Home Blog Page 2094

ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਦਾ ਹਾਲ ਜਾਣਨ ਲਈ ਪੁੱਜੇ ਸਪੀਕਰ ਸੰਧਵਾਂ

0

ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 31 ਮਈ :- ਅਕਾਲੀ ਦਲ ਬਾਦਲ ਦੇ ਸਾਬਕਾ ਜਿਲਾ ਪ੍ਰਧਾਨ ਅਤੇ ਸ਼ੋਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਬਕਾ ਮੈਂਬਰ ਜਥੇਦਾਰ ਮੱਖਣ ਸਿੰਘ ਨੰਗਲ ਦੇ ਗ੍ਰਹਿ ਵਿਖੇ ਪੁੱਜ ਕੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਉਹਨਾਂ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਉਹਨਾ ਨਾਲ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਪੀਆਰਓ, ਅਮਨਦੀਪ ਸਿੰਘ ਸੰਧੂ ਪੀ.ਏ., ‘ਆਪ’ ਆਗੂ ਜਗਤਾਰ ਸਿੰਘ ਨੰਗਲ ਅਤੇ ਹੋਰ ਵੀ ਪਾਰਟੀ ਵਰਕਰ ਹਾਜਰ ਸਨ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਜਥੇਦਾਰ ਨੰਗਲ ਦੇ ਦਿਮਾਗ ਦੇ ਉੱਪਰਲੇ ਪਾਸੇ ਅਚਾਨਕ ਬਣੀਆਂ ਰਸੋਲੀਆਂ ਦਾ ਆਪ੍ਰੇਸ਼ਨ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਹੋਇਆ ਸੀ ਤੇ ਹੁਣ ਉਹ ਆਪਣੇ ਘਰ ਵਿਖੇ ਆਰਾਮ ਕਰ ਰਹੇ ਹਨ। ਸਪੀਕਰ ਸੰਧਵਾਂ ਨੇ ਉਹਨਾ ਦੀ ਜਲਦ ਤੰਦਰੁਸਤੀ ਅਤੇ ਸਿਹਤਯਾਬੀ ਦੀ ਕਾਮਨਾ ਕਰਦਿਆਂ ਆਖਿਆ ਕਿ ਉਹ ਜਲਦ ਤੰਦਰੁਸਤ ਹੋ ਕੇ ਲੋਕਾਂ ਦੀ ਸੇਵਾ ਕਰਨਗੇ ਅਰਥਾਤ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਯਤਨਸ਼ੀਲ ਰਹਿਣਗੇ। ਜਥੇਦਾਰ ਨੰਗਲ ਦੇ ਬੇਟੇ ਪ੍ਰਤਾਪ ਸਿੰਘ ਨੰਗਲ ਸਾਬਕਾ ਸਰਪੰਚ ਨੇ ਦੱਸਿਆ ਕਿ ਜਥੇਦਾਰ ਜੀ ਕੁਝ ਦਿਨ ਆਪਣੀ ਬੇਟੀ ਕੋਲ ਅਮਰੀਕਾ ਵਿਖੇ ਰਹਿ ਕੇ ਆਏ ਹਨ ਤੇ ਉਹਨਾਂ ਦੇ ਸਿਰ ’ਚ ਕੋਈ ਤਕਲੀਫ ਨਾ ਹੋਣ ਦੇ ਬਾਵਜੂਦ ਵੀ ਰਸੋਲੀਆਂ ਦਾ ਪਤਾ ਲੱਗਾ ਤੇ ਜਦ ਮੋਹਾਲੀ ਦੇ ਨਿੱਜੀ ਹਸਪਤਾਲ ਵਿਖੇ ਜਾ ਕੇ ਚੈੱਕਅਪ ਕਰਵਾਇਆ ਤਾਂ ਉਹਨਾਂ ਨੇ ਤੁਰਤ ਆਪ੍ਰੇਸ਼ਨ ਦੀ ਸਲਾਹ ਦਿੱਤੀ।

 

ਪਬਲਿਕ ਲਾਇਬ੍ਰੇਰੀ ਬਠਿੰਡਾ ਦੇ ਹੱਕ ਵਿੱਚ ਡਟੇ ਸਾਹਿਤਕਾਰ

ਸੁਖਜਿੰਦਰ ਮਾਨ
ਬਠਿੰਡਾ,31 ਮਈ: 1938 ਤੋਂ ਸਾਹਿਤ ਅਤੇ ਪੁਸਤਕ ਸੱਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀ ਸਤਿਆਪਾਲ ਆਜ਼ਾਦ ਪਬਲਿਕ ਲਾਇਬ੍ਰੇਰੀ ਬਠਿੰਡਾ ਨੂੰ ਨਗਰ ਨਿਗਮ ਵੱਲੋਂ ਅਪਣੇ ਕਬਜ਼ੇ ਵਿਚ ਲੈਣ ਦੇ ਫੈਸਲੇ ਦੀ ਅਗਾਂਹਵਧੂ ਹਲਕਿਆਂ ਨੇ ਨਿੰਦਿਆ ਕੀਤੀ ਹੈ। ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਨੇ ਆਪਣੀ ਕਾਰਜਕਾਰਨੀ ਕਮੇਟੀ ਵਿੱਚ ਇਸ ਮਾਮਲੇ ਤੇ ਵਿਚਾਰ ਕਰਕੇ ਪਬਲਿਕ ਲਾਇਬ੍ਰੇਰੀ ਦਾ ਡਟਵਾਂ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਇੱਕ ਵਫਦ ਵੱਲੋਂ ਪਬਲਿਕ ਲਾਇਬ੍ਰੇਰੀ ਦੇ ਪ੍ਰਬੰਧਕਾਂ ਨੂੰ ਮਿਲ ਕੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ, ਜਨਰਲ ਸਕੱਤਰ ਰਣਜੀਤ ਗੌਰਵ,ਕਾ.ਜਰਨੈਲ ਭਾਈਰੂਪਾ, ਰਣਬੀਰ ਰਾਣਾ, ਬਲਵਿੰਦਰ ਸਿੰਘ ਭੁੱਲਰ ਨੇ ਪਬਲਿਕ ਲਾਇਬ੍ਰੇਰੀ ਦੇ ਸਕੱਤਰ ਕੁਲਦੀਪ ਢੀਂਗਰਾ ਨਾਲ ਮੁਲਾਕਾਤ ਕੀਤੀ ਅਤੇ ਇਸ ਸੰਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ। ਸਾਹਿਤ ਸਭਾ ਦੇ ਆਗੂਆਂ ਨੇ ਨਿਗਮ ਅਧਿਕਾਰੀਆਂ ਦੇ ਪੱਖਪਾਤੀ ਰਵਈਏ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਪਬਲਿਕ ਲਾਇਬ੍ਰੇਰੀ ਦੇ ਜਮੂਹਰੀ ਅਤੇ ਲੋਕਾਂ ਦੇ ਚੁਣੇ ਹੋਏ ਪ੍ਰਵਾਨਿਤ ਪ੍ਰਬੰਧ ਵਿਚ ਦਖਲ ਅੰਦਾਜੀ ਬੰਦ ਕੀਤੀ ਜਾਵੇ। ਲੇਖਕਾਂ ਨੇ ਕਿਹਾ ਕਿ ਪਬਲਿਕ ਲਾਇਬ੍ਰੇਰੀ ਦੇ ਆਗੂ ਜੋ ਵੀ ਸੰਘਰਸ਼ ਕਰਨਗੇ ਸਮੁੱਚਾ ਲੇਖਕ ਅਤੇ ਪਾਠਕ ਭਾਈਚਾਰਾ ਡਟ ਕੇ ਉਨ੍ਹਾਂ ਦੇ ਨਾਲ ਖੜ੍ਹੇਗਾ। ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਇਸ ਵਫਦ ਨੇ ਲਾਇਬ੍ਰੇਰੀ ਦੇ ਸਕੱਤਰ ਨੂੰ ਲਾਇਬ੍ਰੇਰੀ ਦੇ ਪ੍ਰਬੰਧਾਂ ਵਿੱਚ ਵੀ ਲੇਖਕਾਂ ਦੀ ਸ਼ਮੂਲੀਅਤ ਦੀ ਅਪੀਲ ਵੀ ਕੀਤੀ।ਇਸ ਤੋਂ ਪਹਿਲਾਂ ਵੀ ਬਠਿੰਡੇ ਵਿੱਚ ਸਰਗਰਮ ਸਾਹਿਤਕ ਸੰਸਥਾਵਾਂ ਨੇ ਮੀਟਿੰਗ ਕਰਕੇ ਆਪਣਾ ਸਮਰਥਨ ਦੇਣ ਦਾ ਫੈਸਲਾ ਅਤੇ ਐਲਾਨ ਕੀਤਾ ਸੀ।

ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ 20ਵਾਂ 21 ਰੋਜ਼ਾ ਸਵੈ-ਰੁਜ਼ਗਾਰ ਕੈਂਪ 1 ਜੂਨ ਤੋਂ ਸ਼ੁਰੂ : ਵੀਨੂੰ ਗੋਇਲ

0

ਡਾਇਮੰਡ ਵੈਲਫੇਅਰ ਸੁਸਾਇਟੀ ਦੇ ਯਤਨਾਂ ਸਦਕਾ ਹਜ਼ਾਰਾਂ ਔਰਤਾਂ ਨੂੰ ਬਣਾਇਆ ਆਤਮ ਨਿਰਭਰ
ਸੁਖਜਿੰਦਰ ਮਾਨ
ਬਠਿੰਡਾ,31 ਮਈ: ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ 1 ਜੂਨ ਤੋਂ ਸਰਕਾਰੀ ਗਰਲਜ਼ ਸਕੂਲ ਮਾਲ ਰੋਡ ਅਤੇ ਸਰਕਾਰੀ ਆਦਰਸ਼ ਸਕੂਲ ਬਠਿੰਡਾ ਵਿਖੇ 20ਵਾਂ 21 ਰੋਜ਼ਾ ਸਵੈ-ਰੁਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਅੱਜ ਇਸਦੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਵੀਨੂੰ ਗੋਇਲ ਨੇ ਦੱਸਿਆ ਕਿ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਪਿਛਲੇ 19 ਸਾਲਾਂ ਤੋਂ ਹਰ ਸਾਲ 21 ਰੋਜ਼ਾ ਸਵੈ-ਰੁਜ਼ਗਾਰ ਕੈਂਪ ਲਗਾਇਆ ਜਾਂਦਾ ਹੈ, ਜਿਸ ਤਹਿਤ ਇਹ ਕੈਂਪ ਸਰਕਾਰੀ ਕੰਨਿਆ ਸਕੂਲ ਮਾਲ ਰੋਡ ਅਤੇ ਸਰਕਾਰੀ ਆਦਰਸ਼ ਸਕੂਲ ਵਿੱਚ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 1 ਜੂਨ ਤੋਂ ਉਕਤ ਕੈਂਪ ਵਿੱਚ ਸਿਖਲਾਈ ਲੈਣ ਵਾਲੀਆਂ ਔਰਤਾਂ ਦੀ ਰਜਿਸਟਰੇਸ਼ਨ ਸ਼ੁਰੂ ਕੀਤੀ ਜਾਵੇਗੀ, ਜਦਕਿ ਇਹ ਕੈਂਪ 1 ਜੂਨ ਤੋਂ 25 ਜੂਨ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਚੱਲੇਗਾ, ਜਿਸ ਵਿੱਚ ਸਿਲਾਈ, ਕਢਾਈ, ਬਿਊਟੀਸ਼ੀਅਨ, ਮਹਿੰਦੀ, ਪੇਂਟਿੰਗ ਅਤੇ ਹੋਰ ਕਈ ਤਰ੍ਹਾਂ ਦੇ ਕੋਰਸ ਮੁਫ਼ਤ ਪੜ੍ਹਾਏ ਜਾਣਗੇ। ਉਕਤ ਕੈਂਪ ਦੇ ਡਾਇਰੈਕਟਰ ਐਮ.ਕੇ ਮੰਨਾ ਨੇ ਦੱਸਿਆ ਕਿ 1 ਜੂਨ ਤੋਂ 5 ਜੂਨ ਤੱਕ ਰਜਿਸਟਰੇਸ਼ਨ ਫਾਰਮ ਭਰੇ ਜਾਣਗੇ ਅਤੇ ਉਸ ਤੋਂ ਬਾਅਦ ਟਰੇਨਿੰਗ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨਾਲ ਪਿੰਕੀ ਬਰਾੜ, ਸੰਤੋਸ਼ ਸ਼ਰਮਾ ਅਤੇ ਮਨਦੀਪ ਸਿੱਧੂ ਮੌਜੂਦ ਸਨ। ਸੰਤੋਸ਼ ਸ਼ਰਮਾ ਨੇ ਦੱਸਿਆ ਕਿ ਸਾਲ 2003 ਤੋਂ ਸ਼ੁਰੂ ਕੀਤੀ ਗਈ ਸਵੈ-ਨਿਰਭਰਤਾ ਮੁਹਿੰਮ ਤਹਿਤ ਹੁਣ ਤੱਕ ਲਗਭਗ ਹਰ ਵਰਗ ਦੀਆਂ 30000 ਤੋਂ ਵੱਧ ਔਰਤਾਂ ਕੈਂਪ ਵਿੱਚ ਸਿਖਲਾਈ ਲੈ ਚੁੱਕੀਆਂ ਹਨ। ਮਨਦੀਪ ਸਿੱਧੂ ਨੇ ਦੱਸਿਆ ਕਿ ਉਕਤ ਕੈਂਪ ਵਿੱਚ ਕਿਸੇ ਵੀ ਉਮਰ ਵਰਗ ਦੀਆਂ ਲੜਕੀਆਂ ਅਤੇ ਔਰਤਾਂ ਭਾਗ ਲੈ ਸਕਦੀਆਂ ਹਨ।

ਜਥੇਬੰਦੀ ਨੇ ਆਗੂ ਨੂੰ ਰਿਟਾਇਰਮੈਂਟ ’ਤੇ ਦਿੱਤੀ ਵਿਦਾਇਗੀ ਪਾਰਟੀ

ਸੁਖਜਿੰਦਰ ਮਾਨ
ਬਠਿੰਡਾ,31 ਮਈ: ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਤੇ ਪ ਸ ਸ ਫ ਦੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਮੱਖਣ ਸਿੰਘ ਖਣਗਵਾਲ ਅੱਜ ਆਪਣੀ ਸ਼ਾਨਦਾਰ ਸੇਵਾ ਤੋਂ ਬਤੌਰ ਸੇਵਾਦਾਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਮੰਡਲ ਬਠਿੰਡਾ ਤੋ ਰਿਟਾਇਰ ਹੋ ਗਏ। ਉਨ੍ਹਾਂ ਨੂੰ ਅੱਜ ਜਥੇਬੰਦੀ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਜੇ ਪੀ ਐਮ ਓ ਆਗੂ ਪ੍ਰਕਾਸ਼ ਸਿੰਘ ਨੰਦਗੜ ਨੇ ਕਿਹਾ ਕਿ ਮੱਖਣ ਸਿੰਘ ਖਣਗਵਾਲ ਨੇ ਆਪਣੀ ਸਾਰੀ ਸਰਵਿਸ ਦੌਰਾਨ ਜਥੇਬੰਦੀ ਦੀ ਸੇਵਾ ਕੀਤੀ, ਉਥੇ ਪਰਿਵਾਰ ਨੂੰ ਵੀ ਵਧੀਆ ਸਮਾਂ ਦਿੰਦੇ ਹੋਏ ਪੜ੍ਹਾ ਲਿਖਾ ਕੇ ਨੌਕਰੀਆਂ ’ਤੇ ਕਾਬਲ ਬਣਾਇਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਿਸ਼ੋਰ ਚੰਦ ਗਾਜ਼ ਨੇ ਕਿਹਾ ਕਿ ਮਹਿਕਮਾ ਪੰਜਾਬ ਸਪਲਾਈ ਐਂਡ ਸੀਵਰੇਜ ਬੋਰਡ ਵਿੱਚ ਪੈਨਸ਼ਨ ਸਕੀਮ ਨਾਂ ਹੋਣ ਕਾਰਨ ਸ਼ਾਨਦਾਰ ਸੇਵਾ ਕਰਨ ਉਪਰੰਤ ਕਰਮਚਾਰੀਆਂ ਨੂੰ ਪੈਨਸ਼ਨ ਵੱਜੋਂ ਖਾਲੀ ਹੱਥ ਘਰਾਂ ਨੂੰ ਜਾਣਾ ਪੈਂਦਾ ਹੈ ਚਾਹੇ ਕਰਮਚਾਰੀਆਂ ਨੂੰ ਸੀਪੀਐਫ ਦੇ ਰੂਪ ਵਿਚ ਕੁਝ ਪੈਸਾ ਮਿਲਦਾ ਹੈ ਪਰ ਪੈਨਸ਼ਨ ਇੱਕ ਬੁਢਾਪੇ ਵਿੱਚ ਕਰਮਚਾਰੀ ਡਗੋਰੀ ਹੁੰਦੀ ਹੈ, ਜਿਸਦੇ ਚੱਲਦੇ ਸਰਕਾਰ ਆਪਣੇ ਵਾਅਦੇ ਅਨੁਸਾਰ ਬੋਰਡਾਂ/ਕਾਰਪੋਰੇਸ਼ਨਾਂ ਵਿੱਚ ਪੈਨਸ਼ਨ ਸਕੀਮ ਲਾਗੂ ਕਰਕੇ ਮੁਲਾਜ਼ਮਾਂ ਵਿੱਚ ਵਿਤਕਰਾ ਖਤਮ ਕਰੇ। ਵਿਦਾਇਗੀ ਪਾਰਟੀ ਨੂੰ ਸੂਬਾਈ ਆਗੂ ਸੁਖਚੈਨ ਸਿੰਘ, ਕੁਲਵਿੰਦਰ ਸਿੰਘ ਤੇ ਦਰਸ਼ਨ ਸ਼ਰਮਾ, ਸਨੀਲ ਕੁਮਾਰ, ਹਰਪ੍ਰੀਤ ਸਿੰਘ ਅਮਨਦੀਪ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸੁਬਾਈ ਲੀਡਰਸਿੱਪ ਨੇ ਵੀ ਵਧਾਈ ਸੰਦੇਸ਼ ਭੇਜੇ ਗਏ।

ਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁਧ ਚਲਾਈ ਮੁਹਿੰਮ, ਭਾਰੀ ਮਾਤਰਾ ’ਚ ਨਸੀਲੇ ਪਦਾਰਥ ਬਰਾਮਦ

0

ਸੁਖਜਿੰਦਰ ਮਾਨ
ਬਠਿੰਡਾ , 31 ਮਈ: ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਸੂਬੀ ਪੱਧਰੀ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਵਲੋਂ ਨਸ਼ਿਆਂ ਵੀ ਨਸ਼ਾ ਤਸਕਰਾਂ ਵਿਰੁਧ ਮੁਹਿੰਮ ਵਿੱਢੀ ਗਈ। ਕਰੀਬ ਸੁਵੱਖਤੇ ਤੋਂ ਹੀ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ’ਚ ਸੈਕੜੇ ਪੁਲਿਸ ਮੁਲਾਜਮਾਂ ਵਲੋਂ ਸ਼ੱਕੀ ਘਰਾਂ ਤੇ ਥਾਵਾਂ ਦੀ ਤਲਾਸ਼ੀ ਲਈ ਗਈ। ‘ਓ.ਪੀ.ਐਸ. ਕਲੀਨ’ ਨਾਂ ਦੀ ਇਸ ਮੁਹਿੰਮ ਦੀ ਅਗਵਾਈ ਖੁਦ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਵਲੋਂ ਕੀਤੀ ਗਈ ਤੇ ਤਿੰਨ ਐਸ.ਪੀਜ਼ ਅਤੇ ਸੱਤ ਡੀਐਸਪੀਜ਼ ਸਹਿਤ ਸਮੂਹ ਥਾਣਾ ਮੁਖੀਆਂ ਦੀ ਅਗਵਾਈ ਹੇਠ ਕਰੀਬ 25 ਟੀਮਾਂ ਬਣਾ ਕੇ 500 ਮੁਲਾਜਮ ਸ਼ਾਮਲ ਕੀਤੇ ਗਏ। ਐਸ.ਐਸ.ਪੀ ਸ: ਖੁਰਾਣਾ ਨੇ ਦਸਿਆ ਕਿ ਇੰਨ੍ਹਾਂ ਟੀਮਾਂ ਵਲੋਂ ਪਿਛਲੇ ਸਮੇਂ ਦੌਰਾਨ ਨਸ਼ਾ ਤਸਕਰੀ ਦੇ ਕਾਰੋਬਾਰ ਵਿਚ ਸ਼ਾਮਲ ਰਹੇ 145 ਸ਼ੱਕੀ ਬੰਦਿਆਂ ਦੇ ਘਰਾਂ ਅਤੇ ਟਿਕਾਣਿਆਂ ਆਦਿ ਦੀ ਤਲਾਸ਼ੀ ਲਈ ਗਈ। ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਚਲਾਏ ਗਏ ਇਸ ਆਪ੍ਰੇਸ਼ਨ ਦੌਰਾਨ ਪੁਲਿਸ ਵਲੋਂ ਪੰਜ ਥਾਵਾਂ ਤੋਂ ਨਸ਼ੇ ਬਰਾਮਦ ਕੀਤੇ ਗਏ। ਜਿੰਨ੍ਹਾਂ ਵਿਚ 120 ਗ੍ਰਾਮ ਹੈਰੋਇਨ ਅਤੇ ਇਕ ਹੌਂਡਾ ਸਿਟੀ ਕਾਰ ਤੋਂ ਇਲਾਵਾ 9 ਕਿਲੋ ਭੁੱਕੀ ਤੇ 40 ਲਿਟਰ ਲਾਹਨ ਵੀ ਬਰਾਮਦ ਕੀਤੀ ਗਈ। ਇਸ ਸਬੰਧੀ ਵੱਖ ਵੱਖ ਸਬੰਧਤ ਥਾਣਿਆਂ ਵਿੱਚ 4 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੌੜ ਦੇ ਮੈਡੀਕਲ ਸਟੋਰ ਦੀ ਤਲਾਸ਼ੀ ਦੌਰਾਨ ਉਸਦਾ ਸੰਚਾਲਕ ਤਰਸੇਮ ਚੰਦ ਉਰਫ ਢੈਪੀ ਵਾਸੀ ਮੈਡੀਕਲ ਸਟੋਰ ’ਤੇ ਮੌਜੂਦ ਨਹੀਂ ਪਾਇਆ ਗਿਆ ਜਿਸ ਕਾਰਨ ਡਰੱਗ ਇੰਸਪੈਕਟਰ ਦੀ ਹਾਜ਼ਰੀ ਵਿੱਚ ਛਾਪੇਮਾਰੀ ਟੀਮ ਨਾਲ ਉਸ ਦਾ ਮੈਡੀਕਲ ਸਟੋਰ ਸੀਲ ਕਰ ਦਿੱਤਾ ਗਿਆ।ਇਸ ਤੋਂ ਇਲਾਵਾ ਛਾਪੇਮਾਰੀ ਦੌਰਾਨ ਇੱਕ ਐਨ.ਡੀ.ਪੀ.ਐਸ. ਕੇਸ ਦਾ ਪੀ.ਓ ੁਖਵਿੰਦਰ ਸਿੰਘ ਉਰਫ ਸੰਜੂ ਵਾਸੀ 1/7 ਬੰਗੀ ਨਗਰ ਬਠਿੰਡਾ ਜਿਸਦੇ ਖ਼ਿਲਾਫ਼ ਤਿੰਨ ਮੁਕੱਦਮੇ ਦਰਜ ਹਨ, ਨੂੰ ਵੀ ਗ੍ਰਿਫਤਾਰ ਕੀਤਾ ਗਿਆ।

ਦੇਰ ਆਏ, ਦਰੁਸਤ ਆਏ: ਖੁੱਡੀਆਂ ਦੀ ਵਜ਼ਾਰਤ ’ਚ ਸਮੂਲੀਅਤ ਨਾਲ ਆਪ ਨੂੰ ਬਠਿੰਡਾ ਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ‘ਚ ਮਿਲੇਗਾ ਸਿਆਸੀ ਲਾਹਾ!

0

ਸੁਖਜਿੰਦਰ ਮਾਨ
ਬਠਿੰਡਾ , 31 ਮਈ:

ਮਹਰੂਮ ਦਰਵੇਸ਼ ਸਿਆਸਤਦਾਨ ਤੇ ਸਾਬਕਾ ਐਮ.ਪੀ ਸ: ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਗੁਰਮੀਤ ਸਿੰਘ ਖੁੱਡੀਆਂ ਨੂੰ ਪੰਜਾਬ ਵਜ਼ਾਰਤ ’ਚ ਸ਼ਾਮਲ ਕਰਨ ਦਾ ਆਮ ਆਦਮੀ ਪਾਰਟੀ ਨੂੰ ਆਗਾਮੀ ਲੋਕ ਸਭਾ ਚੋਣਾਂ ‘ਚ ਵੱਡਾ ਸਿਆਸੀ ਲਾਹਾ ਮਿਲ ਸਕਦਾ ਹੈ। ਇਮਾਨਦਾਰੀ ਤੇ ਸਰਾਫ਼ਤ ਦਾ ਚਿਹਰਾ ਮੰਨੇ ਜਾਂਦੇ ਇਸ ਸਿਆਸੀ ਪ੍ਰਵਾਰ ਵਲੋਂ ਦਹਾਕਿਆਂ ਤੋਂ ਇਸ ਹਲਕੇ ’ਚ ਕੀਤੀ ਜਾ ਰਹੀ ਸਖ਼ਤ ਮਿਹਨਤ ਦਾ ਫ਼ਲ ਪੁਰਾਣੇ ਫ਼ਿਰੋਜਪੁਰ, ਬਠਿੰਡਾ ਤੇ ਫ਼ਰੀਦਕੋਟ ਜਿਲ੍ਹਿਆਂ ‘ਚ ਸੱਤਾਧਾਰੀ ਪਾਰਟੀ ਨੂੰ ਮਿਲ ਸਕਦਾ ਹੈ। ਗੌਰਤਲਬ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਵੱਡਾ ਇਤਿਹਾਸ ਸਿਰਜਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਪਹਿਲੇ ਦਿਨ ਤੋਂ ਵਜ਼ਾਰਤ ’ਚ ਸਾਮਲ ਕਰਨ ਦੀਆਂ ਕਿਆਸਅਰਾਈਆਂ ਲਗਾਈਆਂ ਜਾਂਦੀਆਂ ਰਹੀਆਂ ਸਨ ਪ੍ਰੰਤੂ ਹੁਣ ਕਰੀਬ ਸਵਾ ਸਾਲ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਨ੍ਹਾਂ ਨੂੰ ਅਪਣੀ ਵਜ਼ਾਰਤ ’ਚ ਸਾਮਲ ਕਰਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਗਾਉਣ ਦਾ ਯਤਨ ਕੀਤਾ ਹੈ। ਇੱਥੇ ਦਸਣਾ ਬਣਦਾ ਹੈ ਕਿ ਸ: ਖੁੱਡੀਆਂ ਦਾ ਵਿਧਾਨ ਸਭਾ ਹਲਕਾ ਲੰਬੀ ਬਠਿੰਡਾ ਲੋਕ ਸਭਾ ਹਲਕੇ ’ਚ ਪੈਂਦਾ ਹੈ, ਜਿਸਨੂੰ ਕਿ ਬਾਦਲਾਂ ਦਾ ਗੜ੍ਹ ਮੰਨਿਆਂ ਜਾਂਦਾ ਹੈ। ਇਸ ਹਲਕੇ ਤੋਂ ਸਾਲ 2009 ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਇੰਦਰ ਸਿੰਘ ਵੀ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੂੰ ਨਹੀਂ ਹਰਾ ਸਕਿਆ ਸੀ। ਇਸੇ ਤਰ੍ਹਾਂ ਸਾਲ 2014 ਵਿਚ ਬਾਦਲ ਪ੍ਰਵਾਰ ਨਾਲੋਂ ਅਲੱਗ ਹੋਏ ਮਨਪ੍ਰੀਤ ਸਿੰਘ ਬਾਦਲ ਲਗਭਗ ਸਮੂਹ ਵਿਰੋਧੀ ਧਿਰਾਂ ਦੀ ਹਿਮਾਇਤ ਪ੍ਰਾਪਤ ਹੋਣ ਦੇ ਬਾਵਜੂਦ ਹਾਰ ਗਏ ਸਨ। ਜਦੋਂਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਜਿੱਤਦੇ-ਜਿੱਤਦੇ ਰਹਿ ਗਏ। ਇੰਨ੍ਹਾਂ ਤਿੰਨਾਂ ਚੋਣਾਂ ਵਿਚ ਹਮੇਸ਼ਾ ਬਾਦਲ ਪ੍ਰਵਾਰ ਨੂੰ ਲੰਬੀ ਹਲਕੇ ਤੋਂ ਵੱਡੀ ਲੀਡ ਮਿਲਦੀ ਰਹੀ ਹੈ, ਜਿੱਥੋਂ ਕਿ ਹੁਣ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਮਾਤ ਦਿੱਤੀ ਹੈ। ਸਿਆਸੀ ਹਲਕਿਆਂ ‘ਚ ਚੱਲ ਰਹੀ ਚਰਚਾ ਮੁਤਾਬਕ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਲੇ ਸਾਲ ਹੋ ਰਹੀਆਂ ਲੋਕ ਸਭਾ ਚੋਣਾਂ ’ਚ ਬਠਿੰਡਾ ਤੇ ਫ਼ਰੀਦਕੋਟ ਲੋਕ ਸਭਾ ਹਲਕੇ ਦੀ ਚੋਣ ਜਿੱਤਣ ਲਈ ਸ: ਖੁੱਡੀਆਂ ਨੂੰ ਵੱਡੀ ਤਾਕਤ ਦਿੱਤੀ ਹੈ। ਉਨ੍ਹਾਂ ਨੂੰ ਨਾ ਸਿਰਫ਼ ਬਤੌਰ ਕੈਬਨਿਟ ਮੰਤਰੀ ਸਰਕਾਰ ਵਿਚ ਸ਼ਾਮਲ ਕੀਤਾ ਹੈ, ਬਲਕਿ ਖੇਤੀਬਾੜੀ ਤੇ ਚਾਰ ਹੋਰ ਵੱਡੇ ਵਿਭਾਗ ਵੀ ਦਿੱਤੇ ਗਏ ਹਨ। ਜਿਕਰ ਕਰਨਾ ਬਣਦਾ ਹੈ ਕਿ ਫ਼ਰੀਦਕੋਟ ਲੋਕ ਸਭਾ ਹਲਕੇ ’ਚ ਸਾਲ 1989 ਦੀਆਂ ਚੋਣਾਂ ਸਮੇਂ ਮਹਰੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਪ੍ਰਵਾਰ ਵਲੋਂ ਦੱਖਣੀ ਮਾਲਵਾ ਵਿਚ ਲਗਾਤਾਰ ਸਿਆਸੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਹੀਂ ਨਹੀਂ ਦੂਜੇ ਵੱਡੇ ਸਿਆਸੀ ਪ੍ਰਵਾਰਾਂ ਦੀ ਤਰ੍ਹਾਂ ਖੁੱਡੀਆਂ ਪ੍ਰਵਾਰ ਦੇ ਸਮਰਥਕ ਵੀ ਹਰ ਖੇਤਰ ’ਚ ਲੰਮੇ ਸਮੇਂ ਤੋਂ ਨਾਲ ਜੁੜੇ ਚੱਲੇ ਆ ਰਹੇ ਹਨ ਤੇ ਆਮ ਲੋਕਾਂ ਵਿਚ ਵੀ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ।

ਬਾਕਸ
ਲੋਕ ਸਭਾ ਚੋਣਾਂ ‘ਚ ਬਠਿੰਡਾ ਤੋਂ ਖੁੱਡੀਆਂ ਨੂੰ ਵੀ ਆਪ ਬਣਾ ਸਕਦੀ ਹੈ ਉਮੀਦਵਾਰ
ਬਠਿੰਡਾ: ਪਿਛਲੇ ਕੁੱਝ ਸਮੇਂ ਤੋਂ ਸਿਆਸੀ ਗਲਿਆਰਿਆਂ ਵਿਚ ਚਰਚਾ ਤਾਂ ਇਸ ਗੱਲ ਦੀ ਵੀ ਚੱਲ ਰਹੀ ਹੈ ਕਿ ਆਗਾਮੀ ਲੋਕ ਸਭਾ ਚੋਣਾਂ ’ਚ ਬਾਦਲਾਂ ਦਾ ਕਿਲਾ ਢਾਹੁਣ ਲਈ ਆਮ ਆਦਮੀ ਪਾਰਟੀ ਗੁਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਅਪਣਾ ਉਮੀਦਵਾਰ ਵੀ ਬਣਾ ਸਕਦੀ ਹੈ। ਹਾਲਾਂਕਿ ਹੁਣ ਉਨ੍ਹਾਂ ਨੂੰ ਕੈਬਨਿਟ ਵਿਚ ਸ਼ਾਮਲ ਕਰ ਲਿਆ ਗਿਆ ਹੈ ਪ੍ਰੰਤੂ ਇੰਨ੍ਹਾਂ ਚਰਚਾਵਾਂ ਨੂੰ ਸੱਚ ਮੰਨਣ ਵਾਲੇ ਹੁਣ ਵੀ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਖੁੱਡੀਆਂ ਹੀ ਲੋਕ ਸਭਾ ਚੋਣਾਂ ’ਚ ਆਪ ਪਾਰਟੀ ਲਈ ‘ਤਰੁੱਪ’ ਦਾ ਪੱਤਾ ਸਾਬਤ ਹੋ ਸਕਦੇ ਹਨ।

ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਯੁਵਾ ਸੰਸਦ ਮੁਕਾਬਲੇ ਦੇ ਮੁਕਾਬਲੇ ਵਿੱਚ ਆਪਣੇ ਹੁਨਰ ਦਾ ਕੀਤਾ ਪ੍ਰਦਰਸ਼ਨ

0

ਸੁਖਜਿੰਦਰ ਮਾਨ
ਬਠਿੰਡਾ , 31 ਮਈ : ਭਾਰਤ ਸਰਕਾਰ ਦੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਦੀ ਸਰਪ੍ਰਸਤੀ ਹੇਠ ਆਯੋਜਿਤ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੇ ਫਾਈਨਲ ਰਾਊਂਡ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੇ ਭਾਸ਼ਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਵਰਸਿਟੀ ਕੈੰਪਸ ਵਿਖੇ ਇਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ। ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਸੰਸਦ ਦੀ ਕਾਰਜ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਤੋਂ ਜਾਣੂ ਕਰਵਾਉਣਾ ਹੈ।ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਵਿੱਚ ਸਾਬਕਾ ਰਾਜ ਸਭਾ ਮੈਂਬਰ ਸ੍ਰੀ ਬ੍ਰਤਿਨ ਸੇਨ ਗੁਪਤਾ, ਸੰਸਦੀ ਮਾਮਲਿਆਂ ਦੇ ਮੰਤਰਾਲੇ ਦੇ ਡਿਪਟੀ ਸਕੱਤਰ ਸ਼੍ਰੀ ਏ.ਬੀ.ਅਚਾਰੀਆ, ਅੰਮ੍ਰਿਤਸਰ ਲਾਅ ਕਾਲਜ ਦੇ ਫਾਊਂਡਰ ਪ੍ਰਿੰਸੀਪਲ ਡਾ. ਏਵਨ ਕੁਮਾਰ ਵੈਦ ਜਿਊਰੀ ਮੈਂਬਰ ਵਜੋਂ ਸ਼ਾਮਲ ਹੋਏ। ਜਿਊਰੀ ਮੈਂਬਰਾਂ ਨੇ ਦਿਲਚਸਪ ਸੰਸਦੀ ਸੈਸ਼ਨ ਦਾ ਪ੍ਰਦਰਸ਼ਨ ਕਰਨ ਲਈ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ।ਜ਼ਿਕਰਯੋਗ ਹੈ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਵਿੱਤੀ ਸਾਲ 2019-20 ਵਿੱਚ ਹੋਈ 15ਵੀਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੀ ਨੈਸ਼ਨਲ ਚੈਮਪੀਅਨ ਅਤੇ ਵਿੱਤੀ ਸਾਲ 2017-18 ਵਿੱਚ ਹੋਈ 14ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੀ ਗਰੁੱਪ ਲੈਵਲ ਚੈਮਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ।ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਜਿਊਰੀ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਦੀ ਇਹ ਪਹਿਲਕਦਮੀ ਲੋਕਤੰਤਰੀ ਮੁੱਲ ਪ੍ਰਣਾਲੀ ਬਾਰੇ ਜਾਗਰੂਕਤਾ ਫੈਲਾਏਗੀ ਅਤੇ ਨੌਜਵਾਨਾਂ ਨੂੰ ਸੰਸਦੀ ਪ੍ਰਕਿਰਿਆਵਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਅਹਿਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰੇਗੀ।

ਬਠਿੰਡਾ ਪ੍ਰਸ਼ਾਸਨ ਦੀ ਵਿਲੱਖਣ ਪਹਿਲਕਦਮੀ: ਛੋਟੇ ਬੱਚਿਆਂ ਲਈ ਜ਼ਿਲ੍ਹਾ ਕੰਪਲੈਕਸ ’ਚ ਖੋਲਿਆ ਕਰੈਚ ਸੈਂਟਰ

0

ਖਿਡੌਣੇ, ਝੂਲਿਆਂ ਤੋਂ ਇਲਾਵਾ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਇਹ ਕਰੈਚ ਸੈਂਟਰ
ਸੁਖਜਿੰਦਰ ਮਾਨ
ਬਠਿੰਡਾ , 31 ਮਈ : ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਮਿੰਨੀ ਸਕੱਤਰੇਤ ’ਚ ਕੰਮ ਕਰਦੀਆਂ ਔਰਤਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਛੋਟੇ ਬੱਚਿਆਂ ਦਾ ਖਿਆਲ ਰੱਖਣ ਲਈ ਹੁਣ ਜ਼ਿਲ੍ਹਾ ਕੰਪਲੈਕਸ ਦੇ ਅੰਦਰ ਹੀ ਇੱਕ ਕਰੈਚ ਸੈਂਟਰ ਖੋਲ ਦਿੱਤਾ ਹੈ। ਰੈਡ ਕਰਾਸ ਦੀ ਸਹਾਇਤਾ ਨਾਲ ਬਿਲਕੁੱਲ ਮੁਫ਼ਤ ਖੋਲੇ ਇਸ ਕਰੈਚ ਸੈਂਟਰ ਵਿਚ ਦਫ਼ਤਰਾਂ ‘ਚ ਆਉਣ ਵਾਲੇ ਸਮੇਂ ਮਹਿਲਾ ਸਰਕਾਰੀ ਕਰਮਚਾਰੀ ਤੇ ਇੱਥੋਂ ਤੱਕ ਮਰਦ ਕਰਮਚਾਰੀ ਅਪਣੇ ਬੱਚਿਆਂ ਨੂੰ ਛੱਡ ਸਕਦੇ ਹਨ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਕਰੈਚ ਦੇ ਉਦਘਾਟਨ ਵਾਲੇ ਦਿਨ ਹੀ ਕਰੀਬ ਅੱਧੀ ਦਰਜ਼ਨ ਬੱਚਿਆਂ ਨੂੰ ਇੱਥੇ ਛੱਡਿਆ ਗਿਆ। ਇਸ ਆਧੁਨਿਕ ਕਿਸਮ ਦੇ ਕਰੈਚ ਸੈਂਟਰ ਦਾ ਉਦਘਾਟਨ ਕਰਦਿਆਂ ਕਾਰਜਕਾਰੀ ਡਿਪਟੀ ਕਮਿਸ਼ਨਰ ਮੈਡਮ ਪਲਵੀ ਚੌਧਰੀ ਨੇ ਦੱਸਿਆ ਕਿ ਰੈਡ ਕਰਾਸ ਦੇ ਸਹਿਯੋਗ ਨਾਲ ਖੋਲ੍ਹੇ ਗਏ ਇਹ ਸੈਂਟਰ ਬੱਚਿਆਂ ਦੇ ਖੇਡਣ ਲਈ ਵੱਖ-ਵੱਖ ਤਰ੍ਹਾਂ ਦੇ ਖਿਡੌਣਿਆਂ, ਛੋਟੇ ਝੂਲਿਆਂ, ਵੱਖ-ਵੱਖ ਭਾਸ਼ਾਵਾਂ ਦੇ ਚਾਰਟਾਂ ਤੋਂ ਇਲਾਵਾ ਪੜ੍ਹਾਈ ਨਾਲ ਸਬੰਧਤ ਹੋਰ ਤਰ੍ਹਾਂ ਦੇ ਖਿਡੌਣਿਆਂ ਨਾਲ ਲੈਸ ਹੈ। ਉਨ੍ਹਾਂ ਦੱਸਿਆ ਕਿ ਇਹ ਕਰੈਚ ਸੈਂਟਰ ਦੋਵੇਂ ਪਤੀ-ਪਤਨੀ ਜਾਂ ਮਹਿਲਾਵਾਂ ਜੋ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੌਕਰੀ ਕਰਦੇ ਹਨ, ਉਨ੍ਹਾਂ ਦੇ ਬੱਚਿਆਂ ਦੀ ਸਾਂਭ-ਸੰਭਾਲ ਲਈ ਖੋਲ੍ਹਿਆ ਗਿਆ ਹੈ। ਇਸ ਕਰੈਚ ਸੈਂਟਰ ਵਿੱਚ ਬੱਚਿਆਂ ਦੇ ਪੀਣ ਵਾਲੇ ਪਾਣੀ ਲਈ ਆਰਓ ਸਿਸਟਮ, ਮੰਨੋਰੰਜ਼ਨ ਲਈ ਐਲਈਡੀ, ਪੂਰੀ ਤਰ੍ਹਾਂ ਏਅਰ ਕੰਡੀਸ਼ਨਰ, ਬੱਚਿਆਂ ਦੇ ਸੌਣ ਲਈ ਸਲੀਪਿੰਗ ਰੂਮ, ਕੇਅਰ ਟੇਕਰ ਅਤੇ ਆਇਆ ਲੇਡੀਜ਼ ਸਟਾਫ਼ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਰੈੱਡ ਕਰਾਸ ਦੇ ਸਕੱਤਰ ਦਰਸ਼ਨ ਕੁਮਾਰ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਨੇ ਦਸਿਆ ਕਿ ਭਲਕੇ ਤੋਂ ਸਕੂਲਾਂ ਵਿਚ ਬੱਚਿਆਂ ਨੂੰ ਹੋ ਰਹੀਆਂ ਛੁੱਟੀਆਂ ਦੇ ਚੱਲਦੇ ਕੰਮਕਾਜ਼ੀ ਔਰਤਾਂ ਲਈ ਹੋਰ ਵੀ ਮੁਸ਼ਕਿਲ ਹੋ ਸਕਦੀ ਸੀ ਕਿਉਂਕਿ ਉਨ੍ਹਾਂ ਨੂੰ ਕੰਮ ’ਤੇ ਆਉਣ ਤੋਂ ਬਾਅਦ ਘਰਾਂ ’ਚ ਰਹਿ ਗਏ ਅਪਣੇ ਛੋਟੇ ਬੱਚਿਆਂ ਦੀ ਚਿੰਤਾਂ ਸਤਾਉਣੀ ਸੀ ਪ੍ਰੰਤੂ ਹੁਣ ਉਹ ਇੰਨ੍ਹਾਂ ਬੱਚਿਆਂ ਨੂੰ ਅਪਣੇ ਨਾਲ ਹੀ ਇੱਥੇ ਲਿਆ ਸਕਦੀਆਂ ਹਨ ਤੇ ਛੁੱਟੀ ਸਮੇਂ ਉਨ੍ਹਾਂ ਨੂੰ ਖਾਣਾ ਆਦਿ ਵੀ ਖੁਆ ਸਕਣਗੀਆਂ। ਉਨ੍ਹਾਂ ਦਸਿਆ ਕਿ ਬੱਚਿਆਂ ਦੇ ਦੇਖਭਾਲ ਲਈ ਜਿੱਥੇ ਦੋ ਮਹਿਲਾਂ ਕਰਮਚਾਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ, ਉਥੇ ਛੋਟੇ ਬੱਚਿਆਂ ਨੂੰ ਨੀਂਦ ਆਉਣ ’ਤੇ ਉਨ੍ਹਾਂ ਨੂੰ ਸੌਣ ਲਈ ਗੱਦੇ ਵੀ ਲਗਾਏ ਹਨ। ਵਲੋਂ ਕੀਤਾ ਗਿਆ। ਇਸ ਮੌਕੇ ਸਿਖਲਾਈ ਅਧੀਨ ਆਈਏਐਸ ਮੈਡਮ ਮਾਨਸੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਥਾਣਾ ਨਥਾਣਾ ਦੇ ਨਵੇਂ ਮੁੱਖ ਅਫਸਰ ਜਸਵੀਰ ਸਿੰਘ ਚਾਹਿਲ ਨੇ ਸੰਭਾਲਿਆ ਚਾਰਜ

0

ਰਾਮ ਸਿੰਘ ਕਲਿਆਣ
ਨਥਾਣਾ, 30 ਮਈ:ਐਸ ਆਈ ਬਿਕਰਮਜੀਤ ਸਿੰਘ ਚੌਹਾਨ ਦੀ ਬਦਲੀ ਉਪਰੰਤ ਥਾਣਾ ਨਥਾਣਾ ਦੇ ਨਵੇਂ ਮੁੱਖ ਥਾਣਾ ਅਫਸਰ ਐਸ ਆਈ ਜਸਵੀਰ ਸਿੰਘ ਚਾਹਿਲ ਨੇ ਅਹੁਦਾ ਸੰਭਾਲ ਲਿਆ ਹੈ । ਇਸ ਮੌਕੇ ਉਹਨਾਂ ਨੇ ਥਾਣਾ ਨਥਾਣਾ ਦੇ ਸਮੂਹ ਅਫਸਰਾਂ ਕਰਮਚਾਰੀਆਂ ਅਤੇ ਹੋਰ ਸਟਾਫ ਨਾਲ ਜਾਣ-ਪਹਿਚਾਣ ਕੀਤੀ ਅਤੇ ਥਾਣਾ ਨਥਾਣਾ ਦੇ ਸਮੂਹ ਸਟਾਫ ਨੂੰ ਪੂਰੀ ਤਨਦੇਹੀ ਨਾਲ ਵਿਭਾਗੀ ਅਤੇ ਲੋਕ ਭਲਾਈ ਦੇ ਕਾਰਜ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ, ਮੁੱਖ ਮੰਤਰੀ ਅਤੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੁਲਿਸ ਵੱਲੋ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਵਿਸੇਸ਼ ਯੋਗਦਾਨ ਪਾਇਆ ਜਾਵੇਗਾ। ਇਲਾਕੇ ਦੇ ਨੁਮਾਇੰਦਿਆ ਨੇ ਨਵੇਂ ਥਾਣਾਂ ਮੁੱਖੀ ਨੂੰ ਮਿਲਕੇ ਮੁਬਾਰਕਬਾਦ ਦਿੱਤੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਿੱਚ ਸੈਕੜੇ ਸਾਥੀ ਸ਼ਾਮਲ

ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਕੱਚੇ ਕਾਮਿਆਂ ਨੂੰ ਪੱਕਾ ਕਰੇ:- ਵਾਹਿਦਪੁਰੀ,
ਸਰਕਾਰ ਡੀ ਏ ਤੇ ਪੇ-ਕਮਿਸ਼ਨ ਦੇ ਬਕਾਏ ਰੀਲੀਜ਼ ਕਰੇ ਬਲਰਾਜ ਮੋੜ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 30 ਮਈ: ਅੱਜ ਟੈਕਨੀਕਲ ਐਂਡ ਮਕੈਨੀਕਲ ਇੰਪ ਯੂਨੀਅਨ ਤੇ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਸਾਂਝੀ ਮੀਟਿੰਗ ਹੋਈ, ਜਿਸਨੂੰ ਸੂਬਾਈ ਆਗੂ ਬਲਰਾਜ ਮੌੜ, ਅਰਜਨ ਸਿੰਘ ਸਰਾਂ, ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ,ਜਿਲ੍ਹਾ ਪ੍ਰਧਾਨ ਕਿਸ਼ੋਰ ਚੰਦ ਗਾਜ਼, ਸੁਖਚੈਨ ਸਿੰਘ, ਲਖਵੀਰ ਭਾਗੀਵਾਂਦਰ ਤੇ ਮੱਖਣ ਵਾਹਿਦਪੁਰੀ ਨੇ ਸੰਂਬੋਧਨ ਕਰਦਿਆਂ ਕਿਹਾ ਕਿ ਮੁਲਾਜਮ ਮੰਗਾਂ ਤੋਂ ਸਮੇਂ ਦੀ ਸਰਕਾਰ ਲਗਾਤਾਰ ਭੱਜ ਰਹੀ ਹੈ। ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਵਾਸਤੇ ਕਮੇਟੀਆਂ ਬਣਾ ਕੇ ਟਾਲਾ ਵੱਟਿਆ ਜਾ ਰਿਹਾ ਹੈ। ਰੈਗੂਲਰ ਮੁਲਾਜ਼ਮਾਂ ਦੀਆਂ ਮੰਗਾਂ ਡੀ ਏ ਦੀਆਂ ਕਿਸਤਾਂ ਦੇ ਬਕਾਏ, ਨਵੇਂ ਸਕੇਲਾਂ ਦੇ ਬਕਾਏ, ਕੱਟੇ ਹੋਏ ਭੱਤੇ ਬਹਾਲ ਕਰਨਾਂ ਆਦਿ ਮੰਗਾਂ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਹਰਨੇਕ ਸਿੰਘ ਗਹਿਰੀ, ਨਰਿੰਦਰ ਕੁਮਾਰ, ਧਰਮ ਸਿੰਘ ਕੋਠਾਗੁਰੂ, ਗੁਰਚਰਨ ਜੋੜਕੀਆਂ,ਪਿਆਰੇ ਲਾਲ ਅਤੇ ਗੁਰਜੰਟ ਸਿੰਘ ਮਲ ਸਿੰਘ ਵਾਲਾ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਲਾਰਾ ਲਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮ ਮੰਗਾਂ ਤੋਂ ਲਗਾਤਾਰ ਭੱਜ ਰਹੀ ਹੈ । ਅੱਜ ਦੀ ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੂੰ ਸਿੱਖਿਆ ਮੰਤਰੀ ਵੱਲੋਂ ਮੀਟਿੰਗ ਦੌਰਾਨ ਗ੍ਰਿਫ਼ਤਾਰ ਕਰਵਾਉਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ 3 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ ਵਿੱਚ ਪੁੱਜਣ ਦਾ ਫ਼ੈਸਲਾ ਕੀਤਾ। ਸਰਵ ਸੰਮਤੀ ਨਾਲ ਸਰਕਲ ਬਠਿੰਡਾ ਦੀਆਂ ਤਿੰਨੇ ਬਰਾਂਚਾ ਦੇ ਸੈਕੜੇ ਸਾਥੀ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਦੀ ਅਗਵਾਈ ਵਿੱਚ ਜਥੇਬੰਦੀ ਵਿੱਚ ਸ਼ਾਮਲ ਹੋਏ। ਜਿੰਨਾ ਦਾ ਸੂਬਾਈ ਅਤੇ ਜ਼ਿਲਾ ਆਗੂਆਂ ਨੇ ਹਾਰ ਪਾਕੇ ਸੁਆਗਤ ਕੀਤਾ ਗਿਆ ਇਸ ਮੌਕੇ , ਪਰਮ ਚੰਦ ਬਠਿੰਡਾ,ਪੂਰਨ ਸਿੰਘ, ਪ੍ਰੇਮ ਚੰਦ, ਦਵਿੰਦਰ ਕੁਮਾਰ ,ਗੁਰਜੰਟ ਸਿੰਘ ਮੌੜ, ਗੁਰਮੀਤ ਸਿੰਘ ਭੋਡੀਪੁਰਾ , ਹਰਨੇਕ ਮੌੜ, ਬਲਬੀਰ ਸਿੰਘ ਭੱਟੀ ਗੁਰਜੰਟ ਸਿੰਘ ਮੱਲਵਾਲਾ ਬੀਰ ਸਿੰਘ ,(ਜਸਪਾਲ ਸਿੰਘ ਤੇ ਗੁਰਸੇਵਕ ਸਿੰਘ ਖੇਤਰੀ ਖੋਜ ਕੇਂਦਰ ਬਠਿੰਡਾ) ਅਮਰਵੀਰ ਸਿਧਾਣਾ, ਜੀਤਰਾਮ ਦੋਦੜਾ ਅਦਿ ਆਗੂ ਸ਼ਾਮਲ ਹੋਏ।