Home Blog Page 2093

ਪੰਜਾਬ ਸਰਕਾਰ ਨੇ ਤਲਵੰਡੀ ਹਲਕੇ ਦੀਆਂ ਦੋ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਕੀਤੇ ਨਿਯੁਕਤ

0

ਜ਼ਿਲ੍ਹੇ ਦੀਆਂ ਅੱਠ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲਗਾਉਣੇ ਹਾਲੇ ਬਾਕੀ
ਸੁਖਜਿੰਦਰ ਮਾਨ
ਬਠਿੰਡਾ, 1 ਜੂਨ: ਪੰਜਾਬ ਦੇ ਮੁੱਖ ਮੰਤਰੀ ਵਲੋਂ ਅੱਜ ਸੂਬੇ ਭਰ ਦੀਆਂ 66 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਜਾਰੀ ਸੂਚੀ ਵਿਚ ਬਠਿੰਡਾ ਜ਼ਿਲ੍ਹੈ ਅਧੀਨ ਪੈਂਦੇ ਹਲਕਾ ਤਲਵੰਡੀ ਸਾਬੋ ਦੀਆਂ ਦੋ ਕਮੇਟੀਆਂ ਦੇ ਚੇਅਰਮੈਨਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ ਹੈ। ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕ ਬੀਬੀ ਬਲਜਿੰਦਰ ਕੌਰ ਦੀ ਸਿਫ਼ਾਰਿਸ਼ ’ਤੇ ਬਣਾਏ ਗਏ ਇੰਨ੍ਹਾਂ ਚੇਅਰਮੈਨਾਂ ਵਿਚ ਇੱਕ ਮਹਿਲਾ ਵੀ ਸ਼ਾਮਲ ਹੈ ਜਦੋਂਕਿ ਦੂਜਾ ਆਪ ਦਾ ਟਕਸਾਲੀ ਵਰਕਰ ਦਸਿਆ ਜਾ ਰਿਹਾ ਹੈ। ਰਾਮਾ ਮੰਡੀ ਤੋਂ ਨਵੀਂ ਬਣਾਈ ਗਈ ਚੇਅਰਮੈਨ ਗੁਰਪ੍ਰੀਤ ਕੌਰ ਇੱਕ ਨੌਜਵਾਨ ਲੜਕੀ ਹੈ ਜੋ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜੁਆਇੰਟ ਸਕੱਤਰ ਵਜੋਂ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਇਸ ਹਲਕੇ ’ਚ ਆਉਂਦੀ ਦੂਜੀ ਮਾਰਕੀਟ ਕਮੇਟੀ ਤਲਵੰਡੀ ਸਾਬੋ ਦੀ ਚੇਅਰਮੈਨੀ ਪਾਰਟੀ ਦੇ ਟਕਸਾਲੀ ਵਲੰਟੀਅਰ ਟੇਕ ਸਿੰਘ ਬੰਗੀ ਨੂੰ ਦਿੱਤੀ ਗਈ ਹੈ। ਉਧਰ ਇੰਨ੍ਹਾਂ ਨਵੀਆਂ ਨਿਯੁਕਤੀਆਂ ‘ਤੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਬਲਜਿੰਦਰ ਕੌਰ ਦੇ ਪਿਤਾ ਦਰਸ਼ਨ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਉਮੀਦ ਜਾਹਰ ਕੀਤੀ ਕਿ ਇਸਦੇ ਨਾਲ ਵਰਕਰਾਂ ਹੋਰ ਉਤਸਾਹ ਨਾਲ ਪਾਰਟੀ ਲਈ ਕੰਮ ਕਰਨਗੇ। ਉਧਰ ਜ਼ਿਲ੍ਹੇ ਵਿਚ ਹਾਲੇ ਅੱਠ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦਾ ਐਲਾਨ ਕਰਨਾ ਬਾਕੀ ਹੈ, ਜਿਸਦੇ ਲਈ ਆਪ ਆਗੂਆਂ ਤੇ ਵਲੰਟੀਅਰਾਂ ਵਲੋਂ ਇੱਕ-ਦੂਜੇ ਤੋਂ ਅੱਗੇ ਵਧ ਕੇ ਭੱਜਦੋੜ ਕੀਤੀ ਜਾ ਰਹੀ ਹੈ। ਇੰਨ੍ਹਾਂ ਵਿਚ ਬਠਿੰਡਾ, ਸੰਗਤ, ਗੋਨਿਆਣਾ, ਭੁੱਚੋਂ ਮੰਡੀ, ਨਥਾਣਾ, ਰਾਮਪੁਰਾ, ਭਗਤਾ ਤੇ ਮੋੜ ਮੰਡੀ ਮਾਰਕੀਟ ਕਮੇਟੀਆਂ ਸ਼ਾਮਲ ਹਨ।

ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਨਿੱਤਰੀਆਂ ਜਨਤਕ ਜਥੇਬੰਦੀਆਂ

ਸੁਖਜਿੰਦਰ ਮਾਨ
ਬਠਿੰਡਾ, 1 ਜੂਨ: ਸੰਯੁਕਤ ਕਿਸਾਨ ਮੋਰਚਾ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਵੱਲੋਂ ਦਿੱਤੇ ਗਏ ਸੱਦੇ ਦੇ ਅਨੁਸਾਰ ਅੱਜ ਬਠਿੰਡਾ ਵਿਖੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਰਾਸ਼ਟਰਪਤੀ ਦੇ ਨਾਮ ਤੇ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਦੇਸ਼ ਦਾ ਮਾਣ ਮਹਿਲਾ ਪਹਿਲਵਾਨ ਜਿੰਨਾਂ ਨੇ ਦੇਸ਼ ਦੀ ਝੋਲੀ ਅਨੇਕਾਂ ਮੈਡਲ ਪਾਏ।ੁਹਨਾਂ ਦੇ ਨਾਲ ਕੁਸ਼ਤੀ ਫੈਡਰੇਸ਼ਨ ਵੱਲੋਂ ਬਦਸਲੂਕੀ ਕੀਤੀ ਗਈ।ਜਿਸ ਸਬੰਧੀ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਐਫ਼ ਆਈ ਆਰ ਵੀ ਦਰਜ਼ ਹੋ ਚੁੱਕੀ ਹੈ।ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਮਹਿਲਾਂ ਪਹਿਲਵਾਨਾਂ ਵੱਲੋਂ ਯੰਤਰ ਮੰਤਰ ਦਿੱਲੀ ਵਿਖੇ ਸਵਾ ਮਹੀਨਾ ਸੰਘਰਸ਼ ਲੜਿਆ ਗਿਆ।ਪਰ ਕੇਂਦਰ ਸਰਕਾਰ ਵੱਲੋਂ ਮਹਿਲਾ ਪਹਿਲਵਾਨਾਂ ਦੀ ਗੱਲ ਸੁਣਨ ਦੀ ਬਜਾਏ 28 ਮਈ ਨੂੰ ਦੇਸ਼ ਦਾ ਮਾਣ ਇਹਨਾਂ ਮਹਿਲਾ ਪਹਿਲਵਾਨਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਰੋਲਿਆ ਗਿਆ ਅਤੇ ਪੁਲੀਸ ਕੇਸ ਦਰਜ਼ ਕੀਤੇ ਗਏ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤਰੁੰਤ ਕੇਂਦਰ ਸਰਕਾਰ ਮਹਿਲਾ ਪਹਿਲਵਾਨਾਂ ਨੂੰ ਦਿੱਲੀ ਜੰਤਰ ਮੰਤਰ ਤੇ ਧਰਨਾ ਦੇਣ ਦੀ ਇਜਾਜ਼ਤ ਦੇਵੇ,28 ਮਈ ਨੂੰ ਜਿਹੜੇ ਪੁਲੀਸ ਅਫ਼ਸਰਾਂ ਵੱਲੋਂ ਮਹਿਲਾ ਪਹਿਲਵਾਨਾਂ ਨਾਲ ਦੁਰਵਿਹਾਰ ਕੀਤਾ ਹੈ ਉਹਨਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਅੱਜ ਇਸ ਮੌਕੇ ਬਲਕਰਨ ਸਿੰਘ ਕੁਲ ਹਿੰਦ ਕਿਸਾਨ ਸਭਾ,ਸਰੂਪ ਸਿੰਘ ਰਾਮਾ, ਸੂਬਾ ਜਨਰਲ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ, ਗਗਨਦੀਪ ਸਿੰਘ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ, ਬਲਦੇਵ ਸਿੰਘ ਬੀ ਕੇ ਯੂ ਏਕਤਾ ਡਕੌਂਦਾ, ਬਖਸ਼ੀਸ਼ ਸਿੰਘ ਕਿਰਤੀ ਕਿਸਾਨ ਯੂਨੀਅਨ, ਮਲਕੀਅਤ ਸਿੰਘ ਜਮਹੂਰੀ ਕਿਸਾਨ ਸਭਾ, ਰਜਿੰਦਰ ਸਿੰਘ ਪੰਜਾਬ ਸਟੂਡੈਂਟ ਯੂਨੀਅਨ ਅਤੇ ਬਲਵਿੰਦਰ ਸਿੰਘ ਬੀ ਕੇ ਯੂ ਮਾਨਸਾ ਆਗੂ ਹਾਜ਼ਰ ਸਨ।ਅੱਜ ਦੀ ਸਟੇਜ ਦੀ ਕਾਰਵਾਈ ਨੈਬ ਸਿੰਘ ਨੇ ਚਲਾਈ।

ਉਗਰਾਹਾ ਜਥੇਬੰਦੀ ਨੇ ਪਹਿਲਵਾਨ ਕੁੜੀਆਂ ਦੇ ਹੱਕ ’ਚ ਦਿੱਤਾ ਧਰਨਾ

ਸੁਖਜਿੰਦਰ ਮਾਨ
ਬਠਿੰਡਾ, 1 ਜੂਨ: ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਵਿਚ ਸੋਨਾ/ਚਾਂਦੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ ਪਹਿਲਵਾਨ ਕੁੜੀਆਂ ਦੇ ਸ਼ਾਂਤਮਈ ਰੋਸ ਦਾ ਹੱਕ ਬਹਾਲ ਕਰਵਾਉਣ ਅਤੇ ਦੋਸ਼ੀ ਬ੍ਰਿਜ ਭੂਸ਼ਣ ਸਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਭਾਰਤ ( ਨਵੀਂ ਦਿੱਲੀ) ਦੇ ਨਾਂ ਮੰਗ-ਪੱਤਰ ਦਿੱਤਾ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ 35 ਦਿਨਾਂ ਤੋਂ ਇਨਸਾਫ਼ ਲੈਣ ਲਈ ਦਿੱਲੀ ਦੇ ਜੰਤਰ-ਮੰਤਰ ਤੇ ਬੈਠੀਆਂ ਪਹਿਲਵਾਨ ਕੁੜੀਆਂ ਨੂੰ ਇਨਸਾਫ਼ ਦੇਣ ਦੀ ਬਜਾਏ ਉਨ੍ਹਾਂ ਤੇ ਹੀ ਪੁਲਿਸ ਕੇਸ ਮੜ ਦਿੱਤੇ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਸਜਾਵਾਂ ਦੇਣ ਦੀ ਬਜਾਇ ਕੇਂਦਰ ਦੀ ਮੋਦੀ ਸਰਕਾਰ ਸਰੇਆਮ ਉਸ ਦਾ ਪੱਖ ਪੂਰ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਖਿਡਾਰਨਾਂ ਨੂੰ ਇਨਸਾਫ ਦਿਵਾਉਣ ਤੱਕ ਉਹਨਾਂ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ। ਅੱਜ ਦੇ ਇਕੱਠ ਵੱਲੋਂ ਰਾਸ਼ਟਰਪਤੀ ਨੂੰ ਮੰਗ-ਪੱਤਰ ਭੇਜਿਆਂ ਗਿਆ। ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ 5 ਜੂਨ ਨੂੰ ਸਾਰੇ ਬਲਾਕਾਂ ਵੱਲੋਂ ਸ਼ਹਿਰਾਂ ਵਿੱਚ ਮੁਜ਼ਾਹਰਾ ਕਰ ਕੇ ਬ੍ਰਿਜ ਭੂਸ਼ਣ ਦੀ ਅਰਥੀ ਸਾੜੀ ਜਾਵੇਗੀ।ਅੱਜ ਦੇ ਇਕੱਠ ਨੂੰ ਡੀ ਟੀ ਐਫ ਦੇ ਆਗੂ ਬਲਜਿੰਦਰ ਸਿੰਘ,ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਆਗੂ ਬਿਕਰਮਜੀਤ ਸਿੰਘ,ਪੀ ਐਸ ਯੂ (ਲਲਕਾਰ) ਦੇ ਆਗੂ ਸਿਟੀ ਨੇ ਵੀ ਸੰਬੋਧਨ ਕੀਤਾ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਵਰਿੰਦਰ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਵੀ ਸ਼ਮੂਲੀਅਤ ਕੀਤੀ।

ਅਦਾਲਤ ਨੇ ਸਹਾਰਾ ਕਰੈਡਿਟ ਕੋਆਪ੍ਰੇਟਿਵ ਸੁਸਾਇਟੀ ਨੂੰ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ

0

ਸੁਖਜਿੰਦਰ ਮਾਨ
ਬਠਿੰਡਾ, 1 ਜੂਨ: ਜਿਲ੍ਹਾ ਖਪਤਕਾਰ ਕਮਿਸ਼ਨ ਵਲੋਂ ਇੱਕ ਮਹੱਤਵਪੂਰਨ ਫ਼ੈਸਲੇ ਵਿਚ ਸਹਾਰਾ ਕਰੈਡਿਟ ਕੋਆਪ੍ਰੇਟਿਵ ਸੁਸਾਇਟੀ ਵਿੱਚ ਆਮ ਜਨਤਾ ਵਲੋਂ ਜਮਾ ਕਰਵਾਏ ਗਏ 3,13,372 ਰੁਪਏ ਵਿਆਜ ਸਮੇਤ 45 ਦਿਨਾਂ ’ਚ ਵਾਪਸ ਕਰਨ ਅਤੇ 20,000/- ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਵਕੀਲ ਰਾਮ ਮਨੋਹਰ ਨੇ ਦੱਸਿਆ ਕਿ ਗੋਨਿਆਣਾ ਮੰਡੀ ਦੇ ਵਸਨੀਕ ਯੋਗੇਸ਼ ਕੁਮਾਰ ਵਰਮਾ ਵੱਲੋਂ 1,87,264 ਰੁਪਏ, ਪਵਨ ਕੁਮਾਰ ਵੱਲੋਂ 33,750 ਰੁਪਏ, ਸੁਨੀਤਾ ਰਾਣੀ ਵੱਲੋਂ 6400 ਰੁਪਏ ਅਤੇ ਮੁਕੇਸ਼ ਕੁਮਾਰ ਵੱਲੋਂ 39,950 ਰੁਪਏ ਸਮੇਂ ਸਮੇਂ ਤੇ ਸਹਾਰਾ ਕਰੈਡਿਟ ਕੋਆਪ੍ਰੇਟਿਵ ਸੁਸਾਇਟੀ ਵਿੱਚ ਜਮਾ ਕਰਵਾਏ ਗਏ ਸਨ, ਕੰਪਨੀ ਵੱਲੋਂ ਦਿੱਤਾ ਗਿਆ ਸਮਾਂ ਪੂਰਾ ਹੋ ਜਾਣ ’ਤੇ ਪੀੜਤ ਵਿਅਕਤੀਆਂ ਵੱਲੋਂ ਜਮਾ ਕਰਵਾਈ ਗਈ ਰਕਮ ਨੂੰ ਵਾਪਿਸ ਲੈਣ ਲਈ ਅਨੇਕਾ ਵਾਰ ਕੰਪਨੀ ਦੇ ਦਫਤਰਾ ਦੇ ਚੱਕਰ ਕੱਟੇ ਗਏ, ਪਰ ਕੰਪਨੀ ਦੇ ਕਿਸੇ ਵੀ ਅਧਿਕਾਰੀ ਨੇ ਉਹਨਾ ਦੀ ਕਿਸੇ ਵੀ ਗੱਲ ਉੱਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਅਤੇ ਨਾ ਹੀ ਉਹਨਾ ਦੀ ਰਕਮ ਵਾਪਿਸ ਕੀਤੀ। ਸਾਲ 2022 ਦੌਰਾਨ ਉਕਤ ਵਿਅਕਤੀਆਂ ਵੱਲੋਂ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦਾ ਦਰਵਾਜਾ ਖੜਕਾਇਆ ਗਿਆ ਅਤੇ ਉਹਨਾ ਦੀਆਂ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਪ੍ਰਧਾਨ ਲਲਿਤ ਮੋਹਨ ਡੋਗਰਾ ਅਤੇ ਮੈਂਬਰ ਸ਼ਿਵਦੇਵ ਸਿੰਘ ਨੇ ਉਕਤ ਚਾਰ ਵੱਖ-ਵੱਖ ਸ਼ਿਕਾਇਤਾ ਦਾ ਨਿਪਟਾਰਾ ਕਰਦੇ ਹੋਏ ਸਹਾਰਾ ਕਰੈਡਿਟ ਕੋਆਪ੍ਰੇਟਿਵ ਸੁਸਾਇਟੀ ਨੂੰ ਇਹ ਹੁਕਮ ਸੁਣਾਇਆ ਹੈ।

ਬੀ.ਐਫ.ਜੀ.ਆਈ. ਦੇ ਸਟਾਰਟ ਅੱਪ ਨੇ 30000 ਰੁਪਏ ਦਾ ਦੂਜਾ ਇਨਾਮ ਜਿੱਤਿਆ

0

ਸੁਖਜਿੰਦਰ ਮਾਨ
ਬਠਿੰਡਾ, 1 ਜੂਨ: ਬੀ.ਐਫ.ਜੀ.ਆਈ. ਵਿਖੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਤਹਿਤ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਸਾਬਕਾ ਵਿਦਿਆਰਥੀ (ਅਲੂਮਨੀ) ਗੁਰਪ੍ਰੀਤ ਸਿੰਘ ਦੁਆਰਾ ਚੌਹਾਨ ਐਗਰੋ ਇੰਡਸਟਰੀ ਸਥਾਪਿਤ ਕਰ ਕੇ ਸਟਾਰਟ ਅੱਪ ਸ਼ੁਰੂ ਕੀਤਾ ਗਿਆ। ਬੀ.ਐਫ.ਜੀ.ਆਈ. ਦੇ ਇਸ ਸਟਾਰਟ ਅੱਪ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਦੁਆਰਾ ਆਯੋਜਿਤ ’ਉਦਯਮ’ (ਸੋਅਰ ਟੂ ਸ਼ਾਈਨ) ਬਿਜ਼ਨਸ ਆਈਡੀਆ ਮੁਕਾਬਲੇ ਦੀ ਓਪਨ ਸ਼ਰੇਣੀ ਵਿੱਚ 30000 ਰੁਪਏ ਦਾ ਦੂਜਾ ਇਨਾਮ ਪ੍ਰਾਪਤ ਕੀਤਾ। ’ਉਦਯਮ’ ਇੱਕ ਸਟਾਰਟ ਅੱਪ ਆਈਡੀਆ ਮੁਕਾਬਲਾ ਹੈ ਜੋ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਦੁਆਰਾ ਸਟਾਰਟ ਅੱਪ ਪੰਜਾਬ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੌਰਾਨ ਸਕੂਲ, ਕਾਲਜ ਅਤੇ ਓਪਨ ਆਦਿ ਤਿੰਨ ਕੈਟਾਗਰੀਆਂ ਦੇ ਤਹਿਤ ਨੌਜਵਾਨਾਂ ਦੇ ਬਿਜ਼ਨਸ ਸਬੰਧੀ ਨਵੇਂ ਵਿਚਾਰਾਂ ਦੇ ਮੁਕਾਬਲੇ ਕਰਵਾਏ ਗਏ। ਬੀ.ਐਫ.ਜੀ.ਆਈ. ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਡਾ. ਮਨੀਸ਼ ਗੁਪਤਾ ਅਤੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੀ ਇਨਕਿਊਬੇਸ਼ਨ ਮੈਨੇਜਰ ਸ਼੍ਰੀਮਤੀ ਇਕਬਾਲਪ੍ਰੀਤ ਕੌਰ ਸਿੱਧੂ ਨੂੰ ਵੀ ਸਕਰੀਨਿੰਗ ਅਤੇ ਸਲਾਹਕਾਰ ਵਿੱਚ ਜਿਊਰੀ ਮੈਂਬਰਾਂ ਵਜੋਂ ਉਨ੍ਹਾਂ ਦੀ ਸ਼ਾਨਦਾਰ ਮੌਜੂਦਗੀ ਲਈ ਸਨਮਾਨਿਤ ਕੀਤਾ ਗਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਅਹਿਮ ਪ੍ਰਾਪਤੀ ਲਈ ਅਲੂਮਨੀ ਗੁਰਪ੍ਰੀਤ ਸਿੰਘ ਅਤੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ।

ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀਬਾੜੀ, ਪਸ਼ੂ ਪਾਲਣ ਤੇ ਫੂਡ ਪ੍ਰਾਸੈਸਿੰਗ ਮੰਤਰੀ ਵਜੋਂ ਅਹੁਦਾ ਸੰਭਾਲਿਆ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 1 ਜੂਨ: ਪੰਜਾਬ ਵਜ਼ਾਰਤ ਵਿੱਚ ਸ਼ਾਮਲ ਹੋਏ ਨਵੇਂ ਮੈਂਬਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਅਤੇ ਫੂਡ ਪ੍ਰਾਸੈਸਿੰਗ ਮੰਤਰੀ ਵਜੋਂ ਅਹੁਦਾ ਸੰਭਾਲਿਆ। ਸ. ਖੁੱਡੀਆ ਨੇ ਸਾਥੀ ਕੈਬਨਿਟ ਮੰਤਰੀਆਂ ਗੁਰਮੀਤ ਸਿੰਘ ਮੀਤ ਹੇਅਰ, ਅਮਨ ਅਰੋੜਾ, ਚੇਤਨ ਸਿੰਘ ਜੌੜਾਮਾਜਰਾ, ਕੁਲਦੀਪ ਸਿੰਘ ਧਾਲੀਵਾਲ ਤੇ ਬ੍ਰਮ ਸ਼ੰਕਰ ਜਿੰਪਾ ਅਤੇ ਵਿਧਾਇਕਾਂ ਜਗਰੂਪ ਸਿੰਘ ਗਿੱਲ, ਪ੍ਰੋ ਬਲਜਿੰਦਰ ਕੌਰ, ਗੁਰਦਿੱਤ ਸਿੰਘ ਸੇਖੋਂ, ਰਜਨੀਸ਼ ਦਹੀਆ, ਜਗਦੀਪ ਗੋਲਡੀ ਕੰਬੋਜ, ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਦਵਿੰਦਰ ਸਿੰਘ ਲਾਡੀ ਢੌੰਸ, ਨਰਿੰਦਰ ਪਾਲ ਸਿੰਘ ਸਵਨਾ, ਅਮਨਦੀਪ ਗੋਲਡੀ ਮੁਸਾਫਿਰ, ਮਨਜਿੰਦਰ ਸਿੰਘ ਲਾਲਪੁਰਾ ਤੇ ਸਰਵਣ ਸਿੰਘ ਧੁੰਨ ਦੀ ਹਾਜ਼ਰੀ ਵਿੱਚ ਅਹੁਦਾ ਸਾਂਭਿਆ ਅਤੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੇ ਸ. ਖੁੱਡੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ. ਖੁੱਡੀਆਂ ਨੇ ਨਵੀਂ ਜ਼ਿੰਮੇਵਾਰੀ ਸੌਂਪਣ ਲਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਖੇਤੀਬਾੜੀ ਖੇਤਰ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ ਅਤੇ ਕਿਸਾਨਾਂ ਦੀ ਭਲਾਈ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋਂ ਆਰੰਭੇ ਕੰਮਾਂ ਨੂੰ ਅੱਗੇ ਲਿਜਾਣ ਲਈ ਪੂਰੀ ਮਿਹਨਤ ਕਰਨਗੇ।ਇਸ ਮੌਕੇ ਹਾਜ਼ਰ ਲੰਬੀ ਹਲਕੇ ਤੋਂ ਪਾਰਟੀ ਅਹੁਦੇਦਾਰ ਤੇ ਵਰਕਰਾਂ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਚੇਚਾ ਧੰਨਵਾਦ ਕੀਤਾ ਜਿਨ੍ਹਾਂ ਲੰਬੀ ਹਲਕੇ ਤੋਂ ਵਿਧਾਇਕ ਸ. ਖੁੱਡੀਆਂ ਨੂੰ ਕੈਬਨਿਟ ਮੰਤਰੀ ਬਣਾ ਕੇ ਪੇਂਡੂ ਖ਼ਿੱਤੇ ਤੇ ਕਿਸਾਨਾਂ ਨਾਲ ਜੁੜੇ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ।

28 ਏਕੜ ਸ਼ਾਮਲਾਤ ਜ਼ਮੀਨ ਪ੍ਰਾਈਵੇਟ ਵਿਅਕਤੀਆ ਦੇ ਨਾਮ ਕਰਨ ਵਾਲੇ ਨਾਇਬ ਤਹਿਸੀਲਦਾਰ ਤੇ ਪਟਵਾਰੀ ਵਿਜੀਲੈਂਸ ਵੱਲੋ ਗ੍ਰਿਫਤਾਰ

0
ਸੁਖਜਿੰਦਰ ਮਾਨ 
ਬਠਿੰਡਾ 1 ਜੂਨ : ਕਰੀਬ 18 ਸਾਲ ਪਹਿਲਾਂ ਜ਼ਿਲ੍ਹੇ ਦੇ ਪਿੰਡ ਸੇਮਾ ਦੀ 28 ਏਕੜ ਸ਼ਾਮਲਾਤ ਜ਼ਮੀਨ ਨੂੰ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਕਰਨ ਵਾਲੇ ਨਾਇਬ ਤਹਿਸੀਲਦਾਰ ਤੇ ਤਤਕਾਲੀ ਪਟਵਾਰੀ ਨੂੰ ਅੱਜ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਮੌਜੂਦਾ ਸਮੇਂ ਸਰਦੂਲਗੜ ਵਿਖੇ ਤੈਨਾਤ ਹੈ ਜਦੋ ਕਿ ਜਗਜੀਤ ਸਿੰਘ ਜੱਗਾ ਪਟਵਾਰੀ ਵਜੋਂ ਸੇਵਾਮੁਕਤ ਹੋ ਚੁੱਕਿਆਂ ਹੈ। ਇੰਨ੍ਹਾਂ ਦੋਨਾਂ ਨੂੰ ਅੱਜ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋ ਦਿਨਾਂ ਲਈ ਵਿਜੀਲੈਂਸ ਕੋਲ ਰਿਮਾਂਡ ’ਤੇ ਭੇਜ ਦਿੱਤਾ। ਵਿਜੀਲੈਂਸ ਬਿਉੁਰੋ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਜ਼ਮੀਨ ਦੇ ਮਾਲਕ ਬਣੇ ਇੰਨ੍ਹਾਂ ਅੱਧੀ ਦਰਜ਼ਨ ਵਿਅਕਤੀਆਂ ਵਿਰੁੱਧ ਵੀ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਸਰਦੂਲਗੜ (ਉਸ ਸਮੇਂ ਕਾਨੂੰਗੋ) ਅਤੇ ਜਗਜੀਤ ਸਿੰਘ ਰਿਟਾਰਇਡ ਪਟਵਾਰੀ ਮਾਲ ਹਲਕਾ ਸੇਮਾਂ ਵਿਖੇ ਤੈਨਾਤ ਸਨ। ਪਟਵਾਰੀ ਜਗਜੀਤ ਸਿੰਘ ਜੱਗਾ ਵੱਲੋ ਜਮਾਂਬੰਦੀ 2005—06 ਵਿੱਚ ਪ੍ਰਾਈਵੇਟ ਵਿਅਕਤੀਆ ਨੂੰ ਕਾਸ਼ਤਕਾਰ ਤੋਂ ਮਾਲਕ ਬਣਾ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਇਨ੍ਹਾਂ ਮਾਲਕਾ ਵੱਲੋ ਸ਼ਾਮਲਾਤ ਦੀ ਜ਼ਮੀਨ ਪਰ ਬੈਂਕਾ ਪਾਸੋ ਲੱਖਾ ਰੁਪਏ ਦੇ ਲੋਨ ਹਾਸਲ ਕੀਤੇ ਗਏ। ਵਿਜੀਲੈਂਸ ਵਿਭਾਗ ਵੱਲੋ ਕੀਤੀ ਗਈ ਪੜਤਾਲ ਦੋਰਾਨ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਸਰਦੂਲਗੜ ਜ਼ੋ ਉਸ ਸਮੇਂ ਬਤੌਰ ਕਾਨੂੰਗੋ ਤਾਇਨਾਤ ਸੀ ਦੇ ਖਿਲਾਫ ਵੀ ਸਬੂਤ ਸਾਹਮਣੇ ਆਏ, ਜਿਨ੍ਹਾਂ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਵਿਜੀਲੈਂਸ ਵਿਭਾਗ ਵੱਲੋ ਇਸ ਸ਼ਾਮਲਾਤ ਦੀ ਜ਼ਮੀਨ ਦੇ ਨਜਾਇਜ਼ ਬਣੇ ਮਾਲਕਾ ਨੂੰ ਵੀ ਇਸ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਹੈ, ਜਿਨ੍ਹਾਂ ਵੱਲੋ ਇਹ ਸ਼ਾਮਲਾਤ ਦੀ ਜ਼ਮੀਨ ਦੀ ਮਾਲਕੀ ਹਾਸਲ ਕਰਕੇ ਇਸ ਜ਼ਮੀਨ ਉਪਰ ਬੈਂਕਾ ਪਾਸੋ ਲੱਖਾ ਰੁਪਏ ਦੇ ਲੋਨ ਹਾਸਲ ਕੀਤੇ ਗਏ ਹਨ। ਇਸ ਸਬੰਧ ਵਿੱਚ ਉਕਤ ਮੁਲਜ਼ਮਾ ਖਿਲਾਫ ਵਿਜੀਲੈਂਸ ਬਿਉਰੋ ਥਾਣਾ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਹਿੰਦ ਦੰਡਾਵਲੀ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ। ਉਧਰ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਪਟਵਾਰੀ ਜਗਜੀਤ ਸਿੰਘ ਜੱਗਾ ਆਪਣੀ ਪੂਰੀ ਨੌਕਰੀ ਦੌਰਾਨ ਚਰਚਾ ਵਿਚ ਰਿਹਾ ਹੈ।ਉਸਦੇ ਵਿਰੁਧ ਇਕ ਆਤਮ-ਹੱਤਿਆ ਦਾ ਮਾਮਲੇ ਵੀ ਦਰਜ਼ ਹੋਇਆ ਸੀ, ਜਿਸ ਵਿੱਚ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ। ਜਿਸਦੇ ਚੱਲਦੇ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ। ਪ੍ਰੰਤੂ ਬਾਅਦ ਵਿੱਚ ਜੇਲ੍ਹ ਤੋਂ ਬਾਹਰ ਹੋਣ ਤੋਂ ਬਾਅਦ ਉਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਸੀ।

ਵਿਜੀਲੈਂਸ ਬਿਉਰੋ ਵੱਲੋਂ ਏ.ਆਈ.ਜੀ. ਆਸ਼ੀਸ਼ ਕਪੂਰ ਵਿੱਤ ਤੋਂ ਵੱਧ ਸੰਪਤੀ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ

0

ਪੀ.ਪੀ.ਐਸ. ਅਧਿਕਾਰੀ ਨੇ ਨੌਕਰੀ ਦੌਰਾਨ ਕੁੱਲ ਆਮਦਨ ਤੋਂ 129.3 ਫੀਸਦ ਵੱਧ ਖਰਚਾ ਕੀਤਾ
ਮੁਹਾਲੀ ਦੀ ਅਦਾਲਤ ਵੱਲੋਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ, ਵਿਜੀਲੈਂਸ ਬਿਊਰੋ ਕੀਤਾ ਹਵਾਲੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ 31 ਮਈ : ਪੰਜਾਬ ਵਿਜੀਲੈਂਸ ਬਿਉਰੋ ਨੇ ਪੰਜਾਬ ਪੁਲਿਸ ਦੇ ਏ.ਆਈ.ਜੀ. ਆਸ਼ੀਸ਼ ਕਪੂਰ ਪੀ.ਪੀ.ਐਸ. ਵੱਲੋਂ ਨੌਕਰੀ ਦੌਰਾਨ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਆਮਦਨੀ ਦੇ ਜਾਣੂ ਸਰੋਤਾਂ ਤੋਂ ਵੱਧ ਨਾਜਾਇਜ਼ ਢੰਗ ਨਾਲ ਬੇਹਿਸਾਬ ਮਹਿੰਗੀਆਂ ਅਚੱਲ ਤੇ ਚੱਲ ਜਾਇਦਾਦਾਂ ਬਣਾਉਣ ਦੇ ਦੋਸ਼ ਸਾਬਤ ਹੋਣ ਪਿੱਛੋਂ ਆਸ਼ੀਸ਼ ਕਪੂਰ ਅਤੇ ਉਸ ਦੀ ਪਤਨੀ ਕਮਲ ਕਪੂਰ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਅਸ਼ੀਸ਼ ਕਪੂਰ ਨੂੰ ਕੇਂਦਰੀ ਜੇਲ ਪਟਿਆਲਾ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆ ਕੇ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਵਿਜੀਲੈਂਸ ਬਿਉਰੋ ਨੂੰ ਅਗਲੀ ਪੁੱਛਗਿੱਛ ਲਈ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਮਿਲ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਅਧਿਕਾਰੀ ਤੇ ਉਸਦੀ ਪਤਨੀ ਖਿਲਾਫ ਇੱਕ ਵਿਜੀਲੈਂਸ ਪੜਤਾਲ ਉਪਰੰਤ ਮੁਕੱਦਮਾ ਨੰਬਰ 21 ਮਿਤੀ 30-05-2023, ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ 13 (1)(ਬੀ), 13(2) ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਵਿਜੀਲੈਂਸ ਬਿਉਰੋ, ਉਡਣ ਦਸਤਾ-1, ਪੰਜਾਬ, ਮੋਹਾਲੀ ਦੇ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਆਸ਼ੀਸ਼ ਕਪੂਰ ਤੇ ਉਸ ਦੀ ਪਤਨੀ ਕਮਲ ਕਪੂਰ ਦੇ ਨਾਮ ਉਪਰ ਚੈੱਕ ਪੀਰੀਅਡ ਮਿਤੀ 01-08-2017 ਤੋਂ ਮਿਤੀ 31-08-2022 ਦੇ ਅਰਸੇ ਦੌਰਾਨ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਨਾਜਾਇਜ਼ ਢੰਗ ਨਾਲ ਹਾਸਲ ਕੀਤੀਆਂ ਬੇਹਿਸਾਬੀਆਂ ਮਹਿੰਗੀਆਂ ਅਚੱਲ ਜਾਇਦਾਦਾਂ ਮੌਜੂਦ ਹਨ ਜਿੰਨ੍ਹਾਂ ਦੀ ਬਾਜ਼ਾਰੀ ਕੀਮਤ ਰਜਿਸਟਰਡ ਕੀਮਤ ਨਾਲੋਂ ਕਾਫੀ ਜਿਆਦਾ ਹੈ। ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਵਿੱਚ ਸਾਲ 2020 ਵਿੱਚ ਕੋਨੇ ਵਾਲਾ ਰਿਹਾਇਸ਼ੀ ਪਲਾਟ ਨੰਬਰ 2010, ਰਕਬਾ 507.5 ਵਰਗ ਗਜ, ਸੈਕਟਰ-88, ਮੁਹਾਲੀ ਵਿਖੇ 90,16,100 ਰੁਪਏ ਵਿੱਚ ਖਰੀਦਿਆ ਹੈ। ਉਕਤ ਪਲਾਟ ਉਪਰ ਸਾਲ 2020-2022 ਦੌਰਾਨ ਨਵੀਨਤਮ ਸਹੂਲਤਾਂ ਸਮੇਤ ਆਲੀਸ਼ਾਨ ਦੋ ਮੰਜਿਲਾ ਕੋਠੀ ਦੀ ਉਸਾਰੀ ਕੀਤੀ ਜਿਸ ਉਪਰ ਅਨੁਮਾਨਤ ਖਰਚਾ 2,00,00,000 ਰੁਪਏ ਆਇਆ ਸੀ। ਇਸੇ ਤਰਾਂ ਪਿਛਲੇ ਸਾਲ 2022 ਵਿੱਚ ਉਨਾਂ ’ਦਿ ਪਾਮ ਕਾਲੋਨੀ, ਨਿਓ ਚੰਡੀਗੜ੍ਹ, ਮੁਹਾਲੀ ਵਿੱਚ 34,13,663 ਰੁਪਏ ਦੀ ਲਾਗਤ ਨਾਲ 241.11 ਵਰਗ ਗਜ ਦਾ ਇੱਕ ਰਿਹਾਇਸ਼ੀ ਪਲਾਟ ਨੰਬਰ 397 ਖ?ਰੀਦ ਕੀਤਾ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 63 ਦੇ ਬਲਾਕ ਨੰਬਰ-ਬੀ ਵਿੱਚ ਤਿੰਨ ਕਮਰਿਆਂ ਦਾ ਫਲੈਟ ਨੰਬਰ 2021 ਕੁੱਲ 20,41,65,400 ਰੁਪਏ ਵਿੱਚ ਖਰੀਦਿਆ। ਉਨਾਂ ਦੱਸਿਆ ਕਿ ਲਵੀਨ ਪੈਕੇਜਿੰਗ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਵਿਚ ਅਸ਼ੀਸ਼ ਕਪੂਰ ਦੀ ਪਤਨੀ ਦਾ 1/3 ਹਿੱਸਾ ਹੈ ਜਿਸ ਵਿੱਚ ਉਸ ਵੱਲੋਂ 15 ਲੱਖ ਰੁਪਏ ਨਿਵੇਸ਼ ਕੀਤੇ ਹੋਏ ਹਨ।ਉਕਤ ਤੋਂ ਇਲਾਵਾ ਆਸ਼ੀਸ਼ ਕਪੂਰ ਵੱਲੋਂ ਪਰਿਵਾਰ ਸਮੇਤ ਵਿਦੇਸ਼ੀ ਦੌਰਿਆਂ ਅਤੇ ਐਸ਼ੋ-ਅਰਾਮ ਦੀ ਜਿੰਦਗੀ ਬਿਤਾਉਣ ਉਪਰ ਲੱਖਾਂ ਰੁਪਏ ਖਰਚ ਕੀਤੇ ਗਏ। ਇਸ ਤੋਂ ਇਲਾਵਾ ਉਕਤ ਚੈੱਕ ਪੀਰੀਅਡ ਦੌਰਾਨ ਆਸ਼ੀਸ਼ ਕਪੂਰ, ਆਸ਼ੀਸ਼ ਕਪੂਰ ਐਂਡ ਸੰਨਜ (ਐਚ.ਯੂ.ਐਫ) ਅਤੇ ਉਸਦੀ ਪਤਨੀ ਕਮਲ ਕਪੂਰ ਦੇ ਨਾਮ ਉਪਰ ਵੱਖ-ਵੱਖ ਬੈਂਕਾਂ ਵਿੱਚ ਤਕਰੀਬਨ 10 ਬੈਂਕ ਖਾਤੇ ਖੁੱਲੇ ਹੋਏ ਹਨ ਜਿੰਨ੍ਹਾਂ ਵਿੱਚ ਤਕਰੀਬਨ 65,00,000 ਰੁਪਏ ਜਮਾਂ ਹੋਣੇ ਪਾਏ ਹਨ। ਉਕਤ ਮਿਥੇ ਚੈੱਕ ਪੀਰੀਅਡ ਦੌਰਾਨ ਆਸ਼ੀਸ਼ ਕਪੂਰ, ਆਸ਼ੀਸ਼ ਕਪੂਰ ਐਂਡ ਸੰਨਜ (ਐਚ.ਯੂ.ਐਫ) ਤੇ ਉਸਦੀ ਪਤਨੀ ਕਮਲ ਕਪੂਰ ਕੋਲ ਉਨ੍ਹਾਂ ਦੀ ਆਮਦਨੀ ਦੇ ਜਾਣੂ ਸ੍ਰੋਤਾਂ ਤੋਂ ਕੁੱਲ ਆਮਦਨ 2,44,64,871 ਰੁਪਏ ਹੋਣੀ ਪਾਈ ਗਈ ਜਦਕਿ ਇਸੇ ਅਰਸੇ ਦੌਰਾਨ ਉਨਾਂ ਵੱਲੋਂ 5,60,91,650 ਰੁਪਏ ਕੁੱਲ ਖਰਚਾ ਕੀਤਾ ਗਿਆ ਹੈ। ਇਸ ਤਰਾਂ ਉਨ੍ਹਾਂ ਵੱਲੋਂ 3,16,26,779 ਰੁਪਏ ਵੱਧ ਖਰਚਾ ਕੀਤਾ ਗਿਆ ਜੋ ਉਨ੍ਹਾਂ ਦੀ ਕੁੱਲ ਆਮਦਨ ਤੋਂ 129.3 ਫੀਸਦ ਵੱਧ ਹੈ।ਵਿਜੀਲੈਂਸ ਬਿਉਰੋ ਸਮੇਤ ਕਈ ਰਾਜ ਦੇ ਕਈ ਜਿਲਿਆਂ ਤੇ ਜੇਲ ਵਿਭਾਗ ਪੰਜਾਬ ਵਿੱਚ ਤਾਇਨਾਤ ਰਹੇ ਇਸ ਪੁਲਿਸ ਅਧਿਕਾਰੀ ਤੇ ਉਸਦੀ ਪਤਨੀ ਖਿਲਾਫ ਉਕਤ ਜਾਂਚ ਦੌਰਾਨ ਪ੍ਰਾਪਤ ਸਬੂਤਾਂ ਦੇ ਅਧਾਰ ਉਪਰ ਮੁਕੱਦਮਾ ਦਰਜ ਕਰਨ ਉਪਰੰਤ ਗ੍ਰਿਫਤਾਰੀ ਅਮਲ ਵਿੱਚ ਲਿਆ ਕੇ ਬਿਉਰੋ ਵੱਲੋਂ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਵਿਧਾਨ ਸਭਾ ਸਪੀਕਰ ਨੇ ਅਧਿਕਾਰੀਆਂ ਨੂੰ ਫ਼ਿਰੋਜ਼ਪੁਰ ਮਿਰਚ ਪੱਟੀ ਦੇ ਕਿਸਾਨਾਂ ਲਈ ਪ੍ਰੋਸੈਸਿੰਗ ਪਲਾਂਟ ਲਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ

ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਸਣੇ ਖੇਤੀਬਾੜੀ ਵਿਭਾਗ, ਮੰਡੀ ਬੋਰਡ ਅਤੇ ਪੰਜਾਬ ਐਗਰੋ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਪੰਜਾਬ ਐਗਰੋ ਨੂੰ ਮਿਰਚਾਂ ਦਾ ਮੁੱਲ ਤੈਅ ਕਰਨ ਸਮੇਂ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਮਈ:ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਖੇਤੀਬਾੜੀ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਫ਼ਿਰੋਜ਼ਪੁਰ ਮਿਰਚ ਪੱਟੀ ਦੇ ਕਿਸਾਨਾਂ ਲਈ ਪ੍ਰੋਸੈਸਿੰਗ ਪਲਾਂਟ ਲਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ ਹੈ। ਉਨ੍ਹਾਂ ਇੱਕ ਮਹੀਨੇ ਦੇ ਅੰਦਰ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।ਵਿਧਾਨ ਸਭਾ ਸਕੱਤਰੇਤ ਵਿਖੇ ਮਿਰਚ ਪੱਟੀ ਦੇ ਕਿਸਾਨਾਂ ਸਣੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ. ਸੰਧਵਾਂ ਨੇ ਕਿਹਾ ਕਿ ਫਿਰੋਜ਼ਪੁਰ ਪੱਟੀ ਦੇ ਕਿਸਾਨਾਂ ਵੱਲੋਂ ਇੱਕ ਅੰਦਾਜ਼ੇ ਮੁਤਾਬਕ ਕਰੀਬ 40,000 ਏਕੜ ਰਕਬੇ ’ਤੇ ਮਿਰਚ ਦੀ ਖੇਤੀ ਕੀਤੀ ਜਾਂਦੀ ਹੈ। ਇਸ ਨਾਲ ਪੰਜਾਬ ਦੀ, ਸਭ ਤੋਂ ਵੱਧ ਮਿਰਚ ਉਤਪਾਦਨ ਵਾਲੇ ਦੇਸ਼ ਮੈਕਸੀਕੋ ’ਤੇ ਨਿਰਭਰਤਾ ਘਟੇਗੀ, ਜੋ ਸੂਬੇ ਲਈ ਮਾਣ ਵਾਲੀ ਗੱਲ ਹੈ। ਇਸ ਲਈ ਸੂਬਾ ਸਰਕਾਰ ਦਾ ਫ਼ਰਜ਼ ਹੈ ਕਿ ਉਹ ਇਸ ਖੇਤਰ ਵਿੱਚ ਮਿਰਚ ਦੀ ਪ੍ਰੋਸੈਸਿੰਗ ਲਈ ਪਲਾਂਟ ਸਥਾਪਤ ਕਰੇ ਤਾਂ ਜੋ ਪੰਜਾਬ ਦੀ ਮਿਰਚ, ਜੋ ਰਾਜਸਥਾਨ ਦੇ ਜੈਪੁਰ ਵਿਖੇ ਵਿਕਦੀ ਹੈ ਅਤੇ ਮੁੜ ਘੁੰਮ ਕੇ ਅੰਮ੍ਰਿਤਸਰ ਦੀ ਮੰਡੀ ਵਿੱਚ ਵਿਕਣ ਲਈ ਆਉਂਦੀ ਹੈ, ਉਸ ਨੂੰ ਇਥੇ ਹੀ ਪ੍ਰੋਸੈਸ ਕਰਕੇ ਘਰੇਲੂ ਖਪਤ ਲਈ ਸਪਲਾਈ ਕੀਤੀ ਜਾ ਸਕੇ।ਸਪੀਕਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਖੇਤਰ ਦੀਆਂ ਮਿਰਚਾਂ ਲਈ ਪ੍ਰੋਸੈਸਿੰਗ ਪਲਾਂਟ ਅਤੇ ਮਿਰਚਾਂ ਨੂੰ ਸੁਕਾਉਣ ਲਈ ਡਰਾਇਰ ਲਾਉਣ, ਨਵੀਂਆਂ ਕਿਸਮਾਂ ਲਈ ਖੋਜ ਕੇਂਦਰ ਅਤੇ ਕੋਲਡ ਸਟੋਰੇਜ ਚੇਨ ਸਥਾਪਤ ਕਰਨ ਜਿਹੀਆਂ ਸਹੂਲਤਾਂ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣ। ਉਨ੍ਹਾਂ ਕਿਹਾ ਕਿ ਉਹ ਇੱਕ ਮਹੀਨੇ ਬਾਅਦ ਪ੍ਰਗਤੀ ਦੀ ਸਮੀਖਿਆ ਕਰਨਗੇ।ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਉਨ੍ਹਾਂ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਸ੍ਰੀ ਰਣਬੀਰ ਸਿੰਘ ਨੂੰ ਆਦੇਸ਼ ਦਿੱਤੇ ਕਿ ਉਹ ਮਿਰਚਾਂ ਦਾ ਮੁੱਲ ਤੈਅ ਕਰਨ ਸਮੇਂ ਕਿਸਾਨ ਨੁਮਾਇੰਦਿਆਂ ਨੂੰ ਸ਼ਾਮਲ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਵਲੋਂ ਇੱਕਜੁਟ ਹੋ ਕੇ ਮਿਰਚ ਦਾ ਮੁੱਲ ਤੈਅ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਇਨ੍ਹਾਂ ਕਿਸਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ।ਇਸੇ ਤਰ੍ਹਾਂ ਪੰਜਾਬ ਮੰਡੀ ਬੋਰਡ ਦੀ ਸਕੱਤਰ ਮੈਡਮ ਅੰਮ੍ਰਿਤ ਗਿੱਲ ਨੂੰ ਪਹਿਲ ਦੇ ਆਧਾਰ ’ਤੇ ਮੰਡੀਆਂ ਦੇ ਥੜ੍ਹੇ ਪੱਕੇ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੰਡੀਆਂ ਕਿਸਾਨਾਂ ਲਈ ਬਣਾਈਆਂ ਗਈਆਂ ਹਨ, ਇਸ ਲਈ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਮੰਡੀਆਂ ਦੀ ਵੱਧ ਤੋਂ ਵੱਧ ਵਰਤੋਂ ਕਿਸਾਨ ਵੱਲੋਂ ਕੀਤੀ ਜਾਵੇ ਨਾਕਿ ਵਪਾਰੀ ਵਰਗ ਨੂੰ ਪਹਿਲ ਦੇ ਕੇ ਕਿਸਾਨਾਂ ਨੂੰ ਦਰਕਿਨਾਰ ਕੀਤਾ ਜਾਵੇ।ਮੀਟਿੰਗ ਦੌਰਾਨ ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ, ਵਿਧਾਇਕ ਧਰਮਕੋਟ ਸ. ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆ, ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਮੰਗਲ ਸਿੰਘ, ਬਾਗ਼ਬਾਨੀ ਵਿਭਾਗ ਦੇ ਸਕੱਤਰ ਸ. ਅਰਸ਼ਦੀਪ ਸਿੰਘ ਥਿੰਦ ਤੇ ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ ਅਤੇ ਮਿਰਚ ਪੱਟੀ ਦੇ ਕਿਸਾਨ ਹਰਦੀਪ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।

ਮੁੱਖ ਮੰਤਰੀ ਵੱਲੋਂ ਚੰਨੀ ਬਾਰੇ ਸਨਸਨੀਖ਼ੇਜ਼ ਖੁਲਾਸੇ, ਪ੍ਰਤਿਭਾਵਾਨ ਕ੍ਰਿਕਟ ਖਿਡਾਰੀ ਜਸਇੰਦਰ ਸਿੰਘ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ

0

ਨੌਜਵਾਨੀ ਬਰਬਾਦ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਮਈ : ਨੌਕਰੀ ਬਦਲੇ ਪੈਸੇ ਮੰਗਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦਾ ਪਰਦਾਫਾਸ਼ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕ੍ਰਿਕਟ ਖਿਡਾਰੀ ਜਸਇੰਦਰ ਸਿੰਘ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਿਸ ਪਾਸੋਂ ਨੌਕਰੀ ਦੇਣ ਬਦਲੇ ਰਿਸ਼ਵਤ ਮੰਗੀ ਗਈ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਮੀਡੀਆ ਸਾਹਮਣੇ ਇਸ ਕੇਸ ਨਾਲ ਜੁੜੇ ਤੱਥ ਵੀ ਪੇਸ਼ ਕੀਤੇ।ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਦੇ ਭਤੀਜੇ ਜਸ਼ਨ ਨੇ ਜਸਇੰਦਰ ਵੱਲੋਂ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦਾ ਟੈਸਟ ਕਲੀਅਰ ਕਰਨ ਦੇ ਇਵਜ਼ ਵਿਚ ਨੌਕਰੀ ਦੇਣ ਲਈ ਉਸ ਪਾਸੋਂ 2 ਕਰੋੜ ਰੁਪਏ ਰਿਸ਼ਵਤ ਮੰਗੀ ਸੀ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਸ਼ਰੇਆਮ ਨੌਕਰੀਆਂ ਵਿਕਦੀਆਂ ਸਨ ਜਿਸ ਨਾਲ ਇਸ ਪ੍ਰਤਿਭਾਵਾਨ ਖਿਡਾਰੀ ਦਾ ਸ਼ਾਨਦਾਰ ਖੇਡ ਜੀਵਨ ਤਬਾਹ ਹੋ ਗਿਆ। ਭਗਵੰਤ ਮਾਨ ਨੇ ਕਿਹਾ ਕਿ ਜਸਇੰਦਰ ਤੇ ਉਨ੍ਹਾਂ ਦੇ ਪਿਤਾ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਇਕ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਤਤਕਾਲੀ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਉਨ੍ਹਾਂ (ਸਾਬਕਾ ਮੁੱਖ ਮੰਤਰੀ) ਨੂੰ ਸਮੁੱਚੇ ਕੇਸ ਬਾਰੇ ਜਾਣੂੰ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਚੰਨੀ ਨੇ ਇਹ ਕੇਸ ਪ੍ਰਵਾਨਗੀ ਲਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆਉਣ ਲਈ ਸਹਿਮਤੀ ਦਿੱਤੀ ਸੀ ਪਰ ਜਸਇੰਦਰ ਨੂੰ ਜਸ਼ਨ ਨੂੰ ਜਾ ਕੇ ਮਿਲਣ ਲਈ ਆਖਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਜਸਇੰਦਰ ਤੇ ਉਸ ਦੇ ਪਿਤਾ ਚੰਨੀ ਦੇ ਭਤੀਜੇ ਨੂੰ ਮਿਲੇ ਤਾਂ ਉਸ ਨੇ ਨੌਕਰੀ ਲਈ 2 ਕਰੋੜ ਰੁਪਏ ਦੇਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਪੈਸੇ ਦੇਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਇਕ ਸਮਾਗਮ ਦੌਰਾਨ ਜਸਇੰਦਰ ਅਤੇ ਉਸ ਦੇ ਪਿਤਾ ਦੀ ਜਨਤਕ ਤੌਰ ’ਤੇ ਝਾੜ-ਝੰਬ ਕੀਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਇਸ ਰਵੱਈਏ ਕਾਰਨ ਜਸਇੰਦਰ ਨੂੰ ਨੌਕਰੀ ਨਹੀਂ ਮਿਲ ਸਕੀ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਿਰਧਾਰਤ ਮਾਪਦੰਡਾਂ ਅਨੁਸਾਰ ਜਸਇੰਦਰ ਨੂੰ ਨੌਕਰੀ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਜਿਹੇ ਗਲਤ ਕੰਮਾਂ ਰਾਹੀਂ ਸੂਬੇ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਨੇ ਸੂਬੇ ਅਤੇ ਇਸ ਦੀ ਜਵਾਨੀ ਵਿਰੁੱਧ ਘਿਨਾਉਣੀਆਂ ਹਰਕਤਾਂ ਕੀਤੀਆਂ, ਉਸ ਨੂੰ ਹਰਗਿਜ਼ ਬਖ਼ਸ਼ਿਆ ਨਹੀਂ ਜਾਵੇਗਾ।ਸਾਬਕਾ ਮੁੱਖ ਮੰਤਰੀ ਵੱਲੋਂ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਇਸ ਕੇਸ ਦਾ ਕੋਈ ਇਲਮ ਨਾ ਹੋਣ ਬਾਰੇ ਕੀਤੇ ਖੇਖਣ ’ਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਆਪਣੇ ਜ਼ਮੀਰ ਅੰਦਰ ਝਾਤੀ ਮਾਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਸਾਬਕਾ ਮੁੱਖ ਮੰਤਰੀ ਦੇ ਪਰਿਵਾਰ ਦੇ ਮਾੜੇ ਕਾਰਨਾਮਿਆਂ ਕਾਰਨ ਪੂਰਾ ਪੰਜਾਬ ਅਤੇ ਖਾਸ ਕਰਕੇ ਖੇਡ ਖੇਤਰ ਨੂੰ ਸ਼ਰਮਸਾਰ ਹੋਣਾ ਪਿਆ। ਭਗਵੰਤ ਮਾਨ ਨੇ ਕਿਹਾ ਕਿ ਜਸਇੰਦਰ, ਜੋ ਕਿ ਰਣਜੀ ਟਰਾਫੀ ਦਾ ਸਾਬਕਾ ਖਿਡਾਰੀ ਹੈ ਅਤੇ ਕਈ ਨਾਮੀਂ ਟੂਰਨਾਮੈਂਟਾਂ ਵਿੱਚ ਖੇਡ ਚੁੱਕਾ ਹੈ, ਨੇ ਖੇਡ ਕੋਟੇ ਤਹਿਤ ਪੀ.ਪੀ.ਐਸ.ਸੀ. ਰਾਹੀਂ ਨੌਕਰੀ ਲਈ ਅਰਜ਼ੀ ਦਿੱਤੀ ਸੀ।ਮੁੱਖ ਮੰਤਰੀ ਨੇ ਕਿਹਾ ਕਿ ਜਸਇੰਦਰ ਜਿਸ ਨੂੰ ਖੇਡ ਵਿਭਾਗ ਵੱਲੋਂ ਬੀ ਗਰੇਡਿੰਗ ਦਿੱਤੀ ਗਈ ਸੀ, ਨੇ ਖੇਡ ਵਰਗ ਦੇ ਕਟਆਫ਼ ਦੇ ਮੁਕਾਬਲੇ 198.5 ਅੰਕ ਪ੍ਰਾਪਤ ਕੀਤੇ ਜਦਕਿ ਖੇਡ ਕੈਟਾਗਰੀ ਦੇ 132.5 ਅੰਕ ਸਨ। ਉਨ੍ਹਾਂ ਕਿਹਾ ਕਿ ਜਸਇੰਦਰ ਨੂੰ ਜਨਰਲ ਕੈਟਾਗਰੀ ਵਿੱਚ ਵਿਚਾਰਿਆ ਗਿਆ ਸੀ ਜਦੋਂਕਿ ਉਸ ਨੇ ਅਪਲਾਈ ਖੇਡ ਕੋਟੇ ਤਹਿਤ ਕੀਤਾ ਸੀ। ਭਗਵੰਤ ਮਾਨ ਨੇ ਕਿਹਾ ਕਿ ਨਿਰਾਸ਼ ਜਸਇੰਦਰ ਨੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ ਜਿਨ੍ਹਾਂ ਦੇ ਓ.ਐਸ.ਡੀ. ਐਮ.ਪੀ. ਸਿੰਘ ਨੇ ਉਨ੍ਹਾਂ ਨੂੰ ਸਾਰਾ ਕੇਸ ਪੜ੍ਹ ਕੇ ਸੁਣਾਇਆ ਸੀ।ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਨੇ ਸਬੰਧਤ ਅਧਿਕਾਰੀਆਂ ਨੂੰ ਮਾਮਲੇ ਦੀ ਘੋਖ ਕਰਕੇ ਪ੍ਰਵਾਨਗੀ ਲਈ ਮੰਤਰੀ ਮੰਡਲ ਅੱਗੇ ਰੱਖਣ ਲਈ ਕਿਹਾ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੈਪਟਨ ਨੂੰ ਅਹੁਦੇ ਤੋਂ ਲਾਹ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਚੰਨੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਹੀ ਨੌਕਰੀ ਬਦਲੇ ਪੈਸੇ ਦੀ ਘਟੀਆ ਖੇਡ ਸ਼ੁਰੂ ਹੋ ਗਈ।ਮੁੱਖ ਮੰਤਰੀ ਨੇ ਪ੍ਰਣ ਕੀਤਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਕਿਸੇ ਵੀ ਕਿਸਮ ਦੇ ਮਾਫੀਆ ਨੂੰ ਸਿਰ ਨਹੀਂ ਚੁੱਕਣ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਸੂਬੇ ਦੀ ਦੌਲਤ ਲੁੱਟਣ ਵਾਲਿਆਂ ਖ਼?ਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਭ੍ਰਿਸ਼ਟਾਚਾਰ ਵਿੱਚ ਡੁੱਬੇ ਲੋਕਾਂ ਨੂੰ ਉਨ੍ਹਾਂ ਦੇ ਗੁਨਾਹਾਂ ਲਈ ਜਵਾਬਦੇਹ ਬਣਾਇਆ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਜਸਇੰਦਰ ਜੋ ਕਿ ਇਸ ਸਮੇਂ ਕਿੰਗਜ਼ ਇਲੈਵਨ ਕ੍ਰਿਕਟ ਟੀਮ ਵੱਲੋਂ ਖੇਡ ਰਿਹਾ ਹੈ, ਨੇ ਹਾਲ ਹੀ ਵਿੱਚ ਧਰਮਸ਼ਾਲਾ ਦੇ ਦੌਰੇ ਦੌਰਾਨ ਉਨ੍ਹਾਂ ਨੂੰ ਆਪਣੀ ਸਾਰੀ ਦੁੱਖ ਭਰੀ ਵਿਥਿਆ ਸੁਣਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਦਾ ਪਰਦਾਫਾਸ਼ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿੱਚ ਖੇਡਾਂ ਅਤੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪਹਿਲਕਦਮੀ ਕੀਤੀ ਪਰ ਦੂਜੇ ਪਾਸੇ ਚੰਨੀ ਵਰਗੇ ਲੋਕਾਂ ਨੇ ਖੇਡਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦੀ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ ਅਤੇ ਉੱਭਰਦੇ ਖਿਡਾਰੀਆਂ ਲਈ ਨਕਦ ਇਨਾਮ ਸਮੇਤ ਲਏ ਗਏ ਹੋਰ ਕਦਮ ਵੀ ਚੁੱਕੇ ਗਏ।