ਝੋਨੇ ਦੀ ਪਰਾਲੀ ਦੇ ਅਗਾਊਂ ਪ੍ਰਬੰਧਨ ਸਬੰਧੀ ਅਧਿਕਾਰੀਆਂ ਨਾਲ ਕੀਤੀ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦੇ ਪ੍ਰਬੰਧਨ ਸਬੰਧੀ ਅਗਾਊਂ ਲੋੜੀਂਦੇ ਐਕਸ਼ਨ ਪਲਾਨ ਤਿਆਰ ਕਰਨ ਬਾਰੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਦੇ ਬਦਲਵੇਂ ਹੱਲ ਲਈ ਉਦਯੋਗਿਕ ਸੰਸਥਾਵਾਂ ਦੇ ਮੁਖੀਆਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਨ ਲਈ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ, ਬੇਲਰ ਮਾਲਕਾਂ, ਕਲੱਸਟਰ ਅਫ਼ਸਰਾਂ, ਨੋਡਲ ਅਫ਼ਸਰਾਂ ਅਤੇ ਅਗਾਂਹਵਧੂ ਕਿਸਾਨਾਂ ਆਦਿ ਨਾਲ ਹਰ 10-15 ਦਿਨਾਂ ਬਾਅਦ ਮੀਟਿੰਗ ਕਰਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਅਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਸਨ ਸਿੰਘ ਨੇ ਜ਼ਿਲ੍ਹੇ ਭਰ ਚ ਸਾਉਣੀ 2023 ਦੌਰਾਨ ਕਰੀਬ 2.32 ਲੱਖ ਹੈਕਟੇਅਰ ਰਕਬਾ ਝੋਨੇ ਦੀ ਫ਼ਸਲ ਅਧੀਨ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 8200 ਇੰਨਸੀਟੂ ਮਸ਼ੀਨਰੀ (ਜੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਦਿੰਦੀ ਹੈ) ਅਤੇ 125 ਐਕਸੀਟੂ ਮਸ਼ੀਨਰੀ (ਜੋ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਕੇ ਗੱਠਾ ਬਣਾ ਕੇ ਖੇਤਾਂ ਵਿੱਚੋਂ ਬਾਹਰ ਕੱਢਣ ਵਿੱਚ ਸਹਾਈ ਹੁੰਦੀ ਹੈ) ਮੌਜੂਦ ਹੈ। ਇਸ ਮਸ਼ੀਨਰੀ ਨਾਲ ਕਰੀਬ 2.22 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਰਾਲੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਕੁੱਲ 18 ਕਲੱਸਟਰ ਅਫ਼ਸਰ ਅਤੇ 249 ਨੋਡਲ ਅਫ਼ਸਰ ਸਬੰਧਤ ਉਪ ਮੰਡਲ ਮੈਜਿਸਟਰੇਟ ਦੁਆਰਾ ਨਿਯੁਕਤ ਕੀਤੇ ਗਏ ਹਨ।ਇਸ ਮੌਕੇ ਏਡੀਸੀ (ਜਨਰਲ) ਮੈਡਮ ਪੱਲਵੀ ਚੌਧਰੀ, ਏਡੀਸੀ(ਵਿਕਾਸ) ਮੈਡਮ ਲਵਜੀਤ ਕਲਸੀ, ਐਸਡੀਐਮ ਮੌੜ ਵਰਿੰਦਰ ਸਿੰਘ, ਐਸਡੀਐਮ ਤਲਵੰਡੀ ਸਾਬੋ ਗਗਨਦੀਪ ਸਿੰਘ, ਐਸਡੀਐਮ ਰਾਮਪੁਰਾ ਫੂਲ ਓਮ ਪ੍ਰਕਾਸ਼, ਮੁੱਖ ਖੇਤੀਬਾੜੀ ਅਫ਼ਸਰ ਡਾ. ਹਸਨ ਸਿੰਘ ਤੋਂ ਇਲਾਵਾ ਜ਼ਿਲ੍ਹੇ ਭਰ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।
ਪਿੰਡ ਪੱਧਰ ’ਤੇ ਕੈਂਪ ਲਗਾ ਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਜਾਵੇ ਜਾਗਰੂਕ :ਡਿਪਟੀ ਕਮਿਸ਼ਨਰ
ਪੀਆਰਟੀਸੀ ਕਾਮਿਆਂ ਨੇ ਬਠਿੰਡਾ ’ਚ ਨਵੇਂ ਬਣਨ ਵਾਲੇ ਬੱਸ ਅੱਡੇ ਨੂੰ ਪੀਆਰਟੀਸੀ ਰਾਹੀਂ ਬਣਾਉਣ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ : ਕਾਫ਼ੀ ਲੰਮੀ ਜਦੋ-ਜਹਿਦ ਦੇ ਬਾਅਦ ਸ਼ਹਿਰ ’ਚ ਟਰੈਫ਼ਿਕ ਸਮੱਸਿਆ ਘਟਾਉਣ ਦੇ ਮਕਸਦ ਨਾਲ ਸਥਾਨਕ ਸ਼ਹਿਰ ਦੇ ਮਲੋਟ ਰੋਡ ’ਤੇ ਬਣ ਰਹੇ ਨਵੇਂ ਬੱਸ ਅੱਡੇ ਨੂੰ ਪੀਆਰਟੀਸੀ ਦੇ ਰਾਹੀਂ ਬਣਾਉਣ ਦੀ ਮੰਗ ਕਰਦਿਆਂ ਐਲਾਨ ਕੀਤਾ ਹੈ ਕਿ ਜੇਕਰ ਇਸ ਬੱਸ ਅੱਡੇ ਨੂੰ ਟਰੱਸਟ ਜਾਂ ਨਿਗਮ ਦੇ ਰਾਹੀਂ ਬਣਾਉਣ ਦੀ ਕੋਸਿਸ ਕੀਤੀ ਗਈ ਤਾਂ ਉਹ ਇਸਦਾ ਵਿਰੋਧ ਕਰਨਗੇ। ਅੱਜ ਇੱਥੇ ਜਾਰੀ ਬਿਆਨ ਵਿਚ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਅਤੇ ਜ਼ਿਲ੍ਹਾ ਪ੍ਰਧਾਨ ਸੰਦੀਪ ਗਰੇਵਾਲ ਨੇ ਕਿਹਾ ਕਿ ਇਹ ਨਵਾਂ ਬੱਸ ਅੱਡਾ ਨਗਰ ਨਿਗਮ ਦੇ ਰਾਹੀਂ ਬਣਵਾਇਆ ਜਾ ਰਿਹਾ ਹੈ, ਜਿਸਦੇ ਨਾਲ ਪੀਆਰਟੀਸੀ ਨੂੰ ਹੋਣ ਵਾਲੀ ਕਰੋੜਾਂ ਦੀ ਸਲਾਨਾ ਆਮਦਨ ਖ਼ਤਮ ਹੋ ਜਾਵੇਗੀ। ਉਹਨਾਂ ਦੱਸਿਆ ਕਿ ਬੱਸ ਸਟੈਂਡ ਤੋਂ ਪੀ ਆਰ ਟੀ ਸੀ ਨੂੰ ਅੱਡਾ ਫੀਸ, ਸਾਇਕਲ ਸਟੈਂਡ, ਪੰਜਾਹ ਦੇ ਕਰੀਬ ਦੁਕਾਨਾਂ ਅਤੇ ਬੱਸ ਸਟੈਂਡ ਵਿਚਲੀਆਂ ਕੰਟੀਨਾਂ ਆਦਿ ਦਾ ਕਿਰਾਇਆ ਪਾ ਕੇ ਵੱਡੀ ਕਮਾਈ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਵਿਚਕਾਰ ਮੌਜੂਦਾ ਬੱਸ ਅੱਡੇ ਵਿਚ ਪੀਆਰਟੀਸੀ ਦੇ ਬਣੇ ਬੱਸ ਸਟੈਂਡ ਅਤੇ ਵਰਕਸ਼ਾਪ ਵਾਲੀ ਕਰੀਬ ਅੱਠ ਏਕੜ ਜਗਾ ਦੀ ਕੀਮਤ ਕਰੋੜਾਂ ਵਿੱਚ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਇਸ ਜਗਾ ਬਦਲੇ ਨਵਾਂ ਬੱਸ ਸਟੈਂਡ ਅਤੇ ਵਰਕਸ਼ਾਪ ਬਣਾਉਣ ਲਈ ਥਰਮਲ ਕੋਲ ਜਗਾ ਦੇਵੇ ਤੇ ਇਸਦੇ ਨਾਲ ਪੀ ਆਰ ਟੀ ਸੀ ਦੀ ਆਮਦਨ ਵਿੱਚ ਹੋਰ ਵੀ ਵਾਧਾ ਹੋਵੇਗਾ। ਇਸ ਮੌਕੇ ਬਠਿੰਡਾ ਡਿਪੂ ਦੀ ਸਾਰੀ ਕਮੇਟੀ ਨੇ ਇਹ ਫੈਂਸਲਾ ਲਿਆ ਕਿ ਜੇਕਰ ਨਵਾਂ ਬਣਨ ਵਾਲਾ ਬੇਸ ਅੱਡਾ ਪੀਆਰਟੀਸੀ ਦੇ ਅਧੀਨ ਨਾ ਬਣਾਇਆ ਗਿਆ ਤਾਂ ਜੱਥੇਬੰਦੀ ਡੱਟ ਕੇ ਸਰਕਾਰ ਦਾ ਵਿਰੋਧ ਕਰੇਗੀ। ਇਸ ਮੌਕੇ ਸੈਕਟਰੀ ਕੁਲਦੀਪ ਬਾਦਲ,ਚੇਅਰਮੈਨ ਸਰਬਜੀਤ ਸਿੰਘ ਭੁੱਲਰ, ਹਰਤਾਰ ਸ਼ਰਮਾਂ, ਕੈਸ਼ੀਅਰ ਰਵਿੰਦਰ ਬਰਾੜ, ਗੁਰਦੀਪ ਝੁਨੀਰ ਅਤੇ ਮਨਪ੍ਰੀਤ ਹਾਕੂਵਾਲਾ ਹਾਜਰ ਰਹੇ।
ਜਾਅਲੀ ਅੰਗਹੀਣ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀ ਕਰਨ ਵਾਲਿਆਂ ਵਿਰੁਧ ਮੰਗੀ ਕਾਰਵਾਈ
ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਨੇ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ :ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਨੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੂੰ ਮੰਗ ਪੱਤਰ ਦਿੰਦਿਆਂ ਜ਼ਿਲ੍ਹੇ ਵਿਚ ਜਾਅਲੀ ਅੰਗਹੀਣ ਸਰਟੀਫਿਕੇਟਾਂ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਕਾਵੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜਾਅਲੀ ਅੰਗਹੀਣਾਂ ਨੇ ਅਸਲ ਅੰਗਹੀਣਾਂ ਦਾ ਵੀ ਹੱਕ ਮਾਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਪੰਜਾਬ ਸਰਕਾਰ ਵੱਲੋਂ ਅੰਗਹੀਣ ਪੈਨਸ਼ਨ ਸੰਬੰਧੀ ਜੋ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿਸ ਵਿਚ ਇਹ ਪੈਨਸ਼ਨ ਲਗਵਾਉਣ ਸਮੇਂ ਜਨਮ ਸਰਟੀਫਿਕੇਟ ਦੀ ਮੰਗ ਕੀਤੀ ਜਾਦੀ ਹੈ। ਪ੍ਰੰਤੂ ਹਰੇਕ ਅੰਗਹੀਣ ਕੋਲ ਇਹ ਸਰਟੀਫਿਕੇਟ ਨਹੀਂ ਹੈ, ਜਿਸ ਕਾਰਨ ਉਹ ਪੈਨਸ਼ਨ ਲਗਾਉਣ ਤੋਂ ਵਾਂਝਾ ਰਹਿ ਜਾਂਦਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਅਜੈ ਕੁਮਾਰ ਸਾਂਸੀ , ਜਿਲਾ ਪ੍ਰਧਾਨ ਲੱਖਾ ਸਿੰਘ ਸੰਘਰ, ਜਨਰਲ ਸੈਕਟਰੀ ਬਲਜਿੰਦਰ ਸਿੰਘ ਅਤੇ ਹੋਰ ਮੈਬਰ ਮੌਜੂਦ ਹਨ।
ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਯਤਨਸ਼ੀਲ ਤੇ ਵਚਨਬੱਧ : ਅਨਿੱਲ ਠਾਕੁਰ
ਉਦਯੋਗਪਤੀਆਂ ਤੇ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੋਵੇਗਾ ਨਿਪਟਾਰਾ ਤੇ ਸੁਝਾਵਾਂ ਤੇ ਹੋਵੇਗਾ ਅਮਲ
ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਿਹਤ ਤੇ ਸਿੱਖਿਆ ਦੇ ਨਾਲ-ਨਾਲ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਤੇ ਵਚਨਬੱਧ ਹੈ। ਇਹ ਦਾਅਵਾ ਕਰਦਿਆਂ ਪੰਜਾਬ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਅਨਿੱਲ ਠਾਕੁਰ ਨੇ ਜ਼ਿਲ੍ਹੇ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਦਾ ਪਹਿਲ ਦੇ ਆਧਾਰ ਤੇ ਜਲਦ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ।ਇਸ ਦੌਰਾਨ ਸੰਬੋਧਨ ਕਰਦਿਆਂ ਚੇਅਰਮੈਨ ਠਾਕੁਰ ਨੇ ਕਿਹਾ ਕਿ ਉਹ ਉਦਯੋਗਪਤੀਆਂ ਅਤੇ ਵਪਾਰੀ ਵਰਗ ਦੇ ਵਿਚਕਾਰ ਇੱਕ ਪੁਲ ਵਾਂਗ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਉਹ ਭਲੀਭਾਂਤ ਜਾਣੂੰ ਹਨ ਤੇ ਜਿੰਨ੍ਹਾਂ ਦੇ ਨਿਪਟਾਰੇ ਲਈ ਉਹ ਯਤਨਸ਼ੀਲ ਹਨ। ਉਨ੍ਹਾਂ ਉਦਯੋਗਪਤੀਆਂ ਤੇ ਵਪਾਰੀ ਵਰਗ ਨੂੰ ਇਹ ਵੀ ਕਿਹਾ ਕਿ ਉਹ ਸਰਕਾਰ ਨਾਲ ਇੱਕ ਹਿੱਸੇਦਾਰ ਵਜੋਂ ਸਾਥ ਦੇਣ। ਉਨ੍ਹਾਂ ਵਪਾਰੀ ਵਰਗ ਤੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਸਾਰਥਿਕ ਸੁਝਾਵਾਂ ਤੇ ਪਹਿਲ ਦੇ ਆਧਾਰ ਉੱਤੇ ਅਮਲ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਜਿਵੇਂ ਕਿ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਪੀ.ਐਸ.ਸੰਧੂ, ਮੈਡੀਕਲ ਐਸੋਸੀਏਸ਼ਨ ਵੱਲੋਂ ਅਸ਼ੋਕ ਬਾਲਿਆਂਵਾਲੀ, ਵਪਾਰ ਮੰਡਲ ਦੇ ਪ੍ਰਧਾਨ ਰਾਜਿੰਦਰ ਰਾਜੂ, ਬਠਿੰਡਾ ਚੈਂਬਰ ਆਫ਼ ਕਮਰਸ ਦੇ ਬੁਲਾਰੇ ਅਵਨੀਸ਼ ਖੋਸਲਾ, ਸੈਲਰ ਐਸੋਸੀਏਸ਼ਨ ਵੱਲੋਂ ਨਰਾਇਣ ਗਰਗ, ਕੱਪੜਾ ਮਾਰਕੀਟ ਵੱਲੋਂ ਭਾਰਤ ਭੂਸ਼ਣ, ਆੜਤੀਆ ਐਸੋਸੀਏਸ਼ਨ ਵੱਲੋਂ ਬੱਬੂ, ਵਪਾਰ ਮੰਡਲ ਪੰਜਾਬ ਵੱਲੋਂ ਸ੍ਰੀ ਕਪੂਰ ਤੇ ਜੀਵਨ ਗਰਗ, ਕਾਟਨ ਐਸੋਸੀਏਸ਼ਨ ਵੱਲੋਂ ਕੈਲਾਸ਼ ਗਰਗ, ਚੈਂਬਰ ਆਫ਼ ਕਮਰਸ ਬਠਿੰਡਾ ਦੇ ਸਰਪ੍ਰਸਤ ਸੁਰਿੰਦਰ ਮੋਹਨ, ਇੰਡਸਟਰੀਜ਼ ਗਰੋਥ ਸੈਂਟਰ ਤੇ ਆਨਰ ਐਸੋਸੀਏਸ਼ਨ ਦੇ ਸਕੱਤਰ ਰਵਿੰਦਰ ਰੋਕੀ, ਬਠਿੰਡਾ ਚੈਂਬਰ ਆਫ਼ ਕਮਰਸ ਦੇ ਕੁਆਰਡੀਨੇਟਰ ਕੁਲਦੀਪ ਜਿੰਦਲ ਆਦਿ ਵੱਲੋਂ ਆਪੋ-ਆਪਣੇ ਉਦਯੋਗਿਕ ਖੇਤਰਾਂ ਨਾਲ ਸਬੰਧਤ ਸਮੱਸਿਆਵਾਂ ਤੇ ਸੰਕਿਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਦੌਰਾਨ ਏਈਟੀਸੀ ਕਪਿਲ ਜਿੰਦਲ ਨੇ ਵਪਾਰੀ ਵਰਗ ਤੇ ਉਦਯੋਗਪਤੀਆਂ ਵੱਲੋਂ ਉਠਾਏ ਗਏ ਸੰਕਿਆਂ, ਸਮੱਸਿਆਵਾਂ ਤੇ ਸਵਾਲਾਂ ਦਾ ਸਾਰਥਕ ਹੱਲ ਦੱਸਦਿਆਂ ਉਨ੍ਹਾਂ ਨੂੰ ਵਿਭਾਗ ਦਾ ਅਨਿੱਖੜਵਾਂ ਅੰਗ ਗਰਦਾਨਿਆਂ। ਬਠਿੰਡਾ ਚੈਂਬਰ ਆਫ਼ ਕਮਰਸ ਦੇ ਪ੍ਰਧਾਨ ਰਾਮ ਪ੍ਰਕਾਸ਼ ਜਿੰਦਲ ਵੱਲੋਂ ਸਟੇਜ ਸਕੱਤਰ ਦੀ ਕਾਰਵਾਈ ਨਿਭਾਈ।
ਬਠਿੰਡਾ ਲੋਕ ਸਭਾ ਹਲਕੇ ’ਚ ਆਪ ਵਲੋਂ ‘ਜਥੇਦਾਰ ਖੁੱਡੀਆਂ ’ ਨੂੰ ਚੋਣ ਲੜਾਉਣ ਦੀ ਚਰਚਾ!
ਸੁਖਜਿੰਦਰ ਮਾਨ
ਬਠਿੰਡਾ, 9 ਜੁਲਾਈ : ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਰਹੇ ਮਹਰੂਮ ਪ੍ਰਕਾਸ ਸਿੰਘ ਬਾਦਲ ਦੇ ਅਜੇਤੂ ਰਥ ਨੂੰ ਰੋਕਣ ਵਾਲੇ ਜਥੇਦਾਰ ਗੁਰਮੀਤ ਸਿੰਘ ਖੁੱਡੀਆ ਨੂੰ ਹੁਣ ਆਮ ਆਦਮੀ ਪਾਰਟੀ ਵਲੋਂ ਆਗਾਮੀ ਲੋਕ ਸਭਾ ਚੋਣਾਂ ਵਿਚ ਮੁੜ ਬਾਦਲਾਂ ਦੇ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਵਿਚੋਂ ਚੋਣ ਮੈਦਾਨ ’ਚ ਉਤਾਰਨ ਦੀ ਚਰਚਾ ਸ਼ੁਰੂ ਹੋ ਗਈ ਹੈ। ਹਾਲਾਂਕਿ ਪਿਛਲੇ ਦਿਨੀਂ ਹੋਈ ਰੱਦੋਬਦਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਪਣੀ ਵਜ਼ਾਰਤ ’ਚ ਬਤੌਰ ਕੈਬਨਿਟ ਵਜ਼ੀਰ ਸ਼ਾਮਲ ਕਰਦਿਆਂ ਸ: ਖੁੱਡੀਆ ਨੂੰ ਅਹਿਮ ਵਿਭਾਗਾਂ ਨਾਲ ਨਿਵਾਜ਼ਿਆ ਹੈ ਪ੍ਰੰਤੂ ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਦਿੱਲੀ ਹਾਈਕਮਾਂਡ ਦੇ ਨਾਲ-ਨਾਲ ਮੁੱਖ ਮੰਤਰੀ ਸ: ਮਾਨ ਦੀ ‘ਗੁੱਡ ਬੁੱਕ’ ਵਿਚ ਮੰਨੇ ਜਾ ਰਹੇ ਜਥੇਦਾਰ ਖੁੱਡੀਆ ਦੇ ਨਾਂ ਉਪਰ ਹੀ ਮੋਹਰ ਲੱਗਣ ਜਾ ਰਹੀ ਹੈ। ਦਸਣਾ ਬਣਦਾ ਹੈ ਬਾਦਲਾਂ ਦਾ ਗੜ੍ਹ ਮੰਨਿਆਂ ਜਾਂਦਾ ਲੰਬੀ ਵਿਧਾਨ ਸਭਾ ਹਲਕਾ ਇਸੇ ਬਠਿੰਡਾ ਲੋਕ ਸਭਾ ਹਲਕੇ ਵਿਚ ਹੀ ਪੈਂਦਾ ਹੈ ਤੇ ਇਸ ਹਲਕੇ ਤੋਂ ਹੀ ਜਥੇਦਾਰ ਖੁੱਡੀਆ ਨੇ ਲਗਾਤਾਰ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਮਹਰੂਮ ਪ੍ਰਕਾਸ ਸਿੰਘ ਬਾਦਲ ਨੂੰ ਮਾਤ ਦਿੱਤੀ ਸੀ। ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਲੰਬੀ ਹਲਕੇ ਦੇ ਨਾਲ ਕਈ ਹੋਰ ਵਿਧਾਨ ਸਭਾ ਹਲਕਿਆਂ ਵਿਚ ਵੱਡਾ ਸਿਆਸੀ ਲਾਹਾ ਮਿਲ ਸਕਦਾ ਹੈ। ਦੂਜੇ ਪਾਸੇ ਇਸ ਹਲਕੇ ਤੋਂ ਅਕਾਲੀ ਦਲ ਵਲੋਂ ਮੁੜ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਬਣਾਏ ਜਾਣ ਦੀ ਵਧੇਰੇ ਸੰਭਾਵਨਾ ਹੈ ਕਿਉਂਕਿ ਇਸ ਹਲਕੇ ਨੂੰ ਛੱਡਣਾ ‘ਬਾਦਲ’ ਪ੍ਰਵਾਰ ਦੀ ਇਖਲਾਕੀ ਹਾਰ ਮੰਨੀ ਜਾਵੇਗੀ। ਬੀਬੀ ਬਾਦਲ ਦੀ ਜਿੱਤ ਵਿਚ ਹੁਣ ਤੱਕ ਸਭ ਤੋਂ ਵੱਧ ਮਹੱਤਵਪੂਰਨ ਭੂਮਿਕਾ ‘ਲੰਬੀ’ ਹਲਕੇ ਵਲੋਂ ਹੀ ਨਿਭਾਈ ਜਾਂਦੀ ਹੈ। ਦਸਣਾ ਬਣਦਾ ਹੈ ਕਿ ਹਰਸਿਮਰਤ ਕੌਰ ਬਾਦਲ ਲਗਾਤਾਰ ਤਿੰਨ ਵਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਨਿਰਵਿਘਨ ਚੋਣ ਜਿੱਤਦੀ ਆ ਰਹੀ ਹੈ । ਸਾਲ 2009 ਦੀ ਚੋਣ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਯੁਵਰਾਜ ਰਣਇੰਦਰ ਸਿੰਘ, 2014 ਵਿਚ ਅੱਧੀ ਦਰਜ਼ਨ ਸਿਆਸੀ ਪਾਰਟੀਆਂ ਦੀ ਹਿਮਾਇਤ ਨਾਲ ਮੁਕਾਬਲੇ ਵਿਚ ਆਏ ‘ਸਿਆਸੀ ਸ਼ਰੀਕ’ ਮਨਪ੍ਰੀਤ ਸਿੰਘ ਬਾਦਲ ਅਤੇ ਸਾਲ 2019 ਦੀਆਂ ਚੋਣਾਂ ’ਚ ਸੂਬੇ ਦੀ ਤਤਕਾਲੀ ਸੱਤਾਧਾਰੀ ਪਾਰਟੀ ਕਾਂਗਰਸ ਦੇ ਆਗੂ ਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬੀਬੀ ਬਾਦਲ ਨੂੂੰ ਹਰਾਉਣ ਵਿਚ ਅਸਫ਼ਲ ਰਹੇ ਸਨ। ਇਸਤੋਂ ਇਲਾਵਾ ਹੁਣ ਤੱਕ ਅਕਾਲੀਆਂ ਨਾਲ ਕਦਮ-ਦਰ-ਕਦਮ ਮਿਲਾ ਕੇ ਚੱਲਦੀ ਆ ਰਹੀ ਭਾਜਪਾ ਨਾਲ ਅਕਾਲੀ ਦਲ ਦੇ ਸਮਝੋਤੇ ਦੀਆਂ ਚਰਚਾਵਾਂ ਦਾ ਬਜਾਰ ਗਰਮ ਹੈ ਪ੍ਰੰਤੂ ਜੇਕਰ ਭਾਜਪਾ ਅਲੱਗ ਚੋਣ ਲੜਦੀ ਹੈ ਤਾਂ ਜਿਆਦਾ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਭਗਵਾਂ ਪਾਰਟੀ ਸੁਖਬੀਰ ਸਿੰਘ ਬਾਦਲ ਦੇ ‘ਜਮਾਤੀ ਅਤੇ ਸਿਆਸੀ ਸਾਥੀ’ ਰਹੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਨੂੰ ਕਮਲ ਦੇ ਫੁੱਲ ’ਤੇ ਚੋਣ ਲੜਾ ਸਕਦੀ ਹੈ। ਉਧਰ ਸੂਬੇ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਲਈ ਫ਼ਿਲਹਾਲ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਉਮੀਦਵਾਰਾਂ ਦੀ ਦੋੜ ਵਿਚ ਅੱਗੇ ਹਨ। ਇਸਤੋਂ ਇਲਾਵਾ ਕਾਂਗਰਸ ਦੇ ਇੱਕ ਧੜੇ ਵਲੋਂ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਨਾਮ ਵੀ ਅੱਗੇ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਕਾਂਗਰਸ ਪਾਰਟੀ ਵਿਚੋਂ ਇੱਕ ਹੋਰ ਮਜਬੂਤ ਉਮੀਦਵਾਰ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦਾ ਨਾਮ ਵੀ ਲਿਆ ਜਾ ਰਿਹਾ ਹੈ।
ਬਾਕਸ
ਸਿਰਫ਼ ਤਿੰਨ ਵਾਰ ਨੂੰ ਛੱਡ 1977 ਤੋਂ ਹੁਣ ਤੱਕ ਅਕਾਲੀਆਂ ਦਾ ਰਿਹਾ ਹੈ ਇਸ ਸੀਟ ’ਤੇ ਕਬਜ਼ਾ
ਬਠਿੰਡਾ: ਇੱਥੇ ਦਸਣਾ ਬਣਦਾ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਨੂੰ ਸ਼ੁਰੂ ਤੋ ਹੀ ਪੰਥਕ ਹਲਕਾ ਮੰਨਿਆਂ ਜਾਂਦਾ ਰਿਹਾ ਹੈ। ਜੇਕਰ 1977 ਤੋਂ ਗੱਲ ਸ਼ੁਰੂ ਕੀਤੀ ਜਾਵੇ ਤਾਂ ਹੁਣ ਤੱਕ 12 ਵਾਰ ਇਸ ਹਲਕੇ ਦੀ ਹੋਈ ਚੋਣ ਵਿਚ ਸਿਰਫ਼ ਤਿੰਨ ਦਫ਼ਾ ਨੂੰ ਛੱਡ ਕੇ 9 ਵਾਰ ਵੱਖ ਵੱਖ ਸ਼੍ਰੋਮਣੀ ਅਕਾਲੀ ਦਲਾਂ ਦਾ ਹੀ ਕੋਈ ਉਮੀਦਵਾਰ ਜਿੱਤਦਾ ਰਿਹਾ ਹੈ। ਜਦੋਂਕਿ 1980 ਵਿਚ ਕਾਂਗਰਸ ਦੇ ਹਾਕਮ ਸਿੰਘ ਮੀਆ, 1991 ਵਿਚ ਕਾਂਗਰਸ ਦੇ ਹੀ ਕੇਵਲ ਸਿੰਘ ਅਤੇ 1999 ਵਿਚ ਕਾਂਗਰਸ ਦੀ ਹਿਮਾਇਤ ਪ੍ਰਾਪਤ ਕਮਿਊਨਿਸਟ ਪਾਰਟੀ ਦੇ ਭਾਨ ਸਿੰਘ ਭੌਰਾ ਬਠਿੰਡਾ ਲੋਕ ਸਭਾ ਹਲਕੇ ਤੋਂ ਜਿੱਤ ਸਕੇ ਹਨ। ਬੀਬੀ ਹਰਸਿਮਰਤ ਕੌਰ ਬਾਦਲ ਸਾਲ 2009 ਤੋਂ ਲੈ ਕੇ ਹੁਣ ਤੱਕ ਚੋਣ ਜਿੱਤਦੀ ਆ ਰਹੀ ਹੈ। ਉਸਤੋਂ ਪਹਿਲਾਂ ਬੀਬੀ ਪਰਜਮੀਤ ਕੌਰ ਗੁਲਸ਼ਨ ਜੇਤੂ ਰਹੇ ਸਨ। ਇਸੇ ਤਰ੍ਹਾਂ ਇਸ ਹਲਕੇ ਤੋਂ ਅਕਾਲੀ ਦਲ ਵਲੋਂ ਧੰਨਾ ਸਿੰਘ ਗੁਲਸ਼ਨ, ਤੇਜਾ ਸਿੰਘ ਦਰਦੀ, ਬਾਬਾ ਸੁੱਚਾ ਸਿੰਘ, ਹਰਿੰਦਰ ਸਿੰਘ ਖ਼ਾਲਸਾ ਤੇ ਚੇਤੰਨ ਸਿੰਘ ਸਮਾਓ ਜੇਤੂ ਰਹੇ ਹਨ।
ਮੁੱਖ ਮੰਤਰੀ ਮਨੋਹਰ ਲਾਲ ਨੇ ਕੌਸ਼ਲਿਆ ਬੰਨ੍ਹ ਦਾ ਦੌਰਾ ਕਰ ਜਲਪੱਧਰ ਦਾ ਕੀਤਾ ਮੁਲਾਂਕਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਜੁਲਾਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਸ਼ਲਿਆ ਬੰਨ੍ਹ ਵਿੱਚ ਜਲ ਪੱਧਰ ਦਾ ਮੁਲਾਂਕਨ ਕਰਨ ਲਈ ਅੱਜ ਕੌਸ਼ਲਿਆ ਬੰਨ੍ਹ ਦਾ ਦੌਰਾ ਕੀਤਾ। ਇਸ ਦੌਰਾਨ ਪੰਚਕੂਲਾ ਦੀ ਡਿਪਟੀ ਕਮਿਸ਼ਨ ਪ੍ਰਿਯੰਕਾ ਸੋਨੀ ਅਤੇ ਹੋਰ ਅਧਿਕਾਰੀ ਉਨ੍ਹਾਂ ਦੇ ਨਾਲ ਸਨ।ਮੀਡੀਆ ਨਾਲ ਗਲਬਾਤ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਦਸਿਆ ਕਿ ਪਿਛਲੇ ਦੋ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ। ਇਸ ਨਾਲ ਕੌਸ਼ਲਿਆ ਡੈਮ ਵਿਚ ਜਲ ਪੱਧਰ ਕਾਫੀ ਵੱਧ ਗਿਆ ਹੈ। ਵਧੇ ਜਲਪੱਧਰ ਨੁੰ ਕੰਟਰੋਲ ਕਰਨ ਲਈ ਬੰਨ੍ਹ ਦੇ ਗੇਟ ਖੋਲੇ ਗਏ ਹਨ ਅਤੇ 4000 ਕਿਯੂਸਿਕ ਪਾਣੀ ਛਡਿਆ ਜਾ ਰਿਹਾ ਹੈ। ਹਾਲਾਂਕਿ , ਬਰਸਾਤ ਰੁਕਨ ਨਾਲ ਸਥਿਤੀ ਕੰਟਰੋਲ ਵਿਚ ਨਜਰ ਆ ਰਹੀ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਹਥਿਨੀ ਕੁੰਡ ਬੈਰਾਜ ‘ਤੇ ਇਕ ਲੱਖ ਕਿਯੂਸਿਕ ਪਾਣੀ ਛਡਿਆ ਜਾ ਰਿਹਾ ਹੈ। ਇੱਥੈ 300,000 ਕਿਯੂਸਿਕ ਪਾਣੀ ‘ਤੇ ਅਲਰਟ ਹੁੰਦਾ ਹੈ।ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਸਥਿਤੀ ਨਾਲ ਨਜਿਠਣ ਲਈ ਸਾਡੀ ਤਿਆਰੀ ਬਰਕਰਾਰ ਹੈ, ਚਾਹੇ ਉਹ ਬਰਸਾਤ ਦੀ ਵਜ੍ਹਾ ਨਾਲ ਹੋਵੇ ਜਾਂ ਪਹਾੜਾਂ ਤੋਂ ਪਾਣੀ ਆਉਣ ਦੀ। ਉਨ੍ਹਾਂ ਨੇ ਕਿਹਾ ਕਿ ਕੁੱਝ ਇਲਾਕਿਆਂ ਵਿਚ ਇਕ ਜਾਂ ਦੋ ਘੰਟੇ ਦੀ ਛੋਟੇ ਸਮੇਂ ਲਈ ਜਲਭਰਾਅ ਹੋਇਆ ਹੈ, ਪਰ ਸਥਿਤੀ ਫਿਲਹਾਲ ਕੰਟਰੋਲ ਵਿਚ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਨੁੰ ਲੈ ਕੇ ਕੀਤੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਮਨੋਹਰ ਲਾਲ ਨੇ ਇਸ ਨੁੰ ਨਿਰਾਧਾਰ ਦਸਿਆ ਅਤੇ ਕਿਹਾ ਕਿ ਅੱਜ ਉਨ੍ਹਾਂ ਦਾ ਪੰਚਕੂਲਾ ਵਿਚ ਪ੍ਰੋਗ੍ਰਾਮ ਹੈ ਅਤੇ ਉਹ ਜਿਸ ਪਾਣੀ ਦਾ ਜਿਕਰ ਕਰ ਰਹੇ ਹਨ ਉਹ ਡੇਰਾਬਸੀ ਦਾ ਜਲਭਰਾਅ ਵਾਲਾ ਇਲਾਕਾ ਹੈ। ਕਿਸੇ ਵੀ ਖੇਤਰ ਨੂੰ ਦੇਖ ਕੇ ਊਹ ਕਹਿੰਦੇ ਹਨ ਕਿ ਹਰਿਆਣਾ ਵਿਚ ਪਾਣੀ ਭਰਿਆ ਹੋਇਆ ਹੈ, ਮੈਨੁੰ ਲਗਦਾ ਹੈ ਕਿ ਉਨ੍ਹਾਂ ਨੇ ਮਨ ਬਣਾ ਲਿਆ ਹੈ, ਡੇਰਾਬਸੀ ਖੇਤਰ ਉਨ੍ਹਾਂ ਦੇ ਕੰਟਰੋਲ ਵਿਚ ਨਹੀਂ ਹੈ, ਉਹ ਇਸ ਨੁੰ ਹਰਿਆਣਾ ਨੂੰ ਸੌਂਪਣ ਜਾ ਰਹੇ ਹੋਣਗੇ। ਡੇਰਾਬਸੀ ਵਿਚ ਪਾਣੀ ਨੂੰ ਦੇਖ ਕੇ ਹਰਿਆਣਾ ਦੇ ਬਾਰੇ ਵਿਚ ਗੱਲ ਕਰਨਾ ਇਕ ਮਜਾਕ ਹੈ।ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮਨੋਹਰ ਲਾਲ ਨੇ ਸਪਸ਼ਟ ਕੀਤਾ ਕਿ ਹਰਿਆਣਾ ਵਿਚ ਬਿਜਲੀ ਦੀ ਕੋਈ ਸਮਸਿਆ ਨਹੀਂ ਹੈ। ਉਨ੍ਹਾਂ ਨੇ ਬੇਵਜ੍ਹਾ ਇਕ ਅਜਿਹਾ ਮੁੱਦਾ ਬਨਾਉਣ ਦੇ ਯਤਨਾਂ ਦੀ ਹਾਲੋਚਨਾ ਕੀਤੀ ਜੋ ਮੌਜੂਦਾ ਵਿਚ ਹੀ ਨਹੀਂ ਹੈ ਅੇਤ ਸੂਬੇ ਵਿਚ ਪ੍ਰਗਤੀ ਦੇ ਲਈ ਆਪਣੀ ਪ੍ਰਤੀਬੱਧਤਾ ਨੁੰ ਵੀ ਦੋਹਰਾਇਆ
ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਮਾਲਵਾ ਖੇਤਰ ਦੇ ਆਗੂਆਂ ਦੀ ਬਠਿੰਡਾ ਵਿਖੇ ਹੋਈ ਮੀਟਿੰਗ
28 ਜੁਲਾਈ ਨੂੰ ਦਿੱਲੀ ਵਿਖੇ ਦੇਸ਼ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 9 ਜੁਲਾਈ :ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਮਾਲਵਾ ਖੇਤਰ ਦੇ ਜ਼ਿਲਿਆਂ ਦੀਆਂ ਆਗੂਆਂ ਦੀ ਇੱਕ ਮੀਟਿੰਗ ਅੱਜ ਜਥੇਬੰਦੀ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਟੀਚਰਜ਼ ਹੋਮ ਵਿਖੇ ਹੋਈ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਦੇਸ਼ ਭਰ ਦੀਆਂ ਕਰੀਬ 28 ਲੱਖ ਅਤੇ ਪੰਜਾਬ ਵਿਚ 54 ਹਜ਼ਾਰ ਤੋਂ ਵੱਧ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕੇਦਰ ਸਰਕਾਰ ਦੀ ਆਈ ਸੀ ਡੀ ਐਸ ਸਕੀਮ ਅਧੀਨ 2 ਅਕਤੂਬਰ 1975 ਤੋਂ ਆਂਗਣਵਾੜੀ ਸੈਂਟਰਾਂ ਵਿੱਚ ਕੰਮ ਕਰ ਰਹੀਆਂ ਹਨ। ਪਰ ਲਗਭਗ 48 ਸਾਲ ਬੀਤ ਜਾਣ ਦੇ ਬਾਵਜੂਦ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਚੋਥੇ ਦਰਜੇ ਦਾ ਗਰੇਡ ਦਿੱਤਾ ਜਾਵੇ। ਇਸ ਤੋਂ ਇਲਾਵਾ ਮਿੰਨੀ ਆਂਗਣਵਾੜੀ ਵਰਕਰਾਂ ਨੂੰ ਪੂਰੀ ਵਰਕਰ ਦਾ ਦਰਜਾ ਦੇ ਕੇ ਪੂਰੀ ਤਨਖਾਹ ਦਿੱਤੀ ਜਾਵੇ। ਆਂਗਣਵਾੜੀ ਸੈਂਟਰਾਂ ਵਿਚ ਗਰਮੀਂ ਤੇ ਸਰਦੀ ਦੀਆਂ ਛੁੱਟੀਆਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਦਿੱਤੀਆਂ ਜਾਣ। ਲਾਭਪਾਤਰੀਆਂ ਨੂੰ ਦਿੱਤਾ ਜਾਣ ਵਾਲਾ ਰਾਸ਼ਨ ਮਹਿੰਗਾਈ ਸੂਚਿਕ ਅੰਕ ਨਾਲ ਜੋੜ ਕੇ ਸਾਲ ਵਿਚ 300 ਦਿਨ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਦਿੱਤਾ ਜਾਵੇ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੈਨਸ਼ਨ , ਗਰੈਚੁਟੀ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਣ। ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਅਧੁਨਿਕ ਸਹੂਲਤਾਂ ਵਾਲੀਆਂ ਬਣਾਈਆਂ ਜਾਣ। ਉਹਨਾਂ ਕਿਹਾ ਕਿ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ਼ ਇੰਡੀਆ ਦੇ ਸੱਦੇ ਤੇ 28 ਜੁਲਾਈ ਨੂੰ ਕੇਂਦਰ ਸਰਕਾਰ ਦੇ ਖਿਲਾਫ ਜੰਤਰ ਮੰਤਰ ਦਿੱਲੀ ਵਿਖੇ ਦੇਸ਼ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ, ਗੁਰਮੀਤ ਕੌਰ ਗੋਨੇਆਣਾ ਬਠਿੰਡਾ, ਬਲਵੀਰ ਕੌਰ ਮਾਨਸਾ , ਮਹਿੰਦਰ ਕੌਰ ਪੱਤੋ ਮੋਗਾ , ਸ਼ੀਲਾ ਦੇਵੀ ਤੱਲੇਵਾਲਾ ਫਿਰੋਜ਼ਪੁਰ , ਗੁਰਮੀਤ ਕੌਰ ਦਬੜੀਖਾਨਾ, ਜਸਪਾਲ ਕੌਰ ਝੁਨੀਰ, ਸਰਬਜੀਤ ਕੌਰ ਮਹਿਰਾਜ , ਪਰਮਜੀਤ ਕੌਰ ਰੁਲਦੂ ਵਾਲਾ , ਸਤਵੰਤ ਕੌਰ ਤਲਵੰਡੀ , ਰੀਟਾ ਰਾਣੀ ਮੌੜ , ਕਿਰਪਾਲ ਕੌਰ ਵਾਲਿਆ ਵਾਲੀ , ਜਸਵਿੰਦਰ ਕੌਰ ਦੋਦਾ , ਕਿਰਨਜੀਤ ਕੌਰ ਭੰਗਚੜੀ , ਕੁਲਜੀਤ ਕੌਰ ਗੁਰੂ ਹਰਸਹਾਏ , ਇੰਦਰਜੀਤ ਕੌਰ ਕਿੱਲਿਆਂ ਵਾਲੀ , ਛਿੰਦਰਪਾਲ ਕੌਰ , ਸ਼ੀਲਾ ਦੇਵੀ ਫਾਜ਼ਿਲਕਾ , ਇੰਦਰਜੀਤ ਕੌਰ ਖੂਈਆਂ ਸਰਵਰ , ਗੁਰਵੰਤ ਕੌਰ ਅਬੋਹਰ , ਪ੍ਰਕਾਸ਼ ਕੌਰ ਮਮਦੋਟ , ਰਾਜ ਕੌਰ ਘੱਲ ਖੁਰਦ , ਮਨਜੀਤ ਕੌਰ ਫਿਰੋਜ਼ਪੁਰ , ਕੁਲਵੰਤ ਕੌਰ ਨਿਹਾਲ ਸਿੰਘ ਵਾਲਾ , ਸਰਬਜੀਤ ਕੌਰ ਬਾਘਾ ਪੁਰਾਣਾ , ਸੁਰਜੀਤ ਕੌਰ ਧਰਮਕੋਟ , ਜਸਵਿੰਦਰ ਕੌਰ ਹਰੀ ਨੌਂ , ਬਲਵਿੰਦਰ ਕੌਰ ਰਾਏਕੋਟ , ਸੁਰਿੰਦਰ ਕੌਰ ਮਲੇਰਕੋਟਲਾ , ਸੁਖਵਿੰਦਰ ਕੌਰ ਭਿੱਖੀ ਅਤੇ ਹਰਕੀਰਤ ਕੌਰ ਹੰਡਿਆਇਆ ਆਦਿ ਆਗੂ ਮੌਜੂਦ ਸਨ।
ਬਠਿੰਡਾ ਸ਼ਹਿਰ ’ਚ ਬਿਜਲੀ ਦੀਆਂ ਨੰਗੀਆਂ ਤਾਰਾਂ, ਪ੍ਰਸ਼ਾਸਨ ਨੂੰ ਇੰਤਜ਼ਾਰ ਹੈ ਹਾਦਸੇ ਦਾ….
ਸੁਖਜਿੰਦਰ ਮਾਨ
ਬਠਿੰਡਾ, 9 ਜੁਲਾਈ : ਇੱਕ ਪਾਸੇ ਜਿੱਥੇ ਬਰਸਾਤੀ ਮੌਸਮ ਚੱਲ ਰਿਹਾ ਹੈ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਪਾਣੀ ਭਰਿਆ ਹੋਇਆ ਹੈ ਤੇ ਦੂਜੇ ਪਾਸੇ ਸ਼ਹਿਰ ਦੇ ਕਈ ਹਿੱਸਿਆ ਵਿਚ ਬਿਜਲੀ ਦੀਆਂ ਨੰਗੀਆਂ ਤਾਰਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਇਸ ਮਾਮਲੇ ’ਚ ਸ਼ਹਿਰ ਦੇ ਵੱਖ ਵੱਖ ਹਿੱਸਿਆਂ ’ਚ ਪਾਵਰਕਾਮ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੀ ਜਾਣਕਾਰੀ ਇਕੱਤਰ ਕਰਨ ਵਾਲੇ ਆਰਟੀਆਈ ਕਾਰਕੁੰਨ ਸੰਜੀਵ ਗੋਇਲ ਨੇ ਦਸਿਆ ਕਿ ਸ਼ਹਿਰ ’ਚ 35 ਹਜ਼ਾਰ ਤੋਂ ਵੱਧ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਇੰਨ੍ਹਾਂ ਲਾਈਟਾਂ ਨੂੰ ਜਗਾਉਣ ਲਈ ਸੜਕਾਂ ’ਤੇ ਖੰਭੇ ਵੀ ਲਗਾਏ ਹੋਏ ਹਨ, ਜਿਹੜੇ ਕਿ ਜੀ.ਟੀ. ਰੋਡਜ਼, ਰਾਜ ਮਾਰਗ , ਸ਼ਹਿਰ ਦੀਆਂ ਸੜਕਾਂ, ਡਿਵਾਈਡਰਾਂ ਆਦਿ ਉਪਰ ਲੱਗੇ ਹੋਏ ਹਨ। ਵੱਡੀ ਲਾਪਰਵਾਹੀ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਇੰਨ੍ਹਾਂ ਵਿਚੋਂ ਦਰਜ਼ਨਾਂ ਖੰਬਿਆਂ ਉਪਰ ਬਿਜਲੀ ਦੀਆਂ ਤਾਰਾਂ ਵਾਲੇ ਬਾਕਸਾਂ ਨੂੰ ਢਕਣ ਲਈ ਕਵਰ ਹੀ ਨਹੀਂ ਲੱਗੇ ਹੋਏ ਹਨ, ਜਿਸਦੇ ਕਾਰਨ ਬਿਜਲੀ ਦੀਆਂ ਤਾਰਾਂ ਬਾਹਰ ਲਮਕਦੀਆਂ ਨਜ਼ਰ ਆ ਰਹੀਆਂ ਹਨ। ਇਸ ਲਾਪਰਵਾਹੀ ਕਾਰਨ ਕੋਈ ਵੀ ਵਿਅਕਤੀ, ਜਾਨਵਰ, ਵਾਹਨ ਆਦਿ ਇਨ੍ਹਾਂ ਨੰਗੀਆਂ ਤਾਰਾਂ ਦੇ ਸੰਪਰਕ ਵਿਚ ਆ ਸਕਦਾ ਹੈ। ਕਈ ਥਾਂ ਤਾਂ ਇੰਨ੍ਹਾਂ ਨੰਗੀਆਂ ਬਿਜਲੀ ਦੀਆਂ ਤਾਰਾਂ ਦੇ ਜੋੜਾਂ ਨੂੰ ਵੀ ਟੇਪ ਨਹੀਂ ਕੀਤੀ ਗਈ। ਗੋਇਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਇਸ ਸਬੰਧ ਵਿਚ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਸਿਕਾਇਤ ਕਰਕੇ ਮਸਲੇ ਦੇ ਹੱਲ ਦੀ ਮੰਗ ਕੀਤੀ ਹੈ ਪ੍ਰੰਤੂ ਧਿਆਨ ਨਹੀਂ ਦਿੱਤਾ ਗਿਆ।
ਬਰਸਾਤਾਂ ਅਤੇ ਹੜ੍ਹਾਂ ਨਾਲ ਤਬਾਹ ਹੋਏ ਘਰਾਂ ਦੇ ਮਾਲਕਾਂ ਨੂੰ 5-5 ਲੱਖ ਅਤੇ ਫਸਲਾਂ ਦੇ ਨੁਕਸਾਨ ਲਈ 25 ਹਜ਼ਾਰ ਰੁਪਏ ਐਡਵਾਂਸ ਮੁਆਵਜ਼ਾ ਦਿੱਤਾ ਜਾਵੇ: ਸੁਖਬੀਰ ਸਿੰਘ ਬਾਦਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਭਾਰੀ ਬਰਸਾਤਾਂ ਤੇ ਹੜ੍ਹਾਂ ਕਾਰਨ ਜਿਹਨਾਂ ਦੇ ਘਰ ਨੁਕਸਾਨੇ ਗਏ ਹਨ ਉਹਨਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਉਹਨਾਂ ਨੇ ਉਹਨਾਂ ਕਿਸਾਨਾਂ ਲਈ ਵੀ 25 ਹਜ਼ਾਰ ਰੁਪਏ ਪ੍ਰਤੀ ਏਕੜ ਐਡਵਾਂਸ ਮੁਆਵਜ਼ੇ ਦੀ ਮੰਗ ਕੀਤੀ ਜਿਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ। ਉਹਨਾਂ ਇਹ ਵੀ ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਵਾਸਤੇ ਗਿਰਦਾਵਰੀ ਕਰਵਾਈ ਜਾਵੇ।ਭਾਰੀ ਬਰਸਾਤ ਦੇ ਕਾਰਨ ਲੋਕਾਂ ਦੀ ਹੋਈ ਤਬਾਹੀ ’ਤੇ ਅਫਸੋਸ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਪ ਸਰਕਾਰ ਸੁੱਤੀ ਰਹਿ ਗਈ ਤੇ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਹਾਲੀ, ਰੋਪੜ, ਆਨੰਦਪੁਰ ਸਾਹਿਬ, ਪ?ਟਿਆਲਾ, ਸੰਗਰੂਰ, ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹਿਆਂ ਤੋਂ ਵੱਡੇ ਨੁਕਸਾਨ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਤੇ ਹਜ਼ਾਰਾਂ ਏਕੜ ਵਿਚ ਫਸਲ ਵੀ ਡੁੱਬ ਗਈ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਲਾਈ ਝੋਨੇ ਦੀ ਫਸਲ ਅਤੇ ਸਬਜ਼ੀਆਂ ਦੀ ਫਸਲ ਦਾ ਵੀ ਵੱਡਾ ਨੁਕਸਾਨ ਹੋਇਆਹੈ। ਉਹਨਾਂ ਕਿਹਾ ਕਿ ਮੁਹਾਲੀ, ਰੋਪੜ ਤੇ ਆਨੰਦਪੁਰ ਸਾਹਿਬ ਵਿਚ ਘਰਾਂ ਵਿਚ ਪਾਣੀ ਵੜ੍ਹਨ ਕਾਰਨ ਸੈਂਕੜੇ ਲੋਕਾਂ ਨੂੰ ਰਾਤਾਂ ਸੜਕਾਂ ’ਤੇ ਗੁਜਾਰਨੀਆਂ ਪੈ ਰਹੀਆਂ ਹਨ।ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਸੜਕਾਂ ’ਤੇ ਠਹਿਰੇ ਲੋਕਾਂ ਨੂੰ ਲੰਗਰ ਪ੍ਰਦਾਨ ਕਰ ਕੇ ਚੰਗਾ ਕਾਰਜ ਕੀਤਾ ਹੈ ਪਰ ਹਾਲੇ ਤੱਕ ਸਿਵਲ ਪ੍ਰਸ਼ਾਸਨ ਇਹਨਾਂ ਲੋਕਾਂ ਤੱਕ ਨਹੀਂ ਪਹੁੰਚ ਸਕਿਆ। ਸ: ਬਾਦਲ ਨੇ ਕਿਹਾ ਕਿ ਆਪ ਸਰਕਾਰ ਨੂੰ ਤੁਰੰਤ ਕੇਂਦਰ ਸਰਕਾਰ ਕੋਲ ਪਹੁੰਚ ਕਰ ਕੇ ਇਹਨਾਂ ਹਾਲਾਤਾਂ ਨੂੰ ਕੁਦਰਤੀ ਆਫਤ ਐਲਾਨਣ ਦੀ ਮੰਗ ਕਰਨੀ ਚਾਹੀਦੀ ਹੈ ਜਿਸਦੀ ਬਦੌਲਤ ਕੌਮੀ ਆਫਤ ਪ੍ਰਬੰਧਨ ਫੰਡ ਵਿਚੋਂ ਇਹ ਫੰਡ ਹਾਸਲ ਕਰ ਸਕੇ।ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੁਸੀਬਤਾਂ ਵਿਚ ਫਸੇ ਲੋਕਾਂ ਦੀ ਮਦਦ ਵਾਸਤੇ ਕੋਈ ਐਮਰਜੰਸੀ ਨੰਬਰ ਜਾਰੀ ਨਹੀਂ ਕੀਤੇ ਗਏ ਜੋ ਤੁਰੰਤ ਜਾਰੀ ਕੀਤੇ ਜਾਣੇ ਚਾਹੀਦੇ ਹਨ।ਉਹਨਾਂ ਇਹ ਵੀ ਮੰਗ ਕੀਤੀ ਕਿ ਹੜ੍ਹਾਂ ਨਾਲ ਪ੍ਰਭਾਵਤ ਪਿੰਡਾਂ ਵਿਚ ਦੁਧਾਰੂ ਪਸ਼ੂਆਂ ਵਾਸਤੇ ਚਾਰਾ ਭੇਜਣ ਦਾ ਪ੍ਰਬੰਧਨ ਕੀਤਾ ਜਾਵੇ ਅਤੇ ਨਾਲ ਹੀ ਬਿਮਾਰੀ ਦੇ ਪਸਾਰ ਨੂੰ ਰੋਕਣ ਵਾਸਤੇ ਮੈਡੀਕਲ ਟੀਮਾਂ ਲਗਾਈਆਂ ਜਾਣ।ਅਕਾਲੀ ਦਲ ਦੇ ਪ੍ਰਧਾਨ ਨੇ ਸਰਕਾਰ ਵੱਲੋਂ ਢੁਕਵੀਂਆਂ ਡਰੇਨੇਜ ਸਹੂਲਤਾਂ ਦਾ ਪ੍ਰਬੰਧ ਕਰਨ ਵਿਚ ਨਾਕਾਮ ਰਹਿਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਕਾਰਨ ਮੁਸ਼ਕਿਲਾਂ ਵਿਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਹੀ ਪਤਾ ਚਲਦਾ ਹੈ ਕਿ ਕਿੰਨਾ ਵਿਆਪਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਉਹਨਾਂ ਨੇ ਪਾਣੀ ਦੀ ਨਿਕਾਸੀ ਦੇ ਨਾਲ ਨਾਲ ਫਲੱਡ ਕੰਟਰੋਲ ਰੂਮ ਸਥਾਪਿਤ ਕਰਨ ਦੀ ਵੀ ਮੰਗ ਕੀਤੀ ਤੇ ਹੈਲਪ ਲਾਈਨਾਂ ਸਥਾਪਿਤ ਕਰਨ ਦੀ ਵੀ ਮੰਗ ਕੀਤੀ ਤਾਂ ਜੋ ਲੋਕ ਤੁਰੰਤ ਐਮਰਜੰਸੀ ਦੇ ਹਾਲਾਤਾਂ ਵਿਚ ਅਧਿਕਾਰੀਆਂ ਨਾਲ ਸੰਪਰਕ ਕਰ ਸਕਣ। ਸ: ਬਾਦਲ ਨੇ ਕਿਹਾ ਕਿ ਜਿਥੇ ਸ਼੍ਰੋਮਣੀ ਕਮੇਟੀ ਨੇ ਲੰਗਰ ਸੇਵਾ ਆਰੰਭ ਕੀਤੀ ਹੈ, ਉਥੇ ਹੀ ਯੂਥ ਅਕਾਲੀ ਦਲ ਨੂੰ ਮੁਸੀਬਤ ਮਾਰੇ ਲੋਕਾਂ ਦੀ ਤੁਰੰਤ ਮਦਦ ਕਰਨ ਵਾਸਤੇ ਆਖਿਆ ਗਿਆ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਕਜਰ ਪਹਿਲਾਂ ਹੀ ਹੜ੍ਹ ਮਾਰੇ ਇਲਾਕਿਆਂ ਵਿਚ ਹਨ ਤੇ ਉਹਨਾਂ ਅਕਾਲੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਤੁਰੰਤ ਮੁਸੀਬਤ ਮਾਰੇ ਲੋਕਾਂ ਦੀ ਮਦਦ ਵਾਸਤੇ ਨਿਤਰਣ।
ਮੁੱਖ ਮੰਤਰੀ ਨੇ ਬਾਰਸ਼ ਕਾਰਨ ਲੋਕਾਂ ਦੀ ਮਦਦ ਲਈ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਰਹਿਣ ਲਈ ਕਿਹਾ
ਨੀਵੇਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਰਾਹਤ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
ਡੀ.ਸੀਜ਼ ਅਤੇ ਐਸ.ਐਸ.ਪੀਜ਼ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਰਾਹਤ ਅਤੇ ਸੁਰੱਖਿਆ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਜੁਲਾਈ: ਸੂਬੇ ਭਰ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਇਸ ਸੰਕਟ ਦੀ ਘੜੀ ਵਿੱਚ ਆਪਣੇ-ਆਪਣੇ ਖੇਤਰਾਂ ਵਿੱਚ ਰਹਿਣ ਅਤੇ ਲੋੜਵੰਦਾਂ ਤੱਕ ਪਹੁੰਚ ਕਰਨ ਲਈ ਕਿਹਾ। ਕੁਦਰਤ ਦੇ ਕਹਿਰ ਦੇ ਮੱਦੇਨਜ਼ਰ ਸਥਿਤੀ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਮੁੱਖ ਮੰਤਰੀ ਨੇ ਕਿਹਾ ਕਿ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਹੜ੍ਹਾਂ ਤੋਂ ਬਚਾਅ ਵਾਸਤੇ ਵਿਆਪਕ ਕਾਰਜ ਯੋਜਨਾ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਵਿੱਚ ਜਾ ਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਰਾਹਤ ਦੇਣ ਨੂੰ ਯਕੀਨੀ ਬਣਾਉਣ। ਭਗਵੰਤ ਮਾਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ (ਡੀ.ਸੀ.) ਅਤੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀਜ਼) ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਨੀਵੇਂ ਇਲਾਕਿਆਂ ਖ਼ਾਸ ਕਰਕੇ ਦਰਿਆਵਾਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕਿਸੇ ਜ਼ਰੂਰੀ ਕੰਮ ਲਈ ਹੀ ਘਰਾਂ ਤੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਪਰ ਸੂਬਾ ਸਰਕਾਰ ਵੱਲੋਂ ਸਥਿਤੀ ’ਤੇ ਬਾਕਾਇਦਾ ਨਜ਼ਰ ਰੱਖੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਉਹ ਆਪੋ-ਆਪਣੇ ਹਲਕਿਆਂ ਖ਼ਾਸ ਕਰਕੇ ਨੀਵੇਂ ਅਤੇ ਹੜ੍ਹਾਂ ਵਾਲੇ ਇਲਾਕਿਆਂ ਦਾ ਦੌਰਾ ਕਰਨ ਤਾਂ ਜੋ ਲੋੜਵੰਦਾਂ ਦੀ ਮਦਦ ਯਕੀਨੀ ਬਣਾਈ ਜਾ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਕਿਉਂਕਿ ਸੂਬੇ ਭਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ, ਇਸ ਲਈ ਕੁਝ ਥਾਵਾਂ ’ਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਡੀ.ਸੀਜ਼, ਐਸ.ਐਸ.ਪੀਜ਼, ਐਸ.ਡੀ.ਐਮਜ਼ ਅਤੇ ਫੀਲਡ ਸਟਾਫ਼ ਚੌਕਸ ਰਹੇ ਅਤੇ ਜ਼ਿਆਦਾ ਪਾਣੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਪਹਿਲ ਦੇ ਆਧਾਰ ’ਤੇ ਜ਼ਰੂਰੀ ਕੰਮ ਕਰਨ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਵਾਟਰ ਵਰਕਸ ਦੇ ਪਾਣੀ ਵਿੱਚ ਡੁੱਬਣ ਤੋਂ ਰੋਕਣ ਲਈ ਹਰ ਥਾਂ ’ਤੇ ਵਾਟਰ ਵਰਕਸ ਦੇ ਪੰਪ ਹਾਊਸਾਂ ਦੇ ਆਲੇ-ਦੁਆਲੇ ਰੇਤ ਦੀਆਂ ਬੋਰੀਆਂ ਲਾ ਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।ਮੁੱਖ ਮੰਤਰੀ ਨੇ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਗੰਭੀਰ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਨੂੰ ਤੁਰੰਤ ਰਾਹਤ ਅਤੇ ਮਦਦ ਪ੍ਰਦਾਨ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ। ਭਗਵੰਤ ਮਾਨ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਪੈਦਾ ਹੋਈ ਇਸ ਸਥਿਤੀ ਵਿੱਚ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ।ਇਸ ਦੌਰਾਨ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਹਰਕਤ ਵਿੱਚ ਆਉਂਦਿਆਂ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਲੋਕਾਂ ਨੂੰ ਰਾਹਤ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਹੈ। ਮੰਤਰੀ ਅਤੇ ਵਿਧਾਇਕ ਨੀਵੇਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਇਨ੍ਹਾਂ ਖੇਤਰਾਂ ਤੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਭਾਰੀ ਮੀਂਹ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਠੋਸ ਉਪਰਾਲੇ ਕਰਨ ਦੇ ਨਿਰਦੇਸ਼ ਵੀ ਦਿੱਤੇ।ਇਸ ਦੌਰਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਨੇ ਸੰਕਟ ਦੀ ਘੜੀ ਵਿੱਚ ਲੋਕਾਂ ਦੀ ਮਦਦ ਲਈ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਹਨ। ਕੰਟਰੋਲ ਰੂਮ ਦੇ ਨੰਬਰਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਸੇਵਾ ਲਈ ਇਨ੍ਹਾਂ ਕੰਟਰੋਲ ਰੂਮਾਂ ਵਿੱਚ 24 ਘੰਟੇ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੰਗਾਮੀ ਹਾਲਾਤ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਬਾਰੇ ਫ਼ੋਨ ਆਉਣ ’ਤੇ ਤੁਰੰਤ ਕਾਰਵਾਈ ਯਕੀਨੀ ਬਣਾਉਣ।
