ਮੰਡੀ ਮਜ਼ਦੂਰਾਂ ਅਤੇ ਟਰਾਂਸਪੋਰਟਰਾਂ ਨੂੰ ਅਦਾਇਗੀਆਂ ਤੁਰੰਤ ਜਾਰੀ ਕਰਨ ਦੇ ਨਿਰਦੇਸ਼ ਦਿੱਤੇ: ਲਾਲ ਚੰਦ ਕਟਾਰੂਚੱਕ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 11 ਮਈ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੌਜੂਦਾ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਦੌਰਾਨ ਨਿਰਵਿਘਨ ਢੰਗ ਨਾਲ ਕਣਕ ਦੇ ਖਰੀਦ ਕਾਰਜ ਯਕੀਨੀ ਬਣਾਉਣ ਅਤੇ ਸਾਰੇ ਭਾਈਵਾਲਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਖੁਰਾਕ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀ ਮਜ਼ਦੂਰਾਂ, ਹੈਂਡਲਿੰਗ ਮਜਦੂਰਾਂ ਅਤੇ ਟਰਾਂਸਪੋਰਟਰਾਂ ਨੂੰ ਉਹਨਾਂ ਦੀ ਲਗਭਗ 600 ਕਰੋੜ ਰੁਪਏ ਦੀ ਅਦਾਇਗੀ ਸਮੇਂ ਸਿਰ ਜਾਰੀ ਕਰਨਾ ਯਕੀਨੀ ਬਣਾਉਣ।ਮੰਤਰੀ ਨੇ ਕਿਹਾ ਕਿ ਅੱਜ ਤੱਕ ਲਗਭਗ 700 ਸਬ ਮੰਡੀ ਯਾਰਡ ਅਤੇ ਅਸਥਾਈ ਮੰਡੀਆਂ ਖਰੀਦ ਕਾਰਜਾਂ ਨੂੰ ਸਫਲਤਾਪੂਰਵਕ ਮੁਕੰਮਲ ਕਰਨ ਉਪਰੰਤ ਬੰਦ ਕਰ ਦਿੱਤੀਆਂ ਗਈਆਂ ਹਨ। ਮੰਤਰੀ ਨੇ ਅੱਗੇ ਕਿਹਾ ਕਿ 10 ਮਈ ਤੱਕ 123 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ 24000 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟ ਕੀਤੀ ਕਿ ਖਰਾਬ ਮੌਸਮ ਦੇ ਬਾਵਜੂਦ ਕਿਸਾਨਾਂ ਨੂੰ ਅਦਾਇਗੀਆਂ ਜਾਰੀ ਕਰਨ ਵਿੱਚ ਕੋਈ ਦੇਰੀ ਨਹੀਂ ਹੋਣ ਦਿੱਤੀ ਗਈ। ਉਹਨਾਂ ਸਾਰੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਖਰੀਦ ਕਾਰਜਾਂ ’ਤੇ ਨਜ਼ਰ ਰੱਖਣ ਦੀ ਹਦਾਇਤ ਵੀ ਕੀਤੀ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।
ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਨੇ ਕਣਕ ਦੇ ਖਰੀਦ ਕਾਰਜਾਂ ਦਾ ਲਿਆ ਜਾਇਜ਼ਾ
ਮੁੱਖ ਮੰਤਰੀ ਵੱਲੋਂ ਧੂਰੀ ਤੋਂ ’ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੀ ਸ਼ੁਰੂਆਤ
ਪ੍ਰਸ਼ਾਸਨ ਨੂੰ ਲੋਕਾਂ ਦੇ ਦਰ ’ਤੇ ਲਿਆਉਣ ਦੇ ਵਾਅਦੇ ਨੂੰ ਪੂਰਾ ਕੀਤਾ
ਸੂਬਾ ਭਰ ਵਿੱਚ ਅਤਿ-ਆਧੁਨਿਕ ਸਹੂਲਤਾਂ ਨਾਲ ਸਿਹਤ ਸੰਭਾਲ ਸੰਸਥਾਵਾਂ ਅਪਗ੍ਰੇਡ ਕਰਨ ਦਾ ਐਲਾਨ
ਝੋਨੇ ਦੇ ਅਗਾਮੀ ਸੀਜ਼ਨ ਲਈ 24 ਘੰਟੇ ਬਿਜਲੀ ਸਪਲਾਈ ਕਰਨ ਲਈ ਢੁਕਵੇਂ ਪ੍ਰਬੰਧ ਕੀਤੇ
ਪੰਜਾਬੀ ਖ਼ਬਰਸਾਰ ਬਿਉਰੋ
ਧੂਰੀ (ਸੰਗਰੂਰ), 11 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਿਧਾਨ ਸਭਾ ਹਲਕੇ ਤੋਂ ‘ਸਰਕਾਰ ਤੁਹਾਡੇ ਦੁਆਰ’ ਨਾਂ ਹੇਠ ਲੋਕ ਪੱਖੀ ਪਹਿਲਕਦਮੀ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਕਦਮ ਪੰਜਾਬ ਦੇ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਮੀਲ ਪੱਥਰ ਸਾਬਤ ਹੋਵੇਗਾ। ਆਪਣੇ ਕਿਸਮ ਦੇ ਨਿਵੇਕਲੇ ਉਪਰਾਲੇ ਦੀ ਸ਼ੁਰੂਆਤ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਲੀਹੋਂ ਹਟਵੀਂ ਪਹਿਲਕਦਮੀ ਹੈ ਜਿਸ ਦਾ ਉਦੇਸ਼ ਅਫਸਰਸ਼ਾਹੀ ਨੂੰ ਸਿੱਧੇ ਤੌਰ ‘ਤੇ ਲੋਕਾਂ ਪ੍ਰਤੀ ਜਵਾਬਦੇਹ ਬਣਾਉਣਾ ਹੈ ਜਿਸ ਨਾਲ ਲੋਕਾਂ ਨੂੰ ਹੋਰ ਵਧੇਰੇ ਤਾਕਤ ਮਿਲਦੀ ਹੈ।”ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਪ੍ਰਸ਼ਾਸਨ ਨੂੰ ਲੋਕਾਂ ਦੇ ਬੂਹੇ ’ਤੇ ਲਿਆਏਗਾ ਜਿਸ ਨਾਲ ਉਨ੍ਹਾਂ ਨੂੰ ਅਸਲ ਅਰਥਾਂ ’ਚ ਸ਼ਕਤੀ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਕਦਮ ਮਨੁੱਖੀ ਸਰੋਤਾਂ ਦੀ ਸਰਵੋਤਮ ਵਰਤੋਂ ਦੇ ਨਾਲ-ਨਾਲ ਵੱਖ-ਵੱਖ ਭਲਾਈ ਪ੍ਰੋਗਰਾਮਾਂ ਨੂੰ ਸਮੇਂ ਸਿਰ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਿਚ ਬਹੁਤ ਸਹਾਈ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਲੋਕ ਪੱਖੀ ਉਪਰਾਲੇ ਦਾ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਸੇਵਾਵਾਂ ਹਾਸਲ ਕਰਨ ਲਈ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਨਹੀਂ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਧੂਰੀ ਨੂੰ ਸੂਬਾ ਭਰ ਵਿੱਚ ਮਾਡਲ ਹਲਕੇ ਵਜੋਂ ਵਿਕਸਤ ਕੀਤਾ ਜਾਵੇਗਾ ਕਿਉਂਕਿ ਇਸ ਧਰਤੀ ਤੋਂ ਅਤਿ ਆਧੁਨਿਕ ਸਿਹਤ ਸੇਵਾਵਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਨਾਲ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਧੂਰੀ ਸ਼ੂਗਰ ਮਿੱਲ ਦਾ ਮਸਲਾ ਜਲਦੀ ਹੀ ਹੱਲ ਕੀਤਾ ਜਾਵੇਗਾ ਅਤੇ ਕਿਸਾਨਾਂ ਦੇ ਹਿੱਤਾਂ ਦੀ ਹਰ ਤਰ੍ਹਾਂ ਨਾਲ ਰਾਖੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਸੂਬੇ ਦੀ ਭਲਾਈ ਨੂੰ ਹਰ ਕੀਮਤ ’ਤੇ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਬਹੁਮੁੱਲੇ ਜਲ ਸਰੋਤਾਂ ਦੀ ਸੰਭਾਲ ਲਈ ਘੱਗਰ ਵਰਗੇ ਕੁਦਰਤੀ ਜਲ ਸਰੋਤਾਂ ਦੇ ਬੰਨ੍ਹ ਮਜ਼ਬੂਤ ਕਰਕੇ ਇਨ੍ਹਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਜਲ ਸਰੋਤਾਂ ਦੀ ਸਮੇਂ ਸਿਰ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣਾ ਸਮੇਂ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਲਈ ਵੱਡੇ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਆਪਣੇ ਨਹਿਰੀ ਪਾਣੀ ਦਾ ਸਿਰਫ਼ 33 ਫੀਸਦੀ ਤੋਂ 34 ਫੀਸਦੀ ਹੀ ਵਰਤ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਜੇਕਰ ਪੰਜਾਬ ਪਹਿਲੇ ਪੜਾਅ ਵਿੱਚ ਨਹਿਰੀ ਪਾਣੀ ਦੀ ਵਰਤੋਂ ਨੂੰ 60 ਫੀਸਦੀ ਤੱਕ ਵਧਾ ਸਕਦਾ ਹੈ ਤਾਂ ਕੁੱਲ 14 ਲੱਖ ਵਿੱਚੋਂ ਕਰੀਬ ਚਾਰ ਲੱਖ ਟਿਊਬਵੈੱਲ ਬੰਦ ਹੋ ਸਕਦੇ ਹਨ ਜਿਸ ਨਾਲ ਪਾਣੀ ਦੀ ਬੱਚਤ ਵਿੱਚ ਮਦਦ ਮਿਲੇਗੀ।ਮੁੱਖ ਮੰਤਰੀ ਨੇ ਕਿਸਾਨਾਂ ਨੂੰ ਪਾਣੀ ਦੀ ਵੱਧ ਖਪਤ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੀਆਰ-127 ਅਤੇ 129 ਕਿਸਮਾਂ ਅਪਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ਦੇ ਕੀਮਤੀ ਪਾਣੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਕਿਉਂ ਜੋ ਪਾਣੀ ਦੀ ਕਮੀ ਗੰਭੀਰ ਮਸਲਾ ਹੈ ਅਤੇ ਸੂਬਾ ਪਹਿਲਾਂ ਹੀ ਡਾਰਕ ਜ਼ੋਨ (ਖਤਰੇ ਦੇ ਪੱਧਰ ਤੱਕ) ਵਿੱਚ ਜਾ ਚੁੱਕਾ ਹੈ। ਭਗਵੰਤ ਮਾਨ ਨੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਬਚਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਕਿਸਾਨ ਸਿਰਫ਼ ਆਪਣਾ ਅੜੀਅਲ ਵਤੀਰਾ ਦਿਖਾਉਣ ਲਈ ਕਣਕ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਇਹ ਅਣਮਨੁੱਖੀ ਵਰਤਾਰਾ ਨਾ ਸਿਰਫ਼ ਉਨ੍ਹਾਂ ਲਈ ਸਗੋਂ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਵਾਤਾਵਰਨ ਲਈ ਵੀ ਗੰਭੀਰ ਖ਼ਤਰਾ ਹੈ। ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੇਵਜ?ਹਾ ਅੰਦੋਲਨ ਦਾ ਰਾਹ ਨਾ ਅਪਣਾਉਣ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਰਕਾਰ ਦੇ ਦਰਵਾਜ਼ੇ ਗੱਲਬਾਤ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ ਤਾਂ ਇਨ੍ਹਾਂ ਧਰਨਿਆਂ ਦੀ ਕੋਈ ਤੁੱਕ ਨਹੀਂ ਬਣਦੀ। ਇੱਕ ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਮੁੱਲ ਕਟੌਤੀ ਦੇ ਇਵਜ਼ ਵਿਚ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਇਹ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਕੁਝ ਕਿਸਾਨ ਯੂਨੀਅਨਾਂ ਨੇ ਇਸ ਮੰਗ ਨੂੰ ਲੈ ਕੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ ਜਦਕਿ ਉਨ੍ਹਾਂ ਦੀ ਸਰਕਾਰ ਨੇ ਇਹ ਮੰਗ ਪੂਰੀ ਵੀ ਕਰ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਅਤੇ ਇਸ ਦੇ ਲੋਕਾਂ ਦੇ ਹਿੱਤਾਂ ਲਈ ਹਰੇਕ ਨਾਗਰਿਕ ਦੀ ਜਾਇਜ਼ ਮੰਗ ਨੂੰ ਗੰਭੀਰਤਾ ਨਾਲ ਸੁਣਿਆ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਉਹ ਸਮਾਜ ਦੇ ਹਰ ਵਰਗ ਦੀਆਂ ਹੱਕੀ ਮੰਗਾਂ ਸੁਣਨ ਲਈ ਤਿਆਰ ਹਨ। ਹਾਲਾਂਕਿ, ਭਗਵੰਤ ਮਾਨ ਨੇ ਕਿਹਾ ਕਿ ਬਿਨਾਂ ਕਿਸੇ ਕਾਰਨ ਦੇ ਬੇਲੋੜੇ ਧਰਨੇ ਤੇ ਅੰਦੋਲਨ ਗੈਰ-ਵਾਜਬ ਹਨ।ਝੋਨੇ ਦੇ ਆਗਾਮੀ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਮੌਕੇ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਹਰ ਜਨਤਕ ਖੇਤਰ ਦੇ ਥਰਮਲ ਪਲਾਂਟ ਵਿੱਚ 40 ਦਿਨਾਂ ਦਾ ਕੋਲਾ ਪਹਿਲਾਂ ਹੀ ਰਾਖਵਾਂ ਰੱਖਿਆ ਗਿਆ ਹੈ ਅਤੇ ਝੋਨੇ ਦੇ ਸੀਜ਼ਨ ਵਿੱਚ ਵੱਡੀ ਮੰਗ ਨੂੰ ਪੂਰਾ ਕਰਨ ਲਈ ਦੂਜੇ ਸੂਬਿਆਂ ਨਾਲ ਸਮਝੌਤਾ ਕੀਤਾ ਜਾ ਚੁੱਕਾ ਹੈ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੂੰ ਵੱਖ-ਵੱਖ ਸੈਕਟਰਾਂ ਦੀ ਸਬਸਿਡੀ ਦੇ ਬਦਲੇ ਪਹਿਲਾਂ ਹੀ 20,200 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਬਿਜਲੀ ਬਚਾਉਣ ਦੇ ਉਪਰਾਲਿਆਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ ਗਿਆ ਜਿਸ ਕਾਰਨ ਸੂਬਾ ਸਰਕਾਰ ਰੋਜ਼ਾਨਾ 350 ਮੈਗਾਵਾਟ ਬਿਜਲੀ ਦੀ ਬੱਚਤ ਕਰਨ ਵਿੱਚ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਆਪਣੀ ਕਿਸਮ ਦੇ ਅਜਿਹੇ ਪਹਿਲੇ ਕਦਮ ਨਾਲ 15 ਜੁਲਾਈ ਤੱਕ ਬਿਜਲੀ ਦੀ 50 ਕਰੋੜ ਰੁਪਏ ਦੀ ਬੱਚਤ ਹੋਵੇਗੀ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਇਸ ਨਿਵੇਕਲੇ ਕਦਮ ਨਾਲ ਟਰੈਫਿਕ ਜਾਮ ਦੀ ਸਮੱਸਿਆ ਤੋਂ ਵੀ ਬਹੁਤ ਹੱਦ ਤੱਕ ਨਿਜਾਤ ਮਿਲੀ ਹੈ ਅਤੇ ਹਾਲ ਵਿਚ ਕਰਵਾਏ ਇਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਮੋਹਾਲੀ ਦੀ ਏਅਰਪੋਰਟ ਰੋਡ ’ਤੇ ਵਾਹਨਾਂ ਦੀ ਆਵਾਜਾਈ ਨਿਰਵਿਘਨ ਹੋਣ ਨਾਲ ਰੋਜ਼ਾਨਾ 7000 ਲੀਟਰ ਤੇਲ ਦੀ ਬੱਚਤ ਹੋ ਰਹੀ ਹੈ।ਲੋਕਾਂ ਨੂੰ ਵਿਕਾਸ ਦੀ ਪ੍ਰਕਿਰਿਆ ਵਿੱਚ ਸਰਗਰਮ ਭਾਈਵਾਲ ਬਣਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਜਨਤਕ ਫੰਡਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਆਪੋ-ਆਪਣੇ ਖੇਤਰ ਦੇ ਵਿਕਾਸ ਪ੍ਰੋਜੈਕਟਾਂ ਦੀ ਨਿਗਰਾਨੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਧੂਰੀ ਹਲਕੇ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਐਸ.ਡੀ.ਐਮ ਪੱਧਰ ਦਾ ਅਧਿਕਾਰੀ ਤਾਇਨਾਤ ਕੀਤਾ ਜਾਵੇਗਾ। ਭਗਵੰਤ ਮਾਨ ਨੇ ਧੂਰੀ ਲਈ ਟਰੌਮਾ ਸੈਂਟਰ ਬਣਾਉਣ ਤੋਂ ਇਲਾਵਾ ਮੌਜੂਦਾ ਹਸਪਤਾਲ ਨੂੰ ਅਤਿ-ਆਧੁਨਿਕ ਇਲਾਜ ਸਹੂਲਤਾਂ ਨਾਲ ਅਪਗ੍ਰੇਡ ਕਰਨ ਦਾ ਐਲਾਨ ਕੀਤਾ।ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ 71.36 ਕਰੋੜ ਰੁਪਏ ਦੀ ਲਾਗਤ ਨਾਲ 118 ਕਿਲੋਮੀਟਰ ਲੰਬੀਆਂ 14 ਸੜਕਾਂ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ ਅਤੇ ਇਸ ਸਬੰਧੀ ਟੈਂਡਰ ਛੇਤੀ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋ ਜਾਵੇਗਾ ਅਤੇ ਇਸ ਪ੍ਰਾਜੈਕਟ ਲਈ ਸੂਬਾ ਸਰਕਾਰ ਨੇ ਆਪਣੇ ਹਿੱਸੇ ਦੀ 35 ਕਰੋੜ ਰੁਪਏ ਦੀ ਰਾਸ਼ੀ ਭਾਰਤ ਸਰਕਾਰ ਨੂੰ ਪਹਿਲਾਂ ਹੀ ਜਮਾਂ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 19.50 ਕਰੋੜ ਰੁਪਏ ਦੀ ਲਾਗਤ ਨਾਲ ਧੂਰੀ ਰਜਬਾਹੇ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ।
ਪੀ.ਏ.ਯੂ. ਵਿੱਚ ਦੂਜੀ ਸਰਕਾਰ ਕਿਸਾਨ ਮਿਲਣੀ ਵਿੱਚ ਪੰਜਾਬ ਭਰ ਤੋਂ ਕਿਸਾਨ ਸ਼ਾਮਿਲ ਹੋਏ
ਪੰਜਾਬ ਦੀਆਂ ਚੁਣੌਤੀਆਂ ਦੇ ਹੱਲ ਲਈ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣਾ ਲਾਜ਼ਮੀ : ਖੇਤੀਬਾੜੀ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ 11 ਮਈ: ਅੱਜ ਪੀ.ਏ.ਯੂ. ਵਿਚ ਦੂਜੀ ਸਰਕਾਰ ਕਿਸਾਨ ਮਿਲਣੀ ਕਰਵਾਈ ਗਈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਹੋਈ ਇਸ ਮਿਲਣੀ ਦੀ ਪ੍ਰਧਾਨਗੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ । ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ ਲਾਲਜੀਤ ਸਿੰਘ ਭੁੱਲਰ ਇਸ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ। ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਇਸ ਮਿਲਣੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ। ਸ਼੍ਰੀ ਸੁਮੇਰ ਸਿੰਘ ਗੁਰਜਰ, ਪ੍ਰਮੁੱਖ ਸਕੱਤਰ ਖੇਤੀਬਾੜੀ, ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ ਸੁਖਪਾਲ ਸਿੰਘ, ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਬੀ ਐੱਸ ਘੁੰਮਣ, ਗਡਵਾਸੂ ਦੇ ਵਾਈਸ ਚਾਂਸਲਰ ਡਾ ਇੰਦਰਜੀਤ ਸਿੰਘ, ਸਾਬਕਾ ਨਿਰਦੇਸ਼ਕ ਬਾਗਬਾਨੀ ਡਾ ਗੁਰਕੰਵਲ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ । ਇਸ ਮਿਲਣੀ ਦਾ ਉਦੇਸ਼ ਆਉਂਦੇ ਸਮੇਂ ਖੇਤੀਬਾੜੀ ਨੀਤੀ ਬਣਾਉਣ ਲਈ ਪੰਜਾਬ ਦੇ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕਰਨਾ ਅਤੇ ਉਹਨਾਂ ਦੀਆਂ ਰਾਵਾਂ ਨੂੰ ਜਾਨਣਾ ਸੀ । ਇਸ ਮਿਲਣੀ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ । ਦਰਜਨਾਂ ਸਟਾਲਾਂ ਤੇ ਕਿਸਾਨਾਂ ਨੇ ਆਪਣੀ ਦਿਲਚਸਪੀ ਅਨੁਸਾਰ ਫਸਲ ਦੀ ਬਿਜਾਈ ਅਤੇ ਹੋਰ ਮੁੱਦਿਆਂ ਬਾਰੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ । ਸਲਾਹ-ਮਸ਼ਵਰਾ ਹਾਲ ਵਿੱਚ ਖੇਤੀਬਾੜੀ ਮੰਤਰੀ ਨੇ ਹਰ ਸਟਾਲ ਤੇ ਰੁਕ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਹਨਾਂ ਦੇ ਸੁਝਾਅ ਅਤੇ ਸਮੱਸਿਆਵਾਂ ਦੇ ਹੱਲ ਬਾਰੇ ਕਿਸਾਨਾਂ ਦੇ ਨਜ਼ਰੀਏ ਨੂੰ ਜਾਣਿਆ । ਬਾਅਦ ਵਿੱਚ ਮੁੱਖ ਪੰਡਾਲ ਵਿੱਚ ਪਹੁੰਚ ਕੇ ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ।ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਮਿਲਣੀ ਦੇ ਦੋ ਉਦੇਸ਼ ਹਨ । ਪਹਿਲਾ ਰਵਾਇਤੀ ਫਸਲ ਚੱਕਰ ਚੋਂ ਕਿਸਾਨੀ ਨੂੰ ਬਾਹਰ ਕੱਢਣ ਲਈ ਕਿਸਾਨਾਂ ਦੀਆਂ ਰਾਵਾਂ ਅਤੇ ਸੁਝਾਵਾਂ ਨੂੰ ਜਾਨਣਾ ਅਤੇ ਦੂਸਰਾ ਇਹਨਾਂ ਸੁਝਾਵਾਂ ਦੇ ਅਧਾਰ ਤੇ ਪੰਜਾਬ ਦੀ ਨਵੀਂ ਖੇਤੀ ਨੀਤੀ ਨੂੰ ਬਨਾਉਣਾ । ਖੇਤੀਬਾੜੀ ਮੰਤਰੀ ਨੇ ਪਿਛਲੇ ਸਮੇਂ ਦੌਰਾਨ ਮੌਜੂਦਾ ਸਰਕਾਰ ਵੱਲੋਂ ਖੇਤੀ ਦੀ ਬਿਹਤਰੀ ਲਈ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਦਾ ਵਿਸ਼ੇਸ਼ ਜ਼ਿਕਰ ਕੀਤਾ । ਉਹਨਾਂ ਕਿਹਾ ਕਿ ਫਸਲ ਖਰੀਦ ਦੀ ਫੌਰੀ ਅਤੇ ਪਾਰਦਰਸ਼ੀ ਨੀਤੀ ਬਣਾਈ ਗਈ ਹੈ । ਸਰਕਾਰ ਨੇ ਗੰਨੇ ਦਾ ਬਕਾਇਆ ਕਿਸਾਨਾਂ ਨੂੰ ਅਦਾ ਕਰ ਦਿੱਤਾ ਹੈ ਅਤੇ ਨਾਲ ਗੰਨੇ ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਚੁਣੌਤੀਆਂ ਦਾ ਹੀ ਨਹੀਂ ਬਲਕਿ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਲਈ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਆਉਂਦੀ 30 ਜੂਨ ਨੂੰ ਲਾਗੂ ਹੋਣ ਜਾ ਰਹੀ ਖੇਤੀ ਨੀਤੀ ਵਿਚ ਕਿਸਾਨਾਂ ਦੇ ਸੁਝਾਅ ਸ਼ਾਮਿਲ ਕੀਤੇ ਜਾਣਗੇ। ਉਨ੍ਹਾਂ ਨੇ ਵਿਦੇਸ਼ੀ ਕਿਸਾਨਾਂ ਦੇ ਸ਼ਾਮਿਲ ਹੋਣ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਤਜਰਬਿਆਂ ਨੂੰ ਪੰਜਾਬ ਦੇ ਕਿਸਾਨਾਂ ਨਾਲ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪਾਣੀ ਦੇ ਸੁਚਾਰੂ ਹੱਲ ਲਈ ਸਰਕਾਰ ਵਚਨਬੱਧ ਹੈ। 97 ਫੀਸਦੀ ਨਰਮਾ ਪੱਟੀ ਵਿਚ ਨਹਿਰੀ ਪਾਣੀ ਨੂੰ ਠੀਕ ਸਮੇਂ ਤੇ ਪੁੱਜਦਾ ਕੀਤਾ ਗਿਆ ਹੈ। ਉਨ੍ਹਾਂ ਨੇ ਪਾਣੀ, ਬਿਜਲੀ, ਬੀਜਾਂ ਦੀ ਵੰਡ ਨੂੰ ਪਾਰਦਰਸ਼ੀ ਬਣਾਉਣਾ ਸਰਕਾਰ ਦਾ ਮੁੱਖ ਮੰਤਵ ਹੈ। ਖੇਤੀਬਾੜੀ ਮੰਤਰੀ ਨੇ ਪਰਾਲੀ ਦੇ ਪ੍ਰਬੰਧਨ ਨੂੰ ਪੀ ਏ ਯੂ ਦੀਆਂ ਸਿਫਾਰਿਸ਼ਾਂ ਅਨੁਸਾਰ ਕਰਨ ਦੀ ਅਪੀਲ ਕੀਤੀ। ਸ ਧਾਲੀਵਾਲ ਨੇ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਕੱਢ ਕੇ ਖੇਤੀ ਵਿਭਿੰਨਤਾ ਵਜੋਂ ਸਬਜ਼ੀਆਂ, ਫਲਾਂ ਤੇ ਮੱਕੀ ਆਦਿ ਦੀ ਕਾਸ਼ਤ,ਮੰਡੀਕਰਨ ਅਤੇ ਪ੍ਰੋਸੈਸਿੰਗ ਲਈ ਯੋਗ ਨੀਤੀ ਬਣਾਉਣ ਵੱਲ ਸਰਕਾਰੀ ਪਹਿਲਕਦਮੀ ਦਾ ਹਵਾਲਾ ਦਿੱਤਾ।ਸ ਧਾਲੀਵਾਲ ਨੇ ਘੱਟ ਪਾਣੀ ਖਪਾਉਣ ਵਾਲੀਆਂ ਝੋਨੇ ਦੀਆਂ ਕਿਸਮਾਂ ਪੀ ਆਰ 126 ਅਤੇ ਬਾਸਮਤੀ ਦੀ ਕਾਸ਼ਤ ਲਈ ਵਿਸ਼ੇਸ਼ ਜ਼ੋਰ ਦਿੱਤਾ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਸੁਪਨਾ ਪੰਜਾਬ ਦੀ ਖੇਤੀ ਨੂੰ ਮੁੜ ਸਿਖਰ ਵੱਲ ਲੈ ਕੇ ਜਾਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਹੈ ।ਪਸ਼ੂ ਪਾਲਣ ਮੰਤਰੀ ਸ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਦੀ ਇਹ ਪਹਿਲਕਦਮੀ ਕਿਸਾਨਾਂ ਦੇ ਤਜਰਬਿਆਂ ਨੂੰ ਮਾਣ ਦੇਣ ਵਾਲੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨੀਂ ਪਸ਼ੂ ਪਾਲਕਾਂ ਨਾਲ ਵੀ ਅਜਿਹੀ ਮਿਲਣੀ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਬਾਰੇ ਚੰਗੀ ਨੀਤੀ ਬਣਾ ਕੇ ਅਤੇ ਸਹਾਇਕ ਧੰਦੇ ਪ੍ਰਫੁੱਲਿਤ ਕੀਤੇ ਜਾਣਗੇ ਤਾਂ ਜੁ ਵਿਦੇਸ਼ ਜਾਣ ਦੇ ਜਵਾਨੀ ਦੇ ਰੁਝਾਨ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਨੇ ਦੁੱਧ ਦੀ ਘਰੇਲੂ ਲੋੜ ਦੀ ਪੂਰਤੀ ਲਈ ਪਸ਼ੂ ਪਾਲਣ ਤੇ ਜ਼ੋਰ ਦਿੱਤਾ ।ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਪੀ.ਏ.ਯੂ. ਦੇ ਵਿਹੜੇ ਇਹ ਨਿਵੇਕਲੀ ਮਿਲਣੀ ਦੂਜੀ ਵਾਰ ਹੋ ਰਹੀ ਹੈ ਜਿਸ ਵਿੱਚ ਸਾਰੇ ਪੰਜਾਬ ਤੋਂ ਕਿਸਾਨ ਸ਼ਾਮਿਲ ਹੋ ਰਹੇ ਹਨ। ਡਾ ਗੋਸਲ ਨੇ ਦੱਸਿਆ ਕਿ 12 ਫਰਵਰੀ ਨੂੰ ਹੋਈ ਪਹਿਲੀ ਮਿਲਣੀ ਵਿੱਚ 15 ਹਜ਼ਾਰ ਦੇ ਕਰੀਬ ਕਿਸਾਨ ਸ਼ਾਮਿਲ ਹੋਏ ਸਨ, ਇਸ ਵਾਰ ਇਹ ਗਿਣਤੀ ਪਹਿਲਾਂ ਨਾਲੋਂ ਕਿਤੇ ਵੱਧ ਹੈ। ਪਹਿਲੀ ਮਿਲਣੀ ਤੋਂ ਪ੍ਰਾਪਤ ਕਿਸਾਨਾਂ ਦੇ ਸੁਝਾਵਾਂ ਅਨੁਸਾਰ ਪੀ ਏ ਯੂ ਆਪਣੀ ਖੇਤੀ ਖੋਜ ਅਤੇ ਪਸਾਰ ਨੂੰ ਨਵੇਂ ਦਿਸ਼ਾ ਨਿਰਦੇਸ਼ ਦੇ ਰਹੀ ਹੈ। ਉਨ੍ਹਾਂ ਪਰਵਾਸੀ ਕਿਸਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਪੰਜ ਦੇਸ਼ਾਂ ਤੋਂ ਪੰਦਰਾਂ ਅਗਾਂਹਵਧੂ ਕਿਸਾਨਾਂ ਦਾ ਇਸ ਮਿਲਣੀ ਅਤੇ ਕਿਸਾਨ ਸੰਮੇਲਨ ਵਿਚ ਜੁੜਨਾ ਸਾਡਾ ਹੌਸਲਾ ਵਧਾਉਣ ਲਈ ਕਾਰਗਰ ਕਦਮ ਹੈ। ਡਾ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਨੇ ਆਉਂਦੇ ਸਾਉਣੀ ਸੀਜ਼ਨ ਲਈ ਘੱਟ ਪਾਣੀ ਦੀ ਖਪਤ ਕਰਨ ਵਾਲੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦਾ ਮੰਤਵ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਵਾਤਾਵਰਨ ਪੱਖੀ ਖੇਤੀ ਨੂੰ ਉਤਸ਼ਾਹਤ ਕਰਨਾ ਹੈ।ਇਸ ਮੌਕੇ ਪਰਵਾਸੀ ਕਿਸਾਨਾਂ ਕੇਵਲ ਸਿੰਘ ਬਾਸੀ,ਮਿੰਟੂ ਬਰਾੜ, ਆਗਿਆਕਾਰ ਸਿੰਘ ਗਰੇਵਾਲ, ਰਾਜਿੰਦਰ ਸਿੰਘ ਮੰਡ, ਅਮਨਦੀਪ ਸਿੰਘ ਸਿੱਧੂ, ਰੁਮੇਲ ਸਿੰਘ ਤੂਰ, ਡਾ ਬਿਕਰਮ ਸਿੰਘ ਗਿੱਲ, ਗੁਰਰੀਤ ਬਰਾੜ, ਹਰਦੀਪ ਸਿੰਘ, ਗੁਰਰਾਜ ਸਿੰਘ ਢਿੱਲੋਂ, ਡਾ ਇੰਦਰ ਮਾਨ, ਗੁਰਿੰਦਰ ਸਿੰਘ ਔਜਲਾ, ਜਗਬੀਰ ਸਿੰਘ ਸ਼ੇਰਗਿੱਲ ਨੂੰ ਸਨਮਾਨਿਤ ਕੀਤਾ ਗਿਆ ।ਖੇਤੀਬਾੜੀ ਮੰਤਰੀ ਅਤੇ ਪਸ਼ੂ ਪਾਲਣ ਮੰਤਰੀ ਮੰਤਰੀ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਚਿੰਨ੍ਹ ਨਾਲ ਨਿਵਾਜ਼ਿਆ ਗਿਆ।ਇਸ ਮੌਕੇ ਦੋ ਕਿਤਾਬਾਂ ਜਾਰੀ ਕੀਤੀਆਂ ਗਈਆਂ। ਇਨ੍ਹਾਂ ਵਿਚ ਡਾ ਤੇਜਿੰਦਰ ਸਿੰਘ ਰਿਆੜ, ਮਿਸ ਸ਼ੀਤਲ ਚਾਵਲਾ ਅਤੇ ਕੁਲਬੀਰ ਕੌਰ ਦੀ ਕੌਫੀ ਟੇਬਲ ਕਿਤਾਬ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦਾ ਅਟੁੱਟ ਰਿਸ਼ਤਾ ਅਤੇ ਡਾ ਸ਼ੀਤਲ ਥਾਪਰ, ਡਾਨਰਿੰਦਰਪਾਲ ਸਿੰਘ, ਡਾ ਵਿਸ਼ਾਲ ਬੈਕਟਰ ਅਤੇ ਡਾ ਆਸ਼ੂ ਤੂਰ ਦੀ ਕਿਤਾਬ ਦ ਰੂਟਸ ਆਫ ਪ੍ਰਸਪੈਰੇਟੀ ਜਾਰੀ ਕੀਤੀਆਂ ਗਈਆਂ।ਅੰਤ ਵਿੱਚ ਧੰਨਵਾਦ ਦੀ ਜ਼ਿੰਮੇਵਾਰੀ ਡਾ. ਗੁਰਵਿੰਦਰ ਸਿੰਘ, ਨਿਰਦੇਸ਼ਕ ਖੇਤੀਬਾੜੀ ਨੇ ਨਿਭਾਈ।

ਬਿਜਲੀ ਮੰਤਰੀ ਵਲੋਂ ਬੇਨਿਯਮੀਆਂ ਤੇ ਲਾਪਰਵਾਹੀ ਦੇ ਚਲਦਿਆਂ ਜੂਨੀਅਰ ਇੰਜੀਨੀਅਰ ਮੁਅੱਤਲ
ਸੁਖਜਿੰਦਰ ਮਾਨ
ਬਠਿੰਡਾ, 11 ਮਈ :ਪਾਵਰਕਾਮ ਦੀ ਬਠਿੰਡਾ ਡਿਸਟਰੀਬਿਊਸ਼ਨ ਡਿਵੀਜ਼ਨ ਅਧੀਨ ਤਾਇਨਾਤ ਸਬ ਡਵੀਜ਼ਨ ਗੋਨਿਆਣਾ ਦੇ ਜੂਨੀਅਰ ਇੰਜੀਨੀਅਰ ਗੁਰਵਿੰਦਰ ਸਿੰਘ ਨੂੰ ਅੱਜ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਇੱਕ ਸਿਕਾਇਤ ’ਤੇ ਸਰਕਾਰੀ ਡਿਊਟੀ ਦੌਰਾਨ ਬੇਨਿਯਮੀਆਂ ਅਤੇ ਅਣਗਹਿਲੀ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧ ਵਿਚ ਪੀ.ਐਸ.ਪੀ.ਸੀ.ਐਲ. ਨੂੰ ਵਟਸਐਪ ਰਾਹੀਂ ਇੱਕ ਸ਼ਿਕਾਇਤ ਮਿਲੀ ਸੀ, ਜਿਸਦੇ ਵਿਚ ਉਕਤ ਜੂਨੀਅਰ ਇੰਜੀਨੀਅਰ ਉਪਰ ਕਥਿਤ ਤੌਰ ’ਤੇ 11 ਕੇਵੀ ਫੀਡਰ ਦੀ 24 ਘੰਟੇ ਸਪਲਾਈ ਲਾਈਨ ਤੋਂ ਟਿਊਬਵੈੱਲ ਰੂਮ ਲਈ ਘਰੇਲੂ ਬਿਜਲੀ ਕੁਨੈਕਸ਼ਨ ਲਾਉਣ ਵਾਸਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਗਏ ਸਨ। ਪੀ.ਐਸ.ਪੀ.ਸੀ.ਐਲ. ਦੇ ਤਕਨੀਕੀ ਆਡਿਟ ਵਿੰਗ ਨੇ ਮੁੱਢਲੀ ਪੜਤਾਲ ਦੌਰਾਨ ਪਾਇਆ ਕਿ ਜੇ.ਈ. ਗੁਰਵਿੰਦਰ ਸਿੰਘ ਨੇ ਨਿਯਮਾਂ ਦੀ ਉਲੰਘਣਾ ਕਰਕੇ ਫਾਈਲ ਕਲੀਅਰ ਕੀਤੀ ਅਤੇ ਤਿੰਨ ਖੰਭਿਆਂ ਦਾ ਪ੍ਰਬੰਧ ਵੀ ਕੀਤਾ।ਜਾਂਚ ਦੇ ਚਲਦਿਆਂ ਸਾਈਟ ਦੇ ਦੌਰੇ ਦੌਰਾਨ ਜੇ.ਈ. ਗੁਰਵਿੰਦਰ ਸਿੰਘ ਨੇ ਮੰਨਿਆ ਕਿ ਸਬੰਧਤ ਸਾਈਟ ਪੀ.ਐਸ.ਪੀ.ਸੀ.ਐਲ. ਦੇ ਨਿਯਮਾਂ ਅਨੁਸਾਰ ਘਰੇਲੂ ਕੁਨੈਕਸ਼ਨ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ। ਬਿਜਲੀ ਮੰਤਰੀ ਨੇ ਕਿਹਾ ਕਿ ਉਹ ਡਿਊਟੀ ਨਿਭਾਉਣ ਸਮੇਂ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਅਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਨਗੇ। ਹਰਭਜਨ ਸਿੰਘ ਈ.ਟੀ.ਓ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਵਿੱਚੋਂ ਰਿਸ਼ਵਤਖੋਰੀ ਦੀ ਇਸ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਸੂਬਾ ਸਰਕਾਰ ਦਾ ਸਹਿਯੋਗ ਕਰਨ ਅਤੇ ਜੇਕਰ ਬਿਜਲੀ ਵਿਭਾਗ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਮੰਗਦਾ ਹੈ ਤਾਂ ਤੁਰੰਤ ਉਨ੍ਹਾਂ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ।
ਪ੍ਰਾਈਵੇਟ ਹਸਪਤਾਲ ਵਿਚ ਲੈਬ ਟੈਕਨੀਸੀਅਨ ਵਜੋਂ ਕੰਮ ਕਰਦੀ ਔਰਤ ਨੇ ਕੀਤੀ ਖੁਦਕਸ਼ੀ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਸਥਾਨਕ ਆਦੇਸ਼ ਹਸਪਤਾਲ ਵਿੱਚ ਬਤੌਰ ਲੈਬ ਟੈਕਨੀਸ਼ੀਅਨ ਵਜੋਂ ਕੰਮ ਕਰਦੀ ਇੱਕ 24 ਸਾਲਾਂ ਔਰਤ ਵਲੋਂ ਅਪਣੇ ਘਰ ਵਿਚ ਫ਼ਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਕਪ੍ਰੀਤ ਕੌਰ ਪਤਨੀ ਸਿਕੰਦਰ ਪਾਲ ਸਿੰਘ ਆਦੇਸ਼ ਹਸਪਤਾਲ ਦੇ ਨਜਦੀਕ ਬਣੀ ਹੋਈ ਇੱਕ ਕਲੌਨੀ ਵਿਚ ਰਹਿੰਦੀ ਸੀ। ਘਟਨਾ ਦਾ ਪਤਾ ਲੱਗਦੇ ਹੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਰਕਰਾਂ ਦੀ ਮੱਦਦ ਨਾਲ ਲਾਸ ਨੂੰ ਪੱਖੇ ਨਾਲੋਂ ਉਤਾਰ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਪਹੁੰਚਾਇਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਹਾਲੇ ਤੱਕ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ, ਜਿਸਦੇ ਚੱਲਦੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਕਿਸਾਨ ਜਥੇਬੰਦੀ ਸਿੱਧੂਪੁਰ ਨੇ ਪ੍ਰਾਈਵੇਟ ਫ਼ਾਈਨਾਂਸ ਕੰਪਨੀ ਦੇ ਵਿਰੁਧ ਲਗਾਇਆ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਬਠਿੰਡਾ ਪੱਟੀ ਦੀ ਇੱਕ ਉਘੀ ਪ੍ਰਾਈਵੇਟ ਬੱਸ ਕੰਪਨੀ ਦੇ ਹੱਕ ’ਚ ਨਿੱਤਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਤੇ ਵਰਕਰਾਂ ਨੇ ਅੱਜ ਸਥਾਨਕ ਸਹਿਰ ਦੀ ਗਣੇਸਾ ਬਸਤੀ ਨਜਦੀਕ ਇੱਕ ਪ੍ਰਾਈਵੇਟ ਫ਼ਾਈਨਾਂਸ ਕੰਪਨੀ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਬੀਤੇ ਕੱਲ ਵੀ ਇਹ ਘਿਰਾਓ ਕੀਤਾ ਗਿਆ ਸੀ ਤੇ ਅੱਜ ਦੁਪਿਹਰ ਜਥੇਬੰਦੀ ਵਲੋਂ ਫ਼ਾਈਨਾਂਸ ਕੰਪਨੀ ਦੇ ਅੱਗੇ ਲੰਘਦੇ ਕੌਮੀ ਮਾਰਗ ਦੇ ਇੱਕ ਪਾਸੇ ਨੂੰ ਧਰਨਾ ਲਗਾ ਕੇ ਜਾਮ ਕਰ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਤੇ ਸੂਬਾ ਆਗੂ ਰੇਸਮ ਸਿੰਘ ਯਾਤਰੀ ਨੇ ਦਾਅਵਾ ਕੀਤਾ ਕਿ ਦੀਪ ਬੱਸ ਦੇ ਮਾਲਕਾਂ ਵਲੋਂ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਦੀ ਵੱਡੀ ਹਿਮਾਇਤ ਦਿੰਦਿਆਂ ਅਪਣੀਆਂ ਬੱਸਾਂ ਨੂੰ ਮੁਫ਼ਤ ਭੇਜਿਆ ਜਾਂਦਾ ਰਿਹਾ ਸੀ, ਜਿਸਦੇ ਚੱਲਦੇ ਜਥੇਬੰਦੀ ਹੁਣ ਇਸ ਬੱਸ ਕੰਪਨੀ ਦੀ ਹਿਮਾਇਤ ਵਿਚ ਖੜੀ ਹੈ। ਕਿਸਾਨ ਆਗੂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਦੀਪ ਬੱਸ ਕੰਪਨੀ ਦੇ ਮਾਲਕਾਂ ਨੇ ਉਕਤ ਫਾਇਨਾਂਸ ਕੰਪਨੀ ਤੋਂ ਬੱਸ ਖਰੀਦਣ ਲਈ 24 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸਦੇ ਬਦਲੇ ਸਮੇਂ ਸਮੇਂ ਸਿਰ 24 ਲੱਖ 50 ਹਜ਼ਾਰ ਰੁਪਏ ਦਾ ਕਰਜ਼ਾ ਵਾਪਸ ਕਰ ਦਿੱਤਾ ਪ੍ਰੰਤੂ ਬਕਾਇਆ ਰਾਸੀ ਦਾ ਭੁਗਤਾਨ ਕਰਨ ਲਈ ਫ਼ਾਈਨਾਂਸ ਕੰਪਨੀ ਤੇ ਬੱਸ ਪ੍ਰਬੰਧਕਾਂ ਵਿਚਕਾਰ ਸੱਤ ਲੱਖ ਦਾ ਨਿਬੇੜਾ ਹੋਇਆ ਸੀ। ਪ੍ਰੰਤੂ ਬਾਅਦ ਵਿਚ ਫ਼ਾਈਨਾਂਸ ਕੰਪਨੀ ਦੇ ਪ੍ਰਬੰਧਕ ਬੱਸ ਵਾਲਿਆਂ ਤੋਂ 12 ਲੱਖ ਰੁਪਏ ਦੀ ਮੰਗ ਕਰਨ ਲੱਗੇ ਤੇ ਇਹ ਪੈਸੇ ਅਦਾ ਨਾ ਕਰਨ ਦੇ ਚੱਲਦੇ ਬੱਸ ਨੂੰ ਵੀ ਕਬਜੇ ਵਿਚ ਲੈ ਲਿਆ ਜੋਕਿ ਸਰਾਸਰ ਧੱਕਾ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ ਜਦੋਂ ਤਕ ਇਸ ਮਾਮਲੇ ਦਾ ਹੱਲ ਨਹੀਂ ਹੁੰਦਾ ਉਹ ਕੰਪਨੀ ਦੇ ਦਫ਼ਤਰ ਅੱਗੇ ਧਰਨਾ ਜਾਰੀ ਰੱਖਣਗੇ। ਇਸ ਮੌਕੇ ਜੋਧਾ ਸਿੰਘ ਨੰਗਲਾ, ਰਣਜੀਤ ਸਿੰਘ ਜੀਦਾ, ਬਲਵਿੰਦਰ ਸਿੰਘ ਜੋਧਪੁਰ, ਕੁਲਵੰਤ ਸਿੰਘ ਨਹਿਆਵਾਲਾ, ਅਮਰਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਪਿੰਡ ਕਲਿਆਣ ਸੁੱਖਾ ਦੇ ਨਰੇਗਾ ਮਜ਼ਦੂਰਾਂ ਨੇ ਘੇਰਿਆ ਬੀਡੀਪੀਓ ਦਫ਼ਤਰ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਬਲਾਕ ਨਥਾਣਾ ਦੇ ਪਿੰਡ ਕਲਿਆਣ ਸੁੱਖਾ ਦੇ ਨਰੇਗਾ ਮਜ਼ਦੂਰ ਨੂੰ ਦਿੱਤਾ ਗਿਆ ਕੰਮ ਪਹਿਲਾਂ ਹੀ ਬੰਦ ਕਰਨ ਦੇ ਰੋਸ ਵਜੋਂ ਨਰੇਗਾ ਮਜ਼ਦੂਰਾਂ ਨੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆ ਦੀ ਅਗਵਾਈ ਵਿੱਚ ਬੀਡੀਪੀਓ ਦਫ਼ਤਰ ਨਥਾਣਾ ਵਿਖੇ ਰੋਸ ਧਰਨਾ ਦਿੱਤਾ। ਧਾਰਨੇ ਨੂੰ ਸੰਬੋਧਨ ਕਰਦਿਆਂ ਜਸਵੰਤ ਸਿੰਘ ਪੂਹਲੀ ਬਲਾਕ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਕਿਹਾ ਕਿ ਇਹ ਨਰੇਗਾ ਮਜ਼ਦੂਰਾਂ ਨਾਲ ਸਰਾਸਰ ਧੱਕਾ ਹੈ ਅਤੇ ਬੀਡੀਪੀਓ ਦਫ਼ਤਰ ਦੇ ਅਧਿਕਾਰੀਆ ਵੱਲੋ ਨਰੇਗਾ ਮਜ਼ਦੂਰਾਂ ਦੇ ਦਿੱਤੇ ਹੋਏ ਕੰਮ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਬੰਦ ਕਰਵਾਕੇ ਨਰੇਗਾ ਮਜ਼ਦੂਰਾਂ ਦੇ ਹੱਕ ਤੇ ਡਾਕਾ ਮਾਰਿਆ ਹੈ।ਜਸਵੰਤ ਸਿੰਘ ਪੂਹਲੀ ਨੇ ਦੋਸ਼ ਲਗਾਇਆ ਕਿ ਬੀਡੀਪੀਓ ਨਥਾਣਾ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਉਹਨਾਂ ਦੀ ਸਮੱਸਿਆ ਹੱਲ ਕਰਨ ਦੀ ਬਜਾਏ ਸਾਰੇ ਅਧਿਕਾਰੀ ਦਫ਼ਤਰ ਵਿੱਚੋਂ ਰੂਪੋਸ਼ ਹੋ ਗਏ ।ਉਨ੍ਹਾਂ ਨੇ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਨਰੇਗਾ ਮਜ਼ਦੂਰਾਂ ਨਾਲ ਹੋ ਰਹੀ ਬੇਇਨਸਾਫੀ ਸਹਿਣ ਨਹੀਂ ਕਰੇਗਾ ਅਤੇ ਭਵਿੱਖ ਵਿੱਚ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਗੁਰਭਜਨ ਸਿੰਘ ਪੱਪਾ, ਜਸਵੀਰ ਸਿੰਘ ਕਲਿਆਣ,ਬਲਜੀਤ ਸਿੰਘ ਪੰਚਾਇਤ ਮੈਂਬਰ ਸਮੇਤ ਵੱਡੀ ਗਿਣਤੀ ਵਿਚ ਮਰਦ ਅਤੇ ਔਰਤ ਨਰੇਗਾ ਮਜ਼ਦੂਰ ਹਾਜ਼ਰ ਸਨ।
ਪ੍ਰੋਜੈਕਟ ਪੰਜਾਬ 100 ਦੀ ਸ਼ੁਰੂਆਤ ਤਹਿਤ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫ਼ਤ ਕੋਚਿੰਗ : ਜਗਰੂਪ ਗਿੱਲ
ਵਿਦਿਆਰਥਣਾਂ ਦੇ ਸਕਰੀਨਿੰਗ ਟੈਸਟ ਅਤੇ ਇੰਟਰਵਿਊ ਤੋਂ ਬਾਅਦ ਕੋਚਿੰਗ ਲਈ ਹੋਵੇਗੀ ਚੋਣ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਪ੍ਰਯਾਸ ਐਜੂਕੇਸ਼ਨਲ ਚੈਰੀਟੇਬਲ ਸੁਸਾਇਟੀ ਵੱਲੋਂ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਆਡੀਟੋਰੀਅਮ ਵਿਖੇ ਪ੍ਰੋਜੈਕਟ ਪੰਜਾਬ 100 ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸੁਸਾਇਟੀ ਦੇ ਇਸ ਕਾਰਜ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰੋਜੈਕਟ 100 ਸ਼ੁਰੂ ਕਰਨ ਦਾ ਵਿਜ਼ਨ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀਆਂ ਲੜਕੀਆਂ ਨੂੰ ਉਨ੍ਹਾਂ ਦੇ ਕੈਰੀਅਰ ਵਿੱਚ ਉੱਤਮ ਬਣਾਉਣ ਲਈ ਸਸ਼ਕਤ ਕਰਨ ਦੇ ਨਾਲ-ਨਾਲ ਔਰਤਾਂ ਦੀ ਅਗਵਾਈ ਵਾਲੇ ਸਸ਼ਕਤੀਕਰਨ ਨੂੰ ਵੀ ਉਤਸ਼ਾਹਿਤ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਾਜੈਕਟ ਪੰਜਾਬ ਨੂੰ ਭਵਿੱਖ ਦੀਆਂ ਕਾਰੋਬਾਰੀ ਮਹਿਲਾ ਆਗੂ ਪ੍ਰਦਾਨ ਕਰਨਗੇ। ਇਸ ਮੌਕੇ ਵਾਈਸ ਚਾਂਸਲਰ ਡਾ: ਬੂਟਾ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਯਾਸ ਇੱਕ ਸਮਾਜਿਕ ਸੰਸਥਾ ਹੈ ਜੋ ਪਿਛਲੇ ਇੱਕ ਦਹਾਕੇ ਤੋਂ ਭਾਰਤ ਵਿੱਚ ਗਰੀਬ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੋਜੈਕਟ 100 ਪ੍ਰੋਗਰਾਮ ਮੁਫਤ ਹੈ ਅਤੇ ਵਿਦਿਆਰਥੀਆਂ ਨੂੰ ਸਕਰੀਨਿੰਗ ਟੈਸਟ ਅਤੇ ਇੰਟਰਵਿਊ ਤੋਂ ਬਾਅਦ ਅੰਤਿਮ ਕੋਚਿੰਗ ਪ੍ਰਕਿਰਿਆ ਲਈ ਚੁਣਿਆ ਜਾਵੇਗਾ। ਇਹ ਟੈਸਟ 28 ਮਈ ਨੂੰ ਪੰਜਾਬ ਦੇ 20 ਵੱਖ-ਵੱਖ ਕੇਂਦਰਾਂ ’ਤੇ ਹੋਵੇਗਾ ਅਤੇ ਕਿਸੇ ਵੀ ਸਟਰੀਮ ਦੀ ਗ੍ਰੈਜੂਏਸ਼ਨ ਦੇ ਅੰਤਿਮ ਅਤੇ ਪ੍ਰੀ-ਫਾਇਨਲ ਸਾਲ ਦੀਆਂ ਵਿਦਿਆਰਥਣਾਂ ਇਸ ਟੈਸਟ ਵਿੱਚ ਭਾਗ ਲੈ ਸਕਦੀਆਂ ਹਨ। ਉਨ੍ਹਾਂ ਪ੍ਰਯਾਸ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਇਸ ਪ੍ਰਾਜੈਕਟ ਲਈ ਯੂਨੀਵਰਸਿਟੀ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸੋਨੀ ਗੋਇਲ ਨੇ ਵੀ ਪ੍ਰੋਜੈਕਟ ਬਾਰੇ ਸੰਖੇਪ ਰੂਪ ਵਿਚ ਜਾਣਕਾਰੀ ਦਿੱਤੀ। ਸਮਾਗਗ ਦੌਰਾਨ ਚੇਅਰਮੈਨ ਅਨਿੱਲ ਠਾਕੁਰ, ਨੀਲ ਗਰਗ, ਪ੍ਰੋ: ਅਨਿੱਲ ਗੁਪਤਾ, ਵਿਸ਼ਨੂੰ ਪ੍ਰਸ਼ਾਦ ਫੈਕਲਟੀ ਕੁਆਂਟ, ਆਸ਼ੀਸਰੰਜਨ ਤੋਂ ਇਲਾਵਾ ਟੀਪੀਟੀ ਮਾਲਵਾ ਕਾਲਜ, ਰਾਜਿੰਦਰਾ ਕਾਲਜ, ਜੈਨ ਗਰਲਜ ਕਾਲਜ, ਗੁਰੂ ਕਾਸ਼ੀ ਯੂਨੀਵਰਸਿਟੀ, ਗੁਰੂ ਨਾਨਕ ਗਰਲਜ਼ ਕਾਲਜ ਮੁਕਤਸਰ ਸਾਹਿਬ, ਆਈਐਚਐਮ ਬਠਿੰਡਾ, ਜੀਜੈਡਐਸਸੀਟੀਟੀ ਦੇ ਵਿਦਿਆਰਥੀਆਂ ਅਤੇ ਨੇੜਲੇ ਪਿੰਡਾਂ ਦੇ ਸਰਪੰਚ ਅਤੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
ਬਠਿੰਡਾ ’ਚ ਪਿਛਲੇ ਸਾਲ ਨਾਲੋਂ ਹੋਈ ਕਣਕ ਦੀ ਰਿਕਾਕਡ ਤੋੜ ਫ਼ਸਲ
ਪਿਛਲੇ ਸਾਲ ਮੰਡੀਆਂ ‘ਚ ਵਿਕੀ 7 ਲੱਖ ਮੀਟਰਕ ਟਨ ਤੇ ਇਸ ਵਾਰ ਹੁਣ ਤੱਕ ਹੋਈ 8,60,000 ਮੀਟਰਕ ਟਨ ਕਣਕ ਦੀ ਖਰੀਦ
ਖਰੀਦੀ ਕਣਕ ਦੀ 99.49 ਫ਼ੀਸਦੀ ਕੀਤੀ ਜਾ ਚੁੱਕੀ ਹੈ ਅਦਾਇਗੀ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਪਿਛਲੇ ਮਹੀਨੇ ਹੋਈ ਬੇਮੌਸਮੀ ਬਾਰਸ ਅਤੇ ਗੜੇਮਾਰੀ ਕਾਰਨ ਪੱਕਣ ’ਤੇ ਆਈਆਂ ਕਣਕਾਂ ਦੇ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਸੀਜਨ ਕਣਕ ਦੀ ਬੰਪਰ ਫ਼ਸਲ ਹੋਈ ਹੈ। ਜੇਕਰ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਕਣਕ ਦੀ ਵਿਕਰੀ ਦੀ ਹੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਜ਼ਿਲ੍ਹੇ ਵਿਚ ਕੁੱਲ 7 ਲੱਖ ਮੀਟਰਕ ਟਨ ਕਣਕ ਹੀ ਵਿਕਣ ਲਈ ਮੰਡੀਆਂ ਵਿਚ ਪੁੱਜੀ ਸੀ ਜਦੋਂਕਿ ਇਸ ਵਾਰ ਅੱਜ ਤੱਕ 8 ਲੱਖ 60 ਹਜ਼ਾਰ ਮੀਟਰ ਟਨ ਦੀ ਖਰੀਦ ਹੋ ਚੁੱਕੀ ਹੈ ਤੇ ਹਾਲੇ ਆਉਣ ਵਾਲੇ ਕੁੱਝ ਦਿਨਾਂ ਤੱਕ ਇਹ ਅੰਕੜਾ ਹੋਰ ਵੀ ਅੱਗੇ ਜਾ ਸਕਦਾ ਹੈ। ਉਂਜ ਜੇਕਰ ਚਾਲੂ ਸੀਜਨ ਦੇ ਅੰਕੜੇ ਨੂੰ ਪਿਛਲੇ ਤੋਂ ਪਿਛਲੇ ਸਾਲ ਨਾਲ ਮਿਲਾਇਆ ਜਾਵੇ ਤਾਂ ਇਹ ਕਾਫ਼ੀ ਘੱਟ ਹੈ। ਮੰਡੀ ਕਰਨ ਬੋਰਡ ਦੇ ਅਧਿਕਾਰੀਆਂ ਮੁਤਾਬਕ ਸਾਲ 2021 ਵਿਚ ਪੌਣੇ ਦਸ ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋਈ ਸੀ, ਜੋਕਿ ਚਾਲੂ ਸੀਜਨ ਨਾਲੋਂ ਕਾਫ਼ੀ ਵਧ ਹੈ। ਦਸਣਾ ਬਣਦਾ ਹੈ ਕਿ ਪਿਛਲੇ ਸਾਲ ਪੱਕਣ ’ਤੇ ਆਈ ਫ਼ਸਲ ਦੌਰਾਨ ਪਈ ਅਚਾਨ ਭਿਆਨਕ ਗਰਮੀ ਕਾਰਨ 20 ਤੋਂ 25 ਫ਼ੀਸਦੀ ਝਾੜ ਘਟ ਗਿਆ ਸੀ। ਹਾਲਾਂਕਿ ਇਸ ਵਾਰ ਵੀ ਕਣਕ ਤੇ ਗੜੇਮਾਰੀ ਨੇ ਨੁਕਸਾਨ ਕੀਤਾ ਹੈ ਪ੍ਰੰਤੂ ਮੌਸਮ ਠੰਢਾ ਰਹਿਣ ਕਾਰਨ ਝਾੜ ਵਿਚ ਵੀ ਵਾਧਾ ਹੋਇਆ ਹੈ। ਉਧਰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਖਰੀਦ ਕੀਤੀ ਗਈ ਕਣਕ ਦੀ 1724.54 ਕਰੋੜ ਰੁਪਏ (99.49 ਫ਼ੀਸਦੀ) ਅਦਾਇਗੀ ਕੀਤੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 8,61,440 ਮੀਟਰਕ ਟਨ ਕਣਕ ਦੀ ਆਮਦ ਹੋਈ, ਜਿਸ ਵਿੱਚੋਂ 8,60,000 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਸ. ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਦੁਆਰਾ ਖਰੀਦੀ ਗਈ 8,60,000 ਮੀਟ੍ਰਿਕ ਟਨ ਕਣਕ ਵਿੱਚੋਂ ਪਨਗਰੇਨ ਵੱਲੋਂ 2,56,370 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 2,30,004 ਪਨਸਪ ਵੱਲੋਂ 2,10,678 ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 1,26,636 ਤੇ ਵਪਾਰੀਆਂ ਵੱਲੋਂ 36,312 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਸੇਵਾ ਕੇਂਦਰਾਂ ਵਿੱਚ 4 ਨਵੀਆਂ ਸੇਵਾਵਾਂ ਸ਼ੁਰੂ : ਸ਼ੌਕਤ ਅਹਿਮਦ ਪਰੇ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵਾਧਾ ਕਰਨ ਲਈ 4 ਹੋਰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸ਼ੁਰੂ ਕੀਤੀਆਂ ਗਈਆਂ ਇੰਨ੍ਹਾਂ ਸੇਵਾਵਾਂ ਵਿੱਚ ਐਚ. ਐਸ. ਆਰ. ਪੀ (ਉੱਚ ਸੁਰੱਖਿਆ ਨੰਬਰ ਪਲੇਟਾਂ), ਸਿਹਤ ਅਤੇ ਵਾਹਨ ਬੀਮਾ, ਆਧਾਰ ਪੈਨ ਨਾਲ ਲਿੰਕ ਅਤੇ ਆਮ ਟਾਈਪਿੰਗ ਨਾਲ ਸਬੰਧਤ ਸੇਵਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੁਣ ਹਾਈ ਸਕਿਉਰਿਟੀ ਰਜਿਸਟਰੇਸ਼ਨ ਪਲੇਟ ਵੀ ਸੇਵਾ ਕੇਂਦਰ ਰਾਹੀਂ ਐਚ.ਐਸ.ਆਰ.ਪੀ ਸੇਵਾ ਰਾਹੀਂ ਅਪਲਾਈ ਕੀਤੀ ਜਾ ਸਕਦੀ ਹੈ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ ਗਿਆ ਹੈ, ਜਿਸ ਤਹਿਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਦਾਰੇ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੁੱਲ੍ਹ ਰਹੇ ਹਨ ਪਰ ਸਮੂਹ ਸੇਵਾ ਕੇਂਦਰਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਮ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਵਾ ਰਹੇ ਹਨ।
