ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਅਪ੍ਰੈਲ: ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਵਣ ਕੰਪਲੈਕਸ, ਮੋਹਾਲੀ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਬਾਲ ਅਧਿਕਾਰ ਕਮਿਸ਼ਨ ਦਾ ਲੋਗੋ ਜਾਰੀ ਕੀਤਾ।ਕੈਬਨਿਟ ਮੰਤਰੀ ਨੇ ਕਿਹਾ ਕਿ ਬਾਲ ਅਧਿਕਾਰ ਕਮਿਸ਼ਨ ਪੰਜਾਬ ਵਿੱਚ ਬਾਲ ਅਧਿਕਾਰਾਂ ਦੀ ਸੁਰੱਖਿਆ ਐਕਟ, 2005 ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਇੱਕ ਸਹਾਇਤਾ ਪ੍ਰਣਾਲੀ ਵਜੋਂ ਕੰਮ ਕਰਦਾ ਹੈ। ਇਸ ਲੋਗੋ ਵਿੱਚ ਪੰਜਾਬ ਦਾ ਭੌਤਿਕ ਨਕਸ਼ਾ, ਚਾਰ ਬੱਚਿਆਂ ਦੇ ਚਿੱਤਰਾਂ ਦੇ ਨਾਲ ਇੱਕ ਘੁਮਾਵਦਾਰ ਗੋਲਾ(ਚਾਪ) ਹੈ, ਜਿਸ ਨੂੰ ਕਿ ਹੇਠਾਂ ਇੱਕ ਹੱਥ ਦੁਆਰਾ ਸਹਾਰਾ ਦਿੱਤਾ ਹੋਇਆ ਹੈ, ਜੋ ਬੱਚਿਆਂ ਲਈ ਅਧਿਕਾਰ, ਉਮੀਦ, ਭਰੋਸਾ ਅਤੇ ਸਹਾਇਤਾ ਦਾ ਪ੍ਰਤੀਕ ਹੈ। ਇਹ ਲੋਗੋ ਬੱਚਿਆਂ ਦੀ ਭਲਾਈ ਅਤੇ ਬਾਲ ਅਧਿਕਾਰਾਂ ਪ੍ਰਤੀ ਕਮਿਸ਼ਨ ਦੇ ਭਰੋਸੇਮੰਦ ਅਤੇ ਕੁਸ਼ਲ ਕੰਮਕਾਜ ’ਤੇ ਰੌਸ਼ਨੀ ਪਾਉਂਦਾ ਹੈ। ਮੰਤਰੀ ਵੱਲੋਂ ਲੋਗੋਂ ਤਿਆਰ ਕਰਨ ਵਾਲੀ ਪ੍ਰੋ.ਅੰਜਲੀ ਅਗਰਵਾਲ ਦੀ ਸ਼ਲਾਘਾ ਕੀਤੀ, ਜਿਸ ਵੱਲੋਂ ਬਹੁਤ ਮਿਹਨਤ ਅਤੇ ਲਗਨ ਨਾਲ ਲੋਗੋਂ ਤਿਆਰ ਕੀਤਾ ਗਿਆ ਹੈ।ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਇਹ ਲੋਗੋ ਬੱਚਿਆਂ ਦੇ ਜੀਵਨ ਵਿਕਾਸ ਦੇ ਚਾਰ ਪੜਾਵਾਂ ਨੁੰ ਰੂਪਮਾਨ ਕਰਦਾ ਹੈ। ਡਾ. ਬਲਜੀਤ ਕੌਰ ਨੇ ਭਰੋਸਾ ਪ੍ਰਗਟਾਇਆ ਕਿ ਲੋਗੋ ਕਮਿਸ਼ਨ ਦੇ ਮਿਸ਼ਨ ਦੇ ਇੱਕ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਕੰਮ ਕਰੇਗਾ ਅਤੇ ਸਾਡੇ ਸਮਾਜ ਵਿੱਚ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰੇਗਾ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਾਲ ਅਧਿਕਾਰ ਕਮਿਸ਼ਨ ਦਾ ਲੋਗੋ ਕੀਤਾ ਜਾਰੀ
ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਲੰਬਿਤ ਪਏ ਵਿਜੀਲੈਂਸ ਕੇਸਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਲਈ ਕਿਹਾ
ਭ੍ਰਿਸ਼ਟਾਚਾਰ ਨੂੰ ਠੱਲ੍ਹਣ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ’ਤੇ ਦਿੱਤਾ ਜ਼ੋਰ
ਲੰਬਿਤ ਕੇਸਾਂ ਦੀ ਸਮੀਖਿਆ ਲਈ ਸਾਰੇ ਵਿਭਾਗਾਂ ਦੇ ਪ੍ਰਬੰਧਕੀ ਸਕੱਤਰ ਨਾਲ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 18 ਅਪਰੈਲ:ਭ੍ਰਿਸ਼ਟਾਚਾਰ ਵਿਰੁੱਧ ਸੂਬਾ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਵਿਜੈ ਕੁਮਾਰ ਜੰਜੂਆ ਨੇ ਮੰਗਲਵਾਰ ਨੂੰ ਸਾਰੇ ਵਿਭਾਗਾਂ ਨੂੰ ਭ੍ਰਿਸ਼ਟਾਚਾਰ ਦੀ ਅਲਾਮਤ ਨੂੰ ਹੋਰ ਸੁਚੱਜੇ ਢੰਗ ਨਾਲ ਖਤਮ ਕਰਨ ਲਈ ਸਬੰਧਤ ਵਿਭਾਗਾਂ ਵਿੱਚ ਲੰਬਿਤ ਪਏ ਵਿਜੀਲੈਂਸ ਕੇਸਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਦੇ ਨਿਰਦੇਸ਼ ਦਿੱਤੇ ਹਨ।ਇੱਥੇ ਆਪਣੇ ਦਫ਼ਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਭ੍ਰਿਸ਼ਟ ਤੇ ਦਾਗ਼ੀ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਭ੍ਰਿਸ਼ਟਾਚਾਰ ਰੋਕੂ ਕਾਨੂੰਨ 1988 ਦੀ ਧਾਰਾ 17ਏ ਅਤੇ 19 ਅਧੀਨ ਸਾਰੇ ਕੇਸਾਂ ਦਾ ਨਿਪਟਾਰਾ ਸਮਾਂਬੱਧ ਢੰਗ ਨਾਲ ਕੀਤਾ ਜਾਵੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਵਿੱਚ ਲੰਬਿਤ ਪਏ ਕਈ ਮਾਮਲਿਆਂ ਦਾ ਵੀ ਨੋਟਿਸ ਲਿਆ।ਸ੍ਰੀ ਜੰਜੂਆ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਇਸ ਮੁਹਿੰਮ ਨੂੰ ਨਤੀਜੇ ਤੱਕ ਪਹੁੰਚਾਇਆ ਜਾ ਸਕੇ।ਮੁੱਖ ਸਕੱਤਰ ਨੇ ਵਡੇਰੇ ਜਨਤਕ ਹਿੱਤ ਦੇ ਮੱਦੇਨਜ਼ਰ ਅਜਿਹੇ ਮਾਮਲਿਆਂ ਨੂੰ ਜਲਦ ਤੋਂ ਜਲਦ ਨਿਪਟਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਸਬੰਧਤ ਪ੍ਰਬੰਧਕੀ ਸਕੱਤਰਾਂ ਕੋਲ ਲੰਬਿਤ ਪਏ ਹਰੇਕ ਕੇਸ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਇੰਨ੍ਹਾਂ ਕੇਸਾਂ ਨੂੰ ਫਾਸਟ ਟਰੈਕ ਅਤੇ ਨਤੀਜਾ ਮੁਖੀ ਢੰਗ ਨਾਲ ਨਿਪਟਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ। ਸ੍ਰੀ ਜੰਜੂਆ ਨੇ ਅੱਗੇ ਕਿਹਾ ਕਿ ਉਹ ਖੁਦ ਇਨ੍ਹਾਂ ਕੇਸਾਂ ਦੀ ਪ੍ਰਗਤੀ ਸਬੰਧੀ ਨਿਯਮਤ ਤੌਰ ‘ਤੇ ਸਮੀਖਿਆ ਕਰਦੇ ਰਹਿਣਗੇ ਤਾਂ ਜੋ ਇਸ ਨੂੰ ਫਾਸਟ ਟਰੈਕ ਮੋਡ ‘ਤੇ ਲਿਆਂਦਾ ਜਾ ਸਕੇ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਲੰਬਿਤ ਪਏ ਕੇਸਾਂ ਵਿੱਚੋਂ 14 ਕੇਸਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਬਾਕੀਆਂ ਦੀ ਵੀ ਪੜਤਾਲ ਜਾਰੀ ਹੈ।
ਲਾਲਜੀਤ ਸਿੰਘ ਭੁੱਲਰ ਵੱਲੋਂ ਕੇਂਦਰ ਤੋਂ 15 ਸਾਲਾ ਸਰਕਾਰੀ ਗੱਡੀਆਂ ਸਕਰੈਪ ਕਰਨ ਦੀ ਵਿਧੀ ’ਚ ਤਬਦੀਲੀ ਦੀ ਮੰਗ
ਪੰਜਾਬ ਸਰਕਾਰ ਵੱਲੋਂ 50 ਫ਼ੀਸਦੀ ਅਗਾਊਂ ਕੇਂਦਰੀ ਸਹਾਇਤਾ ਮਿਲਣ ’ਤੇ ਸਕਰੈਪ ਕੀਤੀਆਂ ਗੱਡੀਆਂ ਨੂੰ ਇਲੈਕਟ੍ਰਿਕ ਵਾਹਨਾਂ ’ਚ ਬਦਲਣ ਦਾ ਭਰੋਸਾ
ਨਿਤਿਨ ਗਡਕਰੀ ਨੇ ਮੁੱਦੇ ਵਿਚਾਰਨ ਹਿੱਤ ਕੇਂਦਰ ਸਰਕਾਰ ਨਾਲ ਪੱਤਰ-ਵਿਹਾਰ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਅਪ੍ਰੈਲ:ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸੂਬੇ ਦੀਆਂ 15 ਸਾਲ ਪੁਰਾਣੀਆਂ ਸਰਕਾਰੀ ਗੱਡੀਆਂ ਸਕਰੈਪ ਕਰਨ ਦੀ ਵਿਧੀ ਵਿੱਚ ਤਬਦੀਲੀ ਕੀਤੀ ਜਾਵੇ ਅਤੇ ਸੂਬੇ ਨੂੰ 50 ਫ਼ੀਸਦੀ ਅਗਾਊਂ ਕੇਂਦਰੀ ਸਹਾਇਤਾ ਦਿੱਤੀ ਜਾਵੇ।ਨਵੀਂ ਦਿੱਲੀ ਵਿਖੇ ਸਾਰੇ ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਟਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਮੂਲੀਅਤ ਕਰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਭਰੋਸਾ ਦਿਵਾਇਆ ਕਿ ਜੇਕਰ 15 ਸਾਲ ਪੁਰਾਣੀਆਂ ਸਰਕਾਰੀ ਗੱਡੀਆਂ ਸਕਰੈਪ ਕਰਨ ਦੀ ਵਿਧੀ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਤਾਂ ਪੰਜਾਬ ਵੱਲੋਂ ਸਕਰੈਪ ਗੱਡੀਆਂ ਦੇ ਬਦਲ ਵਜੋਂ ਇਲੈਕਟ੍ਰਿਕ ਵਾਹਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਕਿਉਂ ਜੋ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ਇਲੈਕਟ੍ਰਿਕ ਵਾਹਨ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਸੂਬਾ ਸਰਕਾਰ ਵਾਤਾਵਰਣ-ਪੱਖੀ ਪਹਿਲ ਦੀ ਦਿਸ਼ਾ ਵਿੱਚ ਅੱਗੇ ਵਧਣ ਨੂੰ ਤਰਜੀਹ ਦੇ ਰਹੀ ਹੈ। ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਸ. ਭੁੱਲਰ ਨੇ ਕੌਮੀ ਰਾਜ ਮਾਰਗਾਂ ’ਤੇ ਸਪੀਡ ਹੱਦ ਵਧਾਉਣ ਦੀ ਮੰਗ ਵੀ ਰੱਖੀ। ਸੂਬੇ ਦੀਆਂ ਮੰਗਾਂ ਸਬੰਧੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਬੰਧੀ ਕੇਂਦਰ ਨੂੰ ਪੱਤਰ ਲਿਖੇ ਤਾਂ ਜੋ ਇਨ੍ਹਾਂ ਮੰਗਾਂ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਟਰੈਫ਼ਿਕ ਨਿਯਮਾਂ ਦੀ ਸਮੀਖਿਆ, ਵਾਹਨ ਫ਼ਿਟਨੈਸ ਸਟੇਸ਼ਨਾਂ ਦੀ ਸਥਾਪਨਾ, ਈ-ਬੱਸਾਂ ਲਈ ਵਿੱਤੀ ਸਹਾਇਤਾ ਅਤੇ ਡਰਾਈਵਿੰਗ ਲਾਇਸੰਸ ਜਾਰੀ ਕਰਨ ਨੂੰ ਸੁਚਾਰੂ ਬਣਾਉਣ ਸਮੇਤ ਵੱਖ-ਵੱਖ ਨੀਤੀ ਮਸਲੇ ਵੀ ਵਿਚਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਨਾਲ ਮਿਲ ਕੇ ਬਹੁਤ ਜਲਦੀ ਪੰਜਾਬ ਵਿੱਚ ਟਰਾਂਸਪੋਰਟ ਦੀਆਂ ਸੁਚਾਰੂ ਨੀਤੀਆਂ ਲਾਗੂ ਕੀਤੀਆਂ ਜਾਣਗੀਆਂ।
ਪ੍ਰਾਇਮਰੀ ਵਿੰਗ ’ਚ ਜਿਲ੍ਹਾ ਕੁਆਰਡੀਨੇਟਰ ਅਤੇ ਬੀ.ਐਮ.ਟੀ. ਵਜੋਂ ਕੰਮ ਕਰਦੇ ਅਧਿਆਪਕਾਂ ਦੀ ਪਿਤਰੀ ਸਕੂਲਾਂ ਵਿੱਚ ਵਾਪਸੀ ਦੇ ਹੋਏ ਹੁਕਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 18 ਅਪ੍ਰੈਲ : ਅੱਜ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਵੱਡਾ ਫੈਸਲਾ ਲੈਂਦਿਆਂ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ(ਪ੍ਰਾਇਮਰੀ) ਅਧੀਨ ਕੰਮ ਕਰਦੇ 23 ਜਿਲ੍ਹਾ ਕੁਆਰਡੀਨੇਟਰਾਂ ਨੂੰ ਅਤੇ 422 ਬੀ.ਐਮ.ਟੀ. ਨੂੰ ਤੁਰੰਤ ਪਿਤਰੀ ਸਕੂਲਾਂ ਵਿੱਚ ਜਾਣ ਦੇ ਹੁਕਮ ਦਿੱਤੇ ਹਨ। ਸਿੱਖਿਆ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਫੈਸਲਾ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿੱਦਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਅਧਿਆਪਕ ਆਪਣੇ ਪਿਤਰੀ ਸਕੂਲ ਵਿੱਚ ਤਾਇਨਾਤ ਰਹਿੰਦਿਆਂ ਹੀ ਪ੍ਰੋਜੈਕਟ ਸਬੰਧੀ ਕੰਮ ਨੇਪਰੇ ਚਾੜ੍ਹਨਗੇ।
ਕਰਨਾਟਕ ਦੇ ਹੁਬਲੀ ਵਿਖੇ ਗਰਜੇ ਭਗਵੰਤ ਮਾਨ, ਆਪ ਉਮੀਦਵਾਰ ਦੇ ਹੱਕ ਵਿੱਚ ਕੀਤਾ ਪ੍ਰਚਾਰ
ਕਾਂਗਰਸ ਹੁਣ ’ਚੇਂਜ’ ਦੀ ਨਹੀਂ ’ਐਕਸਚੇਂਜ’ ਦੀ ਪ੍ਰਤੀਕ ਹੈ- ਸੀਐੱਮ ਮਾਨ
ਮੋਦੀ ਵਾਅਦੇ ਨਹੀਂ ਕਰਦੇ ਬਲਕਿ ਜੁਮਲੇ ਸੁਣਾਉਂਦੇ ਹਨ- ਭਗਵੰਤ ਮਾਨ
ਪੰਜਾਬੀ ਖ਼ਬਰਸਾਰ ਬਿਉਰੋ
ਹੁਬਲੀ, 18 ਅਪ੍ਰੈਲ : ਕਰਨਾਟਕਾ ਵਿਖੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਉੱਥੇ ਪਹੁੰਚੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਹੁਬਲੀ ਵਿਖੇ ਰੋਡ ਸ਼ੋਅ ਦੌਰਾਨ ਵਿਰੋਧੀਆਂ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕਰਨਾਟਕਾ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ। ਉਨਾਂ ਲੋਕਾਂ ਨੂੰ ’ਆਪ ਨੂੰ ਇੱਕ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਦੀ ਹੈ ਅਤੇ ਦਿੱਲੀ ਅਤੇ ਪੰਜਾਬ ਇਸਦੀ ਪ੍ਰਤੱਖ ਉਦਾਹਰਨ ਹਨ। ਕਰਨਾਟਕਾ ਵਿਖੇ ਗਰਮਾਏ ਸਿਆਸੀ ਪਿੜ ਦੌਰਾਨ ਆਮ ਆਦਮੀ ਪਾਰਟੀ ਦੀ ਪ੍ਰਚਾਰ ਲਹਿਰ ਨੂੰ ਅਗਲੇ ਪੜਾਅ ਵਿੱਚ ਦਾਖਲ ਕਰਦਿਆਂ ਅੱਜ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਕਰਨਾਟਕਾ ਦੇ ਹੁਬਲੀ ਵਿਖੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਰੋਡ ਸ਼ੋਅ ਦੀ ਅਗਵਾਈ ਕੀਤੀ। ਇਸ ਦੌਰਾਨ ਉਨਾਂ ਕਾਂਗਰਸ ਅਤੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਇਨਾਂ ਨੇ 75 ਸਾਲਾਂ ਤੋਂ ਦੇਸ਼ ਨੂੰ ਲੁੱਟਿਆ ਹੈ। ਸ.ਮਾਨ ਨੇ ਕਿਹਾ ਕਿ ਕਾਂਗਰਸ ਨੂੰ ਦੇਸ਼ਵਾਸੀ ਹੁਣ ਨਕਾਰ ਚੁੱਕੇ ਹਨ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਹੁਣ ਚੇਂਜ (3henge) ਦਾ ਨਹੀਂ ਬਲਕਿ (5xchange) ਦਾ ਪ੍ਰਤੀਕ ਹੈ, ਜਿਸਦਾ ਕੋਈ ਆਗੂ ਜੇਕਰ ਕੋਈ ਚੋਣ ਜਿੱਤਦਾ ਹੈ ਤਾਂ ਨਾਲ ਹੀ ਆਪਣਾ ਵਿਕਣ ਦਾ ਰੇਟ ਵੀ ਤੈਅ ਕਰ ਲੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਨੂੰ ਹੁਣ ਆਪਣੇ ਦਫ਼ਤਰ ਦੇ ਬਾਹਰ ਇਹ ਲਿਖਕੇ ਲਾ ਲੈਣਾ ਚਾਹੀਦਾ ਹੈ ਕਿ ’ਇੱਥੇ ਲੋਕਾਂ ਦੁਆਰਾ ਚੁਣੇ ਹੋਏ ਵਿਧਾਇਕ ਵੇਚੇ ਜਾਂਦੇ ਹਨ।’ਮੁੱਖ-ਮੰਤਰੀ ਭਗਵੰਤ ਮਾਨ ਨੇ ਭਾਜਪਾ ਅਤੇ ਨਰੇਂਦਰ ਮੋਦੀ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਭਾਜਪਾ ਨੇ ਦੇਸ਼ ਅਤੇ ਰਾਜ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਲੋਕਾਂ ਨਾਲ ਉਨ੍ਹਾਂ ਦੇ ਖੁਸ਼ਹਾਲ ਭਵਿੱਖ ਲਈ ਕੋਈ ਸੱਚਾ ਵਾਅਦਾ ਕਰਨ ਦੀ ਬਜਾਏ ਹਰ ਵੇਲੇ ਉਨ੍ਹਾਂ ਨੂੰ ਸਿਰਫ਼ ਜੁਮਲੇ ਸੁਣਾਉਂਦੇ ਹਨ। ਸ.ਮਾਨ ਨੇ ਕਿਹਾ ਕਿ ਮੋਦੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਦੇਸ਼ਵਾਸੀਆਂ ਨੂੰ 15 ਲੱਖ ਦਾ ਵਾਅਦਾ ਕੀਤਾ ਪਰ ਜਦ ਸਰਕਾਰ ਬਣੀ ਤਾਂ ਇਹ ਪੈਸਾ ਤਾਂ ਲੋਕਾਂ ਨੂੰ ਕੀ ਮਿਲਣਾ ਸੀ ਉਲਟਾ ਭਾਜਪਾ ਸਰਕਾਰ ਨੇ ਨੋਟਬੰਦੀ ਕਰ ਲੋਕਾਂ ਦੇ ਖਾਤਿਆਂ ਵਿੱਚ ਪਏ ਬਚੇ-ਖੁਚੇ ਪੈਸੇ ਵੀ ਉਨ੍ਹਾਂ ਤੋਂ ਖੋਹ ਲਏ।ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕਰਨਾਟਕਾ ਦੀਆਂ ਸਮੱਸਿਆਵਾਂ ਇੱਕੋ ਜਹੀਆਂ ਹਨ। ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਹੈ, ਭ੍ਰਿਸ਼ਟਾਚਾਰ ਤੋਂ ਛੁਟਕਾਰਾ ਚਾਹੀਦਾ ਹੈ। ਚੰਗੇ ਸਕੂਲ, ਕਾਲਜ, ਹਸਪਤਾਲ ਚਾਹੀਦੇ ਹਨ। ਵਪਾਰ ਕਰਨ ਲਈ ਚੰਗਾ ਮਾਹੌਲ ਚਾਹੀਦਾ ਹੈ। ਚੰਗੀਆਂ ਸੜਕਾਂ, ਚੰਗੀ ਵਿਵਸਥਾ ਚਾਹੀਦੀ ਹੈ, ਅਤੇ ਇਹ ਸਭ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ। ਉਨ੍ਹਾਂ ਪੰਜਾਬ ਵਿੱਚ ’ਆਪ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ 28 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। 80 ਪ੍ਰਤੀਸ਼ਤ ਤੋਂ ਵੱਧ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਗਏ ਹਨ। ਭ੍ਰਿਸ਼ਟਾਚਾਰ ਨੂੰ ਨੱਥ ਪਈ ਹੈ। ਪਿਛਲੀਆਂ ਸਰਕਾਰਾ ਦੇ ਸਮੇਂ ਲੋਕਾਂ ਨੂੰ ਲੁੱਟਣ ਵਾਲੇ ਹੁਣ ਜੇਲ ਵਿੱਚ ਹਨ ਅਤੇ ਸਰਕਾਰ ਉਨ੍ਹਾਂ ਵੱਲੋਂ ਲੁੱਟੇ ਪੈਸੇ ਨੂੰ ਵਸੂਲ ਕਰ ਉਸ ਨਾਲ ਪੰਜਾਬ ਦਾ ਖਜ਼ਾਨਾ ਭਰ ਰਹੀ ਹੈ ਅਤੇ ਲੋਕ-ਭਲਾਈ ਦੇ ਕੰਮ ਹੋ ਰਹੇ ਹਨ। ਭਗਵੰਤ ਮਾਨ ਨੇ ’ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ-ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਵਰਗਾ ਨੇਤਾ ਦੇਸ਼ ਵਿੱਚ ਇੱਕੋ ਹੈ ਜੋ ਦੇਸ਼ ਦੀ ਤਰੱਕੀ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਸਰਕਾਰੀ ਸਕੂਲਾਂ ਵਿੱਚ ਕੀਤੇ ਸੁਧਾਰਾਂ ਦੀ ਬਦੌਲਤ ਹੁਣ ਦਿੱਲੀ ਦੇ ਆਮ ਨਾਗਰਿਕਾਂ ਦੇ ਬੱਚੇ ਵੀ ਚੰਗੀ ਸਿੱਖਿਆ ਹਾਸਿਲ ਕਰ ਰਹੇ ਹਨ ਅਤੇ ਵੱਡੇ ਅਹੁਦਿਆਂ ਤੇ ਬੈਠਣ ਦੇ ਯੋਗ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇਸ਼ ਨੂੰ ਅਤੇ ਦੇਸ਼ਵਾਸੀਆਂ ਨੂੰ ਸਮਰਪਿਤ ਹੈ ਜੋ ਕਿ ਕਿਸੇ ਸਰਵੇ ਵਿੱਚ ਨਹੀਂ ਬਲਕਿ ਸਿੱਧਾ ਸਰਕਾਰ ਵਿੱਚ ਹੀ ਆਉਂਦੀ ਹੈ। ਜੇਕਰ ਕਰਨਾਟਕਾ ਵਾਸੀ ਉਨ੍ਹਾਂ ਨੂੰ ਇੱਕ ਮੌਕਾ ਦਿੰਦੇ ਹਨ ਤਾਂ ਇਹ ਪੱਕਾ ਹੈ ਕਿ ਮੁੜ ਸੂਬੇ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਕਦੇ ਨਹੀਂ ਚੁਣਨਗੇ।
ਈ-ਫਾਰਮੇਸੀ ਬੰਦ ਨਾ ਹੋਈ ਤਾਂ ਸੜਕਾਂ ’ਤੇ ਆ ਜਾਣਗੇ ਕੈਮਿਸਟ: ਸੁਰਿੰਦਰ ਦੁੱਗਲ
ਇਸ ਮੁੱਦੇ ’ਤੇ ਜਲਦੀ ਹੀ ਸੰਘਰਸ਼ ਕੀਤਾ ਜਾਵੇਗਾ ਤੇਜ਼: ਅਸ਼ੋਕ ਬਾਲਿਆਂਵਾਲੀ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 18 ਅਪ੍ਰੈਲ : ਆਨਲਾਈਨ ਦਵਾ ਕੰਪਨੀਆਂ ਦੇ ਵਧਦੇ ਕਾਰੋਬਾਰ ਕਾਰਨ ਆਮ ਕੈਮਿਸਟ ਪ੍ਰੇਸ਼ਾਨ ਹਨ, ਜਿਸ ਦੇ ਤਹਿਤ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਭਰ ’ਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਪਰ ਅਜੇ ਤੱਕ ਕੈਮਿਸਟਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਸਬੰਧ ਵਿਚ ਅੱਜ ਅੰਮ੍ਰਿਤਸਰ ਵਿਖੇ ਸੂਬੇ ਭਰ ਦੇ ਕੈਮਿਸਟਾਂ ਦੀ ਸੰਸਥਾ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਵਲੋਂ ਇੱਕ ਮੀਟਿੰਗ ਕੀਤੀ ਗਈ। ਜਿਸ ਵਿਚ ਕੈਬਨਿਟ ਮੰਤਰੀ ਡਾ: ਇੰਦਰਵੀਰ ਸਿੰਘ ਨਿੱਝਰ ਮੁੱਖ ਮਹਿਮਾਨ ਅਤੇ ਪੰਜਾਬ ਫਾਰਮੇਸੀ ਕੌਂਸਲ ਦੇ ਚੇਅਰਮੈਨ ਸੁਸ਼ੀਲ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਪੀਸੀਏ ਪੰਜਾਬ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਕੈਬਨਿਟ ਮੰਤਰੀ ਅਤੇ ਪੰਜਾਬ ਫਾਰਮੇਸੀ ਕੌਂਸਲ ਦੇ ਚੇਅਰਮੈਨ ਨੂੰ ਦਵਾਈ ਵਿਕਰੇਤਾਵਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਆਨਲਾਈਨ ਸਪਲਾਈ ਕੈਮਿਸਟਾਂ ਦਾ ਕਾਰੋਬਾਰ ਖਤਮ ਕਰਨ ਦੇ ਬਰਾਬਰ ਹੈ, ਜੇਕਰ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ, ਤਾਂ ਆਉਣ ਵਾਲੇ ਸਮੇਂ ਵਿੱਚ ਕੈਮਿਸਟ ਅਤੇ ਉਨ੍ਹਾਂ ਨਾਲ ਜੁੜੇ ਲੱਖਾਂ ਪਰਿਵਾਰ ਬੇਰੁਜ਼ਗਾਰੀ ਦੀ ਲਪੇਟ ਵਿੱਚ ਆ ਜਾਣਗੇ। ਉਨ੍ਹਾਂ ਕਿਹਾ ਕਿ ਈ-ਫਾਰਮੇਸੀ ਰਾਹੀਂ ਨਸ਼ਿਆਂ ਦਾ ਕਾਰੋਬਾਰ ਵੀ ਵਧ ਰਿਹਾ ਹੈ। ਇਸ ਦੌਰਾਨ ਪੰਜਾਬ ਫਾਰਮੇਸੀ ਕੌਂਸਲ ਦੇ ਚੇਅਰਮੈਨ ਸੁਸ਼ੀਲ ਕੁਮਾਰ ਨੇ ਕਿਹਾ ਕਿ ਫਾਰਮਾਸਿਸਟਾਂ ਨੂੰ ਨਵੀਂ ਰਜਿਸਟਰੇਸ਼ਨ ਅਤੇ ਰੀਨਿਊਲ ਰਜਿਸਟਰੇਸ਼ਨ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਕਤ ਰਜਿਸਟਰੇਸ਼ਨ ਨੂੰ ਪੇਪਰ ਰਹਿਤ ਤੇ ਆਨਲਾਈਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਜ਼ਿਲ੍ਹਾ ਬਠਿੰਡਾ ਦੇ ਕੈਮਿਸਟਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਮੀਟਿੰਗ ਵਿੱਚ ਪੀ.ਸੀ.ਏ. ਦੇ ਜਨਰਲ ਸਕੱਤਰ ਜੀ.ਐਸ.ਚਾਵਲਾ, ਵਿੱਤ ਸਕੱਤਰ ਅਮਰਦੀਪ ਸਿੰਘ, ਪੰਜਾਬ ਭਰ ਤੋਂ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਹਾਜ਼ਰ ਸਨ। ਇਸ ਦੌਰਾਨ ਦੀ ਬਠਿੰਡਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਜ਼ਿਲ੍ਹਾ ਬਠਿੰਡਾ ਤੋਂ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ, ਹੋਲਸੇਲ ਐਸੋਸੀਏਸ਼ਨ ਦੇ ਕੈਸ਼ੀਅਰ ਵਰਿੰਦਰ ਕੁਮਾਰ ਨੇ ਸ਼ਿਰਕਤ ਕੀਤੀ।
ਬਾਬਾ ਫ਼ਰੀਦ ਕਾਲਜ ਵਲੋਂ ਸੈਮੀਨਾਰ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਬਾਬਾ ਫ਼ਰੀਦ ਕਾਲਜ ਦੇ ਮੈਨੇਜਮੈਂਟ ਐਂਡ ਕਾਮਰਸ ਵਿਭਾਗ ਨੇ ਇੰਟਰਪ੍ਰੀਨਿਓਰਸ਼ਿਪ ਸੈੱਲ ਦੇ ਸਹਿਯੋਗ ਨਾਲ ’ਉੱਭਰਦੇ ਉੱਦਮੀ ਅਤੇ ਸਟਾਰਟ ਅੱਪ ਨੂੰ ਪ੍ਰਫੁੱਲਿਤ ਕਰਨ ਦੇ ਸਮਰਥਨ ਬਾਰੇ ਇੱਕ ਸੈਮੀਨਾਰ ਆਯੋਜਿਤ ਕੀਤਾ। ਇਸ ਸੈਮੀਨਾਰ ਵਿੱਚ ਕਾਮਰਸ ਵਿਭਾਗ ਦੀ ਮੁਖੀ ਡਾ. ਅਮਨਪ੍ਰੀਤ ਮੁੱਖ ਮਹਿਮਾਨ ਅਤੇ ਇਨਕੂਬੇਸ਼ਨ ਮੈਨੇਜਰ ਸ਼੍ਰੀਮਤੀ ਇਕਬਾਲਪ੍ਰੀਤ ਕੌਰ ਸਿੱਧੂ ਇਸ ਸੈਮੀਨਾਰ ਦੇ ਸਰੋਤ ਵਿਅਕਤੀ ਸਨ। ਇਸ ਸੈਮੀਨਾਰ ਵਿੱਚ ਬੀ.ਕਾਮ, ਐਮ.ਕਾਮ.,ਐਮ.ਬੀ.ਏ. ਅਤੇ ਬੀ.ਬੀ.ਏ. ਦੇ ਲਗਭਗ 150 ਵਿਦਿਆਰਥੀਆਂ ਨੇ ਭਾਗ ਲਿਆ। ਮੁੱਖ ਬੁਲਾਰੇ ਨੇ ਸਟਾਰਟ ਅੱਪ ਅਤੇ ਉੱਦਮੀਆਂ ਬਾਰੇ ਆਪਣੇ ਵਿਸ਼ਾਲ ਗਿਆਨ ਨੂੰ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੂੰ ਉੱਦਮੀ ਬਣਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਸਹਿ-ਕੋਆਰਡੀਨੇਟਰ ਸੁਖਵੀਰ ਕੌਰ ਨੇ ਸਾਰੇ ਭਾਗੀਦਾਰਾਂ ਦਾ ਇਸ ਸੈਮੀਨਾਰ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਮੁੱਖ ਮਹਿਮਾਨ ਡਾ. ਅਮਨਪ੍ਰੀਤ (ਮੁਖੀ, ਕਾਮਰਸ ਵਿਭਾਗ) ਨੇ ਮੁੱਖ ਬੁਲਾਰੇ ਸ਼?ਰੀਮਤੀ ਇਕਬਾਲਪ੍ਰੀਤ ਕੌਰ ਸਿੱਧੂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਮੈਨੇਜਮੈਂਟ ਐਂਡ ਕਾਮਰਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਲੰਮੇ ਸਮੇਂ ਤੋਂ ਚੱਲ ਰਹੇ ਕੇਸਾਂ ਦਾ ਜਲਦ ਕੀਤਾ ਜਾਵੇ ਨਿਪਟਾਰਾ : ਡਿਪਟੀ ਕਮਿਸ਼ਨਰ
ਜ਼ਿਲ੍ਹਾ ਵਿਜੀਲੈਂਸ ਮੋਨੀਟਰਿੰਗ ਕਮੇਟੀ ਸਾਲ 2023-24 ਦੀ ਹੋਈ ਪਹਿਲੀ ਤਿਮਾਹੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਵਿਜੀਲੈਂਸ ਮੋਨੀਟਰਿੰਗ ਕਮੇਟੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਅਤਿਆਚਾਰ ਰੋਕਥਾਮ ਐਕਟ 1989 ਤਹਿਤ ਜ਼ਿਲ੍ਹਾ ਵਿਜੀਲੈਂਸ ਮੋਨੀਟਰਿੰਗ ਕਮੇਟੀ ਸਾਲ 2023-24 ਦੀ ਪਹਿਲੀ ਤਿਮਾਹੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਵਿਧਾਇਕ ਭੁੱਚੋਂ ਮੰਡੀ ਮਾਸਟਰ ਜਗਸੀਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਅੱਤਿਆਚਾਰ ਰੋਕਥਾਮ ਐਕਟ ਤਹਿਤ ਦਰਜ ਹੋਏ ਵੱਖ-ਵੱਖ ਅਦਾਲਤਾਂ ਅਤੇ ਐੱਸ.ਐੱਸ.ਪੀ. ਦਫਤਰ ਵਿਖੇ ਚੱਲ ਰਹੇ ਜੇਰੇ ਤਫਤੀਸ਼ ਕੇਸਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਲੰਮੇ ਸਮੇਂ ਤੋਂ ਚੱਲ ਰਹੇ ਕੇਸਾਂ ਦਾ ਨਿਪਟਾਰਾ ਕਰਨ ਲਈ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ।ਇਸ ਦੌਰਾਨ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸ਼੍ਰੀ ਬਰਿੰਦਰ ਸਿੰਘ ਨੇ ਦੱਸਿਆ ਕਿ ਸਾਲ 2022-23 ਦੌਰਾਨ 27,51,138 ਰੁਪਏ ਦਾ ਬਜਟ ਪ੍ਰਾਪਤ ਹੋਇਆ ਸੀ, ਜਿਸ ਚੋਂ 25,21,138 ਰੁਪਏ ਸਕੀਮ ਦੇ ਨਾਰਮਜ਼ ਅਨੁਸਾਰ 8 ਪੀੜ੍ਹਤਾਂ ਦੇ ਬੈਂਕ ਖਾਤਿਆਂ ਵਿੱਚ ਪੀ.ਐੱਫ.ਐੱਮ.ਐੱਸ.ਪੋਰਟਲ ਰਾਹੀਂ ਟਰਾਂਸਫਰ ਕਰ ਦਿੱਤੇ ਗਏ ਹਨ ਤੇ ਬਾਕੀ ਰਹਿੰਦੀ 2,30,000 ਰੁਪਏ ਦੀ ਰਾਸ਼ੀ ਪੀੜ੍ਹਤਾਂ ਦੇ ਖਾਤੇ ਵਿੱਚ ਰਾਸ਼ੀ ਟਰਾਂਸਫਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।ਇਸ ਮੌਕੇ ਉਪ ਮੰਡਲ ਮੈਜਿਸਟਰੇਟ ਫੂਲ ਓਮ ਪ੍ਰਕਾਸ਼, ਉਪ ਜ਼ਿਲ੍ਹਾ ਅਟਾਰਨੀ ਬਠਿੰਡਾ ਅਮਰਜੀਤ ਸਿਆਲ, ਡੀ.ਐੱਸ.ਪੀ. ਟਰੈਫ਼ਿਕ ਸੰਜੀਵ ਮਿੱਤਲ, ਤਹਿਸੀਲ ਅਫਸਰ ਤਲਵੰਡੀ ਸਾਬੋ ਗਗਨ ਗੋਇਲ, ਪ੍ਰਿੰਸੀਪਲ ਜਸਵੀਰ ਸਿੰਘ, ਪ੍ਰਿੰਸੀਪਲ ਮਨਸ਼ਿੰਦਰ ਕੌਰ, ਨਰਿੰਦਰ ਸਿੰਘ ਬਸੀ, ਮਨਿੰਦਰ ਸਿੰਘ, ਨਿਰਮਲ ਸਿੰਘ, ਜਸਪ੍ਰੀਤ ਸਿੰਘ ਅਤੇ ਸ਼੍ਰੀਮਤੀ ਰੇਨੂੰ ਬਾਲਾ ਨਾਨ-ਸਰਕਾਰੀ ਮੈਂਬਰ ਵੀ ਕਮੇਟੀ ਮੈਂਬਰਾਂ ਵੱਜੋਂ ਸ਼ਾਮਲ ਹੋਏ।
ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਚ ਲਿਆਂਦੀ ਜਾਵੇ ਤੇਜ਼ੀ : ਅਮ੍ਰਿਤ ਲਾਲ ਅਗਰਵਾਲ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਚ ਤੇਜ਼ੀ ਲਿਆਂਦੀ ਜਾਵੇ ਤੇ ਉਨ੍ਹਾਂ ਨੂੰ ਜਲਦ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਏਰੀਏ ਵਿੱਚ ਵਿਕਾਸ ਦਾ ਕੰਮ ਬਿਲਕੁਲ ਨਹੀਂ ਹੋਇਆ, ਉਸਨੂੰ ਪਹਿਲ ਦਿੱਤੀ ਜਾਵੇਗੀ। ਨਿਗਮ ਦੇ ਐਕਸੀਅਨ ਨੇ ਇਸ ਮੌਕੇ ਦਸਿਆ ਕਿ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਵਿਕਾਸ ਕਾਰਜ਼ਾਂ ਲਈ ਨਿਗਮ ਵਲੋਂ ਪ੍ਰਵਾਨ ਹੋਏ ਮਤਿਆਂ ਵਿੱਚੋ ਫੰਡਜ਼ ਦੇ ਆਧਾਰ ਤੇ ਟੈਂਡਰ ਕਾਲ ਕਿਤੇ ਜਾ ਰਹੇ ਹਨ। ਇਸਤੋਂ ਇਲਾਵਾ ਸ਼ਹਿਰ ਵਿੱਚ ਬਣ ਰਹੇ ਬਹੁ-ਮੰਜ਼ਿਲਾ ਪਾਰਕਿੰਗ ਵੀ ਜਲਦ ਮੁਕੰਮਲ ਹੋ ਜਾਵੇਗੀ। ਇਸੇ ਤਰ੍ਹਾਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਦਸਿਆ ਕਿ ਗਰੋਥ ਸੈਂਟਰ ਵਿਖੇ 5 ਲੱਖ ਗੈਲਨ ਕੈਪਿਸਿਟੀ ਦੀ ਵਾਟਰ ਵਰਕਸ ਟੈਂਕ ਜੂਨ-2023 ਤੱਕ ਮੁਕੰਮਲ ਹੋ ਜਾਵੇਗਾ, ਜਿਸ ਨਾਲ ਵੱਖ-ਵੱਖ ਇਲਾਕਿਆ ਨੂੰ ਪੀਣ ਵਾਲੇ ਨਹਿਰੀ ਪਾਣੀ ਦੀ ਹੋਰ ਵਧੇਰੇ ਢੰਗ ਨਾਲ ਸਪਲਾਈ ਪ੍ਰਾਪਤ ਹੋਵੇਗੀ। ਜਦੋਂਕਿ ਮੌੜ ਸ਼ਹਿਰ ਵਾਸੀਆਂ ਲਈ ਸੀਵਰੇਜ ਦੀ ਸਮੱਸਿਆ ਨੂੰ ਨਜਿੱਠਣ ਲਈ 26.15 ਕਰੋੜ ਦਾ ਪ੍ਰੋਜੈਕਟ ਤਿਆਰ ਕਰਕੇ ਮੁੱਖ ਦਫ਼ਤਰ-ਚੰਡੀਗੜ੍ਹ ਵਿਖੇ ਅਪਰੂਵਲ ਲਈ ਭੇਜਿਆ ਜਾ ਚੁੱਕਾ ਹੈ।ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸ਼ਹਿਰ ਬਠਿੰਡਾ ਵਿਖੇ ਨਿਊ ਵਾਟਰ ਸਪਲਾਈ ਲਈ 35 ਕਰੋੜ ਰੁਪਏ ਦਾ ਪ੍ਰੋਜੈਕਟ ਅਪਰੂਵ ਹੋ ਚੁੱਕਾ ਹੈ ਅਤੇ ਇਸ ਤੋਂ ਬਿਨਾਂ ਜਿੰਨਾਂ ਏਰੀਆਂ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਖਰਾਬ ਹੋ ਚੁੱਕੀਆਂ ਹਨ ਦੇ ਰੀਹੈਵਲੀਟੇਸ਼ਨ ਲਈ ਅਪਰੂਵਲ ਲਈ 25 ਕਰੋੜ ਦਾ ਪ੍ਰੋਜੈਕਟ ਤਿਆਰ ਕਰਕੇ ਭੇਜਿਆ ਗਿਆ ਹੈ। ਅੰਮ੍ਰਿਤ ਸਕੀਮ ਅਧੀਨ ਚਾਰ ਸ਼ਹਿਰਾਂ (ਭਾਈ ਰੂਪਾ, ਭੁੱਚੋ, ਨਥਾਣਾ ਅਤੇ ਰਾਮਪੁਰਾ) ਵਿੱਚ ਆਮ ਪਬਲਿਕ ਵਾਸਤੇ ਨਹਿਰੀ ਪਾਣੀ ਪੀਣ ਲਈ ਮੁਹੱਈਆ ਕਰਵਾਉਣ ਲਈ ਸਰਵੇ ਚੱਲ ਰਿਹਾ ਹੈ। ਇਸ ਮੌਕੇ ਹੋਰਨਾਂ ਵਿਭਾਗਾਂ ਤੋਂ ਇਲਾਵਾ ਅੰਕੜਾ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।
ਵਿਜੀਲੈਂਸ ਬਿਊਰੋ ਵਲੋਂ ਵਿਧਾਇਕ ਅਮਿਤ ਰਤਨ ਤੇ ਉਸਦੇ ਪੀਏ ਵਿਰੁਧ ਅਦਾਲਤ ’ਚ ਚਲਾਨ ਪੇਸ਼
ਅਵਾਜ਼ ਦੇ ਨਮੂਨਿਆਂ ਦੇ ਨਤੀਜ਼ੇ ਅਤੇ ਕੈਮੀਕਲ ਰੀਪੋਰਟਾਂ ਤੋਂ ਬਾਅਦ ਸਪਲੀਮੈਂਟਰੀ ਚਲਾਨ ਵੀ ਹੋਵੇਗਾ ਪੇਸ਼
ਵਿਧਾਇਕ ਪਟਿਆਲਾ ਅਤੇ ਪੀਏ ਹੈ ਬਠਿੰਡਾ ਜੇਲ੍ਹ ’ਚ ਬੰਦ, ਦੋਨਾਂ ਦੀਆਂ ਜਮਾਨਤ ਅਰਜੀਆਂ ਹੋ ਚੁੱਕੀਆਂ ਰੱਦ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਦੋ ਮਹੀਨੇ ਪਹਿਲਾਂ ਭ੍ਰਿਸਟਾਚਾਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਉਸ ਦੇ ਪੀ.ਏ. ਰਸ਼ਿਮ ਗਰਗ ਵਿਰੁਧ ਅੱਜ ਵਿਜੀਲੈਂਸ ਬਿਊਰੋ ਨੇ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਰਾਮ ਕੁਮਾਰ ਗੋਇਲ ਦੀ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਹੈ। ਵਿਧਾਇਕ ਅਤੇ ਪੀਏ ਵਿਰੁਧ ਐਫਆਈਆਰ ਨੰਬਰ 1, ਮਿਤੀ 16-02-2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 120-ਬੀ ਤਹਿਤ ਬਠਿੰਡਾ ਰੇਂਜ ਦੇ ਵਿਜੀਲੈਂਸ ਪੁਲਿਸ ਥਾਣੇ ਵਿਚ ਦਰਜ ਕੀਤੀ ਗਈ ਸੀ। ਮੌਜੂਦਾ ਸਮੇਂ ਵਿਧਾਇਕ ਪਟਿਆਲਾ ਅਤੇ ਪੀਏ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਨ। ਦੋਨਾਂ ਵਲੋਂ ਅਪਣੀਆਂ ਜਮਾਨਤ ਦੀਆਂ ਅਰਜ਼ੀਆਂ ਵੀ ਲਗਾਈਆਂ ਗਈਆਂ ਸਨ ਪ੍ਰੰਤੂ ਹੇਠਲੀ ਅਦਾਲਤ ਵਲੋਂ ਇੰਨ੍ਹਾਂ ਅਰਜੀਆਂ ਨੂੰ ਰੱਦ ਕੀਤਾ ਜਾ ਚੁੱਕਾ ਹੈ। ਗੌਰਤਲਬ ਹੈ ਕਿ ਭ੍ਰਿਸਟਾਚਾਰ ਦੇ ਮਾਮਲੇ ’ਚ ਵਿਧਾਇਕ ਦੇ ਪੀਏ ਰਿਸਮ ਗਰਗ 16 ਫ਼ਰਵਰੀ ਨੂੰ ਬਠਿੰਡਾ ਦੇ ਸਰਕਟ ਹਾਊਸ ’ਚ ਹਲਕੇ ਦੇ ਪਿੰਡ ਘੁੱਦਾ ਨੂੰ ਵਿਕਾਸ ਕਾਰਜ਼ਾਂ ਲੲਂੀ ਆਈ ਰਾਸ਼ੀ ਦੀਆਂ ਗ੍ਰਾਂਟਾਂ ਰਿਲੀਜ਼ ਕਰਨ ਬਦਲੇ ਮਹਿਲਾ ਸਰਪੰਚ ਦੇ ਪਤੀ ਤੋਂ ਚਾਰ ਲੱਖ ਰੁਪਏ ਰਿਸ਼ਵਤ ਲੈਂਦੇ ਹੋੲੈ ਵਿਜੀਲੈਂਸ ਬਿਉਰੋ ਦੀ ਟੀਮ ਵਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ। ਹਾਲਾਂਕਿ ਪ੍ਰਾਈਵੇਟ ਪੀਏ ਰਿਸ਼ਮ ਦੀ ਗ੍ਰਿਫਤਾਰੀ ਮੌਕੇ ਵਿਧਾਇਕ ਖੁਦ ਵੀ ਸਰਕਟ ਹਾਊਸ ਵਿਚ ਮੌਜੂਦ ਸਨ ਪ੍ਰੰਤੂ ਵਿਜੀਲੈਂਸ ਟੀਮ ਨੇ ਸਿਕਾਇਤਕਰਤਾ ਵਲੋਂ ਮੁਹੱਈਆਂ ਕਰਵਾਈਆਂ ਗਈਆਂ ਕਾਲ ਰਿਕਾਰਡਾਂ ਅਤੇ ਪੀਏ ਕੋਲੋ ਕੀਤੀ ਪੁਛਗਿਛ ਦੇ ਆਧਾਰ ’ਤੇ ਵਿਧਾਇਕ ਨੂੰ 18 ਫ਼ਰਵਰੀ ਨੂੰ ਧਾਰਾ 120 ਬੀ ਤਹਿਤ ਨਾਮਜਦ ਕੀਤਾ ਸੀ। ਜਿਸਤੋਂ ਬਾਅਦ ਅਮਿਤ ਰਤਨ ਨੂੰੰ ਵੀ 20-02-2023 ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਸਿਕਾਇਤਕਰਤਾ ਵਲੋਂ ਦਿੱਤੀਆਂ ਕਾਲ ਰਿਕਾਰਡਾਂ ਦਾ ਵਿਧਾਇਕ ਦੀ ਅਵਾਜ਼ ਨਾਲ ਮਿਲਾਣ ਕਰਵਾਉਣ ਲਈ ਨਮੂਨਿਆਂ ਦੀ ਰੀਪੋਰਟ ਫ਼ੋਰੇਂਸਕ ਲੈਬ ਨੂੰ ਭੇਜੀ ਹੋਈ ਹੈ। ਇਸਤੋਂ ਇਲਾਵਾ ਕੈਮੀਕਲ ਰੀਪੋਰਟ ਵੀ ਆਉਣੀਆਂ ਬਾਕੀ ਹਨ, ਜਿਸਦੇ ਚੱਲਦੇ ਆਉਣ ਵਾਲੇ ਦਿਨਾਂ ’ਚ ਉਕਤ ਦੋਨਾਂ ਵਿਰੁਧ ਇੱਕ ਸਪਲੀਮੈਂਟਰੀ ਚਲਾਨ ਵੀ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਜੀਲੈਂਸ ਨੂੰ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਸੀ ਕਿ ਵਿਕਾਸ ਕਾਰਜ਼ਾਂ ਲਈ ਆਈਆਂ ਗ੍ਰਾਂਟਾਂ ਨੂੰ ਰਿਲੀਜ਼ ਕਰਨ ਬਦਲੇ 20 ਫ਼ੀਸਦੀ ਕਮਿਸ਼ਨ ਮੰਗਣ ਤੋਂ ਇਲਾਵਾ ਪਿੰਡ ਘੁੱਦਾ ਦੇ ਇੱਕ ਵਿਅਕਤੀ ਗੁਰਦਾਸ ਸਿੰਘ ਕੋਲੋਂ ਵੀ ਵਿਧਾਇਕ ਅਤੇ ਉਸਦੇ ਪੀਏ ਨੇ ਪਿੰਡ ਦੀ ਨੰਬਰਦਾਰੀ ਦਿਵਾਉਣ ਦੇ ਬਦਲੇ 2,50,000 ਰੁਪਏ ਦੀ ਰਿਸ਼ਵਤ ਲਈ ਸੀ।




