ਸੁਖਜਿੰਦਰ ਮਾਨ
ਬਠਿੰਡਾ, 24 ਮਈ: ਪਿਛਲੇ ਕੁੱਝ ਸਮੇਂ ਤੋਂ ਇਲਾਕੇ ਵਿਚ ਕਾਰ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਕਾਰ ਚੋਰ ਗਿਰੋਹ ਨੂੰ ਬੇਨਕਾਬ ਕਰਦਿਆਂ ਉਸਦੇ ਕੋਲੋ ਦੋ ਕਾਰਾਂ ਬਰਾਮਦ ਕਰਵਾਈਆਂ ਹਨ। ਅੱਜ ਇੱਥੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਇਸ ਗਿਰੋਹ ਦੇ ਦੋ ਮੈਂਬਰ ਵੀ ਕਾਬੂ ਕੀਤੇ ਗਏ ਹਨ, ਜਿੰਨ੍ਹਾਂ ਦੀ ਪਹਿਚਾਣ ਵਿਸ਼ਾਲ ਮੱਗੂ ਅਤੇ ਜਤਿੰਦਰ ਕੁਮਾਰ ਵਾਸੀ ਫਿਰੋਜ਼ਪੁਰ ਦੇ ਤੌਰ ’ਤੇ ਹੋਈ ਹੈ। ਫ਼ੜੇ ਗਏ ਦੋਨੋਂ ਨੌਜਵਾਨਾਂ ਦੀ ਉਮਰ ਕ੍ਰਮਵਾਰ 21 ਅਤੇ 23 ਸਾਲ ਹੈ ਤੇ ਇੰਨ੍ਹਾਂ ਵਿਰੁਧ ਪਹਿਲਾਂ ਵੀ ਚੋਰੀ ਦੇ ਪਰਚੇ ਦਰਜ ਹਨ। ਪੁਲਿਸ ਅਧਿਕਾਰੀ ਮੁਤਾਬਕ ਕਥਿਤ ਮੁੱਖ ਦੋਸੀ ਵਿਸਾਲ ਮੱਗੂ ਪਹਿਲਾਂ ਵੀ ਕਾਰ ਚੋਰੀ ਦੇ ਮਾਮਲੇ ਵਿਚ ਜੇਲ੍ਹ ਅੰਦਰ ਬੰਦ ਸੀ ਤੇ ਜਮਾਨਤ ਉਪਰ ਬਾਹਰ ਆਉਣ ਤੋਂ ਬਾਅਦ ਮੁੜ ਕਾਰ ਚੋਰੀ ਦਾ ਧੰਦਾ ਸ਼ੁਰੂ ਕਰ ਦਿੱਤਾ। ਸਿਵਲ ਲਾਈਨ ਪੁਲਿਸ ਕੋਲ ਲੰਘੀ 14 ਮਾਰਚ ਨੂੰ ਗਣੇਸ਼ਾ ਬਸਤੀ ਦੇ ਅਵੀ ਗਰਗ ਨੇ ਸ਼ਕਿਾਇਤ ਦਰਜ ਕਰਵਾਈ ਸੀ ਕਿ ਉਸਦੀ ਕਾਰ ਚੋਰੀ ਹੋ ਗਈ। ਪੁਲਿਸ ਨੇ ਇਸ ਮਾਲਮੇ ਵਿਚ ਪਰਚਾ ਦਰਜ਼ ਕਰਨ ਤੋਂ ਬਾਅਦ ਹੁਣ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ। ਜਿੰਨ੍ਹਾਂ ਕੋਲੋ ਆਈ 20 ਅਤੇ ਡਿਜ਼ਾਇਰ ਕਾਰਾਂ ਬਰਾਮਦ ਹੋਈਆਂ ਹਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਕਥਿਤ ਦੋਸੀ ਕਾਰ ਨੂੰ ਚੋਰੀ ਕਰਨ ਤੋਂ ਬਾਅਦ ਅੱਗੇ ਸਸਤੇ ਰੇਟ ਉਪਰ ਵੇਚ ਦਿੰਦੇ ਸਨ।
ਸਿਵਲ ਲਾਈਨ ਪੁਲਿਸ ਨੇ ਕਾਰ ਚੋਰ ਗਿਰੋਹ ਨੂੰ ਕੀਤਾ ਬੇਨਕਾਬ, ਦੋ ਕਾਰਾਂ ਬਰਾਮਦ
ਕੈਬਨਿਟ ਸਬ-ਕਮੇਟੀ ਵੱਲੋਂ ਸਕੂਲ ਸਿੱਖਿਆ ਵਿਭਾਗ ਨਾਲ ਸਬੰਧਤ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ
ਚੀਮਾ ਵੱਲੋਂ ਯੂਨੀਅਨਾਂ ਦੇ ਵਿੱਤ ਵਿਭਾਗ ਨਾਲ ਸਬੰਧਤ ਮਸਲਿਆਂ ਬਾਰੇ ਜਲਦੀ ਹੱਲ ਦਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਮਈ : ਕੈਬਨਿਟ ਮੰਤਰੀਆਂ ਐਡਵੋਕੇਟ ਹਰਪਾਲ ਸਿੰਘ ਚੀਮਾ, ਸ੍ਰੀ ਅਮਨ ਅਰੋੜਾ ਅਤੇ ਸ. ਕੁਲਦੀਪ ਸਿੰਘ ਧਾਲੀਵਾਲ ਦੀ ਸ਼ਮੂਲੀਅਤ ਵਾਲੀ ਕੈਬਨਿਟ ਸਬ-ਕਮੇਟੀ ਵੱਲੋਂ ਅੱਜ ਸਕੂਲ ਸਿੱਖਿਆ ਵਿਭਾਗ ਨਾਲ ਸਬੰਧਤ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਗਈ। ਇਥੇ ਪੰਜਾਬ ਭਵਨ ਵਿਖੇ ਖੁਸ਼ਗਵਾਰ ਮਾਹੌਲ ਵਿੱਚ ਹੋਈਆਂ ਇੰਨ੍ਹਾਂ ਮੀਟਿੰਗਾਂ ਦੌਰਾਨ ਮੈਰੀਟੋਰੀਅਸ ਟੀਚਰਜ਼ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ, ਪੀ.ਐਸ.ਟੈੱਟ ਯੂਨੀਅਨ, ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ ਕੱਚੇ ਅਧਿਆਪਕ ਯੂਨੀਅਨ, ਕੱਚੇ ਅਧਿਆਪਕ ਯੂਨੀਅਨ, ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, 4161 ਬੇਰੁਜ਼ਗਾਰ ਅਧਿਆਪਕ ਯੂਨੀਅਨ, ਈ.ਜੀ.ਐਸ./ਏ.ਆਈ.ਈ/ਐਸ.ਟੀ.ਆਰ ਪ੍ਰੀ ਪ੍ਰਾਇਮਰੀ ਕੱਚੇ ਅਧਿਆਪਕ ਯੂਨੀਅਨ ਵੱਲੋਂ ਸਬ-ਕਮੇਟੀ ਨਾਲ ਆਪੋ-ਆਪਣੇ ਮਸਲਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਯੂਨਿਅਨਾਂ ਵੱਲੋਂ ਪੇਸ਼ ਕੀਤੇ ਗਏ ਜਿਆਦਾਤਰ ਮਸਲੇ ਸੇਵਾਵਾਂ ਨੂੰ ਪੱਕਿਆਂ ਕਰਨ ਅਤੇ ਤਨਖਾਹ ਵਿੱਚ ਵਾਧੇ ਨਾਲ ਸਬੰਧਤ ਸਨ।ਸੇਵਾਵਾਂ ਨੂੰ ਪੱਕਿਆਂ ਕਰਨ ਨਾਲ ਸਬੰਧਤ ਯੂਨੀਅਨਾਂ ਦੀਆਂ ਕੁਝ ਮੰਗਾਂ ਬਾਰੇ ਕੈਬਨਿਟ ਸਬ-ਕਮੇਟੀ ਨੇ ਪਾਇਆ ਕਿ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਲਈ ਕਾਨੂੰਨੀ ਰਾਏ ਦੀ ਲੋੜ ਹੈ। ਕੈਬਨਿਟ ਸਬ-ਕਮੇਟੀ ਨੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਯੂਨੀਅਨਾਂ ਨਾਲ ਵਿਸ਼ੇਸ਼ ਮੀਟਿੰਗਾਂ ਕਰਨ ਅਤੇ ਇਨ੍ਹਾਂ ਦੇ ਮਸਲਿਆਂ ਦੇ ਕਾਨੂੰਨੀ ਤੌਰ ’ਤੇ ਢੁਕਵੇਂ ਹੱਲ ਲਈ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਕਾਨੂੰਨੀ ਸਲਾਹ ਲੈਣ। ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਨਾਉਣ ਲਈ ਕਿਹਾ ਕਿ ਯੂਨੀਅਨਾਂ ਸੇਵਾਵਾਂ ਪੱਕਿਆਂ ਕਰਨ ਸਬੰਧੀ ਮੰਗਾਂ ਦਾ ਅਜਿਹਾ ਹੱਲ ਕੱਢਿਆ ਜਾਵੇ ਜਿਸ ਤਹਿਤ ਕਿਸੇ ਕਾਨੂੰਨੀ ਅੜਚਨ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਮੰਨਸ਼ਾ ਵੱਧ ਤੋਂ ਵੱਧ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਿਆਂ ਕਰਨ ਦੀ ਹੈ।ਤਨਖਾਹ ਅਤੇ ਵਿੱਤ ਵਿਭਾਗ ਨਾਲ ਸਬੰਧਤ ਹੋਰ ਮਸਲਿਆਂ ਬਾਰੇ ਵਿੱਤ ਮੰਤਰੀ ਨੇ ਅਧਿਆਪਕ ਯੂਨੀਅਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਉਠਾਈਆਂ ਗਈਆਂ ਜਿਆਦਾਤਰ ਮੰਗਾਂ ਬਾਰੇ ਅਮਲ ਪ੍ਰਕ੍ਰਿਆ ਅਧੀਨ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਇਸ ਸਬੰਧੀ ਖੁਸ਼ਖਬਰੀ ਮਿਲੇਗੀ। ਉਨ੍ਹਾਂ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਸਕੂਲ ਸਿੱਖਿਆ ਵਿਭਾਗ ਦੇ ਨਾਲ ਮੀਟਿੰਗਾਂ ਕਰਕੇ ਇਸ ਸਬੰਧੀ ਹੋਰਨਾਂ ਵਿੱਤੀ ਮਾਮਲਿਆਂ ਬਾਰੇ ਵੀ ਜਲਦ ਤਜਵੀਜ ਤਿਆਰ ਕਰਨ।ਇੰਨ੍ਹਾਂ ਮੀਟਿੰਗਾਂ ਦੌਰਾਨ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸਕੂਲ ਸਿੱਖਿਆ ਸ੍ਰੀਮਤੀ ਸੀਮਾ ਜੈਨ, ਵਿੱਤ ਸਕੱਤਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਸ੍ਰੀਮਤੀ ਗੌਰੀ ਪਰਾਸ਼ਰ ਜੋਸ਼ੀ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀਮਤੀ ਦੀਪਤੀ ਉੱਪਲ ਵੀ ਹਾਜਰ ਸਨ।
ਕਿਸਾਨੀ ਅੰਦੋਲਨ ਦੌਰਾਨ ਹਿੱਸਾ ਲੈਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਭਾਰਤ ਸਰਕਾਰ ਤੰਗ ਨਾ ਕਰੇ : ਕੁਲਦੀਪ ਸਿੰਘ ਧਾਲੀਵਾਲ
ਵਿਦੇਸ਼ੀ ਨਾਗਰਿਕਾਂ ਨੂੰ ਪੰਜਾਬ ’ਚ ਖੇਤੀਬਾੜੀ ਲਈ ਜ਼ਮੀਨ ਖਰੀਦਣ ਦੀ ਇਜਾਜ਼ਤ ਦੇਣ ਦੀ ਵਕਾਲਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਮਈ:ਪੰਜਾਬ ਦੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਜਿਨ੍ਹਾਂ ਪਰਵਾਸੀ ਪੰਜਾਬੀਆਂ ਨੇ ਕਿਸਾਨੀ ਅੰਦੋਲਨ ਦੌਰਾਨ ਹਿੱਸਾ ਲਿਆ ਸੀ ਉਨ੍ਹਾਂ ਨੂੰ ਕੇਂਦਰ ਸਰਕਾਰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ। ਇਥੇ ਜੇ ਡਬਲਯੂ ਮੈਰੀਅਟ ਹੋਟਲ ਵਿੱਚ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਦੇ ਐਨ ਆਰ ਆਈ ਵਿਭਾਗ ਵਲੋਂ ਸਾਂਝੇ ਤੌਰ ਉੱਤੇ ਕਰਵਾਏ ਗਏ ਵਿਦੇਸ਼ ਸੰਪਰਕ ਪ੍ਰੋਗਰਾਮ ਦੌਰਾਨ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਜਿਹੜੇ ਪਰਵਾਸੀ ਪੰਜਾਬੀਆਂ ਨੇ ਕਿਸਾਨੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਦੇ ਖੇਤੀ ਮਾਰੂ ਕਾਨੂੰਨਾਂ ਵਿਰੁੱਧ ਹਿੱਸਾ ਲਿਆ ਸੀ ਉਨ੍ਹਾਂ ਨੂੰ ਭਾਰਤ ਵਿਚ ਆਉਣ ਤੋਂ ਰੋਕੇ ਜਾਣ ਅਤੇ ਹੋਰ ਕਈ ਤਰੀਕਿਆਂ ਨਾਲ ਤੰਗ ਕੀਤਾ ਜਾ ਰਿਹਾ ਹੈ ਅਤੇ ਕਈਆਂ ਨੂੰ ਕਾਲੀ ਸੂਚੀ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਬੰਦ ਹੋਣਾ ਚਾਹੀਦਾ ਹੈ ਕਿਉਂ ਪਰਵਾਸੀ ਪੰਜਾਬੀਆਂ ਨੇ ਇਸ ਅੰਦੋਲਨ ਵਿਚ ਇਸ ਲਈ ਹਿੱਸਾ ਲਿਆ ਸੀ ਕਿਉਂ ਕਿ ਉਹ ਆਪਣੇ ਦੇਸ਼, ਆਪਣੀ ਭੂਮੀ ਨੂੰ ਪਿਆਰ ਕਰਦੇ ਹਨ ਅਤੇ ਇਥੋਂ ਦੀ ਤਰੱਕੀ ਲਈ ਫ਼?ਕਰਮੰਦ ਹਨ। ਪਰਵਾਸੀ ਪੰਜਾਬੀਆਂ ਸਮੇਤ ਹਰੇਕ ਵਿਦੇਸ਼ੀ ਭਾਰਤੀ ਆਪਣੀ ਜ਼ਮੀਨ ਪ੍ਰਤੀ ਭਾਵੁਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀਆਂ ਪ੍ਰਤੀ ਅਜਿਹੇ ਵਤੀਰੇ ਕਰ ਕੇ ਵਿਦੇਸ਼ਾਂ ਵਿਚ ਭਾਰਤ ਸਰਕਾਰ ਪ੍ਰਤੀ ਨਾਕਰਾਤਮਕ ਸੁਨੇਹਾ ਜਾ ਰਿਹਾ ਹੈ, ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਧਾਲੀਵਾਲ ਨੇ ਇਕ ਹੋਰ ਗੰਭੀਰ ਮੁੱਦਾ ਚੁੱਕਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਰਾਜਨੀਤਕ ਸ਼ਰਨ ਲੈਣ ਵਾਲਿਆਂ ਲਈ ਵੀ ਭਾਰਤ ਸਰਕਾਰ ਨੂੰ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਜਿਹੇ ਵਿਅਕਤੀ ਵਿਦੇਸ਼ਾਂ ਵਿਚ ਪੱਕੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਜਨਮ ਭੂਮੀ ’ਤੇ ਪਰਤਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ। ਉਨ੍ਹਾ ਕਿਹਾ ਕਿ ਰਾਜਨੀਤਕ ਸ਼ਰਨ ਲੈਣ ਵੇਲੇ ਸਬੰਧਿਤ ਵਿਅਕਤੀ ਦੇ ਹਾਲਾਤ ਭਾਵੇਂ ਕਿਹੋ ਜਹੇ ਵੀ ਰਹੇ ਹੋਣ ਪਰ ਵਿਦੇਸ਼ ਵਿਚ ਪੱਕੇ ਹੋਣ ਤੋਂ ਬਾਅਦ ਉਹ ਆਪਣੇ ਦੇਸ਼ ਆ ਸਕਦਾ ਹੈ ਜਾਂ ਨਹੀਂ, ਇਸ ਮਸਲੇ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ। ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਵਿਦੇਸ਼ੀ ਨਾਗਰਿਕਾਂ ਖਾਸ ਤੌਰ ਉੱਤੇ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਵਿੱਚ ਖੇਤੀਬਾੜੀ ਲਈ ਜ਼ਮੀਨ ਖਰੀਦਣ ਦੀ ਇਜਾਜ਼ਤ ਦੇਣ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਪਰਵਾਸੀ ਕਮਰਸ਼ੀਅਲ ਜ਼ਮੀਨ ਤਾਂ ਖਰੀਦ ਸਕਦੇ ਹਨ ਪਰ ਖੇਤੀ ਲਈ ਜ਼ਮੀਨ ਖਰੀਦਣ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਹੈ ਅਤੇ ਇਸ ਬਾਬਤ ਵੀ ਕੋਈ ਠੋਸ ਹੱਲ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਬਹੁਤ ਸਾਰਥਕ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਐਨ ਆਰ ਆਈ ਸੰਮੇਲਨ ਕਰਵਾ ਕੇ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਂਵਾਂ ਨੂੰ ਦੂਰ ਕੀਤਾ ਉਥੇ ਹੀ ਹਰੇਕ ਐਨ ਆਰ ਆਈ ਦੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਕੇ ਸਬੰਧਿਤ ਵਿਭਾਗ ਨੂੰ ਪਹਿਲ ਦੇ ਆਧਾਰ ਉੱਤੇ ਸ਼ਿਕਾਇਤਾਂ ਨੂੰ ਨਿਪਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਲਈ ਗੰਭੀਰ ਅਤੇ ਵਚਨਬੱਧ ਹੈ ਪਰ ਕਈ ਮਸਲੇ ਭਾਰਤ ਸਰਕਾਰ ਦੇ ਪੱਧਰ ਉੱਤੇ ਹੱਲ ਹੋਣੇ ਹੁੰਦੇ ਹਨ ਇਸ ਲਈ ਕੇਂਦਰ ਸਰਕਾਰ ਸੂਬਾ ਸਰਕਾਰ ਦਾ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਜਿਹੜੇ ਟਰੈਵਲ ਜਾਂ ਇਮੀਗ੍ਰੇਸ਼ਨ ਏਜੰਟ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਮਨੁੱਖੀ ਸਮੱਗਲਿੰਗ ਕਰਦੇ ਹਨ, ਅਜਿਹੇ ਲੋਕਾਂ ਵਿਰੁੱਧ ਸ਼ਿਕੰਜਾ ਕੱਸਣ ਦੀ ਬਹੁਤ ਜਿਆਦਾ ਲੋੜ ਹੈ। ਪੰਜਾਬ ਵਿੱਚ ਥਾਂ ਥਾਂ ਖੁੱਲ੍ਹੀਆਂ ਆਈਲੈਟਸ ਦੀਆਂ ਦੁਕਾਨਾਂ, ਜਿਨ੍ਹਾਂ ’ਚੋਂ ਜ਼ਿਆਦਾ ਵਿਦਿਆਰਥੀਆਂ ਦੀ ਅੰਨ੍ਹੀ ਆਰਥਿਕ ਲੁੱਟ ਕਰ ਰਹੀਆਂ ਹਨ, ਉਨ੍ਹਾਂ ਬਾਬਤ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚੋਂ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਜਾ ਰਹੇ ਹਨ ਅਤੇ 4-5 ਮਹੀਨਿਆਂ ਦੇ ਆਈਲੈਟਸ ਕੋਰਸ ਦੇ ਲੱਖਾਂ ਰੁਪਏ ਲਏ ਜਾ ਰਹੇ ਹਨ। ਧਾਲੀਵਾਲ ਨੇ ਸੁਝਾਅ ਦਿੱਤਾ ਕਿ ਆਈਲੈਟਸ ਵਰਗੇ ਕੋਰਸ ਨੂੰ ਸਾਡੇ ਸਿੱਖਿਆ ਸਿਸਟਮ ਨਾਲ ਜੋੜਨਾ ਚਾਹੀਦਾ ਹੈ। ਇਸ ਨਾਲ ਜਿੱਥੇ ਨੌਜਵਾਨਾਂ ਦੀ ਅੰਗਰੇਜ਼ੀ ਭਾਸ਼ਾ ਉੱਤੇ ਪਕੜ ਮਜ਼ਬੂਤ ਹੋਵੇਗੀ ਉੱਥੇ ਹੀ ਉਹ ਆਰਥਿਕ ਲੁੱਟ ਤੋਂ ਵੀ ਬਚ ਜਾਣਗੇ। ਧਾਲੀਵਾਲ ਨੇ ਪਰਵਾਸੀ ਭਾਰਤੀਆਂ ਲਈ ਸਪੈਸ਼ਲ ਅਦਾਲਤਾਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਜੋ ਉਨ੍ਹਾਂ ਦੇ ਮਸਲੇ ਸਮਾਂਬੱਧ ਤਰੀਕੇ ਨਾਲ ਨਿਪਟਾ ਸਕਣ । ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਵਿਦੇਸ਼ਾਂ ਵਿਚ ਨਿਯੁਕਤ ਕੀਤੇ ਅੰਬੈਸਡਰਾਂ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕਰੇ ਕਿ ਉਹ ਪਰਵਾਸੀ ਭਾਰਤੀਆਂ ਪ੍ਰਤੀ ਸੰਵੇਦਨਾ ਅਤੇ ਆਦਰ ਰੱਖਣ ਕਿਉਂ ਕਿ ਅਜਿਹੀਆਂ ਸ਼ਿਕਾਇਤਾਂ ਆਮ ਮਿਲਦੀਆਂ ਰਹਿੰਦੀਆਂ ਹਨ ਕਿ ਬਾਹਰ ਅੰਬੇਸੀਆਂ ਵਿਚਲੇ ਸਟਾਫ਼ ਦਾ ਵਤੀਰਾ ਪਰਵਾਸੀਆਂ ਪ੍ਰਤੀ ਬਹੁਤ ਨਿਰਾਸ਼ਾਜਨਕ ਅਤੇ ਨਾਕਰਾਤਮਕ ਹੁੰਦਾ ਹੈ। ਧਾਲੀਵਾਲ ਨੇ ਇਹ ਸੁਝਾਅ ਵੀ ਦਿੱਤਾ ਕਿ ਵਿਦੇਸ਼ ਸੰਪਰਕ ਪ੍ਰੋਗਰਾਮ ਵਿਚ ਵਿਚਾਰ ਚਰਚਾ ਲਈ ਪਰਵਾਸੀ ਭਾਰਤੀਆਂ ਨੂੰ ਵੀ ਸੱਦਿਆ ਜਾਵੇ ਅਤੇ ਪਰਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਏਦਾਂ ਦੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ। ਇਸ ਮੌਕੇ ਭਾਰਤ ਸਰਕਾਰ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ ਡਾ. ਔਸਫ ਸਈਅਦ, ਪੰਜਾਬ ਦੇ ਐਨ ਆਰ ਆਈ ਵਿਭਾਗ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ, ਸਕੱਤਰ ਕੰਵਲ ਪ੍ਰੀਤ ਬਰਾੜ ਤੋਂ ਇਲਾਵਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਹਾਜ਼ਿਰ ਸਨ।
ਮੁੱਖ ਮੰਤਰੀ ਵੱਲੋਂ ਨਵੀਂ ਸੰਸਦ ਦੇਸ਼ ਨੂੰ ਸਮਰਪਿਤ ਕਰਨ ਮੌਕੇ ਰਾਸ਼ਟਰਪਤੀ ਨੂੰ ਸੱਦਾ ਨਾ ਦੇਣ ਕਰਕੇ ਉਦਘਾਟਨੀ ਸਮਾਰੋਹ ਦਾ ਬਾਈਕਾਟ ਕਰਨ ਦਾ ਐਲਾਨ
ਦੇਸ਼ ਦੇ ਸੰਵਿਧਾਨਕ ਮੁਖੀ ਵਜੋਂ ਰਾਸ਼ਟਰਪਤੀ ਦੇ ਅਹੁਦੇ ਨੂੰ ਢਾਹ ਲਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੀ ਸਖ਼ਤ ਆਲੋਚਨਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਮਈ: ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ਵਿੱਚ ਦੇਸ਼ ਦੇ ਰਾਸ਼ਟਰਪਤੀ ਨੂੰ ਸੱਦਾ ਨਾ ਦੇ ਕੇ ਇਸ ਵੱਕਾਰੀ ਅਹੁਦੇ ਦਾ ਅਪਮਾਨ ਕਰਨ ਲਈ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਹ 28 ਮਈ ਨੂੰ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ।ਅੱਜ ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਸੰਸਦ ਦਾ ਨਵਾਂ ਇਜਲਾਸ ਬੁਲਾਇਆ ਜਾਂਦਾ ਹੈ ਤਾਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਹਰ ਸੰਸਦ ਮੈਂਬਰ ਨੂੰ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਨਵੀਂ ਸੰਸਦ ਦੇ ਉਦਘਾਟਨ ਮੌਕੇ ਹੋਣ ਵਾਲੇ ਸਮਾਗਮ ਵਿੱਚ ਸਰਕਾਰ ਦੇ ਸੰਵਿਧਾਨਕ ਮੁਖੀ ਨੂੰ ਸੱਦਾ ਤੱਕ ਵੀ ਨਹੀਂ ਦਿੱਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਇਹ ਸਰਾਸਰ ‘ਸੰਵਿਧਾਨ ਦਾ ਮਜ਼ਾਕ’ ਹੈ ਜੋ ਕਿ ਪੂਰੀ ਤਰ੍ਹਾਂ ਗੈਰ-ਵਾਜਬ ਹੈ।ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਬਾਬਾ ਸਾਹਿਬ ਡਾ: ਬੀ.ਆਰ. ਅੰਬੇਡਕਰ ਵਰਗੇ ਦੂਰਅੰਦੇਸ਼ੀ ਨੇਤਾ ਦੀ ਅਗਵਾਈ ਵਿਚ ਤਿਆਰ ਕੀਤਾ ਗਿਆ, ਜਿਨ੍ਹਾਂ ਨੇ ਜਮਹੂਰੀਅਤ ਦੇ ਸਫਲਤਾਪੂਰਵਕ ਅਮਲ ਨੂੰ ਯਕੀਨੀ ਬਣਾਉਣ ਲਈ ਬੁਨਿਆਦੀ ਕਦਰਾਂ-ਕੀਮਤਾਂ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਡੂੰਘੀ ਸਾਜ਼ਿਸ਼ ਦੇ ਤਹਿਤ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਅਜਿਹੀਆਂ ਕੋਝੀਆਂ ਚਾਲਾਂ ਖੇਡ ਕੇ ਸੰਵਿਧਾਨ ਦੇ ਨਿਰਮਾਤਾਵਾਂ ਦਾ ਘੋਰ ਨਿਰਾਦਰ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਾਸੀ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣਗੇ।ਮੁੱਖ ਮੰਤਰੀ ਨੇ ਕਿਹਾ, “ ਮੇਰੀ ਜ਼ਮੀਰ ਮੈਨੂੰ ਅਜਿਹੇ ਕਿਸੇ ਵੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੰਦੀ ਜਿੱਥੇ ਸੱਤਾ ਦੀ ਭੁੱਖੀ ਸਰਕਾਰ ਨੇ ਦੇਸ਼ ਦੇ ਸੰਵਿਧਾਨਕ ਮੁਖੀ ਨੂੰ ਸੱਦਾ ਦੇਣ ਦੀ ਵੀ ਖੇਚਲ ਨਾ ਕੀਤੀ ਹੋਵੇ।”ਇਸ ਲਈ ਉਹ ਇਸ ਸਮਾਗਮ ਦਾ ਬਾਈਕਾਟ ਕਰਨਗੇ ਅਤੇ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਆਪਹੁਦਰੇਪਣ ਦੀ ਮੁਖਾਲਫ਼ਤ ਵਜੋਂ ਇਸ ਵਿੱਚ ਸ਼ਾਮਲ ਨਹੀਂ ਹੋਣਗੇ। ਭਗਵੰਤ ਮਾਨ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਜੇਕਰ ਭਾਰਤ ਦੇ ਰਾਸ਼ਟਰਪਤੀ ਇਸ ਨਵੀਂ ਸੰਸਦ ਨੂੰ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕਰਦੇ ਤਾਂ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣਾ ਬਹੁਤ ਚੰਗਾ ਲਗਦਾ।
ਮੁੱਖ ਮੰਤਰੀ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, 6 ਫੀਸਦੀ ਮਹਿੰਗਾਈ ਭੱਤੇ ਦੀ ਬਕਾਇਆ ਕਿਸ਼ਤ ਜਾਰੀ
ਇਕ ਜੁਲਾਈ 2015 ਤੋਂ 31 ਦਸੰਬਰ 2015 ਤੱਕ ਜਾਰੀ ਕੀਤੀ ਹੈ ਬਕਾਇਆ ਕਿਸਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਮਈ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਰਕਾਰੀ ਮੁਲਾਜਮਾਂ ਨੂੰ ਤੋਹਫ਼ਾ ਦਿੰਦਿਆਂ ਉਨ੍ਹਾਂ ਇਕ ਜੁਲਾਈ 2015 ਤੋਂ 31 ਦਸੰਬਰ 2015 ਤੱਕ ਬਕਾਇਆ ਪਈ ਛੇ ਫੀਸਦੀ ਮਹਿੰਗਾਈ ਭੱਤੇ (ਡੀ.ਏ.) ਦੀ ਕਿਸ਼ਤ ਨੂੰ ਜਾਰੀ ਕਰ ਦਿੱਤਾ ਹੈ। ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਫੈਸਲੇ ਨਾਲ ਮੁਲਾਜ਼ਮਾਂ ਲਈ ਸਰਕਾਰੀ ਖਜ਼ਾਨੇ ਵਿੱਚੋਂ 356 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰੀ ਮੁਲਾਜ਼ਮਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਸਨ ਵਿਚ ਮੁਲਾਜ਼ਮ ਬਹੁਤ ਮਹੱਤਵਪੂਰਨ ਅੰਗ ਹੁੰਦੇ ਹਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ।
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਟਾਣਾ ਨੇ ਹਲਕੇ ਦੇ ਸਕੂਲਾਂ ਦੀ ਅੱਪਗਰੇਡ ਕੈਂਸਲ ਕਰਨ ’ਤੇ ਚੁੱਕੇ ਸਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 23 ਮਈ : ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਨੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਹਲਕਾ ਤਲਵੰਡੀ ਸਾਬੋ ਦੇ ਅੱਪਗਰੇਡ ਹੋਏ ਅੱਠ ਸਕੂਲਾਂ ਦੀ ਅੱਪਪਰੇਡਸ਼ਨ ਕੈਂਸਲ ਕਰਨ ’ਤੇ ਰੋਸ਼ ਜਤਾਇਆ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ਼ ਸ: ਜਟਾਣਾ ਨੇ ਕਿਹਾ ਕਿ ਹਰਿਆਣਾ ਦੀ ਹੱਦ ਨਾਲ ਲੱਗਦੇ ਇਸ ਪਿਛਲੇ ਹੋਏ ਹਲਕੇ ’ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਸਹਿਯੋਗ ਕਾਰਨ ਉਹ ਇੰਨ੍ਹਾਂ ਅੱਠ ਪਿੰਡਾਂ ਮੱਲਵਾਲਾ, ਬਾਘਾ, ਸ਼ੇਰਗੜ੍ਹ, ਕਲਕਾਣਾ, ਲਾਲੇਆਣਾ, ਚੱਕ ਹੀਰਾ ਸਿੰਘ ਵਾਲਾ, ਬੰਗੀ ਰੁੱਘੂ ਤੇ ਸੁਖਲੱਧੀ ਦੇ ਸਕੂਲਾਂ ਨੂੰ ਕਾਫ਼ੀ ਜਦੋ ਜਹਿਦ ਤੋਂ ਅੱਪਗਰੇਡ ਕਰਵਾਇਆ ਗਿਆ ਸੀ ਪ੍ਰੰਤੂ ਹੁਣ ਮੌਜੂਦਾ ਸਰਕਾਰ ਨੇ ਇਹ ਦਾਅਵਾ ਕਰਕੇ ਇਹ ਸਕੂਲ ਅੱਪਗਰੇਡ ਲਈ ਸਰਤਾਂ ਪੂਰੀਆਂ ਨਹੀਂ ਕਰਦੇ, ਇੰਨ੍ਹਾਂ ਦੀ ਅੱਪਗਰੇਡਸ਼ਨ ਰੱਦ ਕਰ ਦਿੱਤੀ ਹੈ। ਸ: ਜਟਾਣਾ ਨੇ ਇਸ ਮਾਮਲੇ ਵਿਚ ਹਲਕਾ ਵਿਧਾਇਕ ਬੀਬੀ ਬਲਜਿੰਦਰ ਕੌਰ ਨੂੰ ਵੀ ਸਵਾਲ ਕਰਦਿਆਂ ਕਿਹਾ ਕਿ ਜਿੱਤਣ ਤੋਂ ਬਾਅਦ ਤੁਸੀਂ ਖ਼ੁਦ ਮੱਲਵਾਲਾ ਵਿਖੇ ਇਸ ਸਕੂਲ ਨੂੰ ਅੱਪਗਰੇਡ ਕਰਵਾਉਣ ਦਾ ਦਾਅਵਾ ਕਰਕੇ ਆਏ ਸੀ। ਕਾਂਗਰਸੀ ਆਗੂ ਨੇ ਕਿਹਾ ਕਿ ਇਹ ਸਕੂਲ ਅੱਪਗਰੇਡ ਲਈ ਸਾਰੀਆਂ ਸਰਤਾਂ ਪੂਰੀਆਂ ਕਰਦੇ ਹਨ, ਜਿਸਦੇ ਚੱਲਦੇ ਇੰਨ੍ਹਾਂ ਨੂੰ ਤੁਰੰਤ ਅੱਪਗਰੇਡ ਕਰਕੇ ਇੱਥੇ ਹਰ ਤਰ੍ਹਾਂ ਦੀ ਸਹੂਲਤ ਮੁਹੱਈਆਂ ਕਰਵਾਈ ਜਾਵੇ। ਇਸਦੇ ਲਈ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦਖਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ।
ਈ ਸਕੂਲ ਵੱਲੋਂ ਆਈਲੈਟਸ ਦੀਆਂ ਕਿਤਾਬਾਂ ਮੁਫ਼ਤ ਵੰਡਣ ਦਾ ਸਿਲਸਿਲਾ ਲਗਾਤਾਰ ਜਾਰੀ
ਈ ਸਕੂਲ ਬਰਨਾਲਾ ਵਿਖੇ ਬੁੱਕ ਸਟਾਲ ਲਾ ਕੇ ਮੁਫ਼ਤ ਕਿਤਾਬਾਂ ਦਿੱਤੀਆਂ
ਸੁਖਜਿੰਦਰ ਮਾਨ
ਬਠਿੰਡਾ, 23 ਮਈ :ਈ ਸਕੂਲ ਵੱਲੋਂ ਈ ਸਕੂਲ ਬਰਨਾਲਾ ਬਰਾਂਚ ਐਸ ਸੀ ਐਫ 27-28 ਬੱਸ ਸਟੈਂਡ ਦੇ ਪਿੱਛੇ 16 ਏਕੜ ਵਿਖੇ ਈ ਸਕੂਲ ਵੱਲੋਂ ਆਈਲੈਟਸ ਦੀਆਂ ਅਸਲੀ ਕਿਤਾਬਾਂ ਦੀ ਫਰੀ ਬੁੱਕ ਸਟਾਲ ਲਗਾਈ ਗਈ। ਇਸ ਸਟਾਲ ਦੇ ਵਿੱਚ ਦੂਜੇ ਇੰਸੀਚਿਊਟ ਦੇ ਵਿਦਿਆਰਥੀਆਂ ਅਤੇ ਈ ਸਕੂਲ ਸੰਗਰੂਰ ਦੇ ਵਿਦਿਆਰਥੀਆਂ ਤੋਂ ਇਲਾਵਾ ਆਉਣ ਜਾਣ ਵਾਲੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਸ ਬੁੱਕ ਸਟਾਲ ਵਿੱਚ ਬਹੁਤ ਸਾਰੀਆਂ ਕਿਤਾਬਾਂ ਦਿੱਤੀਆਂ ਗਈਆਂ,ਇਸ ਦੇ ਨਾਲ ਵਿਦਿਆਰਥੀਆਂ ਨੂੰ ਆਉਣ ਵਾਲੇ ਪੇਪਰਾਂ ਵਿੱਚ ਵੱਡੀ ਸਹਾਇਤਾ ਹੋਵੇਗੀ, ਕਿਉਂਕਿ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਦੀਆਂ ਕਿਤਾਬਾਂ ਹਨ ਅਤੇ ਹਰ ਕਿਤਾਬ ਵਿਚ ਚਾਰ-ਚਾਰ ਪੁਰਾਣੇ ਪੇਪਰ ਦਿਤੇ ਹੋਏ ਹਨ ਜੋ ਕਿ ਪਿਛਲੇ ਸਮੇਂ ਵਿਚ ਥਾਈਲੈਂਡ ਵਾਲੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਹਨ ਇਹ ਪੁਰਾਣੇ ਪੇਪਰ ਕਰਨ ਹੈ ਪੇਪਰਾਂ ਪ੍ਰਤੀ ਉਹ ਵਧੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੇ ਜੋ ਪੇਪਰ ਦੇਣਾ ਹੈ ਉਸ ਵਿੱਚ ਮਦਦ ਮਿਲੇਗੀ। ਇਸ ਮੌਕੇ ਤੇ ਈ ਸਕੂਲ ਬਰਨਾਲਾ ਦਾ ਸਟਾਫ ਅਤੇ ਈ ਸਕੂਲ ਦੇ ਮਾਲਕ ਰੁਪਿੰਦਰ ਸਿੰਘ ਖੁਦ ਹਾਜ਼ਰ ਸਨ ਅਤੇ ਉਨ੍ਹਾਂ ਨੇ ਬੱਚਿਆਂ ਤੇ ਮਾਪਿਆਂ ਨੂੰ ਇਹ ਕਿਤਾਬਾਂ ਭੇਟ ਕੀਤੀਆਂ ਅਤੇ ਈ ਸਕੂਲ ਬਰਨਾਲਾ ਦੀ ਬਰਾਂਚ ਵਿੱਚ ਆਉਣ ਵਾਸਤੇ ਧੰਨਵਾਦ ਕੀਤਾ ।
ਵਿਧਾਨ ਸਭਾ ਸਪੀਕਰ ਵੱਲੋਂ ਮੋਟੇ ਅਨਾਜ ਸਬੰਧੀ ਪ੍ਰਸਿੱਧ ਵਿਗਿਆਨੀ ਡਾ. ਖਾਦਰ ਵਲੀ ਨਾਲ ਸੰਵਾਦ ਪ੍ਰੋਗਰਾਮ
ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਮੋਟੇ ਅਨਾਜ ਆਧਾਰਤ ਖਾਣਾ ਖਾਧਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਮਈ:ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪ੍ਰਸਿੱਧ ਵਿਗਿਆਨੀ ਅਤੇ ਕੁਦਰਤੀ ਸਿਹਤ ਪ੍ਰਣਾਲੀ ਦੇ ਮਾਹਿਰ ਪਦਮਸ਼੍ਰੀ ਡਾ. ਖਾਦਰ ਵਲੀ ਨਾਲ ‘ਮਿਲੇਟ ਦੀ ਖ਼ੁਰਾਕ ਨਾਲ ਰੋਗ ਮੁਕਤ, ਸਿਹਤਮੰਦ ਜੀਵਨਸ਼ੈਲੀ’ ਵਿਸ਼ੇ ’ਤੇ ਸੰਵਾਦ ਪ੍ਰੋਗਰਾਮ ਕਰਵਾਇਆ ਗਿਆ।ਆਪਣੀ ਸਰਕਾਰੀ ਰਿਹਾਇਸ਼ ਵਿਖੇ ਰੱਖੇ ਸੰਖੇਪ ਪ੍ਰੋਗਰਾਮ ਮੌਕੇ ਵਿਚਾਰ-ਵਟਾਂਦਰੇ ਦੌਰਾਨ ਸਪੀਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਸਾਲ 2023 ਨੂੰ ‘ਮੋਟੇ ਅਨਾਜ ਦਾ ਕੌਮਾਂਤਰੀ ਵਰ੍ਹਾ’ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਿਲੇਟ ਮਨੁੱਖਾਂ ਲਈ ਸਭ ਤੋਂ ਪੁਰਾਣੇ ਜਾਣੇ ਜਾਂਦੇ ਭੋਜਨਾਂ ਵਿੱਚੋਂ ਇੱਕ ਹੈ। ਮੋਟਾ ਜਾਂ ਮੂਲ ਅਨਾਜ ਸਿਹਤ ਲਈ ਹੀ ਨਹੀਂ, ਸਗੋਂ ਕੁਦਰਤ ਲਈ ਵੀ ਲਾਹੇਵੰਦ ਹੈ ਕਿਉਂਕਿ ਛੋਟੇ ਬੀਜਾਂ ਵਾਲੀਆਂ ਇਹ ਫ਼ਸਲਾਂ ਮੌਸਮ ਵਿੱਚ ਹੋਣ ਵਾਲੀਆਂ ਤਬਦੀਲੀਆਂ ਅਨੁਸਾਰ ਲਚਕੀਲੀਆਂ ਹੁੰਦੀਆਂ ਹਨ ਅਤੇ ਇਸ ਅਨਾਜ ਦੀ ਪੈਦਾਵਾਰ ਲਈ ਪਾਣੀ ਦੀ ਖਪਤ ਵੀ ਘੱਟ ਹੁੰਦੀ ਹੈ।ਵਿਚਾਰ ਚਰਚਾ ਦੌਰਾਨ ’ਮਿਲੇਟਮੈਨ ਆਫ਼ ਇੰਡੀਆ’ ਪਦਮਸ਼?ਰੀ ਡਾ. ਖਾਦਰ ਵਲੀ ਨੇ ਦੱਸਿਆ ਕਿ ਮੋਟੇ ਅਨਾਜ ਤੋਂ ਤਿਆਰ ਕੀਤਾ ਗਿਆ ਭੋਜਨ ਖਾਣ ਨਾਲ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਕਿਉਂ ਜੋ ਇਹ ਮੂਲ ਅਨਾਜ ਪ੍ਰੋਟੀਨ, ਫ਼ਾਈਬਰ ਅਤੇ ਹੋਰ ਤੱਤਾਂ ਨਾਲ ਭਰਪੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੋਟੇ ਅਨਾਜ ਬਲੱਡ ਸ਼ੂਗਰ ਅਤੇ ਕੋਲੇਸਟਰੋਲ ਨੂੰ ਸੰਤੁਲਿਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਜ਼ਿੰਦਗੀ ਜੀਊਣ ਲਈ ਸਾਨੂੰ ਕੁਦਰਤੀ ਜਾਂ ਮੂਲ ਅਨਾਜ ਵੱਲ ਮੁੜਨਾ ਪਵੇਗਾ।ਇਸ ਮੌਕੇ ਡਾ. ਵਲੀ ਨੇ ਸਮਾਗਮ ’ਚ ਮੌਜੂਦ ਸ਼ਖ਼ਸੀਅਤਾਂ ਨੂੰ ਪ੍ਰੋਟੀਨ, ਫ਼ਾਈਬਰ ਅਤੇ ਤੱਤਾਂ ਨਾਲ ਭਰਪੂਰ ਮੂਲ ਅਨਾਜ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਵੀ ਕੀਤੀ।ਸਮਾਗਮ ਉਪਰੰਤ ਮੇਜ਼ਬਾਨ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਮੋਟੇ ਅਨਾਜ ਜਿਵੇਂ ਕੋਧਰਾ, ਕੰਗਨੀ, ਰਾਗੀ, ਜਵਾਰ, ਬਾਜਰੇ, ਹਰੀ ਕੰਗਨੀ ਅਤੇ ਸਵਾਂਕ ਆਦਿ ਤੋਂ ਤਿਆਰ ਖਾਣਾ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਖੇਡ ਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਣੇ ਵਿਧਾਇਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਖਾਧਾ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਤੋਂ ਉਮੇਂਦਰ ਦੱਤ ਵੀ ਮੌਜੂਦ ਸਨ।
ਭਗਵੰਤ ਮਾਨ ਵੱਲੋਂ ਦਰਿਆਈ ਪਾਣੀ ਰਾਜਸਥਾਨ ਨੂੰ ਦੇਣ ਖਿਲਾਫ ਅਕਾਲੀ ਦਲ ਅਬੋਹਰ ’ਚ ਦੇਵੇਗਾ ਰੋਸ ਧਰਨਾ
ਪੰਥ ਤੇ ਪੰਜਾਬ ਦੇ ਅਹਿਮ ਹਿੱਤਾਂ ’ਤੇ ਕੋਈ ਸਮਝੌਤਾ ਨਹੀਂ: ਸੁਖਬੀਰ ਸਿੰਘ ਬਾਦਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਮਈ: ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਸਥਾਨ ਨੂੰ ਦਰਿਆਈ ਪਾਣੀ ਸਰੰਡਰ ਕਰਨ ਦੇ ਫੈਸਲੇ ਖਿਲਾਫ ਭਲਕੇ ਅਬੋਹਰ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਵੇਰੇ 11.00 ਵਜੇ ਧਰਨਾ ਦਿੱਤਾ ਜਾਵੇਗਾ। ਸ: ਬਾਦਲ ਨੇ ਇਹ ਐਲਾਨ ਅੱਜ ਦੁਪਹਿਰ ਪਾਰਟੀ ਦੇ ਮੁੱਖ ਦਫਤਰ ਵਿਚ ਕੀਤਾ। ਉਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਵੇਲੇ ਦਿੱਤੇ ਜਾ ਰਹੇ 700 ਕਿਊਸਿਕ ਦੀ ਥਾਂ 1200 ਕਿਊਸਿਕ ਵਾਧੂ ਦਰਿਆਈ ਪਾਣੀ ਰਾਜਸਥਾਨ ਨੂੰ ਛੱਡਣ ਦੇ ਕੀਤੇ ਕਰਾਰ ਬਾਰੇ ਮੀਡੀਆ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਰਿਪੋਰਟਾਂ ਦਾ ਹਵਾਲਾ ਦਿੰਦਿਆਂ ਰਾਜਸਥਾਨ ਦੇ ਆਗੂ ਸ੍ਰੀ ਹਨੂਮਾਨ ਬੇਨੀਵਾਲ ਨੇ ਦਾਅਵਾ ਕੀਤਾ ਹੈ ਕਿ ਵਾਧੂ ਪਾਣੀ ਛੱਡਣ ਦਾ ਵਾਅਦਾ ਭਗਵੰਤ ਮਾਨ ਨੇ ਐਤਵਾਰ ਨੂੰ ਬਠਿੰਡਾ ਵਿਚ ਕੀਤਾ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ: ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬ ਦਾ ਰਾਖਾ ਹੋਣ ਦੇ ਨਾਅਤੇ ਆਪ ਸਰਕਾਰ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਗੁਪ ਚੁੱਪ ਤਰੀਕੇ ਰਾਜਸਥਾਨ ਨੂੰ ਸਰੰਡਰ ਕਰਨ ਦੇ ਕੀਤੇ ਕਰਾਰ ਤੇ ਲੁੱਟ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਵੇਖੇਗਾ।ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਉਹ ਇਹਨਾਂ ਰਿਪੋਰਟਾਂ ’ਤੇ ਆਪਣਾ ਸਟੈਂਡ ਸਪਸ਼ਟ ਕਰਨ ਪਰ ਇਕ ਦਿਨ ਬੀਤਣ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਚੁੱਪੀ ਧਾਰੀ ਹੋਈ ਹੈ। ਉਹਨਾਂ ਕਿਹਾ ਕਿ ਇਹ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤਾ ਤਾਜ਼ਾ ਸਰੰਡਰ ਹੈ ਜੋ ਇਸ ਵੱਲੋਂ ਪੰਜਾਬ ਅਤੇ ਪੰਥ ਦੇ ਹਰ ਧਾਰਮਿਕ, ਆਰਥਿਕ, ਖੇਤਰੀ ਤੇ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਕੀਤੇ ਧੋਖੇ ਦੇ ਲੰਬੇ ਇਤਿਹਾਸ ਦੀ ਨਿਰੰਤਰਤਾ ਹੀ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦੀ ਅਗਵਾਈ ਕੀਤੀ ਤੇ ਇਹ ਪਾਣੀ ਹਰਿਆਣਾ ਤੇ ਦਿੱਲੀ ਨੂੰ ਦਿੱਤੇ ਤੇ ਸ੍ਰੀ ਭਗਵੰਤ ਮਾਨ ਇਸ ਲੁੱਟ ਪ੍ਰਤੀ ਅੱਖਾਂ ਮੀਟਦੇ ਰਹੇ ਹਨ।ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪਣੇ ਆਕਾ ਸ੍ਰੀ ਕੇਜਰੀਵਾਲ ਦੀ ਹਦਾਇਤ ’ਤੇ ਭਗਵੰਤ ਮਾਨ ਨੇ ਹੁਣ ਰਾਜਸਥਾਨ ਨੂੰ ਵਾਧੂ ਦਰਿਆਈ ਪਾਣੀ ਦੇਣ ਦੇ ਇਕਰਾਰ ’ਤੇ ਸਹੀ ਪਾਈ ਹੈ ਜਿਸ ਨਾਲ ਪੰਜਾਬ ਦੇ ਪਹਿਲਾਂ ਹੀ ਕਸੂਤੇ ਫਸੇ ਕਿਸਾਨਾਂ ਦੀ ਤਬਾਹੀ ਮਚ ਜਾਵੇਗੀ ਤੇ ਸੂਬੇ ਦੇ ਅਰਥਚਾਰੇ ਨੂੰ ਵੀ ਵੱਡੀ ਸੱਟ ਵੱਜੇਗੀ। ਇਸ ਤੋਂ ਪਹਿਲਾਂ ਸ੍ਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਹਰਿਆਣਾ ਵੱਲੋਂ ਵੱਖਰੀ ਵਿਧਾਨ ਸਭਾ ਦਾ ਵਿਰੋਧ ਕਰਨ ਦੀ ਥਾਂ ਪੰਜਾਬ ਲਈ ਹੀ ਇਸਦੇ ਰਾਜਧਾਨੀ ਸ਼ਹਿਰ ਚੰਡੀਗੜ੍ਹ ਵਿਚ ਥਾਂ ਮੰਗ ਕੇ ਚੰਡੀਗੜ੍ਹ ’ਤੇ ਆਪਣਾ ਬਣਦਾ ਦਾਅਵਾ ਸਰੰਡਰ ਕਰ ਦਿੱਤਾ ਸੀ।
ਡੇਰਾ ਮੁਖੀ ਦੇ ਨਜਦੀਕੀ ਦੇ ਫ਼ੜੇ ਜਾਣ ਤੋਂ ਬਾਅਦ ਬੇਅਦਬੀਆਂ ਦੀਆਂ ਘਟਨਾਵਾਂ ਦੀ ਮੁੱਖ ਸਾਜਸ਼ ਤੋਂ ਪਰਦਾ ਉੱਠਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 23 ਮਈ: ਅੱਠ ਸਾਲ ਪਹਿਲਾਂ ਪੰਜਾਬ ਵਿਚ ਸ਼ੁਰੂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਸਾਜਸ਼ਘਾੜੇ ਮੰਨੇ ਜਾਂਦੇ ਸੰਦੀਪ ਬਰੇਟਾ ਨੂੰ ਅੱਜ ਬੰਗਲੁਰੂ ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਇੰਨ੍ਹਾਂ ਘਟਨਾਵਾਂ ਦੇ ਪਿੱਛੇ ਮੁੱਖ ਸਾਜਸ਼ ਤੋਂ ਪਰਦਾਫ਼ਾਸ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਸੰਦੀਪ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਅਤਿ ਨਜਦੀਕੀਆਂ ਵਿਚੋਂ ਇੱਕ ਮੰਨਿਆਂ ਜਾਂਦਾ ਹੈ। ਹਾਲਾਂਕਿ ਇਸ ਮਾਮਲੇ ਵਿਚ ਲੋੜੀਦੇ ਉਸਦੇ ਦੋ ਹੋਰ ਸਾਥੀ ਹਰਸ ਧੂਰੀ ਅਤੇ ਪ੍ਰਦੀਪ ਕਲੇਰ ਫ਼ਰਾਰ ਹਨ ਪ੍ਰੰਤੂ ਡੇਰੇ ਦੀ ਕੋਰ ਕਮੇਟੀ ਦਾ ਮੈਂਬਰ ਅਤੇ ਡੇਰਾ ਮੁਖੀ ਦਾ ਵਿਸਵਾਸਪਾਤਰ ਮੰਨਿਆਂ ਜਾਣ ਵਾਲਾ ਸੰਦੀਪ ਵੀ ਬੇਅਦਬੀ ਦੀਆਂ ਘਟਨਾਵਾਂ ਦੀ ਸਾਜਸ਼ ਦਾ ਇੱਕ ਮੁੱਖ ਪਾਤਰ ਹੈ। ਜਿਸਦੇ ਵਿਰੁਧ ਗੁਰੂ ਗਰੰਥ ਸਾਹਿਬ ਨੂੰ ਚੋਰੀ ਕਰਨ, ਭੜਕਾਊ ਪੋਸਟਰ ਲਗਾਉਣ ਅਤੇ ਬਾਅਦ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਤਿੰਨ ਪਰਚੇ ਦਰਜ ਹਨ। ਗੌਰਤਲਬ ਹੈ ਕਿ ਪੰਜਾਬ ਵਿਚ ਬੇਅਦਬੀਆਂ ਦੀ ਸ਼ੁਰੂਆਤ ਵੀ ਇਸੇ ਘਟਨਾ ਤੋਂ ਬਾਅਦ ਹੋਈ ਹੈ, ਜਿਸ ਵਿਚ ਸਾਬਕਾ ਡੀਆਈਜੀ ਰਣਵੀਰ ਸਿੰਘ ਖੱਟੜਾ ਤੇ ਮੌਜੂਦਾ ਆਈ.ਜੀ ਐਸਪੀਐਸ ਪਰਮਾਰ ਵਾਲੀ ਵਿਸੇਸ ਜਾਂਚ ਟੀਮ ਡੇਰਾ ਮੁਖੀ ਉਪਰ ਵੀ ਉਂਗਲ ਉਠਾ ਚੁੱਕੀ ਹੈ। ਦਸਣਾ ਬਣਦਾ ਹੈ ਕਿ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚਕਾਰ 14 ਮਈ 2007 ਨੂੰ ਡੇਰਾ ਮੁਖੀ ਵਲੋਂ ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਡੇਰਾ ਸਲਾਬਤਪੁਰਾ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰ੍ਹਾਂ ਸਵਾਂਗ ਰਚਦਿਆਂ ਜਾਮ-ਏ-ਇੰਸਾਂ ਪਿਲਾਉਣ ਦੀ ਘਟਨਾ ਤੋਂ ਬਾਅਦ ਦੂਰੀਆਂ ਪੈਦਾ ਹੋ ਗਈਆਂ ਸਨ। ਇੰਨ੍ਹਾਂ ਦੂਰੀਆਂ ਕਾਰਨ ਦੋਨਾਂ ਧਿਰਾਂ ਵਿਚਕਾਰ ਟਕਰਾਅ ਵਧਦਾ ਗਿਆ । ਜਿਸਤੋਂ ਬਾਅਦ ਜਿੱਥੈ ਡੇਰਾ ਮੁਖੀ ਦੀ ਪੰਜਾਬ ਵਿਚ ‘ਇੰਟਰੀ’ ਬੰਦ ਹੋ ਗਈ ਸੀ, ਉਥੇ ਉਸਦੀਆਂ ਫ਼ਿਲਮਾਂ ਨੂੰ ਵੀ ਰੋਕ ਦਿੱਤਾ ਗਿਆ ਸੀ। ਇਸੇ ਤਰ੍ਹਾਂ ਡੇਰੇ ਦੀਆਂ ਨਾਮ ਚਰਚਾਵਾਂ ਕਰਨ ਵਿਰੁੱਧ ਪ੍ਰਦਰਸ਼ਨ ਹੋ ਗਏ ਸਨ। ਜਾਂਚ ਟੀਮ ਦੀ ਰੀਪੋਰਟ ਮੁਤਾਬਕ ਵੀ ਇੰਨ੍ਹਾਂ ਘਟਨਾਵਾਂ ਕਾਰਨ ਹੀ ਡੇਰਾ ਪ੍ਰੇਮੀਆਂ ਨੇ 1 ਜੂਨ 2015 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੂਆਰਾ ਸਾਹਿਬ ਵਿਚੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਨੂੰ ਚੋਰੀ ਕਰ ਲਿਆ ਸੀ। ਜਿਸਨੂੰ ਲੱਭਣ ਲਈ ਤਤਕਾਲੀ ਸਰਕਾਰ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਨੇ ਕੋਈ ਗੰਭੀਰਤਾ ਨਹੀਂ ਦਿਖ਼ਾਈ। ਜਿਸਦੇ ਫ਼ਲਸਰੂਪ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਡੇਰਾ ਪ੍ਰੇਮੀਆਂ ਵਲੋਂ ਨੋਟਿਸ ਲਗਾ ਕੇ ਚਿਪਕਾ ਦਿੱਤੇ ਗਏ ਕਿ ਸਿੱਖਾਂ ਦਾ ਗੁਰੂ ਉਨ੍ਹਾਂ ਦੇ ਕਬਜ਼ੇ ਵਿਚ ਹੈ ਤੇ ਜੇਕਰ ਉਨ੍ਹਾਂ ਵਿਚ ਹਿੰਮਤ ਹੈ ਤਾਂ ਛੁਡਾ ਲੈਣ। ਪ੍ਰੰਤੂ ਪੁਲਿਸ ਫ਼ਿਰ ਵੀ ਟੱਸ ਤੋਂ ਮੱਸ ਨਹੀਂ ਹੋਈ, ਜਿਸਦੇ ਚੱਲਦੇ 14 ਅਕਤੂਬਰ ਨੂੰ ਬਰਗਾੜੀ ਤੇ ਉਕਤ ਪਿੰਡ ਵਿਚ ਚੋਰੀ ਹੋਏ ਗੁਰੂ ਸਾਹਿਬ ਦੇ ਸਰੂਪ ਦੇ ਅੰਗ ਖਿਲਾਰ ਦਿੱਤੇ ਗਏ। ਜਿਸ ਕਾਰਨ ਸਿੱਖਾਂ ਵਿਚ ਰੋਸ ਫੈਲ ਗਿਆ ਤੇ ਬਰਗਾੜੀ ਅਤੇ ਕੋਟਕਪੂਰਾ ਚੌਕ ਵਿਚ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਉਠਾਉਣ ਲਈ ਪੁਲਿਸ ਨੇ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਸਹੀਦ ਕਰ ਦਿੱਤਾ ਤੇ ਪੂਰੇ ਪੰਜਾਬ ਵਿਚ ਮਾਹੌਲ ਤਨਾਅਪੂਰਨ ਹੋ ਗਿਆ ਸੀ। ਉਸਤੋਂ ਬਾਅਦ ਬੇਅਦਬੀ ਦੀਆਂ ਇਹ ਘਟਨਾਵਾਂ ਰੁਕੀਆਂ ਨਹੀਂ, ਬਲਕਿ ਮੋਗਾ ਦੇ ਪਿੰਡ ਮੱਲ ਕੇ ਅਤੇ ਬਠਿੰਡਾ ਜ਼ਿਲ੍ਹੈ ਦੇ ਭਗਤਾ ਨਜਦੀਕ ਵੀ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਕੇ ਸੁੱਟ ਦਿੱਤਾ ਗਿਆ। ਇਸ ਦੌਰਾਨ ਇੰਨ੍ਹਾਂ ਘਟਨਾਵਾਂ ਲਈ ਤਤਕਾਲੀ ਅਕਾਲੀ ਸਰਕਾਰ ਵਲੋਂ ਬਣਾਈ ਜਾਂਚ ਟੀਮ ਵਲੋਂ ਹੀ ਸੰਦੀਪ ਬਰੇਟਾ, ਹਰਸ ਧੂਰੀ, ਪ੍ਰਦੀਪ ਕਲੇਰ ਤੇ ਮਹਿੰਦਰਪਾਲ ਬਿੱਟੂ ਆਦਿ ਡੇਰਾ ਪ੍ਰੇਮੀਆਂ ਨੂੰ ਜਿੰਮੇਵਾਰ ਠਹਿਰਾਇਆ ਸੀ। ਹਾਲਾਂਕਿ ਹੋਰ ਡੇਰਾ ਪ੍ਰੇਮੀ ਫ਼ੜੇ ਗਏ ਸਨ ਪ੍ਰੰਤੂ ਉਕਤ ਤਿੰਨੋਂ ਗਧੇ ਦੇ ਸਿੰਗ ਵਾਂਗ ਗਾਇਬ ਹੋ ਗਏ ਸਨ, ਜਿੰਨ੍ਹਾਂ ਵਿਚੋਂ ਹੁਣ ਅੱਠ ਸਾਲਾਂ ਬਾਅਦ ਸੰਦੀਪ ਬਰੇਟਾ ਦੇ ਗ੍ਰਿਫਤਾਰ ਹੋਣ ਦੀ ਸੂਚਨਾ ਹੈ।
