ਵੱਖੋ-ਵੱਖ ਥਾਈਂ ਸੁਰਖ਼ ਫੁਰੇਰੇ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
ਸੁਖਜਿੰਦਰ ਮਾਨ
ਬਠਿੰਡਾ, 1 ਮਈ : ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ (ਜੇਪੀਐਮਓ) ਵਿਸ਼ ਸ਼ਾਮਲ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਸੰਗਠਨਾਂ ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ (ਮਈ ਦਿਹਾੜਾ) ਇਨਕਲਾਬੀ ਭਾਵਨਾਵਾਂ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਮੌਕੇ ਸ਼ਹਿਰ ਅੰਦਰਲੇ ਵੱਖੋ-ਵੱਖ ਵਿਭਾਗੀ ਅਦਾਰਿਆਂ ਅਤੇ ਪਿੰਡਾਂ ਅੰਦਰ ਵਿਸ਼ਾਲ ਇਕੱਠ ਕਰਕੇ ਸੂਹੇ ਝੰਡੇ ਝੁਲਾਏ ਗਏ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਰਤੀ ਹੱਕਾਂ ਦੀ ਰਾਖੀ ਲਈ ਜੂਝਣ ਦਾ ਪਰਣ ਦੁਹਰਾਇਆ ਗਿਆ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਸਬੰਧਤ ਸੀਟੀਯੂ ਪੰਜਾਬ ਵੱਲੋਂ ਸਥਾਨਕ ਮਾਲ ਰੋਡ ਸਥਿਤ ਲੇਬਰ ਚੌਂਕ ਵਿਖੇ ਝੰਡਾ ਲਹਿਰਾਉਣ ਉਪਰੰਤ ਪ੍ਰਭਾਵਸ਼ਾਲੀ ਰੈਲੀ ਕਰਕੇ ਮਈ ਦਿਵਸ ਮਨਾਇਆ ਗਿਆ। ਰੈਲੀ ਨੂੰ ਸਾਥੀ ਜੇਪੀਐਮਓ ਦੇ ਸੂਬਾਈ ਆਗੂ ਸਾਥੀ ਮਹੀਪਾਲ, ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ, ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਮੱਖਣ ਸਿੰਘ ਖਣਗਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਦਰਸ਼ਨ ਸਿੰਘ ਫੁੱਲੋ ਮਿੱਠੀ, ਸੰਪੂਰਨ ਸਿੰਘ, ਮਲਕੀਤ ਸਿੰਘ ਮਹਿਮਾ, ਸੱਤਪਾਲ ਗੋਇਲ ਨੇ ਸੰਬੋਧਨ ਕੀਤਾ। ਗੁਰਤੇਜ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।ਜਿਲ੍ਹੇ ਦੇ ਪਿੰਡਾਂ ਨਥਾਣਾ, ਪੂਹਲੀ, ਤੁੰਗਵਾਲੀ, ਰਾਜਗੜ੍ਹ ਕੁੱਬੇ, ਜੈ ਸਿੰਘ ਵਾਲਾ, ਬਾਜਕ, ਤਲਵੰਡੀ ਸਾਬੋ ਆਦਿ ਵਿੱਚ ਦਿਹਾਤੀ ਮਜ਼ਦੂਰ ਸਭਾ ਵੱਲੋਂ ਕਿਰਤੀ ਇਕੱਠ ਕਰਕੇ ਝੰਡੇ ਝੁਲਾਏ ਗਏ। ਸਰਵ ਸਾਥੀ ਮਿੱਠੂ ਸਿੰਘ ਘੁੱਦਾ, ਗੁਰਮੀਤ ਸਿੰਘ ਨੰਦਗੜ੍ਹ, ਮੇਜਰ ਸਿੰਘ ਤੁੰਗਵਾਲੀ, ਅਮਰੀਕ ਸਿੰਘ ਤੁੰਗਵਾਲੀ, ਦਰਸ਼ਨ ਸਿੰਘ ਬਾਜਕ, ਮੱਖਣ ਸਿੰਘ ਤਲਵੰਡੀ, ਕੂਕਾ ਸਿੰਘ ਨਥਾਣਾ, ਮੱਖਣ ਸਿੰਘ ਪੂਹਲੀ, ਸੁਖਦੇਵ ਸਿੰਘ ਕੁੱਬੇ ਨੇ ਸੰਬੋਧਨ ਕੀਤਾ। ਪੀ.ਡਬਲਿਊ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਸੀਵਰੇਜ ਬੋਰਡ, ਨਜਦੀਕ ਰੋਜ਼ ਗਾਰਡਨ ਵਿਖੇ ਕਿਸ਼ੋਰ ਚੰਦ ਗਾਜ਼, ਸੁਖਚੈਨ ਸਿੰਘ, ਦਰਸ਼ਨ ਰਾਮ, ਕੁਲਵਿੰਦਰ ਸਿੰਘ ਭਾਈਕਾ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਕਰਕੇ ਸੁਰਖ ਫਰੇਰਾ ਲਹਿਰਾਇਆ ਗਿਆ। ਜੋਗਾਨੰਦ ਰੋੜ ਤੇ ਪੈਂਦੀ ਵਣ ਵਿਭਾਗ ਦੀ ਨਰਸਰੀ ਵਿਖੇ ਜੰਗਲਾਤ ਵਰਕਰਜ਼ ਯੂਨੀਅਨ ਸਬੰਧਤ ਪਸਸਫ ਪੰਜਾਬ (ਵੱਲੋਂ ਝੰਡਾ ਲਹਿਰਾਉਣ ਪਿਛੋਂ ਵਿਸ਼ਾਲ ਰੈਲੀ ਕੀਤੀ ਗਈ। ਜਗਸੀਰ ਸਿੰਘ ਸੀਰਾ ਜੰਗਿਰਾਣਾ, ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਨੇ ਮਜ਼ਦੂਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਜੇਪੀਐਮਓ ਵੱਲੋਂ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ ਕੌਮਾਂਤਰੀ ਮਜ਼ਦੂਰ ਦਿਹਾੜਾ
ਸੁਖਦੇਵ ਸਿੰਘ ਢੀਂਡਸਾ ਤੇ ਰਵਨੀਤ ਬਿੱਟੂ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸ: ਬਾਦਲ ਦੇ ਅਕਾਲ ਚਲਾਣੇ ’ਤੇ ਦੁੱਖ ਸਾਂਝਾ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 1 ਮਈ : ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਸਮੇਤ ਅੱਜ ਪ੍ਰਮੁੱਖ ਸ਼ਖਸੀਅਤਾਂ ਨੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ’ਤੇ ਪਹੁੰਚ ਕੇ ਉਹਨਾਂ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਸਾਂਝਾ ਕੀਤਾ। ਇਹਨਾਂ ਸ਼ਖਸੀਅਤਾਂ ਨੇ ਸ: ਬਾਦਲ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਸੂਬੇ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਵਾਸਤੇ ਕੀਤੇ ਕੰਮਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਸਰਦਾਰ ਬਾਦਲ ਨੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਵਿਚ ਅਹਿਮ ਰੋਲ ਅਦਾ ਕੀਤਾ। ਉਹਨਾਂ ਕਿਹਾ ਕਿ ਉਨਾਂ ਨੇ ਹਮੇਸ਼ਾ ਹੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਤਾਂ ਹੀ ਸੰਭਵ ਹੈ ਜੇਕਰ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰਹੇਗੀ। ਅੱਜ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸੁਖਦੇਵ ਸਿੰਘ ਢੀਂਡਸਾ ਤੇ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਐਮ ਪੀ ਗੁਰਜੀਤ ਸਿੰਘ ਔਜਲਾ ਤੇ ਅਮਰ ਸਿੰਘ, ਸਾਬਕਾ ਐਮ ਪੀ ਰਾਜ ਮੋਹਿੰਦਰ ਸਿੰਘ ਮਜੀਠੀਆ, ਰਾਜਸਥਾਨ ਦੇ ਸਾਬਕਾ ਮੰਤਰੀ ਗੁਰਜੰਟ ਸਿੰਘ ਬਰਾੜ, ਪੰਜਾਬ ਦੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਮਹਿੰਦਰ ਕੇ ਪੀ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਜੱਸੀ ਖੰਗੂੜਾ, ਹਰਮਿੰਦਰ ਸਿੰਘ ਗਿੱਲ, ਕਰਨ ਕੌਰ ਬਰਾੜ, ਬੀਬੀ ਵਨਿੰਦਰ ਕੌਰ ਲੂੰਬਾ, ਨਿਰਮਲ ਸਿੰਘ ਸ਼ੁਤਰਾਣਾ, ਅਰਵਿੰਦ ਖੰਨਾ, ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ, ਵਿਧਾਇਕ ਸੰਦੀਪ ਕੁਮਾਰ ਜਾਖੜ, ਨਰੇਸ਼ ਕਟਾਰੀਆ, ਅਮਨਦੀਪ ਸਿੰਘ ਮੁਸਾਫਿਰ ਤੇ ਗੁਰਪ੍ਰੀਤ ਗੋਗੀ, ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸੁੰਦਰ ਸ਼ਾਮ ਅਰੋੜਾ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਮਨਜੀਤ ਸਿੰਘ ਜੀ. ਕੇ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਰਾਜਿੰਦਰ ਕੁਮਾਰ ਭੰਡਾਰੀ, ਭਾਜਪਾ ਆਗੂ ਦਿਆਲ ਦਾਸ ਸੋਢੀ, ਪਰਮਿੰਦਰ ਸਿੰਘ ਬਰਾੜ ਤੇ ਹੀਰਾ ਸੋਢੀ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਡਾ. ਜਸਪਾਲ ਸਿੰਘ, ਸੀਨੀਅਰ ਪੱਤਰਕਾਰ ਸਤਨਾਮ ਮਾਣਕ, ਮਲੋਟ ਪ੍ਰੈਸ ਕਲੱਬ ਦੇ ਮੈਂਬਰ, ਬਾਰ ਐਸੋਸੀਏਸ਼ਨ ਮਾਨਸਾ, ਡੱਬਵਾਲੀ ਤੇ ਗਿੱਦੜਬਾਹਾ ਦੇ ਮੈਂਬਰ, ਸੀਨੀਅਰ ਆਈ ਏ ਐਸ, ਆਈ ਪੀ ਐਸ, ਪੀ ਪੀ ਐਸ ਤੇ ਪੀ ਸੀ ਐਸ ਅਫਸਰ, ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ, ਪੰਜਾਬੀ ਕਲਾਕਾਰ ਗੁੱਗੂ ਗਿੱਲ, ਰੀਨਾ ਰਾਏ, ਗਡਵਾਸੂ ਦੇ ਵਾਈਸ ਚਾਂਸਲਰ ਇੰਦਰਜੀਤ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਜਗਦੀਸ਼ ਚੋਪੜਾ,ਧਾਰਮਿਕ ਸ਼ਖਸੀਅਤਾਂ ਵਿਚ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲੇ, ਬਾਬਾ ਜਗਤਾਰ ਸਿੰਘ ਸਾਬਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਬਾਬਾ ਸੋਹਣ ਸਿੰਘ ਅਰਨੀਵਾਲਾ ਵਾਲੇ, ਬਾਬਾ ਹੀਰਾ ਸਿੰਘ ਹਰੀਕੇ ਵਾਲੇ, ਸੰਤ ਬਾਬਾ ਭੁਪਿੰਦਰ ਸਿੰਘ ਪਟਿਆਲਾ ਵਾਲੇ, ਬਾਬਾ ਰਵੀ ਸਿੰਘ ਬਛੋਆਣਾ ਵਾਲੇ, ਬਾਬਾ ਸੁਰਜਣ ਸਿੰਘ ਪਿਹੋਵਾ ਵਾਲੇ, ਬਾਬਾ ਕੁਲਵੰਤ ਸਿੰਘ ਮਹਿਤੀਆਣਾ ਵਾਲੇ, ਬਾਬਾ ਆਸਾ ਸਿੰਘ ਸਿੰਘੇਵਾਲਾ ਵਾਲੇ, ਬਾਬਾ ਗੁਰਬੰਤਾ ਦਾਸ ਡੇਰਾ ਤਪ ਵਾਲੇ, ਬਾਬਾ ਮੁਨੀ ਜਜਲ ਵਾਲੇ, ਬਾਬਾ ਰੇਸ਼ਮ ਸਿੰਘ ਨਿਮਲਾ ਭੇਖ ਵਾਲੇ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹਨ।
ਭਾਈ ਰੂਪਾ ਦੇ ਸੁੰਦਰੀਕਰਨ ਲਈ ਪੰਜਾਬ ਸਰਕਾਰ ਖਰਚੇਗੀ 2.53 ਕਰੋੜ ਰੁਪਏ: ਡਾ: ਇੰਦਰਬੀਰ ਸਿੰਘ ਨਿੱਜਰ
ਸੁਖਜਿੰਦਰ ਮਾਨ
ਬਠਿੰਡਾ, 1 ਮਈ : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਅੱਜ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਠਿੰਡਾ ਦੀ ਨਗਰ ਪੰਚਾਇਤ ਭਾਈ ਰੂਪਾ ਦੇ ਸੁੰਦਰੀਕਰਨ ’ਤੇ 2.53 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪ੍ਰੋਜੈਕਟ ਦਾ ਉਦੇਸ਼ ਖੇਤਰ ਦੇ ਸਮੁੱਚੇ ਸੁਹਜ ਨੂੰ ਮੁੜ ਸੁਰਜੀਤ ਕਰਨਾ ਅਤੇ ਵਧਾਉਣਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੰਤਰੀ ਡਾ: ਨਿੱਜਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਹਿੱਸੇ ਵਜੋਂ ਸਰਕਾਰ ਵੱਲੋਂ ਇਲਾਕੇ ਦੇ ਕਈ ਛੱਪੜਾਂ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਕੀਤਾ ਜਾਵੇਗਾ। ਡੇਰਾ ਖੂਹ ਵਾਲਾ ਨੇੜੇ 54.71 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦੀ ਕਾਇਆ ਕਲਪ ਕੀਤੀ ਜਾਵੇਗੀ, ਜਦੋਂ ਕਿ ਵਿਸ਼ਵਕਰਮਾ ਮੰਦਰ ਨੇੜੇ 51.99 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦਾ ਨਵੀਨੀਕਰਨ ਕੀਤਾ ਜਾਵੇਗਾ। ਗੁਰਦੁਆਰਾ ਮਾਨਸਰੋਵਰ ਨੇੜੇ ਛੱਪੜ ਨੂੰ 32.59 ਲੱਖ ਰੁਪਏ ਦੀ ਲਾਗਤ ਨਾਲ ਸੁਰਜੀਤ ਕੀਤਾ ਜਾਵੇਗਾ, ਜਦਕਿ ਕਾਲੇ ਬਾਗ ਰੋਡ ਦੇ ਛੱਪੜ ਨੂੰ 47.32 ਲੱਖ ਰੁਪਏ ਦੀ ਲਾਗਤ ਨਾਲ ਸੁਰਜੀਤ ਕੀਤਾ ਜਾਵੇਗਾ। 63.31 ਲੱਖ ਰੁਪਏ ਦੀ ਲਾਗਤ ਨਾਲ ਨਾਮਧਾਰੀ ਤਲਾਬ ਨੂੰ ਵੀ ਸੁਰਜੀਤ ਕੀਤਾ ਜਾਵੇਗਾ।ਛੱਪੜਾਂ ਨੂੰ ਮੁੜ ਸੁਰਜੀਤ ਕਰਨ ਤੋਂ ਇਲਾਵਾ, ਸਰਕਾਰ ਵੱਲੋਂ ਵਾਰਡ ਨੰ-2 ਅਤੇ ਵਾਰਡ ਨੰ-5 ਵਿੱਚ ਦੋ ਇਨ ਸੀਟੂ (ਸਕ੍ਰੀਨਿੰਗ ਕਮ ਗਰਿੱਟ ਚੈਂਬਰ) ਵੀ ਬਣਾਏ ਜਾਣਗੇ। ਜਿਹਨਾਂ ਦੀ ਪ੍ਰਤੀ ਇਨ ਸੀਟੂ ਲਾਗਤ 1.67 ਲੱਖ ਰੁਪਏ ਹੋਵੇਗੀ। ਡਾ: ਨਿੱਜਰ ਨੇ ਅੱਗੇ ਕਿਹਾ ਕਿ ਸੁੰਦਰੀਕਰਨ ਪ੍ਰੋਜੈਕਟ ਨਾ ਸਿਰਫ ਖੇਤਰ ਦੀ ਸਮੁੱਚੀ ਦਿੱਖ ਨੂੰ ਵਧਾਏਗਾ ਬਲਕਿ ਨਿਵਾਸੀਆਂ ਅਤੇ ਸੈਲਾਨੀਆਂ ਲਈ ਇੱਕ ਹੋਰ ਸੁਹਾਵਣਾ ਅਤੇ ਅਨੰਦਦਾਇਕ ਵਾਤਾਵਰਣ ਵੀ ਪ੍ਰਦਾਨ ਕਰੇਗਾ। ਪ੍ਰੋਜੈਕਟ ਦੇ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ, ਅਤੇ ਸਰਕਾਰ ਦਾ ਟੀਚਾ ਹੈ ਕਿ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।
ਗਿਆਸਪੁਰਾ ਗੈਸ ਲੀਕ: ਵਿਸ਼ੇਸ਼ ਡੀ.ਜੀ.ਪੀ. ਅਰਪਿਤ ਸ਼ੁਕਲਾ ਵੱਲੋਂ ਲੁਧਿਆਣਾ ‘ਚ ਸਥਿਤੀ ਦਾ ਜਾਇਜ਼ਾ
ਪੰਜਾਬ ਪੁਲਿਸ ਵੱਲੋਂ ਐਫ.ਆਈ.ਆਰ. ਦਰਜ , ਜ਼ਿੰਮੇਵਾਰ ਵਿਅਕਤੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 30 ਅਪ੍ਰੈਲ:ਲੁਧਿਆਣਾ ਵਿੱਚ ਗਿਆਸਪੁਰਾ ਗੈਸ ਲੀਕ ਘਟਨਾ ਦਾ ਨੋਟਿਸ ਲੈਂਦਿਆਂ, ਵਿਸ਼ੇਸ਼ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਇਲਾਕੇ ਦਾ ਦੌਰਾ ਕੀਤਾ।ਵਿਸ਼ੇਸ਼ ਡੀ.ਜੀ.ਪੀ. ਅਰਪਿਤ ਸ਼ੁਕਲਾ, ਜਿਨ੍ਹਾਂ ਨਾਲ ਡਿਪਟੀ ਕਮਿਸ਼ਨਰ (ਡੀ.ਸੀ.) ਲੁਧਿਆਣਾ ਸੁਰਭੀ ਮਲਿਕ, ਪੁਲਿਸ ਕਮਿਸ਼ਨਰ (ਸੀ.ਪੀ.) ਲੁਧਿਆਣਾ ਮਨਦੀਪ ਸਿੰਘ ਸਿੱਧੂ ਅਤੇ ਨਗਰ ਨਿਗਮ ਕਮਿਸ਼ਨਰ ਸ਼ੀਨਾ ਅਗਰਵਾਲ ਵੀ ਮੌਜੂਦ ਸਨ, ਨੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਇਸ ਘਟਨਾ ਨੂੰ ਦਿਲ ਦਹਿਲਾ ਦੇਣ ਵਾਲੀ ਅਤੇ ਮੰਦਭਾਗੀ ਦੱਸਦਿਆਂ ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਦੋਸ਼ੀ ਦੀ ਭਾਲ ਲਈ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਲਈ ਮੈਜਿਸਟਰੇਟ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਮੁੱਖ ਇੰਜਨੀਅਰ ਵੱਲੋਂ ਪਹਿਲਾਂ ਹੀ ਮੌਕੇ ਤੋਂ ਨਮੂਨੇ ਲੈ ਲਏ ਗਏ ਹਨ।ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਦੀ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਨਿਯਮਤ ਅੰਤਰਾਲਾਂ ’ਤੇ ਗੈਸ ਦੇ ਪੱਧਰਾਂ ਦੀ ਜਾਂਚ ਕੀਤੀ ਜਾ ਰਹੀ ਹੈ।ਦੱਸਣਯੋਗ ਹੈ ਕਿ ਇਸ ਸਬੰਧੀ ਥਾਣਾ ਸਾਹਨੇਵਾਲ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਾਰਦਰਸ਼ੀ ਭਰਤੀ ਪ੍ਰਕਿਰਿਆ ਕਾਰਨ ਮੈਨੂੰ ਸਰਕਾਰੀ ਨੌਕਰੀ ਹਾਸਲ ਹੋਈ; ਨਵ-ਨਿਯੁਕਤ ਐਸ.ਡੀ.ਓ. ਅਨੁਭਵ ਸਿੰਗਲਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 30 ਅਪਰੈਲ: ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਪਾਰਦਰਸ਼ੀ ਭਰਤੀ ਪ੍ਰਕਿਰਿਆ ਕਾਰਨ ਮੈਨੂੰ ਜਲ ਸਪਲਾਈ ਤੇ ਸੀਵਰੇਜ ਬੋਰਡ ਵਿੱਚ ਬਤੌਰ ਸਬ ਡਵੀਜ਼ਨਲ ਅਫ਼ਸਰ (ਐਸ.ਡੀ.ਓ.) ਦੀ ਸਰਕਾਰੀ ਨੌਕਰੀ ਹਾਸਲ ਹੋਈ ਹੈ। ਇਹ ਗੱਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦੇ ਵਾਸੀ ਅਨੁਭਵ ਸਿੰਗਲਾ ਨੇ ਕਹੀ।ਨਵ-ਨਿਯੁਕਤ ਐਸ.ਡੀ.ਓ. ਅਨੁਭਵ ਸਿੰਗਲਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਮੁਕੰਮਲ ਹੋਈ ਭਰਤੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ, ਜਿਸ ਕਾਰਨ ਉਸਨੂੰ ਬਿਨਾਂ ਕਿਸੇ ਸਿਫਾਰਸ਼ ਅਤੇ ਰਿਸ਼ਵਤ ਦੇ ਇਹ ਨੌਕਰੀ ਹਾਸਲ ਹੋਈ ਹੈ।ਉਸਨੇ ਕਿਹਾ ਕਿ ਉਹ ਅਤੇ ਉਸਦਾ ਪਰਿਵਾਰ ਬਹੁਤ ਖੁਸ਼ ਹੈ ਕਿਉਂਕਿ ਉਸ ਨੂੰ ਆਪਣੇ ਸੂਬੇ ਵਿੱਚ ਹੀ ਨੌਕਰੀ ਮਿਲ ਗਈ ਹੈ।ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਸੂਬੇ ਦੇ ਯੋਗ ਨੌਜਵਾਨਾਂ ਨੂੰ ਪੱਕਾ ਰੋਜ਼ਗਾਰ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇੱਕ ਸਾਲ ਵਿੱਚ 29 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦੇਣੀਆਂ ਸੂਬੇ ਦੇ ਨੌਜਵਾਨਾਂ ਲਈ ਬੇਹੱਦ ਖੁਸ਼ੀ ਵਾਲੀ ਗੱਲ ਹੈ। ਉਸਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਭਲਾਈ ਤੇ ਦੁਰ ਦਰਸ਼ੀ ਵਾਲੀ ਸੋਚ ਨੂੰ ਸਲਾਮ ਕਰਦਾ ਹਾਂ, ਜਿਸ ਕਾਰਨ ਅੱਜ ਸੂਬੇ ਦੇ ਨੌਜਵਾਨ ਸਰਕਾਰੀ ਨੌਕਰੀਆਂ ਹਾਸਲ ਕਰਨ ਵਿੱਚ ਕਾਮਯਾਬ ਹੋ ਰਹੇ ਹਨ।ਉਸਨੇ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰੋਜੀ ਰੋਟੀ ਲਈ ਵਿਦੇਸ਼ ਜਾਣ ਦਾ ਖਿਆਲ ਛੱਡ ਦੇਣ ਅਤੇ ਇਥੇ ਹੀ ਮਿਹਨਤ ਕਰਨ ਕਿਉ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਿਹਨਤ ਅਤੇ ਮੈਰਿਟ ਨੂੰ ਸਰਕਾਰੀ ਨੌਕਰੀਆਂ ਵਿੱਚ ਤਰਜੀਹ ਦੇ ਰਹੀ ਹੈ।
ਅਪਣੀਆਂ ਮੰਗਾਂ ਨੂੰ ਲੈ ਕੇ ਡੀਟੀਐਫ਼ ਦਾ ਜੱਥਾ ਜਲੰਧਰ ਰੈਲੀ ਲਈ ਹੋਇਆ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ,30 ਅਪ੍ਰੈਲ: ਡੈਮੋਕਰੈਟਿਕ ਟੀਚਰਜ਼ ਫਰੰਟ ਵਲੋ ਵੱਖ ਵੱਖ ਅਧਿਆਪਕ ਮੰਗਾਂ ਜਿਵੇਂ ਓ ਡੀ ਐੱਲ ਅਧਿਆਪਕਾਂ ਨੂੰ ਰੈਗੂਲਰ ਕਰਵਾਉਣ, ਪੇਂਡੂ ਭੱਤੇ ਸਮੇਤ ਖੋਹੇ ਭੱਤੇ ਬਹਾਲ ਕਰਵਾਉਣ,ਸਿੱਖਿਆ ਪ੍ਰੋਵਾਈਡਰਾਂ, ਵਲੰਟੀਅਰਾਂ ਦੀ ਰੈਗੂਲਰਾਈਜੇਸ਼ਨ,180 ਈਟੀਟੀ ਅਧਿਆਪਕਾਂ ਤੇ ਪੰਜਾਬ ਸਕੇਲ ਲਾਗੂ ਕਰਾਉਣ ,17 ਜੁਲਾਈ 2020 ਤੋ ਬਾਅਦ ਨਿਯੁਕਤ ਅਧਿਆਪਕਾਂ ਨੂੰ ਪੰਜਾਬ ਪੇ ਕਮਿਸ਼ਨ ਸਕੇਲ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਅਤੇ ਅਧਿਆਪਕਾਂ ਸਾਹਮਣੇ ਬਦਲੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਿੱਖਿਆ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ਲਾਰੇ ਸਾਬਤ ਹੋਣ ਦੇ ਵਿਰੋਧ ਵਿੱਚ ਜਲੰਧਰ ਵਿਖੇ ਹੋਈ ਰੋਸ ਰੈਲੀ ਅਤੇ ਮੁਜਾਹਰੇ ਵਿੱਚ ਸ਼ਾਮਲ ਹੋਣ ਲਈ ਅੱਜ ਬਠਿੰਡਾਤੋ ਅਧਿਆਪਕਾਂ ਦਾ ਵੱਡਾ ਜੱਥਾ ਰਵਾਨਾ ਹੋਇਆ। ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਜਗਪਾਲ ਬੰਗੀ ਨੇ ਦੱਸਿਆ 30 ਦਸੰਬਰ ਨੂੰ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਵਿੱਚ 7654, 3442 ਅਤੇ 5178 ਭਰਤੀਆਂ ਵਿੱਚੋਂ ਰਹਿੰਦੇ 125 ਦੇ ਕਰੀਬ ਓਡੀਐਲ ਅਧਿਆਪਕਾਂ ਨੂੰ ਰੈਗੂਲਰ ਕੀਤੇ ਜਾਣ ਸਬੰਧੀ ਸਹਿਮਤੀ ਦੇਣ ਦੇ ਬਾਵਜੂਦ ਇਹਨਾਂ ਅਧਿਆਪਕਾਂ ਨੂੰ ਪਿਛਲੇ 11 ਸਾਲਾਂ ਤੋਂ ਸਿਰਫ 10,300/- ਰੁਪਏ ਪ੍ਰਤੀ ਮਹੀਨਾ ਬੱਝਵੀਂ ਤਨਖਾਹ ਦੇ ਕੇ ਇਨ੍ਹਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਕੂਲਾਂ ਵਿੱਚ ਕੰਮ ਕਰਦੇ ਸਿੱਖਿਆ ਪ੍ਰੋਵਾਈਡਰ, ਵਲੰਟੀਅਰ ਅਤੇ ਕੰਪਿਊਟਰ ਅਧਿਆਪਕ ਵੀ ਸਰਕਾਰ ਦੁਆਰਾ ਸ਼ੋਸ਼ਣ ਦਾ ਸ਼ਿਕਾਰ ਬਣਾਏ ਜਾ ਰਹੇ ਹਨ। ਇਸੇ ਤਰ੍ਹਾਂ 17 ਜੁਲਾਈ 2020 ਤੋ ਬਾਅਦ ਦੇ ਭਰਤੀ ਅਧਿਆਪਕਾਂ ਤੇ ਕੇਂਦਰੀ ਤਨਖਾਹ ਕਮਿਸ਼ਨ ਲਗਾ ਕੇ ਉਨ੍ਹਾਂ ਦਾ ਪੰਜਾਬ ਪੇ ਕਮਿਸ਼ਨ ਦੇ ਲਾਭ ਦਾ ਬਣਦਾ ਹੱਕ ਮਾਰਿਆ ਜਾ ਰਿਹਾ ਹੈ। ਨਵੀਂ ਸਿੱਖਿਆ ਨੀਤੀ ਦੇ ਨਾਂ ਤੇ ਭਗਵੇਂਕਰਨ, ਨਿੱਜੀਕਰਨ ਅਤੇ ਕੇਂਦਰੀਕਰਨ ਦੇ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਫੋਕੇ ਦਾਅਵੇ ਕੀਤੇ ਜਾ ਰਹੇ ਹਨ। ਸਕੂਲ ਆਫ਼ ਐਮੀਨੈਂਸ ਦੇ ਨਾਂ ਤੇ ਸਰਕਾਰੀ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ।ਡੀ ਟੀ ਅੇੈੱਫ ਆਗੂਆਂ ਬੇਅੰਤ ਸਿੰਘ ਫੂਲੇਵਾਲਾ,ਗੁਰਮੇਲ ਸਿੰਘ ਮਲਕਾਣਾ, ਹਰਜਿੰਦਰ ਸਿੰਘ ਸੇਮਾ, ਲਖਵਿੰਦਰ ਸਿੰਘ ,ਮੋਹਨ ਸਿੰਘ,ਕਰਮਜੀਤ ਕੌਰ ਨੇ ਕਿਹਾ ਕਿ ਉਕਤ ਮੰਗਾਂ ਤੋਂ ਇਲਾਵਾ ਪੇਂਡੂ ਭੱਤੇ ਸਮੇਤ ਰੋਕੇ ਹੋਏ ਹੋਰ ਭੱਤੇ ਬਹਾਲ ਕਰਾਉਣ, ਚੱਲ ਰਹੀਆਂ ਭਰਤੀਆਂ ਜਿਵੇਂ 4161ਮਾਸਟਰ ਕਾਡਰ, 6635, 2364 ਅਤੇ 5994 ਈ ਟੀ ਟੀ ਨੂੰ ਪੂਰੀਆਂ ਕਰਾਉਣ, ਬਾਕੀ ਖਾਲੀ ਅਸਾਮੀਆਂ ਤੇ ਭਰਤੀ ਲਈ ਇਸ਼ਤਿਹਾਰ ਜਾਰੀ ਕਰਾਉਣ ਸਕੂਲਾਂ ਵਿੱਚ ਚੌਕੀਦਾਰਾ ਤੇ ਦਰਜਾ ਚਾਰ ਦੀ ਭਰਤੀ ਸਮਾਬੱਧ ਤਰੱਕੀਆ ਕਰਵਾਉਣ ਆਦਿ ਅਧਿਆਪਕ ਮੰਗਾਂ ਨੂੰ ਲੈ ਕੇ 30 ਅਪ੍ਰੈਲ 2023 ਨੂੰ ਜਲੰਧਰ ਵਿਖੇ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਸਮੇ ਅਧਿਆਪਕ ਆਗੂ ਰੇਖਾ ਸ਼ਰਮਾ,ਗੁਰਸੇਵਕ ਫੂਲ,ਗੁਰਪਾਲ ਸਿੰਘ ਅਤੇ ਡੀ.ਐਮ.ਐਫ.ਦੇ ਜਿਲ੍ਹਾ ਪ੍ਰਧਾਨ ਸਿਕੰਦਰ ਧਾਲੀਵਾਲ ਆਦਿ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਜੇਕਰ ਅਧਿਆਪਕ ਵਰਗ ਦੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਜਲਦੀ ਨਾ ਕੀਤਾ ਤਾਂ ਸਰਕਾਰ ਖਿਲਾਫ ਲਗਾਤਾਰ ਸ਼ੰਘਰਸ਼ ਤਿੱਖਾ ਕੀਤਾ ਜਾਵੇਗਾ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਸਮੇਤ ਪ੍ਰਮੁੱਖ
ਸ਼ਖਸੀਅਤਾਂ ਨੇ ਪਿੰਡ ਬਾਦਲ ਪਹੁੰਚ ਕੇ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਦੁੱਖ ਕੀਤਾ ਸਾਂਝਾ
ਸੁਖਜਿੰਦਰ ਮਾਨ
ਬਾਦਲ (ਸ੍ਰੀ ਮੁਕਤਸਰ ਸਾਹਿਬ), 30 ਅਪ੍ਰੈਲ: ਕੇਂਦਰੀ ਮੰਤਰੀ ਸ੍ਰੀ ਅਨੁਰਾਗ ਠਾਕੁਰ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰੇਮ ਕੁਮਾਰ ਧੂਮਲ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਅੱਜ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਪਹੁੰਚ ਕੇ ਉਹਨਾਂ ਕੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਸ੍ਰੀ ਅਨੁਰਾਗ ਠਾਕੁਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਵਿਚ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਸ਼ ਦੇ ਸਭ ਤੋਂ ਵੱਡੇ ਸਿਆਸਤਦਾਨ ਸਨ ਜਿਹਨਾਂ ਦੇ ਅਕਾਲ ਚਲਾਣੇ ਨਾਲ ਸਿਰਫ ਪਰਿਵਾਰ ਜਾਂ ਪੰਜਾਬ ਹੀ ਨਹੀਂ ਬਲਕਿ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਸਰਦਾਰ ਬਾਦਲ ਆਪਣੇ ਆਪ ਵਿਚ ਇਕ ਸੰਸਥਾ ਸਨ ਜਿਹਨਾਂ ਨੇ ਦੇਸ਼ ਦੇ ਅਣਗਿਣਤ ਲੋਕਾਂ ਦਾ ਮਾਰਗ ਦਰਸ਼ਨ ਕੀਤਾ ਤੇ ਉਹਨਾਂ ਨੂੰ ਸਮਾਜ ਦੀ ਭਲਾਈ ਵਾਸਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ, ਮੈਂਬਰ ਪਾਰਲੀਮੈਂਟ ਸ੍ਰੀ ਜਸਬੀਰ ਸਿੰਘ ਡਿੰਪਾ, ਸਾਬਕਾ ਰਾਜ ਸਭਾ ਮੈਂਬਰ ਸਰਦਾਰ ਤਰਲੋਚਨ ਸਿੰਘ, ਪੰਜਾਬ ਦੇ ਸਾਬਕਾ ਮੰਤਰੀ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ, ਸਰਦਾਰ ਨਵਜੋਤ ਸਿੰਘ ਸਿੱਧੂ, ਸ੍ਰੀ ਵਿਜੇ ਇੰਦਰ ਸਿੰਗਲਾ, ਸ੍ਰੀ ਅਸ਼ਵਨੀ ਸੇਖੜੀ, ਸਾਬਕਾ ਰਾਜ ਸਭਾ ਮੈਂਬਰ ਸ੍ਰੀ ਸ਼ਮਸ਼ੇਰ ਸਿੰਘ ਦੂਲੋਂ, ਸਾਬਕਾ ਵਿਧਾਇਕ ਸ੍ਰੀ ਸੁਖਵਿੰਦਰ ਸਿੰਘ ਡੈਨੀ, ਸ੍ਰੀ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸ੍ਰੀ ਹਰਵਿੰਦਰ ਸਿੰਘ ਲਾਡੀ, ਸ੍ਰੀ ਨਵਤੇਜ ਸਿੰਘ ਚੀਮਾ, ਸ੍ਰੀ ਸੁਰਜੀਤ ਧੀਮਾਨ, ਸ੍ਰੀ ਗੁਰਬਿੰਦਰ ਸਿੰਘ ਅਟਵਾਲ, ਸ੍ਰੀ ਸੁਨੀਲ ਦੱਤ, ਆਰ ਐਸ ਐਸ ਪੰਜਾਬ ਦੇ ਆਗੂ ਸ੍ਰੀ ਨਰੇਂਦਰ ਸ਼ਰਮਾ ਤੇ ਸ੍ਰੀ ਇਕਬਾਲ ਸਿੰਘ, ਪੰਜਾਬ ਤੇ ਦਿੱਲੀ ਤੋਂ ਸੀਨੀਅਰ ਆਈ ਏ ਐਸ ਅਧਿਕਾਰੀਆਂ, ਬਠਿੰਡਾ ਪ੍ਰੈਸ ਕਲੱਬ ਦੇ ਮੈਂਬਰ, ਉੱਤਮ ਹਿੰਦੂ ਅਖਬਾਰ ਦੇ ਮੁੱਖ ਸੰਪਾਦਕ ਇਰਵਿਨ ਖੰਨਾ, ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਵਿੱਜ, ਬਾਬੂਸ਼ਾਹੀ ਨੈਟਵਰਕ ਦੇ ਸੰਪਾਦਕ ਸ੍ਰੀ ਬਲਜੀਤ ਬੱਲੀ, ਅਮਰੀਕਾ ਦੇ ਉੱਘੇ ਧਨਾਢ ਵਪਾਰੀ ਦਰਸ਼ਨ ਸਿੰਘ ਧਾਲੀਵਾਲ, ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਕਲੇਰ, ਸੰਤ ਸਤਵਿੰਦਰ ਸਿੰਘ ਹੀਰਾ ਤੇ ਸੰਤ ਸਰਵਣ ਦਾਸ ਜੀ ਸ੍ਰੀ ਖੁਰਾਲਗੜ੍ਹ ਸਾਹਿਬ ਹੁਸ਼ਿਆਰਪੁਰ ਤੋਂ ਅਨੇਕਾਂ ਸੰਤਾਂ ਦੇ ਨਾਲ ਨਾਲ ਬਾਬਾ ਅਮਰਜੀਤ ਸਿੰਘ ਜੀ ਹਰਖੋਵਾਲ ਵਾਲੇ, ਬਾਬਾ ਪਰਦੀਪ ਜੀ ਬੱਧਨੀ ਵਾਲੇ, ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ, ਬਾਬਾ ਕੇਸ਼ੋਰਾਮ ਜੀ ਕੋਟਸ਼ਮੀਰ ਵਾਲੇ, ਬਾਬਾ ਸੇਵਾ ਨੰਦ ਕਿਓਲ ਵਾਲੇ, ਬਾਬਾ ਸੁਖਦੇਵ ਪ੍ਰਕਾਸ਼ ਮਹਿਮਾ ਸਰਜਾ ਜੀ, ਬਾਬਾ ਕੁੰਭ ਦਾਸ ਜੀ ਡੇਰਾ ਲੰਗ, ਬਾਬਾ ਦਰਸ਼ਨ ਦਾਸ ਜੀ ਡੇਰਾ ਡੱਬਵਾਲੀ ਵਾਲੇ, ਮਹੰਤ ਜੈ ਰਾਮ ਜੀ ਡੱਬਵਾਲੀ ਵਾਲੇ, ਬਾਬਾ ਸਰਮੁੱਖ ਦਾਸ ਜੀ ਰੱਲਾ ਵਾਲੇ, ਸੰਤ ਮਹਾਂਪੁਰਖ ਡੇਰਾ ਬੱਲਾਂ ਗਿੱਲ ਪੱਤੀ ਵਾਲੇ ਤੇ ਹਰਿਆਣਾ ਦੇ ਸਾਬਕਾ ਮੰਤਰੀ ਕੈਪਟਨ ਅਭਿਮਨਯੂ ਨੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ।
ਪੀਣ ਵਾਲੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਲੋਨੀ ਵਾਸੀਆਂ ਨੇ ਲਗਾਇਆ ਧਰਨਾ, ਕੀਤੀ ਨਾਅਰੇਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 30 ਅਪ੍ਰੈਲ : ਸਥਾਨਕ ਬਾਦਲ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਕਲੌਨੀ ਦੇ ਵਾਸੀਆਂ ਵਲੋਂ ਕਲੌਨੀ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਆ ਨੂੰ ਲੈ ਕੇ ਅੱਜ ਕਲੌਨੀ ਦੇ ਮੁੱਖ ਗੇਟ ’ਤੇ ਪ੍ਰਬੰਧਕਾਂ ਵਿਰੁਧ ਧਰਨਾ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਨਸਿਟੀ ਇਨਕਲੇਵ ਕਲੋਨੀ ਵਾਸੀ ਮਨਜੀਤ ਸਿੰਘ ਅਤੇ ਜੁਗਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਵੱਲੋਂ ਕਲੋਨੀ ’ਚ ਲਗਭਗ 9 ਸਾਲ ਪਹਿਲਾ ਆਪਣਾ ਮਕਾਨ ਬਣਾਇਆ ਸੀ ਪਰ ਉਸ ਸਮੇਂ ਕਲੋਨੀ ਮਾਲਕਾਂ ਵੱਲੋਂ ਉਨ੍ਹਾਂ ਨੂੰ ਨਹਿਰੀ ਪਾਣੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤੱਕ ਵੀ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਸਦੇ ਚੱਲਦੇ ਕਲੌਨੀ ਦੇ ਵਾਸੀ ਮਜਬੂਰਨ ਧਰਤੀ ਹੇਠਲਾ ਸ਼ੌਰੇ ਵਾਲਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਲਾਟ ਖਰੀਦਣ ਦੇ ਸਮੇਂ ਪਲਾਟ ਖਰੀਦਦਾਰਾਂ ਵਲੋਂ ਕਲੌਨੀ ਮਾਲਕਾਂ ਨੂੰ ਪਾਣੀ ਅਤੇ ਸੀਵਰੇਜ਼ ਦੇ ਹਜ਼ਾਰਾਂ ਰੁਪਏ ਪਹਿਲਾ ਹੀ ਦਿੱਤੇ ਜਾ ਚੁੱਕੇ ਹਨ ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਸਫਾਈ ਪੱਖੋ ਬਠਿੰਡਾ ਪਹਿਲੀਆਂ ਕਤਾਰਾਂ ’ਚ ਆਉਦਾ ਹੈ ਪ੍ਰੰਤੂ ਕਲੋਨੀ ’ਚ ਜੋ ਸੀਵਰੇਜ਼ ਪਾਇਆ ਹੈ ਉਸ ਦਾ ਵੀ ਕੋਈ ਵਧੀਆਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਥਾਂ–ਥਾਂ ਤੇ ਓਵਰਫਲੋਂ ਹੋਣ ਕਾਰਨ ਬਦਬੂ ਮਾਰ ਰਹੀ ਹੈੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਵਾਰ ਸਟਰੀਟ ਲਾਇਟਾਂ ਵੀ ਨਹੀਂ ਜਗਦੀਆਂ, ਜਿਸ ਕਾਰਨ ਕੋਈ ਵੀ ਵਾਰਦਾਤ ਹੋ ਸਕਦੀ ਹੈ। ਕਲੋਨੀ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਕੈਪਟਨ ਦੀ ਕਾਂਗਰਸ ਸਰਕਾਰ ਅਤੇ ਹੁਣ ਮੌਜੂਦਾ ਭਗਵੰਤ ਮਾਨ ਦੀ ਆਪ ਸਰਕਾਰ ਕੋਲ ਵੀ ਚਿੱਠੀਆਂ ਰਾਹੀ ਉਠਾਇਆ ਪ੍ਰੰਤੂ ਹਾਲੇ ਤੱਕ ਕੋਈ ਵੀ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਜੇਕਰ ਕਲੋਨੀ ਵਾਸੀਆਂ ਵੱਲੋਂ ਇਸ ਦਾ ਜਲਦੀ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਇਸ ਮਾਮਲੇ ਨੂੰ ਮਾਣਯੋਗ ਅਦਾਲਤ ’ਚ ਲੈ ਕੇ ਜਾਣਗੇ। ਉਧਰ ਕਲੋਨੀ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਇੱਥੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਤੇ 15-15 ਸਾਲਾਂ ਤੋਂ ਲੋਕ ਇੱਥੇ ਰਹਿ ਰਹੇ ਹਨ ਅਤੇ ਜੇਕਰ ਕੋਈ ਸਹੂਲਤ ਨਾ ਹੋਵੇ ਤਾਂ ਲੋਕ ਕਿਸ ਤਰ੍ਹਾਂ ਕਲੌਨੀ ਵਿਚ ਰਹਿਣਗੇ।
ਪੀਐਸਟੀਈਟੀ ਦੀ ਪ੍ਰੀਖਿਆ ਕਾਰਨ ਸ਼ਹਿਰ ’ਚ ਲੱਗ ਜਾਮ, ਦਸ ਹਜ਼ਾਰ ਤੋਂ ਵੱਧ ਨੇ ਦਿੱਤਾ ਪੇਪਰ
ਸੁਖਜਿੰਦਰ ਮਾਨ
ਬਠਿੰਡਾ, 30 ਅਪ੍ਰੈਲ : ਲੰਘੀ 12 ਮਾਰਚ ਨੂੰ ਹੋਏ ਪੀਐਸਟੀਈਟੀ ਪ੍ਰੀਖਿਆ ਵਿਚ ਗਲਤੀਆਂ ਦੀ ਭਰਮਾਰ ਹੋਣ ਕਾਰਨ ਅੱਜ ਦੂਜੀ ਵਾਰ ਲਈ ਗਈ ਇਸ ਪ੍ਰੀਖਿਆ ਦੇ ਚੱਲਦੇ ਸ਼ਹਿਰ ਵਿਚ ਸਾਰਾ ਜਾਮ ਵਰਗੇ ਹਾਲਾਤ ਰਹੇ। ਹਜ਼ਾਰਾਂ ਵਿਦਿਆਰਥੀਆਂ ਦੇ ਸਹਿਰ ਵਿਚ ਦਰਜ਼ਨਾਂ ਪ੍ਰੀਖਿਆ ਕੇਂਦਰਾਂ ਵਿਚ ਪੇਪਰ ਦੇਣ ਆਉਣ ਕਾਰਨ ਹਰ ਪਾਸੇ ਕਾਰਾਂ ਤੇ ਮੋਟਰਸਾਈਕਲ ਦਾ ਹੜ ਨਜਰ ਆਇਆ ਅਤੇ ਚਾਰੇ-ਪਾਸੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਨਜਰ ਆਈਆਂ। ਜਿਸਦੇ ਕਾਰਨ ਜਿੱਥੇ ਆਮ ਲੋਕਾਂ ਤੇ ਸਹਿਰੀਆਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹਸਪਤਾਲ ਵਿਚ ਮਰੀਜਾਂ ਨੂੰ ਲੈ ਕੇ ਜਾ ਰਹੀਆਂ ਐਬੂਲੈਂਸਾਂ ਵੀ ਇਸ ਜਾਮ ਵਿਚ ਫ਼ਸੀਆਂ ਰਹੀਆਂ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅੱਜ ਹੋਏ ਇਸ ਟੈਸਟ ਲਈ ਕੁੱਲ 10,586 ਉਮੀਦਵਾਰਾਂ ਨੇ ਇਹ ਪ੍ਰੀਖ੍ਰਿਆ ਦਿੱਤੀ ਹੈ ਜਦੋਂ ਕਿ 1400 ਦੇ ਕਰੀਬ ਵਿਦਿਆਰਥੀ ਗੈਰ ਹਾਜ਼ਰ ਰਹੇ। ਇੱਥੇ ਦਸਣਾ ਬਣਦਾ ਹੈ ਕਿ ਲੰਘੀ 12 ਮਾਰਚ ਨੂੰ ਵੀ ਇਹ ਪ੍ਰਰੀਖਿਆ ਲਈ ਗਈ ਸੀ ਪ੍ਰੰਤੂ ਉਕਤ ਦਿਨ ਹੋਈ ਪ੍ਰੀਖਿਆ ਲਈ ਵੰਡੇ ਗਏ ਪ੍ਰਸ਼ਨ ਅੰਕਾਂ ਵਿਚ ਵੱਡੀ ਪੱਧਰ ’ਤੇ ਗਲਤੀਆਂ ਦੀ ਭਰਮਾਰ ਸੀ ਅਤੇ ਨਾਲ ਹੀ ਇੱਕ ਸੈਟ ਵਿਚ ਤਾਂ ਸਹੀ ਉਤਰਾਂ ਵਾਲੇ ਵਿਕਲਪਾਂ ਨੂੰ ਗੂੜਾ ਕੀਤਾ ਹੋਇਆ ਸੀ। ਮਾਮਲਾ ਅਖਬਾਰਾਂ ਵਿਚ ਆਉਣ ਤੋਂ ਬਾਅਦ ਇਹ ਪ੍ਰੀਖਿਆ ਰੱਦ ਹੋ ਗਈ ਸੀ ਤੇ ਹੁਣ ਸਰਕਾਰ ਨੇ ਬਿਨ੍ਹਾਂ ਕੋਈ ਪ੍ਰੀਖਿਆ ਫ਼ੀਸ ਲਏ ਇਹ ਪ੍ਰੀਖਿਆ ਅਜ ਲਈ ਗਈ ਹੈ। ਉਂਜ ਅੱਜ ਦੀ ਪ੍ਰੀਖਿਆ ਤੋਂ ਬਾਅਦ ਉਮੀਦਵਾਰਾਂ ਨੇ ਦਾਅਵਾ ਕੀਤਾ ਕਿ ਇਸ ਵਾਰ ਪ੍ਰਸ਼ਨ ਪੱਤਰ ਵਿਚ ਕੋਈ ਗਲਤੀ ਦੇਖਣ ਨੂੰ ਨਹੀਂ ਮਿਲੀ।
ਬਠਿੰਡਾ ਸ਼ਹਿਰ ਦੇ ਫੁੱਟਪਾਥਾਂ ’ਤੇ ਨਜਾਇਜ਼ ਕਬਜ਼ੇ ਹੁਣ ਆਮ ਗੱਲ ਹੋਈ, ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾ
ਸੁਖਜਿੰਦਰ ਮਾਨ
ਬਠਿੰਡਾ, 30 ਅਪ੍ਰੈਲ : ਬਠਿੰਡਾ ਸ਼ਹਿਰ ਦੇ ਫੁੱਟਪਾਥਾਂ, ਸੜਕਾਂ ਅਤੇ ਗਲੀਆਂ ਆਦਿ ’ਤੇ ਦੁਕਾਨਦਾਰਾਂ ਅਤੇ ਘਰਾਂ ਦੇ ਮਾਲਕਾਂ ਵੱਲੋਂ ਨਾਜਾਇਜ਼ ਕਬਜ਼ਿਆਂ ਦਾ ਰਿਵਾਜ਼ ਹੁਣ ਆਮ ਗੱਲ ਹੋ ਗਈ ਹੈ। ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਜੇਕਰ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਤੇ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤੁਰਨ ਤੇ ਵਹੀਕਲ ਪਾਰਕਿੰਗ ਲਈ ਛੱਡੀ ਜਗ੍ਹਾਂ ਉਪਰ ਦੁਕਾਨਦਾਰਾਂ ਦਾ ਸਮਾਨ ਦੇਖਣ ਨੂੰ ਆਮ ਮਿਲਦਾ ਹੈ। ਜਦੋਂਕਿ ਮਾਡਲ ਟਾਊਨ ਵਰਗੇ ਪਾਸ਼ ਰਿਹਾਇਸ਼ੀ ਇਲਾਕਿਆਂ ’ਚ ਇੰਨ੍ਹਾਂ ਰਾਸਤਿਆਂ ਉਪਰ ਨਿੱਜੀ ਪਾਰਕ ਦੇਖੇ ਜਾ ਸਕਦੇ ਹਨ। ਜੇਕਰ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਧੋਬੀ ਬਾਜ਼ਾਰ, ਮਿੱਡੂ ਮੱਲ ਵਾਲੀ ਗਲੀ, ਕੀਕਰ ਬਾਜ਼ਾਰ, ਬੈਂਕ ਬਾਜ਼ਾਰ, ਆਰੀਆ ਸਮਾਜ ਚੌਕ, ਮਹਿਣਾ ਚੌਕ, ਕੋਰਟ ਰੋਡ, ਸਿਰਕੀ ਬਾਜ਼ਾਰ, ਸਦਰ ਬਾਜ਼ਾਰ ਤੋਂ ਇਲਾਵਾ ਸ਼ਹਿਰ ਵਿਚੋਂ ਗੁਜਰਦੀ ਕੌਮੀ ਮਾਰਗ ਉਪਰ ਵੀ ਫੁੱਟਪਾਥਾਂ ’ਤੇ ਦੁਕਾਨਦਾਰ ਕਾਬਜ਼ ਹੋਏ ਦਿਖ਼ਾਈ ਦਿੰਦੇ ਹਨ। ਜਿਸ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਸੜਕਾਂ ਦੇ ਵਿਚਕਾਰੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਵੱਡੀ ਗੱਲ ਇਹ ਵੀ ਹੈ ਕਿ ਸ਼ਹਿਰ ਦੇ ਸਮਾਜ ਸੇਵੀਆਂ ਵਲੋਂ ਇਸ ਮੁੱਦੇ ’ਤੇ ਨਿਗਮ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਇਸਦੇ ਅਧਿਕਾਰੀਆਂ ਦੇ ਕੰਨਾਂ ਉਪਰ ਜੂੰਅ ਨਹੀਂ ਸਰਕ ਰਹੀ ਹੈ। ਦਸਣਾ ਬਣਦਾ ਹੈ ਕਿ ਜਿੱਥੇ ਇੱਕ ਪਾਸੇ ਕੁੱਝ ਦਿਨ ਪਹਿਲਾਂ ਨਗਰ ਨਿਗਮ ਵਲੋਂ ਪਾਰਕਿੰਗ ਦੀ ਜਗ੍ਹਾਂ ਬਣਾਉਣ ਲਈ ਮਾਲ ਰੋਡ ’ਤੇ ਦੁਕਾਨਾਂ ਦੇ ਬਾਹਰ ਬਣੇੇ ਰੈਂਪ ਤੋੜ ਦਿੱਤੇ ਗਏ ਸਨ, ਉੱਥੇ ਹੀ ਦੂਜੇ ਪਾਸੇ ਫੁੱਟਪਾਥਾਂ ’ਤੇ ਲਗਾਏ ਗਏ ਵੱਡੇ-ਵੱਡੇ ਜਨਰੇਟਰ ਸੈੱਟ ਨਗਰ ਨਿਗਮ ਨੂੰ ਨਜ਼ਰ ਨਹੀਂ ਆ ਰਹੇ ਹਨ ਅਤੇ ਨਾ ਹੀ ਕੋਈ ਕਾਰਵਾਈ ਹੋ ਰਹੀ ਹੈ। ਦਸਣਾ ਬਣਦਾ ਹੈ ਕਿ ਸ਼ਹਿਰ ਦੇ ਪ੍ਰਮੁੱਖ ਬਜਾਰਾਂ ’ਚ ਵੱਡੇ ਸੋਅਰੂਮਾਂ ਅਤੇ ਬੈਂਕਾਂ ਆਦਿ ਵਲੋਂ ਫੁੱਟਪਾਥਾਂ ’ਤੇ ਜਨਰੇਟਰ ਸੈੱਟ ਲਗਾਏ ਹੋਏ ਹਨ। ਨਿਗਮ ਦੀ ਲਾਪਰਵਾਹੀ ਤੇ ਅਣਗਹਿਲੀ ਕਾਰਨ ਅੱਜ ਦੇ ਸਮੇਂ ਵਿੱਚ ਬਠਿੰਡਾ ਸ਼ਹਿਰ ਦੀ ਸ਼ਾਇਦ ਹੀ ਕੋਈ ਗਲੀ, ਬਾਜ਼ਾਰ, ਸੜਕ ਅਜਿਹੀ ਹੋਵੇਗੀ ਜੋ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਹੋਵੇ। ਇਸ ਮਾਮਲੇ ਵਿਚ ਸਮਾਜ ਸੇਵੀ ਸੰਜੀਵ ਗੋਇਲ ਨੇ ਐਲਾਨ ਕੀਤਾ ਕਿ ਉਹ ਨਿਗਮ ਵਲੋਂ ਕਾਰਵਾਈ ਨਾ ਕਰਨ ‘ਤੇ ਹੁਣ ਉੱਚ ਅਧਿਕਾਰੀਆਂ ਕੋਲ ਸਿਕਾਇਤ ਕਰਨਗੇ।
