ਸੁਖਜਿੰਦਰ ਮਾਨ
ਬਠਿੰਡਾ, 25 ਮਈ: ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਪ੍ਰਬੰਧਕ ਮਨੈਜਨੈਂਟ ਵੱਲੋਂ ਇੱਕ ਰੋਜਾ ਸੇਫਟੀ ਟੇ੍ਰਨਿੰਗ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਮੁੱਖ ਇੰਜੀਨੀਅਰ ਇੰਜੀ: ਮੰਗਤ ਰਾਮ ਬਾਸਲ ਵੱਲੋਂ ਕੀਤਾ ਗਿਆ। ਸਬ ਫਾਇਰ ਅਫ਼ਸਰ ਰਘਵੀਰ ਸਿੰਘ , ਇੰਜੀ: ਰਕੇਸ਼ ਕੁਮਾਰ ਜੈਨ ਸੇਫਟੀ ਅਫਸਰ ਅਤੇ ਇੰਜੀ: ਇੰਦਰਜੀਤ ਸਿੰਘ ਸੰਧੂ ਵੱਲੋਂ ਥਰਮਲ ਕਾਮਿਆਂ ਨੂੰ ਸੇਫਟੀ , ਹਾਦਸੇ ਸਮੇ ਮੁਢਲੀ ਸਹਾਇਤਾ ਅਤੇ ਸਿਹਤ ਸਬੰਧੀ ਟੇ੍ਰਨਿੰਗ ਦਿੱਤੀ ਗਈ। ਮੁੱਖ ਇੰਜੀਨੀਅਰ ਇੰਜੀ: ਮੰਗਤ ਰਾਮ ਬਾਂਸਲ ਵੱਲੋਂ ਅਦਾਰੇ ਅੰਦਰ ਸੇਫਟੀ ਸਬੰਧੀ ਜਾਗਰੂਕ ਕਰਨ ਵਾਲੇ ਸਾਇਨ ਬੋਰਡ ਲਗਾਉਣ ਦੀ ਸੁਰੂਆਤ ਵੀ ਕਰਵਾਈ ਗਈ। ਇਸ ਸਮੇ ਇੰਜੀ: ਬਰਿੰਦਰਜੀਤ ਸਿੰਘ ਸੋਹੀ ਫੈਕਟਰੀ ਮੇਨੈਰਜ਼, ਇੰਜੀ: ਸਰਵਜੀਤ ਸਿੰਘ ਸਿੱਧੂ ਨਿਗਰਾਨ ਇੰਜੀਨੀਅਰ, ਇੰਜੀ: ਪਰਮਰਾਲ ਸਿੰਘ ਜੌਹਲ, ਇੰਜੀ: ਅਸੋਕ ਕੁਮਾਰ ਅਰੋੜਾ ਅਤੇ ਅਮਨਦੀਪ ਕੌਰ ਮੁੱਖ ਭਲਾਈ ਅਫ਼ਸਰ ਆਦਿ ਹਾਜਿਰ ਸਨ।
ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਸੇਫਟੀ ਟੇ੍ਰਨਿੰਗ ਪ੍ਰੋਗਰਾਮ ਦਾ ਅਯੋਜਨ
ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 25 ਮਈ:ਪੋਲੀਓ ਦੇ ਖਾਤਮੇ ਲਈ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ ਤੇ ਪ੍ਰੋਗਰਾਮ ਬਣਾ ਕਿ 0 ਤੋ 5 ਸਾਲ ਤੱਕ ਦੇ ਬੱਚਿਆਂ ਲਈ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਂਦੀਆਂ ਹਨ। ਇਸੇ ਪ੍ਰੋਗਰਾਮ ਅਧੀਨ 28,29 30 ਮਈ ਨੂੰ ਤਿੰਨ ਰੋਜ਼ਾ ਪਲਸ ਪੋਲੀਓ ਕੀਤਾ ਜਾਣਾ ਹੈ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਲਾਕ ਨਥਾਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਗੁਰਮੇਲ ਸਿੰਘ ਨੇ ਪਲਸ ਪੋਲਿਓ ਸੁਪਰਵਾਈਜਰਜ ਅਤੇ ਟੀਮਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਗਰਮੀ ਦੇ ਮੌਸਮ ਵਿੱਚ ਵੈਕਸੀਨ ਦੀ ਦੇਖ ਰੇਖ ਅਤੇ ਪੰਜ ਸਾਲ ਤੱਕ ਦੇ ਸਾਰੇ ਬੱਚਿਆ ਨੂੰ ਬੰਦਾਂ ਪਿਲਾਉਣ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਬਾਰੇ ਦਸਿਆ। ਉਨ੍ਹਾਂ ਦੱਸਿਆ ਤਿੰਨ ਰੋਜ਼ਾ ਇਸ ਪ੍ਰੋਗਰਾਮ ਦੇ ਪਹਿਲੇ ਦਿਨ ਪੋਲੀਓ ਰੋਧਕ ਬੂੰਦਾਂ ਬੂਥ ਉਪਰ ਪਾਈਆਂ ਜਾਣਗੀਆ ਬਾਕੀ ਰਹਿੰਦੇ ਬੱਚਿਆ ਨੂੰ ਅਗਲੇ ਦੋ ਦਿਨਾਂ ਵਿੱਚ ਘਰ ਘਰ ਜਾ ਕਿ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਐਤਵਾਰ 28 ਤਾਰੀਖ ਨੂੰ ਆਪਣੇ ਪੰਜ ਸਾਲ ਤੱਕ ਦੇ ਬੱਚਿਆ ਨੂੰ ਬੂਥ ਉਪਰ ਆ ਕਿ ਇਹ ਪੋਲੀਓ ਰੋਧਕ ਬੂੰਦਾਂ ਜਰੂਰ ਪਿਲਾਉਣ। ਇਸ ਮੌਕੇ ਪਲਸ ਪੋਲੀਓ ਟੀਮਾਂ ਦੇ ਮੈਬਰ ਹਾਜਰ ਸਨ।
ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੁੜ ਰੰਗਲਾ ਪੰਜਾਬ ਬਣੇਗਾ – ਐਡਵੋਕੇਟ ਜੀਦਾ
ਸੁਖਜਿੰਦਰ ਮਾਨ
ਬਠਿੰਡਾ, 25 ਮਈ: ਸੂਗਰਫੈਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੁੜ ਰੰਗਲਾ ਬਣੇਗਾ। ਬਠਿੰਡਾ ਪੁੱਜੇ ਮੁੱਖ ਮੰਤਰੀ ਸ: ਮਾਨ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ, ਜਿੰਨ੍ਹਾਂ ਵਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ, ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਅਤੇ ਸੂਬੇ ਵਿਚ ਸਿਹਤ ਸਹੂਲਤਾਂ ਅਤੇ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ ਜਦੋਂਕਿ ਇਸਤੋਂ ਪਹਿਲਾਂ ਰਹੇ ਮੁੱਖ ਮੰਤਰੀ ਅਪਣੇ ਤੇ ਅਪਣੇ ਪ੍ਰਵਾਰਾਂ ਪ੍ਰਤੀ ਹੀ ਚਿੰਤਤ ਰਹੇ। ਚੇਅਰਮੈਨ ਜੀਦਾ ਨੇ ਕਿਹਾ ਕਿ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਇੰਡਸਟਰੀ ਲਿਆਉਣ ਲਈ ਉਚੇਚੇ ਕੰਮ ਕੀਤੇ ਜਾ ਰਹੇ ਹਨ ਜਿਸ ਨਾਲ ਨੌਜਵਾਨਾਂ ਨੂੰ ਰੋਜਗਾਰ ਮਿਲ ਸਕੇ। ਉਹਨਾਂ ਕਿਹਾ ਕਿ ਸਰਕਾਰ ਬਣਿਆਂ ਤਕਰੀਬਨ ਇਕ ਸਾਲ ਹੀ ਹੋਇਆ ਹੈ ਪ੍ਰੰਤੂ ਚੋਣਾਂ ਸਮੇਂ ਕੀਤੇ ਵਾਅਦਿਆਂ ਵਿਚੋਂ 90 ਫ਼ੀਸਦੀ ਨੂੰ ਪੂਰਾ ਕੀਤਾ ਗਿਆ ਹੈ। ਜਿਸ ਵਿਚ 600 ਯੂਨਿਟ ਮੁੱਫਤ ਬਿਜਲੀ, ਮਹਿਲਾਵਾਂ ਨੂੰ ਮੁੱਫਤ ਬੱਸ ਸਫ਼ਰ ਅਤੇ ਹਰ ਇਨਸਾਨ ਲਈ ਮੁਹੱਲਾ ਕਲੀਨਿਕ ਵਿਚ ਮੁਫ਼ਤ ਇਲਾਜ ਨਾਲ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।
ਐਮ.ਐਸ.ਡੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ ਸਕੂਲ ਦੇ ਟਾਪਰਾਂ ਨੂੰ ਕੀਤਾ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 25 ਮਈ: ਸਥਾਨਕ ਐਮ.ਐਸ.ਡੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਬੀਤੇ ਕੱਲ 12ਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਅੱਜ ਸਕੂਲ ਪ੍ਰਬੰਧਕਾਂ ਵਲੋਂ ਵਿਸੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਕੂਲ ਦੀ ਵਿਦਿਆਰਥਣ ਸ਼੍ਰੇਆ ਸਿੰਗਲਾ ਨੇ 498/500 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਉਹ ਮਈ 2022 ਵਿੱਚ ਬ੍ਰਾਜ਼ੀਲ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਬੈਡਮਿੰਟਨ ਓਲੰਪਿਕ ਦੀ ਸੋਨ ਤਗਮਾ ਜੇਤੂ ਵੀ ਹੈ। ਸਕੂਲ ਕਮੇਟੀ ਦੇ ਚੇਅਰਮੈਨ ਰਾਜਨ ਗਰਗ ਨੇ ਦਸਿਆ ਕਿ ਸਕੂਲ ਦੇ 159 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਤੇ ਨਤੀਜਾ 100 ਫੀਸਦੀ ਰਿਹਾ ਹੈ। ਇਸ ਵਿਚੋਂ 9 ਵਿਦਿਆਰਥੀਆਂ ਨੇ 90% ਤੋਂ ਵੱਧ, 31 ਵਿਦਿਆਰਥੀਆਂ ਨੇ 85% ਤੋਂ ਵੱਧ ਅਤੇ 54 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਸ਼੍ਰੇਆ ਸਿੰਗਲਾ, ਸਮਨਪ੍ਰੀਤ ਕੌਰ, ਅਭੀ ਸ਼ਰਮਾ, ਕ੍ਰਿਸ਼ੀਕਾ, ਪ੍ਰਾਚੀ ਗੁਪਤਾ, ਅੰਕੁਸ਼, ਵਰੁਣ ਗਰਗ, ਨਿਧੀ ਸ਼ਰਮਾ ਅਤੇ ਹਰਸ਼ਪ੍ਰੀਤ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦੇ ਟਾਪਰ ਰਹੇ ਹਨ। ਇਸ ਮੌਕੇ ਸ਼੍ਰੇਆ ਸਿੰਗਲਾ ਦੇ ਮਾਪਿਆਂ ਨੂੰ ਵੀ ਉਸ ਦੀ ਇਸ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਚੇਅਰਮੈਨ ਰਾਜਨ ਗਰਗ, ਪ੍ਰਿੰਸੀਪਲ ਡਾ: ਸੂਰਜ ਸੇਤੀਆ, ਵਾਈਸ ਪ੍ਰਿੰਸੀਪਲ ਡਾ: ਮਾਧੁਰੀ ਮੁਖੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
ਬਠਿੰਡਾ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਕਮਰਸ ’ਚ ਕੀਤਾ ਪੰਜਾਬ ਭਰ ਵਿਚੋਂ ਟਾਪ
ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਕੂਲ ਸਟਾਫ਼ ਵੱਲੋਂ ਵਿਦਿਆਰਥਣ ਦਾ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ,24 ਮਈ : ਸਥਾਨਕ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅਧੀਨ 12 ਵੀਂ ਜਮਾਤ ਦੇ ਕਾਮਰਸ ਸਟਰੀਮ ਦੇ ਐਲਾਨੇ ਗਏ ਨਤੀਜਿਆਂ ਚ 500 ਵਿੱਚੋਂ 494 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚ ਟਾਪ ਕੀਤਾ ਹੈ। ਸਿਮਰਨਜੀਤ ਕੌਰ ਨੇ 98.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਰਾਜ ਭਰ ਵਿੱਚ ਕਾਮਰਸ ਸਟਰੀਮ ਵਿੱਚ ਪਹਿਲਾ ਅਤੇ 12 ਵੀਂ ਜਮਾਤ ਵਿੱਚ ਸਾਰੀਆਂ ਸਟਰੀਮਾਂ ਦੀ ਸਮੁੱਚੀ ਮੈਰਿਟ ਵਿੱਚ 6ਵਾਂ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆਰਥਣ ਦੀ ਇਸ ਪ੍ਰਾਪਤੀ ’ਤੇ ਖੁਦ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਸ਼ਿਵਪਾਲ ਗੋਇਲ ਦੀ ਅਗਵਾਈ ਹੇਠ ਸਕੂਲ ਸਟਾਫ਼ ਵਲੋਂ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਗੋਇਲ ਨੇ ਕਿਹਾ ਕਿ ਸਿਮਰਨਜੀਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਪਰਸਰਾਮ ਨਗਰ ਸਕੂਲ ਦੇ ਵਿਦਿਆਰਥੀ ਪਹਿਲਾਂ ਵੀ ਵਿੱਦਿਅਕ ਅਤੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਤੇ ਰਾਜ ਦੇ ਸਿੱਖਿਆ ਵਿਭਾਗ ਵੱਲੋਂ ਇਸ ਨੂੰ ਉੱਤਮ ਸਕੂਲ ਐਲਾਨਿਆ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਸ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਸਾਲ ਵੀ ਕਾਮਰਸ ਸਟਰੀਮ ਦਾ ਇੱਕ ਵਿਦਿਆਰਥੀ ਸਟੇਟ ਮੈਰਿਟ ਸੂਚੀ ਵਿੱਚ ਆਇਆ ਸੀ। ਇਸ ਮੌਕੇ ਸਿਮਰਨਜੀਤ ਕੌਰ ਨੇ ਆਪਣੀ ਸ਼ਾਨਦਾਰ ਸਫ਼ਲਤਾ ’ਤੇ ਖੁਸ਼ੀ ਅਤੇ ਭਾਵੁਕਤਾ ਮਹਿਸੂਸ ਕਰਦਿਆਂ ਆਪਣੇ ਅਧਿਆਪਕਾਂ, ਸ਼੍ਰੀਮਤੀ ਸਰੋਜ ,ਸ਼੍ਰੀਮਤੀ ਮੀਨੂੰ, ਸ਼੍ਰੀਮਤੀ ਗੀਤਿੰਦਰ ਪਾਲ ਦਾ ਉਸ ਦੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਉਸਨੇ ਅੱਗੇ ਕਿਹਾ ਕਿ ਉਹ ਇੱਕ ਚਾਰਟਰਡ ਅਕਾਊਂਟੈਂਟ ਬਣਨਾ ਚਾਹੁੰਦੀ ਹੈ ਅਤੇ ਆਪਣੀ ਅਗਲੀ ਪੜ੍ਹਾਈ ਚੰਡੀਗੜ੍ਹ ਵਿੱਚ ਕਰੇਗੀ।ਇਸ ਮੌਕੇ ਸਕੂਲ ਸਟਾਫ਼ ਪੁਸ਼ਪੇਸ ਕੁਮਾਰ, ਗੁਰਪ੍ਰੀਤ ਸਿੰਘ, ਸਤੀਸ਼ ਕੁਮਾਰ, ਰਜਨੀਸ਼ ਕੁਮਾਰ, ਸ਼੍ਰੀਮਤੀ ਵੀਰਪਾਲ ਕੌਰ ਸਮੇਤ ਸਕੂਲ ਦੇ ਸਮੂਹ ਅਧਿਆਪਕ ਹਾਜ਼ਰ ਸਨ।
ਸਖ਼ਤ ਮਿਹਨਤ ਤੇ ਲਗਨ ਨਾਲ ਕਿਸੇ ਵੀ ਮੰਜ਼ਿਲ ਨੂੰ ਕੀਤਾ ਜਾ ਸਕਦਾ ਹਾਸਿਲ : ਗੁਲਨੀਤ ਸਿੰਘ ਖੁਰਾਣਾ
ਬੋਰਡ ਤੇ ਸਕੂਲ ਦੀਆਂ ਜਮਾਤਾਂ ਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਦੋ ਐਮਰਜੈਂਸੀ ਰਿਸਪੌਸ ਵਹੀਕਲ ਨੂੰ ਕੀਤਾ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ,24 ਮਈ : ਸਖ਼ਤ ਮਿਹਨਤ ਤੇ ਲਗਨ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਿਲ ਕੀਤਾ ਜਾ ਸਕਦਾ ਹੈ। ਜ਼ਿੰਦਗੀ ਵਿੱਚ ਸੰਘਰਸ਼ ਬਹੁਤ ਜ਼ਿਆਦਾ ਜ਼ਰੂਰੀ ਹੈ ਤਦ ਹੀ ਅਸੀਂ ਜਿੰਦਗੀ ਵਿੱਚ ਆਪਣੇ ਮਿਥੇ ਟੀਚੇ ਨੂੰ ਪੂਰਾ ਕਰਨ ਵਿੱਚ ਕਾਮਯਾਬੀ ਹਾਸਲ ਕਰ ਸਕਦੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸੀਨੀਅਰ ਪੁਲਿਸ ਕਪਤਾਨ ਸ. ਗੁਲਨੀਤ ਸਿੰਘ ਖੁਰਾਣਾ ਨੇ ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ ਗਰੁੱਪ ਤੇ ਕਲਾਸ ਕੈਪਟਨਾਂ ਨੂੰ ਅਹੁਦੇ ਦੀ ਸਹੁੰ ਚੁਕਵਾਉਣ ਤੇ ਸਕੂਲ ਦੀਆਂ ਬੋਰਡ ਅਤੇ ਦੂਸਰੀਆਂ ਜਮਾਤਾਂ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸ. ਗੁਲਨੀਤ ਸਿੰਘ ਖੁਰਾਣਾ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਚੰਗੇ ਕੈਰੀਅਰ ਦੀ ਚੋਣ ਸੋਚ ਸਮਝ ਕੇ ਕੀਤੀ ਜਾਵੇ। ਉਨ੍ਹਾਂ ਜੋ ਵੀ ਕਰਨਾ ਹੈ ਸੱਚੇ ਮਨ ਨਾਲ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ ਨਿਸ਼ਚੇ ਨਾਲ ਕੀਤਾ ਜਾਵੇ। ਇਸ ਦੌਰਾਨ ਸੀਨੀਅਰ ਪੁਲਿਸ ਕਪਤਾਨ ਨੇ ਵਿਦਿਆਰਥੀਆਂ ਨਾਲ ਆਪਣੀ ਜਿੰਦਗੀ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਤੇ ਆਉਣ ਵਾਲੀਆਂ ਮੁਸ਼ਕਿਲਾਂ ਦਾ ਦ੍ਰਿੜ ਨਿਸ਼ਚੇ ਨਾਲ ਸਾਹਮਣਾ ਕਰਦਿਆਂ ਸਖ਼ਤ ਮਿਹਨਤ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਪੁਲਿਸ ਪਬਲਿਕ ਸਕੂਲ ਦੇ ਬੋਰਡ ਤੇ ਵੱਖ-ਵੱਖ ਕਲਾਸਾਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਆਏ ਸਕੂਲੀ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਤੇ ਅੱਗੇ ਹੋਰ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਸ. ਗੁਲਨੀਤ ਸਿੰਘ ਖੁਰਾਣਾ ਵਲੋਂ ਸਕੂਲ ਕੰਪਲੈਕਸ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਆਧੁਨਿਕ ਤਕਨੀਕ ਨਾਲ ਲੈਸ ਦੋ ਐਮਰਜੈਂਸੀ ਰਿਸਪੌਸ ਵਹੀਕਲਾਂ ਨੂੰ ਵੀ ਰਵਾਨਾ ਕੀਤਾ।ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ਨਾਲ ਕੀਤੀ ਗਈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਵਲੋਂ ਪਹੁੰਚੀਆਂ ਸਖਸ਼ੀਅਤਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਉਨ੍ਹਾਂ ਪੜ੍ਹਾਈ ਵਿੱਚ ਮੱਲ੍ਹਾ ਮਾਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਜਿੰਨਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਪੜ੍ਹਾਈ ਵਿੱਚ ਚੰਗੇ ਨੰਬਰਾਂ ਨਾਲ ਨਾਮਣਾ ਖੱਟਿਆ ਹੈ। ਸਮਾਗਮ ਮੌਕੇ ਡੀਐਸਪੀ ਐਚ ਗੁਰਦੀਪ ਸਿੰਘ ਸੈਣੀ ਤੋਂ ਇਲਾਵਾ ਸਕੂਲੀ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਵਲੋਂ ਵਿਸ਼ੇਸ਼ ਤੌਰ ਸ਼ਿਰਕਤ ਕੀਤੀ ਗਈ।
ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਆਈ.ਆਈ.ਟੀ. ਰੋਪੜ ਦਾ ਵਿੱਦਿਅਕ ਦੌਰਾ ਕੀਤਾ
ਸੁਖਜਿੰਦਰ ਮਾਨ
ਬਠਿੰਡਾ,24 ਮਈ : ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਡਿਪਾਰਟਮੈਂਟ ਆਫ਼ ਸਕਿੱਲ ਡਿਵੈਲਪਮੈਂਟ ਵੱਲੋਂ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੋਪੜ ਦਾ ਇੱਕ ਰੋਜ਼ਾ ਵਿੱਦਿਅਕ ਦੌਰਾ ਆਯੋਜਿਤ ਕੀਤਾ ਗਿਆ। ਜਿਸ ਤਹਿਤ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਇਲੈਕਟਰੀਕਲ ਇੰਜੀਨੀਅਰਿੰਗ ਅਤੇ ਸਿਵਲ ਇੰਜੀਨੀਅਰਿੰਗ ਦੂਜਾ ਅਤੇ ਤੀਜਾ ਸਾਲ ਦੇ 65 ਤੋਂ ਵਧੇਰੇ ਵਿਦਿਆਰਥੀਆਂ ਨੇ ਆਪਣੇ ਸਬੰਧਿਤ ਵਿਭਾਗਾਂ ਅਨੁਸਾਰ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦਾ ਦੌਰਾ ਕੀਤਾ। ਪ੍ਰਯੋਗਸ਼ਾਲਾਵਾਂ ਵਿੱਚ ਉਨ੍ਹਾਂ ਨੂੰ ਸਾਜ਼ੋ-ਸਾਮਾਨ ਦੀਆਂ ਕਿਸਮਾਂ ਨਾਲ ਜਾਣੂ ਕਰਵਾਇਆ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ ਉਪਕਰਨ ਕਿਵੇਂ ਕੰਮ ਕਰਦੇ ਹਨ। ਸਬੰਧਿਤ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਸੰਸਥਾ ਵਿੱਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਦੱਸਿਆ। ਡਾ. ਅਥਰਵ ਅਤੇ ਡਾ. ਪੁਸ਼ਪਿੰਦਰ ਨੇ ਉਦਯੋਗ ਵਿੱਚ ਮੌਜੂਦਾ ਨਵੀਨ ਰੁਝਾਨਾਂ ਅਤੇ ਸੰਸਥਾ ਵਿੱਚ ਵਿਦਿਆਰਥੀਆਂ ਲਈ ਮੌਕਿਆਂ ਬਾਰੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਦਿੱਤਾ। ਉਨ੍ਹਾਂ ਨੇ ਇਸ ਉਪਰਾਲੇ ਲਈ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਕਾਲਜ ਦੀ ਪ੍ਰਿੰਸੀਪਲ ਡਾ. ਜਯੋਤੀ ਬਾਂਸਲ ਅਤੇ ਡਿਪਾਰਟਮੈਂਟ ਆਫ਼ ਸਕਿੱਲ ਡਿਵੈਲਪਮੈਂਟ ਦੀ ਮੁਖੀ ਡਾ. ਨਮਿਸ਼ਾ ਅਤੇ ਫੈਕਲਟੀ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਦੇਸ ਲਈ ਗੋਲਡ ਮੈਡਲ ਜਿੱਤਣ ਵਾਲੀ ਬਠਿੰਡਾ ਦੀ ਸ੍ਰੇਆ ਸਿੰਗਲਾ ਨੇ ਬਾਹਰਵੀਂ ਜਮਾਤ ਵਿਚੋਂ ਪ੍ਰਾਪਤ ਕੀਤਾ ਦੂਜਾ ਸਥਾਨ
ਸੁਖਜਿੰਦਰ ਮਾਨ
ਬਠਿੰਡਾ,24 ਮਈ : ਪਿਛਲੇ ਸਾਲ ਬ੍ਰਾਜੀਲ ਵਿਚ ਹੋਈਆਂ ਡੀਫ਼ ਐਂਡ ਡੰਫ਼ ਖਿਡਾਰੀਆਂ ਦੀਆਂ ਉਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੀ ਬਠਿੰਡਾ ਦੀ ਸ੍ਰੇਆ ਸਿੰਗਲਾ ਨੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12 ਵੀਂ ਜਮਾਤ ਦੇ ਨਤੀਜਿਆਂ ਵਿੱਚ ਦੂਜਾ ਸਥਾਨ ਹਾਸਲ ਕਰਕੇ ਬਠਿੰਡਾ ਦਾ ਨਾਮ ਰੋਸ਼ਨ ਕੀਤਾ ਹੈ। ਸਥਾਨਕ ਐਮ. ਐਸ. ਡੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸ੍ਰੇਆ ਸਿੰਗਲਾ ਪੁੱਤਰੀ ਦਵਿੰਦਰ ਸਿੰਗਲਾ ਨੇ ਆਰਟਸ ਗਰੁੱਪ ਵਿੱਚੋਂ ਸੂਬੇ ਭਰ ਵਿੱਚੋਂ 498/500 ਵਿੱਚੋਂ 99.60 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਸ਼੍ਰੇਆ ਬਚਪਨ ਤੋਂ ਵਿਸੇਸ ਲੋੜਾਂ ਵਾਲੀ ਬੱਚੀ ਹੈ ਪ੍ਰੰਤੂ ਇਸਦੇ ਬਾਵਜੂਦ ਉਸਦੀਆਂ ਪ੍ਰਾਪਤੀਆਂ ਉਸਦੀ ਉਮਰ ਤੋਂ ਵੀ ਕਿਤੇ ਵੱਡੀਆਂ ਹਨ। ਬੈਡਮੈਟਨ ਦੀ ਕੌਮਾਤਰੀ ਖਿਡਾਰਨ ਵਜੋਂ ਆਪਣਾ ਨਾਮ ਦਰਜ਼ ਕਰਵਾ ਚੁੱਕੀ ਸ਼੍ਰੇਆ ਆਗਾਮੀ 14 ਜੁਲਾਈ ਨੂੰ ਬ੍ਰਾਜੀਲ ਵਿਚ ਹੀ ਹੋ ਰਹੀਆਂ ਡੀਫ਼ ਐਂਡ ਡੰਫ਼ ਖਿਡਾਰੀਆਂ ਦੀਆਂ ਵਿਸਵ ਖੇਡਾਂ ਵਿਚ ਭਾਗ ਲੈਣ ਜਾ ਰਹੀ ਹੈ। ਅੱਜ ਜਦੋਂ ਸਿੱਖਿਆ ਬੋਰਡ ਵਲੋਂ ਨਤੀਜੇ ਦਾ ਐਲਾਨ ਕੀਤਾ ਗਿਆ ਤਾਂ ਉਸ ਸਮੇਂ ਉਹ ਹੈਦਰਾਬਾਦ ਵਿਚ ਵਿਸਵ ਖੇਡਾਂ ਦੀ ਤਿਆਰੀ ਕਰ ਰਹੀ ਸੀ। ਸ਼੍ਰੇਆ ਦੇ ਸਕੂਲ ਅਤੇ ਘਰ ਵਿਚ ਉਸਦੀ ਪ੍ਰਾਪਤੀ ’ਤੇ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਸੀ। ਸਕੂਲ ਦੇ ਵਿਚ ਜਿੱਥੇ ਪ੍ਰਿੰਸੀਪਲ ਸੇਤੀਆ ਦੀ ਅਗਵਾਈ ਹੇਠ ਲੱਡੂ ਵੰਡੇ ਗਏ, ਉਥੇ ਸ਼੍ਰੇਆ ਦੇ ਘਰ ਵਿਚ ਵੀ ਉਸਦੇ ਪ੍ਰਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਗਲੀ-ਮੁਹੱਲੇ ਦੇ ਲੋਕ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੇਆ ਦੇ ਪਿਤਾ ਦਵਿੰਦਰ ਸਿੰਗਲਾ ਜੋਕਿ ਇੱਕ ਬੈਂਕਰ ਹਨ ਅਤੇ ਮਾਤਾ ਨੀਲਮ ਸਿੰਗਲਾ ਜੋਕਿ ਇੱਕ ਸਕੂਲ ਅਧਿਆਪਕਾ ਹਨ, ਨੇ ਅਪਣੀ ਪੁੱਤਰੀ ਦੀ ਪ੍ਰਾਪਤੀ ’ਤੇ ਖੁਸੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ‘‘ਸ਼੍ਰੇਆ ਨੇ ਅਪਣੀ ਕਮੀ ਨੂੰ ਹੀ ਕਾਮਯਾਬੀ ਵਿਚ ਤਬਦੀਲ ਕਰ ਦਿੱਤਾ। ’’ ਉਨ੍ਹਾਂ ਕਿਹਾ ਕਿ ਬਚਪਨ ਵਿਚ ਬੇਸ਼ੱਕ ਉਨ੍ਹਾਂ ਨੂੰ ਸ਼੍ਰੇਆ ਦੇ ਸਹੀ ਤਰੀਕੇ ਨਾਲ ਬੋਲ ਅਤੇ ਸੁਣਨ ਨਾ ਸਕਣ ਦੇ ਚੱਲਦੇ ਮਨ ਵਿਚ ਦੁੱਖ ਮਹਿਸੂਸ ਹੁੰਦਾ ਸੀ ਪ੍ਰੰਤੂ ਹੁਣ ਉਸਦੀਆਂ ਪ੍ਰਾਪਤੀਆਂ ਦੇਖ ਕੇ ਖ਼ੁਸੀ ਮਹਿਸੂਸ ਹੋ ਰਹੀ ਹੈ। ਉਧਰ ਹੈਦਰਾਬਾਦ ਤੋਂ ਇੱਕ ਵੀਡੀਓ ਸੰਦੇਸ਼ ਰਾਹੀਂ ਗੱਲਬਾਤ ਕਰਦਿਆਂ ਸ਼ੇਆ ਨੇ ਕਿਹਾ ਕਿ ਉਸਦੀ ਇਸ ਪ੍ਰਾਪਤੀ ਦੇ ਪਿੱਛੇ ਅਪਣੇ ਮਾਪਿਆਂ ਤੇ ਸਕੂਲ ਅਧਿਆਪਕਾਂ ਦਾ ਵੱਡਾ ਹੱਥ ਹੈ, ਜਿੰਨ੍ਹਾਂ ਨੇ ਉਸਦਾ ਹਰ ਥਾਂ ਸਹਿਯੋਗ ਕੀਤਾ। ਸ਼੍ਰੇਆ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਦੇਸ ਦਾ ਨਾਮ ਰੋਸ਼ਨ ਕਰਦੀ ਰਹੇਗੀ। ਉਧਰ ਪਤਾ ਚੱਲਿਆ ਹੈ ਕਿ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੇ 4 ਵਿਦਿਆਰਥੀ ਪੰਜਾਬ ਦੀ ਮੈਰਿਟ ਆਏ ਮੈਰਿਟ ਚ ਆਏ ਹਨ। ਨਤੀਜਿਆਂ ਵਿੱਚ ਮੈਰਿਟਾਂ ਪ੍ਰਾਪਤ ਕਰਨ ਵਾਲੇ ਸਾਇੰਸ ਗਰੁੱਪ ਵਿੱਚ ਸਾਹਿਲ ਸ਼ਰਮਾ ਨੇ 500 ਵਿੱਚੋਂ 486 ਅੰਕ, ਰਿਤਿਕ ਸ਼ਰਮਾ ਨੇ 500 ਵਿੱਚੋਂ 485 ਅੰਕ, ਸੰਗਮ ਕੰਬੋਜ ਨੇ 500 ਵਿੱਚੋਂ 485 ਅਤੇ ਨਿਰਭੈਅ ਸਿੰਘ ਨੇ ਵੀ ਸਾਇੰਸ ਗਰੁੱਪ ਵਿੱਚ 500 ਵਿੱਚੋਂ 485 ਅੰਕ ਪ੍ਰਾਪਤ ਕਰਦਿਆਂ ਮੈਰਿਟ ਵਿਚ ਜਗਾ ਬਣਾਈ ਹੈ । ਸਕੂਲ ਦੇ ਪ੍ਰਿੰਸੀਪਲ ਡਾ ਗੁਰਦੀਪ ਸਿੰਘ ਨੇ ਦੱਸਿਆ ਸਕੂਲ ਦੀ ਚੰਗੇ ਨਤੀਜਿਆਂ ਪਿੱਛੇ ਬੱਚਿਆਂ ਅਤੇ ਅਧਿਆਪਕਾਂ ਦੀ ਮਿਹਤਨ ਦਾ ਬਹੁਤ ਵੱਡਾ ਰੋਲ ਹੈ। ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਮੈਰਿਟ ਵਿੱਚ ਆਏ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।

ਈ-ਸਕੂਲ ਨੇ ਬੱਚਿਆਂ ਨੂੰ ਆਈਲੈਟਸ ਦੀਆਂ ਕਿਤਾਬਾਂ ਮੁਫ਼ਤ ਵੰਡੀਆਂ
ਸੁਖਜਿੰਦਰ ਮਾਨ
ਬਠਿੰਡਾ,24 ਮਈ : ਪਿਛਲੇ ਕਈ ਦਹਾਕਿਆਂ ਤੋਂ ਆਈਲੇਟਸ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾਈ ਰੱਖਣ ਵਾਲੇ ਮਾਲਵਾ ਖੇਤਰ ਦੇ ਪ੍ਰਸਿੱਧ ਈ ਸਕੂਲ ਵੱਲੋਂ ਅੱਜ ਸਥਾਨਕ ਅਜੀਤ ਰੋਡ ’ਤੇ ਸਥਿਤ ਅਪਣੇ ਮੁੱਖ ਦਫ਼ਤਰ ਅੱਗੇ ਆਈਲੈਟਸ ਦੀਆਂ ਅਸਲੀ ਕਿਤਾਬਾਂ ਦੀ ਮੁਫ਼ਤ ਬੁੱਕ ਸਟਾਲ ਲਗਾਈ ਗਈ। ਇਸ ਸਟਾਲ ਦੇ ਵਿੱਚ ਈ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਦੂਜੇ ਇੰਸੀਚਿਊਟ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅਪਣੀ ਜਰੂਰਤ ਮੁਤਾਬਕ ਮੁਫ਼ਤ ਵਿਚ ਕਿਤਾਬਾਂ ਹਾਸਲ ਕੀਤੀਆਂ। ਬੀਤੇ ਕੱਲ ਸੰਸਥਾ ਵਲੋਂ ਬਰਨਾਲਾ ਈ ਸਕੂਲ ਦੇ ਦਫ਼ਤਰ ਅੱਗੇ ਵੀ ਅਜਿਹੀ ਬੁੱਕ ਸਟਾਲ ਲਗਾ ਕੇ ਮੁਫ਼ਤ ਕਿਤਾਬਾਂ ਦਿੱਤੀਆਂ ਗਈਆਂ ਸਨ। ਈ ਸਕੂਲ ਦੇ ਐਮ.ਡੀ ਰੁਪਿੰਦਰ ਸਿੰਘ ਖ਼ਾਲਸਾ ਨੇ ਦਸਿਆ ਕਿ ਇੰਨ੍ਹਾਂ ਬੁੱਕ ਸਟਾਲਾਂ ’ਤੇ ਬਹੁਤ ਸਾਰੀਆਂ ਕਿਤਾਬਾਂ ਦਿੱਤੀਆਂ ਗਈਆਂ,ਜਿਸਦੇ ਨਾਲ ਵਿਦਿਆਰਥੀਆਂ ਨੂੰ ਆਉਣ ਵਾਲੇ ਪੇਪਰਾਂ ਵਿੱਚ ਵੱਡੀ ਸਹਾਇਤਾ ਹੋਵੇਗੀ, ਕਿਉਂਕਿ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਦੀਆਂ ਕਿਤਾਬਾਂ ਹਨ ਅਤੇ ਹਰ ਕਿਤਾਬ ਵਿਚ ਚਾਰ-ਚਾਰ ਪੁਰਾਣੇ ਪੇਪਰ ਦਿਤੇ ਹੋਏ ਹਨ ਜੋ ਕਿ ਪਿਛਲੇ ਸਮੇਂ ਵਿਚ ਥਾਈਲੈਂਡ ਵਾਲੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਹਨ।ਉਨ੍ਹਾਂ ਨੇ ਬੱਚਿਆਂ ਤੇ ਮਾਪਿਆਂ ਨੂੰ ਇਹ ਕਿਤਾਬਾਂ ਭੇਟ ਕਰਦਿਆਂ ਦਸਿਆ ਕਿ ਆਉਣ ਵਾਲੇ ਦਿਨਾਂ ‘ਚ ਵੀ ਈ ਸਕੂਲ ਵਲੋਂ ਇਹ ਮੁਹਿੰਮ ਜਾਰੀ ਰਹੇਗੀ।
ਰਾਸ਼ਟਰੀ ਵਿਕਲਾਂਗ ਐਸੋਸੀਏਸ਼ਨ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ,24 ਮਈ : ਰਾਸ਼ਟਰੀ ਵਿਕਲਾਂਗ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੂੰ ਅੰਗਹੀਣਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿੱਚ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਐਸੋਸੀਏਸ਼ਨ ਦੇ ਅਜੈ ਕੁਮਾਰ ਸਾਂਸੀ,ਲੱਖਾ ਸਿੰਘ ਸੰਘਰ,ਬਲਜਿੰਦਰ ਸਿੰਘ,ਕਿਰਨਜੀਤ ਕੌਰ ,ਜੱਗਾ ਸਿੰਘ ਆਦਿ ਨੇ ਇਸ ਮੌਕੇ ਦਸਿਆ ਕਿ ਅੰਗਹੀਣਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿੱਚ ਕਾਫ਼ੀ ਸਮੇਂ ਤੋਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਵੇਂ ਕਿ ਸਿਵਲ ਹਸਪਤਾਲ ਵੱਲੋਂ ਅੰਗਹੀਣਾਂ ਲਈ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਨਾ ਹੋਣਾ, ਅੰਗਹੀਣਾਂ ਦੇ ਦਿਵਯਾਂਗ ਸਰਟੀਫਿਕੇਟ ਬਣਾਉਣ ਸਮੇਂ ਖੱਜਲ ਖੁਆਰੀ ਤੋਂ ਰੋਕਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਸੰਸਥਾ ਵਲੋਂ ਡਿਪਟੀ ਕਮਿਸ਼ਨਰ ਨੂੰ ਅੰਗਹੀਣਾਂ ਲਈ ਸਿਵਲ ਹਸਪਤਾਲ ਵਿੱਚ ਇੱਕ ਸਿੰਗਲ ਵਿੰਡੋ ਦਫਤਰ ਬਣਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ ਤਾਂ ਜੋ ਅੰਗਹੀਣਾਂ ਨੂੰ ਕਿਸੇ ਵੀ ਕੰਮ ਦੀ ਪਰੇਸ਼ਾਨੀ ਨਾ ਆਵੇ। ਇਸ ਮੌਕੇ ਤੇ ਰਾਸ਼ਟਰੀ ਵਿਕਲਾਂਗ ਬਹੁਤ ਸਾਰੇ ਅੰਗਹੀਣ ਮੈਂਬਰ ਮੌਜੂਦ ਸਨ।
