Home Blog Page 2134

ਅਕਾਲੀ ਦਲ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਲਾਹ ਅਨੁਸਾਰ ਆਪ ਗ੍ਰਿਫਤਾਰੀ ਦੇਣ ਦੇ ਫੈਸਲੇ ਦਾ ਕੀਤਾ ਸਵਾਗਤ

0

ਮੰਗ ਕੀਤੀ ਕਿ ਨਿਰਦੋਸ਼ ਸਿੱਖਾਂ ਦੀ ਫੜੋ ਫੜੀ ਤੇ ਉਹਨਾਂ ਦੀ ਖਜੱਲ ਖੁਆਰੀ ਹੁਣ ਬੰਦ ਹੋਵੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇਅੱਜ ਕਿਹਾ ਕਿ ਜਿਸ ਤਰੀਕੇ ਸ਼ਾਂਤੀਪੂਰਨ ਢੰਗ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕੀਤਾ ਹੈ, ਆਮ ਆਦਮੀ ਪਾਰਟੀ ਸਰਕਾਰ ਉਹਨਾਂ ਖਿਲਾਫ ਕਾਨੂੰਨ ਮੁਤਾਬਕ ਹੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਨਿਰਦੋਸ਼ ਸਿੱਖਾਂ ਦੀ ਫੜੋ ਫੜੀ ਤੇ ਉਹਨਾਂ ਨੂੰ ਖਜੱਲ ਖੁਆਰ ਕਰਨਾ ਬੰਦ ਕਰਨਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਵਾਰਿਸ ਪੰਜਾਬ ਦੇ ਜਥੇਬੰਦੀਦੇ ਮੁਖੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹਾਲ ਹੀ ਵਿਚ ਸੱਦੇ ’ਪੰਥਕ ਇਕੱਠ’ ਵਿਚ ਦਿੱਤੀ ਸਲਾਹ ਅਨੁਸਾਰ ਆਪਣੇ ਆਪ ਨੂੰ ਕਾਨੂੰਨ ਹਵਾਲੇ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ।ਡਾ. ਚੀਮਾ ਨੇ ਕਿਹਾ ਕਿ ਹੁਣ ਜਦੋਂ ਅੰਮ੍ਰਿਤਪਾਲ ਸਿੰਘ ਨੇ ਆਪਣੇ ਆਪ ਨੂੰ ਕਾਨੂੰਨ ਹਵਾਲੇ ਕਰ ਦਿੱਤਾ ਹੈ ਤਾਂ ਇਹ ਆਪ ਆਦਮੀ ਪਾਰਟੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੱਸੇ ਕਿ ਉਸਨੇ ਇਸ ਮਾਮਲੇ ’ਤੇ ਦਹਿਸ਼ਤ ਦਾ ਮਾਹੌਲ ਕਿਉਂ ਸਿਰਜਿਆ। ਉਹਨਾਂ ਕਿਹਾ ਕਿ ਹੁਣ ਤੱਕ ਸਰਕਾਰ ਵੱਲੋਂ ਕੀਤੀ ਕਾਰਵਾਈ ਨਾਲ ਦੁਨੀਆਂ ਭਰ ਵਿਚ ਸਿੱਖ ਕੌਮ ਦੀ ਬਦਨਾਮੀ ਹੋਈ ਜਿਸਦੇ ਨਤੀਜੇ ਵਜੋਂ ਸੂਬੇ ਵਿਚੋਂ ਪੂੰਜੀ ਵੀ ਗਈ ਤੇ ਪੰਜਾਬੀਆਂ ਵਿਚ ਅਸੁਰੱਖਿਆ ਦੀ ਭਾਵਨਾ ਵੀ ਪੈਦਾ ਹੋਈ। ਫਿਰਕੂ ਤਣਾਅ ਪਹਿਲਾਂ ਹੀ ਜਾਣ ਬੁੱਝ ਕੇ ਪੈਦਾ ਕੀਤਾ ਜਾ ਰਿਹਾ ਹੈ।ਅਕਾਲੀ ਆਗੂ ਨੇ ਕਿਹਾ ਕਿ ਜਿਸ ਤਰੀਕੇ ਪੰਜਾਬੀਆਂ ਨੇ ਫਿਰਕੂ ਸਦਭਾਵਨਾ ਕਾਇਮ ਰੱਖੀ ਤੇ ਵੰਡ ਪਾਊ ਤਾਕਤਾਂ ਵੱਲੋਂ ਉਹਨਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਇਆ, ਉਸ ਤੋਂ ਸਾਬਤ ਹੁੰਦਾ ਹੈ ਕਿ ਉਹ ਹਮੇਸ਼ਾ ਸਾਰੇ ਭਾਈਚਾਰਿਆਂ ਵਿਚ ਆਪਸੀ ਸ਼ਾਂਤੀ ਤੇ ਭਾਈਚਾਰੇ ਵਾਸਤੇ ਡਟੇ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਨੀਮ ਫੌਜੀ ਦਸਤੇ ਸੱਦ ਕੇ ਤੇ ਮੀਡੀਆ ਤੇ ਬੁੱਧੀਜੀਵੀ ਵਰਗ ’ਤੇ ਪਾਬੰਦੀਆਂ ਲਾਉਣ ਵਰਗੇ ਕਦਮਾਂ ਨਾਲ ਜਾਣ ਬੁੱਝ ਕੇ ਦਹਿਸ਼ਤ ਵਾਲਾ ਮਾਹੌਲ ਪੈਦਾ ਕੀਤਾ ਜੋ ਹੁਣ ਤੁਰੰਤ ਬੰਦ ਹੋਣਾ ਚਾਹੀਦਾ ਹੈ।

ਇੰਦਰਜੀਤ ਪੁਰੇਵਾਲ ਦਾ ਰੂਬਰੂ ਅਤੇ ਆਗ਼ਾਜ਼ਬੀਰ ਦੀ ਹੋਈ ਪੁਸਤਕ ‘ਕੁਈਨਜ਼ਲੈੰਡ’ ਰਿਲੀਜ਼

0

ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਵੱਲੋਂ ਟੀਚਰਜ਼ ਹੋਮ ਵਿਖੇ ਪਰਵਾਸੀ ਸਾਹਿਤਕਾਰ ਇੰਦਰਜੀਤ ਪੁਰੇਵਾਲ ਦਾ ਰੂਬਰੂ ਅਤੇ ਆਗ਼ਾਜ਼ਬੀਰ ਦਾ ਕਹਾਣੀ ਸੰਗ੍ਰਹਿ ’ ਕੁਈਨਜ਼ਲੈੰਡ ’ ਰਿਲੀਜ਼ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਲਾਭ ਸਿੰਘ ਖੀਵਾ, ਇੰਦਰਜੀਤ ਪੁਰੇਵਾਲ, ਬੂਟਾ ਸਿੰਘ ਚੌਹਾਨ, ਐਚ ਐਸ ਡਿੰਪਲ ਅਤੇ ਜਸਪਾਲ ਮਾਨਖੇੜਾ ਸ਼ਾਮਲ ਹੋਏ। ਧਰਮਿੰਦਰ ਸਿੰਘ ਔਲਖ ਅਤੇ ਜਗਮੇਲ ਸਿੰਘ ਸਿੱਧੂ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਭਰੀ।ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰੈੱਸ ਸਕੱਤਰ ਅਮਨ ਦਾਤੇਵਾਸੀਆ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆ ਨੂੰ ਕਿਹਾ ਅਤੇ ਇਸ ਪ੍ਰੋਗਰਾਮ ਦੀ ਰੂਪਰੇਖਾ ਤੇ ਚਾਨਣਾ ਪਾਇਆ। ਇਸ ਉਪਰੰਤ ਪ੍ਰਧਾਨਗੀ ਮੰਡਲ ਦਾ ਬੁੱਕੇ ਅਤੇ ਲੋਈਆਂ ਨਾਲ? ਸਨਮਾਨ ਕੀਤਾ। ਇਸ ਤੋਂ ਬਾਅਦ ਸਾਹਿਤ ਅਕਾਦਮੀ ਦਿੱਲੀ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਸਾਹਿਤ ਅਕਾਦਮੀ ਬਾਬਤ ਬੋਲਦਿਆਂ ਕਿਹਾ ਕਿ ਬਤੌਰ ਮੈਂਬਰ ਉਹ ਸਾਹਿਤਕ ਇਨਾਮਾਂ ਵਿੱਚ ਪਾਰਦਰਸ਼ਤਾ ਦੀ ਹਾਮੀ ਭਰਦੇ ਹਨ। ਉਹਨਾਂ ਯਕੀਨ ਦਿਵਾਇਆ ਕਿ ਅਕਾਦਮੀ ਵੱਲੋਂ ਪੰਜਾਬ ਦੀਆਂ ਸਾਹਿਤ ਸਭਾਵਾਂ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਵਿੱਚ ਹਰ ਸੰਭਵ ਮੱਦਦ ਕੀਤੀ ਜਾਵੇਗੀ। ਰਾਗ ਕਾਫਲੇ ਬਾਰੇ ਧਰਮਿੰਦਰ ਔਲਖ ਅਤੇ ਜਸਵਿੰਦਰ ਰੱਤੀਆਂ ਨੇ ਦੱਸਿਆ ਕਿ ਥੋੜ੍ਹਾ ਸਮਾਂ ਪਹਿਲਾਂ ਪੁਰੇਵਾਲ ਦਾ ਇਹ ਲਗਾਇਆ ਬੂਟਾ ਹੁਣ ਛਾਂ ਦ?ਾਰ ਰੁੱਖ ਬਣ ਚੁੱਕਿਆ ਹੈ। ਸਮੁੱਚੀ ਟੀਮ ਦੀ ਮਿਹਨਤ ਸਦਕਾ ਰਾਗ ਮੈਗਜ਼ੀਨ ਨੇ ਸਾਹਿਤਕ ਜਗਤ ਵਿੱਚ ਆਪਣੀ ਨਿਵੇਕਲੀ ਜਗ?ਹਾ ਬਣਾ ਲਈ ਹੈ। ਪੀ ਸੀ ਐੱਸ ਅਧਿਕਾਰੀ ਐਚ ਐਸ ਡਿੰਪਲ ਨੇ ਕਿਤਾਬ ਦੇ ਉੱਪਰ ਆਲੋਚਨਾਤਮਕ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਕਵੀ ਦਰਬਾਰ ਵਿੱਚ ਮਨਜੀਤ ਬਠਿੰਡਾ, ਲਛਮਣ ਦਾਸ ਮੁਸਾਫਿਰ, ਅਮਰਜੀਤ ਜੀਤ, ਇਕਬਾਲ ਫਕੀਰਾ, ਦਿਲਬਾਗ ਸਿੰਘ, ਅੰਮ੍ਰਿਤ ਕਲੇਰ, ਮਨਜੀਤ ਸਿੰਘ ਜੀਤ ਅਤੇ ਅਮਨ ਦਾਤੇਵਾਸੀਆ ਨੇ ਆਪਣੇ ਕਲਾਮ ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਪ੍ਰੋਗਰਾਮ ਦੇ ਕੇਂਦਰ ਬਿੰਦੂ ਇੰਦਰਜੀਤ ਪੁਰੇਵਾਲ ਨੇ ਆਪਣੇ ਪਿੰਡ ਤੋਂ ਅਮਰੀਕਾ ਤੀਕ ਦੇ ਸਫ਼ਰ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਉਸਦਾ ਮਾਂ ਬੋਲੀ ਦੀ ਸੇਵਾ ਕਰਨ ਦਾ ਸੁਪਨਾ ਹਕੀਕਤ ਵਿੱਚ ਬਦਲਿਆ ਹੈ। ਦਸਵੰਧ ਵਿੱਚੋਂ ਹੀ ਉਹ ਨਾਮਵਰ ਅਤੇ ਅਣਗੌਲੇ ਸ਼ਾਇਰਾਂ ਨੂੰ ਰਾਗ ਮੈਗਜ਼ੀਨ ਤਰਫੋਂ ਮਾਣ ਅਤੇ ਸਨਮਾਨ ਦਿੰਦੇ ਰਹਿੰਦੇ ਹਨ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ ਲਾਭ ਸਿੰਘ ਖੀਵਾ ਨੇ ਮੈਗਜ਼ੀਨ ਦੇ ਪ੍ਰਬੰਧਕਾਂ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦੀ ਪ੍ਰਸ਼ੰਸ਼ਾ ਕੀਤੀ। ਉਹਨਾਂ ਸਾਹਿਤਕ ਸਮਾਗਮਾਂ ਵਿੱਚ ਘੱਟ ਰਹੀ ਹਾਜ਼ਰੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਇਹ ਹੋਰ ਵੀ ਜਰੂਰੀ ਹੋ ਗਿਆ ਹੈ ਕਿ ਬੁੱਧੀਜੀਵੀ ਸਿਰ ਜੋੜ ਕੇ ਬੈਠਣ ਅਤੇ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਲੱਭਣ। ਨੌਜਵਾਨ ਸ਼ਾਇਰ ਅਮਨ ਦਾਤੇਵਾਸੀਆ ਨੇ ਸਟੇਜ ਦ?ਾ ਸੰਚਾਲਨ ਬਾਖੂਬੀ ਕੀਤਾ। ਆਖੀਰ ਵਿੱਚ ਟੀਚਰਜ਼ ਹੋਮ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਧੰਨਵਾਦੀ ਸ਼ਬਦ ਕਹੇ। ਇਸ ਪ੍ਰੋਗਰਾਮ ਵਿੱਚ ਗੁਰਦੇਵ ਖੋਖਰ, ਰਣਬੀਰ ਰਾਣਾ, ਕਾਮਰੇਡ ਜਰਨੈਲ ਸਿੰਘ, ਅਤਰਜੀਤ ਕਹਾਣੀਕਾਰ , ਨਾਵਲਕਾਰ ਜਸਵਿੰਦਰ ਜੱਸ, ਪ੍ਰਿੰਸੀਪਲ ਜਸਬੀਰ ਸਿੰਘ ਢਿੱਲੋਂ, ਡਾ ਅਜੀਤਪਾਲ ਸਿੰਘ, ਪ੍ਰੋ ਪਰਗਟ ਸਿੰਘ ਬਰਾੜ, ਪ੍ਰਿਤਪਾਲ ਸਿੰਘ, ਸੁਖਦਰਸ਼ਣ ਗਰਗ, ਨਿਰੰਜਣ ਸਿੰਘ ਪ੍ਰੇਮੀ, ਸੱਤਪਾਲ ਮਾਨ, ਤਰਸੇਮ ਬਸ਼ਰ,ਰਮੇਸ਼ ਗਰਗ,ਮਧੂ ਭੂਸ਼ਣ ਅਤੇ ਵਿਕਾਸ ਕੌਂਸਲ ਹਾਜ਼ਰ ਸਨ।

ਖੂਨਦਾਨ ਕਰਕੇ ਬਚਾਈ ਜਾ ਸਕਦੀ ਹੈ ਅਣਮੁੱਲੀ ਜਾਨ : ਸ਼ੌਕਤ ਅਹਿਮਦ ਪਰੇ

0

ਡਿਪਟੀ ਕਮਿਸ਼ਨਰ ਨੇ ਨਿਰੰਕਾਰੀ ਭਵਨ ਵਿਖੇ ਲੱਗੇ ਖੂਨਦਾਨ ਕੈਂਪ ਵਿੱਚ ਕੀਤੀ ਸ਼ਿਰਕਤ
ਕੈਂਪ ਦੌਰਾਨ 150 ਯੂਨਿਟ ਬਲੱਡ ਕੀਤਾ ਗਿਆ ਇਕੱਤਰ
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ : ਵਿਅਕਤੀ ਦੁਆਰਾ ਦਾਨ ਕੀਤੇ ਗਏ ਖੂਨ ਨਾਲ ਕਿਸੇ ਵੀ ਅਣਮੁੱਲੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਅੱਜ ਸਥਾਨਕ ਸੰਤ ਨਿਰੰਕਾਰੀ ਭਵਨ ਵਿਖੇ ਮਿਸ਼ਨ ਦੀ ਸਮਾਜਿਕ ਸਾਖਾ, ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੁਆਰਾ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਦਿਆਂ ਇਸ ਦੀ ਸ਼ੁਰੂਆਤ ਕਰਵਾਉਣ ਉਪਰੰਤ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਨਿਰੰਕਾਰੀ ਮਿਸ਼ਨ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਖੂਨਦਾਨ ਕੈਂਪ ਅਤੇ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਕੀਤੇ ਗਏ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਅਜਿਹੇ ਕਾਰਜ ਕਰਨੇ ਚਾਹੀਦੇ ਹਨ, ਜਿੰਨ੍ਹਾਂ ਨਾਲ ਆਮ ਲੋਕਾਂ ਨੂੰ ਫ਼ਾਇਦਾ ਮਿਲ ਸਕੇ। ਉਨ੍ਹਾਂ ਕਿਹਾ ਕਿ ਆਪਣੇ ਭਵਿੱਖ ਲਈ ਤਾਂ ਹਰ ਇੱਕ ਮਨੁੱਖ ਹੀ ਕੰਮ ਕਰਦਾ ਰਹਿੰਦਾ ਹੈ, ਪਰ ਜ਼ਰੂਰਤ ਹੈ ਕਿ ਆਪਣਾ ਥੋੜ੍ਹਾ-ਬਹੁਤਾ ਯੋਗਦਾਨ ਲੋਕ ਭਲਾਈ ਦੇ ਕੰਮਾਂ ਵਿੱਚ ਪਾਇਆ ਜਾ ਸਕੇ।ਇਸ ਮੌਕੇ ਸੰਤ ਨਿਰੰਕਾਰੀ ਮੰਡਲ ਦੀ ਸਥਾਨਕ ਬ੍ਰਾਂਚ ਦੇ ਸੰਯੋਜਕ ਸ਼੍ਰੀ ਆਦਰਸ਼ ਮੋਹਨ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦਿਕਸਾ ਜੀ ਮਹਾਰਾਜ ਦੇ ਦਿਸ਼ਾ-ਨਿਰਦੇਸ਼ ਤਹਿਤ ਨਿਰੰਕਾਰੀ ਮਿਸ਼ਨ ਦੀਆਂ ਦੇਸ਼ ਭਰ ਵਿੱਚ 99 ਜ਼ੋਨਾਂ ਦੀਆਂ ਲਗਭਗ ਸਾਰੀਆਂ ਸ਼ਾਖਾਵਾਂ ਵਿਚ ਹੀ ਅੱਜ ਤੋਂ ਖੂਨਦਾਨ ਦੀ ਮੁਹਿੰਮ ਚਲਾਈ ਗਈ ਹੈ, ਜੋ ਕਿ ਪੂਰਾ ਸਾਲ ਚੱਲੇਗੀ। ਉਨ੍ਹਾਂ ਦੱਸਿਆ ਕਿ ਸਤਿਗੁਰੂ ਬਾਬਾ ਹਰਦੇਵ ਜੀ ਮਹਾਰਾਜ ਦੇ ਪ੍ਰੇਰਨਾ ਦਾਇਕ ਸੰਦੇਸ਼ ‘‘ਲਹੂ ਨਾੜੀਆਂ ਵਿਚ ਵਗੇ, ਨਾਲੀਆਂ ਵਿਚ ਨਹੀਂ’’ ਰਾਹੀਂ ਸਮੂਹ ਸੰਗਤਾਂ ਨੂੰ ਇਕ ਨਵੀਂ ਸਕਰਾਤਮਕ ਸੇਧ ਮਿਲਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਿਸ਼ਨ ਵੱਲੋਂ ਮਾਨਵਤਾ ਦੇ ਕਲਿਆਣ ਅਤੇ ਸਮਾਜ ਦੀ ਉਨਤੀ ਲਈ ਕਈ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ, ਜਿੰਨ੍ਹਾਂ ਵਿੱਚ ਸਾਦੇ ਵਿਆਹ, ਨਸ਼ਾ ਮੁਕਤੀ, ਸਫ਼ਾਈ ਅਭਿਆਨ, ਪੌਦੇ ਲਗਾਉਣਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਆਦਿ ਹਨ। ਕੈਂਪ ਦੌਰਾਨ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਇੰਚਾਰਜ ਡਾਕਟਰ ਰੀਤਿਕਾ ਗਰਗ ਅਤੇ ਉਨ੍ਹਾਂ ਦੀ ਸਹਿਯੋਗੀ ਟੀਮ ਨੇ ਦੱਸਿਆ ਕਿ ਅੱਜ ਦੇ ਇਸ ਖੂਨਦਾਨ ਕੈਂਪ ਵਿੱਚ 150 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ। ਖੂਨਦਾਨ ਕੈਂਪ ਦੌਰਾਨ ਸੰਤ ਨਿਰੰਕਾਰੀ ਮੰਡਲ ਦੇ ਵੱਖ-ਵੱਖ ਅਹੁਦੇਦਾਰਾਂ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੂੰ ਇੱਕ ਯਾਦਗਾਰ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਕੱਤਰ ਰੈਡ ਕਰਾਸ ਸ੍ਰੀ ਦਰਸ਼ਨ ਕੁਮਾਰ, ਨਿਰੰਕਾਰੀ ਮਿਸ਼ਨ ਦੇ ਖੇਤਰੀ ਸੰਚਾਲਕ ਅਵਤਾਰ ਸਿੰਘ, ਸੰਚਾਲਕ ਬਲਦੇਵ ਸਿੰਘ, ਕ੍ਰਿਸ਼ਨ ਕਟਿਆਲ, ਨਿਰੰਕਾਰੀ ਮਿਸ਼ਨ ਗੋਨਿਆਣਾ ਦੇ ਮੁਖੀ ਰਾਮ ਪ੍ਰਕਾਸ਼, ਸ੍ਰੀ ਨਰੇਸ਼ ਪਠਾਣੀਆਂ ਤੋਂ ਇਲਾਵਾ ਸਮੂਹ ਸਾਧ ਸੰਗਤ ਹਾਜ਼ਰ ਸੀ।

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਿਸ਼ਵ ਧਰਤੀ ਦਿਵਸ 2023 ਦੇ ਮੌਕੇ ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ

0

ਇਸ ਸਮਾਗਮ ਵਿੱਚ ਦੇਸ਼ ਦੇ ਉੱਘੇ ਭੂ-ਵਿਗਿਆਨੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ
ਇਸ ਪ੍ਰੋਗਰਾਮ ਤਹਿਤ ਲਗਾਈ ਗਈ ਭੂ-ਵਿਗਿਆਨ ਪ੍ਰਦਰਸ਼ਨੀ ਦੌਰਾਨ ਬਠਿੰਡਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੁੰਦਰ ਮਾਡਲ ਅਤੇ ਪੋਸਟਰ ਪ੍ਰਦਰਸ਼ਿਤ ਕੀਤੇ
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਵਿਸ਼ਵ ਧਰਤੀ ਦਿਵਸ 2023 ਦੇ ਮੌਕੇ ’ਤੇ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਭੂ-ਵਿਗਿਆਨ ਵਿਭਾਗ ਅਤੇ ਆਈਆਈਸੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਲੈਕਚਰ ਲੜੀ, ਭੂ-ਵਿਗਿਆਨ ਪ੍ਰਦਰਸ਼ਨੀ, ਮਾਡਲ/ਪੋਸਟਰ ਪੇਸ਼ਕਾਰੀ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰੋਗਰਾਮ ਵਿੱਚ ਅਸਾਮ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋਫੈਸਰ ਸੋਮਨਾਥ ਦਾਸਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦਾ ਉਦੇਸ਼ ਮਨੁੱਖੀ ਜੀਵਨ ਵਿੱਚ ਧਰਤੀ ਅਤੇ ਇਸਦੇ ਕੁਦਰਤੀ ਸਰੋਤਾਂ ਦੀ ਮਹੱਤਤਾ ਨੂੰ ਉਜਾਗਰ ਕਰਨਾ, ਵਾਤਾਵਰਣ ਸੁਰੱਖਿਆ ਵਿੱਚ ਧਰਤੀ ਵਿਗਿਆਨੀਆਂ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਵਿਸ਼ਵ ਜਲਵਾਯੂ ਸੰਕਟ ਬਾਰੇ ਚਰਚਾ ਕਰਨਾ ਸੀ। ਇਸ ਸਮਾਗਮ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਨਾਲ-ਨਾਲ ਬਠਿੰਡਾ ਜ਼ਿਲ੍ਹੇ ਦੇ ਪੰਜ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਉਦਘਾਟਨੀ ਸੈਸ਼ਨ ਦੌਰਾਨ ਮੁੱਖ ਮਹਿਮਾਨ ਪ੍ਰੋ. ਸੋਮਨਾਥ ਦਾਸਗੁਪਤਾ ਨੇ ਦੱਸਿਆ ਕਿ ਧਰਤੀ ਗ੍ਰਹਿ ਲਗਭਗ 4.6 ਬਿਲੀਅਨ ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ ਅਤੇ ਧਰਤੀ ਉੱਤੇ ਜੀਵਨ ਦਾ ਵਿਕਾਸ ਲਗਭਗ 3.7 ਬਿਲੀਅਨ ਸਾਲ ਪਹਿਲਾਂ ਹੋਇਆ ਸੀ। ਪਰ ਪਹਿਲੇ ਮਨੁੱਖੀ ਪੂਰਵਜ ਪੰਜ ਲੱਖ ਤੋਂ ਸੱਤ ਲੱਖ ਸਾਲ ਪਹਿਲਾਂ ਆਏ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਤੀਤ ਵਿੱਚ ਧਰਤੀ ਤੇ ਹੁਣ ਤੱਕ ਲਗਭਗ ਪੰਜ ਮਹਾਂ-ਵਿਨਾਸ਼ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਸਨ, ਜਿਸ ਕਾਰਨ ਉਸ ਸਮੇਂ ਸਾਡੀ ਧਰਤੀ ’ਤੇ ਰਾਜ ਕਰਨ ਵਾਲੇ ਜੀਵ-ਜੰਤੂਆਂ ਦੀਆਂ ਕਈ ਕਿਸਮਾਂ ਪੂਰੀ ਤਰ੍ਹਾਂ ਅਲੋਪ ਹੋ ਗਈਆਂ ਸਨ। ਮਨੁੱਖੀ ਸਭਿਅਤਾ ਨੂੰ ਸਾਡੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮਾਨਯੋਗ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਧਰਤੀ ’ਤੇ ਕੁਦਰਤੀ ਸਰੋਤਾਂ ਨੂੰ ਬਣਾਉਣ ਲਈ ਲੱਖਾਂ ਸਾਲ ਲੱਗ ਜਾਂਦੇ ਹਨ, ਪਰ ਵਿਕਾਸ ਦੇ ਨਾਂ ’ਤੇ ਇਨ੍ਹਾਂ ਦੀ ਜ਼ਿਆਦਾ ਵਰਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਆਫ਼ਤਾਂ ਦੇ ਖ਼ਤਰੇ ਨੂੰ ਵਧਾ ਸਕਦੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਾਡੀ ਪਰੰਪਰਾਗਤ ਗਿਆਨ ਪ੍ਰਣਾਲੀ ਨੇ ਹਮੇਸ਼ਾ ਸਾਨੂੰ ਟਿਕਾਊ ਜੀਵਨ ਸ਼ੈਲੀ ਅਪਣਾਉਣ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਕਿ ਅਸੀਂ ਆਪਣਾ ਸਮਾਂ ਵਾਤਾਵਰਨ ਦੀ ਸੁਰੱਖਿਆ ਲਈ ਸਮਰਪਿਤ ਕਰੀਏ।ਇਸ ਮੌਕੇ ਪ੍ਰੋ. ਆਰ. ਜੇ. ਪੇਰੂਮਲ ਨੇ ‘‘ਕੁਦਰਤੀ ਅਤੇ ਮਾਨਵ ਖ਼ਤਰੇ: ਧਰਤੀ ਉੱਤੇ ਪ੍ਰਭਾਵ’’ ਵਿਸ਼ੇ ’ਤੇ ਲੈਕਚਰ ਦਿੱਤਾ। ਇਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਬਠਿੰਡਾ ਦੇ ਇੰਜੀਨੀਅਰ ਰਵੀ ਪਾਲ ਨੇ ਪੰਜਾਬ ਵਿੱਚ ਜਲ ਸਰੋਤਾਂ ਵਿੱਚ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਅਤੇ ਕਾਰਨਾਂ ਬਾਰੇ ਚਰਚਾ ਕੀਤੀ।ਇਸ ਮੌਕੇ ਸੀਯੂਪੀਬੀ ਭੂ-ਵਿਗਿਆਨ ਵਿਭਾਗ ਦੁਆਰਾ ਆਯੋਜਿਤ ਭੂ-ਵਿਗਿਆਨ ਪ੍ਰਦਰਸ਼ਨੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਡੀਪੀਐਸ ਬਠਿੰਡਾ; ਡੀਏਵੀ ਬਠਿੰਡਾ; ਜੀਐਸਐਸਐਸ, ਘੁੱਦਾ; ਵਹੀਟ ਫੀਲਡ ਪਬਲਿਕ ਸਕੂਲ, ਘੁੱਦਾ; ਅਤੇ ਕੇ’ਦਰੀ ਵਿਦਿਆਲਿਆ ਨੰਬਰ 1, ਬਠਿੰਡਾ ਦੇ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਧਰਤੀ ਮਾਂ ਨੂੰ ਬਚਾਓ ਵਿਸ਼ੇ ’ਤੇ ਖੂਬਸੂਰਤ ਮਾਡਲ ਅਤੇ ਪੋਸਟਰ ਪਰਦਰਸ਼ਿਤ ਕੀਤੇ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਡਾ. ਜੇ.ਕੇ ਪਟਨਾਇਕ ਨੇ ਪ੍ਰੋਗਰਾਮ ਦੇ ਵਿਸ਼ੇ ’ਤੇ ਚਾਨਣਾ ਪਾਇਆ। ਸਕੂਲ ਆਫ਼ ਐਨਵਾਇਰਮੈਂਟ ਐਂਡ ਅਰਥ ਸਾਇੰਸਜ਼ ਦੇ ਡੀਨ ਡਾ. ਸੁਨੀਲ ਮਿੱਤਲ ਨੇ ਮੁੱਖ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ। ਅੰਤ ਵਿੱਚ ਭੂ-ਵਿਗਿਆਨ ਵਿਭਾਗ ਦੇ ਮੁਖੀ ਡਾ. ਕੇ. ਕ੍ਰਿਸ਼ਨ ਕਾਂਤ ਸਿੰਘ ਨੇ ਰਸਮੀ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।

ਪੰਜਾਬ ਪੁਲਿਸ ਨੇ ਉੱਤਰਾਖੰਡ ਦੇ ਵਪਾਰੀ ਦੀ ਟਾਰਗੇਟ ਕਿਲਿੰਗ ਦਾ ਮਨਸੂਬਾ ਕੀਤਾ ਨਾਕਾਮ; ਅਰਸ਼ ਡੱਲਾ ਗੈਂਗ ਦੇ ਦੋ ਮੈਂਬਰ ਕਾਬੂ

0

ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਪੁਲਿਸ ਟੀਮਾਂ ਨੇ ਤਿੰਨ ਪਿਸਤੌਲਾਂ ਅਤੇ 1.90 ਲੱਖ ਰੁਪਏ ਦੀ ਨਕਦੀ ਵੀ ਕੀਤੀ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਨਾਮਜ਼ਦ-ਅੱਤਵਾਦੀ ਅਰਸ਼ ਡੱਲਾ ਅਤੇ ਗੈਂਗਸਟਰ ਸੁੱਖਾ ਦੁੱਨੇਕੇ ਨਾਲ ਜੁੜੇ ਦੋ ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉੱਤਰਾਖੰਡ ’ਚ ਸੰਭਾਵਿਤ ਟਾਰਗੇਟ ਕਿਲਿੰਗ ਦਾ ਮਨਸੂਬਾ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਉਚ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸ਼ਿਮਲਾ ਸਿੰਘ ਵਾਸੀ ਪਿੰਡ ਗਰਾਂਘਣਾ ਜ਼ਿਲ੍ਹਾ ਮਾਨਸਾ ਅਤੇ ਹਰਜੀਤ ਸਿੰਘ ਉਰਫ਼ ਗੋਰਾ ਵਾਸੀ ਪਿੰਡ ਭਡੋਲੀਆਂਵਾਲੀ ਜ਼ਿਲ੍ਹਾ ਫ਼ਤਿਹਾਬਾਦ ਹਰਿਆਣਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇੰਨ੍ਹਾਂ ਕੋਲੋ ਤਿੰਨ ਪਿਸਤੌਲਾਂ .32 ਬੋਰ, .315 ਬੋਰ ਦਾ ਦੇਸੀ ਕੱਟਾ, ਜਿੰਦਾ ਕਾਰਤੂਸ ਅਤੇ ਮੈਗਜ਼ੀਨ ਸਮੇਤ ਇੱਕ 12 ਬੋਰ ਦਾ ਦੇਸੀ ਕੱਟਾ ਬਰਾਮਦ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ 1.90 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ, ਜੋ ਕਿ ਕੰਟਰੈਕਟ ਕਿਲਿੰਗ ਲਈ ਮੁਹੱਈਆ ਕਰਵਾਈ ਗਈ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਸੂਚਨਾਵਾਂ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਬਠਿੰਡਾ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਬਠਿੰਡਾ ਦੇ ਪਿੰਡ ਜੱਸੀ ਪੌਵਾਲੀ ਵਿਖੇ ਨਾਕਾ ਲਗਾਇਆ ਅਤੇ ਜਦੋਂ ਸ਼ਿਮਲਾ ਸਿੰਘ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਸੀ, ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਵਧੇਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ. ਸਿਮਰਤਪਾਲ ਸਿੰਘ ਨੇ ਦੱਸਿਆ ਕਿ ਸ਼ਿਮਲਾ ਸਿੰਘ ਨੇ ਖੁਲਾਸਾ ਕੀਤਾ ਕਿ ਅਰਸ਼ ਡੱਲਾ ਨੇ ਉਸ ਨੂੰ ਕਾਸ਼ੀਪੁਰ ਦੇ ਵਪਾਰੀ ਨੂੰ ਮਾਰਨ ਲਈ ਕਿਹਾ ਸੀ ਅਤੇ ਉਸ ਨੂੰ ਲੌਜਿਸਟਿਕ ਸਹਾਇਤਾ ਲਈ ਆਪਣੇ ਸਾਥੀ ਸਾਧੂ ਸਿੰਘ, ਜੋ ਇਸ ਸਮੇਂ ਹਲਦਵਾਨੀ ਜੇਲ੍ਹ ਵਿੱਚ ਬੰਦ ਹੈ, ਨੂੰ ਮਿਲਣ ਲਈ ਕਿਹਾ ਸੀ।ਉਹਨਾਂ ਕਿਹਾ ਕਿ ਅਰਸ਼ ਡੱਲਾ ਨੇ ਇਸ ਕੰਟਰੈਕਟ ਕਿਲਿੰਗ ਨੂੰ ਅੰਜਾਮ ਦੇਣ ਲਈ 7 ਲੱਖ ਰੁਪਏ ਸ਼ਿਮਲਾ ਸਿੰਘ ਨੂੰ ਦੋ ਕਿਸ਼ਤਾਂ – 4 ਲੱਖ ਅਤੇ 3 ਲੱਖ ਰੁਪਏ- ਵਿੱਚ ਭੇਜੇ ਸਨ।ਏ.ਆਈ.ਜੀ ਨੇ ਦੱਸਿਆ ਕਿ ਦੋਸ਼ੀ ਸ਼ਿਮਲਾ ਸਿੰਘ ਨੇ ਸੁੱਖਾ ਦੁੱਨੇਕੇ ਦੇ ਕਹਿਣ ’ਤੇ ਅਣਪਛਾਤੇ ਵਿਅਕਤੀ ਨੂੰ 4 ਲੱਖ ਰੁਪਏ ਦਿੱਤੇ ਸਨ ਅਤੇ ਇਸ ਕਤਲ ਨੂੰ ਅੰਜਾਮ ਦੇਣ ਲਈ ਛੇ ਹਥਿਆਰਾਂ ਦਾ ਪ੍ਰਬੰਧ ਕਰਨ ਵਾਸਤੇ ਹਰਜੀਤ ਸਿੰਘ ਉਰਫ ਗੋਰਾ ਨੂੰ 3 ਲੱਖ ਰੁਪਏ ਦਿੱਤੇ ਸਨ।ਇਸ ਉਪਰੰਤ ਪੁਲਿਸ ਟੀਮਾਂ ਨੇ ਹਰਿਆਣਾ ਪੁਲਿਸ ਦੀ ਮਦਦ ਨਾਲ ਹਰਜੀਤ ਗੋਰਾ ਨੂੰ ਉਸਦੇ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਬਰਾਮਦਗੀਆਂ ਦੀ ਵੀ ਉਮੀਦ ਹੈ।ਇਸ ਸਬੰਧੀ ਐਫ.ਆਈ.ਆਰ. ਨੰ. 48 ਮਿਤੀ 20-04-2023 ਨੂੰ ਅਸਲਾ ਐਕਟ ਦੀ ਧਾਰਾ 25(6), (7)/54/59 ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 120ਬੀ ਤਹਿਤ ਥਾਣਾ ਸਦਰ ਬਠਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਜ਼ਿਲ੍ਹੇ ਦੀਆਂ ਮੰਡੀਆਂ ’ਚ ਹੋਈ 5,43,162 ਮੀਟਰਕ ਟਨ ਕਣਕ ਦੀ ਆਮਦ

0

4,96,285 ਮੀਟ੍ਰਿਕ ਟਨ ਕਣਕ ਦੀ ਕੀਤੀ ਜਾ ਚੁੱਕੀ ਹੈ ਖਰੀਦ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਅੱਜ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 5,43,162 ਮੀਟਰਕ ਟਨ ਹੋਈ ਕਣਕ ਦੀ ਆਮਦ ਵਿੱਚੋਂ 4,96,285 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਦਾ ਕੰਮ ਵੀ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਦੁਆਰਾ ਖਰੀਦੀ ਗਈ 4 ਲੱਖ 96 ਹਜ਼ਾਰ 285 ਮੀਟ੍ਰਿਕ ਟਨ ਕਣਕ ਵਿੱਚੋਂ ਪਨਗਰੇਨ ਵੱਲੋਂ 1,47,182 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 1,33,857, ਪਨਸਪ ਵੱਲੋਂ 1,16,800, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 77,206 ਅਤੇ ਵਪਾਰੀਆਂ ਵੱਲੋਂ 21,240 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਕੀਤੀ ਗਈ ਫਸਲ ਦੀ ਸਮੇਂ-ਸਿਰ ਲਿਫਟਿੰਗ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਣਕ ਦਾ ਇੱਕ-ਇੱਕ ਦਾਣਾ ਖਰੀਦ ਕੀਤਾ ਜਾਵੇਗਾ। ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਹੂਲਤ ਲਈ ਕੋਈ ਕਮੀ ਨਹੀਂ ਰਹਿਣੀ ਚਾਹੀਦੀ।ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਨਾੜ ਜਾਂ ਰਹਿੰਦ-ਖੂੰਹਦ ਨੂੰ ਨਾ ਸਾੜ ਕੇ ਖੇਤਾਂ ਵਿਚ ਹੀ ਉਸਦਾ ਪ੍ਰਬੰਧਨ ਕੀਤਾ ਜਾਵੇ। ਉਨਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਵਿੱਚ ਪ੍ਰਦੂਸ਼ਣ ਫੈਲਦਾ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਣ ਦੇ ਨਾਲ-ਨਾਲ ਜ਼ਮੀਨ ਵਿਚਲੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਫ਼ਸਲ ਲਿਆਉਣ ਦੀ ਅਪੀਲ ਕੀਤੀ ।

ਕਾਂਗਰਸ ਦੇ ਜਿਲ੍ਹਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਨਾ ਨੇ ਸ਼ਹੀਦ ਫੌਜੀ ਸੇਵਕ ਸਿੰਘ ਦੇ ਪ੍ਰਵਾਰ ਨਾਲ ਪ੍ਰਗਟਾਇਆ ਦੁੱਖ

0

ਪਰਵਾਰ ਨੂੰ ਪੰਜਾਬ ਸਰਕਾਰ ਸ਼ਹੀਦ ਦੇ ਨਾਮ ਪੈਟਰੋਲ ਪੰਪ ਜਾਂ ਗੈਸ ਏਜੰਸੀ ਅਲਾਟ ਕਰੇ : ਜਟਾਣਾ
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ: ਬੀਤੇ ਦਿਨ ਪੁੰਛ ਦੇ ਇਲਾਕੇ ਵਿਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਪਿੰਡ ਬਾਘਾ ਦੇ ਫ਼ੌਜੀ ਗੁਰਸੇਵਕ ਸਿੰਘ ਦੀ ਸ਼ਹਾਦਤ ਨੂੰ ਨਮਨ ਕਰਨ ਅਤੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਜ਼ਿਲ੍ਹਾ ਕਾਂਗਰਸ ਬਠਿੰਡਾ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਖੁਸ਼ਬਾਜ ਸਿੰਘ ਜਟਾਨਾ ਪਿੰਡ ਬਾਘਾ ਪੁੱਜੇ। ਇਸ ਦੌਰਾਨ ਉਨ੍ਹਾਂ ਪ੍ਰਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ , ਇਕ ਕਰੋੜ ਰੁਪਏ ਦੀ ਸਹਾਇਤਾ ਦੇਣ ਦੇ ਨਾਲ ਪਰਿਵਾਰਕ ਮੈਂਬਰਾਂ ਨੂੰ ਪਟਰੋਲ ਪੰਪ ਜਾਂ ਗੈਸ ਏਜੰਸੀ ਅਲਾਟ ਕੀਤੀ ਜਾਵੇ ਤਾਂ ਜੋ ਪਰਿਵਾਰ ਦੀ ਆਰਥਕ ਮਦਦ ਹੋ ਸਕੇ। ਉਨ੍ਹਾਂ ਕਿਹਾ ਕਿ ਪੁੰਛ ਵਿਚ ਹੋਇਆ ਹਮਲਾ ਕਾਇਰਤਾ ਦੀ ਨਿਸ਼ਾਨੀ ਹੈ ਜਿਸ ਦੀ ਕਾਂਗਰਸ ਪਾਰਟੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਵਾਨਾਂ ਨੇ ਹਮੇਸ਼ਾ ਹੀ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਗਈਆਂ ਹਨ ਤੇ ਇਨ੍ਹਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਇਨ੍ਹਾਂ ਦੀ ਸ਼ਹਾਦਤ ਅੱਗੇ ਸਿਰ ਝੁਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਨੂੰ ਅਜਿਹੇ ਕਈ ਘਟਨਾਵਾਂ ਤੇ ਸਖਤੀ ਨਾਲ ਕਦਮ ਚੁੱਕਣ ਦੀ ਲੋੜ ਹੈ ਪਰ ਅਫਸੋਸ ਵਿਸ਼ਵੀ ਕੇਂਦਰ ਸਰਕਾਰ ਦੇਸ਼ ਵਿਰੋਧੀ ਤਾਕਤਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਤੇ ਵਰਕਰ ਵੀ ਹਾਜ਼ਰ ਸਨ।

ਹਰਪਾਲ ਚੀਮਾ ਦਾ ਸਿੱਧੂ ਨੂੰ ਠੋਕਵਾਂ ਜਵਾਬ, ‘ਜੋ ਕਾਂਗਰਸ ਸਰਕਾਰ 5 ਸਾਲਾਂ ਵਿੱਚ ਨਹੀਂ ਕਰ ਸਕੀ, ਅਸੀਂ 1 ਸਾਲ ਵਿੱਚ ਕਰਕੇ ਵਿਖਾ ਦਿੱਤਾ ਹੈ’

0

28000+ ਨੌਕਰੀਆਂ, 500+ ਆਮ ਆਦਮੀ ਕਲੀਨਿਕ, 300 ਯੂਨਿਟ ਮੁਫਤ ਬਿਜਲੀ, 1 ਕਰੋੜ ਦੀ ਐਕਸ ਗ੍ਰੇਸ਼ੀਆ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਸਾਡੀਆਂ ਪ੍ਰਾਪਤੀਆਂ ਦੀ ਮੂੰਹ ਬੋਲਦੀ ਉਦਾਹਰਨ ਹੈ
ਮੈਂ ਚੁਣੌਤੀ ਦਿੰਦਾ ਹਾਂ ਸਿੱਧੂ ਨੂੰ, ਕਿ ਉਹ ਕਾਂਗਰਸ ਸਰਕਾਰ ਵੇਲੇ ਦੀਆਂ 10 ਪ੍ਰਾਪਤੀਆਂ ਹੀ ਗਿਣਾ ਦੇਵੇ : ਹਰਪਾਲ ਚੀਮਾ
ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 22 ਅਪ੍ਰੈਲ: ਆਮ ਆਦਮੀ ਪਾਰਟੀ (ਆਪ) ਨੇ ਨਵਜੋਤ ਸਿੰਘ ਸਿੱਧੂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਸਿੱਧੂ ਨੂੰ ਨਕਾਰਨ ਅਤੇ ਆਪਣੇ ਕੀਤੇ ਅਪਰਾਧਾਂ ਲਈ ਜੇਲ੍ਹ ਜਾਣ ਦੇ ਬਾਵਜੂਦ ਵੀ ਸਿੱਧੂ ਨੇ ਕੋਈ ਸਬਕ ਨਹੀਂ ਸਿੱਖਿਆ।‘ਆਪ’ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨਾਲ ਇੱਥੇ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਯਾਦ ਕਰਵਾਇਆ ਕਿ ਉਸਨੇ ਕਿਸ ਤਰ੍ਹਾਂ ਭ੍ਰਿਸ਼ਟ ਕਾਂਗਰਸ ਸਰਕਾਰ ਦਾ ਹਿੱਸਾ ਹੁੰਦਿਆ ਕਦੇ ਵੀ ਪੰਜਾਬ ਦੇ ਭਲੇ ਲਈ ਆਪਣੀ ਆਵਾਜ਼ ਨਹੀ ਉਠਾਈ। ’ਆਪ’ ਆਗੂ ਨੇ ਕਿਹਾ ਕਿ ਪੰਜਾਬ ’ਚ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਰਹੀ ਅਤੇ ਸੱਤਾ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਵਿਖਾਏ ਸੀ। ਉਨ੍ਹਾਂ ਦੇ ਵਾਅਦਿਆਂ ਵਿੱਚ ’ਘਰ-ਘਰ ਨੌਕਰੀ’, ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫੀ, ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ, ਬੇਅਦਬੀ ਦੇ ਮਾਮਲਿਆਂ ਵਿੱਚ ਨਿਆਂ, ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ ਆਦਿ ਸ਼ਾਮਲ ਸਨ। ਪਰ ਸਾਢੇ ਚਾਰ ਸਾਲ ਕਾਂਗਰਸ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਸਾਰੇ ਜਾਣਦੇ ਹਾਂ ਅਤੇ ਉਨ੍ਹਾਂ ਦੀ ਕੈਬਨਿਟ ਪੂਰੀ ਤਰ੍ਹਾਂ ਫੇਲ੍ਹ ਰਹੀ। ਕੈਪਟਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਪਰ ਉਨ੍ਹਾਂ ਦੇ ਹੀ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਏ।ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪੈਦਾ ਕੀਤਾ ਭ੍ਰਿਸ਼ਟਾਚਾਰ ਅਤੇ ਮਾਫੀਆ ਕਾਂਗਰਸ ਸਰਕਾਰ ਵੇਲੇ ਹੋਰ ਵਧਿਆ-ਫੁੱਲਿਆ। ਚੰਨੀ ਅਤੇ ਸਿੱਧੂ ਦੋਵੇਂ ’ਕੈਪਟਨ ਦੀ ਕੈਬਨਿਟ ਦੇ ਹੀਰੇ’ ਸਨ ਜਿਨ੍ਹਾਂ ਨੇ ਸਾਢੇ ਚਾਰ ਸਾਲ ਪੰਜਾਬ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੇ ਮੁੱਖ ਮੰਤਰੀਆਂ, ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਸਣੇ ਸਭ ’ਤੇ ਭ੍ਰਿਸ਼ਟਾਚਾਰ, ਸ਼ਰਾਬ ਮਾਫੀਆ ਅਤੇ ਟਰਾਂਸਪੋਰਟ ਮਾਫੀਆ ਦੇ ਦੋਸ਼ ਸਨ। ਸਿੱਧੂ ਨੇ ਖੁਦ ਕਾਨੂੰਨ ਤੋੜਿਆ, ਕਿਸੇ ਨੂੰ ਸੱਟ ਮਾਰੀ ਅਤੇ ਜੇਲ੍ਹ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੂੰ ਲੁੱਟਣ ਲਈ ਇਹ ਸਾਰੇ ਪੂਰੀ ਤਰ੍ਹਾਂ ਇੱਕਜੁੱਟ ਸਨ। ਚੀਮਾ ਨੇ ਅੱਗੇ ਕਿਹਾ ਕਿ ਸਾਡੀ ਪਾਰਟੀ 2017-22 ਲਈ ਵਿਰੋਧੀ ਧਿਰ ਵਿੱਚ ਸੀ ਅਤੇ ਮੈਂ ਵਿਰੋਧੀ ਧਿਰ ਦਾ ਨੇਤਾ ਸੀ। ਅਸੀਂ ਵਿਰੋਧੀ ਧਿਰ ਦੀ ਆਪਣੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਅਤੇ ਪੰਜਾਬ ਅਤੇ ਆਮ ਲੋਕਾਂ ਦੇ ਮਸਲੇ ਰੋਜ਼ਾਨਾ ਉਠਾਏ। ਇਹ ਉਨ੍ਹਾਂ ਦੇ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਫੈਸਲੇ ਅਤੇ ਨੀਤੀਆਂ ਹੀ ਸਨ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਅਤੇ ’ਆਪ’ ਦੀ ਇੱਕ ਇਮਾਨਦਾਰ ਸਰਕਾਰ ਚੁਣਨ ਦਾ ਫੈਸਲਾ ਕੀਤਾ।ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਨਜਾਇਜ਼ ਸ਼ਰਾਬ ਕਾਰਨ 128 ਲੋਕਾਂ ਦੀ ਮੌਤ ਹੋਈ ਸੀ ਅਤੇ ਹੁਣ ਨਵਜੋਤ ਸਿੰਘ ਸਿੱਧੂ ਉਨ੍ਹਾਂ ਹੀ ਲੋਕਾਂ ਦੇ ਘਰ ਜਾ ਰਹੇ ਹਨ ਜਿਹੜੇ ਕਿ ਭ੍ਰਿਸ਼ਟਾਚਾਰ, ਮਾਫੀਆ ਅਤੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰਨ ਸਣੇ ਉਪਰੋਕਤ ਬੇਕਸੂਰ ਲੋਕਾਂ ਦੀ ਮੌਤਾਂ ਲਈ ਜ਼ਿੰਮੇਵਾਰ ਹਨ।ਸਿੱਧੂ ’ਤੇ ਚੁਟਕੀ ਲੈਂਦਿਆਂ ਚੀਮਾ ਨੇ ਕਿਹਾ ਕਿ ਉਹ ’ਆਪ’ ਸਰਕਾਰ ਨੂੰ ’ਨਾਨ ਪਰਫਾਰਮਿੰਗ ਸਰਕਾਰ’ ਕਹਿ ਰਹੇ ਹਨ ਪਰ ਉਹ ਬੇਖ਼ਬਰ ਹਨ। ਭਗਵੰਤ ਮਾਨ ਦੀ ਅਗਵਾਈ ਵਾਲੀ ’ਆਪ’ ਸਰਕਾਰ ਨੇ 28 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਪਿਛਲੇ ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਦੇ 90% ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ ਪਰ ਨਵਜੋਤ ਸਿੰਘ ਸਿੱਧੂ ਇਨ੍ਹਾਂ ਗੱਲਾਂ ਤੋਂ ਇਸ ਲਈ ਅਣਜਾਣ ਹਨ ਕਿਉਂਕਿ ਕਾਂਗਰਸੀਆਂ ਦੇ ਪੈਲੇਸ ਵਰਗੇ ਘਰਾਂ ਵਿੱਚ, ਜਿੱਥੇ 20-25 ਏਸੀ ਹਨ, ਉੱਥੇ ਉਨ੍ਹਾਂ ਨੂੰ ਜ਼ੀਰੋ ਬਿੱਲ ਨਹੀਂ ਆ ਰਹੇ। ਚੀਮਾ ਨੇ ਕਿਹਾ ਕਿ ਅਸੀਂ ਪੀਐੱਸਪੀਸੀਐੱਲ ਨੂੰ ਬਿਜਲੀ ਸਬਸਿਡੀ ਦੇ 20,200 ਕਰੋੜ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਅਸੀਂ ਬਕਾਇਆ 9300 ਕਰੋੜ ਰੁਪਏ ਦੀ ਸਬਸਿਡੀ ਦੀ ਰਕਮ ਵੀ ਕਲੀਅਰ ਕਰਾਂਗੇ। ਅਸੀਂ ਨਵੀਂ ਸ਼ਰਾਬ ਨੀਤੀ ਪੇਸ਼ ਕੀਤੀ ਅਤੇ ਸੂਬੇ ਵਿੱਚੋਂ ਸ਼ਰਾਬ ਮਾਫੀਆ ਦਾ ਖਾਤਮਾ ਕੀਤਾ। ਸ਼ਰਾਬ ਦੀ ਆਮਦਨ ਵਿੱਚ 41.41% ਦਾ ਇਤਿਹਾਸਕ ਵਾਧਾ ਦਰਜ ਕੀਤਾ ਗਿਆ ਹੈ। ਅਸੀਂ ਹਜ਼ਾਰਾਂ ਏਕੜ ਨਜਾਇਜ਼ ਕਬਜ਼ਿਆਂ ਵਾਲੀ ਜ਼ਮੀਨ ਵੀ ਭ੍ਰਿਸ਼ਟ ਲੋਕਾਂ ਤੋਂ ਛੁਡਵਾਈ ਅਤੇ ਹੁਣ ਉਸ ਜ਼ਮੀਨ ਦਾ ਮਾਲੀਆ ਵੀ ਪੰਜਾਬ ਦੇ ਖ਼ਜ਼ਾਨੇ ਵਿੱਚ ਜਾ ਰਿਹਾ ਹੈ। ਅਸੀਂ ਸਿਰਫ਼ ਇੱਕ ਸਾਲ ਵਿੱਚ 500 ਤੋਂ ਵੱਧ ਮੁਹੱਲਾ ਕਲੀਨਿਕ ਖੋਲ੍ਹੇ ਹਨ ਅਤੇ ਨਵੇਂ ਹਸਪਤਾਲ ਬਣਾਏ ਜਾ ਰਹੇ ਹਨ। ਸਿੱਖਿਆ ਦੇ ਬਜਟ ਵਿੱਚ 17% ਦਾ ਵਾਧਾ ਕੀਤਾ ਗਿਆ ਅਤੇ ਸਕੂਲ ਆਫ ਐਮੀਨੈਂਸ ਸਥਾਪਿਤ ਕੀਤੇ ਜਾ ਰਹੇ ਹਨ। ਅਧਿਆਪਕਾਂ ਨੂੰ ਮਿਆਰੀ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਅਤੇ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਐਕਸ-ਗ੍ਰੇਸ਼ੀਆ ਦੇ ਰਹੇ ਹਾਂ ਅਤੇ ਸਾਡੇ ਵੱਲੋਂ ਇਕ ਵਿਧਾਇਕ-ਇਕ ਪੈਨਸ਼ਨ ਨਾਲ ਕਰਦਾਤਾਵਾਂ ਦੇ ਪੈਸੇ ਦੀ ਬਰਬਾਦੀ ਨੂੰ ਵੀ ਰੋਕਿਆ ਗਿਆ ਹੈ।ਚੀਮਾ ਨੇ ਸਵਾਲ ਕੀਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਸਭ ਕਿਵੇਂ ਪਤਾ ਨਹੀਂ ਹੈ, ਸ਼ਾਇਦ ਉਹ ਹੋਰਨਾਂ ਕਾਂਗਰਸੀਆਂ ਵਾਂਗ ਈਰਖਾ ਅਤੇ ਉਲਝਣ ਵਿਚ ਹਨ ਕਿ ਇੱਕ ਸਰਕਾਰ ਇੰਨੀ ਵਧੀਆ ਕਾਰਗੁਜ਼ਾਰੀ ਕਿਵੇਂ ਕਰ ਸਕਦੀ ਹੈ ਅਤੇ ਸਿਰਫ ਇੱਕ ਸਾਲ ਵਿਚ ਆਪਣੀਆਂ ਸਾਰੀਆਂ ਵੱਡੀਆਂ ਚੋਣ ਗਾਰੰਟੀਆਂ ਕਿਵੇਂ ਪੂਰੀਆਂ ਕਰ ਸਕਦੀ ਹੈ। ਚੀਮਾ ਨੇ ਨਵਜੋਤ ਸਿੰਘ ਸਿੱਧੂ ਨੂੰ ਸਿਰਫ਼ ’ਝੂਠ ਦੀ ਦੁਕਾਨ’ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਦੀ ਕੋਈ ਚਿੰਤਾ ਹੈ ਤਾਂ ਉਹ ਉਦੋਂ ਚੁੱਪ ਕਿਉਂ ਰਹੇ ਜਦੋਂ ਉਨ੍ਹਾਂ ਦੇ ਸਾਥੀ ਪੰਜਾਬ ਨੂੰ ਲੁੱਟ ਰਹੇ ਸਨ। ਉਸ ਨੇ ਭ੍ਰਿਸ਼ਟਾਚਾਰ ਅਤੇ ’ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ’ ਵਿਰੁੱਧ ਆਵਾਜ਼ ਕਿਉਂ ਨਹੀਂ ਉਠਾਈ ਆਪਣੀ ਸਰਕਾਰ ਦੌਰਾਨ ਐੱਸਸੀ ਸਕਾਲਰਸ਼ਿਪ ਘੁਟਾਲੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ, ਸ਼ਰਾਬ ਮਾਫੀਆ, ਰੇਤ ਮਾਫੀਆ ਅਤੇ ਟਰਾਂਸਪੋਰਟ ਮਾਫੀਆ ’ਤੇ ਸਿੱਧੂ ਚੁੱਪ ਕਿਉਂ ਰਹੇ? ਕੀ ਉਹ ਭਾਰਤ ਭੂਸ਼ਣ ਆਸ਼ੂ ਨੂੰ ਕਲੀਨ ਚਿੱਟ ਦੇ ਰਿਹਾ ਹੈ ਜਾਂ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਘਰ ਪੈਸੇ ਗਿਣਨ ਦੀਆਂ ਮਸ਼ੀਨਾਂ ਸਨ? ਚੀਮਾ ਨੇ ਕਿਹਾ ਕਿ ਸਿੱਧੂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕਾਂ ਨੂੰ ਦੇਣੇ ਚਾਹੀਦੇ ਹਨ।

ਬਠਿੰਡਾ ਪੁਲਿਸ ਵਲੋਂ ਦੋ ਨੌਜਵਾਨ ਨਸੀਲੀਆਂ ਦਵਾਈਆਂ ਸਹਿਤ ਕਾਬੂ

0

ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ: ਸਥਾਨਕ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਰ ਸਹਿਤ ਭਾਰੀ ਮਾਤਰਾ ’ਚ ਨਸੀਲੀਆਂ ਗੋਲੀਆਂ ਨਾਲ ਗ੍ਰਿਫਤਾਰ ਕੀਤਾ ਹੈ। ਅੱਜ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਇਸ ਕਾਰਵਾਈ ਵਿਚ ਲਵਦੀਪ ਸਿੰਘ ਵਾਸੀ ਖੱਚੜਾ ਅਤੇ ਜਸਪ੍ਰੀਤ ਸਿੰਘ ਵਾਸੀ ਨਥੇਹਾ ਪੁਲਿਸ ਹੱਥੀ ਚੜ੍ਹੇ ਹਨ। ਇਨ੍ਹਾਂ ਕੋਲੋ 76 ਨਸੀਲੀਆਂ ਸੀਸੀਆਂ ਅਤੇ 76 ਪੱਤੇ ਨਸੀਲੀਆਂ ਗੋਲੀਆਂ(ਕੁੱਲ 760 ਗੋਲੀਟਾਂ) ਬਰਾਮਦ ਕੀਤੇ ਗਏ ਹਨ। ਦੋਨਾਂ ਕੋਲੋ ਇੱਕ ਪੋਲੋ ਕਾਰ ਤੇ ਇੱਕ ਪਲਟੀਨਾ ਮੋਟਰਸਾਈਕਲ ਵੀ ਮਿਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਦੋਨੋਂ ਨੌਜਵਾਨ ਸਥਾਨਕ ਸ਼ਹਿਰ ਵਿਚ ਇੱਕ ਕਮਰਾ ਲੈ ਕੇ ਰਹਿ ਰਹੇ ਹਨ। ਮੁਢਲੀ ਪੜਤਾਲ ਮੁਤਾਬਕ ਇਹ ਨੌਜਵਾਨ ਜਦ ਦਿੱਲੀ ’ਚ ਮੋਰਚੇ ਵਿਚ ਗਏ ਸਨ ਤਾਂ ਉਥੇ ਉਨ੍ਹਾਂ ਦਾ ਸੰਪਰਕ ਯੂਪੀ ਦੇ ਇੱਕ ਵਿਅਕਤੀ ਨਾਲ ਹੋਇਆ ਸੀ ਜੋ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ ਤੇ ਇਸਤੋਂ ਬਾਅਦ ਇੰਨ੍ਹਾਂ ਨੇ ਵੀ ਇਹ ਧੰਦਾ ਸ਼ੁਰੂ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸੀਆਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੇ ਹੁਣ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।

ਮੰਡੀਆਂ ’ਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ, ਲਿਫ਼ਟਿੰਗ ਨਾਲ ਹੋਣ ਕਾਰਨ ਆਉਣ ਲੱਗੀ ਸਮੱਸਿਆ

ਇੱਕ ਸਮੇਂ ਆਮਦ ਤੇ ਐਫ਼.ਸੀ.ਆਈ ਦੀਆਂ ਨੀਤੀਆਂ ਕਾਰਨ ਖੜੀ ਹੋਈ ਦਿੱਕਤ
ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ: ਬਠਿੰਡਾ ਪੱਟੀ ’ਚ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਮੰਡੀਆਂ ’ਚ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਅਚਾਨਕ ਇੱਕੋ ਸਮੇਂ ਕਣਕ ਦੀ ਹੋਈ ਆਮਦ ਤੇ ਐਫ਼.ਸੀ.ਆਈ ਦੀਆਂ ਨਵੀਂਆਂ ਨੀਤੀਆਂ ਕਾਰਨ ਆਉਣ ਵਾਲੇ ਦਿਨਾਂ ’ਚ ਵੱਡੀ ਦਿੱਕਤ ਖੜੇ ਹੋਣ ਦੀ ਸੰਭਾਵਨਾ ਬਣ ਗਈ ਹੈ। ਉਪਰੋਂ ਮੌਸਮ ਖਰਾਬ ਰਹਿਣ ਕਾਰਨ ਕਿਸਾਨਾਂ ਦੇ ਨਾਲ-ਨਾਲ ਖਰੀਦ ਏਜੰਸੀਆਂ ਨੂੰ ਵੱਡੀ ਚਿੰਤਾਂ ਸਤਾਉਣ ਲੱਗੀ ਹੈ। ਸੂਚਨਾ ਮੁਤਾਬਕ ਆਪ ਵਿਧਾਇਕ ਜਗਸੀਰ ਸਿੰਘ ਦੇ ਭੁੱਚੋਂ ਹਲਕੇ ਵਿਚ ਲਿਫ਼ਟਿੰਗ ਦੇ ਕੰਮ ਵਿਚ ਸਭ ਤੋਂ ਵੱਧ ਦਿੱਕਤਾਂ ਆ ਰਹੀਆਂ ਹਨ। ਭੁੱਚੋ ਮੰਡੀ ’ਚ ਸਿਰਫ਼ 13, ਗੋਨਿਆਣਾ ’ਚ 16 ਅਤੇ ਨਥਾਣਾ ਮੰਡੀ ’ਚ ਕੁੱਲ ਖ਼ਰੀਦੀ ਕਣਕ ਦਾ 24 ਫ਼ੀਸਦੀ ਹਿੱਸਾ ਹੀ ਮੰਡੀਆਂ ਵਿਚੋਂ ਚੁੱਕੀ ਜਾ ਸਕੀ ਹੈ। ਜੇਕਰ ਪੂਰੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਕੁੱਲ ਖਰੀਦ ਵਿਚੋਂ 29 ਫ਼ੀਸਦੀ ਹੀ ਲਿਫਟਿੰਗ ਹੋ ਸਕੀ ਹੈ। ਇਸੇ ਤਰਾਂ ਆਉਣ ਵਾਲੇ ਦਿਨਾਂ ‘ਚ ਜੇਕਰ ਸਰਕਾਰ ਨੇ ਇਸ ਸਮੱਸਿਆ ਵੱਲ ਵਿਸ਼ੇਸ ਧਿਆਨ ਨਾ ਦਿੱਤਾ ਤਾਂ ਇਹ ਵੱਡਾ ਮੁੱਦਾ ਬਣ ਸਕਦਾ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਅੱਜ ਸ਼ਾਮ ਤੱਕ ਮੰਡੀਆਂ ਵਿਚ ਆਮਦ ਹੋਈ ਕੁੱਲ 4 ਲੱਖ 85 ਹਜ਼ਾਰ ਮੀਟਰਕ ਟਨ ਕਣਕ ਵਿਚਂੋ 4 ਲੱਖ 30 ਹਜ਼ਾਰ ਮੀਟਰਕ ਟਨ ਕਣਕ ਦੀ ਖ਼ਰੀਦ ਹੋਣ ਦੇ ਬਾਵਜੂਦ ਮੰਡੀਆਂ ’ਚੋਂ ਸਿਰਫ਼ ਸਵਾ ਲੱਖ ਮੀਟਰਕ ਟਨ ਕਣਕ ਦੀ ਚੁਕਾਈ ਹੋ ਸਕੀ ਹੈ। ਜਿਸ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਕਣਕ ਦੀਆਂ ਬੋਰੀਆਂ ਨਾਲ ਭਰ ਗਈਆਂ ਹਨ। ਮੰਡੀਆਂ ਦੇ ਨਾਲ ਜੁੜੇ ਖਰੀਦ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਇਹ ਸਮੱਸਿਆ ਹੋਰ ਵਧ ਸਕਦੀ ਹੈ। ਦਸਣਾ ਬਣਦਾ ਹੈ ਕਿ ਐਫ਼.ਸੀ.ਆਈ ਵਲੋਂ ਇਸ ਸੀਜ਼ਨ ਵਿਚ ਕਣਕ ਨੂੰ ਗੋਦਾਮਾਂ ’ਚ ਲਗਾਉਣ ਦੀ ਬਜਾਏ ਸਪੈਸ਼ਲ ਟਰੇਨਾਂ ਰਾਹੀਂ ਦੂਜੇ ਸੂਬਿਆਂ ਵਿਚ ਭੇਜਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸਤੋਂ ਇਲਾਵਾ ਕਣਕ ਨੂੰ ਕਵਰਡ ਗੋਦਾਮਾਂ ਵਿਚ ਲਗਾਉਣ ਦੇ ਦਿੱਤੇ ਆਦੇਸ਼ਾਂ ਕਾਰਨ ਵੀ ਸਮੱਸਿਆ ਆ ਰਹੀ ਹੈ। ਬਠਿੰਡਾ ਸੈਂਟਰ ’ਚ ਐਫ਼.ਸੀ.ਆਈ ਦਾ ਇੱਕੋਂ ਪੀਜੀ ਗੋਦਾਮ ਹੈ, ਜਿੱਥੇ ਅਣਲੋਡਿੰਗ ਦੀ ਦਿੱਕਤ ਕਾਰਨ ਸੈਕੜੇ ਟਰੱਕ ਲਾਈਨਾਂ ਵਿਚ ਲੱਗੇ ਖੜੇ ਦਿਖ਼ਾਈ ਦਿੰਦੇ ਹਨ। ਇਸੇ ਤਰ੍ਹਾਂ ਇਸ ਵਾਰ ਪੰਜਾਬ ਸਰਕਾਰ ਵਲੋਂ ਟ੍ਰਾਂਸਪੋਟੇਸ਼ਨ ਤੇ ਲੇਬਰ ਕਾਰਟੇਜ਼ ਦੇ ਕੀਤੇ ਟੈਂਡਰਾਂ ਵਿਚ ਤਜਰਬੇ ਦੀ ਸ਼ਰਤ ਹਟਾਉਣ ਕਾਰਨ ਵੀ ਆਏ ਨਵੇਂ ਬੰਦਿਆਂ ਵਿਚੋਂ ਕੁੱਝ ਇੱਕ ਕੰਮ ਛੱਡ ਕੇ ਵਿਚਾਲੇ ਭੱਜ ਰਹੇ ਹਨ, ਜਿਸ ਕਾਰਨ ਖੁਰਾਕ ਸਪਲਾਈ ਵਿਭਾਗ ਵਲੋਂ ਦੁਬਾਰਾ ਟੈਂਡਰ ਕੀਤੇ ਜਾ ਰਹੇ ਹਨ ਤੇ ਲਿਫ਼ਟਿੰਗ ਦੇ ਕੰਮ ਵਿਚ ਦੇਰੀ ਹੋਈ ਹੈ। ਸੂਤਰਾਂ ਨੇ ਦਸਿਆ ਹੈ ਕਿ ਜ਼ਿਲ੍ਹੇ ਦੇ ਭੁੱਚੋਂ, ਗੋਨਿਆਣਾ, ਰਾਮਪੁਰਾ, ਰਾਮਾ, ਤਲਵੰਡੀ ਤੇ ਬਠਿੰਡਾ ਆਦਿ ਪੁਆਇੰਟਾਂ ਉਪਰ ਲਿਫਟਿੰਗ ਦਾ ਕੰਮ ਕਾਫ਼ੀ ਹੋਲੀ ਗਤੀ ਨਾਲ ਚੱਲ ਰਿਹਾ ਹੈ। ਦੂਜੇ ਪਾਸੇ ਬੇਮੌਸਮੀ ਬਾਰਸ਼ ਤੇ ਗੜ੍ਹੇਮਾਰੀ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਉਧਰ ਕਿਸਾਨ ਜਥੈਬੰਦੀਆਂ ਨੇ ਧੀਮੀ ਗਤੀ ਨਾਲ ਚੱਲ ਰਹੀ ਲਿਫ਼ਟਿੰਗ ’ਤੇ ਸਰਕਾਰ ਉਪਰ ਗੁੱਸਾ ਜ਼ਾਹਰ ਕਰਦਿਆਂ ਐਲਾਨ ਕੀਤਾ ਕਿ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਸਿੱਟਾ ਹੈ, ਜਿਸਦਾ ਨਤੀਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਕਿਸਾਨ ਆਗੂ ਰੇਸਮ ਸਿੰਘ ਯਾਤਰੀ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਹੀ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸੰਘਰਸ਼ ਵਿੱਢਣ ਲਈ ਮਜਬੂੁਰ ਹੋਵੇਗੀ।