ਕਾਰਜਕਾਰੀ ਇੰਜੀਨੀਅਰ ਤੇ ਉਪ ਮੰਡਲ ਇੰਜੀਨੀਅਰ ਬਠਿੰਡਾ ਦੇ ਖਿਲਾਫ਼ ਰੋਸ ਧਰਨਾ 25 ਮਈ ਨੂੰ
ਸੁਖਜਿੰਦਰ ਮਾਨ
ਬਠਿੰਡਾ, 16 ਮਈ : ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਵੱਲੋਂ ਕੰਟਰੈਕਟ ਕਰਮਚਾਰੀਆਂ ਨੂੰ ਤਨਖਾਹਾਂ ਨਾਂ ਦੇਣ ਕਾਰਨ ਅਤੇ ਵਧੇ ਹੋਏ ਡੀਸੀ ਰੇਟ ਲਾਗੂ ਨਾਂ ਕਰਨ ਤੇ ਬਕਾਇਆ ਨਾਂ ਦੇਣ ਦੇ ਵਿਰੋਧ ਵਿਚ ਅੱਜ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਉਪ ਮੰਡਲ ਇੰਜੀਨੀਅਰ ਨੰਬਰ 4 ਦੇ ਖਿਲਾਫ ਰੋਸ ਰੈਲੀ ਕੀਤੀ ਗਈ । ਰੈਲੀ ਨੂੰ ਸੰਬੋਧਨ ਕਰਦਿਆਂ ਬਰਾਂਚ ਪ੍ਰਧਾਨ ਮੱਖਣ ਸਿੰਘ ਖਣਗਵਾਲ,ਚੇਅਰਮੈਨ ਸੁਖਚੈਨ ਸਿੰਘ, ਜਿਲ੍ਹਾ ਪ੍ਰਧਾਨ ਕਿਸ਼ੋਰ ਚੰਦ ਗਾਜ ,ਦਰਸ਼ਨ ਸ਼ਰਮਾ,ਸੰਦੀਪ ਸਿੰਘ ਕੋਟਫੱਤਾ, ਸਨੀਲ ਕੁਮਾਰ,ਹਰਪ੍ਰੀਤ ਸਿੰਘ ਨੇ ਕਿਹਾ ਕਿ ਕੰਨਟੈਕਟ ਕਰਮਚਾਰੀਆਂ ਨੂੰ ਲਗਾਤਾਰ ਤਨਖਾਹਾਂ ਲੇਟ ਦਿੱਤੀਆਂ ਜਾਂਦੀਆਂ ਹਨ, ਜਿਸਦੇ ਚੱਲਦੇ ਇੰਨ੍ਹਾਂ ਕਰਮਚਾਰੀਆਂ ਦੇ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ। ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਡੀਸੀ ਰੇਟ ਲਾਗੂ ਕਰਵਾਉਣ, ਰੁਕੀਆਂ ਤਨਖਾਹਾਂ ਰੀਲੀਜ਼ ਕਰਵਾਉਣ, ਵਧੇ ਡੀਸੀ ਰੇਟਾਂ ਦੇ ਬਕਾਏ ਰੀਲੀਜ਼ ਕਰਵਾਉਣ, ਈ ਐਸ ਆਈ ਕਾਰਡ ਬਣਾਉਣ, ਈ ਪੀ ਐਫ ਸਮੇਂ ਸਿਰ ਜਮਾਂ ਕਰਵਉਣ ਦੀ ਮੰਗ ਨੂੰ ਲੈ ਕੇ 25 ਮਈ ਨੂੰ ਉਪ ਮੰਡਲ ਇੰਜੀਨੀਅਰ ਨੰਬਰ 4 ਬਠਿੰਡਾ ਤੇ ਕਾਰਜਕਾਰੀ ਇੰਜੀਨੀਅਰ ਨੰਬਰ 2 ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਮੰਡਲ ਬਠਿੰਡਾ ਦੇ ਖਿਲਾਫ਼ ਰੋਸ ਧਰਨਾ ਦਿੱਤਾ ਜਾਵੇਗਾ।
ਤਨਖਾਹਾਂ ਨਾਂ ਮਿਲਣ ਕਾਰਨ ਭੜਕੇ ਸੀਵਰੇਜ ਬੋਰਡ ਕਾਮੇ ਕੀਤੀ ਰੋਸ ਰੈਲੀ
ਸੀਆਈਏ ਸਟਾਫ਼ ਵਲੋਂ ਦੋ ਰਾਜਸਥਾਨੀਆਂ ਕੋਲੋ 2 ਕਿਲੋ ਅਫ਼ੀਮ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 16 ਮਈ : ਸਥਾਨਕ ਸੀਆਈਏ-1 ਸਟਾਫ਼ ਵਲੋਂ ਅੱਜ ਮੁੜ ਦੋ ਕਿਲੋ ਅਫ਼ੀਮ ਬਰਾਮਦ ਕੀਤੀ ਗਈ ਹੈ। ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਇਸ ਕਾਰਵਾਈ ਵਿਚ ਦੋ ਰਾਜਸਥਾਨੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਹੜੇ ਰਾਜਸਥਾਨ ਤੋਂ ਮੋਟਰਸਾਈਕਲ ’ਤੇ ਅਫ਼ੀਮ ਦੀ ਸਪਲਾਈ ਦੇਣ ਲਈ ਪੰਜਾਬ ਪੁੱਜੇ ਹੋਏ ਸਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਤਰਲੋਚਨ ਸਿੰਘ ਇੱਕ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਨਾਕੇਬੰਦੀ ਦੌਰਾਨ ਐਸ ਆਈ ਹਰਜੀਵਨ ਸਿੰਘ ਦੀ ਟੀਮ ਵਲੋਂ ਹਰਿਆਣਾ ਬਾਰਡਰ ਦੇ ਨਜਦੀਕ ਪੈਂਦੇ ਪੰਜਾਬ ਦੇ ਪਿੰਡ ਡੂੰਮਵਾਲੀ ਤੋ ਇੰਨ੍ਹਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿੰਨ੍ਹਾਂ ਦੀ ਪਹਿਚਾਣ ਰਾਜੇਸ਼ ਵਾਸੀ ਪਿੰਡ ਨਾਈਵਾਲਾ ਅਤੇ ਨਰਿੰਦਰ ਕੁਮਾਰ ਵਾਸੀ ਪਿੰਡ ਮਸੀਤਾਵਾਲਾ ਦੋਨੋਂ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਤੌਰ ’ਤੇ ਹੋਈ ਹੈ। ਇੰਨ੍ਹਾਂ ਵਿਰੁਧ ਅ/ਧ 18ਬੀ/61/85 ਐਨ ਡੀ ਪੀ ਐਸ ਐਕਟ ਥਾਣਾ ਸੰਗਤ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਕਥਿਤ ਦੋਸ਼ੀਆ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਨੇ ਕੀਤੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 16 ਮਈ : ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਵਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚ ਸਥਿਤ ਆਪਣੇ ਦਫ਼ਤਰ ਵਿਖੇ ਸਮੀਖਿਆ ਬੈਠਕ ਕੀਤੀ ਗਈ। ਇਸ ਮੌਕੇ ਉਨ੍ਹਾਂ ਅਧਿਕਾਰੀਆ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਜਿੱਥੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਨਰਮੇ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੱਤੀ, ਉਥੇ ਪਸ਼ੂ ਪਾਲਣ ਵਿਭਾਗ, ਬਾਗਬਾਨੀ ਵਿਭਾਗ , ਮੰਡਲ ਭੂਮੀ ਰੱਖਿਆ ਅਫ਼ਸ, ਵਣ ਮੰਡਲ ਅਫ਼ਸਰ ਆਦਿ ਅਧਿਕਾਰੀਆਂ ਵਲੋਂ ਅਪਣੇ ਵਿਭਾਗਾਂ ਵਿਚ ਚੱਲ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਹਾਇਕ ਖੋਜ ਅਫ਼ਸਰ ਰਣਜੀਤ ਸਿੰਘ, ਇਨਵੈਸਟੀਗੇਟਰ ਸੰਦੀਪ ਕੁਮਾਰ ਤੋਂ ਇਲਾਵਾ ਮੁੱਖ ਖੇਤੀਬਾੜੀ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਭਾਗ, ਬਾਗਬਾਨੀ, ਮੰਡਲ ਭੂਮੀ ਰੱਖਿਆ, ਵਣ ਮੰਡਲ, ਉਪ ਰਜਿਸਟਰਾਰ ਕੋਪਰੈਟਿਵ ਸੁਸਾਇਟੀ, ਬਠਿੰਡਾ, ਜੰਗਲਾਤ ਨਿਗਮ ਆਦਿ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
ਨਾਮਵਰ ਪੰਜ ਤਾਰਾ ਹੋਟਲਾਂ ਵੱਲੋਂ ਸ਼ਾਨਦਾਰ ਵਜ਼ੀਫੇ ’ਤੇ ਇੰਡਸਟ੍ਰੀਅਲ ਟ੍ਰੇਨਿੰਗ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਚੋਣ
ਸੁਖਜਿੰਦਰ ਮਾਨ
ਬਠਿੰਡਾ, 16 ਮਈ : ਭਾਰਤ ਦੇ ਨਾਮਵਰ ਪੰਜ ਤਾਰਾ ਹੋਟਲ ਮੈਰੀਅਟ, ਪਾਰਕ ਪਲਾਜ਼ਾ ਤੇ ਸਿੰਫਨੀ ਰੀਜ਼ੋਰਟ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇੰਸਟੀਚਿਉਟ ਆਫ਼ ਹੋਟਲ ਮੈਨੇਜ਼ਮੈਂਟ ਦੇ ਵਿਦਿਆਰਥੀਆਂ ਦੀ ਇੰਡਸਟ੍ਰੀਅਲ ਟ੍ਰੇਨਿੰਗ ਲਈ ਸ਼ਾਨਦਾਰ ਵਜ਼ੀਫੇ ’ਤੇ ਚੋਣ ਕੀਤੀ ਗਈ। ਇਸ ਮੌਕੇ ’ਵਰਸਿਟੀ ਵੱਲੋਂ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਮੈਨੇਜ਼ਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਅਤੇ ਵਿਸ਼ੇਸ਼ ਮਹਿਮਾਨ ਉਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਵੱਲੋਂ ਵਿਦਿਆਰਥੀਆਂ ਨੂੰ ਆਫ਼ਰ ਲੈਟਰ ਦਿੱਤੇ ਗਏ। ਸ. ਸਿੱਧੂ ਨੇ ਵਿਦਿਆਰਥੀਆਂ ਨੂੰ ਵਧਾਈ ਤੇ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਸਫਲਤਾਪੂਰਵਕ ਟ੍ਰੇਨਿੰਗ ਪੂਰੀ ਕਰਨ ਉਪਰੰਤ ਆਪਣੇ ਉਦਯੋਗ ਸਥਾਪਿਤ ਕਰਕੇ ’ਵਰਸਿਟੀ ਅਤੇ ਇਲਾਕੇ ਦਾ ਨਾਂ ਰੋਸ਼ਨ ਕਰਨਗੇ ਤੇ ਆਪਣੇ ਸਾਥੀਆਂ ਤੇ ਹੋਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਗੇ। ਡਾ. ਬਾਵਾ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਆ, ਉਨ੍ਹਾਂ ਦੱਸਿਆ ਕਿ ਇੰਸਟੀਚਿਉਟ ਦੇ ਬੀ.ਐੱਸ.ਸੀ ਹੋਟਲ ਮੈਨੇਜ਼ਮੈਂਟ ਦੇ ਸਮੂਹ ਵਿਦਿਆਰਥੀ ਹੀ ਇੰਡਸਟ੍ਰੀਅਲ ਟ੍ਰੇਨਿੰਗ ਲਈ ਚੁਣੇ ਗਏ ਹਨ। ਉਨ੍ਹਾਂ ਇਸ ਖੇਤਰ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਅਤੇ ਆਪਣੇ ਹੋਟਲ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਚਾਨਣਾ ਪਾਇਆ। ਵਿਭਾਗ ਦੇ ਇੰਚਾਰਜ ਜਿਤਿਨ ਸ਼ਰਮਾਂ ਨੇ ਦੱਸਿਆ ਕਿ ਪੰਜਾਬ ਵਿੱਚ ਵੱਧ ਰਹੀ ਸੈਲਾਨੀਆਂ ਦੀ ਗਿਣਤੀ ਕਾਰਨ ਹੋਟਲ ਮੈਨੇਜ਼ਮੈਂਟ ਦੇ ਵਿਦਿਆਰਥੀਆਂ ਲਈ ਰੁਜ਼ਗਾਰ, ਪੈਸੇ ਅਤੇ ਸ਼ੋਹਰਤ ਦੀਆਂ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ-ਆਪਣੇ ਖੇਤਰ ਵਿੱਚ ਮਹਾਰਤ ਹਾਸਿਲ ਕਰਨ ਲਈ ਕਿਹਾ।
ਭਗਵੰਤ ਮਾਨ ਨੇ ਬਠਿੰਡਾ ਦੇ ਭਲਵਾਨ ਨੂੰ 2 ਲੱਖ ਰੁਪਏ ਦੀ ਨਕਦ ਰਾਸ਼ੀ ਤੇ ਸਨਮਾਨ ਪੱਤਰ ਨਾਲ ਕੀਤਾ ਸਨਮਾਨਿਤ
ਚਾਉਂਕੇ ਪਿੰਡ ਦਾ ਭਲਵਾਨ ਗੁਰਸੇਵਕ ਕਨੇਡਾ ਦੇ ਵਿਨੀਪੈਗ ਚ ਦਿਖਾਏਗਾ ਆਪਣੀ ਕੁਸ਼ਤੀ ਦੇ ਜੌਹਰ
‘ਪੰਜਾਬ ਕੇਸਰੀ’ ਦਾ ਖਿਤਾਬ ਵੀ ਕਰ ਚੁਕਿਆ ਆਪਣੇ ਨਾਮ, 9 ਵਾਰ ਜਿੱਤ ਚੁਕਿਆ ਗੋਲਡ ਮੈਡਲ
ਸੁਖਜਿੰਦਰ ਮਾਨ
ਬਠਿੰਡਾ, 16 ਮਈ : ਕੁਸ਼ਤੀ ਮੁਕਾਬਲਿਆਂ ਵਿੱਚ ਮੱਲ੍ਹਾਂ ਮਾਰਨ ਵਾਲੇ ਜ਼ਿਲ੍ਹੇ ਦੇ ਪਿੰਡ ਚਾਉਂਕੇ ਦੇ ਪਹਿਲਵਾਨ ਗੁਰਸੇਵਕ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ 2 ਲੱਖ ਰੁਪਏ ਦੀ ਨਕਦ ਰਾਸ਼ੀ ਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਦੱਸਿਆ ਕਿ ਭਲਵਾਨ ਗੁਰਸੇਵਕ ਸਿੰਘ ਨੇ ਸਾਲ 2022 ਚ ਗੁਜਰਾਤ ਵਿਖੇ ਹੋਈਆਂ ਖੇਡਾਂ ਸੀਨੀਅਰ ਨੈਸ਼ਨਲ ਗੇਮਜ਼ ਚ ਤੀਸਰਾ ਸਥਾਨ ਹਾਸਲ ਕਰਕੇ ਬਰਾਊਨਜ਼ ਮੈਡਮ ਆਪਣੇ ਨਾਮ ਕੀਤਾ ਹੈ। ਮੌਜੂਦਾ ਸਮੇਂ ਬਾਰਡਰ ਸਕਿਊਰਟੀ ਫੋਰਸ (ਬੀਐਸਫ਼) ਵਿਖੇ ਨੌਕਰੀ ਕਰ ਰਿਹਾ ਭਲਵਾਨ ਗੁਰਸੇਵਕ ਸਿੰਘ ਬਚਪਨ ਤੋਂ ਹੀ ਖੇਡਾਂ ਵਿਚ ਰੁਚੀ ਰੱਖਦਾ ਆ ਰਿਹਾ ਸੀ,, ਜਿਸਦੇ ਚੱਲਦੇ ਉਸਨੇ ਕੁਸ਼ਤੀ ਖੇਡ ਵਿੱਚ ਹੁਣ ਤੱਕ ਆਪਣੀ ਮਿਹਨਤ ਤੇ ਲਗਨ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਅਨੇਕਾਂ ਮੈਡਲ ਪ੍ਰਾਪਤ ਕਰ ਚੁੱਕਾ ਹੈ। 9 ਵਾਰ ਗੋਲਡ ਮੈਡਲਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਚ ਹੋਈਆਂ ਖੇਡਾਂ ਦੌਰਾਨ 5 ਵਾਰ ਬੁਲਟ ਤੇ 10 ਵਾਰ ਛੋਟੇ ਮੋਟਰਸਾਈਕਲ, 12 ਮੱਝਾਂ-ਝੋਟੀਆਂ ਅਤੇ ਕਈ ਤੋਲੇ ਸੋਨੇ ਦੇ ਜਿੱਤ ਚੁੱਕਾ ਹੈ। ਇਸ ਦੌਰਾਨ ਉਹ ਜੁਲਾਈ ਤੇ ਅਗਸਤ 2023 ਦੌਰਾਨ ਵਰਲਡ ਪੁਲਿਸ ਗੇਮਜ਼ ਚ ਕੈਨੇਡਾ ਦੇ ਸ਼ਹਿਰ ਵਿਨੀਪੈਗ ਚ ਹੋਣ ਵਾਲੇ ਕੁਸ਼ਤੀ ਮੁਕਾਬਲਿਆਂ ਚ ਆਪਣੀ ਕੁਸ਼ਤੀ ਦੇ ਕਰਤੱਵ ਦਿਖਾਵੇਗਾ। ਗੁਰਸੇਵਕ ਨੇ ਦਸਿਆ ਕਿ ਉਸ ਨੇ ਸਾਲ 2008 ਚ ਤਰਨਤਾਰਨ ਵਿਖੇ ਹੋਈਆਂ ਕੁਸ਼ਤੀ ਖੇਡਾਂ ਚ ਅੰਡਰ-17 ਵਿੱਚ ਆਪਣੀ ਕੁਸ਼ਤੀ ਦੇ ਜਲਵੇ ਦਿਖਾਏ ਜਿਸ ਵਿੱਚ ਉਹ ਪੰਜਾਬ ਚੋਂ ਦੂਜੇ ਨੰਬਰ ’ਤੇ ਰਹੇ। ਇਸ ਉਪਰੰਤ ਉਹ ਦਿੱਲੀ ਵਿਖੇ ਹੋਈਆਂ ਖੇਡਾਂ ਸਕੂਲ ਨੈਸ਼ਨਲ ਚੋਂ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਾਲ 2010 ਅੰਡਰ-17 ਚ ਸਿਰਸਾ (ਹਰਿਆਣਾ) ਵਿਖੇ ਹੋਈਆਂ ਪੇਂਡੂ ਖੇਡਾਂ ਚੋ ਗੋਡਲ ਮੈਡਲ ਜਿੱਤ ਕਿ ਨੈਸ਼ਨਲ ਫਸਟ ਆਏ। ਉਸਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵੀ ਸਖਤ ਮਿਹਨਤ ਅਤੇ ਲਗਨ ਨਾਲ ਖੇਡਾਂ ਰਾਹੀਂ ਆਪਣੇ ਮਾਤਾ-ਪਿਤਾ, ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਦੁਨੀਆਂ ਦੇ ਨਕਸ਼ੇ ਤੇ ਲਿਆ ਸਕਦੇ ਹਨ।
ਬਿਜਲੀ ਦਰਾ ਵਧਾਉਣ ਨਾਲ ਲੋਕਾਂ ਤੇ ਵਧੇਗਾ ਆਰਥਿਕ ਬੋਝ -ਐਡਵੋਕੇਟ ਜੱਸ ਸਿੱਧੂ
ਸੁਖਜਿੰਦਰ ਮਾਨ
ਬਠਿੰਡਾ, 15 ਮਈ :ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟਾਂ ਵਿਚ ਵਾਧਾ ਕਰਕੇ ਪੰਜਾਬ ਦੇ ਲੋਕਾਂ ਨੂੰ ਜਲੰਧਰ ਜਿਮਨੀ ਚੋਣ ਜਿੱਤਣ ਦਾ ਤੋਹਫ਼ਾ ਦਿਤਾ ਹੈ। ਜਿਸ ਨਾਲ ਆਮ ਲੋਕਾਂ ਦੀ ਜੇਬ ਤੇ ਬੋਝ ਪਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਹਲਕਾ ਰਾਮਪੁਰਾ ਫੂਲ ਦੇ ਇੰਚਾਰਜ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਨੇ ਕੀਤਾ। ਉਹਨਾ ਕਿਹਾ ਕੇ ਪੰਜਾਬ ਵਿਚ ਸਰਕਾਰ ਬਣਨ ਤੋਂ ਪਹਿਲਾ ਬਹੁਤ ਸਾਰੇ ਵਾਅਦੇ ਕੀਤੇ ਸਨ ਜਿਸ ਵਿਚ 600 ਯੂਨਿਟ ਹਰ ਘਰ ਨੂੰ ਮੁਫ਼ਤ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਪੰਜਾਬ ਸਰਕਾਰ ਨੇ ਬਿਜਲੀ ਦਰਾ ਵਿਚ ਵਾਧਾ ਕਰਕੇ ਆਮ ਲੋਕਾਂ ਦੀ ਜੇਬ ਤੇ ਬੋਝ ਪਾ ਦਿੱਤਾ । ਜਸਵਿੰਦਰ ਸਿੰਘ ਜੱਸ ਬੱਜੋਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਫੈਸਲੇ ਤੇ ਦੁਬਾਰਾ ਵਿਚਾਰ ਕਰਕੇ ਬਿਜਲੀ ਦਰਾਂ ਵਿੱਚ ਕੀਤਾ ਵਾਧਾ ਵਾਪਸ ਲੈਣਾ ਚਾਹੀਦਾ ਹੈ ।
ਡਾ.ਬਲਜੀਤ ਕੌਰ ਨੇ ਮਿੰਨੀ ਉਦਯੋਗਿਕ ਵਿਕਾਸ ਕੇਂਦਰ ਮਲੋਟ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ
ਚਾਰਦੀਵਾਰੀ ਤੇ 2.69 ਕਰੋੜ ਦੇ ਲਗਭਗ ਕੀਤਾ ਜਾਵੇਗਾ ਖਰਚ
ਪੰਜਾਬੀ ਖ਼ਬਰਸਾਰ ਬਿਉਰੋ
ਮਲੋਟ, 15 ਮਈ: ਪੰਜਾਬ ਸਰਕਾਰ ਵੱਲੋਂ ਉਦਯੋਗਿਕ ਇਕਾਈਆਂ ਨੂੰ ਪ੍ਰਫੂਲਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਵਿਅਕਤੀ ਆਪਣਾ ਉਦਯੋਗ ਸ਼ੁਰੂ ਕਰਕੇ ਲੋਕਾਂ ਨੂੰ ਵੀ ਰੋਜਗਾਰ ਦੇ ਸਕੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਾਕਟਰ ਬਲਜੀਤ ਕੌਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਪੰਜਾਬ ਨੇ ਅੱਜ ਮਿੰਨੀ ਉਦਯੋਗਿਕ ਵਿਕਾਸ ਕੇਂਦਰ ਮਲੋਟ ਦੇ 2.69 ਕਰੋੜ ਰੁਪਏ ਦੇ ਲਗਭਗ ਦੀ ਲਾਗਤ ਨਾਲ ਕੀਤੀ ਜਾਣ ਵਾਲੀ ਚਾਰ ਦੀਵਾਰੀ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।ਉਹਨਾਂ ਕਿਹਾ ਕਿ ਇਸ ਚਾਰਦੀਵਾਰੀ ਦਾ ਕੰਮ ਕਾਫੀ ਸਮੇਂ ਤੋਂ ਲਟਕਦਾ ਆ ਰਿਹਾ ਸੀ ਅਤੇ ਹੁਣ ਪੰਜਾਬ ਸਰਕਾਰ ਦੀ ਅਗਵਾਈ ਹੇਠ ਇਸ ਕੰਮ ਨੁੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ।ਉਹਨਾ ਕਿਹਾ ਕਿ ਸਰਕਾਰ ਵੱਲੋਂ ਫੋਕਲ ਪੁਆਇੰਟ ਵਿਖੇ ਮਿੰਨੀ ਉਦਯੋਗਿਕ ਇਕਾਈਆਂ ਨੂੰ ਪ੍ਰਫੂਲਿਤ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਨਵੀਨੀਕਰਨ ਦੇ ਕੰਮ ਕੀਤੇ ਜਾਣਗੇ।ਇਸ ਦੋਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਸ. ਦਲਬੀਰ ਸਿੰਘ ਢਿੱਲੋ ਚੈਅਰਮੈਨ ਇੰਡਸਟਰੀਅਲ ਕਾਰਪੋਰੇਸ਼ਨ ਪੰਜਾਬ ਨੇ ਫੋਕਲ ਪੁਆਇੰਟ ਦੇ ਪਲਾਟ ਅਲਾਟੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਜਲਦ ਹੀ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਚੈਅਰਮੈਨ ਨੇ ਫੋਕਲ ਪੁਆਇੰਟ ਦੇ ਪਲਾਟ ਹੋਲਡਰਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਪਲਾਟ ਅਲਾਟ ਕੀਤਾ ਜਾਂਦਾ ਹੈ ਤਾਂ ਜਲਦ ਤੋਂ ਜਲਦ ਉਦਯੋਗ ਸ਼ੁਰੂ ਕੀਤਾ ਜਾਵੇ।
ਸਿਹਤ ਵਿਭਾਗ ਦੇ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਘੜੀ ਜਾ ਰਹੀ ਹੈ ਨੀਤੀ: ਡਾ. ਬਲਬੀਰ ਸਿੰਘ
ਸਰਕਾਰ ਆਯੂਸ਼ਮਾਨ ਅਧੀਨ ਠੇਕੇ ’ਤੇ ਰੱਖੇ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਸਮੇਤ ਸਾਰੇ ਸਿਹਤ ਕਰਮਚਾਰੀਆਂ ਨੂੰ ਬੀਮਾ ਕਵਰੇਜ ਦੇਣ ਦੀ ਵੀ ਬਣਾ ਰਹੀ ਹੈ ਯੋਜਨਾ: ਸਿਹਤ ਮੰਤਰੀ
ਸਿਹਤ ਮੰਤਰੀ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਮਈ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਇੱਥੇ ਪੰਜਾਬ ਭਵਨ ਵਿਖੇ ਵੱਖ-ਵੱਖ ਸਿਹਤ ਕਰਮਚਾਰੀ ਯੂਨੀਅਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਦੇ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਜਲਦੀ ਹੀ ਨੀਤੀ ਲੈ ਕੇ ਆਵੇਗੀ।ਇਸ ਤੋਂ ਇਲਾਵਾ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਆਯੂਸ਼ਮਾਨ ਯੋਜਨਾ ਅਧੀਨ ਜਲਦ ਹੀ ਠੇਕੇ ’ਤੇ ਰੱਖੇ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਸਮੇਤ ਸਿਹਤ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਬੀਮਾ ਕਵਰ ਮੁਹੱਈਆ ਕਰਵਾਏਗੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਸਮਾਂਬੱਧ ਢੰਗ ਨਾਲ ਰੂਪ-ਰੇਖਾ ਤਿਆਰ ਕਰਨ ਲਈ ਪਹਿਲਾਂ ਹੀ ਸੂਬੇ ਦੀ ਸਿਹਤ ਏਜੰਸੀ ਨੂੰ ਹਦਾਇਤ ਕਰ ਦਿੱਤੀ ਹੈ। ਉਨ੍ਹਾ ਕਿਹਾ ਕਿ ਸਿਹਤ ਬੀਮੇ ਦਾ ਪ੍ਰੀਮੀਅਮ ਸੂਬਾ ਸਰਕਾਰ ਵੱਲੋਂ ਅਦਾ ਕੀਤਾ ਜਾਵੇਗਾ। ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਲਾਜ਼ਮ ਹਿਤੈਸ਼ੀ ਨੀਤੀਆਂ ਵਿੱਚ ਵਿਸ਼ਵਾਸ ਰੱਖਦੀ ਹੈ ਜਿਸ ਦੇ ਚਲਦਿਆਂ ਯੂਨੀਅਨ ਆਗੂਆਂ ਨੂੰ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਇੱਥੇ ਬੁਲਾਇਆ ਗਿਆ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੰਦੋਲਨਾਂ ਦਾ ਸਹਾਰਾ ਨਹੀਂ ਲੈਣਾ ਪਵੇਗਾ। ਉਨ੍ਹਾਂ ਨੇ ਸੂਬੇ ਦੇ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਸ਼ਲਾਘਾਯੋਗ ਕੰਮ ਲਈ ਸਿਹਤ ਵਿਭਾਗ ਦੇ ਸਟਾਫ਼ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਸਿਹਤ ਮੁਲਾਜ਼ਮਾਂ ਦੀਆਂ ਭਾਵਨਾਵਾਂ ਅਤੇ ਮੰਗਾਂ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਹੋਰ ਉਤਸ਼ਾਹ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਲੈਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।ਮੁਲਾਜ਼ਮਾਂ ਨੂੰ ਪ੍ਰੇਰਿਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜੇਕਰ ਤੁਸੀਂ ਆਪਣੀ ਡਿਊਟੀ ਲਗਨ ਅਤੇ ਤਨਦੇਹੀ ਨਾਲ ਨਿਭਾਉਗੇ ਤਾਂ ਸਫ਼ਲਤਾ ਵੀ ਤੁਹਾਡੇ ਪੈਰ ਚੁੰਮੇਗੀ। ਮੀਟਿੰਗ ਉਪਰੰਤ ਯੂਨੀਅਨ ਆਗੂਆਂ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਯੂਨੀਅਨਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਮੰਗਾਂ ਨੂੰ ਹਮਦਰਦੀ ਨਾਲ ਸੁਣਨ ਲਈ ਮੰਤਰੀ ਦਾ ਧੰਨਵਾਦ ਕੀਤਾ।ਇਸ ਮੌਕੇ ਮੰਤਰੀ ਤੋਂ ਇਲਾਵਾ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਐਮ.ਡੀ ਨੈਸ਼ਨਲ ਹੈਲਥ ਮਿਸ਼ਨ, ਐਨ.ਐਚ.ਐਮ ਕਰਮਚਾਰੀ ਯੂਨੀਅਨ ਪੰਜਾਬ, ਐਨ.ਆਰ.ਐਚ.ਐਮ ਕਰਮਚਾਰੀ ਸੰਘ, ਦਰਜਾ-4 ਕਰਮਚਾਰੀ ਯੂਨੀਅਨਾਂ, ਡਰਾਈਵਰ ਐਸੋਸੀਏਸ਼ਨ ਪੰਜਾਬ, ਫਾਰਮੇਸੀ ਅਫ਼ਸਰ ਐਸੋਸੀਏਸ਼ਨ, ਸੀ.ਐਚ.ਓ. ਐਸੋਸੀਏਸ਼ਨ, ਕੰਟਰੈਕਟ ਐਮ.ਪੀ.ਐਚ.ਡਬਲਿਊ ਫੀਮੇਲ ਯੂਨੀਅਨ, 2211 ਕੰਟਰੈਕਟ ਐਮ.ਪੀ.ਐਚ.ਡਬਲਯੂ. ਫੀਮੇਲ ਐਸੋਸੀਏਸ਼ਨ, ਆਸ਼ਾ ਵਰਕਰਜ਼ ਅਤੇ ਆਸ਼ਾ ਫੈਸੀਲੀਟੇਟਰ ਯੂਨੀਅਨ, ਏਡਜ਼ ਕੰਟਰੋਲ ਕਰਮਚਾਰੀ ਯੂਨੀਅਨ ਦੇ ਨੁਮਾਇੰਦੇ ਅਤੇ ਕਰੋਨਾ ਵਾਰੀਅਰਜ਼ ਯੂਨੀਅਨ ਮੌਜੂਦ ਸਨ।
ਲਾਲਜੀਤ ਸਿੰਘ ਭੁੱਲਰ ਵੱਲੋਂ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ ਇਕਸਾਰਤਾ ਲਿਆਉਣ ਅਤੇ ਬਣਦਾ ਵਾਧਾ ਲਾਗੂ ਕਰਨ ਸਬੰਧੀ ਕਾਰਵਾਈ ਤੇਜ਼ ਕਰਨ ਦੇ ਹੁਕਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਮਈ: ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ. ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਇਕਸਾਰਤਾ ਲਿਆਉਣ ਅਤੇ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਬਣਦਾ ਵਾਧਾ ਲਾਗੂ ਕਰਨ ਸਬੰਧੀ ਕਾਰਵਾਈ ਤੇਜ਼ੀ ਨਾਲ ਚਲ ਰਹੀ ਹੈ। ਇਥੇ ਪੰਜਾਬ ਭਵਨ ਵਿਖੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਭੁੱਲਰ ਨੇ ਦੱਸਿਆ ਕਿ ਤਨਖ਼ਾਹਾਂ ਵਿੱਚ ਇਕਸਾਰਤਾ ਅਤੇ ਵਾਧੇ ਦਾ ਮਾਮਲਾ ਵਿੱਤ ਵਿਭਾਗ ਕੋਲ ਹੈ। ਉਨ੍ਹਾਂ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਲਾਏ ਇਤਰਾਜ਼ਾਂ ਤੋਂ ਬਾਅਦ ਟਰਾਂਸਪੋਰਟ ਵਿਭਾਗ ਵੱਲੋਂ ਜਵਾਬ ਵੀ ਦਾਖ਼ਲ ਕਰ ਦਿੱਤਾ ਗਿਆ ਹੈ। ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਸਕੱਤਰ ਸ. ਦਿਲਰਾਜ ਸਿੰਘ ਸੰਧਾਵਾਲੀਆ ਨੂੰ ਕਿਹਾ ਕਿ ਉਹ ਵਿੱਤ ਵਿਭਾਗ ਨੂੰ ਪੱਤਰ ਲਿਖਣ ਅਤੇ ਨਿੱਜੀ ਤੌਰ ’ਤੇ ਇਹ ਮਾਮਲਾ ਤੇਜ਼ੀ ਨਾਲ ਹੱਲ ਕਰਾਉਣ। ਇਸੇ ਤਰ੍ਹਾਂ ਵਿਭਾਗ ਦੇ ਠੇਕੇਦਾਰ ਵੱਲੋਂ ਈ.ਪੀ.ਐਫ. ਅਤੇ ਈ.ਐਸ.ਆਈ ਦੀ ਬਣਦੀ ਰਕਮ ਸਬੰਧਤ ਅਦਾਰਿਆਂ ਵਿੱਚ ਜਮ?ਹਾਂ ਕਰਾਉਣ ਵਿੱਚ ਦੇਰੀ ਬਾਰੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਠੇਕੇਦਾਰ ਨੂੰ ਪੈਨਲਟੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਿਸ ਪਿੱਛੋਂ ਠੇਕੇਦਾਰ ਨੇ ਬਣਦੀ ਰਕਮ ਜਮਾਂ ਕਰਵਾ ਦਿੱਤੀ ਹੈ। ਉਨ੍ਹਾਂ ਸਕੱਤਰ ਟਰਾਂਸਪੋਰਟ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਅੱਗੇ ਤੋਂ ਠੇਕੇਦਾਰ ਕੋਈ ਅਜਿਹੀ ਅਣਗਹਿਲੀ ਨਾ ਕਰੇ ਜਿਸ ਨਾਲ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਮੈਡੀਕਲ ਸਹੂਲਤਾਂ ਲੈਣ ਵਿੱਚ ਦਿੱਕਤ ਪੇਸ਼ ਆਵੇ।ਕੈਬਨਿਟ ਮੰਤਰੀ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਬਾਕੀ ਮੰਗਾਂ ’ਤੇ ਵੀ ਤੇਜ਼ੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਯੂਨੀਅਨ ਵੱਲੋਂ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਮੁਲਾਜ਼ਮਾਂ ਦੇ ਸਰਵਿਸ ਰੂਲ ਬਣਾਉਣ ਸਬੰਧੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਹਰ ਵਰਗ ਦੀ ਭਲਾਈ ਯਕੀਨੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿੱਚ ਸਰਕਾਰ ਵੱਲੋਂ ਗਠਤ ਕੀਤੀ ਸਬ-ਕਮੇਟੀ ਦੀ ਰਿਪੋਰਟ ਆਉਣ ’ਤੇ ਇਹ ਸਾਰੇ ਮਾਮਲੇ ਹੱਲ ਹੋ ਜਾਣਗੇ।ਮੀਟਿੰਗ ਦੌਰਾਨ ਸਕੱਤਰ ਟਰਾਂਸਪੋਰਟ ਸ. ਦਿਲਰਾਜ ਸਿੰਘ ਸੰਧਾਵਾਲੀਆ, ਪੰਜਾਬ ਰੋਡਵੇਜ਼ ਦੇ ਡਾਇਰੈਕਟਰ ਮੈਡਮ ਅਮਨਦੀਪ ਕੌਰ, ਟਰਾਂਸਪੋਰਟ ਅਤੇ ਵਿੱਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ।
ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰਾਂ ਨੇ ਭੁੱਖ ਹੜਤਾਲ ਵਾਪਸ ਲਈ
ਐਸ.ਪੀ ਤੇ ਏਡੀਸੀ ਦੀ ਅਗਵਾਈ ’ਚ ਜੇਲ੍ਹ ਪੁੱਜੇ ਅਧਿਕਾਰੀਆਂ ਨੇ ਕਰਵਾਇਆ ਮਸਲਾ ਹੱਲ
ਸੁਖਜਿੰਦਰ ਮਾਨ
ਬਠਿੰਡਾ, 15 ਮਈ : ਪੰਜਾਬ ਦੀਆਂ ਸਭ ਤੋਂ ਵੱਧ ਚਰਚਿਤ ਜੇਲ੍ਹਾਂ ਵਿਚੋਂ ਇੱਕ ਮੰਨੀ ਜਾਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਪਿਛਲੇ ਪੰਜ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਗੈਂਗਸਟਰਾਂ ਵਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਗਾਂ ਮੰਨਣ ਦਾ ਭਰੋੋੋਸਾ ਦਿਵਾਉਣ ਤੋਂ ਬਾਅਦ ਹੜਤਾਲ ਵਾਪਸ ਲੈਣ ਦੀ ਸੂਚਨਾ ਮਿਲੀ ਹੈ। ਜੇਲ੍ਹ ਦੇ ਅਤਿ ਸੁਰੱਖਿਅਤ ਹਾਈ ਸਕਿਊਰਟੀ ਜੋਨ੍ਹਾਂ ਦੇ ਵੱਖ ਵੱਖ ਅਹਾਤਿਆਂ ’ਚ ਬੰਦ ਕਰੀਬ ਚਾਰ ਦਰਜ਼ਨ ਗੈਂਗਸਟਰਾਂ ਵਲੋਂ ਅਪਣੀਆਂ ਬੈਰਕਾਂ ਅੰਦਰ ਨਿਯਮਾਂ ਤਹਿਤ ਟੀਵੀ ਲਗਾਉਣ ਦੀ ਮੰਗ ਕੀਤੀ ਚਾਰ ਰਹੀ ਸੀ। ਜੇਲ੍ਹ ਪ੍ਰਸ਼ਾਸਨ ਵਲੋਂ ਇਸ ਮੰਗ ਨੂੰ ਪੂਰਾ ਨਾ ਕਰਨ ਦੇ ਚੱਲਦੇ ਇਹ ਗੈਂਗਸਟਰ ਪਿਛਲੇ ਪੰਜ ਦਿਨਾਂ ਤੋਂ ਜੇਲ੍ਹ ਅੰਦਰ ਭੁੱਖ ਹੜਤਾਲ ’ਤੇ ਬੈਠ ਗਏ ਸਨ। ਇਸ ਸਬੰਧ ਵਿਚ ਦੋ ਦਿਨ ਪਹਿਲਾਂ ਜੇਲ੍ਹ ਅੰਦਰ ਬੰਦ ਏ ਕੈਟਾਗਿਰੀ ਦੇ ਗੈਂਗਸਟਰ ਗੁਰਪ੍ਰੀਤ ਸੇਖੋ ਦੇ ਪਿਤਾ ਜੰਗੀਰ ਸਿੰਘ ਸੇਖੋ ਨੇ ਇੱਕ ਵੀਡੀਓ ਵਾਇਰਲ ਕਰਕੇ ਪੰਜਾਬ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਅਪੀਲ ਕੀਤੀ ਸੀ। ਜਿਸਤੋਂ ਬਾਅਦ ਮਾਮਲਾ ਮੀਡੀਆ ਵਿਚ ਵੀ ਆ ਗਿਆ ਸੀ। ਸੂਤਰਾਂ ਮੁਤਾਬਕ ਗੈਂਗਸਟਰਾਂ ਦੀ ਭੁੱਖ ਹੜਤਾਲ ਦੇ ਮਸਲੇ ਦਾ ਹੱਲ ਕਰਨ ਲਈ ਬੇਸ਼ੱਕ ਜੇਲ੍ਹ ਪ੍ਰਸ਼ਾਸਨ ਵਲੋਂ ਵੀ ਅਪਣੇ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪ੍ਰੰਤੂ ਅੱਜ ਇਸ ਮਾਮਲੇ ਵਿਚ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਜੇਲ੍ਹ ਪੁੱਜੇ ਹੋਏ ਸਨ। ਜਿੰਨ੍ਹਾਂ ਵਿਚ ਐਸ.ਪੀ ਡੀ ਅਜੈ ਗਾਂਧੀ, ਏਡੀਸੀ ਜਨਰਲ ਅਤੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਵੀ ਸ਼ਾਮਲ ਸਨ। ਮਿਲੀ ਸੂਚਨਾ ਮੁਤਾਬਕ ਉਕਤ ਅਧਿਕਾਰੀਆਂ ਵਲੋਂ ਜੇਲ੍ਹ ਪ੍ਰਸ਼ਾਸਨ ਨੂੰ ਨਾਲ ਲੈ ਕੇ ਲੰਮੇ ਸਮੇਂ ਤੱਕ ਭੁੱਖ ਹੜਤਾਲ ’ਤੇ ਬੈਠੇ ਗੈਂਗਸਟਰਾਂ ਨਾਲ ਗੱਲਬਾਤ ਕੀਤੀ ਗਈ। ਗੈਂਗਸਟਰ ਇਸ ਮੰਗ ’ਤੇ ਅੜੇ ਰਹੇ, ਕਿਉਂਕਿ ਉਨ੍ਹਾਂ ਦਾਅਵਾ ਕੀਤਾ ਕਿ ਫ਼ਿਰੋਜਪੁਰ ਦੀ ਕੇਂਦਰੀ ਜੇਲ੍ਹ ਅੰਦਰ ਵੀ ਇਹ ਸਹੂਲਤ ਮਿਲ ਰਹੀ ਹੈ। ਇਸਤੋਂ ਇਲਾਵਾ ਉਨ੍ਹਾਂ ਵਲੋਂ ਜੇਲ੍ਹ ਅੰਦਰੋਂ ਐਸ.ਟੀ.ਓ ਬੂਥਾਂ ਤੋਂ ਅਪਣੇ ਘਰ ਅਤੇ ਵਕੀਲ ਆਦਿ ਨਾਲ ਗੱਲ ਕਰਨ ਲਈ ਮਿਲਦੇ ਦਸ ਮਿੰਟ ਦੇ ਸਮੇਂ ਨੂੰ ਵਧਾਉਣ ਤੋਂ ਇਲਾਵਾ ਗੱਲ ਕਰਨ ਵਾਲਿਆਂ ਦੀ ਸੂਚੀ ਵੀ ਵਧਾਉਣ ਦੀ ਮੰਗ ਰੱਖੀ। ਜੇਲ੍ਹ ਅੰਦਰੋਂ ਮਿਲੀਆਂ ਸੂਚਨਾ ਮੁਤਾਬਕ ਸਿਵਲ ਤੇ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਨਿਯਮਾਂ ਤਹਿਤ ਉਨ੍ਹਾਂ ਨੂੰ ਹਰ ਸਹੂਲਤ ਮੁਹੱਈਆਂ ਕਰਵਾਉਣ ਦਾ ਭਰੋਸਾ ਦਿਵਾਇਆ। ਪਤਾ ਚੱਲਿਆ ਹੈ ਕਿ ਇੰਨ੍ਹਾਂ ਗੈਂਗਸਟਰਾਂ ਦੀਆਂ ਬੈਰਕਾਂ ਵਿਚ ਟੀਵੀ ਲਗਾਉਣ ਦੀ ਮੰਗ ਸਬੰਧੀ ਜੇਲ੍ਹ ਵਿਭਾਗ ਦੇ ਹੈਡਕੁਆਟਰ ਤੋਂ ਵੀ ਰਹਿਨੁਮਾਈ ਮੰਗੀ ਗਈ ਹੈ। ਉਧਰ ਜੇਲ੍ਹ ਅੰਦਰ ਭੁੱਖ ਹੜਤਾਲ ਖ਼ਤਮ ਹੋਣ ਦੀ ਪੁਸ਼ਟੀ ਕਰਦਿਆਂ ਜੇਲ੍ਹ ਸੁਪਰਡੈਂਟ ਐਨ.ਡੀ.ਨੇਗੀ ਨੇ ਦਸਿਆ ਕਿ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ।
