Sunday, May 24, 2026
Home Blog Page 2141

ਕਚਿਹਰੀਆਂ ’ਚ ਤਰੀਕ ਭੁਗਤਣ ਆਈ ਔਰਤ ਨੂੰ ਨੌਜਵਾਨ ਨੇ ਕਿਰਚਾਂ ਮਾਰ ਕੇ ਕੀਤਾ ਗੰਭੀਰ ਜਖਮੀ

0

ਮਾਮਲਾ ਘਰੇਲੂ ਵਿਵਾਦ ਦਾ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਮੰਗਲਵਾਰ ਦੁਪਿਹਰ ਕਰੀਬ ਇੱਕ ਵਜੇਂ ਸਥਾਨਕ ਜ਼ਿਲ੍ਹਾ ਕਚਿਹਰੀਆਂ ਅਤੇ ਐਸ.ਐਸ.ਪੀ ਦਫ਼ਤਰ ਦੇ ਵਿਚਕਾਰ ਲੰਗਦੀ ਸੜਕ ਉਪਰ ਰੇਹੜੀ ’ਤੇ ਕੁਲਚੇ ਖ਼ਾ ਰਹੀ ਇੱਕ ਔਰਤ ਨੂੰ ਇੱਕ ਨੌਜਵਾਨ ਵਲੋਂ ਕਿਰਚਾਂ ਮਾਰ ਕੇ ਗੰਭੀਰ ਰੂਪ ਵਿਚ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਤੁਰੰਤ ਬਾਅਦ ਲੋਕਾਂ ਨੇ ਜਖਮੀ ਔਰਤ ਨੂੰ ਆਟੋ ਵਿਚ ਪਾ ਕੇ ਸਿਵਲ ਹਸਪਤਾਲ ਭਿਜਵਾਇਆ, ਜਿੱਥੇ ਉਸਦੀ ਗੰਭੀਰ ਹਾਲਾਤ ਨੂੰ ਦੇਖਦਿਆਂ ਏਮਜ਼ ਵਿਚ ਭੇਜ ਦਿੱਤਾ ਗਿਆ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ, ਐਸਐਚਓ ਸਿਵਲ ਲਾਈਨ ਇੰਸਪੈਕਟਰ ਯਾਦਵਿੰਦਰ ਸਿੰਘ ਤੇ ਹੋਰ ਅਧਿਕਾਰੀ ਪੁੱਜ ਗਏ, ਜਿੰਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੇਰ ਸ਼ਾਮ ਅਧਿਕਾਰੀਆਂ ਨੇ ਦਸਿਆ ਕਿ ਜਖਮੀ ਹੋਈ ਔਰਤ ਦੀ ਭੈਣ ਦੇ ਬਿਆਨਾਂ ਉਪਰ ਕਥਿਤ ਦੋਸ਼ੀ ਨੌਜਵਾਨ ਵਿਰੁਧ ਥਾਣਾ ਸਿਵਲ ਲਾਈਨ ਵਿਖੇ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਖਮੀ ਹੋਈ ਔਰਤ ਗੀਤਾ ਰਾਣੀ (35) ਦਾ ਕੁੱਝ ਸਾਲ ਪਹਿਲਾਂ ਵਿਆਹ ਗੁਲਸ਼ਨ ਕੁਮਾਰ ਪਟਵਾਰੀ ਵਾਸੀ ਪੂਜਾ ਵਾਲਾ ਮੁਹੱਲਾ ਬਠਿੰਡਾ ਨਾਲ ਹੋਇਆ ਸੀ। ਕਰੀਬ ਪੰਜ ਸਾਲ ਪਹਿਲਾਂ ਗੀਤਾ ਰਾਣੀ ਦਾ ਕਥਿਤ ਤੌਰ ’ਤੇ ਗੁਲਸ਼ਨ ਨਾਲ ਵਿਵਾਦ ਹੋ ਗਿਆ ਤੇ ਉਸਨੇ ਪਰਸਰਾਮ ਨਗਰ ਦੇ ਨੌਜਵਾਨ ਗੁਰਜੀਤ ਕੁਮਾਰ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੁਲਸ਼ਨ ਨੇ ਗੀਤਾ ਅਤੇ ਗੁਰਜੀਤ ਵਿਰੁਧ ਚੋਰੀ ਦਾ ਪਰਚਾ ਦਰਜ਼ ਕਰਵਾ ਦਿੱਤਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਕੁੱਝ ਸਮਾਂ ਪਹਿਲਾਂ ਗੁਲਸ਼ਨ ਕੁਮਾਰ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਉਸ ਵਲੋਂ ਦਰਜ਼ ਕਰਵਾਇਆ ਪਰਚਾ ਹਾਲੇ ਵੀ ਚੱਲ ਰਿਹਾ ਹੈ। ਅੱਜ ਉਕਤ ਪਰਚੇ ’ਚ ਅਦਾਲਤ ਵਿਚ ਗੀਤਾ ਰਾਣੀ ਅਪਣੀ ਭੈਣ ਕਮਲੈਸ ਰਾਣੀ ਨਾਲ ਪੇਸ਼ੀ ਭੁਗਤਣ ਆਈ ਹੋਈ ਸੀ। ਇਹ ਵੀ ਪਤਾ ਚੱਲਿਆ ਹੈ ਕਿ ਗੀਤਾ ਰਾਣੀ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਗੁਰਜੀਤ ਕੁਮਾਰ ਨਾਲੋਂ ਵੀ ਅਲੱਗ ਰਹਿਣਾ ਸ਼ੁਰੂ ਕਰ ਦਿੱਤਾ ਸੀ। ਉਧਰ ਪੇਸ਼ੀ ਭੁਗਤਣ ਤੋਂ ਬਾਅਦ ਗੀਤਾ ਰਾਣੀ ਕਚਿਹਰੀਆਂ ਦੇ ਨਾਲ ਲੱਗਦੀ ਸੜਕ ਉਪਰ ਇੱੱਕ ਰੇਹੜੀ ਉਪਰ ਕੁਲਚੇ ਖਾਣ ਲੱਗੀ। ਇਸ ਦੌਰਾਨ ਹੀ ਕਥਿਤ ਦੋਸ਼ੀ ਅਜੈ ਕੁਮਾਰ ਜੋਕਿ ਗੁਰਜੀਤ ਕੁਮਾਰ ਦਾ ਭਰਾ ਦਸਿਆ ਜਾ ਰਿਹਾ ਹੈ, ਮੌਕੇ ਉਪਰ ਪੁੱਜ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਮੁਤਾਬਕ ਦੋਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਹ ਵਿਵਾਦ ਥੋੜੇ ਸਮੇਂ ਵਿਚ ਹੀ ਤਕਰਾਰ ’ਚ ਬਦਲ ਗਿਆ ਤੇ ਗੀਤਾ ਰਾਣੀ ਨੇ ਕਥਿਤ ਤੌਰ ’ਤੇ ਕੁਲਚਿਆਂ ਵਾਲੀ ਪਲੇਟ ਅਜੈ ਦੇ ਮਾਰ ਦਿੱਤੀ। ਜਿਸਤੋਂ ਬਾਅਦ ਅੱਜ ਨੇ ਅਪਣੇ ਡੱਬ ਵਿਚੋਂ ਇੱਕ ਤੇਜਧਾਰ ਕਿਰਚ ਕੱਢ ਕੇ ਉਸਦੇ ਉਪਰ ਹਮਲਾ ਕਰ ਦਿੱਤਾ। ਇਸ ਦੌਰਾਨ ਕਈ ਵਾਰ ਉਸਨੇ ਉਸਦੇ ਪੇਟ ਉਪਰ ਕੀਤੇ ਤੇ ਇੱਕ ਵਾਰ ਪੱਟ ਉਪਰ ਵੀ ਲੱਗਿਆ। ਘਟਨਾ ਦਾ ਰੌਲਾ ਪੈਣ ’ਤੇ ਉਹ ਮੌਕੇ ਵਿਚੋਂ ਭੱਜ ਗਿਆ, ਜਿਸਨੂੰ ਬਾਅਦ ਵਿਚ ਪੁਲਿਸ ਨੇ ਕਾਬੂ ਕਰ ਲਿਆ। ਉਧਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦਸਿਆ ਕਿ ਲੜਕੀ ਦੀ ਹਾਲਾਤ ਕਾਫ਼ੀ ਗੰਭੀਰ ਸੀ, ਜਿਸਦੇ ਤੁਰੰਤ ਅਪਰੇਸ਼ਨ ਕੀਤੇ ਜਾਣੇ ਬਣਦੇ ਸਨ, ਜਿਸ ਕਾਰਨ ਉਸਨੂੰ ਏਮਜ਼ ਰੈਫ਼ਰ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਕਚਿਹਰੀ ਚੌਕੀ ਦੇ ਇੰਚਾਰਜ਼ ਥਾਣੇਦਾਰ ਕਸ਼ਮੀਰ ਸਿੰਘ ਨੇ ਦਸਿਆ ਕਿ ਔਰਤ ਗੀਤਾ ਰਾਣੀ ਦੀ ਹਾਲਾਤ ਕਾਫ਼ੀ ਗੰਭੀਰ ਹੈ, ਜਿਸਦੇ ਚੱਲਦੇ ਉਸਦੀ ਮੌਕੇ ’ਤੇ ਮੌਜੂਦ ਭੈਣ ਕਮਲੇਸ਼ ਰਾਣੀ ਦੇ ਬਿਆਨਾਂ ਉਪਰ ਅਜੈ ਕੁਮਾਰ ਦੇ ਵਿਰੁਧ ਧਾਰਾ 307 ਅਤੇ ਹੋਰਨਾਂ ਧਾਰਾਵਾਂ ਤਹਿਤ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

ਕਣਕ ਦੇ ਮੁੱਲ ’ਚ ਕਟੌਤੀ : ਕਿਸਾਨਾਂ ਨੇ ਕੀਤਾ ਰੇਲ੍ਹਾਂ ਦਾ ਚੱਕਾ ਜਾਮ

ਚਾਰ ਘੰਟੇ ਦਰਜ਼ਨਾਂ ਰੇਲ੍ਹ ਗੱਡੀਆਂ ਫ਼ਸੀਆਂ ਰਹੀਆਂ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਪਿਛਲੇ ਦਿਨੀਂ ਹੋਈਆਂ ਬੇਮੌਸਮੀ ਬਾਰਸ਼ਾਂ ਅਤੇ ਗੜੇਮਾਰੀ ਕਾਰਨ ਖ਼ਰਾਬ ਹੋਈਆਂ ਕਣਕਾਂ ਦੇ ਖ਼ਰੀਦ ਮੁੱਲ ’ਚ ਕੇਂਦਰ ਵਲੋਂ ਕੀਤੀ ਕਟੌਤੀ ਵਿਰੁਧ ਕਿਸਾਨਾਂ ਨੇ ਅੱਜ ਰੇਲ੍ਹਾਂ ਦਾ ਚੱਕਾ ਜਾਮ ਕਰਕੇ ਰੋਸ਼ ਜਤਾਇਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਅੱਜ ਬਠਿੰਡਾ ਦੇ ਰੇਲਵੇ ਸਟੇਸ਼ਨ ਉਪਰ ਦੋ ਵੱਖ ਵੱਖ ਥਾਵਾਂ ‘ਤੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਵੇ ਲਾਈਨਾਂ ਉਪਰ ਰੋਸ ਧਰਨਾ ਲਗਾਉਂਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ 2 ਉਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਧਰਨਾ ਦਿੱਤਾ ਜਾ ਰਿਹਾ ਸੀ ਤੇ ਦੂਜੇ ਪਾਸੇ ਮੁਲਤਾਨੀਆ ਪੁਲ ਹੇਠ 32 ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਰੇਲਾਂ ਦੀਆਂ ਪਟੜੀਆਂ ਉਪਰ ਧਰਨੇ ’ਤੇ ਬੈਠੇ ਹੋਏ ਸਨ। ਉਗਰਾਹਾ ਜਥੇਬੰਦੀ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਕਣਕ ਸਮੇਤ ਹੋਰ ਫਸਲਾਂ ਦੇ ਹੋਏ ਨੁਕਸਾਨ ਨੂੰ ਕੁਦਰਤੀ ਆਫਤ ਮੰਨਦੇ ਹੋਏ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਬਜਾਏ ਕੇਂਦਰ ਦੀ ਭਾਜਪਾ ਸਰਕਾਰ ਨੇ ਘੱਟੋ ਘੱਟ ਖ਼ਰੀਦ ਮੁੱਲ ’ਤੇ ਸ਼ਰਤਾਂ ਮੜ੍ਹ ਕੇ 37 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਕੱਟ ਲਾ ਦਿੱਤਾ ਜਿਸ ਕਾਰਨ ਪਹਿਲਾਂ ਤੋਂ ਹੀ ਕਰਜ਼ੇ ਥੱਲੇ ਦੱਬੇ ਕਿਸਾਨਾਂ ਨੂੰ ਹੋਰ ਆਰਥਿਕ ਬੋਝ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਅਜਿਹ ਕਰਕੇ ਅਸਲ ਵਿਚ ਸਰਕਾਰਾਂ ਵਲੋਂ ਫ਼ਸਲਾਂ ਦੀ ਖ਼ਰੀਦ ਤੋਂ ਭੱਜਣ ਦੀ ਨੀਤੀ ’ਤੇ ਅਮਲ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ , ਦਰਸ਼ਨ ਸਿੰਘ ਮਾਈਸਰਖਾਨਾ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਲਿਆਂਦੇ ਕਾਨੂੰਨ ਭਾਵੇਂ ਪੂਰੇ ਦੇਸ਼ ਦੇ ਕਿਸਾਨਾਂ ਦੇ ਸੰਘਰਸ਼ ਅਤੇ ਉਸ ਨੂੰ ਮਿਲੇ ਪੂਰੀ ਦੁਨੀਆਂ ਦੇ ਸਮਰਥਨ ਦੇ ਦਬਾਅ ਤਹਿਤ ਵਾਪਸ ਲੈ ਲਏ ਸਨ ਪਰ ਸਰਮਾਏਦਾਰ ਦੇ ਦਬਾਅ ਤਹਿਤ ਕੇਂਦਰੀ ਹਕੂਮਤ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਲਈ ਰਹੀ ਹੈ। ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ,ਕਰਮਜੀਤ ਕੌਰ ਲਹਿਰਾ ਖਾਨਾ ਸਮੇਤ ਅੱਜ ਦੇ ਬੁਲਾਰਿਆਂ ਨੇ ਮੰਗ ਕੀਤੀ ਕਿ ਦਾਗੀ ਜਾਂ ਪਿਚਕੇ ਦਾਣਿਆਂ ਦਾ ਦੋਸ਼ ਕਿਸਾਨਾਂ ਸਿਰ ਮੜ੍ਹਣ ਦੀ ਬਜਾਏ ਕੇਂਦਰ ਸਰਕਾਰ ਦਾ ਕਣਕ ਦੇ ਰੇਟ ਵਿੱਚ ਕਟੌਤੀ ਕਰਨ ਦਾ ਫੈਸਲਾ ਤੁਰੰਤ ਵਾਪਸ ਲਏ, ਭਾਰੀ ਮੀਂਹ ,ਤੂਫ਼ਾਨ, ਗੜੇਮਾਰੀ ਨੂੰ ਕੌਮੀ ਆਫ਼ਤ ਮੰਨ ਕੇ ਇਸ ਨਾਲ ਹੋਏ ਫ਼ਸਲੀ ਨੁਕਸਾਨ ਅਤੇ ਹੋਰ ਜਾਇਦਾਦ ਮਕਾਨਾਂ ਆਦਿ ਦੇ ਹੋਏ ਨੁਕਸਾਨ ਦੀ ਪੂਰੀ-ਪੂਰੀ ਭਰਪਾਈ ਕੀਤੀ ਜਾਵੇ ਅਤੇ ਨਾਲ ਹੀ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦਾ ਵਿਆਜ਼ ਮੁਆਫ਼ ਕਰ ਕੇ ਇਸ ਦੀਆਂ ਕਿਸ਼ਤਾਂ ਅੱਗੇ ਪਾਈਆਂ ਜਾਣ। ਉਧਰ ਦੂਜੇ ਪਾਸੇ ਮੁਲਤਾਨੀਆ ਪੁਲ ਹੇਠ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਬੀਕੇਯੂ ਡਕੌਂਦਾ ਧਨੇਰ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਬੀਕੇਯੂ ਡਕੌਂਦਾ ਬੁਰਜਗਿਲ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਬੀਕੇਯੂ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਸਰਮੁਖ ਸਿੰਘ ਸੇਲਬਰਾਹ , ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਰਾਈਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਫੁੱਲੋ ਮਿੱਠੀ, ਬੀਕੇਯੂ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਬਾਲਿਆਵਾਲੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਵਿਰੁੱਧ ਲਗਾਤਾਰ ਪੱਖ-ਪਾਤ ਵਾਲਾ ਰਵਈਆ ਅਪਣਾ ਰਹੀ ਹੈ। ਜਿਸਦੇ ਚੱਨਦੇ ਦੇਸ਼ ਵਿਚ ਅਨਾਜ ਦੀ ਥੁੜ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਉਪਰ ਕਣਕ ਦੇ ਰੇਟ ਵਿਚ 32 ਰੁਪਏ ਦਾ ਕੱਟ ਲਗਾ ਕੇ ਵੱਡਾ ਧੋਖਾ ਕੀਤਾ ਹੈ ਜਦੋਂਕਿ ਦੂਜੇ ਪਾਸੇ ਪੰਜਾਬ ਸਰਕਾਰ ਨੇ ਮੀਂਹ ਨਾਲ ਖਰਾਬ ਹੋਈਆਂ ਫਸਲਾਂ ਦਾ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਖਰੀਦ ਮੁੱਲ ’ਚ ਲਗਾਏ ਕੱਟ ਨੂੰ ਤੁਰੰਤ ਵਾਪਸ ਲੈਣ ਅਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਤੇਜ ਮਹਿਰਾਜ ਸੁਖਮੰਦਰ ਸਿੰਘ ਧਾਲੀਵਾਲ ਬਲਵਿੰਦਰ ਸਿੰਘ ਜੇਠੂਕੇ ਨੈਬ ਸਿੰਘ ਫੂਸ ਮੰਡੀ ਰਾਜਮਿੰਦਰਪਾਲ ਸਿੰਘ ਕੋਟਭਾਰਾ ਦਾਰਾ ਸਿੰਘ ਮਾਈਸਰ ਖਾਨਾ ਆਦਿ ਨੇ ਵੀ ਸੰਬੋਧਨ ਕੀਤਾ।

ਜਾਅਲੀ ਆਫ਼ਰ ਲੈਟਰ ਤੇ ਜਾਅਲੀ ਦਸਤਾਵੇਜ਼ਾਂ ਨਾਲ ਠੱਗੀਆਂ ਮਾਰਨ ਵਾਲਾ ਗਿਰੋਹ ਪੁਲਿਸ ਸਿਕੰਜ਼ੇ ’ਚ

0

ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਬਠਿੰਡਾ ਦੇ ਸੀ.ਆਈ.ਏ.-1 ਵਲੋਂ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ, ਜਿਹੜਾ ਜਾਅਲੀ ਆਫ਼ਰ ਲੈਟਰ ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਧੰਦਾ ਚਲਾ ਰਿਹਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਕੀਤੀ ਇਸ ਕਾਰਵਾਈ ਵਿਚ ਹਰਦੀਪ ਸਿੰਘ ਵਾਸੀ ਅਨੂਪ ਨਗਰ ਤੇ ਗੁਰਵਿੰਦਰ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਬਠਿੰਡਾ ਨੇ ਅਪਣੇ ਕੁੱਝ ਸਾਥੀਆਂ ਨਾਲ ਮਿਲਕੇ ਇਕ ਵਿਦੇਸ਼ ਭੇਜਣ ਲਈ ਇੰਸਟੀਚਿਊਟ ਚਲਾਈ ਹੋਈ ਸੀ। ਜਿਸਦਾ ਪਹਿਲਾਂ ਦਫ਼ਤਰ ਜੁਝਾਰ ਸਿੰਘ ਨਗਰ ਵਿਚ ਸੀ ਤੇ ਹੁਣ ਕੁੱਝ ਦਿਨ ਪਹਿਲਾਂ ਮੁਲਤਾਨੀਆ ਰੋਡ ’ਤੇ ਇੱਕ ਨਵਾਂ ਦਫ਼ਤਰ ਬਣਾਇਆ ਗਿਆ ਸੀ। ਇੰਨ੍ਹਾਂ ਦੋਨਾਂ ਨੌਜਵਾਨਾਂ ਵਲੋਂ ਅਪਣੇ ਨਾਲ ਲੌਦੀਪ ਸ਼ਰਮਾ ਵਾਸੀ ਅਜੀਤ ਰੋਡ ਤੇ ਵਿਸ਼ਵ ਸ਼ਰਮਾ ਵਾਸੀ ਭਾਗੂ ਰੋਡ ਬਠਿੰਡਾ ਨਾਲ ਮਿਲਕੇ ਇਹ ਕੰਮ ਕੀਤਾ ਜਾ ਰਿਹਾ ਸੀ ਤੇ ਇਸ ਕੰਮ ਨੂੰ ਚਲਾਉਣ ਲਈ ਕਈ ਲੜਕੇ ਅਤੇ ਲੜਕੀਆਂ ਰੱਖੀਆਂ ਹੋਈਆਂ ਸਨ। ਜਿਹੜੇ ਅੱਗੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੰਦੇ ਸਨ ਤੇ ਉਨ੍ਹਾਂ ਤੋਂ ਮੋਟੀ ਰਾਸ਼ੀ ਲੈ ਕੇ ਜਾਅਲੀ ਆਫ਼ਰ ਲੈਟਰ, ਜਾਅਲੀ ਐਲਐਮਈਆਈ ਤੇ ਹੋਰ ਦਸਤਾਵੇਜ਼ ਦੇ ਦਿੱਤੇ ਜਾਂਦੇ ਸਨ ਤੇ ਬਾਅਦ ਵਿਚ ਜਦ ਲੋਕਾਂ ਅਪਣੇ ਨਾਲ ਹੋਈ ਠੱਗੀ ਦਾ ਪਤਾ ਚੱਲਦਾ ਸੀ ਤਾਂ ਉਹ ਅਪਣੇ ਨੰਬਰ ਬਦਲ ਲੈਂਦੇ ਸਨ ਤੇ ਨਾਲ ਹੀ ਦਫ਼ਤਰ ਵੀ ਬਦਲ ਦਿੰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਅਜਿਹੇ ਕਰਕੇ ਇੰਨ੍ਹਾਂ ਵਲੋਂ ਦਰਜ਼ਨਾਂ ਵਿਅਕਤੀਆਂ ਨਾਲ ਹੁਣ ਤੱਕ ਠੱਗੀ ਮਾਰੀ ਜਾ ਚੁੱਕੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਹਨਾਂ ਪਾਸੋ ਠੱਗੇ ਜਾਣ ਵਾਲੇ ਜ਼ਿਆਦਾਤਰ ਲੋਕ ਅਰਬ ਦੇਸ਼ਾਂ ਵਿੱਚ ਕੰਮ ਕਰਦੇ ਪੰਜਾਬੀ ਜਾਂ ਬਾਹਰਲੇ ਸੂਬਿਆ ਨਾਲ ਸਬੰਧਤ ਹੁੰਦੇ ਹਨ। ਪੁਲਿਸ ਨੇ ਇਸ ਮਾਮਲੇ ਵਿਚ ਕਥਿਤ ਦੋਸ਼ੀਆਂ ਹਰਦੀਪ ਸਿੰਘ , ਗੁਰਵਿੰਦਰ ਸਿੰਘ , ਸਮੀਰ ਸਿੰਘ , ਰਵਨੀਤ ਕੌਰ , ਸਰਬਜੀਤ ਕੌਰ, ਸੁੰਦਰੀ ਰਾਣੀ , ਬੇਬੀ , ਲੌਦੀਪ ਸ਼ਰਮਾ ਅਤੇ ਵਿਸ਼ਵ ਸ਼ਰਮਾ ਵਿਰੁਧ ਥਾਣਾ ਕੈਨਾਲ ਕਲੌਨੀ ਵਿਚ ਮੁਕੱਦਮਾ ਨੰ 67 ਅਧੀਨ ਧਾਰਾ 420, 465, 467, 468, 470, 471 ਆਈਪੀਸੀ ਦਰਜ਼ ਕਰਕੇ ਸੱਤ ਕਥਿਤ ਦੋਸੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਲੌਦੀਪ ਤੇ ਵਿਸਵ ਸਰਮਾ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਕੋਲੋ 7 ਮੋਬਾਇਲ ਫੋਨ, ਫਰਜ਼ੀ ਤਿਆਰ ਕੀਤੇ ਆਫਰ ਲੈਟਰ, ਐਲਐਮਈਆਈ ਅਤੇ ਠੱਗੇ ਹੋਏ 250000/-ਰੁਪਏ ਬ੍ਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਇੰਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਜਿਸਤੋਂ ਬਾਅਦ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਅਮਰੀਕੀ ਯੂਨੀਵਰਸਟੀ ਨੇ ਬਠਿੰਡਾ ਦੇ ਸਮਾਜ ਸੇਵੀ ਕਰਤਾਰ ਜੌੜਾ ਨੂੰ ਪੀ.ਐਚ.ਡੀ. ਅਵਾਰਡ ਤੇ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ

0

ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਅਮਰੀਕਾ ਦੀ ਮੈਰੀਲੇਂਡ ਸਟੇਟ ਯੂਨੀਵਰਸਿਟੀ ਨੇ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਬਠਿੰਡਾ ਸ਼ਹਿਰ ਦੇ ਉਘੇ ਕਾਰੋਬਾਰੀ ਤੇ ਸਮਾਜ ਸੇਵਕ ਕਰਤਾਰ ਸਿੰਘ ਜੌੜਾ ਪੀ.ਐਚ.ਡੀ. ਅਵਾਰਡ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਸੋਨੇ ਦੇ ਕਾਰੋਬਾਰ ਨਾਲ ਜੁੜੇ ਸ੍ਰੀ ਜੌੜਾ ਸਵਰਨਕਾਰ ਸੰਘ ਦੇ ਕੌਮੀ ਪ੍ਰਧਾਨ ਤੋਂ ਇਲਾਵਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਟੇਟ ਚੇਅਰਮੈਨ ਅਤੇ ਇਨਕਮ ਟੈਕਸ ਐਡਵਾਇਜਰੀ ਕਮੇਟੀ ਦੇ ਬਠਿੰਡਾ ਜੋਨ ਮੈਂਬਰ ਹੋਣ ਦੇ ਨਾਲ ਨਾਲ ਇੰਡੀਅਨ ਰੈਡ ਕਰਾਸ ਸੋਸਾਇਟੀ, ਗਊਸ਼ਾਲਾ ਕਮੇਟੀ ਆਦਿ ਸੰਸਥਾਵਾਂ ਦੇ ਨਾਲ ਜੁੜੇ ਚੱਲੇ ਅ ਰਹੇ ਹਨ। 22 ਵਾਰ ਖੂਨਦਾਨ ਕਰਨ ਦੇ ਨਾਲ ਕਰੋਨਾ ਕਾਲ ਵਿੱਚ ਵਿਸ਼ੇਸ ਸੇਵਾਵਾਂ ਨਿਭਾਉਣ ਵਾਲੇ ਕਰਤਾਰ ਸਿੰਘ ਜੋੜਾ ਕਰੋਨਾ ਵਾਰੀਅਰ ਅਵਾਰਡ ਅਤੇ ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਰਜਿ. ਵੱਲੋਂ ਭਾਮਾਸ਼ਾਹ ਕਰੋਨਾ ਯੋਧਾ ਦੇ ਸਨਮਾਨ ਪੱਤਰ ਦਿੱਤੇ ਗਏ।

ਬਠਿੰਡਾ, ਫੂਲ ਤੇ ਤਲਵੰਡੀ ਸਾਬੋ ਵਿਖੇ ਕੌਮੀ ਲੋਕ ਅਦਾਲਤ 13 ਮਈ ਨੂੰ

0

ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਉਪਰ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਸੁਮੀਤ ਮਲਹੋਤਰਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਚਹਿਰੀ ਬਠਿੰਡਾ, ਸਬ-ਡਵੀਜ਼ਨ ਫੂਲ ਤੇ ਤਲਵੰਡੀ ਸਾਬੋ ਵਿਖੇ 13 ਮਈ ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸਦੀ ਜਾਣਕਾਰੀ ਦਿੰਦਿਆਂ ਅਥਾਰਟੀ ਦੇ ਸਕੱਤਰ ਸੁਰੇਸ਼ ਕੁਮਾਰ ਗੋਇਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਚੱਲ ਰਹੇ ਕੇਸਾਂ ਦਾ ਆਪਸੀ ਸਲਾਹ ਸਮਝੋਤੇ ਰਾਹੀਂ ਨਿਪਟਾਰਾ ਕਰਵਾਉਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜਿੱਥੇ ਦੋਵਾਂ ਧਿਰਾਂ ਦੇ ਧਨ ਅਤੇ ਸਮੇਂ ਦੀ ਬੱਚਤ ਹੋਵੇਗੀ ਉਥੇ ਆਪਸੀ ਭਾਈਚਾਰੇ ਵਿਚ ਵਾਧਾ ਹੋਵੇਗਾ। ਸਕੱਤਰ ਸ਼੍ਰੀ ਗੋਇਲ ਨੇ ਕਿਹਾ ਕਿ ਜੇਕਰ ਕਿਸੇ ਧਿਰ ਨੇ ਆਪਣੇ ਕੇਸ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣਾ ਹੈ ਤਾਂ ਉਹ ਸਬੰਧਤ ਅਦਾਲਤ ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵਿਖੇ ਇੱਕ ਸਾਦਾ ਦਖਰਖਾਸਤ ਦੇ ਕੇ ਸਬੰਧਤ ਅਦਾਲਤ ਰਾਹੀਂ ਆਪਣੇ ਝਗੜੇ ਦਾ ਨਿਪਟਾਰਾ ਕਰਵਾ ਸਕਦਾ ਹੈ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋ ਪੰਜਾਬ ਦੀਆਂ ਸਮੂਹ ਐਨ.ਜੀ.ਓ ਨੂੰ ਗ੍ਰਾਂਟਾਂ ਦੀ ਕੀਤੀ ਵੰਡ

0

ਐਨ.ਜੀ.ਓ ਨੂੰ ਦਿੱਤੀ ਗ੍ਰਾਂਟ ਦੀ ਦੇਖ-ਰੇਖ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਕਰੇਗਾ : ਡਾ. ਬਲਜੀਤ ਕੌਰ
ਸਖੀ ਵਨ ਸਟਾਪ ਸੈਂਟਰ ਵਿੱਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 17 ਅਪ੍ਰੈਲ:ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ, ਡਾ. ਬਲਜੀਤ ਕੌਰ ਵੱਲੋ ਸਥਾਨਕ ਬੱਚਤ ਭਵਨ ਲੁਧਿਆਣਾ ਵਿਖੇ ਪੰਜਾਬ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ (ਐਨ.ਜੀ.ਓ) ਨੂੰ ਪੀ.ਐਮ 6 ਸਕੀਮ ਅਧੀਨ ਜੋ ਸਮਾਜ ਲਈ ਬਿਹਤਰ ਕੰਮ ਕਰ ਰਹੀਆਂ ਹਨ, ਨੂੰ ਉਤਸ਼ਾਹਿਤ ਕਰਨ ਦੇ ਤੌਰ ਤੇ ਗ੍ਰਾਂਟ ਦਿੱਤੀ ਗਈ ਅਤੇ ਉਨ੍ਹਾਂ ਨਾਲ ਮੀਟਿੰਗ ਕਰਕੇ ਸਮਾਜ ਦੀ ਬਿਹਤਰੀ ਲਈ ਹੋਰ ਅੱਗੇ ਤੋ ਵੱਧ ਚੜ੍ਹ ਕੇ ਕੰਮ ਕਰਨ ਨੂੰ ਉਤਸ਼ਾਹਿਤ ਵੀ ਕੀਤਾ ਗਿਆ। ਇਸ ਮੀਟਿੰਗ ਵਿੱਚ ਉਨ੍ਹਾਂ ਦੇ ਨਾਲ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਸ੍ਰੀਮਤੀ ਮਾਧਵੀ ਕਟਾਰੀਆ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਸਪੈਸ਼ਲ ਡੀ.ਜੀ.ਪੀ. ਪੰਜਾਬ, ਸਰਦਾਰ ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਪੰਚਾਲ ਸ਼ਾਮਲ ਸਨ।ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਐਨ.ਜੀ.ਓ ਨੂੰ ਲਿਖਤੀ ਤੌਰ ਤੇ ਮੰਗ ਕਰਨ ਤੇ ਪਿਛਲੀਆਂ ਸਰਕਾਰਾਂ ਵੱਲੋ ਜੋ ਗ੍ਰਾਂਟਾਂ ਦਿੱਤੀਆਂ ਗਈਆਂ ਹਨ, ਉਸ ਸਿਸਟਮ ਨੂੰ ਸਾਡੇ ਵੱਲੋ ਬਿਲਕੁਲ ਤੌਰ ਤੇ ਬੰਦ ਕੀਤਾ ਗਿਆ ਹੈ। ਹੁਣ ਸਮਾਜ ਸੇਵੀ ਸੰਸਥਾਵਾਂ ਦੀ ਇੰਟਰਵਿਊ ਕਰਕੇ ਹੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਮਾਜ ਸੇਵੀ ਸੰਸਥਾਵਾਂ ਇਸ ਤੋ ਬਾਅਦ ਇਹ ਪ੍ਰਾਪਤ ਹੋਈ ਗ੍ਰਾਂਟ ਤੇ ਕੀ ਕੰਮ ਕਰਦੇ ਹਨ, ਉਸ ਦੀ ਦੇਖ-ਰੇਖ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਕਰੇਗਾ। ਉਨ੍ਹਾਂ ਕਿਹਾ ਕਿ ਇਹ ਦਿੱਤੀ ਗਈ ਗ੍ਰਾਂਟ ਦੀ ਵਿਭਾਗ ਵੱਲੋ ਮਹੀਨਾਵਾਰ ਜਾ ਫਿਰ ਅਧਿਕਾਰੀਆਂ ਵੱਲੋ ਦੌਰਾ ਕਰਕੇ ਇਸ ਦੀ ਚੈਕਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਦੀ ਦੇਖ-ਰੇਖ ਕਰਕੇ ਹੀ ਅੱਗੇ ਸਮਾਜ ਸੇਵੀ ਸੰਸਥਾਵਾਂ ਨੂੰ ਦੁਬਾਰਾ ਤੋ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਵਿਭਾਗ ਦੀ ਪਾਲਿਸੀ ਅਨੁਸਾਰ ਕੰਮ ਨਾ ਹੋਣ ਦੀ ਸੂਰਤ ਵਿੱਚ ਕਾਨੂੰਨੀ ਤੌਰ ਤੇ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਸੰਸਥਾਵਾਂ ਵੱਲੋ ਇਹ ਗ੍ਰਾਂਟ ਲੋਕਾਂ ਦੀ ਭਲਾਈ ਦੀ ਥਾਂ ਤੇ ਕਿਸੇ ਰਾਜਨੀਤਿਕ ਕੰਮ ਲਈ ਵਰਤੀਆਂ ਗਈਆਂ ਤਾਂ ਉਸ ਐਨ.ਜੀ.ਓ ਤੇ ਤੁਰੰਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਮਾਜ ਸੇਵੀ ਸੰਸਥਾਵਾਂ (ਐਨ.ਜੀ.ਓ), ਪੁਲਿਸ ਵਿਭਾਗ, ਸਿਹਤ ਅਤੇ ਸਿੱਖਿਆ ਵਿਭਾਗ ਦੀ ਮੀਟਿੰਗ ਵਿੱਚ ਮਹਿਲਾਵਾਂ ਦੇ ਸ਼ਸ਼ਕਤੀਕਰਨ ਦੀ ਗੱਲ ਖਾਸ ਤੌਰ ਤੇ ਕਰਦਿਆ ਕਿਹਾ ਕਿ ਜਿਹੜਾ ਸਖੀ ਵਨ ਸਟਾਪ ਸੈਂਟਰ ਵਿੱਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਜੋ ਜਿਹੜੇ ਵਨ ਸਟਾਪ ਸੈਟਰ ਹਨ, ਉਨ੍ਹਾਂ ਦੀ ਸ਼ਕਤੀ ਬਾਰੇ ਸਾਡੀਆਂ ਇਸਤਰੀਆਂ ਨੂੰ ਜਾਣੂ ਕਰਵਾਇਆ ਜਾ ਸਕੇ, ਕਿ ਇਹ ਸੈਟਰ ਉਨ੍ਹਾਂ ਨੂੰ ਕਿਸ ਤਰ੍ਹਾਂ ਸਹਾਇਤਾ ਦੇ ਸਕਦੇ ਹਨ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਮਹਿਲਾ ਮਿੱਤਰਾਂ ਨੂੰ ਖਾਸ ਤੌਰ ਤੇ ਸੱਦਾ ਦਿੱਤਾ ਗਿਆ ਸੀ, ਕਿ ਜਿਹੜੇ ਮਹਿਲਾ ਮਿੱਤਰ ਸਖੀ ਵਨ ਸਟਾਪ ਸੈਟਰ ਦੇ ਕੌਸਲਰ ਹਨ, ਉਨ੍ਹਾਂ ਦੇ ਨਾਲ ਸੰਪਰਕ ਕਰਕੇ ਸਾਡੀਆਂ ਮਹਿਲਾਵਾਂ ਜਿਨ੍ਹਾਂ ਤੇ ਤਸ਼ੱਦਦ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਪਤਾ ਨਹੀ ਲੱਗਦਾ ਕਿ ਉਨ੍ਹਾਂ ਨੇ ਸਹਾਇਤਾ ਲਈ ਕਿੱਥੇ ਜਾਣਾ ਹੈ, ਸੋ ਉਹ ਸਖੀ ਵਨ ਸਟਾਪ ਸੈਟਰ ਨਾਲ ਸੰਪਰਕ ਕਰਕੇ ਤੁਰੰਤ ਸਹਾਇਤਾ ਲੈ ਸਕਦੀਆਂ ਹਨ। ਕੈਬਨਿਟ ਮੰਤਰੀ ਵੱਲੋ ਬੱਚਿਆ ਨੂੰ ਲੇਬਰ ਅਤੇ ਭੀਖ ਤੋ ਬਚਾਉਣ ਲਈ ਅਤੇ ਇਸ ਸਬੰਧੀ ਐਕਟ ਨੂੰ ਮਜ਼ਬੂਤੀ ਦੇਣ ਲਈ ਵੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਕੈਬਨਿਟ ਮੰਤਰੀ ਡਾਂ. ਬਲਜੀਤ ਕੌਰ ਵੱਲੋ ਔਰਤਾਂ ਦੇ ਸ਼ਸਕਤੀਕਰਨ ਤੇ ਜੋਰ ਦਿੰਦਿਆ ਕਿਹਾ ਕਿ ਮਹਿਲਾ ਸਰਪੰਚਾਂ ਅਤੇ ਪੰਚਾਂ ਨੂੰ ਆਪਣੇ ਆਪ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਜੋ ਮਹਿਲਾ ਸਰਪੰਚ ਅਤੇ ਪੰਚ ਅਤੇ ਗੈਰ ਸਰਕਾਰੀ ਸੰਸਥਾਵਾਂ ਵਧੀਆਂ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਸਨਮਾਨ ਵੀ ਕੀਤਾ ਜਾਵੇਗਾ, ਜਿਸ ਨਾਲ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਲੋਕਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਵੱਲੋ ਲੋਕ ਪੱਖੀ ਸਕੀਮਾਂ ਚਲਾ ਕੇ ਆਮ ਲੋਕਾਂ ਨੂੰ ਸਿੱਧੇ ਤੌਰ ਤੇ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਸਮਝਦਾਰ ਹਨ, ਜੋ ਵੀ ਇੱਕ ਸਾਲ ਵਿੱਚ ਪੰਜਾਬ ਸਰਕਾਰ ਵੱਲੋ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਗਿਆ ਹੈ, ਉਹ ਲੋਕਾਂ ਦੇ ਸਾਹਮਣੇ ਹੈ। ਇਸ ਲਈ ਜੋ ਲੋਕਾਂ ਨੂੰ ਸਹੂਲਤਾਂ ਮਿਲੀਆਂ ਹਨ, ਇਸ ਦਾ ਸਬੂਤ ਵੀ ਲੋਕ ਆਪਣੇ ਆਪ ਹੀ ਦੇ ਦੇਣਗੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।

ਕੈਨੇਡੀਅਨ ਸਿਟੀਜ਼ਨ ਨੌਜਵਾਨ ਦੀ ਬਠਿੰਡਾ ‘ਚ ਨਸ਼ਿਆਂ ਕਾਰਨ ਸ਼ੱਕੀ ਹਾਲਾਤਾਂ ’ਚ ਹੋਈ ਮੌਤ

0

ਪੁਲਿਸ ਵਲੋਂ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 17 ਅਪ੍ਰੈਲ : ਪੰਜਾਬ ਆਏ ਕੈਨੇਡੀਅਨ ਸਿਟੀਜ਼ਨ ਨੌਜਵਾਨ ਦੀ ਬੀਤੇ ਕੱਲ ਸ਼ੱਕੀ ਹਾਲਾਤਾਂ ’ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੇ ਪ੍ਰਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਕਿਸੇ ਵਲੋਂ ਨਸ਼ੇ ਦੀ ਦਿੱਤੀ ਓਵਰਡੋਜ਼ ਕਾਰਨ ਉਨ੍ਹਾਂ ਦੇ ਲੜਕੇ ਦੀ ਮੌਤ ਹੋਈ ਹੈ। ਇਸ ਮਾਮਲੇ ਵਿਚ ਥਾਣਾ ਮੋੜ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਸਹੁਰਾ ਨਾਇਬ ਸਿੰਘ ਵਾਸੀ ਬੁੱਕਣਵਾਲਾ ਜ਼ਿਲ੍ਹਾ ਮੋਗਾ ਦੇ ਬਿਆਨਾਂ ਉਪਰ ਨਾ ਮਲੂਮ ਵਿਅਕਤੀਆਂ ਵਿਰੁਧ ਧਾਰਾ 304 ਆਈ.ਪੀ.ਸੀ ਤਹਿਤ ਕੇਸ ਦਰਜ਼ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੇ ਪਿੰਡ ਨਥਾਣਾ ਦਾ ਰਹਿਣ ਵਾਲਾ ਇੰਦਰਪ੍ਰੀਤ ਸਿੰਘ (36) ਪਿਛਲੇ ਕਈ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ ਤੇ ਇਸ ਦੌਰਾਨ ਉਸਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਵੀ ਮਿਲ ਗਈ ਸੀ। ਕੁੱਝ ਮਹੀਨੇ ਪਹਿਲਾਂ ਉਹ ਪੰਜਾਬ ਆਇਆ ਹੋਇਆ ਸੀ। ਮ੍ਰਿਤਕ ਦੇ ਸਹੁਰੇ ਵਲੋਂ ਪੁਲਿਸ ਨੂੰ ਦਿੱਤੀ ਸਿਕਾਇਤ ਵਿਚ ਦਸਿਆ ਗਿਆ ਸੀ ਕਿ ਇੰਦਰਪ੍ਰੀਤ ਸਿੰਘ 15 ਅਪ੍ਰੈਲ ਨੂੰ ਮੌੜ ਮੰਡੀ ਰਹਿੰਦੇ ਅਪਣੇ ਦੋਸਤ ਪੁਨੀਤ ਨੂੰ ਮਿਲਣ ਗਿਆ ਸੀ। ਇਸ ਦੌਰਾਨ ਜਦ ਉਹ ਵਾਪਸ ਬਠਿੰਡੇ ਆ ਰਿਹਾ ਸੀ ਤਾਂ ਉਸ ਦੇ ਮੂੰਹ ਵਿਚੋਂ ਅਚਾਨਕ ਝੱਗ ਨਿਕਲਣ ਲੱਗ ਪਈ। ਜਿਸਤੋਂ ਬਾਅਦ ਉਸਦੇ ਦੋਸਤਾਂ ਨੇ ਉਸਨੂੰ ਏਮਜ਼ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਸਿਕਾਇਤਕਰਤਾ ਨਾਇਬ ਸਿੰਘ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਸਦੇ ਜਵਾਈ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਸ਼ੇ ਦੀ ਵੱਧ ਮਾਤਰਾ ਦੇ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਇਸ ਸਬੰਧ ਵਿਚ ਥਾਣਾ ਮੋੜ ਦੇ ਐਸ.ਐਚ.ਓ ਇੰਸਪੈਕਟਰ ਜਸਕਰਨ ਸਿੰਘ ਨੇ ਦਸਿਆ ਕਿ ਪਰਚਾ ਦਰਜ਼ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਜਿਸਦੀ ਰੀਪੋਰਟ ਆਉਣ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਮੰਡੀਆਂ ਵਿਚੋਂ ਸਿੱਧੀਆਂ ਸਪੈਸਲਾਂ ਭਰਨ ਦੇ ਵਿਰੋਧ ’ਚ ਪੱਲੇਦਾਰਾਂ ਨੇ ਕੀਤਾ ਰੋਸ਼ ਪ੍ਰਦਰਸ਼ਨ

ਸੁਖਜਿੰਦਰ ਮਾਨ
ਬਠਿੰਡਾ, 17 ਅਪ੍ਰੈਲ : ਦੇਸ ਦੇ ਵੱਖ ਵੱਖ ਹਿੱਸਿਆਂ ’ਚ ਕਣਕ ਦੀ ਕਿੱਲਤ ਨੂੰ ਦੇਖਦਿਆਂ ਕੇਂਦਰੀ ਖਰੀਦ ਏਜੰਸੀ ਵਲੋਂ ਚਾਲੂ ਸੀਜ਼ਨ ਦੌਰਾਨ ਮੰਡੀਆਂ ਵਿਚੋਂ ਸਿੱਧੀਆਂ ਸਪੈਸਲਾਂ ਭਰਨ ਦੇ ਲਏ ਫ਼ੈਸਲੇ ਦੇ ਵਿਰੋਧ ’ਚ ਪੰਜਾਬ ਪਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਉਤਰ ਆਈ ਹੈ। ਅੱਜ ਸੂਬੇ ਭਰ ਤੋਂ ਇਕੱਠੇ ਹੋਏ ਸੈਕੜਿਆਂ ਦੀ ਗਿਣਤੀ ’ਚ ਪੱਲੇਦਾਰਾਂ ਨੇ ਕੇਂਦਰ ਦੇ ਇਸ ਫੈਸਲੇ ਵਿਰੋਧ ਬਠਿੰਡਾ ਸ਼ਹਿਰ ’ਚ ਰੋਸ਼ ਪ੍ਰਦਰਸ਼ਨ ਕਰਦਿਆਂ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਸਾਲ 2023-24 ਦੇ ਕਣਕ ਦੇ ਸੀਜ਼ਨ ਦੋਰਾਨ ਪੰਜਾਬ ਦੇ ਸਮੂਹ ਖਰੀਦ ਕੇਂਦਰਾਂ ਤੋਂ ਕਣਕ ਰੇਲ ਹੈਡ ਰਾਹੀਂ ਸਿੱਧੀਆ ਸਪੈਸ਼ਲਾਂ ਭਰੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੀਆਂ ਖਰੀਦ ਏਜੰਸੀਆਂ ਵਿੱਚ ਕੰਮ ਕਰਦੇ ਲੱਖਾਂ ਮਜਦੂਰ ਪੱਲੇਦਾਰ ਕੰਮ ਤੋ ਵਿਹਲੇ ਹੋ ਗਏ ਹਨ। ਜਿਸਦੇ ਚੱਲਦੇ ਉਨ੍ਹਾਂ ਦੇ ਪਰਿਵਾਰ ਵੀ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਇਸ ਮੌਕੇ ਪੱਲੇਦਾਰ ਯੂਨੀਅਨ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਮੰਡੀਆਂ ਵਿਚੋਂ ਖਰੀਦੀ ਜਾ ਰਹੀ ਕਣਕ ਨੂੰ ਪੰਜਾਬ ਵਿੱਚ ਬਣੇ ਓਪਨ ਪੁਲੰਥਾਂ ਅਤੇ ਕਵਰਡ ਗੋਦਾਮਾਂ ਵਿੱਚ ਰੱਖਿਆ ਜਾਵੇ ਅਤੇ ਸੀਜਨ ਤੋ ਬਾਅਦ ਸਪੈਸ਼ਲਾਂ ਭਰਵਾਈਆ ਜਾਣ। ਉੂਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਹੀਂ ਲਿਆ ਤਾਂ ਇਸਦੇ ਵਿਰੁਧ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਬਠਿੰਡਾ ਦੀਆਂ ਮੰਡੀਆਂ ’ਚ ਹੋਈ 159313 ਮੀਟ੍ਰਿਕ ਟਨ ਕਣਕ ਦੀ ਖਰੀਦ : ਡਿਪਟੀ ਕਮਿਸ਼ਨਰ

0

ਸੁਖਜਿੰਦਰ ਮਾਨ
ਬਠਿੰਡਾ, 17 ਅਪ੍ਰੈਲ : ਕੁੱਝ ਦਿਨਾਂ ਪਹਿਲਾਂ ਬੇਮੌਸਮੀ ਬਾਰਸ਼ਾਂ ਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਤੋਂ ਬਾਅਦ ਹੁਣ ਤਪਸ਼ ਵਧਣ ਦੇ ਚੱਲਦੇ ਜ਼ਿਲ੍ਹੇ ’ਚ ਕਣਕ ਦੀ ਵਢਾਈ ਦਾ ਕੰਮ ਪੂਰੇ ਜੋਰਾਂ-ਸੋਰਾਂ ਨਾਲ ਚੱਲ ਪਿਆ ਹੈ। ਜ਼ਿਲ੍ਹੇ ਵਿਚ ਸੋਮਵਾਰ ਸ਼ਾਮ ਤੱਕ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 1 ਲੱਖ 59 ਹਜ਼ਾਰ 313 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਿਸ ਵਿੱਚੋਂ ਪਨਗਰੇਨ ਵੱਲੋਂ 48730 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 44428, ਪਨਸਪ ਵੱਲੋਂ 36698, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 28667 ਅਤੇ ਵਪਾਰੀਆਂ ਵੱਲੋਂ 790 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਧਰ, ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਦੱਸਿਆ ਕਿ ਖਰੀਦ ਕੀਤੀ ਗਈ ਫਸਲ ਦੀ ਸਮੇਂ-ਸਿਰ ਲਿਫਟਿੰਗ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਣਕ ਦਾ ਇੱਕ-ਇੱਕ ਦਾਣਾ ਖਰੀਦ ਕੀਤਾ ਜਾਵੇਗਾ। ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਹੂਲਤ ਲਈ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਨਾੜ ਜਾਂ ਰਹਿੰਦ-ਖੂੰਹਦ ਨੂੰ ਨਾ ਸਾੜ ਕੇ ਖੇਤਾਂ ਵਿਚ ਹੀ ਉਸਦਾ ਪ੍ਰਬੰਧਨ ਕੀਤਾ ਜਾਵੇ।

ਮਹਿਲਾ ਦਰੋਗਾ ਵਿਰੁਧ ਦਰਜ਼ ਪਰਚੇ ਨੂੰ ਲੈ ਕੇ ਆਪ ਆਗੂ ਤੇ ਦਰੋਗਾ ਐਸੋਸੀਏਸ਼ਨ ਹੋਈ ਆਹਮੋ-ਸਾਹਮਣੇ

0

ਦੋਨੋਂ ਧਿਰਾਂ ਉਚ ਅਧਿਕਾਰੀਆਂ ਨੂੰ ਮਿਲੀਆਂ, ਕੀਤੀ ਇਨਸਾਫ਼ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 17 ਅਪ੍ਰੈਲ : ਲੰਘੀ 10 ਅਪ੍ਰੈਲ ਨੂੰ ਜ਼ਿਲ੍ਹੇ ਦੇ ਪਿੰਡ ਮਾਈਸਰਖ਼ਾਨਾ ਵਿਖੇ ਹੋਏ ਵਿਵਾਦ ਦੇ ਮਾਮਲੇ ’ਚ ਇੱਕ ਮਹਿਲਾ ਦਰੋਗਾ ਵਿਰੁਧ ਦਰਜ਼ ਹੋਏ ਹੋਏ ਪਰਚੇ ਨੂੰ ਲੈ ਕੇ ਆਪ ਆਗੂ ਤੇ ਦਰੋਗਾ ਐਸੋਸੀਏਸ਼ਨ ਆਹਮੋ-ਸਾਹਮਣੇ ਹੋ ਗਏ ਹਨ। ਸੋਮਵਾਰ ਨੂੰ ਇਨਸਾਫ਼ ਦੀ ਮੰਗ ਨੂੰ ਲੈ ਕੇ ਦੋਨਾਂ ਧਿਰਾਂ ਵਲੋਂ ਬਠਿੰਡਾ ਵਿਖੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ। ਇਸ ਮਾਮਲੇ ਵਿਚ ਜਿੱਥੇ ਆਪ ਆਗੂਆਂ ਵਲੋਂ ਮਹਿਲਾ ਦਰੋਗਾ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਉਥੇ ਪੰਜਾਬ ਭਰ ਤੋਂ ਇਕੱਠੇ ਹੋਏ ਦਰੋਗਿਆਂ ਵਲੋਂ ਅਪਣੀ ਸਾਥਣ ਵਿਰੁਧ ਦਰਜ਼ ਪਰਚੇ ਨੂੰ ਰੱਦ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਸਬੰਧ ਵਿਚ ਦੋਨਾਂ ਧਿਰਾਂ ਵਲੋਂ ਮੀਡੀਆ ਸਾਹਮਣੇ ਵੀ ਅਪਣਾ ਪੱਖ ਰੱਖਿਆ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਵਣ ਗਾਰਡ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਾਥੀ ਰਣਬੀਰ ਸਿੰਘ ਉੱਪਲ ਅਤੇ ਮੁੱਖ ਬੁਲਾਰੇ ਬੋਬਿੰਦਰ ਸਿੰਘ ਸੂਬਾਈ ਜਨਰਲ ਸਕੱਤਰ ਨੇ ਦਸਿਆ ਕਿ ਰਾਮਨਗਰ-1 ਬੀਟ ਵਿਚ ਤੈਨਾਤ ਮਹਿਲਾ ਦਰੋਗਾ ਲਖਵੀਰ ਕੌਰ ਵਲੋਂ ਕੁੱਝ ਮਹੀਨੇ ਪਹਿਲਾਂ ਸਰਕਾਰੀ ਜਗ੍ਹ ਵਿਚ ਵਿਚ ਬੂਟੇ ਲਗਾਏ ਸਨ, ਜਿੰਨ੍ਹਾਂ ਨੂੰ ਨਸ਼ਟ ਕਰਨ ਲਈ ਪਿੰਡ ਮਾਈਸਰਖ਼ਾਨਾ ਦੇ ਆਪ ਆਗੂ ਵਲੋਂ ਦਬਾਅ ਪਾਇਆ ਗਿਆ ਸੀ ਤੇ ਜਦ ਉਸਦੇ ਵਲੋਂ ਅਜਿਹਾ ਕਰਨ ਤੋਂ ਇੰਨਕਾਰ ਕਰ ਦਿੱਤਾ ਤਾਂ ਕੁੱਝ ਦਿਨ ਪਹਿਲਾਂ ਉਸਦੀ ਬਦਲੀ ਤਲਵੰਡੀ ਕਰ ਦਿੱਤੀ ਗਈ ਸੀ। ਮਾਮਲਾ ਇੱਥੇ ਹੀ ਖ਼ਤਮ ਨਹੀਂ ਹੋਇਆ, ਬਲਕਿ 11 ਅਪ੍ਰੈਲ ਨੂੰ ਸਿਆਸੀ ਸ਼ਹਿ ’ਤੇ ਉਸਦੇ ਵਿਰੁਧ ਧਾਰਾ 451 ਆਈ.ਪੀ.ਸੀ ਅਧੀਨ ਥਾਣਾ ਕੋਟਫੱਤਾ ਵਿਖੇ ਇੱਕ ਝੂਠਾ ਪਰਚਾ ਦਰਜ਼ ਕਰਵਾ ਦਿੱਤਾ। ਇਸ ਦੌਰਾਨ ਜਥੇਬੰਦੀ ਵੱਲੋਂ ਏਡੀਜੀਪੀ , ਡਿਪਟੀ ਕਮਿਸ਼ਨਰ, ਐਸ.ਐਸ.ਪੀ ਅਤੇ ਵਣ ਮੰਡਲ ਅਫਸਰ ਨਾਲ ਮੁਲਾਕਾਤ ਕਰਕੇ ਇਹ ਪਰਚਾ ਰੱਦ ਕਰਨ ਦੀ ਮੰਗ ਕੀਤੀ। ਇਸਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੁਲਿਸ ਪਰਚੇ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਭਰਾਤਰੀ ਜਥੇਬੰਦੀਆਂ, ਵਾਤਾਵਰਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਸੂਬਾ ਪੱਧਰੀ ਐਕਸ਼ਨ ਉਲੀਕਿਆ ਜਾਵੇਗਾ। ਉਧਰ ਦੂਜੇ ਪਾਸੇ ਪ੍ਰੈਸ ਕਾਨਫਰੰਸ ਕਰਦਿਆਂ ਪਿੰਡ ਮਾਈਸਰਖ਼ਾਨਾ ਨਾਲ ਸਬੰਧਤ ਆਪ ਆਗੂ ਸਵਰਨ ਸਿੰਘ ਤੇ ਰਾਜਵਿੰਦਰ ਸਿੰੰਘ ਆਦਿ ਨੇ ਦੋਸ਼ ਲਗਾਏ ਕਿ ਉਕਤ ਮਹਿਲਾ ਵਣ ਗਾਰਡ ਪਿੰਡ ਦੇ ਹੀ ਕੁੱਝ ਵਿਅਕਤੀਆਂ ਨਾਲ ਮਿਲਕੇ ਇੱਕ ਪ੍ਰਾਈਵੇਟ ਨਰਸਰੀ ਨੂੰ ਫ਼ਾਈਦਾ ਪਹੁੰਚਾ ਰਹੀ ਸੀ। ਜਦੋਂਕਿ ਉਸ ਨਰਸਰੀ ਵਾਲਿਆਂ ਵਿਰੁਧ ਸਾਲ 2010 ਵਿਚ ਸਰਕਾਰੀ ਦਰੱਖਤ ਚੋਰੀ ਕਰਨ ਦਾ ਪਰਚਾ ਹੋਇਆ ਸੀ, ਜਿਸ ਵਿਚ 6 ਮਹੀਨੇ ਦੀ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਆਪ ਆਗੂਆਂ ਨੇ ਜਮੀਨ ਵਿਚੋਂ ਬੂਟੇ ਹਟਾਉਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਵੀ ਗਲਤ ਕਰਾਰ ਦਿੰਦਿਆਂ ਕਿਹਾ ਕਿ ਇਹ ਲੱਕੜ ਮਾਫ਼ੀਆ ਨਾਲ ਮਿਲਕੇ ਉਕਤ ਮਹਿਲਾ ਵਣ ਗਾਰਡ ਅਤੇ ਜੰਗਲਾਤ ਵਿਭਾਗ ਦੇ ਬਠਿੰਡਾ ’ਚ ਤੈਨਾਤ ਕੁੱਝ ਵੱਡੇ ਅਧਿਕਾਰੀਆਂ ਵਲੋਂ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਮਹਿਲਾ ਵਣ ਗਾਰਡ ਵਿਰੁਧ ਪਰਚਾ ਦਰਜ਼ ਕਰਵਾਉਣ ਵਾਲੇ ਸਵਰਨ ਸਿੰਘ ਨੇ ਸਵਾਲ ਖੜੇ ਕਰਦਿਆਂ ਕਿਹਾ ਕਿ ਜਦ ਲਖਬੀਰ ਕੌਰ ਖ਼ੁਦ ਮੰਨ ਰਹੀ ਹੈ ਕਿ ਉਸਦਾ ਸਾਡੇ ਨਾਲ ਵਿਵਾਦ ਚੱਲ ਰਿਹਾ ਸੀ ਤਾਂ ਉਹ 10 ਅਪ੍ਰੈਲ ਨੂੰ ਉਨ੍ਹਾਂ ਦੇ ਘਰ ਬਿਨ੍ਹਾਂ ਕਿਸੇ ਮੋਹਤਬਰ ਵਿਅਕਤੀ ਦੇ ਇਕੱਲੀ ਕਿਉਂ ਆਈ ਸੀ। ਸਵਰਨ ਸਿੰਘ ਨੇ ਕਿਹਾ ਕਿ ਉਕਤ ਮਹਿਲਾ ਦਰੋਗਾ ਨੇ ਘਟਨਾ ਵਾਲੇ ਦਿਨ ਉਸਦੇ ਘਰ ਵਿਚ ਦਾਖ਼ਲ ਹੋ ਕੇ ਸਮਾਨ ਦੀ ਭੰਨਤੋੜ ਕੀਤੀ ਤੇ ਉਸਦੀ ਮਾਤਾ ਤੇ ਪਤਨੀ ਨਾਲ ਦੁਰਵਿਵਹਾਰ ਕਰਦਿਆਂ ਧਮਕੀਆਂ ਦਿੱਤੀਆਂ, ਜਿਸਦੇ ਆਧਾਰ ’ਤੇ ਪੁਲਿਸ ਵਲੋਂ ਸਿਰਫ਼ 451 ਆਈ.ਪੀ.ਸੀ ਤਹਿਤ ਪਰਚਾ ਦੇ ਕੇ ਬੁੱਤਾ ਸਾਰ ਦਿੱਤਾ ਹੈ। ਜਦੋਂਕਿ ਇਸ ਮਾਮਲੇ ਵਿਚ ਧਾਰਾ 506 ਅਤੇ 452 ਬਣਦੀ ਸੀ। ਉਨ੍ਹਾਂ ਪੰਜਾਬ ਸਰਕਾਰ ਨੂੰ ਉਕਤ ਮਹਿਲਾ ਵਣ ਗਾਰਡ ਤੇ ਜ਼ਿਲ੍ਹੇ ਵਿਚ ਤੈਨਾਤ ਇੱਕ ਵੱਡੇ ਅਫ਼ਸਰ ਵਿਰੁਧ ਉਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਤਾਂ ਕਿ ਸਾਰੀ ਸਚਾਈ ਸਾਹਮਣੈ ਆ ਸਕੇ। ਆਪ ਆਗੂਆਂ ਨੇ ਮਹਿਲਾ ਵਣ ਗਾਰਡ ਨੂੰ ਤੁਰੰਤ ਮੁਅੱਤਲ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸੁਣਵਾਈ ਨਾ ਹੋਈ ਤਾਂ ਉਹ ਧਰਨਾ ਲਗਾਉਣ ਲਈ ਮਜਬੂਰ ਹੋਣਗੇ।

Our Visitor

1911882