Home Blog Page 2076

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

0

ਜ਼ਿਲ੍ਹਾ ਪ੍ਰਸ਼ਾਸ਼ਨ ਫ਼ਰੀਦਕੋਟ ਨੂੰ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਦੀ ਮਦਦ ਕਰਨ ਦੇ ਦਿੱਤੇ ਆਦੇਸ਼
ਪਿੰਡ ਬੀੜ ਸਿੱਖਾਂ ਵਾਲਾ ਵਿਖੇ ਛੱਤ ਡਿੱਗਣ ਕਾਰਨ ਲੜਕੀ ਦੀ ਮੌਤ ‘ਤੇ ਦੁੱਖ ਜਤਾਇਆ; ਜ਼ਖ਼ਮੀ ਪਰਿਵਾਰਕ ਮੈਂਬਰਾਂ ਦੇ ਇਲਾਜ ਅਤੇ ਪਰਿਵਾਰ ਦੀ ਆਰਥਿਕ ਮਦਦ ਦਾ ਭਰੋਸਾ ਦਿੱਤਾ
ਪੰਜਾਬੀ ਖ਼ਬਰਸਾਰ ਬਿਉਰੋ
ਫ਼ਰੀਦਕੋਟ , 10 ਜੁਲਾਈ: ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ। ਸ. ਸੰਧਵਾਂ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਅਤੇ ਹੋਰਨਾਂ ਜ਼ਿਲ੍ਹਾ ਅਧਿਕਾਰੀਆਂ ਨਾਲ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਪਾਣੀ ਨਾਲ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਪੱਖੋਂ ਮਦਦ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਰਿਹਾਇਸ਼ੀ ਖੇਤਰਾਂ ਵਿੱਚ ਜਮ?ਹਾਂ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਹਿਲ ਦੇ ਆਧਾਰ ’ਤੇ ਪ੍ਰਬੰਧ ਕੀਤੇ ਜਾਣ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਹੜ੍ਹਾਂ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਰੀਦਕੋਟ ਵਿਖੇ ਅਜੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਸੇ ਦੌਰਾਨ ਸ. ਸੰਧਵਾਂ ਨੇ ਪਿੰਡ ਬੀੜ ਸਿੱਖਾਂ ਵਾਲਾ ਦਾ ਵੀ ਦੌਰਾ ਕੀਤਾ ਅਤੇ ਇੱਥੇ ਵਾਪਰੀ ਮੰਦਭਾਗੀ ਘਟਨਾ ਦੌਰਾਨ ਛੱਤ ਡਿੱਗਣ ਕਰਕੇ ਨੌਜਵਾਨ ਲੜਕੀ ਦੀ ਮੌਤ ‘ਤੇ ਦੁੱਖ ਜਤਾਇਆ ਅਤੇ ਕਿਹਾ ਕਿ ਜ਼ਖ਼ਮੀ ਪਰਿਵਾਰਕ ਮੈਂਬਰਾਂ ਦਾ ਇਲਾਜ ਤੋਂ ਇਲਾਵਾ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਜਾਵੇਗੀ।ਸ. ਸੰਧਵਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਕੁਦਰਤੀ ਆਫ਼ਤ ਮੌਕੇ ਲੋਕਾਂ ਨਾਲ ਖੜ੍ਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਹੈ ਕਿ ਉਹ ਕਿਸੇ ਕਿਸਮ ਦੀ ਘਬਰਾਹਟ ਚ ਨਾ ਆਉਣ, ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

ਮੀਤ ਹੇਅਰ ਨੇ ਲਿਆ ਜਲ ਭੰਡਾਰਾਂ ਦੀ ਸਥਿਤੀ ਦਾ ਜਾਇਜ਼ਾ, ਰਾਜਪੁਰਾ-ਬਨੂੜ ਰੋਡ ’ਤੇ ਐਸ.ਵਾਈ.ਐਲ. ਦਾ ਵੀ ਕੀਤਾ ਦੌਰਾ

0

ਜਲ ਸਰੋਤ ਮੰਤਰੀ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜ਼ਮੀਨੀ ਪੱਧਰ ਉਤੇ 24 ਘੰਟੇ ਨਿਗਰਾਨੀ ਰੱਖਣ ਦੇ ਨਿਰਦੇਸ਼
ਮਿੱਟੀ ਦੇ ਥੈਲਿਆਂ, ਸਫ਼ਾਈ ਵਾਲੀਆਂ ਮਸ਼ੀਨਾਂ ਸਣੇ ਹੋਰ ਲੋੜੀਂਦਾ ਸਮਾਨ ਕਰਵਾਇਆ ਜਾ ਰਿਹਾ ਹੈ ਮੁਹੱਈਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਜੁਲਾਈ: ਸੂਬੇ ਭਰ ਅਤੇ ਪਹਾੜੀ ਸਥਾਨਾਂ ਉਤੇ ਪੈ ਰਹੇ ਲਗਾਤਾਰ ਤੇਜ਼ ਮੀਂਹ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਸੈਕਟਰ 18 ਸਥਿਤ ਵਿਭਾਗ ਦੇ ਮੁੱਖ ਦਫਤਰ ਵਿਖੇ ਮੀਟਿੰਗ ਕਰਕੇ ਜਲ ਭੰਡਾਰਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਜਲ ਸਰੋਤ ਮੰਤਰੀ ਨੇ ਇਸ ਤੋਂ ਪਹਿਲਾਂ ਰਾਜਪੁਰਾ-ਬਨੂੜ ਰੋਡ ਉਤੇ ਚਿਤਕਾਰਾ ਯੂਨੀਵਰਸਿਟੀ ਨੇੜੇ ਸਤਲੁਜ ਯਮਨਾ ਲਿੰਕ (ਐਸ.ਵਾਈ.ਐਲ.) ਦਾ ਵੀ ਦੌਰਾ ਕਰਕੇ ਮੌਕੇ ਦੀ ਸਥਿਤੀ ਦੇਖੀ।ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਵਿਭਾਗ ਪੂਰੀ ਤਰਾਂ ਮੁਸਤੈਦੀ ਨਾਲ ਹਰ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਟਾਕਰੇ ਦੀ ਤਿਆਰੀ ਕੀਤੀ ਗਈ ਹੈ। ਜ਼ਿਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਐਨ.ਡੀ.ਆਰ.ਐਫ. ਦੀਆਂ ਟੀਮਾਂ ਨਾਲ ਤਾਲਮੇਲ ਬਿਠਾ ਕੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ। ਜਲ ਸਰੋਤ ਮੰਤਰੀ ਨੇ ਕਿਹਾ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜ਼ਮੀਨੀ ਪੱਧਰ ਉਤੇ 24 ਘੰਟੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਨਿਰੰਤਰ ਇਸ ਦੀ ਰਿਪੋਰਟ ਕਰਨ ਨੂੰ ਕਿਹਾ। ਸੰਵੇਦਨਸ਼ੀਲ ਥਾਵਾਂ ਉਤੇ ਖਾਸ ਚੌਕਸੀ ਰੱਖਣ ਲਈ ਕਿਹਾ ਗਿਆ। ਉਨਾਂ ਕਿਹਾ ਕਿ ਫੀਲਡ ਵਿੱਚ ਮਿੱਟੀ ਦੇ ਥੈਲਿਆਂ, ਸਫ਼ਾਈ ਵਾਲੀਆਂ ਮਸ਼ੀਨਾਂ ਸਣੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।ਮੀਤ ਹੇਅਰ ਨੇ ਦੱਸਿਆ ਕਿ ਤਿੰਨੇ ਡੈਮਾਂ ਵਿੱਚ ਇਸੇ ਵੇਲੇ ਪਾਣੀ ਦਾ ਪੱਧਰ ਸਮਰੱਥਾ ਤੋਂ ਘੱਟ ਹੈ ਅਤੇ ਵਿਭਾਗ ਵੱਲੋਂ ਸਾਰੀ ਸਥਿਤੀ ਉਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਭਾਖੜਾ ਡੈਮ ਵਿੱਚ 1680 ਫੁੱਟ ਦੀ ਸਮਰੱਥਾ ਮੁਕਾਬਲੇ ਮੌਜੂਦਾ ਸਮੇਂ ਪਾਣੀ ਦਾ ਪੱਧਰ 1614.89 ਫੁੱਟ ਹੈ। ਪੌਂਗ ਡੈਮ ਵਿੱਚ 1390 ਫੁੱਟ ਦੀ ਸਮਰੱਥਾ ਮੁਕਾਬਲੇ ਇਸ ਵੇਲੇ ਪਾਣੀ ਦਾ ਪੱਧਰ 1350.63 ਫੁੱਟ ਹੈ ਜਦੋਂ ਕਿ ਰਣਜੀਤ ਸਾਗਰ ਡੈਮ ਵਿੱਚ ਪਾਣੀ ਦੀ ਸਮਰੱਥਾ 1731.99 ਹੈ ਅਤੇ ਇਸ ਵੇਲੇ ਪਾਣੀ ਦਾ ਪੱਧਰ 1706.26 ਫੁੱਟ ਹੈ।ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਤੇ ਚੀਫ ਇੰਜਨੀਅਰ ਨਹਿਰਾਂ ਐਨ.ਕੇ.ਜੈਨ ਵੀ ਹਾਜ਼ਰ ਸਨ।

ਮੁੱਖ ਮੰਤਰੀ ਜਸ਼ਨ ਮਨਾਉਣੇ ਤੇ ਚੋਣ ਦੌਰੇ ਬੰਦ ਕਰ ਕੇ ਹੜ੍ਹਾਂ ਨਾਲ ਪ੍ਰਭਾਵਤ ਲੋਕਾਂ ਨੂੰ ਸਮੇਂ ਸਿਰ ਮਦਦ ਪਹੁੰਚਾਉਣ: ਮਜੀਠੀਆ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਜੁਲਾਈ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਲਗਾਤਾਰ ਬਰਸਾਤਾਂ ਤੇ ਹੜ੍ਹਾਂ ਦੇ ਪਾਣੀ ਕਾਰਨ ਜਿਹੜੇ ਹਜ਼ਾਰਾਂ ਲੋਕਾਂ ਦੇ ਘਰ ਤਬਾਹ ਹੋਏਹਨ, ਉਹਨਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਵੇ ਅਤੇ ਹਜ਼ਾਰਾਂ ਏਕੜ ਵਿਚ ਜਿਹੜੇ ਕਿਸਾਨਾਂ ਦੀ ਝੋਨੇ ਦੀ ਫਸਲ ਤਬਾਹ ਹੋਈ ਹੈ, ਉਹਨਾਂ ਨੂੰ ਵੀ ਰਾਹਤ ਪ੍ਰਦਾਨ ਕੀਤੀ ਜਾਵੇ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਜਸ਼ਨ ਮਨਾਉਣ ਵਿਚ ਅਤੇ ਗੁਆਂਢੀ ਰਾਜ ਹਰਿਆਣਾ ਵਿਚ ਚੋਣਾਂ ਦੀਆਂ ਤਿਆਰੀਆਂ ਦੇ ਦੌਰਿਆਂ ਵਿਚ ਰੁੱਝੇ ਹਨ ਤੇ ਹੜ੍ਹਾਂ ਨਾਲ ਨਜਿੱਠਣ ਵਾਸਤੇ ਸਮੀਖਿਆ ਮੀਟਿੰਗਾਂ ਤੇ ਅਗਾਉਂ ਤਿਆਰੀਆਂ ਕਰਨ ਵਿਚ ਨਾਕਾਮ ਸਾਬਤ ਹੋਏ ਹਨ।ਉਹਨਾਂ ਕਿਹਾ ਕਿ ਮੌਜੂਦਾ ਦੌਰ ਵਿਚ ਚਲ ਰਹੀ ਭਾਰੀ ਬਰਸਾਤ ਨੂੰ ਲੈ ਕੇ ਅਗਾਊਂ ਚੇਤਾਵਨੀਆਂ ਦਿੱਤੀਆਂ ਗਈਆਂ ਸਨ ਪਰ ਮੁੱਖ ਮੰਤਰੀ ਨੇ ਉਹਨਾਂ ’ਤੇ ਗੌਰ ਕਰਨ ਦੀ ਲੋੜ ਨਹੀਂ ਸਮਝਦੀ ਤੇ ਉਹ ਜਸ਼ਨ ਮਨਾਉਣ ਵਿਚ ਅਤੇ ਅਰਵਿੰਦ ਕੇਜਰੀਵਾਲ ਦੇ ਸਿਆਸੀ ਹਿੱਤਾਂ ਦੀ ਪੂਰਤੀ ਵਿਚ ਰੁੱਝੇ ਰਹੇ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਜਦੋਂ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਿਆ ਤਾਂ ਆਮ ਆਦਮੀ ਪਾਰਟੀ ਸਰਕਾਰ ਸੁੱਤੀ ਪਈ ਫੜੀ ਗਈ। ਉਹਨਾਂ ਕਿਹਾ ਕਿ ਜੇਕਰ ਅੱਜ ਲੋਕ ਮੁਸੀਬਤਾਂ ਝੱਲ ਰਹੇ ਹਨ ਤਾਂ ਇਸਦਾ ਕਾਰਨ ਸਰਕਾਰ ਦੀ ਤਿਆਰੀ ਦੀ ਘਾਟ ਹੈ ਕਿਉਂਕਿ ਸਰਕਾਰ ਤਾਂ ਜ਼ਮੀਨੀ ਪੱਧਰ ’ਤੇ ਕੋਈ ਵੀ ਰਾਹਤ ਦੇਣ ਵਿਚ ਨਾਕਾਮ ਰਹਿਣ ਦੇ ਬਾਵਜੂਦ ਰਾਹਤਾਂ ਦੇਣ ਦੀ ਇਸ਼ਤਿਹਾਰਬਾਜ਼ੀ ਵਿਚ ਰੁੱਝੀ ਹੈ।ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਵਿਚ ਹਾਊਸਿੰਗ ਕਲੌਨੀਆਂ ਤੇ ਸ਼ਹਿਰੀ ਸਮੂਹਾਂ ਵਿਚ ਵੱਡੇ ਨੁਕਸਾਨ ਹੋਏ ਹਨ ਕਿਉਂਕਿ ਸਰਕਾਰ ਪਾਣੀ ਦੀਆਂ ਨਿਕਾਸੀ ਸਹੂਲਤਾਂ ਦਾ ਸਹੀ ਪ੍ਰਬੰਧ ਨਹੀਂ ਕਰ ਸਕੀ ਜਿਸ ਕਾਰਨ ਸ਼ਹਿਰੀ ਖੇਤਰਾਂ ਵਿਚੋਂ ਪਾਣੀ ਦੀ ਨਿਕਾਸੀ ਦਾ ਸਹੀ ਸਬੱਬ ਨਹੀਂ ਬਣਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਪਿੰਡਾਂ ਵਿਚ ਡਰੇਨਾਂ ਦੀ ਸਫਾਈ ਵਾਸਤੇ ਸਮੇਂ ਸਿਰ ਕੋਈ ਕਦਮ ਨਹੀਂ ਚੁੱਕੇ ਗਏ ਜਿਸ ਕਾਰਨ ਲੋਕਾਂ ਦੀਆਂ ਮੁਸੀਬਤਾਂ ਹੁਣ ਬਹੁਤ ਵੱਧ ਗਈਆਂ ਹਨ।ਸ: ਮਜੀਠੀਆ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਉਹਨਾਂ ਨੂੰ ਪੰਜਾਬੀਆਂ ਨੇ ਚੁਣਿਆ ਹੈ ਤੇ ਉਹਨਾਂ ਦੀ ਜ਼ਿੰਮੇਵਾਰੀ ਪੰਜਾਬੀਆਂ ਦੀ ਸੇਵਾ ਕਰਨ ਦੀ ਹੈ ਨਾ ਕਿ ਦਿੱਲੀ ਵਿਚਲੇ ਆਪਣੇ ਸਿਆਸੀ ਆਕਾਵਾਂ ਦੀ ਸੇਵਾ ਕਰਨ ਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਲੋਕਾਂ ਨੂੰ ਫੌਰੀ ਤੇ ਸਮੇਂ ਸਿਰ ਰਾਹਤ ਪ੍ਰਦਾਨ ਕਰਨ ਵਾਸਤੇ ਆਪਣੇ ਚੋਣ ਦੌਰੇ ਘਟਾਉਣੇ ਪੈਣਗੇ। ਉਹਨਾਂ ਮੰਗ ਕੀਤੀ ਕਿ ਬਰਸਾਤਾਂ ਕਾਰਨ ਜਿਹਨਾਂ ਦੇ ਘਰ ਢਹਿ ਗਏਹਨ, ਸਰਕਾਰ ਉਹਨਾਂ ਨੂੰ 5-5 ਲੱਖ ਰੁਪਏ ਅਤੇ ਕਿਸਾਨ ਜਿਹਨਾਂ ਦੀ ਸਾਰੀ ਫਸਲ ਤਬਾਹ ਹੋ ਗਈ ਹੈ ਨੂੰ 25-25 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਅਗਾਊਂ ਮੁਆਵਜ਼ਾ ਦੇਵੇ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਫਸਲਾਂ ਦੀ ਤਬਾਹੀ ਦਾ ਹਿਸਾਬ ਲਾਉਣ ਵਾਸਤੇ ਸਮੇਂ ਸਿਰ ਗਿਰਦਾਵਰੀ ਵੀ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਸਭ ਤੁਰੰਤ ਕੀਤਾ ਜਾਵੇ ਤੇ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਬੀਤੇ ਸਮੇਂ ਵਾਂਗ ਸੰਕਟ ਨਾਲ ਨਜਿੱਠਣ ਵਾਸਤੇ ਮੁਆਵਜ਼ੇ ਦੇ ਐਲਾਨ ਤੱਕ ਹੀ ਸੀਮਤ ਨਾ ਰਹਿ ਜਾਵੇ। ਉਹਨਾਂ ਕਿਹਾ ਕਿ ਆਪ ਸਰਕਾਰ ਬਹੁਤ ਸ਼ਰਾਰਤੀ ਹੈ ਜੋ ਫਸਲਾਂ ਦੇ ਮੁਆਵਜ਼ੇ ਦਾ ਐਲਾਨ ਕਰ ਕੇ ਉਸਦੀ ਇਸ਼ਤਿਹਾਰਬਾਜ਼ੀ ਕਰਨ ਲੱਗ ਜਾਂਦੀ ਹੈ ਤੇ ਫਿਰ ਮੁਆਵਜ਼ਾ ਦੇਣਾ ਭੁੱਲ ਜਾਂਦੀ ਹੈ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਘਰਾਂ ਦੇ ਮਾਲਕਾਂ, ਕਿਸਾਨਾਂ ਤੇ ਗਰੀਬਾਂ ਸਮੇਤ ਜਿਹੜੇ ਵੀ ਲੋਕ ਭਾਰੀ ਬਰਸਾਤਾਂ ਤੇ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਹਨ, ਉਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।

ਵੇਰਕਾ ਮਿਲਕ ਪਲਾਂਟ ਆਊਟਸੋਰਸ ਯੂਨੀਅਨ ਪੰਜਾਬ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਖੁਡੀਆ ਦੇ ਨਾਂ ਸੌਪਿਆ ਮੰਗ ਪੱਤਰ

0

ਪੰਜਾਬੀ ਖ਼ਬਰਸਾਰ ਬਿਉਰੋ
ਸ਼੍ਰੀ ਮੁਕਤਸਰ ਸਾਹਿਬ, 10 ਜੁਲਾਈ: ਵੇਰਕਾ ਮਿਲਕ ਤੇ ਕੈਟਲ ਫੀਡ ਪਲਾਂਟ ਆਊਟਸੋਰਸ ਯੂਨੀਅਨ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆ ਦੇ ਓ ਐਸ ਡੀ ਗੁਰਬਾਜ਼ ਸਿੰਘ ਨੂੰ ਆਪਣੀਆਂ ਮੰਗਾਂ ਨੂੰ ਲੈਕੇ ਇਕ ਮੰਗ ਪੱਤਰ ਸੌਪਿਆ ਹੈ। ਸੂਬਾ ਪ੍ਰਧਾਨ ਪਵਨਦੀਪ ਸਿੰਘ ਤੇ ਪ੍ਰਧਾਨ ਜਸਵੀਰ ਸਿੰਘ ਨੇ ਠੇਕਾ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਬਾਰੇ ਜਾਣੂ ਕਰਵਾਇਆ। ਉਹਨਾਂ ਮੰਗ ਕੀਤੀ ਕਿ ਪਿਛਲੇ ਦਸ ਪੰਦਰਾਂ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਠੇਕਾ ਮੁਲਜ਼ਮ ਡਿਊਟੀ ਕਰਦੇ ਆ ਰਹੇ ਹਨ। ਉਹਨਾਂ ਦੱਸਿਆ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਬਣਨ ਸਾਰ ਪੱਕਾ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਿਆ ਕਰੇ ਤੇ ਠੇਕੇਦਾਰੀ ਸਿਸਟਮ ਨੂੰ ਖਤਮ ਕਰ ਦੇਵੇ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆ ਨਾਲ ਗੱਲਬਾਤ ਕਰਕੇ ਭਰੋਸਾ ਦਿੱਤਾ ਕਿ ਤੁਹਾਡੀ ਜਲਦ ਹੀ ਸਬ ਕਮੇਟੀ ਨਾਲ ਮੁਲਾਕਾਤ ਕਰਾ ਕੇ ਤੁਹਾਡੀਆਂ ਮੰਗਾ ਦਾ ਤੁਰੰਤ ਹੱਲ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਪਲਾਂਟ ਪ੍ਰਧਾਨ ਜਸਵੀਰ ਸਿੰਘ, ਜਗਜੋਤ ਸਿੰਘ, ਬਲਵੀਰ ਸਿੰਘ ( ਰਾਜਾ),ਕੁਲਵਿੰਦਰ ਸਿੰਘ, ਅਮਨਦੀਪ ਸਿੰਘ , ਮੱਖਣ ਸਿੰਘ,ਗੁਰਦੀਪ ਸਿੰਘ ਆਦਿ ਹਾਜ਼ਰ ਸਨ।

ਸਮਰ ਕੈਂਪ ਸਿੱਖਿਆ ਸੁਧਾਰ ਦਾ ਅਹਿਮ ਪਹਿਲੂ-ਸ਼ਿਵਪਾਲ ਗੋਇਲ

0

ਸਮਰ ਕੈਂਪ ਗਤੀਵਿਧੀਆਂ ਵਿਦਿਆਰਥੀਆਂ ਨੂੰ ਨੈਤਿਕਤਾ ਨਾਲ ਜੋੜਨਗੀਆਂ: ਇਕਬਾਲ ਸਿੰਘ ਬੁੱਟਰ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 10 ਜੁਲਾਈ: ਸਮਰ ਕੈਂਪ ਸਿੱਖਿਆ ਸੁਧਾਰ ਵਿਚ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਅਹਿਮ ਅੰਗ ਹਨ,ਸਮਰ ਕੈਂਪਾਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਨੈਤਿਕਤਾ ਨਾਲ ਜੋੜਨਗੀਆਂ।ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਇਕਬਾਲ ਸਿੰਘ ਬੁੱਟਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਸਰਕਾਰ ਤਰਜੀਹੀ ਆਧਾਰ ’ਤੇ ਕੰਮ ਕਰ ਰਹੀ ਹੈ।ਇਸ ਤਹਿਤ ਸਿੱਖਿਆ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾਂ ਕਰਦਿਆਂ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਮਾਜਿਕ ਗਤੀਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਰ ਕੈਂਪ ਵਿਦਿਆਰਥੀਆਂ ਨੂੰ ਇਕ ਚੰਗਾ ਤੇ ਗੁਣਵਾਨ ਮਨੁੱਖ ਬਣਾ ਕੇ ਸਮਾਜ ਵਿਚ ਵਿਚਰਨਯੋਗ ਬਣਾਉਣਾ ਹੈ। ਸਮਾਜ ਵਿਚ ਵਿਚਰਦਾ ਇਕ ਗੁਣਵਾਨ ਇਨਸਾਨ ਆਪਣੇ ਹੁਨਰ ਤੇ ਯੋਗਤਾ ਰਾਹੀਂ ਆਪਣੇ ਪਿੰਡ,ਸ਼ਹਿਰ,ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ।ਇਹ ਤਦ ਹੀ ਸੰਭਵ ਹੈ ਜਦ ਵਿਦਿਆਰਥੀ ਦੀ ਸਿੱਖੀਆ ਦੀ ਨੀਂਹ ਮਜਬੂਤ ਹੋਵੇਗੀ।ਇਸਲਈ ਪੜ੍ਹਾਈ ਦੇ ਨਾਲ ਨਾਲ ਸਮਾਜ ਵਿਚ ਕੰਮ ਆਉਣ ਵਾਲੀਆਂ ਅਹਿਮ ਗਤੀਵਿਧੀਆਂ ਨਾਲ ਵਿਦਿਆਰਥੀ ਦਾ ਜੁੜਨਾ ਲਾਜ਼ਮੀ ਹੁੰਦਾ ਹੈ।

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਹੋਈ ਸੂਬਾ ਮੀਟਿੰਗ, ਮੰਤਰੀਆਂ ਦੇ ਘਰਾਂ ਦੇ ਘਿਰਾਓ ’ਚ ਸ਼ਮੂਲੀਅਤ ਦਾ ਫੈਸਲਾ

0

ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 10 ਜੁਲਾਈ : ਪੰਜਾਬ ਅੰਦਰ ਕੰਮ ਕਰਦੇ ਮਾਣ-ਭੱਤਾ ਵਰਕਰਾਂ, ਪੈਨਸ਼ਨਰਾਂ, ਕੱਚੇ ਮੁਲਾਜ਼ਮਾਂ ਅਤੇ ਰੈਗੂਲਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸੰਬੰਧੀ ’ਆਪ’ ਸਰਕਾਰ ਵੱਲੋਂ ਕੀਤੀ ਜਾ ਰਹੀ ਟਾਲਮਟੋਲ ਦੇ ਖਿਲਾਫ਼ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਬੀਬੀ ਅਮਰ ਕੌਰ ਯਾਦਗਾਰੀ ਲਾਇਬਰੇਰੀ ਲੁਧਿਆਣਾ ਵਿਖੇ ਕੀਤੀ ਗਈ ਸੂਬਾਈ ਮੀਟਿੰਗ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਂਝੇ ਫਰੰਟ ਦੇ ਕਨਵੀਨਰ ਸਾਥੀ ਠਾਕੁਰ ਸਿੰਘ ਅਤੇ ਪ੍ਰੇਮ ਸਾਗਰ ਸ਼ਰਮਾਂ ਨੂੰ ਸ਼ਰਧਾਂਜਲੀ ਭੇਂਟ ਕੀਤੀਆਂ ਗਈਆਂ। ਮੀਟਿੰਗ ਵਿੱਚ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਰਨਲ ਸਕੱਤਰ ਹਰਦੀਪ ਟੋਡਰਪੁਰ, ਵਿੱਤ ਸਕੱਤਰ ਹਰਿੰਦਰ ਦੁਸਾਂਝ ਅਤੇ ਵਿਕਰਮਦੇਵ ਸਿੰਘ ਨੇ 1 ਜੁਲਾਈ ਨੂੰ ਸੰਗਰੂਰ ਵਿਖੇ ਕੱਚੇ ਅਧਿਆਪਕਾਂ ’ਤੇ ਕੀਤੇ ਗਏ ਪੁਲੀਸ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦਾ ਵਤੀਰਾ ਬਿਲਕੁਲ ਵੀ ਗੰਭੀਰ ਨਹੀਂ ਹੈ। ਉਹਨਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਂਝੇ ਫਰੰਟ ਨੂੰ ਤਿੰਨ ਵਾਰ ਮੀਟਿੰਗ ਦਾ ਸਮਾਂ ਦੇਕੇ ਵੀ ਮੀਟਿੰਗ ਨਹੀਂ ਕੀਤੀ ਗਈ ਅਤੇ ਵਿੱਤ ਮੰਤਰੀ ਨਾਲ ਹੋਈਆਂ ਤਿੰਨ ਮੀਟਿੰਗਾਂ ਵੀ ਲਾਰੇ ਸਾਬਤ ਹੋਈਆਂ।ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਮਾਣਭੱਤਾ ਵਰਕਰਾਂ ਦੀਆਂ ਉਜਰਤਾਂ ਵਿੱਚ ਤੁਰੰਤ ਵਾਧਾ ਕੀਤਾ ਜਾਵੇਗਾ, ਪਹਿਲੀ ਕੈਬਨਿਟ ਮੀਟਿੰਗ ਵਿੱਚ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਛੇਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਬਣਾਇਆ ਜਾਵੇਗਾ, ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ 2.59 ਦੇ ਗੁਣਾਂਕ ਨਾਲ ਕੀਤੀ ਜਾਵੇਗੀ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ, ਪਰਖ ਕਾਲ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇਗਾ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਵੀ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣਗੇ, ਪੇਂਡੂ ਭੱਤਾ, ਸਫਰੀ ਭੱਤਾ, ਤੇਲ ਭੱਤਾ ਅਤੇ ਬਾਰਡਰ ਏਰੀਆ ਭੱਤੇ ਸਮੇਤ ਕੱਟੇ ਗਏ 37 ਕਿਸਮਾਂ ਦੇ ਭੱਤੇ ਅਤੇ ਏ.ਸੀ.ਪੀ. ਆਦਿ ਬਹਾਲ ਕੀਤੇ ਜਾਣਗੇ। ਪ੍ਰੰਤੂ ਇਹਨਾ ਦਾ ਹੱਲ ਕਰਨ ਦੀ ਬਜਾਏ ਪੈਨਸ਼ਨਰਾਂ ’ਤੇ ਵੀ 200 ਰੁਪਏ ਪ੍ਰਤੀ ਮਹੀਨਾ ਜਬਰੀ ਵਿਕਾਸ ਟੈਕਸ ਥੋਪ ਦਿੱਤਾ ਹੈ। ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ ਮੁਲਾਜ਼ਮਾਂ ਅਤੇ ਮਾਣਭੱਤਾ ਵਰਕਰਾਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਅਤੇ ਗੁੱਸਾ ਹੈ। ਉਹਨਾ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 01-01-2016 ਤੋਂ ਪੈਨਸ਼ਨਰਾਂ ਲਈ 113% ਡੀ.ਏ. ਦੀ ਬਜਾਏ 119% ਡੀ.ਏ. ਦੇ ਅਧਾਰ ’ਤੇ ਪੈਨਸ਼ਨ ਦੁਹਰਾਈ ਕਰਨ ਦੇ ਫੈਸਲੇ ਨੂੰ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਤੇ ਤੁਰੰਤ ਲਾਗੂ ਕਰਨਾ ਬਣਦਾ ਹੈ ਜਦਕਿ ਸਾਂਝੇ ਫਰੰਟ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਲਈ 01-01-2016 ਨੂੰ 125% ਡੀ.ਏ. ਅਨੁਸਾਰ ਗੁਣਾਂਕ ਤਹਿ ਕਰਨ ਦੀ ਮੰਗ ਕੀਤੀ ਗਈ ਹੈ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਕੈਬਨਿਟ ਸਬ ਕਮੇਟੀ ਵੱਲੋਂ 18 ਜੁਲਾਈ ਨੂੰ ਸਾਂਝੇ ਫਰੰਟ ਨਾਲ ਕੀਤੀ ਜਾ ਰਹੀ ਮੀਟਿੰਗ ਦੇ ਕੋਈ ਸਾਰਥਕ ਸਿੱਟੇ ਨਾ ਨਿਕਲੇ ਤਾਂ ਪੰਜ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਸਾਂਝੇ ਫਰੰਟ ਵੱਲੋਂ ਕੀਤੇ ਜਾ ਰਹੇ ਘਿਰਾਓ ਵਿੱਚ ਡੀ.ਐਮ.ਐਫ. ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਜਿਸ ਤਹਿਤ 23 ਜੁਲਾਈ ਨੂੰ ਸੰਗਰੂਰ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੇ ਘਰ ਦਾ ਘਿਰਾਓ, 30 ਜੁਲਾਈ ਨੂੰ ਪੱਟੀ ਵਿਖੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਘਰ ਦਾ ਘਿਰਾਓ, 6 ਅਗਸਤ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਘਰ ਦਾ ਘਿਰਾਓ, 13 ਅਗਸਤ ਨੂੰ ਕਰਤਾਰਪੁਰ ਵਿਖੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਘਰ ਦਾ ਘਿਰਾਓ ਅਤੇ 20 ਅਗਸਤ ਨੂੰ ਸੰਗਰੂਰ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।ਮੀਟਿੰਗ ਵਿਚ ਸਿਕੰਦਰ ਸਿੰਘ ਧਾਲੀਵਾਲ,ਜਗਪਾਲ ਸਿੰਘ ਬੰਗੀ ਬਠਿੰਡਾ, ਪ੍ਰਮੋਦ ਗਿੱਲ ਹੁਸਿਆਰਪੁਰ,ਗੁਰਿੰਦਰਜੀਤ ਸਿੰਘ ਕਪੂਰਥਲਾ,ਸੁਖਵਿੰਦਰ ਲੀਲ੍ਹ,ਰਮਨਜੀਤ ਸੰਧੂ ਲੁਧਿਆਣਾ, ਜਸਵੀਰ ਸਿੰਘ ਅਕਾਲਗੜ੍ਹ ,ਗੁਰਪ੍ਰੀਤ ਸਿੰਘ ਮੋਗਾ,ਜਸਵਿੰਦਰ ਸਿੰਘ ,ਲਖਵਿੰਦਰ ਕੌਰ ਫਰੀਦਕੋਟ,ਮਮਤਾ ਸ਼ਰਮਾ ਅੰਮ੍ਰਿਤਸਰ, ਕਮਲਜੀਤ ਕੌਰ ਪੱਤੀ ਬਰਨਾਲਾ,ਮਨਦੀਪ ਕੌਰ ਬਿਲਗਾ,ਗੁਰਜੀਤ ਕੌਰ ਅਤੇ ਪ੍ਰਵੀਨ ਕੁਮਾਰੀ ਆਦਿ ਵੀ ਹਾਜਰ ਸਨ।

ਡੇਂਗੂ ਵਿਰੋਧੀ ਗਤੀਵਿਧੀਆਂ ਤੇ ਜਾਗਰੂਕਤਾ ਵਿੱਚ ਲਿਆਂਦੀ ਜਾਵੇ ਹੋਰ ਤੇਜ਼ੀ : ਸ਼ੌਕਤ ਅਹਿਮਦ ਪਰੇ

0

ਡੇਂਗੂ ਦੇ ਲੱਛਣ ਪਾਏ ਜਾਣ ਤੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਕੀਤਾ ਜਾਵੇ ਸੰਪਰਕ
ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਅੱਜ ਇੱਥੇ ਡੇਂਗੂ, ਯੂ-ਵਿਨ ਪੋਰਟਲ ਅਤੇ ਮਿਸ਼ਨ ਇੰਦਰਧਨੁਸ਼ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤੀ ਗਈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਇਨ੍ਹਾਂ ਵਿਸ਼ੇਸ਼ ਮੁਹਿੰਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਂਦਿਆਂ ਆਪਣੇ ਬੱਚਿਆਂ ਅਤੇ ਗਰਭਵਤੀ ਮਾਵਾਂ ਦੇ 100 ਪ੍ਰਤੀਸ਼ਤ ਟੀਕਾਕਰਣ ਜ਼ਰੂਰ ਕਰਵਾਉਣ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਬਰਸਾਤਾਂ ਦੇ ਮੌਸਮ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਨੂੰ ਦੇਖਦਿਆਂ ਵੱਖ-ਵੱਖ ਅਧਿਕਾਰੀਆਂ ਨੂੰ ਕਿਹਾ ਕਿ ਡੇਂਗੂ ਨੂੰ ਕੰਟਰੋਲ ਕਰਨ ਲਈ ਸਮੂਹ ਵਿਭਾਗ ਸਿਹਤ ਵਿਭਾਗ ਦਾ ਵੱਧ ਤੋਂ ਵੱਧ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਅਧਿਕਾਰੀ/ਕਰਮਚਾਰੀ ਆਪਣੇ ਦਫ਼ਤਰ, ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ ਯਕੀਨੀ ਬਣਾਉਣ ਅਤੇ ਜੇਕਰ ਕਿਤੇ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ ਤਾਂ ਸਿਹਤ ਵਿਭਾਗ ਨਾਲ ਸੰਪਰਕ ਕਰਦਿਆਂ ਇਸ ਨੂੰ ਨਸ਼ਟ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਬੁਖਾਰ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ । ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਹਰ ਹਫ਼ਤੇ ਇੱਕ ਦਿਨ ਡਰਾਈ ਡੇਅ ਵਜੋਂ ਮਨਾਇਆ ਜਾਵੇ। ਘਰਾਂ, ਦੁਕਾਨਾਂ ਜਾਂ ਦਫ਼ਤਰ ਆਦਿ ਵਿੱਚ ਮੌਜੂਦ ਕੂਲਰਾਂ, ਫਰਿਜ਼ ਦੀ ਟਰੇਅ, ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ, ਛੱਤਾਂ ਤੇ ਪਾਣੀ ਦੀ ਟੈਂਕੀਆਂ, ਪਸ਼ੂਆਂ ਦੇ ਪੀਣ ਵਾਲੇ ਪਾਣੀ ਵਾਲੀਆਂ ਟੈਂਕੀਆਂ, ਕਬਾੜ, ਟੁੱਟੇ ਘੜੇ ਆਦਿ ਦੀ ਸਫ਼ਾਈ ਕੀਤੀ ਜਾਵੇ ਅਤੇ ਘਰ ਵਿੱਚ ਵਾਧੂ ਪਏ ਕਬਾੜ ਦਾ ਸਮਾਨ ਨਾ ਰੱਖਿਆ ਜਾਵੇ।ਇਸ ਮੌਕੇ ਡਾ. ਮੀਨਾਕਸ਼ੀ ਸਿੰਗਲਾ ਅਤੇ ਡਾ. ਮੇਘਾ ਪ੍ਰਕਾਸ਼ ਨੇ ਯੂ-ਵਿਨ ਐਪ ਅਤੇ ਮਿਸ਼ਨ ਇੰਦਰ ਧਨੁਸ਼ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪ ਦੀ ਮੱਦਦ ਨਾਲ ਹੁਣ ਤੋਂ ਬੱਚਿਆਂ ਦੇ ਟੀਕਾਕਰਣ ਦਾ ਸਾਰਾ ਡਾਟਾ ਅੱਪਲੋਡ ਕੀਤਾ ਜਾਵੇਗਾ। ਜਿਸ ਨਾਲ ਹਰੇਕ ਬੱਚੇ ਦੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗ?ਹਾ ਤੇ ਇੰਟਰਨੈਟ ਦੀ ਮੱਦਦ ਨਾਲ ਹਾਸਿਲ ਕੀਤਾ ਜਾ ਸਕੇਗਾ ਅਤੇ ਟੀਕਾਕਰਣ ਵਿੱਚ ਆਸਾਨੀ ਹੋ ਸਕੇਗੀ। ਇਸ ਦੀ ਮੱਦਦ ਨਾਲ ਹੁਣ ਵੈਕਸੀਨੇਸ਼ਨ ਸਰਟੀਫਿਕੇਟ ਵੀ ਪ੍ਰਿੰਟ ਕੀਤੇ ਜਾ ਸਕਣਗੇ।ਉਨ੍ਹਾਂ ਦੱਸਿਆ ਕਿ ਮਿਸ਼ਨ ਇੰਦਰ ਧਨੁਸ਼ ਦਾ ਮਕਸਦ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ 100 ਪ੍ਰਤੀਸ਼ਤ ਟੀਕਾਕਰਣ ਯਕੀਨੀ ਬਨਾਉਣਾ ਹੈ, ਤਾਂ ਕਿ ਬੱਚਿਆਂ ਅਤੇ ਮਾਤਾਵਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਮਿਸ਼ਨ 3 ਪਾੜਾਵਾਂ ਵਿੱਚ ਚਲਾਇਆ ਜਾ ਰਿਹਾ ਹੈ। ਪਹਿਲਾਂ ਪੜ੍ਹਾਅ 12 ਅਗਸਤ ਤੋਂ, ਦੂਜਾ ਪੜਾਅ 11 ਸਤੰਬਰ ਤੋਂ ਅਤੇ ਤੀਜਾ ਪੜਾਅ 9 ਅਕਤੂਬਰ ਤੋਂ ਸ਼ੁਰੂ ਹੋ ਕੇ ਲਗਾਤਾਰ 6 ਦਿਨ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਅਧੀਨ ਝੁੱਗੀ ਝੌਂਪੜੀਆਂ, ਇੱਟਾ ਦੇ ਭੱਠੇ, ਗੁੱਜਰਾਂ ਦੇ ਡੇਰੇ, ਸ਼ੈਲਰ, ਉਸਾਰੀ ਅਧੀਨ ਬਿਲਡਿੰਗਾਂ, ਪ੍ਰਵਾਸੀ ਲੋਕਾਂ ਦੇ ਬੱਚੇ ਅਤੇ ਗਰਭਵਤੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਲਵਜੀਤ ਕਲਸੀ, ਜਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਜਿਲ੍ਹਾ ਟੀਕਾਕਰਣ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਸ਼ਿਵਪਾਲ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ:) ਮੈਡਮ ਭੁਪਿੰਦਰ ਕੌਰ, ਡਾ. ਰੂਪਾਲੀ, ਡਾ. ਮਯੰਕਜੋਤ ਸਿੰਘ, ਜ਼ਿਲ੍ਹੇ ਦੇ ਸਮੂਹ ਪ੍ਰੋਗ੍ਰਾਮ ਅਫ਼ਸਰ, ਸੀਨੀਅਰ ਮੈਡੀਕਲ ਅਫ਼ਸਰ, ਪੈਰਾਮੈਡੀਕਲ ਸਟਾਫ਼ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

ਬਠਿੰਡਾ ’ਚ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਹੱਥਾਂ ’ਚ ਕਾਲੇ ਗੁਬਾਰੇ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ: ਅਪਣੀਆਂ ਮੰਗਾਂ ਨੂੰ ਲੈਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ ਆਂਗਣਵਾੜੀ ਮੁਲਾਜਮਾਂ ਵਲੋਂ ਅੱਜ ਆਲ ਇੰਡੀਆ ਫੈਡਰੇਸ਼ਨ ਦੇ ਸੱਦੇ ਉਪਰ ਹੱਥਾਂ ’ਚ ਕਾਲੇ ਗੁਬਾਰੇ ਫ਼ੜ ਕੇ ਕੇਂਦਰ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜਥੇਬੰਦੀ ਦੀ ਆਗੂ ਪ੍ਰਕਾਸ਼ ਕੌਰ ਸੋਹੀ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਡਿਪਟੀ ਕਮਿਸ਼ਨਰ ਦੇ ਰਾਹੀਂ ਕੇਂਦਰ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਗਿਆ। ਇਸ ਦੌਰਾਨ ਆਂਗਣਵਾੜੀ ਮੁਲਾਜਮਾਂ ਨੇ ਦੋਸ ਲਗਾਇਆ ਕਿ 47 ਸਾਲ ਪਹਿਲਾਂ ਕਂੇਦਰ ਸਰਕਾਰ ਵਲੋਂ ਸੁਰੂ ਕੀਤੀ ਆਈਸੀਡੀਐਸ ਸਕੀਮ ਤਹਿਤ ਲੱਖਾਂ ਮੁਲਾਜਮਾਂ ਵਲੋਂ ਤਨਦੇਹੀ ਨਾਲ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਵਿਭਾਗ ਵਿਚ ਤਬਦੀਲ ਨਹੀਂ ਕੀਤਾ ਗਿਆ। ਇਸਦੇ ਨਾਲ ਹੀ ਸੁਪਰੀਮ ਕੋਰਟ ਵਲੋਂ 25 ਅਪ੍ਰਰੈਲ 2022 ਨੂੰ ਦਿੱਤੇ ਫੈਸਲੇ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ, ਜਿਸ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੁਸਕਲਾਂ ਦੇ ਹੱਲ ਲਈ ਨਿਰਦੇਸ ਦਿੱਤੇ ਗਏ ਹਨ। ਇਸ ਮੌਕੇ ਆਗੂਆਂ ਨੇ ਘੱਟੋ-ਘੱਟ ਉਜਰਤ ਦੇਣ ਤੋਂ ਇਲਾਵਾ ਈਐਸਆਈ ਤੇ ਹੋਰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ। ਇਸ ਮੌਕੇ ਐਲਾਨ ਕੀਤਾ ਕਿ ਜੇਕਰ 5 ਅਗਸਤ ਤੱਕ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਵਿਢਿਆ ਜਾਵੇਗਾ।

ਚਾਰ ਫ਼ੌਜੀ ਸਾਥੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਫ਼ੌਜੀ ਦਾ ਦਿੱਲੀ ’ਚ ਹੋਇਆ ‘ਪੋਲੀਗ੍ਰਾਫ਼’ ਟੈਸਟ

0

ਮਾਮਲਾ ਫ਼ੌਜ ਨਾਲ ਜੁੜਿਆ ਹੋਣ ਕਰਕੇ ਪ੍ਰਸ਼ਾਸਨ ਨੇ ਕਰਵਾਇਆ ਹੈ ਇਹ ਟੈਸਟ
ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ : ਲੰਘੀ 12 ਅਪ੍ਰੈਲ ਦੀ ਤੜਕਸਾਰ ਭਾਰਤ ਦੀ ਸਭ ਤੋਂ ਵੱਡੀ ਬਠਿੰਡਾ ਫ਼ੌਜੀ ਛਾਉਣੀ ’ਚ ਚਾਰ ਫੌਜੀ ਸਾਥੀਆਂ ਦਾ ਕਤਲ ਕਰਨ ਵਾਲੇ ਕਥਿਤ ਦੋਸੀ ਫ਼ੌਜੀ ਦੇਸਾਈ ਮੋਹਨ ਦਾ ਅੱਜ ਦਿੱਲੀ ’ਚ ‘ਪੋਲੀਗ੍ਰਾਫ਼’ ਟੈਸਟ ਕਰਵਾਇਆ ਗਿਆ। ਨਿਆਂਇਕ ਹਿਰਾਸਤ ਅਧੀਨ ਬਠਿੰਡਾ ਜੇਲ੍ਹ ’ਚ ਬੰਦ ਫ਼ੌਜੀ ਦੇਸਾਈ ਨੂੰ ਦਿੱਲੀ ਲਿਜਾਣ ਲਈ ਬਠਿੰਡਾ ਪੁਲਿਸ ਵਲੋਂ ਅਦਾਲਤ ’ਚ ਉਸਦਾ ਟ੍ਰਾਂਜਿਟ ਰਿਮਾਂਡ ਲਿਆ ਗਿਆ ਸੀ, ਜਿਸਤੋਂ ਬਾਅਦ ਅੱਜ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੁਰੱਖਿਆ ਪ੍ਰਬੰਧਾਂ ਹੇਠ ਉਸਨੂੰ ਦਿੱਲੀ ਫ਼ਰਾਂਸਿਕ ਸਾਇੰਸ ਲੈਬਾਰਟੀ ਵਿਚ ਲਿਜਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਕਰੀਬ ਪੰਜ ਘੰਟੇ ਚੱਲੇ ਇਸ ਟੈਸਟ ਵਿਚ ਅਧਿਕਾਰੀਆਂ ਵਲੋਂ ਦੇਸਾਈ ਮੋਹਨ ਕੋਲੋ ਇੰਨ੍ਹਾਂ ਕਤਲਾਂ ਦੇ ਪਿੱਛੇ ਮੰਤਵਾਂ ਨੂੰ ਜਾਣਨ ਦੀ ਕੋਸਿਸ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਬੇਸ਼ੱਕ ਗ੍ਰਿਫਤਾਰੀ ਤੋਂ ਬਾਅਦ ਮੁਜਰਮ ਨੇ ਅਪਣੇ ਗੁਨਾਹ ਨੂੰ ਕਬੂਲ ਕਰ ਲਿਆ ਸੀ ਤੇ ਨਾਲ ਹੀ ਕਤਲ ਲਈ ਵਰਤੀ ਗਈ ਰਾਈਫ਼ਲ ਤੇ ਕਾਰਤੂਸ ਵੀ ਬਰਾਮਦ ਕਰਵਾ ਦਿੱਤੇ ਸਨ ਪ੍ਰੰਤੂ ਮਾਮਲਾ ਦੇਸ ਦੀ ਰੱਖਿਆ ਨਾਲ ਜੁੜਿਆ ਹੋਣ ਕਾਰਨ ਇਹ ਟੈਸਟ ਕਰਵਾਇਆ ਗਿਆ ਹੈ। ਅਚੰਭੇ ਵਾਲੀ ਗੱਲ ਇਹ ਵੀ ਹੈ ਕਿ ਇਸ ਘਟਨਾ ਦੇ ਦੂਜੇ ਦਿਨ ਹੀ ਵੱਖਵਾਦੀ ਗਰੁੱਪਾਂ ਨੇ ਇਸਦੀ ਜਿੰਮੇਵਾਰੀ ਲੈ ਲਈ ਸੀ ਪ੍ਰੰਤੂ ਪੁਲਿਸ ਨੂੰ ਹੁਣ ਤੱਕ ਹੋਈ ਜਾਂਚ ਵਿਚ ਇਸ ਘਟਨਾ ਦੇ ਪਿੱਛੇ ਅੱਤਵਾਦੀਆਂ ਦਾ ਹੱਥ ਹੋਣ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਜਿਕਰਯੋਗ ਹੈ ਕਿ ਇਸ ਕਾਂਡ ’ਚ ਤੋਪਖ਼ਾਨਾ ਦੀ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨ ਸਾਗਰ ਬੰਨੇ, ਕਮਲੇਸ ਆਰ.,ਯੋਗੇਸ਼ ਕੁਮਾਰ ਅਤੇ ਨਾਗਾ ਦੀ ਮੌਤ ਹੋ ਗਈ ਸੀ। ਮੁਜਰਮ ਦੇਸਾਈ ਮੋਹਨ ਨੇ ਇੰਨਾਂ ਕਤਲਾਂ ਪਿੱਛੇ ਮ੍ਰਿਤਕ ਦੁਆਰਾ ਕਥਿਤ ਤੌਰ ’ਤੇ ਅਪਣਾ ਸਰੀਰਿਕ ਸੋਸਣ ਕਰਨ ਦਾ ਦੋਸ ਲਗਾਇਆ ਸੀ। ਇਸ ਮਾਮਲੇ ਵਿਚ 17 ਅਪ੍ਰੈਲ ਨੂੰ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂਕਿ 12 ਅਪ੍ਰੈਲ ਨੂੰ ਹੀ ਉਸਦੇ ਵਿਰੁਧ ਮੇਜਰ ਆਸੂਤੋਸ਼ ਸੁਕਲਾ ਦੇ ਬਿਆਨਾਂ ਉਪਰ ਥਾਣਾ ਕੈਂਟ ‘ਚ ਮੁਕੱਦਮਾ ਨੰਬਰ 42 ਅਧੀਨ ਧਾਰਾ 302 ਆਈ.ਪੀ.ਸੀ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ਼ ਕਰ ਲਿਆ ਗਿਆ ਸੀ। ਵੱਡੀ ਗੱਲ ਇਹ ਹੈ ਕਿ ਚਾਰ ਕਤਲ ਕਰਨ ਤੋਂ ਬਾਅਦ ਮੁਜਰਮ ਨੇ ‘ਬਚਣ’ ਲਈ ਝੂਠੀ ਕਹਾਣੀ ਘੜ ਦਿੱਤੀ ਸੀ ਕਿ ਘਟਨਾ ਸਮੇਂ ਚਿੱਟੇ ਕੁੜਤੇ-ਪਜਾਮੇ ਪਹਿਨੇ ਹੋਏ ਦੋ ਜਣੇ ਆਏ ਸਨ ਤੇ ਉਨ੍ਹਾਂ ਵਿਚੋਂ ਇੱਕ ਕੋਲ ਇਨਸਾਸ ਰਾਈਫ਼ਲ ਅਤੇ ਇੱਕ ਕੋਲ ਕੁਹਾੜੀ ਸੀ। ਅਰੋਪੀ ਨੇ ਚਾਰ ਫ਼ੌਜੀਆਂ ਨੂੰ ਕਤਲ ਕਰਨ ਲਈ ਬਕਾਇਦਾ 9 ਅਪ੍ਰੈਲ ਨੂੰ ਯੋਜਨਾਵਧ ਤਰੀਕੇ ਨਾਲ ਇੱਕ ਅਤਿਆਧੁਨਿਕ ਰਾਈਫ਼ਲ ‘ਇਨਸਾਸ’ ਚੋਰੀ ਕੀਤੀ ਗਈ। ਇਸਤੋਂ ਇਲਾਵਾ ਇਨਸਾਸ ਅਤੇ ਐਲ.ਐਮ.ਜੀ ਦੇ 28 ਕਾਰਤੂਸ ਵੀ ਚੋਰੀ ਕੀਤੇ। ਘਟਨਾ ਮੌਕੇ 19 ਖੋਲ ਮਿਲੇ ਸਨ ਜਦੋਂਕਿ 7 ਕਾਰਤੂਸ਼ ਅਰੋਪੀ ਦੀ ਸਿਨਾਖ਼ਤ ’ਤੇ ਹੋਰ ਬਰਾਮਦ ਕੀਤੇ ਗਏ ਹਨ। ਘਟਨਾ ਤੋਂ ਬਾਅਦ ਅਰੋਪੀ ਨੇ ਚੋਰੀ ਕੀਤੀ ਰਾਈਫ਼ਲ ਇੱਕ ਸੀਵਰੇਜ਼ ਦੇ ਗਟਰ ਵਿਚ ਸੁੱਟ ਦਿੱਤੀ ਸੀ ਜੋ ਘਟਨਾ ਵਾਲੇ ਦਿਨ ਸ਼ਾਮ ਨੂੰ ਹੀ ਬਰਾਮਦ ਕਰ ਲਈ ਸੀ।

ਬੰਨ੍ਹ ਮਾਰ ਕੇ ਪਾਣੀ ਦੇ ਬਹਾਅ ਨੂੰ ਬਦਲਣ ਵਾਲਿਆਂ ਵਿਰੁਧ ਹੋਣਗੇ ਪਰਚੇ ਦਰਜ਼: ਡੀਸੀ

0

ਐਸ.ਪੀ ਹੈਡਕੁਆਟਰ ਬਣਾਏ ਨੋਡਲ ਅਧਿਕਾਰੀ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰੀਆਂ ਜੋਰਾਂ ’ਤੇ
ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ : ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਸੂਬੇ ਦੇ ਕਈ ਹਿੱਸਿਆਂ ’ਚ ਹੜ੍ਹਾਂ ਵਰਗੇ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਬਠਿੰਡਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਥਿਤੀ ’ਤੇ ਅਗਾਊਂ ਕਾਬੂ ਪਾਉਣ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਸਬੰਧ ਵਿਚ ਜਿੱਥੇ ਉਚ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਹੇਠਲੇ ਪੱਧਰ ’ਤੇ ਤਾਲਮੇਲ ਰੱਖਿਆ ਜਾ ਰਿਹਾ ਹੈ, ਉਥੇ ਨਹਿਰਾਂ ਤੇ ਕੱਸੀਆਂ ਨੂੰ ਟੁੱਟਣ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਨੇ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਹਨ। ਇੰਨ੍ਹਾਂ ਹਿਦਾਇਤਾਂ ਤਹਿਤ ਜੇਕਰ ਕੋਈ ਕਿਸਾਨ ਜਾਂ ਕੋਈ ਹੋਰ ਵਿਅਕਤੀ ਅਪਣੇ ਖੇਤ ’ਚ ਪਾਣੀ ਜਾਣ ਤੋਂ ਰੋਕਣ ਲਈ ਬੰਨ੍ਹ ਮਾਰ ਕੇ ਉਸਦਾ ਬਹਾਅ ਬਦਲਣ ਦੀ ਕੋਸ਼ਿਸ ਕਰੇਗਾ ਤਾਂ ਉਸਦੇ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਦਸਿਆ ਕਿ ‘‘ ਇਸ ਸਬੰਧ ਵਿਚ ਪਿੰਡਾਂ ਵਿਚ ਮੁਨਿਆਦੀ ਕਰਵਾਈ ਜਾ ਰਹੀ ਹੈ ਤੇ ਨਾਲ ਹੀ ਥਾਣਾ ਮੁਖੀਆਂ, ਤਹਿਸੀਲਦਾਰਾਂ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਹੇਠਲੇ ਪੱਧਰ ਤੱਕ ਟੀਮਾਂ ਬਣਾਈਆਂ ਗਈਆਂ ਹਨ। ’’ ਉਨ੍ਹਾਂ ਦਸਿਆ ਕਿ ਪਾਣੀ ਨੂੰ ਰੋਕਣ ਅਤੇ ਉਸਦੇ ਬਹਾਅ ਨੂੰ ਬਦਲਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਐਸ.ਪੀ ਹੈਡਕੁਆਟਰ ਨੂੰ ਨੋਡਲ ਅਧਿਕਾਰੀ ਲਗਾਇਆ ਗਿਆ ਹੈ ਤੇ ਜਦ ਵੀ ਇਸ ਸਬੰਧ ਵਿਚ ਕੋਈ ਸਿਕਾਇਤ ਪੁੱਜੇਗੀ ਤੁਰੰਤ ਕਾਰਵਾਈ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਬਠਿੰਡਾ ਜ਼ਿਲ੍ਹੇ ਵਿਚੋਂ ਗੁਜਰਨ ਵਾਲੀਆਂ ਦੋ ਨਹਿਰਾਂ ਕੋਟਲਾ ਬ੍ਰਾਂਚ ਅਤੇ ਬਠਿੰਡਾ ਨਹਿਰ ਵਿਚ ਅੱਜ ਸਾਮ ਤੱਕ ਪਾਣੀ ਅਪਣੀ ਸਮਰੱਥਾ ਤੋਂ ਵੱਧ ਤੱਕ ਪਹੁੰਚ ਗਿਆ ਹੈ, ਕਿਉਂਕਿ ਪਿਛਲੇ ਖੇਤਰਾਂ ਵਿਚ ਹੜ ਆ ਜਾਣ ਕਾਰਨ ਹੁਣ ਇੰਨ੍ਹਾਂ ਨਹਿਰਾਂ ਵਿਚ ਪਾਣੀ ਪੂਰਾ ਛੱਡ ਦਿੱਤਾ ਗਿਆ ਹੈ ਅਤੇ ਅੱਗੇ ਇਹ ਪਾਣੀ ਸੂਇਆ ਅਤੇ ਕੱਸੀਆਂ ਦੇ ਰਾਹੀਂ ਖੇਤਾਂ ਤੱਕ ਪੁੱਜਣਾ ਹੈ। ਪ੍ਰਸਾਸਨ ਨੂੰ ਖ਼ਦਸਾ ਹੈ ਕਿ ਜੇਕਰ ਕਿਸਾਨਾਂ ਨੇ ਸਨੀਵਾਰ ਨੂੰ ਹੋਏ ਭਰਵੇਂ ਮੀਂਹ ਅਤੇ ਸੰਭਾਵੀਂ ਮੀਂਹ ਨੂੰ ਦੇਖਦਿਆਂ ਕੱਸੀਆਂ ਤੇ ਖਾਲਿਆਂ ਵਿਚ ਰੁਕਾਵਟਾਂ ਪੈਦਾ ਕਰ ਦਿੱਤੀਆਂ ਤਾਂ ਇਸਦੇ ਨਾਲ ਨਹਿਰਾਂ ਟੁੱਟਣ ਦਾ ਖ਼ਦਸਾ ਪੈਦਾ ਹੋ ਜਾਵੇਗਾ। ਜਿਸਦੇ ਚੱਲਦੇ ਪ੍ਰਸਾਸਨ ਦਾ ਸਾਰਾ ਧਿਆਨ ਪਾਣੀ ਨੂੰ ਅਖੀਰ ਤੱਕ ਪਹੁੰਚਾਉਣ ਤੱਕ ਲੱਗਿਆ ਹੋਇਆ ਹੈ। ਇਸਦੇ ਲਈ ਨਹਿਰੀ ਤੇ ਖੇਤੀ ਵਿਭਾਗ ਤੋਂ ਇਲਾਵਾ ਦੂਜੇ ਵਿਭਾਗਾਂ ਨੂੰ ਵੀ ਨਾਲ ਜੋੜ ਕੇ ਟੀਮਾਂ ਬਣਾਈਆਂ ਗਈਆਂ ਹਨ। ਇਸਤੋਂ ਇਲਾਵਾ ਬਠਿੰਡਾ ਸ਼ਹਿਰ ਅਤੇ ਹੋਰਨਾਂ ਸ਼ਹਿਰਾਂ ਵਿਚ ਪਾਣੀ ਦੀ ਨਿਕਾਸੀ ਲਈ ਅਲੱਗ ਤੋਂ ਟੀਮਾਂ ਬਣਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲ੍ਹੇ ਵਿਚ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਸਨੀਵਾਰ ਨੂੰ ਆਏ ਭਾਰੀ ਮੀਂਹ ਕਾਰਨ ਬੇਸ਼ੱਕ ਸ਼ਹਿਰ ਦੇ ਕੁੱਝ ਹਿੱਸਿਆਂ ਵਿਚ ਪਾਣੀ ਜਰੂਰ ਭਰ ਗਿਆ ਸੀ ਪ੍ਰੰਤੂ ਉਹ ਦੇਰ ਰਾਤ ਜਾਂ ਸਵੇਰ ਤੱਕ ਕਲੀਅਰ ਹੋ ਗਿਆ ਸੀ। ਮੰਡੀਆਂ ਤੇ ਕਸਬਿਆਂ ਵਿਚ ਵੀ ਸਥਿਤੀ ਹਾਲੇ ਤੱਕ ਠੀਕ ਹੈ। ਹਾਲਾਂਕਿ ਬਠਿੰਡਾ ਸ਼ਹਿਰ ਨੂੰ ਮਾਨਸਾ ਤੇ ਤਲਵੰਡੀ ਸਾਬੋ ਨਾਲ ਜੋੜਣ ਵਾਲੇ ਜੱਸੀ ਅੰਡਰ ਬ੍ਰਿਜ ਵਿਚ ਜਲ ਭਰਾਅ ਦੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਦਸਿਆ ਕਿ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਜਿੱਥੇ ਐਨਡੀਆਰਐਫ਼ ਟੀਮਾਂ ਨੂੰ ਚੌਕੰਨੇ ਰਹਿਣ ਲਈ ਕਿਹਾ ਗਿਆ ਹੈ, ਉਥੇ ਸਮਾਜ ਸੇਵੀਆਂ ਤੇ ਹੋਰਨਾਂ ਵਲੰਟੀਅਰਾਂ ਨਾਲ ਵੀ ਤਾਲਮੇਲ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਲਈ ਜਾ ਸਕਦੀਆਂ ਹਨ ਜਦੋਂਕਿ ਨਹਿਰ, ਸੂਆ ਜਾਂ ਕੱਸੀ ਟੁੱਟਣ ਦੀ ਨੌਬਤ ਆਉਣ ’ਤੇ ਨਹਿਰੀ ਵਿਭਾਗ ਵਲੋਂ ਖ਼ਦਸੇ ਵਾਲੇ ਥਾਵਾਂ ‘ਤੇ ਕਰੀਬ ਪੰਜ ਹਜ਼ਾਰ ਮਿੱਟੀ ਦੀਆਂ ਬੋਰੀਆਂ ਭਰ ਕੇ ਰੱਖੀਆਂ ਗਈਆਂ ਹਨ। ਡੀਸੀ ਨੇ ਦਾਅਵਾ ਕੀਤਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਪ੍ਰੰਤੂ ਜ਼ਿਲ੍ਹਾ ਵਾਸੀਆਂ ਨੂੰ ਚੌਕੰਨੇ ਰਹਿਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਿਯੋਗ ਕਰਨ ਦੀ ਬਹੁਤ ਜਰੂਰਤ ਹੈ।
ਬਾਕਸ
ਕਈ ਰੇਲ੍ਹ ਗੱਡੀਆਂ ਰੱਦ, ਸਕੂਲਾਂ ਵਿਚ ਹੋਈਆਂ ਛੁੁੱਟੀਆਂ
ਬਠਿੰਡਾ: ਸੂਬੇ ’ਚ ਪਾਣੀ ਕਾਰਨ ਪੈਦਾ ਹੋਈ ਭਿਆਨਕ ਸਥਿਤੀ ਦੇ ਕਾਰਨ ਜਿੱਥੇ ਪੰਜਾਬ ਸਰਕਾਰ ਵਲੋਂ 13 ਜੁਲਾਈ ਤੱਕ ਸੂਬੇ ਦੇ ਸਰਕਾਰੀ, ਗੈਰ ਸਰਕਾਰੀ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਹਨ, ਉਥੇ ਰੇਲਵੇ ਵਿਭਾਗ ਨੇ ਵੀ ਦਰਜ਼ਨਾਂ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ ਜਾਂ ਫ਼ਿਰ ਕਈਆਂ ਦੇ ਰੂਟ ਛੋਟੇ ਕਰ ਦਿੱਤੇ ਗਏ ਹਨ। ਇਹ ਵੀ ਪਤਾ ਚੱਲਿਆ ਹੈ ਕਿ ਜ਼ਿਲ੍ਹੇ ਵਿਚ ਸਥਿਤੀ ’ਤੇ ਨਿਗ੍ਹਾਂ ਬਣਾਈ ਰੱਖਣ ਲਈ ਠੀਕਰੀ ਪਹਿਰੇ ਵੀ ਲਗਾਉਣ ਦੇ ਹੁਕਮ ਦਿੱਤੇ ਜਾ ਰਹੇ ਹਨ ਤਾਂ ਕਿ ਕੋਈ ਸਰਾਰਤੀ ਅਨਸਰ ਗੜਬੜੀ ਨਾ ਕਰੇ ਤੇ ਨਾਲ ਹੀ ਕੋਈ ਘਟਨਾ ਵਾਪਰਨ ’ਤੇ ਤੁਰੰਤ ਉਸਦੀ ਜਾਣਕਾਰੀ ਮਿਲ ਜਾਵੇ।