ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਮੁੱਖ ਗੇਟ ਤੇ ਕੀਤੀ ਜਾਵੇਗੀ ਵਿਸ਼ਾਲ ਇਕੱਤਰਤਾ:-ਆਗੂ
ਸੁਖਜਿੰਦਰ ਮਾਨ
ਬਠਿੰਡਾ, 24 ਅਪ੍ਰੈਲ: ਬਠਿੰਡਾ ਜ਼ੋਨ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਸਥਾਨਕ ਟੀਚਰਜ਼ ਹੋਮ ਵਿੱਚ ਮੀਟਿੰਗ ਕਰਕੇ ਇੱਕ ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ਼ ਮੌਕੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੁੱਖ ਗੇਟ ਸਾਹਮਣੇ ਵਿਸ਼ਾਲ ਇਕੱਤਰਤਾ ਕਰਕੇ ‘ਮਜ਼ਦੂਰ ਦਿਵਸ’ ਨੂੰ ਸਾਂਝੇ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਅੱਜ ਬੀ.ਕੇ.ਯੂ.ਏਕਤਾ ਉੱਗਰਾਹਾਂ,ਪੰਜਾਬ ਖੇਤ ਮਜ਼ਦੂਰ ਯੂਨੀਅਨ,ਭਾਰਤ ਨੌਜਵਾਨ ਸਭਾ,ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ),ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਡੇਮੋਕ੍ਰੇਟਿਕ ਟੀਚਰ ਫ਼ਰੰਟ ਪੰਜਾਬ,ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ ਰੰਧਾਵਾ ਆਦਿ ਦੇ ਆਗੂਆਂ ਸਿੰਗਾਰਾ ਸਿੰਘ ਮਾਨ,ਹਰਿੰਦਰ ਬਿੰਦੂ,ਹੁਸ਼ਿਆਰ ਸਿੰਘ,ਜੋਰਾ ਸਿੰਘ ਨਸਰਾਲੀ,ਅਸ਼ਵਨੀ ਘੁੱਦਾ,ਸਰਬਜੀਤ ਸਿੰਘ ਮੌੜ,ਰੇਸ਼ਮ ਕੁਮਾਰ ਗੋਨਿਆਣਾ,ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਜਸਵੀਰ ਸਿੰਘ ਜੱਸੀ,ਬਲਜਿੰਦਰ ਸਿੰਘ ਮਾਨ,ਰੇਸ਼ਮ ਸਿੰਘ ਖੇਮੂਆਣਾ,ਜਸਵਿੰਦਰ ਸਿੰਘ,ਗੁਰਬਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਸਮਾਜਿਕ,ਜਾਤਪਾਤੀ ਅਤੇ ਹਰ ਕਿਸਮ ਦੇ ਦਾਬਿਆਂ ਅਤੇ ਆਰਥਿਕ ਲੁੱਟ-ਜ਼ਬਰ ਤੋਂ ਮੁਕਤ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸਾਂਝੇ ਵਿਸ਼ਾਲ ਜਮਾਤੀ ਸੰਘਰਸ਼ਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਆਗੂਆਂ ਕਿਹਾ ਕਿ ਅੱਜ਼ ਵੀ ਸਾਮਰਾਜੀ ਲੁਟੇਰਿਆਂ ਵੱਲੋਂ ਆਪਣੇ ਸੁਪਰ ਮੁਨਾਫਿਆਂ ਦੀ ਪੂਰਤੀ ਲਈ ਭਾਰਤ ਸਮੇਤ ਪੂਰੀ ਦੁਨੀਆਂ ਦੀ ਮਜ਼ਦੂਰ-ਜਮਾਤ ਸਮੇਤ ਸਮੂਹ ਮਿਹਨਤਕਸ਼ ਕਿਰਤੀ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਸਾਮਰਾਜੀ ਤਾਕਤਾਂ ਵੱਲੋਂ ਸੰਸਾਰ ਵਪਾਰ ਸੰਸਥਾ,ਕੌਮਾਂਤਰੀ ਮੁਦਰਾ ਕੋਸ਼ ਅਤੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਰਾਹੀਂ ਭਾਰਤ ਵਰਗੇ ਗਰੀਬ ਅਤੇ ਪਛੜੇ ਮੁਲਕਾਂ ਦੇ ਜਲ, ਜੰਗਲ,ਜ਼ਮੀਨ ਅਤੇ ਧਰਤੀ ਹੇਠਲੇ ਬਹੁ-ਕੀਮਤੀ ਖਣਿਜ ਪਦਾਰਥਾਂ ਤੋਂ ਇਲਾਵਾ ਕਿਰਤ ਸ਼ਕਤੀ ਨੂੰ ਕੌਡੀਆਂ ਦੇ ਭਾਅ ਲੁੱਟਿਆ ਜਾ ਰਿਹਾ ਹੈ ਅਤੇ ਦੇਸ ਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅਤੇ ਜਗੀਰਦਾਰਾਂ ਪੱਖੀ ਨਿੱਜੀਕਰਨ,ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਹੀ ਅੱਗੇ ਵਧਾ ਰਹੀਆਂ ਹਨ। ਆਗੂਆਂ ਨੇ ਸਮੂਹ ਮਿਹਨਤਕਸ਼ ਕਿਰਤੀ ਲੋਕਾਂ ਨੂੰ ਸਾਂਝੇ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਹਾਕਮਾਂ ਦੀਆਂ ਲੋਟੂ,ਜਾਬਰ ਤੇ ਵੰਡਪਾਊ ਨੀਤੀਆਂ ਦਾ ਮੂੰਹ ਮੋੜਣ ਲਈ ਸਾਂਝੇ ਜਮਾਤੀ ਸੰਘਰਸ਼ਾਂ ਨੂੰ ਤੇਜ਼ ਕਰਨ ਦੀ ਅਣਸਰਦੀ ਲੋੜ ਹੈ।
ਜਨਤਕ ਜਥੇਬੰਦੀਆਂ ਵੱਲੋਂ ਮਜ਼ਦੂਰ ਦਿਵਸ ਨੂੰ ਸਾਂਝੇ ਤੌਰ ਤੇ ਮਨਾਉਣ ਦਾ ਐਲਾਨ
ਪਿੰਡ ਬੱਲੂਆਣਾ ਅਤੇ ਕੋਟਸ਼ਮੀਰ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 24 ਅਪ੍ਰੈਲ: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ ਦੀਆਂ ਫ਼ਸਲਾਂ, ਨਰਮੇ ਦੀ ਸੁਚੱਜੀ ਕਾਸ਼ਤ ਲਈ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਬੱਲੂਆਣਾ ਅਤੇ ਕੋਟਸ਼ਮੀਰ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ ਕਰਕੇ ਕਿਸਾਨਾਂ ਨੂੰ ਜਾਣਕਾਰੀ ਤੇ ਸੁਝਾਅ ਦਿੱਤੇ ਗਏ। ਇਸ ਮੌਕੇ ਬਲਾਕ ਬਠਿੰਡਾ ਦੇ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਸਾਉਣੀ ਦੀਆਂ ਫ਼ਸਲਾਂ ਦੀ ਸੁਚੱਜੀ ਕਾਸ਼ਤ ਸਬੰਧੀ ਜਾਣਕਾਰੀ ਮੁਹੱਈਆ ਕੀਤੀ ਗਈ। ਇਸ ਮੌਕੇ ਨਰਮੇਂ ਦੀ ਫ਼ਸਲ ਨੂੰ ਪ੍ਰਫੁੱਲਤ ਕਰਨ ਦੀ ਲੋੜ ਤੇ ਜੋਰ ਦਿੰਦਿਆਂ ਕਈ ਸੁਝਾਅ ਪੇਸ਼ ਵੀ ਕੀਤੇ ਗਏ। ਇਸ ਦੌਰਾਨ ਖੇਤੀਬਾੜੀ ਉਪ ਨਿਰੀਖਕ ਅਮਨਵੀਰ ਕੌਰ ਨੇ ਨਰਮੇਂ ਦੇ ਬੀਜ ਉੱਪਰ 33 ਫੀਸਦੀ ਸਬਸਿਡੀ ਦੇਣ ਬਾਰੇ ਦੱਸਿਆ, ਜਿਸ ਸਬੰਧੀ 15 ਮਈ ਤੋਂ ਪਹਿਲਾਂ ਦਰਖਾਸ਼ਤ ਦੇਣ ਦਾ ਸੁਝਾਅ ਵੀ ਦਿੱਤਾ। ਇਸੇ ਦੌਰਾਨ ਡਾ. ਜਗਪਾਲ ਸਿੰਘ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ, ਨਰਮੇਂ ਦੀ ਬਿਜਾਈ ਬਾਰੇ ਸੁਝਾਅ ਦਿੱਤੇ। ਉਨ੍ਹਾਂ ਕਿਸਾਨਾਂ ਨੂੰ ਪਾਣੀ ਬਚਾਉਣ ਦੇ ਫਾਇਦੇ ਅਤੇ ਬੇਲੋੜੀਆਂ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਘੱਟ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ। ਨਰਮੇਂ ਦੀ ਬਿਜਾਈ ਵੱਲ ਉਚੇਚਾ ਧਿਆਨ ਦੇਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਨਰਮੇਂ ਦੀ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਡਾ. ਲਵਪ੍ਰੀਤ ਕੌਰ, ਸੁਪਰਵਾਈਜਰ ਕੁਲਵੰਤ ਸਿੰਘ ਅਤੇ ਕਿਸਾਨਾਂ ਤੋਂ ਇਲਾਵਾ ਪਿੰਡ ਵਾਸੀ ਆਦਿ ਹਾਜ਼ਰ ਸਨ।
ਸਕੂਲੀ ਬੱਚਿਆਂ ਨੂੰ ਵੱਧ ਤੋਂ ਵੱਧ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕਰਵਾਇਆ ਜਾਵੇ ਜਾਣੂ : ਡਿਪਟੀ ਕਮਿਸ਼ਨਰ
ਸ਼ਰਾਬ ਦੇ ਠੇਕਿਆਂ, ਮੈਡੀਕਲ ਸਟੋਰਾਂ ਤੇ ਤੰਬਾਕੂ ਆਦਿ ਦੀਆਂ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਹੋਣ ਲਾਜ਼ਮੀ
ਸੁਖਜਿੰਦਰ ਮਾਨ
ਬਠਿੰਡਾ, 24 ਅਪ੍ਰੈਲ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਨੈਸ਼ਨਲ ਕਮਿਸ਼ਨਰ ਫ਼ਾਰ ਪ੍ਰੋਟਕਸ਼ਨ ਆਫ਼ ਚਾਇਲਡ ਰਾਈਟਸ ਦੀ ਹਦਾਇਤਾਂ ਅਤੇ ਜੁਆਇੰਟ ਐਕਸ਼ਨ ਪਲਾਨ ਤਹਿਤ ‘ਇੱਕ ਯੁੱਧ ਨਸ਼ੇ ਦੇ ਵਿਰੁੱਧ’ ਦੇ ਸਬੰਧ ਚ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੱਚਿਆਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਤੋਂ ਸੁਚੇਤ ਕਰਨ ਤੇ ਇਸ ਸਬੰਧੀ ਜ਼ਿਲ੍ਹੇ ਅੰਦਰ ਜਾਗਰੂਕਤਾ ਮੁਹਿੰਮ ਚਲਾਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਰਾਬ ਦਾ ਠੇਕਾ ਜਾਂ ਤੰਬਾਕੂ ਆਦਿ ਦੀਆਂ ਦੁਕਾਨਾਂ ਸਕੂਲ ਦੇ 100 ਮੀਟਰ ਦੇ ਘੇਰੇ ਅੰਦਰ ਨਾ ਹੋਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਬੱਚੇ ਨੂੰ ਡਰੱਗਜ਼ ਵੇਚਦਾ ਹੈ ਜਾਂ ਇਸ ਕੰਮ ਵਿੱਚ ਉਸ ਨੂੰ ਸ਼ਾਮਿਲ ਕਰਦਾ ਹੈ ਤਾਂ ਉਸ ਉੱਪਰ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟਕਸ਼ਨ ਆਫ਼ ਚਿਲਡਰਨ) ਸੋਧ ਐਕਟ 2021 ਅਨੁਸਾਰ ਸੈਕਸ਼ਨ 77 ਅਤੇ 78 ਅਧੀਨ ਬਣਦੀ ਕਾਰਵਾਈ ਆਰੰਭੀ ਜਾਵੇ। ਇਸ ਮੌਕੇ ਉਨ੍ਹਾਂ ਡਰੱਗ ਇਸਪੈਕਟਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸ਼ਹਿਰੀ ਤੇ ਦਿਹਾਤੀ ਮੈਡੀਕਲ ਸਟੋਰ ਦਾ ਰਿਕਾਰਡ ਡਿਜੀਟੀਲਾਈਜੇਸ਼ਨ ਹੋਣਾ ਜ਼ਰੂਰੀ ਹੋਵੇ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕਿਆਂ, ਮੈਡੀਕਲ ਸਟੋਰਾਂ ਤੇ ਤੰਬਾਕੂ ਆਦਿ ਦੀਆਂ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਲੱਗੇ ਹੋਣੇ ਵੀ ਯਕੀਨੀ ਬਣਾਏ ਜਾਣ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ ਚ ਬੱਚਿਆਂ ਨੂੰ ਵੱਧ ਤੋਂ ਵੱਧ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਪਾਲ ਗੋਇਲ ਤੋਂ ਇਲਾਵਾਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ
ਕੋਂਸਲਰ ‘ਕਾਂਗਰਸ’ ਦੇ, ਪ੍ਰਚਾਰ ‘ਭਾਜਪਾ’ ਦਾ!
ਬਠਿੰਡਾ ਦੇ ਦਰਜਨ ਕਾਂਗਰਸੀ ਕੋਂਸਲਰ ਮਨਪ੍ਰੀਤ ਦੇ ਨਾਲ ਜਲੰਧਰ ’ਚ ਭਾਜਪਾ ਦੇ ਹੱਕ ’ਚ ਜੁਟੇ
ਕਾਂਗਰਸ ਪਾਰਟੀ ਵਲੋਂ ਬਾਗੀ ਕੋਂਸਲਰਾਂ ਨੂੰ ਕੱਢਣ ਦੀ ਤਿਆਰੀ
ਸੁਖਜਿੰਦਰ ਮਾਨ
ਬਠਿੰਡਾ, 24 ਅਪ੍ਰੈਲ : ਲੋਕ ਸਭਾ ਹਲਕਾ ਜਲੰਧਰ ’ਚ ਆਗਾਮੀ 10 ਮਈ ਨੂੰ ਹੋਣ ਜਾ ਰਹੀ ਉਪ ਚੋਣ ਵਿਚ ਬਠਿੰਡਾ ਹਲਕੇ ਦੀ ਮੁੜ ਸਿਆਸੀ ਗਲਿਆਰਿਆਂ ’ਚ ਚਰਚਾ ਸ਼ੁਰੂ ਹੋ ਗਈ ਹੈ। ਪੰਜ ਸਾਲ ਕਾਂਗਰਸ ਸਰਕਾਰ ’ਚ ਵਿਤ ਮੰਤਰੀ ਰਹਿਣ ਦੇ ਬਾਅਦ ਕਾਂਗਰਸ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਦੇ ਹਿਮਾਇਤੀ ਕੋਂਸਲਰਾਂ ਦੇ ਕਾਂਗਰਸ ਪਾਰਟੀ ਵਿਚ ਹੋਣ ਦੇ ਬਾਵਜੂਦ ਭਾਜਪਾ ਲਈ ਚੋਣ ਪ੍ਰਚਾਰ ਕਰਨ ਦੀਆਂ ਕੰਨਸੋਆਂ ਤੋਂ ਬਾਅਦ ਬਠਿੰਡਾ ਹਲਕੇ ’ਚ ਮੁੜ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਹਾਲਾਂਕਿ 22 ਫ਼ਰਵਰੀ ਨੂੰ ਕਾਂਗਰਸ ਪਾਰਟੀ ਨੇ ਸਾਬਕਾ ਵਿਤ ਮੰਤਰੀ ਦੀ ਹਿਮਾਇਤੀ ਮੰਨੀ ਜਾਂਦੀ ਮੇਅਰ ਰਮਨ ਗੋਇਲ ਸਹਿਤ ਪੰਜ ਕਾਂਗਰਸੀ ਕੋਂਸਲਰਾਂ ਸੁਖਰਾਜ ਸਿੰਘ ਔਲਖ, ਆਤਮਾ ਸਿੰਘ, ਰਤਨ ਰਾਹੀ ਤੇ ਇੰਦਰ ਨੂੰ ਬਾਹਰ ਦਾ ਰਾਸਤਾ ਦਾ ਦਿਖਾ ਦਿੱਤਾ ਸੀ ਪ੍ਰੰਤੂ ਪੌਣੀ ਦਰਜ਼ਨ ਦੇ ਕਰੀਬ ਕਾਂਗਰਸੀ ਕੋਂਸਲਰ ਹਾਲੇ ਵੀ ਸ: ਬਾਦਲ ਪ੍ਰਤੀ ਸਿਆਸੀ ਹਮਦਰਦੀ ਰੱਖ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਕੱਢੇ ਹੋਏ ਇੰਨ੍ਹਾਂ ਕੋਂਸਲਰਾਂ ਤੋਂ ਇਲਾਵਾ ਪੌਣੀ ਦਰਜ਼ਨ ਕਾਂਗਰਸੀ ਕੋਂਸਲਰ ਮਨਪ੍ਰੀਤ ਬਾਦਲ ਦੇ ਨਾਲ ਸ਼ਾਹਕੋਟ ਹਲਕੇ ’ਚ ਭਾਜਪਾ ਦੇ ਚੋਣ ਪ੍ਰਚਾਰ ਲਈ ਜੁਟੇ ਹੋਏ ਹਨ। ਇੰਨ੍ਹਾਂ ਵਿਚੋਂ ਕੁੱਝ ਇੱਕ ਕੋਂਸਲਰਾਂ ਤੇ ਕਾਂਗਰਸੀ ਆਗੂਆਂ ਦੀਆਂ ਫ਼ੋਟੋਆਂ ਤਾਂ ਖ਼ੁਦ ਮਨਪ੍ਰੀਤ ਦੇ ਰਿਸ਼ਤੇਦਾਰ ਜੈਜੀਤ ਜੌਹਲ ਵਲੋਂ ਪਿਛਲੇ ਦਿਨੀਂ ਫ਼ੇਸਬੁੱਕ ’ਤੇ ਪਾਈ ਇੱਕ ਪੋਸਟ ਵਿਚ ਦਿਖ਼ਾਈ ਦੇ ਰਹੀਆਂ ਹਨ ਜਦੋਂਕਿ ਕੁੱਝ ਬਚ-ਬਚਾਅ ਕੇ ਚੱਲ ਰਹੇ ਹਨ। ਇੰਨ੍ਹਾਂ ਵਿਚ ਮਾਡਲ ਟਾਊਨ ਤੇ ਭਾਗੂ ਰੋਡ ਨਾਲ ਸਬੰਧਤ ਕੋਂਸਲਰਾਂ ਤੋਂ ਇਲਾਵਾ ਹਰ ਚੋਣਾਂ ਵਿਚ ਦਲ-ਬਦਲੀਆਂ ਦਾ ਮਾਹਰ ਇੱਕ ਪ੍ਰਾਪਟੀ ਡੀਲਰ ਕੋਂਸਲਰ, ਸ਼ਹਿਰ ਦੇ ਵਿਚਕਾਰਲੇ ਇਲਾਕੇ ਦਾ ਇੱਕ ਕੋਂਸਲਰ, ਸ਼ਹਿਰ ਦੇ ਆਈਲੇਟਸ ਇੰਸਟੀਚਿਊਟ ਖੇਤਰ ਦੇ ਹੱਬ ਨਾਲ ਸਬੰਧਤ ਕੋਂਸਲਰ, ਇੱਕ ਧਾਰਮਿਕ ਸੰਸਥਾ ਦੇ ਆਗੂ ਰਹੇ ਕੋਂਸਲਰ ਤੋਂ ਇਲਾਵਾ ਬਰਨਾਲਾ ਬਾਈਪਾਸ ਖੇਤਰ ਦੇ ਇੱਕ ਜਮੀਨਾਂ-ਜਾਇਦਾਦਾਂ ਦੀ ਖਰੀਦੋ-ਫ਼ਰੌਖਤ ਦੇ ਮਾਹਰ ਕੋਂਸਲਰ ਅਤੇ ਸ਼ਹਿਰ ਦੇ ਇੱਕ ਮਹਰੂਮ ਟਕਸਾਲੀ ਕਾਂਗਰਸੀ ਦੇ ਪੁੱਤਰ ਸਹਿਤ ਇੱਕ ਸਾਬਕਾ ਚੇਅਰਮੈਨ ਆਦਿ ਕਾਂਗਰਸੀ ਆਗੂਆਂ ਵਲੋਂ ਸ਼ਾਹਕੋਟ ਖੇਤਰ ਵਿਚ ਭਾਜਪਾ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਦੀਆਂ ਸੂਚਨਾਵਾਂ ਹਨ। ਦਸਣਾ ਬਣਦਾ ਹੈ ਕਿ ਭਾਜਪਾ ਨੇ ਇਸ ਉਪ ਚੋਣ ਲਈ ਮਨਪ੍ਰੀਤ ਬਾਦਲ ਨੂੰ ਸ਼ਾਹਕੋਟ ਹਲਕੇ ਦੀ ਜਿੰਮੇਵਾਰੀ ਦਿੱਤੀ ਹੋਈ ਹੈ, ਜਿੱਥੇ ਇਹ ਕਾਂਗਰਸੀ ਕੋਂਸਲਰ ਤੇ ਆਗੂ ਅਪਣੀ ਹੀ ਪਾਰਟੀ ਦੇ ਉਲਟ ਝੰਡੇ ਗੱਡ ਰਹੇ ਹਨ। ਹਾਲਾਂਕਿ ਜਦ ਇੰਨ੍ਹਾਂ ਵਿਚੋਂ ਕੁੱਝ ਕਾਂਗਰਸੀ ਕੋਂਸਲਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਉਹ ਸਾਬਕਾ ਵਿਤ ਮੰਤਰੀ ਨਾਲ ਨਿੱਜੀ ਸਬੰਧਾਂ ਦੇ ਚੱਲਦੇ ਕਿਸੇ ਕੰਮਕਾਜ਼ ਦੇ ਸਿਲਸਿਲੇ ਵਿਚ ਉਨ੍ਹਾਂ ਨੂੰ ਮਿਲਣ ਗਏ ਹੋਏ ਸਨ। ਗੌਰਤਲਬ ਹੈ ਕਿ ਫ਼ਰਵਰੀ 2021 ਵਿਚ ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਲਈ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ 43 ਕੋਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਇੰਨ੍ਹਾਂ ਕੋਂਸਲਰਾਂ ਵਿਚੋਂ ਟਕਸਾਲੀਆਂ ਕਾਂਗਰਸੀਆਂ ਨੂੰ ਪਹਿਲਾਂ ਹੀ ਇੱਕ ਯੋਜਨਾ ਦੇ ਤਹਿਤ ਨਜਰਅੰਦਾਜ਼ ਕਰਕੇ ਜਿਆਦਾਤਰਾਂ ਅਕਾਲੀ ਤੇ ਗੈਰ-ਕਾਂਗਰਸੀ ਪਿਛੋਕੜ ਵਾਲਿਆਂ ਨੂੰ ਟਿਕਟ ਦੇਣ ਦੀ ਚਰਚਾ ਉਸ ਸਮੇਂ ਸਿਆਸੀ ਹਲਕਿਆਂ ਵਿਚ ਚੱਲੀ ਸੀ। ਇਸਤੋਂ ਇਲਾਵਾ ਮੇਅਰਸ਼ਿਪ ਦਾ ਤਾਜ਼ ਵੀ ਪਹਿਲੀ ਵਾਰ ਜਿੱਤੀ ਇੱਕ ਮਹਿਲਾ ਰਮਨ ਗੋਇਲ ਦੇ ਸਿਰ ਸਜ਼ਾਇਆ ਗਿਆ ਸੀ, ਜਿਸਦੀ ਚੋਣ ਜਿੱਤਣ ਤੋਂ ਪਹਿਲਾਂ ਕਦੇ ਕਾਂਗਰਸ ਵਿਚ ਕੋਈ ਭੂਮਿਕਾ ਦੇਖਣ ਨੂੰ ਨਹੀਂ ਮਿਲੀ ਸੀ। ਹਾਲਾਂਕਿ ਉਸ ਸਮੇਂ ਕਾਂਗਰਸ ਵਿਚ ਮੇਅਰਸ਼ਿਪ ਲਈ ਪ੍ਰਮੁੱਖ ਦਾਅਵੇਦਾਰਾਂ ਵਿਚੋਂ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਸਹਿਤ ਕਾਂਗਰਸ ਦੇ ‘ਤੱਪੜ’ ਵਿਛਾਉਣ ਵਾਲੇ ਅਸੋਕ ਪ੍ਰਧਾਨ ਤੇ ਪਵਨ ਮਾਨੀ, ਲਹਿਰੇ ਵਾਲੇ ਪ੍ਰਵਾਰ, ਠੇਕੇਦਾਰ ਜੰਗੀਰ ਸਿੰਘ ਦੇ ਪੁੱਤਰ ਬਲਜਿੰਦਰ ਠੇਕੇਦਾਰ, ਦਲਿਤ ਆਗੂ ਹਰਵਿੰਦਰ ਲੱਡੂ ਸਹਿਤ ਅੱਧੀ ਦਰਜ਼ਨ ਕੋਂਸਲਰਾਂ ਨੂੰ ਅੱਖੋ-ਪਰੋਖੇ ਕਰ ਦਿੱਤਾ ਗਿਆ ਸੀ। ਵੱਡੀ ਗੱਲ ਇਹ ਵੀ ਹੈ ਕਿ ਮੌਜੂਦਾ ਸਮੇਂ ਸ਼ਹਿਰ ’ਚ ਵੱਡੀ ਵਸੋਂ ਰੱਖਣ ਵਾਲੇ ਦਲਿਤ ਭਾਈਚਾਰੇ ਦੇ ਕਿਸੇ ਵੀ ਕੋਂਸਲਰ ਨੂੰ ਮੇਅਰ ਦੇ ਤਿੰਨਾਂ ਛੋਟੇ-ਵੱਡੇ ਅਹੁੱਦਿਆਂ ਵਿਚੋਂ ਕਿਸੇ ਇੱਕ ’ਤੇ ਵੀ ਨੁਮਾਇੰਦਗੀ ਨਹੀਂ ਦਿੱਤੀ ਗਈ ਸੀ। ਬੇਸ਼ੱਕ ਇਸ ਨੀਤੀਆਂ ਕਾਰਨ ਅਤੇ ਸ਼ਹਿਰ ਵਿਚ ਕੀਤੀਆਂ ਕਥਿਤ ਧੱਕੇਸ਼ਾਹੀਆਂ ਦੇ ਚੱਲਦੇ ਮਨਪ੍ਰੀਤ ਬਾਦਲ ਨੂੰ ਬਠਿੰਡਾ ਦੇ ਲੋਕਾਂ ਨੇ ਸਿਆਸੀ ਤੌਰ ਉਪਰ ‘ਹਾਸ਼ੀਏ’ ’ਤੇ ਧੱਕ ਦਿੱਤਾ ਸੀ ਪ੍ਰੰਤੂ ਸਿਆਸੀ ਮਾਹਰਾਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਦੇ ‘ਲਾਡਲੇ’ ਭਤੀਜ਼ੇ ਵਲੋਂ ਨਿਗਮ ਚੋਣਾਂ ਸਮੇਂ ਕੀਤੀ ਟਿਕਟਾਂ ਦੀ ਵੰਡ ਹਾਲੇ ਤੱਕ ਕਾਂਗਰਸ ਲਈ ਸਿਰਦਰਦੀ ਪੈਦਾ ਕਰ ਰਹੀ ਹੈ, ਜਿਸਦੇ ਇਲਾਜ਼ ਲਈ ਕਿਸੇ ‘ਵੈਦ’ ਦੀਆਂ ਦਵਾਈਆਂ ਕੰਮ ਨਹੀਂ ਆ ਰਹੀਆਂ ਹਨ। ਉਂਜ ਕਾਂਗਰਸ ਪਾਰਟੀ ਵਲੋਂ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਦੀ ਕੋਸ਼ਿਸ਼ ਅੰਦਰਖ਼ਾਤੇ ਜਾਰੀ ਰੱਖੀ ਹੋਈ ਹੈ ਪ੍ਰੰਤੂ ਸਿਆਸੀ ਮਾਹਰਾਂ ਮੁਤਾਬਕ ਇੱਕ ਦਰਜ਼ਨ ਤੋਂ ਵੱਧ ਕਾਂਗਰਸੀ ਕੋਂਸਲਰਾਂ ਦੀ ਮਨਪ੍ਰੀਤ ਪ੍ਰਤੀ ਹਮਦਰਦੀ ਤੇ ਸੁਖਬੀਰ ਬਾਦਲ ਵਲੋਂ ਕੀਤੀ ਮੀਟਿੰਗ ਤੋਂ ਬਾਅਦ ਸ਼ਹਿਰ ਦੇ ਅਕਾਲੀ ਕੋਂਸਲਰਾਂ ਦੇ ਬਦਲੇ ਹੋਏ ਰੁੱਖ ਦੇ ਚੱਲਦੇ ਕਾਂਗਰਸ ਦੀ ਇਹ ਕੋਸ਼ਿਸ਼ ਦੂਰ ਦੀ ‘ਕੋਡੀ’ ਦਿਖ਼ਾਈ ਦੇ ਰਹੀ ਹੈ।
ਪਾਰਟੀ ਦੇ ਉਲਟ ਚੱਲਣ ਵਾਲਿਆਂ ਨੂੰ ਜਲਦੀ ਦਿਖਾਂਵਾਗੇ ਬਾਹਰ ਦਾ ਰਾਸਤਾ: ਰਾਜਨ ਗਰਗ
ਬਠਿੰਡਾ: ਉਧਰ ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ‘‘ ਕੁੱਝ ਕਾਂਗਰਸੀ ਕੋਂਸਲਰਾਂ ਤੇ ਆਗੂਆਂ ਦੀਆਂ ਗਤੀਵਿਧੀਆਂ ਉਨ੍ਹਾਂ ਅਤੇ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਹੈ ਤੇ ਜਲਦੀ ਹੀ ਦੋ ਪਾਸੇ ਪੈਰ ਧਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ’’ ਸ਼੍ਰੀ ਗਰਗ ਨੇ ਮਨਪ੍ਰੀਤ ਦੀ ਹਿਮਾਇਤ ’ਚ ਖੜ੍ਹੇ ਕਾਂਗਰਸੀ ਕੋਂਸਲਰਾਂ ਨੂੰ ਖੁਦ ਹੀ ਪਾਰਟੀ ਛੱਡ ਜਾਣ ਦੀ ਸਲਾਹ ਵੀ ਦਿੱਤੀ ਹੈ। ਦੂਜੇ ਪਾਸੇ ਕਾਂਗਰਸ ਦੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਨੇ ਕਿਹਾ ਕਿ ਕਈਆਂ ਨੂੰ ਇਹ ਲੱਗਦਾ ਹੈ ਕਿ ਉਹ ਚੁੱਪ-ਚਪੀਤੇ ਮਨਪ੍ਰੀਤ ਦੀ ਹਿਮਾਇਤ ਵੀ ਕਰਦੇ ਰਹਿਣਗੇ ਤੇ ਕਾਂਗਰਸ ’ਚ ਵੀ ਬਣੇ ਰਹਿਣਗੇ ਪ੍ਰੰਤੂ ਹੁਣ ਅਜਿਹਾ ਨਹੀਂ ਹੋਵੇਗਾ।
ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਵਿਰੁਧ ਗੋਨਿਆਣਾ ਮੰਡੀ ’ਚ ਲੋਕਾਂ ਨੇ ਕੀਤੀ ਨਾਅਰੇਬਾਜ਼ੀ
ਸਰਾਬ ਦਾ ਠੇਕਾ ਚੁਕਾਉਣ ਵਿਚ ਅਸਫ਼ਲ ਰਹਿਣ ’ਤੇ ਲੋਕਾਂ ਨੇ ਵਿਧਾਇਕ ਨੂੰ ਸੁਣਾਈਆਂ ਖ਼ਰੀਆਂ-ਖਰੀਆਂ
ਲੋਕਾਂ ਦਾ ਰੋਹ ਦੇਖਦਿਆਂ ਵਿਧਾਇਕ ਮੌਕੇ ਤੋਂ ਖਿਸਕਿਆ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 23 ਅਪ੍ਰੈਲ: ਇੱਕ ਖੂਨਦਾਨ ਕੈਂਪ ’ਚ ਮੁੱਖ ਮਹਿਮਾਨ ਬਣਕੇ ਗਏ ਹਲਕਾ ਭੁੱਚੋਂ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਵਿਰੁਧ ਅੱਜ ਗੋਨਿਆਣਾ ਮੰਡੀ ’ਚ ਲੋਕਾਂ ਵਲੋਂ ‘ਮੁਰਦਾਬਾਦ’ ਕਰਨ ਦੀ ਸੂਚਨਾ ਹੈ। ਸ਼ਹਿਰ ਦੀ ਰਿਹਾਇਸ਼ੀ ਅਬਾਦੀ ’ਚ ਖੁੱਲੇ ਸਰਾਬ ਦੇ ਠੇਕੇ ਤਬਦੀਲ ਕਰਵਾਉਣ ਵਿਚ ਅਸਫ਼ਲ ਰਹਿਣ ’ਤੇ ਲੋਕਾਂ ਨੇ ਵਿਧਾਇਕ ਨੂੰ ਖ਼ਰੀਆਂ-ਖਰੀਆਂ ਸੁਣਾਉਂਦਿਆਂ ਠੇਕੇਦਾਰਾਂ ਦੀ ਪੁਸ਼ਤਪਨਾਹੀ ਕਰਨ ਦੇ ਵੀ ਦੋਸ਼ ਲਗਾਏ। ਮੌਕੇ ਦੀ ਨਜ਼ਾਕਤ ਦੇਖਦਿਆਂ ਵਿਧਾਇਕ ਨੇ ਇੱਥੋਂ ਖਿਸਕਣ ਵਿਚ ਹੀ ਭਲਾਈ ਸਮਝੀ। ਇੱਥੇ ਦਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਵੀ ਉਕਤ ਵਿਧਾਇਕ ਤੇ ਉਸਦੇ ਗਾਇਕ ਪੁੱਤਰ ਵਿਰੁਧ ਹਲਕੇ ਦੇ ਇੱਕ ਹੋਰ ਪਿੰਡ ਚੱਕ ਬਖਤੂ ਦੇ ਇੱਕ ਪ੍ਰਵਾਰ ਨੇ ਗੁੱਸਾ ਕੱਢਦਿਆ ਧੱਕਾਮੁੱਕੀ ਕਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਵਿਧਾਇਕ ਨੇ ਉਕਤ ਘਟਨਾ ਤੋਂ ਸਾਫ਼ ਇੰਨਕਾਰ ਕੀਤਾ ਸੀ। ਉਧਰ ਅੱਜ ਦਾ ਮਾਮਲਾ ਕੁੱਝ ਇਸ ਤਰ੍ਹਾਂ ਦਾ ਹੈ ਕਿ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਅਤੇ ਲੜਕਿਆਂ ਦੇ ਸਰਕਾਰੀ ਸਕੂਲ ਨਜਦੀਕ ਇੱਕ ਸਰਾਬ ਦਾ ਅਧਿਕਾਰਤ ਠੇਕਾ ਚੱਲ ਰਿਹਾ ਹੈ। ਇੱਥੇ ਸੰਘਣੀ ਰਿਹਾਇਸ਼ੀ ਅਬਾਦੀ ਹੋਣ ਕਾਰਨ ਇੱਥੋਂ ਦੇ ਲੋਕਾਂ ਵਲੋਂ ਇਸ ਠੇਕੇ ਨੂੰ ਇੱਥੋਂ ਤਬਦੀਲ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਲੋਕਾਂ ਦੇ ਮੁਤਾਬਕ ਮਾਰਚ ਮਹੀਨੇ ਵਿਚ ਲਗਾਏ ਧਰਨੇ ਤੋਂ ਬਾਅਦ ਵਿਧਾਇਕ ਦੇ ਨਜਦੀਕੀ ਨਗਰ ਕੋਂਸਲ ਦੇ ਪ੍ਰਧਾਨ ਕਸ਼ਮੀਰੀ ਲਾਲ ਤੇ ਆਪ ਆਗੂਆਂ ਨੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ’ਚ ਇਹ ਕਹਿ ਕੇ ਧਰਨਾ ਚੁਕਵਾ ਦਿੱਤਾ ਸੀ ਕਿ 31 ਮਾਰਚ ਤੋਂ ਬਾਅਦ ਇੱਥੇ ਠੇਕਾ ਨਹੀਂ ਚੱਲੇਗਾ ਪ੍ਰੰਤੂ ਹੁਣ ਅਪ੍ਰੈਲ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ ਪ੍ਰੰਤੂ ਇਹ ਠੇਕਾ ਹਾਲੇ ਵੀ ਇੱਥੇ ਚੱਲ ਰਿਹਾ ਹੈ। ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਸਮੱਸਿਆ ਆ ਰਹੀ ਹੈ। ਸੂਚਨਾ ਮੁਤਾਬਕ ਅੱਜ ਜਦ ਵਿਧਾਇਕ ਗੋਨਿਆਣਾ ਮੰਡੀ ਦੀ ਪੰਚਾਇਤੀ ਧਰਮਸ਼ਾਲਾ ’ਚ ਲੱਗੇ ਇੱਕ ਖੂਨਦਾਨ ਕੈਂਪ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਤਾਂ ਭਾਈ ਘਨੱਈਆ ਸੇਵਾ ਮਿਸ਼ਨ ਸੁਸਾਇਟੀ ਦੀ ਅਗਵਾਈ ਵਿਚ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਮੌਕੇ ’ਤੇ ਪੁੱਜ ਗਏ। ਜਿੰਨ੍ਹਾਂ ਵਿਧਾਇਕ ਅੱਗੇ ਉਕਤ ਠੇਕਾ ਚੁਕਵਾਉਣ ਦੀ ਮੰਗ ਰੱਖੀ। ਇਸ ਦੌਰਾਨ ਵਿਧਾਇਕ ਵੀ ਠੇਕੇ ਵਾਲੇ ਖੇਤਰ ਵਿਚ ਪੁੱਜੇ। ਇਸ ਦੌਰਾਨ ਕੁੱਝ ਨੌਜਵਾਨਾਂ ਨੇ ਵਿਧਾਇਕ ਨੂੰ ਇਹ ਵੀ ਦਸਿਆ ਕਿ ਉਨ੍ਹਾਂ ਅਪਣੇ ਪਿਊ-ਦਾਦਿਆਂ ਦੇ ਉਲਟ ਜਾ ਕੇ ਉਸਨੂੰ ਵੋਟਾਂ ਪਾਈਆਂ ਸਨ ਪ੍ਰੰਤੂ ਅੱਜ ਉਹ ਇਸਦਾ ਸਿਲਾ ਇਹ ਦੇ ਰਹੇ ਹੋ। ਇਸ ਮੌਕੇ ਵਿਧਾਇਕ ਨੇ ਠੇਕਾ ਚੁਕਵਾਉਣ ਆਏ ਲੋਕਾਂ ਨੂੰ ਹੀ ਸਰਾਬ ਦੇ ਠੇਕੇ ਨੂੰ ਤਬਦੀਲ ਕਰਨ ਲਈ ਦੁਕਾਨ ਲੱਭ ਕੇ ਦੇਣ ਲਈ ਕਹਿ ਦਿੱਤਾ ਤਾਂ ਲੋਕ ਭੜਕ ਉੱਠੇ। ਮੌਕੇ ਦਾ ਮਾਹੌਲ ਦੇਖ ਕੇ ਵਿਧਾਇਕ ਸਾਹਿਬ ਇੱਥੋਂ ਚੱਲਦੇ ਬਣੇ, ਜਿਸਦੇ ਚੱਲਦੇ ਵਿਧਾਇਕ ਦੇ ਪਿੱਛੇ-ਪਿੱਛੇ ਇਹ ਲੋਕ ਵਿਧਾਇਕ ਦੀ ਮੁਰਦਾਬਾਦ ਕਰਦੇ ਰਹੇ। ਇਸਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ ਵਿਰੁਧ ਵੀ ਗੁੱਸਾ ਕੱਢਿਆ। ਇਸ ਸਾਰੀ ਘਟਨਾ ਦੀ ਹਾਜ਼ਰ ਲੋਕਾਂ ਨੇ ਵੀਡੀਓ ਵੀ ਬਣਾ ਲਈਆਂ। ਹਾਲਾਂਕਿ ਇਸ ਮਾਮਲੇ ਵਿਚ ਵਿਧਾਇਕ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੂੱਕਿਆ। ਜਦੋਂਕਿ ਬਾਅਦ ਵਿਚ ਲੋਕਾਂ ਨੇ ਮੁੜ ਇਕੱਠੇ ਹੋਏ ਠੇਕੇ ਅੱਗੇ ਧਰਨਾ ਲਗਾਉਂਦਿਆਂ ਐਲਾਨ ਕੀਤਾ ਕਿ ਜੇਕਰ ਸਰਾਬ ਦਾ ਠੇਕਾ ਇੱਥੋਂ ਨਾ ਚੁਕਵਾਇਆ ਗਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਹਰਿਆਣਾ ਸਰਕਾਰ ਨੇ ਸ਼ਾਨਦਾਰ ਢੰਗ ਨਾਲ ਮਨਾਈ ਸੰਤ ਸ਼ਿਰੋਮਣੀ ਸ੍ਰੀ ਧੰਨਾ ਭਗਤ ਜੀ ਦੀ ਜੈਯੰਤੀ
ਧਨੌਰੀ ਪਿੰਡ ਦੇ ਵਿਕਾਸ ਲਈ 7 ਕਰੋੜ ਰੁਪਏ ਦੇਣ ਦਾ ਵੀ ਕੀਤਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਅਪ੍ਰੈਲ: ਹਰਿਆਣਾ ਸਰਕਾਰ ਵੱਲੋਂ ਅੱਜ ਸੰਤ ਸ੍ਰੀ ਧੰਨਾ ਭਗਤ ਜੀ ਦੀ ਜੈਯੰਤੀ ਕੈਥਲ ਵਿਚ ਬਹੁਤ ਧੂਮਧਾਨ ਨਾਲ ਮਣਾਈ ਗਈ। ਕੈਥਲ ਜਿਲ੍ਹੇ ਦੇ ਪਿੰਡ ਧਨੌਰੀ ਪਿੰਡ ਵਿਚ ਪ੍ਰਬੰਧਿਤ ਰਾਜ ਪੱਧਰ ਸਮਾਰੋਹ ਵਿਚ ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਸੁਦੇਸ਼ ਧਨਖੜ ਜੀ ਨੇ ਬਤੌਰ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਮੌਕੇ ’ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਜੀਂਦ ਦੇ ਹੈਬਤਪੁਰ ਵਿਚ ਬਣ ਰਹੇ ਮੈਡੀਕਲ ਕਾਲਜ ਦਾ ਨਾਂਅ ਸੰਤ ਸ਼ਿਰੋਮਣੀ ਸ੍ਰੀ ਧੰਨਾ ਭਗਤ ਦੇ ਨਾਂਅ ’ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਧਨੌਰੀ ਵਿਚ ਮਹਿਲਾ ਕਾਲਜ ਬਨਾਉਣ, ਪਿੰਡ ਵਿਚ ਪੀਣ ਦੇ ਪਾਣੀ ਦੀ ਸਪਲਾਈ ਭਾਖੜਾ ਨਹਿਰ ਤੋਂ ਕੀਤੇ ਜਾਣ ਸੀਵਰੇਜ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਵਿਵਸਥਾ ਕਰਨ ਦਾ ਵੀ ਐਲਾਨ ਕੀਤਾ। ਸ੍ਰੀ ਮਨੋਹਰ ਲਾਲ ਨੇ ਸੰਤ ਸ਼ਿਰੋਮਣੀ ਸ੍ਰੀ ਧੰਨਾ ਭਗਤ ਜੀ ਦੀ ਸਿਖਿਆਵਾਂ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਅਮਰ ਕਰਨ ਤਹਿਤ ਕੋਰਸ ਕਿਤਾਬਾਂ ਵਿਚ ਧੰਨਾ ਭਗਤ ਜੀ ਦਾ ਵਰਨਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡ ਵਿਚ ਇਕ ਕੰਮਿਊਨਿਟੀ ਸੈਂਟਰ ਤੇ ਲਾਇਬ੍ਰੇਰੀ ਬਨਾਉਣ ਦੇ ਨਾਲ-ਨਾਲ ਪਿੰਡ ਦੇ ਵਿਕਾਸ ਲਈ 7 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਧਨੌਰੀ ਦੀ ਗਾਂਸ਼ਾਲਾ ਲਹੀ 21 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਧਨੌਰੀ ਪਿੰਡ ਵਿਚ ਸੰਤ ਸ਼ਿਰੋਮਣੀ ਸ੍ਰੀ ਧੰਨਾ ਭਗਤ ਜੀ ਦੀ ਪ੍ਰਤਿਮਾ ਲਗਵਾਈ ਜਾਵੇਗੀ। ਇਸ ਤੋਂ ਇਲਾਵਾ, ਸੰਤ ਸ੍ਰੀ ਧੰਨਾ ਭਗਤ ਜੀ ਮੰਦਿਰ ਵਿਚ ਲੰਗਰ ਹਾਲ ਅਤੇ ਪਿੰਡ ਵਿਚ ਤਾਲਾਬ ਦਾ ਸੁੰਦਰੀਕਰਣ ਕੀਤਾ ਜਾਵੇਗਾ।
ਸੰਤ ਸ਼ਿਰੋਮਣੀ ਸ੍ਰੀ ਧੰਨਾ ਭਗਤ ਜੀ ਨੇ ਸਮਾਜ ਵਿਚ ਬੁਰਾਈਆਂ ਨੂੰ ਦੂਰ ਕਰਨ ਵਿਚ ਮਹਤੱਵਪੂਰਣ ਭੁਮਿਕਾ ਨਿਭਾਈ
ਸ੍ਰੀ ਮਨੋਹਰ ਲਾਲ ਨੇ ਸੰਤ ਸ਼ਿਰੋਮਣੀ ਧੰਨਾ ਭਗਤ ਜੀ ਨਮਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਅੱਜ ਉਨ੍ਹਾਂ ਨੂੰ ਧੰਨਾ ਭਗਤ ਜੀ ਦੇ ਜੈਯੰਤੀ ਸਮਾਰੋਹ ਵਿਚ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਤ ਸ਼ਿਰੋਮਣੀ ਧੰਨਾ ਭਗਤ ਜੀ ਉਨ੍ਹਾਂ ਮਹਾਨ ਸੰਤਾਂ ਵਿਚ ਮੋਹਰੀ ਸਨ, ਜਿਨ੍ਹਾਂ ਨੇ ਆਪਣੀ ਰਚਨਾਵਾਂ ਰਾਹੀਂ ਸਮਾਜ ਵਿਚ ਫੈਲੀ ਬੁਰਾਈਆਂ ਨੂੰ ਦੂਰ ਕਰਨ ਵਿਚ ਮਹਤੱਵਪੂਰਣ ਭੁਮਿਕਾ ਨਿਭਾਈ।ਉਨ੍ਹਾਂ ਨੇ ਭਗਤੀ ਮਾਰਗ ਨੂੰ ਅਪਨਾਉਂਦੇ ਹੋਏ ਮਨੁੱਖ -ਮਾਤਰ ਦੀ ਸੇਵਾ ਦੇ ਨਾਲ-ਨਾਲ ਕਰਮ ’ਤੇ ਉਸੀ ਤਰ੍ਹਾ ਜੋਰ ਦਿੱਤਾ ਜਿਵੇਂ ਭਗਵਾਨ ਸ੍ਰੀਕ੍ਰਿਸ਼ਣ ਜੀ ਨੇ ਗੀਤਾ ਵਿਚ ਕਰਮ ਦਾ ਅਮਰ ਸੰਦੇਸ਼ ਦਿੱਤਾ ਹੈ। ਜਾਤ-ਪਾਤ ਦੇ ਵਿਰੋਧੀ ਸਨ। ਉਹ ਪੂਰੀ ਮਨੁੱਖ ਜਾਤੀ ਦੇ ਪੰਥ-ਪ੍ਰਦਰਸ਼ਕ ਸਨ। ਸੰਤ ਸ੍ਰੀ ਧੰਨਾ ਭਗਤ ਪਰਮ ਗਿਆਨੀ ਸਨ। ਉਨ੍ਹਾਂ ਨੇ ਕਿਹਾ ਕਿ ਧੰਨਾ ਭਗਤ ਜੀ ਬਚਪਨ ਤੋਂ ਹੀ ਦਿਆਲੂ , ਪਰੋਪਕਾਰੀ ਅਤੇ ਸਾਧੂ-ਸੰਤਾਂ ਦੀ ਸੰਗਤ ਕਰਦੇ ਸਨ। ਉਨ੍ਹਾਂ ਦੇ ਜੀਵਨ ਦੇ ਸਬੰਧ ਵਿਚ ਕਈ ਚਮਤਕਾਰੀ ਕਥਾਵਾਂ ਜੁੜੀਆਂ ਹੋਈਆਂ ਹਨ। ਸ੍ਰੀ ਧੰਨਾ ਭਗਤ ਜੀ ਨੇ ਮਨੁੱਖ ਭਲਾਈ ਲਈ ਜੋ ਸਿਖਿਆਵਾਂ ਦਿੱਤੀਆਂ ਹਨ ਉਹ ਅੱਜ ਵੀ ਬਹੁਤ ਢੁੱਕਵੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵੀ ਜੀ ਨੇ ਵੀ ਧੰਨਵਾ ਭਗਤ ਜੀ ਦੇ ਭਗਤੀ ਭਾਵ ਦੇ ਬਾਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਰਨਣ ਕੀਤਾ ਹੈ ਕਿ ਉਹ ਸਿੱਦ ਮਹਾਪੁਰਖ ਸਨ। ਉਨ੍ਹਾਂ ਦੇ ਤਿੰਨ ਪਦਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤਾ ਗਿਆ ਹੈ। ਸੰਤ ਸ਼ਿਰੋਮਣੀ ਸ੍ਰੀ ਧੰਨਾ ਭਗਤ ਜੀ ਦੇ ਨਾਂਅ ’ਤੇ ਪੂਰੇ ਦੇਸ਼ ਵਿਚ ਅਨੇਕ ਸੰਸਥਾਵਾਂ ਹਨ, ਜੋ ਨਵੀਂ ਪੀੜੀਆਂ ਨੂੰ ਉਨ੍ਹਾਂ ਦੀ ਭਗਤੀ ਤੇ ਸਿਖਿਆਵਾਂ ਨੂੰ ਅਪਨਾਉਣ ਦੇ ਲਈ ਪ੍ਰੇਰਿਤ ਕਰ ਰਹੀ ਹੈ। ਸਾਨੂੰ ਮਾਣ ਹੈ ਕਿ ਉਨ੍ਹਾਂ ਦੇ ਨਾਂਅ ’ਤੇ ਹਰਿਆਣਾ ਵਿਚ ਧਰਮਖੇਤਰ ਕੁਰੂਕਸ਼ੇਤਰ ਵਿਚ ਸ੍ਰੀ ਧੰਨਾ ਭਗਤ ਪਬਲਿਕ ਸਕੂਲ ਸਥਾਪਿਤ ਹੈ। ਪਿਛਲੇ 11 ਅਪ੍ਰੈਲ ਨੂੰ ਇਸ ਸਕੂਲ ਵਿਚ ਸ੍ਰੀ ਧੰਨਾ ਭਗਤ ਜੀ ਦੀ ਪ੍ਰਤਿਮਾ ਦਾ ਉਦਘਾਟਨ ਕਰਨ ਦੀ ਸੌਭਾਗ ਪ੍ਰਾਪਤ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਅਸੀਂ ਸੰਤ ਸ਼ਿਰੋਮਣੀ ਸ੍ਰੀ ਧੰਨਾ ਭਗਤ ਜੀ ਦੀ ਸਿਖਿਆਵਾਂ ਦੇ ਅਨੁਰੂਪ ਹਰਿਆਣਾ ਵਿਚ ਹਰਿਆਣਾ ਇਕ-ਹਰਿਆਣਵੀਂ ਇਕ ਦੇ ਭਾਵ ਨਾਲ ਸੱਭ ਦੀ ਭਲਾਈ ਤੇ ਉਥਾਨ ਦਾ ਕਾਰਜ ਕਰ ਰਿਹੇ ਹਨ।
ਭਾਰਤ ਦੇ ਉੱਪ ਰਾਸ਼ਟਰਪਤੀ ਨੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਦੀ ਕੀਤੀ ਸ਼ਲਾਘਾ
ਦੁਨੀਆ ਵਿਚ ਭਾਰਤ ਦੀ ਪ੍ਰਤਿਸ਼ਠਾ ਅੱਜ ਜਿੰਨ੍ਹੀ ਹੈ ਉਨ੍ਹੀ ਕਦੀ ਨਹੀਂ ਸੀ- ਸ੍ਰੀ ਜਗਦੀਪ ਧਨਖੜ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਅਪ੍ਰੈਲ: ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਮਾਜ ਦੇ ਸੰਤਾਂ ਅਤੇ ਮਹਾਪੁਰਖਾਂ ਨੂੰ ਯਾਦ ਕਰਨ ਦੀ ਜੋ ਪਹਿਲ ਸੂਬਾ ਸਰਕਾਰ ਨੇ ਕੀਤੀ ਹੈ, ਉਹ ਆਪਣੇ ਆਪ ਵਿਚ ਸ਼ਲਾਘਾਯੋਗ ਹੈ। ਸਰਕਾਰ ਦੀ ਇਸ ਪਹਿਲ ਨਾਲ ਅਜਿਹਾ ਮਾਹੌਲ ਬਣਿਆ ਹੈ ਕਿ ਅੱਜ ਸਾਰੇ ਨਾਗਰਿਕ ਸੰਤਾਂ ਦੇ ਵਿਚਾਰਾਂ ਤੇ ਸਿਖਿਆਵਾਂ ਦਾ ਆਦਰ ਕਰਦੇ ਹੋਏ ਸਮਾਜ ਨੂੰ ਸਹੀ ਦਿਸ਼ਾ ਵਿਚ ਅੱਗੇ ਵਧਾਉਣ ਵਿਚ ਆਪਣਾ ਮਹਤੱਵਪੂਰਣ ਯੋਗਦਾਨ ਦੇ ਰਹੇ ਹਨ। ਸ੍ਰੀ ਜਗਦੀਪ ਧਨਖੜ ਅੱਜ ਕੈਥਲ ਦੇ ਧਨੌਰੀ ਪਿੰਡ ਵਿਚ ਸੰਤ ਸ਼ਿਰੋਮਣੀ ਸ੍ਰੀ ਧੰਨਾ ਭਗਤ ਜੀ ਦੀ ਜੈਯੰਤੀ ਦੇ ਮੌਕੇ ’ਤੇ ਪ੍ਰਬੰਧਿਤ ਰਾਜਪੱਧਰੀ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਵਿਚ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਦੇਸ਼ ਧਨਖੜ ਜੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੀ। ਇਸ ਮੌਕੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਹਰਿਆਣਾ ਪਬਲਿਕ ਇੰਟਰਪ੍ਰਾਈਸਿਸ ਬਿਊਰੇ ਦੇ ਚੇਅਰਮੈਨ ਸੁਭਾਸ਼ ਬਰਾਲਾ, ਭਾਜਪਾ ਸੂਬਾ ਪ੍ਰਧਾਨ ਓਪੀ ਧਨਖੜ ਸਮੇਤ ਕਈ ਮਾਣਯੋਗ ਮਹਿਮਾਨ ਅਤੇ ਸੰਤ ਮਸਾਜ ਦੇ ਲੋਕ ਮੌਜੂਦ ਸਨ। ਉੱਪ ਰਾਸ਼ਟਰਪਤੀ ਨੇ ਜੀਂਦ ਵਿਚ ਸ੍ਰੀ ਧੰਨਾ ਭਗਤ ਦੇ ਨਾਂਅ ’ਤੇ ਮੈਡੀਕਲ ਕਾਲਜ ਅਤੇ ਧਨੌਰੀ ਪਿੰਡ ਵਿਚ ਮਹਿਲਾ ਕਾਲਜ ਦਾ ਐਲਾਨ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਹਰਿਆਣਾ ਦੀ ਪਹਿਲੀ ਯਾਤਰਾ ਦੀਨਬੰਧੂ ਸਰ ਛੋਟੂਰਾਮ ਜੀ ਦੇ ਸਥਾਨ ਤੋਂ ਹੋਈ ਸੀ ਅਤੇ ਅੱਜ ਦਾ ਇਹ ਦਿਨ ਉਨ੍ਹਾਂ ਲਈ ਸਦਾ ਯਾਦਗਾਰ ਰਹੇਗਾ।ਉਨ੍ਹਾਂ ਨੇ ਕਿਹਾ ਕਿ ਸ੍ਰੀ ਧੰਨਾ ਭਗਤ ਜੀ ਦੇ ਵਿਚਾਰਾਂ ਦਾ ਵਰਨਣ ਗੁਰੂ ਗ੍ਰੰਥ ਸਾਹਿਬ ਵਿਚ ਮਿਲਦਾ ਹੈ। ਇਸ ਲਈ ਅੱਜ ਇਹ ਹਰ ਨਾਗਰਿਕ ਦੀ ਜਿਮੇਵਾਰੀ ਹੈ ਕਿ ਉਹ ਉਨ੍ਹਾਂ ਦਾੇ ਵਿਚਾਰਾਂ ਨੂੰ ਅਪਣਾ ਕੇ ਸਮਾਜ ਨਿਰਮਾਣ ਵਿਚ ਯੋਗਦਾਨ ਦੇਣ।ਉਨ੍ਹਾਂ ਨੇ ਕਿਹਾ ਕਿ ਅੱਜ ਆਪਣਾ ਦੇਸ਼ ਬਦਲ ਰਿਹਾ ਹੈ। ਰਾਮ ਮੰਦਿਰ ਬਣ ਰਿਹਾ ਹੈ। ਲੋਕ ਕਹਿੰਦੇ ਸਨ ਕਿ ਤਾਰੀਖ ਕਦੋ ਦੱਸਣਗੇ, ਕੀ ਇਹ ਕਦੀ ਸੰਭਵ ਹੋਵੇਗਾ, ਅੱਜ ਇਹ ਸੰਭਵ ਹੋਇਆ ਹੈ। ਇੰਨ੍ਹਾਂ ਹੀ ਨਹੀਂ, ਮੰਦਿਰ ਭਾਰਤ ਦੀ ਸਭਿਆਚਾਰ ਅਨੁਰੂਪ ਸਹੀ ਪ੍ਰਕ੍ਰਿਆ ਨਾਲ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਸੰਤਾਂ ਦਾ ਆਸ਼ੀਰਵਾਦ ਮਿਲ ਰਿਹਾ ਹੈ, ਇਹ ਦੁਨੀਆ ਦੇ ਕਿਸੇ ਦੇਸ਼ ਵਿਚ ਨਹੀਂ ਹੈ। ਸਾਡੇ ਸੰਤ ਸਾਡੇ ਸਭਿਆਚਾਰਕ ਵਿਰਾਸਤ ਨੂੰ ਪੂਰੀ ਤਰ੍ਹਾ ਨਾਲ ਸੰਭਾਲੇ ਰੱਖੇ ਹੋਏ ਹਨ ਅਤੇ ਸਾਡਾ ਮਾਰਗਦਰਸ਼ਨ ਕਰ ਰਹੇ ਹਨ।
ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਮੇਰੀ ਸਰਕਾਰ ਸਖ਼ਤੀ ਨਾਲ ਨਿਪਟੇਗੀ-ਮੁੱਖ ਮੰਤਰੀ
ਸਮੁੱਚੀ ਕਾਰਵਾਈ ਮੁੱਖ ਮੰਤਰੀ ਦੀ ਅਗਵਾਈ ਤੇ ਸਖਤ ਨਿਗਰਾਨੀ ’ਚ ਹੋਈ
ਮੈਨੂੰ ਦੇਰ ਰਾਤ ਹੀ ਮਿਲੀ ਜਾਣਕਾਰੀ ਤੇ ਮੈਂ ਪੂਰੀ ਰਾਤ ਅਫ਼ਸਰਾਂ ਨਾਲ ਰਾਬਤੇ ’ਚ ਰਿਹਾ-ਮੁੱਖ ਮੰਤਰੀ
ਇੱਕ ਵੀ ਗੋਲੀ ਚੱਲੇ ਬਿਨਾਂ ਅੰਮ੍ਰਿਤਪਾਲ ਨੂੰ ਕੀਤਾ ਗ੍ਰਿਫਤਾਰ- ਮੁੱਖ ਮੰਤਰੀ
ਏਨਾ ਸਮਾਂ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਏ ਰੱਖਣ ਲਈ ਸਵਾ ਤਿੰਨ ਕਰੋੜ ਪੰਜਾਬੀਆਂ ਦਾ ਕੀਤਾ ਧੰਨਵਾਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਅਪ੍ਰੈਲ:ਗਰਮਖਿਆਲੀ ਆਗੂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਆਮ ਆਦਮੀ ਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ, ‘‘ਅੰਮ੍ਰਿਤਪਾਲ ਸਿੰਘ ਜੋ ਪੰਜਾਬ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਹੱਥਠੋਕਾ ਸੀ, ਦੇ ਖਿਲਾਫ਼ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਬੇਕਸੂਰਾਂ ਖ਼?ਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।”ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੰਘੀ 18 ਮਾਰਚ ਨੂੰ ਹੀ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਸਕਦੀ ਸੀ ਪਰ ਉਹ ਕਦੇ ਵੀ ਖੂਨ-ਖਰਾਬਾ ਨਹੀਂ ਹੋਣਾ ਦੇਣਾ ਚਾਹੁੰਦੇ ਸਨ ਅਤੇ ਅੱਜ ਇਕ ਵੀ ਗੋਲੀ ਚਲਾਏ ਬਿਨਾਂ ਵੱਖਵਾਦੀ ਨੇਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸੂਬੇ ਦੀ ਅਮਨ-ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਡੂੰਘੀ ਸਾਜ਼ਿਸ਼ ਸੀ ਪਰ ਸੂਬਾ ਸਰਕਾਰ ਨੇ ਅਜਿਹੇ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਇਸ ਸਾਜ਼ਿਸ਼ ਨੂੰ ਬੁਰੀ ਤਰ੍ਹਾਂ ਨਾਕਾਮ ਕਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਆਪਣੇ ਆਪ ਨੂੰ ਧਾਰਮਿਕ ਆਗੂ ਐਲਾਨਣ ਵਾਲਾ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜੋ ਨੌਜਵਾਨਾਂ ਨੂੰ ਹਥਿਆਰ ਚੁੱਕਣ ਅਤੇ ਦੇਸ਼ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ ਲਈ ਉਕਸਾਉਣ ਵਾਲੀ ਸੰਸਥਾ ਚਲਾ ਰਿਹਾ ਸੀ।ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਭਗੌੜੇ ਨੂੰ ਫੜਨ ਲਈ ਸ਼ਨਿਚਰਵਾਰ ਸ਼ਾਮ ਤੋਂ ਚੱਲ ਰਹੇ ਅਪ੍ਰੇਸ਼ਨ ਬਾਰੇ ਜਾਣਦੇ ਸਨ ਅਤੇ ਸ਼ਨਿਚਰਵਾਰ ਤੇ ਐਤਵਾਰ ਦੀ ਰਾਤ ਉਹ ਸੁੱਤੇ ਵੀ ਨਹੀਂ ਕਿਉਂਕਿ ਉਹ ਅਧਿਕਾਰੀਆਂ ਤੋਂ ਹਰ 15 ਮਿੰਟ ਬਾਅਦ ਜਾਣਕਾਰੀ ਲੈਂਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਅੰਮ੍ਰਿਤਪਾਲ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਅਜਨਾਲਾ ਥਾਣੇ ’ਤੇ ਹਮਲਾ ਕੀਤਾ ਸੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਹਦਾਇਤ ਕੀਤੀ ਸੀ ਕਿ ਕਿਸੇ ਵੀ ਸੂਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਨ੍ਹਾਂ ਲਈ ਸਰਵਉੱਚ ਹਨ, ਜਿਸ ਕਾਰਨ ਪੁਲਿਸ ਨੇ ਪਾਵਨ ਸਰੂਪ ਨੂੰ ਲੈ ਕੇ ਜਾਣ ਵਾਲੇ ਵਾਹਨ ਨੂੰ ਬਣਦਾ ਸਤਿਕਾਰ ਦਿੱਤਾ ਅਤੇ ਇਸ ਦੀ ਨਿਰਵਿਘਨ ਆਵਾਜਾਈ ਦੀ ਵੀ ਇਜਾਜ਼ਤ ਦਿੱਤੀ ਸੀ।ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਸ ਘਟਨਾ ਦੌਰਾਨ ਕੁਝ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਏ ਸਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਯਕੀਨੀ ਬਣਾਇਆ ਗਿਆ ਸੀ। ਉਨ੍ਹਾਂ ਨੇ ਸੰਕਟ ਦੀ ਇਸ ਘੜੀ ਵਿੱਚ ਸ਼ਾਂਤੀ ਅਤੇ ਸੰਜਮ ਵਰਤਣ ਲਈ ਸੂਬੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਭਗਵੰਤ ਮਾਨ ਨੇ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਇਸ ਔਖੀ ਘੜੀ ਵਿੱਚ ਸੂਬਾ ਸਰਕਾਰ ਦੇ ਨਾਲ ਡਟ ਕੇ ਖੜ੍ਹਨ ਲਈ ਲੋਕਾਂ ਦੇ ਸ਼ੁਕਰਗੁਜ਼ਾਰ ਹੁੰਦਿਆਂ ਪੰਜਾਬ ਨੂੰ ਦੇਸ਼ ਵਿੱਚ ਸ਼ਾਂਤਮਈ, ਅਗਾਂਹਵਧੂ ਅਤੇ ਖੁਸ਼ਹਾਲ ਸੂਬੇ ਵਜੋਂ ਉਭਾਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, “ਸੂਬੇ ਦੇ ਨੌਜਵਾਨਾਂ ਨੂੰ ਧਰਮ ਦੇ ਨਾਂ ’ਤੇ ਚਲਾਈਆਂ ਜਾ ਰਹੀਆਂ ਨਫਰਤ ਦੀਆਂ ਫੈਕਟਰੀਆਂ ਦਾ ਕੱਚਾ ਮਾਲ ਨਹੀਂ ਬਣਨ ਦਿੱਤਾ ਜਾਵੇਗਾ। ਮੈਂ ਨੌਜਵਾਨਾਂ ਦੇ ਹੱਥਾਂ ’ਚ ਕਿਤਾਬਾਂ, ਲੈਪਟਾਪ, ਨੌਕਰੀਆਂ, ਮੈਡਲ ਅਤੇ ਅਹਿਮ ਅਹੁਦਿਆਂ ’ਤੇ ਨਿਯੁਕਤੀ ਦੇਖਣਾ ਚਾਹੁੰਦੇ ਹਨ ਪਰ ਇਹ ਆਗੂ ਨੌਜਵਾਨਾਂ ਨੂੰ ਹੱਥਾਂ ’ਚ ਹਥਿਆਰ ਫੜਨ ਦਾ ਸੱਦਾ ਦੇ ਕੇ ਪੁੱਠੇ ਰਾਹ ਉਤੇ ਤੋਰਨਾ ਚਾਹੁੰਦੇ ਹਨ।”ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਇਹ ਭਰਮ ਪਾਲ ਰਹੀਆਂ ਹਨ ਕਿ ਉਹ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡ ਸਕਦੀਆਂ ਹਨ ਪਰ ਅਜਿਹਾ ਕਿਸੇ ਵੀ ਕੀਮਤ ਉਤੇ ਸੰਭਵ ਨਹੀਂ ਕਿਉਂਕਿ ਅਮਨ ਪਸੰਦ ਪੰਜਾਬੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਅਤੇ ਇਸ ’ਤੇ ਨਫ਼ਰਤ ਅਤੇ ਦੁਸ਼ਮਣੀ ਤੋਂ ਇਲਾਵਾ ਕੁਝ ਵੀ ਉਗ ਸਕਦਾ ਹੈ। ਉਨ੍ਹਾਂ ਨੇ ਕੌਮੀ ਆਜ਼ਾਦੀ ਸੰਘਰਸ਼, ਸੂਬੇ ਦੀਆਂ ਸਰਹੱਦਾਂ ਦੀ ਰਾਖੀ ਦੇ ਨਾਲ-ਨਾਲ ਹਰੀ ਅਤੇ ਚਿੱਟੀ ਕ੍ਰਾਂਤੀ ਦੇ ਦੌਰ ਦੀ ਸ਼ੁਰੂਆਤ ਕਰਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਵਿੱਚ ਪੰਜਾਬੀਆਂ ਦੇ ਵਡਮੁੱਲੇ ਯੋਗਦਾਨ ਨੂੰ ਵੀ ਚੇਤੇ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਹਾਲ ਹੀ ਵਿੱਚ ਸੂਬੇ ਦੇ ਚਾਰ ਬਹਾਦਰ ਜਵਾਨਾਂ ਨੇ ਜੰਮੂ-ਕਸ਼ਮੀਰ ਵਿੱਚ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।
ਇਤਿਹਾਸ ਗਵਾਹ ਹੈ, ਜਿਨ੍ਹਾਂ ਨੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਕਦੇ ਕਾਮਯਾਬ ਨਹੀਂ ਹੋਏ: ਚੀਮਾ
’ਆਪ’ ਆਗੂ ਨੇ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਦੇ ਲੋਕਾਂ ਅਤੇ ਢੁੱਕਵੀਂ ਕਾਰਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਕੀਤਾ ਧੰਨਵਾਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਅਪ੍ਰੈਲ: ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਪਸੰਦ ਲੋਕ ਹਨ ਜੋ ਵਿਕਾਸ ਚਾਹੁੰਦੇ ਹਨ। ਇਤਿਹਾਸ ਗਵਾਹ ਹੈ ਕਿ ਜਿਸ ਕਿਸੇ ਨੇ ਵੀ ਪੰਜਾਬ ਦੀ ਫਿਰਕੂ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਕਦੇ ਵੀ ਆਪਣੇ ਮਨਸੂਬਿਆਂ ਵਿੱਚ ਸਫ਼ਲ ਨਹੀਂ ਹੋਇਆ।ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਐਤਵਾਰ ਨੂੰ ’ਆਪ’ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜਨਾਲਾ ਕਾਂਡ ਦੌਰਾਨ ਸਾਡੇ ’ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਨੂੰ ਪੁਲਿਸ ਹਿਰਾਸਤ ’ਚੋਂ ਛੁਡਾਉਣ ਲਈ ਢਾਲ ਵਜੋਂ ਵਰਤਿਆ ਗਿਆ ਸੀ। ਜਦਕਿ ਇਹ ਸਭ ਕਾਨੂੰਨੀ ਪ੍ਰਕਿਰਿਆ ਰਾਹੀਂ ਵੀ ਕੀਤਾ ਜਾ ਸਕਦਾ ਸੀ। ਇਹ ਪੰਜਾਬ ਪੁਲਿਸ ਹੀ ਸੀ ਜਿਸ ਨੇ ਪੂਰੀ ਇਮਾਨਦਾਰੀ, ਸੰਵੇਦਨਸ਼ੀਲਤਾ ਅਤੇ ਸਮਝਦਾਰੀ ਨਾਲ ਸਾਰੀ ਸਥਿਤੀ ਨੂੰ ਸੰਭਾਲਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਨੇ ਬਿਨਾਂ ਕਿਸੇ ਗੋਲੀਬਾਰੀ ਅਤੇ ਲਾਠੀਚਾਰਜ ਤੋਂ ਪੂਰੀ ਸਥਿਤੀ ਨੂੰ ਸ਼ਾਂਤ ਕੀਤਾ। ਉਨ੍ਹਾਂ ਕਿਸੇ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਕਰਨ ਦਿੱਤੀ ਕਿਉਂਕਿ ਉਹ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਕੰਮ ਕਰ ਰਹੇ ਸਨ, ਜਿਨ੍ਹਾਂ ਨੇ ਸਪੱਸ਼ਟ ਹਦਾਇਤ ਦਿੱਤੀ ਸੀ ਕਿ ਕਿਸੇ ਵੀ ਧਰਮ ਜਾਂ ਫਿਰਕੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ।ਚੀਮਾ ਨੇ ਅੱਗੇ ਕਿਹਾ ਕਿ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਕਾਨੂੰਨ ਦਾ ਸਾਹਮਣਾ ਕਰਨ ਦੀ ਬਜਾਏ ਪੰਜਾਬ ਪੁਲਿਸ ਤੋਂ ਭੱਜ ਗਿਆ ਸੀ। 36 ਦਿਨਾਂ ਦੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਅੱਜ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਅਜਨਾਲਾ ਕਾਂਡ ਵਰਗਾ ਸਟੰਟ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਨਿਪੁੰਨਤਾ ਨਾਲ ਕੰਮ ਕੀਤਾ। ਚੀਮਾ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਸਨ ’ਚ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰੀਆਂ ਅਤੇ ਗੋਲੀਬਾਰੀ ’ਚ ਲੋਕ ਮਾਰੇ ਗਏ। ਪਰ ਇਹ ਆਮ ਆਦਮੀ ਪਾਰਟੀ ਦੀ ਧਰਮ ਨਿਰਪੱਖ ਸਰਕਾਰ ਹੈ, ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ।ਚੀਮਾ ਨੇ ਕਿਹਾ ਕਿ ਪੰਜਾਬ ਦੀ ਭਾਈਚਾਰਕ ਸ਼ਾਂਤੀ ਸਾਡੀ ਤਰਜੀਹ ਹੈ। ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਵਾਸਤੇ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਚੀਮਾ ਨੇ ਪੰਜਾਬ ਸਰਕਾਰ ’ਤੇ ਭਰੋਸਾ ਕਰਨ ਅਤੇ ਸਮਰਥਨ ਦੇਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਇਸ ਸਾਰੀ ਕਾਰਵਾਈ ਦੌਰਾਨ ਕੋਈ ਵੀ ਮੰਦਭਾਗੀ ਘਟਨਾ ਨਹੀਂ ਵਾਪਰੀ। ਉਨ੍ਹਾਂ ਲੋਕਾਂ ਨੂੰ ’ਆਪ’ ਸਰਕਾਰ ਦਾ ਸਮਰਥਨ ਕਰਦੇ ਰਹਿਣ ਲਈ ਕਿਹਾ ਅਤੇ ਕਿਹਾ ਕਿ ਅਸੀਂ ਆਪਣੇ ਲੋਕਾਂ ਦੇ ਸਹਿਯੋਗ ਨਾਲ ਹੀ ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖ ਸਕਦੇ ਹਾਂ। ਸਾਡੇ ਰਾਜ ਨੂੰ ਵਿਕਾਸ ਅਤੇ ਸ਼ਾਨ ਭਰੇ ਦੇ ਮਾਰਗ ’ਤੇ ਅੱਗੇ ਲਿਜਾਣ ਲਈ ਸ਼ਾਂਤੀ ਜ਼ਰੂਰੀ ਹੈ।
ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ’ਤੇ ਕੇਜਰੀਵਾਲ ਨੇ ਕਿਹਾ- ’ਆਪ ਸਰਕਾਰ ਪੰਜਾਬ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਹੈ ਵਚਨਬੱਧ
ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਿਸ਼ਨ ਨੂੰ ਪੂਰੀ ਦ੍ਰਿੜਤਾ ਅਤੇ ਹਿੰਮਤ ਨਾਲ ਪੂਰਾ ਕੀਤਾ
ਕੇਜਰੀਵਾਲ ਨੇ ਪੰਜਾਬ ਪੁਲਿਸ ਦੀ ਵੀ ਕੀਤੀ ਤਾਰੀਫ, ਕਿਹਾ – ਪੁਲਿਸ ਨੇ ਬਿਨਾਂ ਕਿਸੇ ਖੂਨ-ਖਰਾਬੇ ਜਾਂ ਗੋਲੀਬਾਰੀ ਦੇ ਹਾਸਿਲ ਕੀਤੀ ਸਫ਼ਲਤਾ।
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਅਪ੍ਰੈਲ: ਅਰਵਿੰਦ ਕੇਜਰੀਵਾਲ ਨੇ ’ਵਾਰਿਸ ਪੰਜਾਬ ਦੇ’ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਕਰਦਿਆਂ ਕਿਹਾ ਕਿ ’ਆਪ’ ਸਰਕਾਰ ਪੰਜਾਬ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਵਚਨਬੱਧ ਹੈ। ਸਾਡੀ ਸਰਕਾਰ ਇਸ ਲਈ ਕੋਈ ਵੀ ਸਖ਼ਤ ਫੈਸਲਾ ਲੈਣ ਲਈ ਤਿਆਰ ਹੈ।ਆਪਣੇ ਇੱਕ ਟਵੀਟ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ ਹੈ। ਮੁੱਖ ਮੰਤਰੀ ਮਾਨ ਨੇ ਇਸ ਮਿਸ਼ਨ ਨੂੰ ਬੜੀ ਦ?ਹਿੜਤਾ ਅਤੇ ਹਿੰਮਤ ਨਾਲ ਪੂਰਾ ਕੀਤਾ।ਕੇਜਰੀਵਾਲ ਨੇ ਪੰਜਾਬ ਪੁਲਿਸ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨ ਬਹੁਤ ਦਲੇਰ ਅਤੇ ਬਹਾਦਰ ਹਨ। ਸੂਬਾ ਪੁਲਿਸ ਨੇ ਬਿਨਾਂ ਕਿਸੇ ਖੂਨ-ਖਰਾਬੇ ਜਾਂ ਗੋਲੀਬਾਰੀ ਦੇ ਇੰਨੀ ਵੱਡੀ ਸਫਲਤਾ ਹਾਸਲ ਕੀਤੀ ਹੈ।ਸ੍ਰੀ ਕੇਜਰੀਵਾਲ ਨੇ ਪੂਰੇ ਆਪ੍ਰੇਸ਼ਨ ਦੌਰਾਨ ਸ਼ਾਂਤੀ ਬਣਾਈ ਰੱਖਣ ਅਤੇ ਪੰਜਾਬ ਸਰਕਾਰ ਦਾ ਸਾਥ ਦੇਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਅਤੇ ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰਨਾ ਸਾਡੀ ਤਰਜੀਹ ਹੈ। ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।