾਨਾ ਲਾਇਆ। ਚੈਂਪੀਅਨਸ਼ਿਪ ਵਿੱਚ ਜੀ.ਕੇ.ਯੂ ਦੇ ਖਿਡਾਰੀ ਪਾਰਥ ਸੋਲੰਕੇ ਅਤੇ ਭਜਨ ਕੌਰ ਨੇ ਕਾਂਸੇ ਦਾ ਤਗਮਾ ਜਿੱਤੇ ਕੇ ਇਤਿਹਾਸ ਰਚਿਆ।

ਮੁੱਖ ਮੰਤਰੀ ਵੱਲੋਂ ਜ਼ਮੀਨੀ ਪੱਧਰ ’ਤੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ, ਐਸ.ਏ.ਐਸ.ਨਗਰ ਅਤੇ ਰੋਪੜ ਜ਼ਿਲ੍ਹਿਆਂ ਦੇ ਮੀਂਹ ਪ੍ਰਭਾਵਿਤ ਇਲਾਕਿਆਂ ਦਾ ਤੂਫ਼ਾਨੀ ਦੌਰਾ

ਸਥਿਤੀ ਦਾ ਜਾਇਜ਼ਾ ਲੈਣ ਲਈ ਹੈਲੀਕਾਪਟਰ ਉਤੇ ਗੇੜੇ ਕੱਢ ਕੇ ਖ਼ਾਨਾਪੂਰਤੀ ਕਰਨ ਦੀ ਬਜਾਏ ਲੋਕਾਂ ਕੋਲ ਜਾ ਕੇ ਲੈ ਰਿਹਾ ਹਾਂ ਹਾਲਾਤ ਦਾ ਜਾਇਜ਼ਾ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ.ਨਗਰ/ਰੋਪੜ, 10 ਜੁਲਾਈ-ਜ਼ਮੀਨੀ ਪੱਧਰ ’ਤੇ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੀਂਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮੂਸਲੇਧਾਰ ਮੀਂਹ ਕਾਰਨ ਪ੍ਰਭਾਵਿਤ ਹੋਏ ਨੀਵੇਂ ਇਲਾਕਿਆਂ ਵਿੱਚੋਂ ਸੁਰੱਖਿਅਤ ਕੱਢੇ ਗਏ ਲੋਕਾਂ ਨਾਲ ਗੱਲਬਾਤ ਵੀ ਕੀਤੀ। ਮੋਹਾਲੀ ਦੇ ਫੇਜ਼ 6 ਵਿੱਚ ਸਥਿਤ ਰੈਣ ਬਸੇਰਾ, ਜਮੁਨਾ ਅਪਾਰਟਮੈਂਟਸ ਖਰੜ, ਪਿੰਡ ਕਜੌਲੀ, ਬੂਥਗੜ੍ਹ ਅਤੇ ਰੋਪੜ ਜ਼ਿਲ੍ਹੇ ਦਾ ਦੌਰਾ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਮੁੱਖ ਮੰਤਰੀਆਂ ਵਾਂਗ ਖ਼ਾਨਾਪੂਰਤੀ ਕਰਨ ਲਈ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਹੈਲੀਕਾਪਟਰ ਉਤੇ ਗੇੜੇ ਨਹੀਂ ਲਾ ਰਹੇ ਸਗੋਂ ਖੁਦ ਲੋਕਾਂ ਕੋਲ ਜਾ ਕੇ ਅਸਲ ਸਥਿਤੀ ਦਾ ਪਤਾ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਥਿਤੀ ਚਿੰਤਾਜਨਕ ਹੈ ਪਰ ਫਿਰ ਵੀ ਸੂਬਾ ਸਰਕਾਰ ਜਾਨੀ ਨੁਕਸਾਨ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਚਾਅ ਕਾਰਜਾਂ ਲਈ ਐਨ.ਡੀ.ਆਰ.ਐਫ. ਦੀਆਂ ਟੀਮਾਂ ਲਾਈਆਂ ਗਈਆਂ ਹਨ ਪਰ ਅਜੇ ਤੱਕ ਇਸ ਕੰਮ ਲਈ ਅਧਿਕਾਰਤ ਤੌਰ ’ਤੇ ਫੌਜ ਨੂੰ ਨਹੀਂ ਲਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਹੋਈ ਸੀ ਜਿਸ ਦੌਰਾਨ ਉਨ੍ਹਾਂ ਨੇ ਸ੍ਰੀ ਸ਼ਾਹ ਨੂੰ ਸੂਬੇ ਦੀ ਸਮੁੱਚੀ ਸਥਿਤੀ ਬਾਰੇ ਜਾਣੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਰਾਹਤ ਅਤੇ ਬਚਾਅ ਕਾਰਜਾਂ ਲਈ ਕੇਂਦਰੀ ਸਹਾਇਤਾ ਦੀ ਲੋੜ ਨਹੀਂ ਹੈ ਕਿਉਂਕਿ ਸਥਿਤੀ ਕਾਬੂ ਹੇਠ ਹੈ। ਹਾਲਾਂਕਿ, ਭਗਵੰਤ ਮਾਨ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਸਥਿਤੀ ਨਾਲ ਨਿਪਟਣ ਲਈ ਕੇਂਦਰ ਸਰਕਾਰ ਤੋਂ ਮਦਦ ਮੰਗੀ ਜਾਵੇਗੀ।ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਭਾਰੀ ਮੀਂਹ ਕਾਰਨ ਫਸਲਾਂ, ਘਰਾਂ ਅਤੇ ਹੋਰ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੀਂਹਾਂ ਕਾਰਨ ਹੋਏ ਨੁਕਸਾਨ ਦਾ ਪਹਿਲ ਦੇ ਆਧਾਰ ’ਤੇ ਪਤਾ ਲਾਉਣ ਲਈ ਤੁਰੰਤ ਗਿਰਦਾਵਰੀ ਕਰਵਾਉਣ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੁਦਰਤ ਦੇ ਕਹਿਰ ਕਾਰਨ ਪੈਦਾ ਹੋਏ ਹਾਲਾਤ ਵਿੱਚ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।ਇਸ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹੈ ਅਤੇ ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਬਣੇ ਹਾਲਾਤਾਂ ’ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਕੁਦਰਤੀ ਆਫ਼ਤ ਹੈ ਅਤੇ ਸਾਰਿਆਂ ਦੇ ਪੂਰਨ ਸਹਿਯੋਗ ਨਾਲ ਇਸ ਸਥਿਤੀ ਦਾ ਸੁਚੱਜੇ ਢੰਗ ਨਾਲ ਟਾਕਰਾ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਹੈ ਅਤੇ ਲੋਕਾਂ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਲੋਕਾਂ ਨੂੰ ਕਿਸੇ ਵੀ ਗੱਲ ਦੀ ਚਿੰਤਾ ਨਾ ਕਰਨ ਦੀ ਅਪੀਲ ਕੀਤੀ ਕਿਉਂਕਿ ਸੂਬਾ ਸਰਕਾਰ ਹਾਲਾਤਾਂ ਨੂੰ ਸੁਖਾਵੇਂ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਸੂਬੇ ਦੇ ਹਰ ਕੋਨੇ ਤੋਂ ਪਲ-ਪਲ ਉੱਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਿਸੇ ਵੀ ਵਿਅਕਤੀ ਦੇ ਵੱਸ ਤੋਂ ਬਾਹਰ ਹੈ ਪਰ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਹੀ ਸਾਰੇ ਕੈਬਨਿਟ ਮੰਤਰੀ, ਵਿਧਾਇਕ ਅਤੇ ਅਧਿਕਾਰੀ ਆਪੋ-ਆਪਣੇ ਖੇਤਰਾਂ ਵਿੱਚ ਮੌਜੂਦ ਹਨ ਅਤੇ ਇਸ ਔਖੀ ਘੜੀ ਵਿੱਚ ਲੋੜਵੰਦ ਲੋਕਾਂ ਤੱਕ ਪਹੁੰਚ ਕਰ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਹੜ੍ਹਾਂ ਤੋਂ ਬਚਾਅ ਵਾਸਤੇ ਠੋਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਰਾਹਤ ਕਾਰਜ ਤੇਜ਼ੀ ਨਾਲ ਚਲਾ ਰਹੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਨੀਵੇਂ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।ਮੁੱਖ ਮੰਤਰੀ ਨੇ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਤੁਰੰਤ ਰਾਹਤ ਅਤੇ ਮਦਦ ਪ੍ਰਦਾਨ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ। ਭਗਵੰਤ ਮਾਨ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਪੈਦਾ ਹੋਈ ਇਸ ਸਥਿਤੀ ਵਿੱਚ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਸੂਬਾ ਸਰਕਾਰ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਮੰਤਰੀ, ਵਿਧਾਇਕ ਅਤੇ ਅਧਿਕਾਰੀ ਨੀਵੇਂ ਅਤੇ ਹੜ੍ਹ ਵਰਗੇ ਹਾਲਾਤ ਨਾਲ ਜੂਝ ਰਹੇ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਦੇ ਨੰਬਰ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਲਈ ਇਨ੍ਹਾਂ ਕੰਟਰੋਲ ਰੂਮਾਂ ਵਿੱਚ 24 ਘੰਟੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਸਬੰਧੀ ਆਉਣ ਵਾਲੀ ਕਾਲ ’ਤੇ ਤੁਰੰਤ ਕਾਰਵਾਈ ਕਰਨਾ ਯਕੀਨੀ ਬਣਾਉਣ।

ਮੁੱਖ ਸਕੱਤਰ ਵੱਲੋਂ ਲਗਾਤਾਰ ਮੀਂਹ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਪ੍ਰਬੰਧਕੀ ਸਕੱਤਰਾਂ ਤੇ ਜ਼ਿਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ

0

ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰਾਂ ਮੁਸਤੈਦ: ਅਨੁਰਾਗ ਵਰਮਾ
ਡੀ.ਸੀ.,ਐਸ.ਐਸ.ਪੀ, ਐਸ.ਡੀ.ਐਮਜ਼, ਤਹਿਸੀਲਦਾਰ, ਬੀ.ਡੀ.ਪੀ.ਓ, ਪਟਵਾਰੀ ਸਣੇ ਸਾਰੇ ਵਿਭਾਗੀ ਅਧਿਕਾਰੀਆਂ ਨੂੰ ਫੀਲਡ ਵਿੱਚ ਤਾਇਨਾਤ ਰਹਿਣ ਦੇ ਆਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਜੁਲਾਈ:ਸੂਬੇ ਭਰ ਅਤੇ ਪਹਾੜੀ ਸਥਾਨਾਂ ਉਤੇ ਲਗਾਤਾਰ ਪੈ ਰਹੀ ਭਾਰੀ ਬਾਰਸ਼ ਕਾਰਨ ਸਥਿਤੀ ਦਾ ਜਾਇਜ਼ਾ ਲੈਣ ਅਤੇ ਸੂਬੇ ਵਿੱਚ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਸੋਮਵਾਰ ਨੂੰ ਸਬੰਧਤ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਅਤੇ ਵੀਡਿਓ ਕਾਨਫਰਸਿੰਗ ਰਾਹੀਂ ਸਮੂਹ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀਜ਼ ਨਾਲ ਉਚ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਏ ਵੇਣੂ ਪ੍ਰਸਾਦ, ਡੀ.ਜੀ.ਪੀ. ਗੌਰਵ ਯਾਦਵ ਅਤੇ ਸੈਨਾ ਅਤੇ ਐਨ.ਡੀ.ਆਰ.ਐਫ. ਦੇ ਨੁਮਾਇੰਦੇ ਵੀ ਹਾਜ਼ਰ ਸਨ।ਮੁੱਖ ਸਕੱਤਰ ਸ੍ਰੀ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਪੈਦਾ ਹੋਈ ਸਥਿਤੀ ਦੀ ਨਿਗਰਾਨੀ ਕਰਨ ਅਤੇ ਹੜ੍ਹਾਂ ਦੇ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਦਿੱਤੇ ਨਿਰਦੇਸ਼ਾਂ ਉਤੇ ਚੱਲਦਿਆਂ ਫੀਲਡ ਵਿੱਚ ਜ਼ਿਲਿਆਂ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਮੁਸਤੈਦੀ ਨਾਲ ਤਾਇਨਾਤ ਹੈ ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ, ਐਸ.ਐਸ.ਪੀ., ਐਸ.ਡੀ.ਐਮਜ਼, ਤਹਿਸੀਲਦਾਰ, ਬੀ.ਡੀ.ਪੀ.ਓਜ਼, ਪਟਵਾਰੀ ਸਣੇ ਸਬੰਧਤ ਵਿਭਾਗਾਂ ਦੇ ਫੀਲਡ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਫੀਲਡ ਅਧਿਕਾਰੀ ਲੋਕ ਨੁਮਾਇੰਦਿਆਂ ਅਤੇ ਆਮ ਲੋਕਾਂ ਨਾਲ ਤਾਲਮੇਲ ਬਿਠਾਉਦੇ ਹੋਏ ਨਿਰੰਤਰ ਰਾਬਤਾ ਬਣਾ ਕੇ ਰੱਖਣ। ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਸੂਬੇ ਦੇ ਆਫ਼ਤਨ ਰਾਹਤ ਫੰਡ ਵਿੱਚੋਂ 33.50 ਕਰੋੜ ਰੁਪਏ ਤੁਰੰਤ ਜਾਰੀ ਕਰ ਦਿੱਤੇ ਗਏ ਹਨ।ਮੀਟਿੰਗ ਵਿੱਚ ਜਲ ਸਰੋਤ ਵਿਭਾਗ ਵੱਲੋਂ ਸੂਬੇ ਭਰ ਵਿੱਚ ਜਲ ਭੰਡਾਰਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ। ਭਾਖੜਾ ਡੈਮ ਵਿੱਚ ਇਸ ਵਾਲੇ ਪਾਣੀ ਦਾ ਪੱਧਰ 1614.89 ਫੁੱਟ ਹੈ ਜਦੋਂ ਕਿ ਸਮਰੱਥਾ 1680 ਫੁੱਟ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1350.63 ਫੁੱਟ ਹੈ ਜਦੋਂ ਕਿ ਸਮਰੱਥਾ 1390 ਫੁੱਟ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1706.26 ਫੁੱਟ ਹੈ ਜਦੋਂ ਕਿ ਸਮਰੱਥਾ 1731.99 ਫੁੱਟ ਹੈ।ਸ੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਮਨੁੱਖੀ ਜਾਨਾਂ ਸਭ ਤੋਂ ਕੀਮਤੀ ਹਨ ਅਤੇ ਉਨ੍ਹਾਂ ਨੂੰ ਬਚਾਉਣਾ ਪ੍ਰਮੁੱਖ ਤਰਜੀਹ ਹੈ। ਉਨਾਂ ਕਿਹਾ ਕਿ ਨੀਵੇਂ ਪਾਣੀ ਵਾਲੇ ਖੇਤਰਾਂ ਅਤੇ ਹੜਾਂ ਦੇ ਸੰਭਾਵੀ ਖਤਰੇ ਵਾਲੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਨੂੰ ਪਹਿਲ ਦਿੱਤੀ ਜਾਵੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸੇ ਤਰ੍ਹਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਲੋੜ ਪੈਣ ਉਤੇ ਖਾਣ ਵਾਲੇ ਪੈਕੇਟ ਤਿਆਰ ਕਰਨ ਲਈ ਕਿਹਾ। ਇਸ ਕੰਮ ਲਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਤਾਲਮੇਲ ਕਰਕੇ ਲੋੜੀਂਦੇ ਸਰਕਾਰੀ ਫੰਡਾਂ ਦੀ ਵਰਤੋਂ ਕੀਤੀ ਜਾਵੇ। ਬਿਜਲੀ ਤੇ ਟੈਲੀਕਾਮ ਵਿਭਾਗ ਨੂੰ ਆਪਣੀਆਂ ਸੇਵਾਵਾਂ ਨਿਰਵਿਘਨ ਜਾਰੀ ਰੱਖਣਾ ਯਕੀਨੀ ਬਣਾਉਣ ਲਈ ਕਿਹਾ। ਜਲ ਸਪਲਾਈ ਵਿਭਾਗ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ ਵੀ ਯਕੀਨੀ ਬਣਾਵੇ। ਸਿਹਤ ਵਿਭਾਗ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਟਾਕਰੇ ਲਈ ਤਿਆਰ ਰਹੇ। ਇਸ ਮੌਕੇ ਕਲੋਰੀਨ ਦੀਆਂ ਗੋਲੀਆਂ ਲਈ ਤੁਰੰਤ ਫੰਡ ਜਾਰੀ ਕਰਨ ਲਈ ਕਿਹਾ। ਪਸ਼ੂ ਪਾਲਣ ਵਿਭਾਗਾਂ ਨੂੰ ਪਸ਼ੂ ਧਨ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਅਗਾਊਂ ਇੰਤਜ਼ਾਮ ਕਰਨ ਲਈ ਕਿਹਾ। ਪੇਂਡੂ ਵਿਕਾਸ ਤੇ ਪੰਚਾਇਤ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਆਪਣੇ ਨੁਮਾਇੰਦਿਆਂ ਨਾਲ ਸ਼ਹਿਰਾਂ ਤੇ ਪਿੰਡਾਂ ਵਿੱਚ ਲੋਕਾਂ ਦੀ ਮੱਦਦ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ।ਮੁੱਖ ਸਕੱਤਰ ਵੱਲੋਂ ਫੀਲਡ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਜਿਸ ਵਿੱਚ ਐਸ.ਏ.ਐਸ. ਨਗਰ, ਪਟਿਆਲਾ, ਰੂਪਨਗਰ ਤੇ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਦੱਸਿਆ ਗਿਆ ਕਿ ਉਨਾਂ ਦੇ ਜ਼ਿਲਿਆਂ ਵਿੱਚ ਕੁਝ ਥਾਵਾਂ ਉਤੇ ਸਥਿਤੀ ਗੰਭੀਰ ਹੈ ਪਰ ਪ੍ਰਸ਼ਾਸਨ ਵੱਲੋਂ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੁੱਖ ਸਕੱਤਰ ਨੇ ਸਾਰੇ ਜ਼ਿਲਿਆਂ ਨੂੰ ਆਖਿਆ ਕਿ ਆਪਣੀ ਤਰਜੀਹਾਂ ਨਿਰਧਾਰਤ ਕਰਦੇ ਹੋਏ ਜੋ ਮੱਦਦ ਲੋੜੀਂਦੀ ਹੈ, ਉਸ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਐਨ.ਡੀ.ਆਰ.ਐਫ. ਦੇ ਕਮਾਡੈਂਟ ਨੇ ਦੱਸਿਆ ਕਿ ਪੰਜਾਬ ਵਿੱਚ 14 ਐਨ.ਡੀ.ਆਰ.ਐਫ. ਟੀਮਾਂ ਤਾਇਨਾਤ ਹਨ। ਰੂਪਨਗਰ ਜਿੱਥੇ ਹੁਣ ਚਾਰ ਟੀਮਾਂ ਤਾਇਨਾਤ ਸਨ, ਡਿਪਟੀ ਕਮਿਸ਼ਨਰ ਵੱਲੋਂ ਮੰਗ ਕੀਤੇ ਜਾਣ ਉਤੇ ਇਕ ਹੋਰ ਟੀਮ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ।ਮੁੱਖ ਸਕੱਤਰ ਵੱਲੋਂ ਮੀਟਿੰਗ ਵਿੱਚ ਸਾਰੇ ਨਗਰ ਨਿਗਮਾਂ ਦੇ ਕਮਿਸ਼ਨਰਾਂ ਨਾਲ ਗੱਲ ਕਰਕੇ ਕਾਰਪੋਰੇਸ਼ਨ ਸ਼ਹਿਰਾਂ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ। ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਸੇਵਾਵਾਂ ਮੁਹੱਈਆ ਰੱਖਣਾ ਯਕੀਨੀ ਬਣਾਇਆ ਜਾਵੇ। ਦੂਰ ਵਾਲੇ ਜ਼ਿਲਿਆਂ ਕਪੂਰਥਲਾ, ਤਰਨਤਾਰਨ, ਮੋਗਾ ਵਿੱਚ ਜਿੱਥੇ ਹਾਲੇ ਸਥਿਤੀ ਪੂਰੀ ਕੰਟਰੋਲ ਵਿੱਚ ਹੈ, ਨੂੰ ਅਗਾਊਂ ਪ੍ਰਬੰਧ ਕਰਦਿਆਂ ਸਥਿਤੀ ਉਤੇ ਨਿਗਰਾਨੀ ਰੱਖਣ ਲਈ ਕਿਹਾ ਕਿਉਕਿ ਪਹਾੜਾਂ ਵਿੱਚ ਬਾਰਸ਼ਾਂ ਹੋਣ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਇਸੇ ਤਰ੍ਹਾਂ ਮੌਜੂਦਾ ਸਥਿਤੀ ਨੂੰ ਦੇਖਦਿਆਂ ਸੈਨਾ ਨਾਲ ਨਿਰੰਤਰ ਰਾਬਤਾ ਬਣਾ ਕੇ ਰੱਖਿਆ ਜਾ ਰਿਹਾ ਹੈ।ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਮਾਲ ਕੇ.ਏ.ਪੀ.ਸਿਨਹਾ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਜਸਪ੍ਰੀਤ ਤਲਵਾੜ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵੀ.ਪੀ.ਸਿੰਘ, ਪ੍ਰਮੁੱਖ ਸਕੱਤਰ ਵਿੱਤ ਏ.ਕੇ.ਸਿਨਹਾ, ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਨੀਲ ਕੰਠ ਅਵਧ, ਸਕੱਤਰ ਸਥਾਨਕ ਸਰਕਾਰਾਂ ਅਜੋਏ ਸ਼ਰਮਾ, ਸਕੱਤਰ ਖੁਰਾਕ ਤੇ ਸਿਵਲ ਸਪਲਾਈ ਗੁਰਕੀਰਤ ਕ੍ਰਿਪਾਲ ਸਿੰਘ, ਸਕੱਤਰ ਗ੍ਰਹਿ ਜਸਵਿੰਦਰ ਕੌਰ ਸਿੱਧੂ, ਸਕੱਤਰ ਵਿੱਤ ਗੁਰਪ੍ਰੀਤ ਕੌਰ ਸਪਰਾ, ਸਕੱਤਰ ਸੂਚਨਾ ਤੇ ਲੋਕ ਸੰਪਰਕ ਮਾਲਵਿੰਦਰ ਸਿੰਘ ਜੱਗੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ, ਵਿਸ਼ੇਸ਼ ਸਕੱਤਰ ਮਾਲ ਡਾ. ਅਮਰਪਾਲ ਸਿੰਘ, ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਗੁਰਪ੍ਰੀਤ ਸਿੰਘ ਖਹਿਰਾ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਵਿਸ਼ੇਸ਼ ਸਕੱਤਰ ਬਿਜਲੀ ਭੁਪਿੰਦਰ ਸਿੰਘ, ਡਾਇਰੈਕਟਰ ਪਸ਼ੂ ਪਾਲਣ ਡਾ. ਰਾਮ ਪਾਲ ਮਿੱਤਲ, ਹਾਜ਼ਰ ਸਨ। ਪੱਛਮੀ ਕਮਾਂਡ ਦੇ ਨੁਮਾਇੰਦੇ ਸਲਾਹਕਾਰ ਸਿਵਲ ਸੈਨਾ ਮਾਮਲੇ ਕਰਨਲ ਜੇ.ਐਸ.ਸੰਧੂ ਹਾਜ਼ਰ ਅਤੇ ਐਨ.ਡੀ.ਆਰ.ਐਫ. ਦੇ ਕਮਾਂਡੈਟ ਸੰਤੋਸ਼ ਕੁਮਾਰ ਹਾਜ਼ਰ ਸਨ।